You’re viewing a text-only version of this website that uses less data. View the main version of the website including all images and videos.
ਭਗਵੰਤ ਮਾਨ ਦੇ ਸ਼ਰਾਬ ਪੀਕੇ ਤਖ਼ਤ ਦਮਦਮਾ ਸਾਹਿਬ ਮੱਥਾ ਟੇਕਣ ਦੇ ਇਲਜ਼ਾਮਾਂ ਬਾਰੇ ਨਵਾਂ ਦਾਅਵਾ
- ਲੇਖਕ, ਸਰਬਜੀਤ ਸਿੰਘ, ਗੁਰਕਿਰਪਾਲ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 9 ਮਿੰਟ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਬਣੇ ਪੂਰਾ ਇੱਕ ਮਹੀਨਾ ਹੋ ਗਿਆ ਹੈ। 16 ਮਾਰਚ ਨੂੰ ਭਗਵੰਤ ਸਿੰਘ ਮਾਨ ਨੇ ਰਵਾਇਤਾਂ ਤੋਂ ਹਟ ਕੇ ਰਾਜ ਭਵਨ ਦੀ ਥਾਂ ਖਟਕੜ ਕਲਾਂ ਵਿਚ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ।
ਵਿਧਾਨ ਸਭਾ ਦੀਆਂ 117 ਸੀਟਾਂ ਵਿਚੋਂ 92 ਸੀਟਾਂ ਹਾਸਲ ਕਰ ਕੇ ਆਮ ਆਦਮੀ ਪਾਰਟੀ ਨੂੰ ਸਪਸ਼ਟ ਬਹੁਮਤ ਹਾਸਲ ਹੋਇਆ।
ਇਸ ਇੱਕ ਮਹੀਨੇ ਦੇ ਦੌਰਾਨ ਭਗਵੰਤ ਸਿੰਘ ਮਾਨ ਨੇ ਕਈ ਅਹਿਮ ਫ਼ੈਸਲੇ ਲਏ ਜਿਸ ਵਿਚ ਨੌਕਰੀਆਂ ਤੋਂ ਇਲਾਵਾ ਕਿਸਾਨਾਂ ਨੂੰ ਮੁਆਵਜ਼ਾ ਅਤੇ ਪ੍ਰਾਈਵੇਟ ਸਕੂਲਾਂ ਨੂੰ ਫ਼ੀਸਾਂ ਨਾ ਵਧਾਉਣ ਦੀਆਂ ਹਿਦਾਇਤਾਂ ਅਤੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਹੈਲਪ ਲਾਈਨ ਲਾਂਚ ਕਰਨਾ ਪ੍ਰਮੁੱਖ ਹਨ।
ਇੱਥੇ ਅਸੀਂ ਭਗਵੰਤ ਮਾਨ ਸਰਕਾਰ ਦੇ ਪਹਿਲੇ ਮਹੀਨੇ ਦੇ ਵੱਡੇ ਵਿਵਾਦਾਂ ਦੀ ਅਸੀਂ ਗੱਲ ਕਰਾਂਗੇ ਜਿਸ ਕਾਰਨ ਵਿਰੋਧੀ ਪਾਰਟੀਆਂ ਨੂੰ ਉਨ੍ਹਾਂ ਉੱਤੇ ਨਿਸ਼ਾਨੇ ਲਗਾਉਣ ਦਾ ਮੌਕਾ ਮਿਲਿਆ।
ਇਹ ਵੀ ਪੜ੍ਹੋ:
ਮੁੱਖ ਮੰਤਰੀ ਭਗਵੰਤ ਮਾਨ ਦਾ ਸ਼ਰਾਬ ਪੀਣਾ ਕਈ ਵਾਰ ਵਿਵਾਦਾਂ ਦਾ ਕਾਰਨ ਬਣਦਾ ਰਿਹਾ ਹੈ। ਚੋਣਾਂ ਤੋਂ ਪਹਿਲਾਂ ਇਹੀ ਮੁੱਦਾ ਉਨ੍ਹਾਂ ਖ਼ਿਲਾਫ਼ ਸਭ ਤੋਂ ਵੱਡਾ ਹਥਿਆਰ ਸੀ। ਹੁਣ ਮੁੱਖ ਮੰਤਰੀ ਬਣਨ ਦੇ ਇੱਕ ਮਹੀਨੇ ਦੇ ਅੰਦਰ ਇਹੀ ਮਾਮਲਾ ਇੱਕ ਵਾਰ ਫੇਰ ਉਨ੍ਹਾਂ ਖ਼ਿਲਾਫ਼ ਮਸਲਾ ਬਣਦਾ ਨਜ਼ਰ ਆਇਆ।
ਅਕਾਲੀ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਦੇ ਤਖ਼ਤ ਦਮਦਮਾ ਸਾਹਿਬ ਨਤਮਸਤਕ ਹੋਣ ਸਮੇਂ ਸ਼ਰਾਬ ਪੀਣ ਦੇ ਇਲਜ਼ਾਮ ਲਾਏ ਸਨ, ਆਮ ਆਦਮੀ ਪਾਰਟੀ ਨੇ ਇਨ੍ਹਾਂ ਇਲਜ਼ਾਮਾਂ ਦਾ ਖੰਡਨ ਕੀਤਾ ਸੀ।
1. ਸ਼ਰਾਬ ਦੇ ਇਲਜ਼ਾਮਾਂ ਬਾਰੇ ਦਾਅਵੇ ਪ੍ਰਤੀ ਦਾਅਵੇ
14 ਅਪਰੈਲ ਨੂੰ ਸ੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਨਿੱਜੀ ਟਿੱਪਣੀ ਕਰ ਕੇ ਪੰਜਾਬ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਗਾਇਆ ਕਿ ਵਿਸਾਖੀ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਫੇਰੀ ਮੌਕੇ ਮੁੱਖ ਮੰਤਰੀ ਦੀ ਸ਼ਰਾਬ ਪੀਤੀ ਹੋਈ ਸੀ।
ਬਾਦਲ ਦੇ ਸ਼ਬਦ ਸਨ,"ਪੰਜਾਬ ਦੇ ਮੁੱਖ ਮੰਤਰੀ ਦਮਦਮਾ ਸਾਹਿਬ ਆਉਣ ਅਤੇ ਸ਼ਰਾਬ ਪੀਤੀ ਹੋਵੇ ਇਹ ਬਹੁਤ ਮਾੜੀ ਗੱਲ ਹੈ। ਇਹ ਗੱਲ ਬਰਦਾਸ਼ਤ ਤੋਂ ਬਾਹਰ ਹੈ ਕਿ ਗੁਰੂ ਘਰ ਦੀ ਮਰਿਆਦਾ ਨੂੰ ਖ਼ਰਾਬ ਕੀਤਾ ਜਾਵੇ। ਮੁੱਖ ਮੰਤਰੀ ਨੂੰ ਜ਼ਿੰਮੇਵਾਰ ਹੋਣਾ ਚਾਹੀਦਾ ਹੈ। ਪੂਰਾ ਪੰਜਾਬ ਅਤੇ ਦੁਨੀਆਂ ਦੇਖ ਰਹੀ ਹੈ।"
ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਆਗੂ ਵਿਰਸਾ ਸਿੰਘ ਵਲਟੋਹਾ ਦਾ ਦੋਸ਼ ਸੀ ਕਿ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਮੁੱਖ ਮੰਤਰੀ ਸ਼ਰਾਬ ਦੇ ਨਸ਼ੇ ਵਿਚ ਸਨ।
ਉਨ੍ਹਾਂ ਇਸ ਮਸਲੇ ਉੱਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੰਥਕ ਮਰਯਾਦਾ ਮੁਤਾਬਕ ਕਾਰਵਾਈ ਕਰਨ ਦੀ ਮੰਗ ਕੀਤੀ।
ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਝੁੰਗੋਆਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤਖ਼ਤ ਦਮਦਮਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਸਨਮਾਨਿਤ ਕੀਤਾ ਸੀ।
ਬਲਦੇਵ ਸਿੰਘ ਝੁੰਗੋਆਣੀ ਨੇ ਇੱਕ ਡਿਜੀਟਲ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਮੁੱਖ ਮੰਤਰੀ ਨੂੰ ਤਖ਼ਤ ਦਮਦਮਾ ਸਾਹਿਬ ਆਏ ਤਾਂ ਉਨ੍ਹਾਂ ਨੇ ਹੀ ਉਨ੍ਹਾਂ ਦਾ ਸਨਮਾਨ ਕੀਤਾ ਸੀ।
ਬਲਦੇਵ ਸਿੰਘ ਮੁਤਾਬਕ ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ ਨੇ ਮੁੱਖ ਮੰਤਰੀ ਨੂੰ ਸਿਰੋਪਾਓ ਦਿੱਤਾ ਅਤੇ ਉਨ੍ਹਾਂ ਦੇ ਨਾਲ ਗਏ ਵਿਧਾਇਕਾਂ ਤੇ ਮੋਹਤਬਰ ਬੰਦਿਆਂ ਨੂੰ ਬਲਦੇਵ ਸਿੰਘ ਨੇ ਸਿਰੋਪਾਓ ਦਿੱਤਾ।
ਬਲਦੇਵ ਸਿੰਘ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਸੰਖੇਪ ਜਿਹੀ ਗੱਲ ਵੀ ਹੋਈ, ਪਰ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਸ਼ਰਾਬ ਪੀਤੇ ਹੋਣ ਦੀ ਕੋਈ ਮੁਸ਼ਕ ਬਗੈਰਾ ਨਹੀਂ ਆਈ।
ਬਲਦੇਵ ਸਿੰਘ ਕਹਿੰਦੇ ਹਨ, ''ਮੁੱਖ ਮੰਤਰੀ ਮੈਨੂੰ ਥੱਕੇ ਥੱਕੇ ਜਰੂਰ ਨਜ਼ਰ ਆਏ, ਮੈਨੂੰ ਇਹ ਜਰੂਰ ਲੱਗਿਆ ਕਿ ਰੁਝੇਵਿਆਂ ਕਾਰਨ ਅਜਿਹਾ ਹੋ ਸਕਦਾ ਹੈ।''
ਬਲਦੇਵ ਸਿੰਘ ਕਹਿੰਦੇ ਹਨ, ਜੇਕਰ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਸ਼ਰਾਬ ਪੀਤੇ ਹੋਣ ਬਾਰੇ ਪਤਾ ਲੱਗਦਾ ਜਾਂ ਮੁਸ਼ਕ ਬਗੈਰਾ ਆਉਂਦੀ ਤਾਂ ਉਨ੍ਹਾਂ ਨੇ ਉਦੋਂ ਹੀ ਉਨ੍ਹਾਂ ਨੂੰ ਬਾਹ ਤੋਂ ਫੜ ਲੈਣਾ ਸੀ।
ਬਲਦੇਵ ਸਿੰਘ ਕਹਿੰਦੇ ਹਨ ਕਿ ਉਹ ਗੁਰੂ ਗੋਬਿੰਦ ਸਿੰਘ ਦੀ ਮਹਾਰਾਜ ਅਤੇ ਪੰਥਕ ਮਰਿਯਾਦਾ ਨੂੰ ਪ੍ਰਣਾਏ ਹੋਏ ਹਨ, ਉਹ ਕਿਸੇ ਵੀ ਸੂਰਤ ਵਿਚ ਮਰਿਯਾਦਾ ਦੀ ਉਲੰਘਣਾ ਸਹਿਨ ਨਹੀਂ ਕਰ ਸਕਦੇ।
ਬਲਦੇਵ ਸਿੰਘ ਨੂੰ ਜਦੋਂ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਮੰਤਰੀ ਤੋਂ ਮਾਫੀ ਮੰਗਣ ਵਾਲੇ ਬਿਆਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਨਹੀਂ ਜਾਣਦੇ ਕਿ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ।
ਇਸ ਮੁੱਦੇ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਦਾ ਕਹਿਣਾ ਹੈ ਕਿ ਅਕਾਲੀ ਦਲ ਵਿਧਾਨ ਸਭਾ ਚੋਣਾਂ ਵਿਚ ਹਾਰ ਨੂੰ ਭੁਲਾ ਨਹੀਂ ਪਾ ਰਿਹਾ ਇਸ ਕਰ ਕੇ ਨਿੱਜੀ ਹਮਲੇ ਮੁੱਖ ਮੰਤਰੀ ਉੱਤੇ ਕਰ ਰਹੇ ਹਨ।
ਉਨ੍ਹਾਂ ਨੇ ਆਖਿਆ ਕਿ ਅਕਾਲੀ ਦਲ ਦੀਆਂ ਗੱਲਾਂ ਵਿਚ ਹੁਣ ਪੰਜਾਬ ਦੇ ਲੋਕ ਆਉਣ ਵਾਲੇ ਨਹੀਂ ਹਨ। ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਉੱਪਰ ਲਗਾਏ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕੀਤਾ।
2. ਸਹੁੰ ਚੁੱਕ ਸਮਾਗਮ 'ਤੇ ਕੀਤੇ ਖਰਚੇ ਬਾਰੇ ਵਿਵਾਦ
ਭਗਵੰਤ ਮਾਨ ਦੀ ਸਰਕਾਰ ਦਾ ਵਿਵਾਦਾਂ ਨਾਲ ਰਿਸ਼ਤਾ ਖਟਕੜ ਕਲਾਂ ਵਿੱਚ ਰੱਖੇ ਸਹੁੰ ਚੁੱਕ ਸਮਾਗਮ ਤੋਂ ਹੀ ਸ਼ੁਰੂ ਹੋ ਗਿਆ।
ਖਟਕੜ ਕਲਾਂ ਵਿੱਚ ਸਹੁੰ ਚੁੱਕ ਸਮਾਗਮ ਕਰਕੇ ਅਤੇ ਭਗਤ ਸਿੰਘ ਨੂੰ ਆਪਣਾ ਆਦਰਸ਼ ਹੀਰੋ ਦੱਸ ਕੇ ਆਮ ਆਦਮੀ ਪਾਰਟੀ ਨੇ ਆਪਣੇ ਖਿਲਾਫ਼ ਹੁੰਦੇ ਸਿਆਸੀ ਪ੍ਰਚਾਰ ਦਾ ਸਪੱਸ਼ਟ ਜਵਾਬ ਦੇਣ ਦੀ ਕੋਸ਼ਿਸ਼ ਕੀਤੀ।
ਪਾਰਟੀ ਖਿਲਾਫ਼ ਇਲਜ਼ਾਮ ਲਗਦੇ ਸਨ ਕਿ ਉਹ ਖਾਲਿਸਤਾਨੀਆਂ ਅਤੇ ਦੇਸ਼ ਨੂੰ ਤੋੜਨ ਵਾਲੀਆਂ ਸ਼ਕਤੀਆਂ ਦੀ ਹਮਾਇਤ ਕਰਦੀ ਹੈ ਤੇ ਉਨ੍ਹਾਂ ਤੋ ਮਦਦ ਹਾਸਲ ਕਰਦੀ ਹੈ। ਹਾਲਾਂਕਿ ਨਵੀਂ ਸਰਕਾਰ ਨੇ ਰਾਸ਼ਟਰਵਾਦ ਅਤੇ ਪੰਜਾਬ ਉੱਘੇ ਅਜ਼ਾਦੀ ਘੁਲਾਟੀਏ ਦੇ ਪਿੰਡ ਵਿੱਚ ਅਹਿਦ ਲੈ ਕੇ ਆਪਣੇ ਵਿਰੋਧੀਆਂ ਨੂੰ ਚੁੱਪ ਕਰਵਾਉਣ ਦੀ ਤਕੜੀ ਕੋਸ਼ਿਸ਼ ਕੀਤੀ।
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਦੱਸਦੇ ਹਨ ਕਿ ਰਾਜ ਭਵਨ ਤੋਂ ਬਾਹਰ ਸਹੁੰ-ਚੁੱਕ ਦੇ ਚਾਰ ਪ੍ਰੋਗਰਾਮ ਹੋ ਚੁੱਕੇ ਹਨ।
ਫਿਰ ਵੀ ਮਾਨ ਹੁਰਾਂ ਨੂੰ ਵਿਰੋਧੀ ਧਿਰ ਵੱਲੋਂ ਸਹੁੰ ਚੁੱਕ ਸਮਾਗਮ ਉੱਪਰ ਕੀਤੇ ਗਏ ਖਰਚ ਲਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ।
ਅੰਗਰੇਜ਼ੀ ਅਖ਼ਬਾਰ ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ 17 ਮਿੰਟ ਦੇ ਇਸ ਪ੍ਰੋਗਰਾਮ ਲਈ ਸਰਕਾਰੀ ਖ਼ਜਾਨੇ ਉੱਪਰ ਤਿੰਨ ਕਰੋੜ ਰੁਪਏ ਦਾ ਬੋਝ ਪਾਇਆ ਗਿਆ।
ਸਮਾਗਮ ਵਿੱਚ ਪਹੁੰਚਣ ਵਾਲੇ ਲੋਕਾ ਦੀਆਂ ਗੱਡੀਆਂ ਦੀ ਪਾਰਕਿੰਗ ਲਈ ਸਾਫ਼ ਕਰਵਾਈ ਗਈ ਵਾਢੀ 'ਤੇ ਆਈ ਕਣਕ ਕਾਰਨ ਵੀ ਨਵੀਂ ਸਰਕਾਰ ਦੀ ਆਲੋਚਨਾ ਹੋਈ। ਹਾਲਾਂਕਿ ਬਾਅਦ ਵਿੱਚ ਸਰਕਾਰ ਨੇ ਕਿਹਾ ਕਿ ਇਸ ਲਈ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਗਿਆ ਸੀ।
3. ਪੰਜਾਬ ਤੋਂ ਚੁਣ ਕੇ ਭੇਜੇ ਗਏ ਰਾਜ ਸਭਾ ਮੈਂਬਰਾਂ ਉੱਪਰ ਵਿਵਾਦ
ਮਾਨ ਸਰਕਾਰ ਦੇ ਹੋਂਦ ਵਿਚ ਆਉਣ ਦੇ ਨਾਲ ਹੀ ਰਾਜ ਸਭਾ ਦੀਆਂ ਪੰਜ ਸੀਟਾਂ ਖ਼ਾਲੀ ਹੋ ਗਈਆਂ। ਆਮ ਆਦਮੀ ਪਾਰਟੀ ਨੇ ਇਹਨਾਂ ਪੰਜ ਸੀਟਾਂ ਲਈ ਜਿਹੜੇ ਨਾਮਾਂ ਦੀ ਚੋਣ ਕੀਤੀ ਉਨ੍ਹਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਸਵਾਲ ਚੁੱਕ ਦਿੱਤੇ।
ਪਾਰਟੀ ਦੁਆਰਾ ਤੈਅ ਕੀਤੇ ਗਏ ਚਿਹਰਿਆਂ ਵਿੱਚ 'ਆਪ' ਆਗੂ ਅਤੇ ਪੰਜਾਬ ਵਿੱਚ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਢਾ, ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਆਈਆਈਟੀ ਦਿੱਲੀ ਦੇ ਅਸਿਸਟੈਂਟ ਪ੍ਰੋਫੈਸਰ ਸੰਦੀਪ ਪਾਠਕ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਅਸ਼ੋਕ ਮਿੱਤਲ ਅਤੇ ਪੰਜਾਬ ਦੇ ਉਦਯੋਗਪਤੀ ਸੰਜੀਵ ਅਰੋੜਾ ਦੇ ਸ਼ਾਮਲ ਹਨ।
ਹਾਲਾਂਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਸੂਬੇ ਤੋਂ ਬਾਹਰੋਂ ਲਿਆ ਕੇ ਉਮੀਦਵਾਰਾਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਹੋਵੇ। ਇਹਨਾਂ ਪੰਜ ਨਾਵਾਂ ਵਿਚੋਂ ਦੋ ਨਾਮ ਖ਼ਾਸ ਤੌਰ ਉੱਤੇ ਰਾਘਵ ਚੱਢਾ ਅਤੇ ਸੰਦੀਪ ਪਾਠਕ ਦਾ ਸਬੰਧ ਪੰਜਾਬ ਨਾਲ ਨਹੀਂ ਹੈ।
ਵਿਰੋਧੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਦੀ ਇਸ ਚੋਣ ਉੱਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ। ਵਿਰੋਧੀ ਪਾਰਟੀਆਂ ਨੇ ਦਲੀਲ ਦਿੱਤੀ ਕਿ ਪੰਜਾਬੀਆਂ ਦੀ ਥਾਂ ਕਾਰੋਬਾਰੀਆਂ ਅਤੇ ਪੰਜਾਬ ਤੋਂ ਬਾਹਰੀ ਲੋਕਾਂ ਨੂੰ ਰਾਜ ਸਭਾ ਵਿਚ ਭੇਜਿਆ ਗਿਆ ਹੈ ਇਹ ਲੋਕ ਪੰਜਾਬ ਦੇ ਮੁੱਦਿਆਂ ਦੀ ਸਹੀ ਪੈਰਵੀ ਰਾਜ ਸਭਾ ਵਿਚ ਨਹੀਂ ਕਰਨਗੇ।
ਫਿਰ ਵੀ ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਇਨਕਾਲਬ ਦੇ ਨਾਅਰੇ ਅਤੇ ਬਦਲਾਅ ਦੇ ਵਾਅਦੇ ਨਾਲ ਸਰਕਾਰ ਵਿੱਚ ਆਈ ਸੀ ਇਸ ਲਈ ਇਸ ਚੋਣ ਉੱਪਰ ਵਿਆਪਕ ਵਿਵਾਦ ਛਿੜਿਆ।
ਸੀਨਾਅਰ ਪੱਤਰਕਾਰ ਜਗਤਾਰ ਸਿੰਘ ਨੇ ਇਸ ਬਾਰੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, ''ਵਿਚਾਰਨ ਵਾਲੀ ਗੱਲ ਇਹ ਕਿ ਉਨ੍ਹਾਂ ਦੀ ਤਵੱਜੋ ਕੀ ਹੈ। ਪੰਜਾਬ ਦੇ ਜੋ ਗੰਭੀਰ ਮਸਲੇ ਅਤੇ ਚਿੰਤਾਵਾਂ ਹਨ ਕੀ ਇਹ ਪੰਜੇ ਉਮੀਦਵਾਰ ਰਾਜ ਸਭਾ 'ਚ ਚੁੱਕਣਗੇ ਜਾਂ ਫਿਰ ਦਿੱਲੀ ਦੇ ਮਸਲਿਆਂ ਨੂੰ ਪਹਿਲ ਦਿੱਤੀ ਜਾਵੇਗੀ?''
ਸਵਾਲ ਉਹ ਵੀ ਚੁੱਕੇ ਗਏ ਕਿ ਕੀ ਪਾਰਟੀ ਦੀ ਪੰਜਾਬ ਲੀਡਰਸ਼ਿਪ ਵਿੱਚ ਅਜਿਹੇ ਆਗੂ ਨਹੀਂ ਸਨ ਜੋ ਰਾਜ ਸਭਾ ਵਿੱਚ ਸੂਬੇ ਦੀ ਨੁਮਾਇੰਦਗੀ ਕਰ ਸਕਦੇ।
4. ਪੰਜਾਬ ਵਿੱਚ ਅਮਨ-ਕਾਨੂੰਨ ਦੀ ਵਿਗੜੀ ਸਥਿਤੀ
ਇਸ ਇੱਕ ਮਹੀਨੇ ਦੌਰਾਨ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਕਈ ਸਵਾਲ ਖੜੇ ਹੋਏ। ਖ਼ਾਸ ਤੌਰ ਉੱਤੇ ਗੈਂਗਸਟਰਾਂ ਦੀਆਂ ਵਧਦੀਆਂ ਗਤੀਵਿਧੀਆਂ ਨੇ ਮਾਨ ਸਰਕਾਰ ਲਈ ਪਹਿਲੇ ਮਹੀਨੇ ਵਿਚ ਹੀ ਦਿੱਕਤਾਂ ਖੜੀਆਂ ਕਰ ਦਿੱਤੀਆਂ।
ਨਵੀਂ ਸਰਕਾਰ ਬਣਿਆਂ ਅਜੇ ਇੱਕ ਮਹੀਨਾ ਹੀ ਹੋਇਆ ਹੈ ਪਰ ਇਹ ਸੂਬੇ ਵਿੱਚ ਵਿਗੜਦੀ ਕਾਨੂੰਨ-ਵਿਵਸਥਾ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ਉੱਪਰ ਆ ਗਈ ਹੈ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਕਤਲ ਅਤੇ ਲੁੱਟ ਖੋਹਾਂ ਦੀਆਂ ਕਈ ਵਾਰਦਾਤਾਂ ਹੋਈਆਂ ਹਨ। ਹਾਲ ਹੀ ਵਿੱਚ ਪਟਿਆਲਾ ਵਿੱਚ ਧਰਮਿੰਦਰ ਸਿੰਘ ਅਤੇ ਉਸ ਤੋਂ ਪਹਿਲਾਂ ਨੰਗਲ ਅੰਬੀਆਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ।
ਪੰਜਾਬ ਬੀਜੇਪੀ ਆਗੂ ਤਰੁਣ ਚੁੱਘ ਨੇ ਕਿਹਾ ਕਿ ਸਰਕਾਰ ਆਪਣੇ ਹਨੀਮੂਨ ਪੀਰੀਅਡ ਵਿੱਚੋਂ ਬਾਹਰ ਆਵੇ ਅਤੇ ਪੰਜਾਬ ਦੀ ਜਨਤਾ ਦੀ ਫਿਕਰ ਕਰੇ। ਇਸੇ ਤਰਜ਼ ਉੱਪਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਭਗਵੰਤ ਮਾਨ ਨੂੰ ਘੇਰਿਆ।
ਉਨ੍ਹਾਂ ਨੇ ਕਿਹਾ, “ਅੱਜ ਕੋਈ ਖੇਡਣ ਵੀ ਜਾਂਦਾ ਹੈ ਤਾਂ ਉੱਥੇ ਉਸ ਨਾਲ ਵੱਢ ਟੁੱਕ ਹੋ ਜਾਂਦੀ ਹੈ। ਉੱਥੇ ਮਾਰ ਦਿੱਤਾ ਜਾਂਦਾ ਹੈ। ਪੰਜਾਬ ਵਿੱਚ ਆਏ ਦਿਨ ਦੋ-ਤਿੰਨ ਘਟਨਵਾਂ ਅਜਿਹੀਆਂ ਵਾਪਰ ਰਹੀਆਂ ਹਨ।”
ਸੂਬੇ ਵਿੱਚ ਨਿੱਘਰਦੀ ਅਮਨ ਕਾਨੂੰਨ ਦੀ ਸਥਿਤੀ ਅਤੇ ਆਪਣੀ ਕਿਰਕਰੀ ਤੋਂ ਪਰੇਸ਼ਾਨ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਗਿਆ। ਸੂਬੇ ਦੇ ਡੀਜੀਪੀ ਵੀ ਕੇ ਭੰਵਰਾ ਨੇ ਕਿਹਾ ਸੀ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕਤਲ ਦੀਆਂ ਘੱਟ ਘਟਨਾਵਾਂ ਹੋਈਆਂ।
ਇਸੇ ਅਰਸੇ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਬੀਜੇਪੀ ਕਾਰਕੁਨਾਂ ਵੱਲੋਂ ਹੰਗਾਮਾ ਕੀਤਾ ਗਿਆ। ਭਗਵੰਤ ਮਾਨ ਨੇ ਇਸ ਦੀ ਆਲੋਚਨਾ ਵਿੱਚ ਟਵੀਟ ਵੀ ਕੀਤਾ।
ਹਾਲਾਂਕਿ ਮਾਨ ਨੂੰ ਇਸ ਟਵੀਟ ਲਈ ਵੀ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ ਕਿ ਉਹ ਆਪਣੇ ਸੂਬੇ ਵਿੱਚ ਆਏ ਦਿਨ ਹੋ ਰਹੇ ਕਤਲਾਂ ਬਾਰੇ ਤਾਂ ਖਾਮੋਸ਼ ਹਨ ਪਰ ਕੇਜਰੀਵਾਲ ਦੀ ਰਿਹਾਇਸ਼ ਬਾਰੇ ਬੋਲ ਰਹੇ ਹਨ।
ਪੰਜਾਬ ਵਿੱਚ ਅਪਰਾਧ ਦੀਆਂ ਘਟਨਾਵਾਂ ਵਿਚ ਹੋਏ ਅਚਾਨਕ ਵਾਧੇ ਉੱਪਰ ਵਿਰੋਧੀਆਂ ਨੇ ਕਈ ਸਵਾਲ ਆਮ ਆਦਮੀ ਪਾਰਟੀ ਸਰਕਾਰ ਉੱਤੇ ਕਈ ਸਵਾਲ ਜ਼ਰੂਰ ਖੜ੍ਹੇ ਕੀਤੇ।
5. ਦਰਬਾਰ ਸਾਹਿਬ ਤੋਂ ਗੁਰਬਾਣੀ ਟੈਲੀਕਾਸਟ ਦੀ ਪੇਸ਼ਕਸ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਪ੍ਰਸਾਰਨ ਦੀ ਪੰਜਾਬ ਸਰਕਾਰ ਨੂੰ ਇਜਾਜ਼ਤ ਦੇਣ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਗਈ।
ਇੱਕ ਵੀਡੀਓ ਨੂੰ ਟਵੀਟ ਕਰਦੇ ਹੋਏ ਭਗਵੰਤ ਮਾਨ ਨੇ ਲਿਖਿਆ ਸੀ, "ਪਵਿੱਤਰ ਗੁਰਬਾਣੀ ਦਾ ਪੂਰੀ ਦੁਨੀਆਂ ਦੀ ਸੰਗਤ ਤੱਕ ਪ੍ਰਸਾਰ ਕਰਨਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੀ ਨਹੀਂ ਫਰਜ਼ ਵੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਜੋ ਵੀ ਸੇਵਾ ਲਗਾਵੇਗੀ ਅਸੀਂ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਾਂਗਾ।"
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਮੁੱਖ ਮੰਤਰੀ ਸਰਕਾਰ ਦੇ ਕੰਮਾਂ ਵੱਲ ਧਿਆਨ ਦੇਣ ਨਾ ਕਿ ਸਿਆਸਤ ਕਰਨ।
ਐੱਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਹੈ ਕਿ ਸਰਕਾਰ ਗੁਰੂ ਘਰਾਂ ਦੇ ਮਾਮਲਿਆਂ ਵਿੱਚ ਦਖ਼ਲ ਨਾ ਦੇਵੇ।
ਇਸ ਬਿਆਨ ਵਿੱਚ ਆਖਿਆ ਗਿਆ ਕਿ ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਤੋਂ ਪਹਿਲਾਂ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਕਿ ਹਰਿਮੰਦਰ ਸਾਹਿਬ ਨੂੰ ਆਉਂਦੇ ਰਸਤਿਆਂ ਦਾ ਸੁੰਦਰੀਕਰਨ ਕੀਤਾ ਜਾਵੇ।
6. ਅਰਵਿੰਦ ਕੇਜਰੀਵਾਲ ਦੀ ਪੰਜਾਬ ਦੇ ਸੀਨੀਅਰ ਅਫ਼ਸਰਾਂ ਨਾਲ ਦਿੱਲੀ ਵਿੱਚ ਬੈਠਕ
ਪੰਜਾਬ ਦੇ ਮੁੱਖ ਸਕੱਤਰ ਅਤੇ ਬਿਜਲੀ ਬੋਰਡ ਦੇ ਅਫ਼ਸਰਾਂ ਦੀ ਦਿੱਲੀ ਵਿਚ ਪਿਛਲੇ ਦਿਨੀਂ ਹੋਈ ਮੀਟਿੰਗ ਨੇ ਵਿਰੋਧੀ ਪਾਰਟੀਆਂ ਨੂੰ ਇੱਕ ਵਾਰ ਫਿਰ ਤੋਂ ਸਰਕਾਰ ਨੂੰ ਘੇਰਨ ਦਾ ਮੌਕਾ ਦੇ ਦਿੱਤਾ।
ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਗਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਨਾਲ ਸਬੰਧਿਤ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕੀਤੀ ਹੈ।
ਵਿਵਾਦ ਇਸ ਗੱਲ ਨੂੰ ਲੈ ਕੇ ਸੀ ਮੁੱਖ ਮੰਤਰੀ ਅਤੇ ਬਿਜਲੀ ਮੰਤਰੀ ਦੀ ਗ਼ੈਰਹਾਜ਼ਰੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਸ ਹੈਸੀਅਤ ਨਾਲ ਇਹ ਮੀਟਿੰਗ ਕੀਤੀ।
ਵਿਰੋਧੀ ਰਾਜਨੀਤਕ ਆਗੂਆਂ ਵੱਲੋਂ ਆਖਿਆ ਜਾ ਰਿਹਾ ਹੈ ਇਸ ਬੈਠਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੀ ਪਿਛਲੀ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਸ਼ਾਮਿਲ ਨਹੀਂ ਕੀਤਾ ਗਿਆ।
ਸੱਤਾਧਾਰੀ ਪਾਰਟੀ 'ਆਪ' ਦੇ ਨੁਮਾਇੰਦੇ ਮਲਵਿੰਦਰ ਕੰਗ ਮੁਤਾਬਕ ਇਹ ਇੱਕ ਗੈਰ ਰਸਮੀ ਬੈਠਕ ਸੀ ਅਤੇ ਇਸ ਬਾਰੇ ਕੋਈ ਵਿਵਾਦ ਨਹੀਂ ਹੈ।
ਇਸ ਮਾਮਲੇ ਉੱਪਰ, ਬੀਜੇਪੀ, ਸੂਬਾ ਕਾਂਗਰਸ ਦੇ ਆਗੂਆਂ ਤੋਂ ਲੈਕੇ ਅਕਾਲੀ ਦਲ ਅਤੇ ਕਦੇ ਆਮ ਆਦਮੀ ਪਾਰਟੀ ਦਾ ਹਿੱਸਾ ਰਹੇ ਧਰਮਵੀਰ ਗਾਂਧੀ ਵੱਲੋਂ ਵੀ ਇਸ ਵਿਸ਼ੇ ਵਿੱਚ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ ਦੀ ਆਲੋਚਨਾ ਕੀਤੀ ਗਈ।
ਪਾਰਟੀਆਂ ਨੇ ਇਸ ਨੂੰ ਪੰਜਾਬ ਸਰਕਾਰ ਦੇ ਕੰਮ ਕਾਜ ਵਿਚ ਦਖ਼ਲ ਅੰਦਾਜ਼ੀ ਕਰਾਰ ਦਿੱਤਾ। ਬਾਅਦ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੁੱਦੇ ਉੱਤੇ ਖ਼ੁਦ ਸਫ਼ਾਈ ਦੇ ਕੇ ਮਾਮਲੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਭਗਵੰਤ ਮਾਨ ਨੇ ਕਿਹਾ ਸੀ ਕਿ ਉ੍ਨ੍ਹਾਂ ਨੇ ਹੀ ਖੁਦ ਆਪਣੇ ਅਫ਼ਸਰਾਂ ਨੂੰ ਟਰੇਨਿੰਗ ਲਈ ਦਿੱਲੀ ਭੇਜਿਆ ਸੀ। ਪਰ ਇਹ ਮਾਮਲਾ ਮੀਡੀਆ ਅਤੇ ਰਾਜਨੀਤਿਕ ਹਲਕਿਆਂ ਵਿਚ ਕਾਫ਼ੀ ਉਛਲਿਆ।
7. ਗਵਰਨਰ ਦੇ ਦੌਰੇ 'ਤੇ ਵਿਵਾਦ
ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਦੇ ਸਰਹੱਦ ਜ਼ਿਲ੍ਹਿਆਂ ਦਾ ਦੌਰਾ ਕੀਤਾ ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਸੀ।
ਇਸ ਮੌਕੇ ਕਈ ਵਾਰ ਮੁੱਖ ਮੰਤਰੀ ਭਗਵੰਤ ਮਾਨ ਰਾਜਪਾਲ ਨਾਲ ਮੌਜੂਦ ਨਹੀਂ ਸਨ। ਵਿਰੋਧੀ ਧਿਰਾਂ ਨੇ ਇਸ ਬਾਰੇ ਸਵਾਲ ਚੁੱਕੇ।
ਕਾਂਗਰਸ ਨੇ ਇਸ ਦੀ ਨਿੰਦਾ ਕੀਤੀ ਤੇ ਇਸ ਨੂੰ ਸੂਬੇ ਦੇ ਮਾਮਲਿਆਂ ਵਿੱਚ ਕੇਂਦਰ ਸਰਕਾਰ ਦੀ ਦਖਲ ਅੰਦਾਜ਼ੀ ਕਰਾਰ ਦਿੱਤਾ।
ਭਾਵੇਂ ਆਣ ਆਦਮੀ ਪਾਰਟੀ ਨੇ ਇਸ ਮੁੱਦੇ ਉੱਤੇ ਉਠੇ ਵਿਵਾਦ ਨੂੰ 'ਬੇਵਜ੍ਹਾ' ਕਰਾਰ ਦਿੱਤਾ। ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਸੂਬੇ ਵਿੱਚ ਕਿਤੇ ਵੀ ਦੌਰਾ ਕਰ ਸਕਦੇ ਹਨ।
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਉਨ੍ਹਾਂ ਦੇ ਦੌਰਿਆਂ ਨੂੰ ਸਿਆਸਤ ਨਾਲ ਨਾ ਜੋੜਿਆ ਜਾਵੇ।
ਇਹ ਵੀ ਪੜ੍ਹੋ: