ਯੂਕਰੇਨ ਰੂਸ ਸੰਕਟ: 'ਸੜਕਾਂ ਉੱਤੇ ਟੈਂਕ ਘੁੰਮ ਰਹੇ ਹਨ ਤੇ ਫੌਜੀ ਨਜ਼ਰ ਆ ਰਹੇ ਹਨ ਤੇ ਲੋਕ ਡਰੇ ਹੋਏ ਹਨ'

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 5 ਮਿੰਟ

"ਬੇਟੀ ਨੇ ਦੱਸਿਆ ਉੱਥੇ ਸੜਕਾਂ 'ਤੇ ਟੈਂਕ ਘੁੰਮ ਰਹੇ ਹਨ। ਫੌਜੀ ਨਜ਼ਰ ਆਉਂਦੇ ਹਨ, ਮਾਹੌਲ ਤਣਾਅਪੂਰਨ ਹੈ ਤੇ ਬੱਚੇ ਡਰੇ ਹੋਏ ਹਨ। ਉਨ੍ਹਾਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ।"

ਕੈਥਲ ਤੋਂ ਅੰਜਲੀ ਦੀ ਬੇਟੀ ਯੂਕਰੇਨ ਦੀ ਖਾਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਦੀ ਵਿਦਿਆਰਥਣ ਹੈ। ਰੂਸ ਅਤੇ ਯੂਕਰੇਨ ਦਰਮਿਆਨ ਤਣਾਅ ਤੋਂ ਬਾਅਦ ਕਈ ਭਾਰਤੀ ਵਿਦਿਆਰਥੀ ਯੂਕਰੇਨ ਵਿੱਚ ਹਨ ਅਤੇ ਉਨ੍ਹਾਂ ਦੇ ਮਾਪੇ ਬੱਚਿਆਂ ਦੀ ਸਹੀ ਸਲਾਮਤ ਵਤਨ ਵਾਪਸੀ ਦੀ ਉਮੀਦ ਲਗਾ ਕੇ ਬੈਠੇ ਹਨ।

ਅੰਜਲੀ ਦੇ ਪਤੀ ਮਨੋਜ ਵੀ ਆਪਣੀ ਬੱਚੀ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਜਾਂਦੇ ਹਨ ਅਤੇ ਦੱਸਦੇ ਹਨ ਕਿ ਖਾਰਕੀਵ ਅੰਤਰਰਾਸ਼ਟਰੀ ਸਰਹੱਦ ਦੇ ਕਾਫ਼ੀ ਨਜ਼ਦੀਕ ਹੈ ਜਿਸ ਕਰਕੇ ਉਨ੍ਹਾਂ ਨੂੰ ਹੋਰ ਵੀ ਜ਼ਿਆਦਾ ਚਿੰਤਾ ਹੈ।

ਭਾਰਤ ਦੇ ਲਗਭਗ 20 ਹਜ਼ਾਰ ਵਿਦਿਆਰਥੀ ਅਤੇ ਨਾਗਰਿਕ ਯੂਕਰੇਨ ਵਿਖੇ ਮੌਜੂਦ ਹਨ।

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਰੂਸੀ ਫ਼ੌਜਾਂ ਪੂਰਬੀ ਯੂਕਰੇਨ ਵਿੱਚ ਦਾਖਲ ਹੋਣਗੀਆਂ ਅਤੇ ਵੱਖਵਾਦੀ ਇਲਾਕਿਆਂ ਵਿੱਚ ਸ਼ਾਂਤੀ ਕਾਇਮ ਕਰਨ ਦੀ ਦਿਸ਼ਾ ਵੱਲ ਕੰਮ ਕਰਨਗੀਆਂ।

ਇਸ ਤੋਂ ਬਾਅਦ ਕਈ ਦੇਸ਼ਾਂ ਨੇ ਰੂਸ 'ਤੇ ਪਾਬੰਦੀਆਂ ਦਾ ਐਲਾਨ ਕੀਤਾ ਹੈ।

'ਯੁੱਧ ਨਾਲ ਬੱਚਿਆਂ ਦੇ ਭਵਿੱਖ ਉੱਪਰ ਖ਼ਤਰਾ'

ਕੈਥਲ ਦੇ ਅੰਜਲੀ ਤੇ ਮਨੋਜ ਇਲਾਕੇ ਦੇ ਇਕੱਲੇ ਅਜਿਹੇ ਮਾਪੇ ਨਹੀਂ ਜਿਨ੍ਹਾਂ ਦੇ ਬੱਚੇ ਯੂਕਰੇਨ ਵਿੱਚ ਸਨ ਅਤੇ ਜਿਨ੍ਹਾਂ ਨੂੰ ਬੱਚਿਆਂ ਦੀ ਸੁਰੱਖਿਆ ਦੀ ਚਿੰਤਾ ਸਤਾ ਰਹੀ ਹੈ।

ਬੀਬੀਸੀ ਸਹਿਯੋਗੀ ਕਮਲ ਸੈਣੀ ਨੇ ਕੁਰੂਕਸ਼ੇਤਰ, ਜੀਂਦ ਵਿੱਚ ਮੌਜੂਦ ਅਜਿਹੇ ਹੋਰ ਪਰਿਵਾਰਾਂ ਨਾਲ ਗੱਲ ਕਰਕੇ ਹਾਲਾਤ ਜਾਣਨ ਦੀ ਕੋਸ਼ਿਸ਼ ਕੀਤੀ।

ਯੂਕਰੇਨ ਵਿੱਚ ਤੀਸਰੇ ਸਾਲ ਦੇ ਐੱਮਬੀਬੀਐੱਸ ਵਿਦਿਆਰਥੀ ਜਤਿਨ ਚੌਹਾਨ ਨੇ ਦੱਸਿਆ ਕਿ ਡੇਢ ਸਾਲ ਪਹਿਲਾਂ ਮਹਾਂਮਾਰੀ ਦੌਰਾਨ ਵਿਗੜੇ ਹਾਲਾਤਾਂ ਤੋਂ ਬਾਅਦ ਉਹ ਭਾਰਤ ਆ ਗਏ ਅਤੇ ਹੁਣ ਆਨਲਾਈਨ ਪੜ੍ਹਾਈ ਕਰ ਰਹੇ ਸਨ।

ਇਸੇ ਮਹੀਨੇ ਉਨ੍ਹਾਂ ਨੇ ਵਾਪਸ ਜਾਣਾ ਸੀ ਪਰ ਦੋਹਾਂ ਦੇਸ਼ਾਂ ਦੇ ਵਿਗੜੇ ਸਬੰਧਾਂ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਵਾਪਸੀ ਦੀ ਟਿਕਟ ਰੱਦ ਕਰਵਾ ਦਿੱਤੀ ਹੈ। ਜਤਿਨ ਮੁਤਾਬਕ ਉਨ੍ਹਾਂ ਵਾਂਗ ਹੋਰ ਵੀ ਜ਼ਿਲ੍ਹੇ ਦੇ ਕਈ ਵਿਦਿਆਰਥੀ ਹਨ ਜਿਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਵਾਪਸ ਨਹੀਂ ਭੇਜ ਰਹੇ।

"ਮੇਰੀ ਉੱਥੇ ਮੌਜੂਦ ਆਪਣੇ ਦੋਸਤਾਂ ਨਾਲ ਵੀ ਗੱਲ ਹੁੰਦੀ ਹੈ ਉਹ ਸਾਰੇ ਵਾਪਸ ਆਉਣ ਲਈ ਮਦਦ ਮੰਗ ਰਹੇ ਹਨ।"

ਜੀਂਦ ਦੇ ਪ੍ਰੀਕਸ਼ਿਤ ਵੀ ਯੂਕਰੇਨ ਵਿੱਚ ਹਨ। ਉਨ੍ਹਾਂ ਦੀ ਮਾਤਾ ਸੁਮੇਸ਼ ਆਖਦੇ ਹਨ, "ਸਰਕਾਰ ਇੱਕ ਵਾਰ ਬੱਚਿਆਂ ਨੂੰ ਵਾਪਿਸ ਲੈ ਆਵੇ। ਮਾਹੌਲ ਠੀਕ ਹੋਣ ਤੋਂ ਬਾਅਦ ਬੱਚੇ ਪੜ੍ਹਾਈ ਲਈ ਚਲੇ ਜਾਣਗੇ।"

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਸੋਮਵਾਰ ਸ਼ਾਮ ਨੂੰ ਯੂਕਰੇਨ ਸਬੰਧੀ ਕੀਤੇ ਐਲਾਨ ਤੋਂ ਬਾਅਦ ਸਥਿਤੀ ਹੋਰ ਵੀ ਤਣਾਅ ਪੂਰਨ ਬਣ ਗਈ ਹੈ।

ਕੈਥਲ ਦੇ ਘਨਸ਼ਾਮ ਰਾਣਾ ਦੇ ਬੇਟੇ ਦੀ ਮੈਡੀਕਲ ਡਿਗਰੀ ਅਗਲੇ ਸਾਲ ਪੂਰੀ ਹੋਣੀ ਹੈ ਅਤੇ ਉਨ੍ਹਾਂ ਦਾ ਬੇਟਾ ਵੀਡੀਓ ਕਾਲ ਰਾਹੀਂ ਹਾਲਾਤਾਂ ਬਾਰੇ ਜਾਣਕਾਰੀ ਦਿੰਦਾ ਹੈ।

ਘਨਸ਼ਾਮ ਦੱਸਦੇ ਹਨ, "ਮੇਰੇ ਬੇਟੇ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਆਖਿਆ ਗਿਆ ਹੈ ਕਿ ਇਹ ਵਿਦਿਆਰਥੀ ਭਾਰਤੀ ਰਾਜਦੂਤ ਦੇ ਸੰਪਰਕ ਵਿੱਚ ਰਹਿਣ। ਸਰਾਫਤਖਾਨੇ ਵੱਲੋਂ ਇੱਕ ਫੋਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਤਾਂ ਜੋ ਇਹ ਵਿਦਿਆਰਥੀ ਲੋੜ ਪੈਣ 'ਤੇ ਸਹਾਇਤਾ ਲੈ ਸਕਣ।"

ਕੁਰੂਕਸ਼ੇਤਰ ਦੇ ਬਲਵਾਨ ਸ਼ਰਮਾ ਦੀ ਬੇਟੀ ਵੀ ਯੂਕਰੇਨ ਵਿੱਚ ਐੱਮਬੀਬੀਐੱਸ ਕਰ ਰਹੀ ਹੈ।

ਉਹ ਆਖਦੇ ਹਨ, "ਬੇਟੀ ਨੇ ਦੱਸਿਆ ਕਿ ਖਾਣ ਪੀਣ ਦੀ ਕੋਈ ਸਮੱਸਿਆ ਨਹੀਂ ਹੈ ਪਰ ਤਣਾਅਪੂਰਨ ਹਾਲਾਤ ਬਣਨ ਕਰਕੇ ਉਹ ਚਿੰਤਾ ਵਿੱਚ ਹਨ ਅਤੇ ਪੜ੍ਹਾਈ ਨਹੀਂ ਕਰ ਪਾ ਰਹੇ। ਮੇਰੀ ਬੇਟੀ ਦੇਸ਼ ਦੀ ਰਾਜਧਾਨੀ ਕੀਵ ਤੋਂ 15 ਘੰਟੇ ਦੀ ਦੂਰੀ 'ਤੇ ਰਹਿੰਦੀ ਹੈ। ਕੀਵ ਲਗਭਗ ਬੰਦ ਹੈ ਅਤੇ ਇਸ ਲਈ ਸਾਨੂੰ ਉਸ ਦੀ ਚਿੰਤਾ ਹੈ।"

ਇਨ੍ਹਾਂ ਸਾਰੇ ਮਾਪਿਆਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਬੱਚਿਆਂ ਨੂੰ ਸੁਰੱਖਿਅਤ ਵਤਨ ਵਾਪਸ ਲਿਆਂਦਾ ਜਾਵੇ।

ਵੀਜ਼ਾ ਮਾਹਿਰ ਕਾਮਿਨੀ ਆਸ਼ਰੀ ਨੇ ਬੀਬੀਸੀ ਨੂੰ ਦੱਸਿਆ ਕੀ ਹਰਿਆਣਾ ਦੇ ਕਈ ਵਿਦਿਆਰਥੀ ਯੂਕਰੇਨ ਵਿੱਚ ਹਨ ਅਤੇ ਉਨ੍ਹਾਂ ਦੇ ਮਾਪਿਆਂ ਦੇ ਲਗਾਤਾਰ ਫੋਨ ਆਉਂਦੇ ਹਨ।

ਉਨ੍ਹਾਂ ਨੇ ਦੱਸਿਆ, "ਇਕੱਲੇ ਜੀਂਦ ਜ਼ਿਲ੍ਹੇ ਦੇ ਹੀ 68 ਵਿਦਿਆਰਥੀ ਯੂਕਰੇਨ ਵਿੱਚ ਪੜ੍ਹ ਰਹੇ ਹਨ। ਜੇਕਰ ਹਾਲਾਤ ਚਿੰਤਾਜਨਕ ਹਨ ਤਾਂ ਭਾਰਤ ਸਰਕਾਰ ਨੂੰ ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲੈ ਕੇ ਆਉਣਾ ਚਾਹੀਦਾ ਹੈ।"

'ਸਿਰਫ਼ ਇੱਕ ਦਿਨ ਵਿੱਚ ਬੱਚਾ ਕਿਵੇਂ ਵਾਪਸ ਆਉਂਦਾ'

ਹਰਿਆਣਾ ਤੋਂ ਇਲਾਵਾ ਪੰਜਾਬ ਦੇ ਵੀ ਕਈ ਵਿਦਿਆਰਥੀ ਯੂਕਰੇਨ ਵਿਖੇ ਪੜ੍ਹਾਈ ਕਰ ਰਹੇ ਹਨ।

ਅਜਿਹੇ ਹੀ ਇਕ ਪਰਿਵਾਰ ਨਾਲ ਬੀਬੀਸੀ ਸਹਿਯੋਗੀ ਗੁਰਮਿੰਦਰ ਗਰੇਵਾਲ ਨੇ ਗੱਲ ਕੀਤੀ ਜਿਨ੍ਹਾਂ ਦਾ ਬੇਟਾ ਆਯੂਸ਼ ਗਰਗ ਕੀਵ ਵਿਸ਼ਵਵਿਦਿਆਲੇ ਵਿਖੇ ਚੌਥੇ ਸਾਲ ਦਾ ਵਿਦਿਆਰਥੀ ਹੈ।

ਆਯੂਸ਼ ਗਰਗ ਦੇ ਮਾਤਾ ਪਿਤਾ ਸੰਜੀਵ ਅਤੇ ਮੰਜੂ ਗਰਗ ਰੂਸ ਯੂਕਰੇਨ ਵਿੱਚ ਵਿਗੜੇ ਹਾਲਾਤਾਂ ਤੋਂ ਬਾਅਦ ਆਪਣੇ ਬੇਟੇ ਨੂੰ ਭਾਰਤ ਵਾਪਸ ਆਉਣ ਲਈ ਆਖ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਟਿਕਟ ਨਾ ਮਿਲਣ ਕਰਕੇ ਉਨ੍ਹਾਂ ਨੂੰ ਹੋਰ ਵੀ ਚਿੰਤਾ ਹੈ।

ਮੰਜੂ ਗਰਗ ਨੇ ਦੱਸਿਆ, "ਭਾਰਤ ਸਰਕਾਰ ਵੱਲੋਂ 15 ਫਰਵਰੀ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਨ। ਮੀਡੀਆ ਵਿੱਚ ਖ਼ਬਰਾਂ ਸਨ ਕਿ 16 ਫਰਵਰੀ ਤੋਂ ਯੁੱਧ ਹੋ ਸਕਦਾ ਹੈ। ਅਸੀਂ ਇੱਕ ਦਿਨ ਵਿੱਚ ਬੱਚੇ ਨੂੰ ਕਿਵੇਂ ਭਾਰਤ ਬੁਲਾ ਲੈਂਦੇ। ਬੱਚੇ ਦੀ ਚਿੰਤਾ ਵਿੱਚ ਸਾਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ।"

ਭਾਵੁਕ ਹੁੰਦੇ ਹੋਏ ਮੰਜੂ ਆਖਦੇ ਹਨ ਕੀ ਉਨ੍ਹਾਂ ਨੇ ਕਈ ਵਾਰ ਟਿਕਟ ਲੈਣ ਦੀ ਕੋਸ਼ਿਸ਼ ਕੀਤੀ ਹੈ ਪਰ ਹਰ ਵਾਰ ਨਾਕਾਮਯਾਬ ਹੁੰਦੇ ਹਨ ਅਤੇ ਉਨ੍ਹਾਂ ਦੇ ਪੈਸੇ ਵੀ ਫਸ ਗਏ ਹਨ।

ਆਯੂਸ਼ ਦੇ ਪਿਤਾ ਸੰਜੀਵ ਗਰਗ ਨੇ ਦੱਸਿਆ, "ਯੂਨੀਵਰਸਿਟੀ ਨੇ ਬੱਚਿਆਂ ਨੂੰ ਆਨਲਾਈਨ ਅਤੇ ਆਫਲਾਈਨ ਪੜ੍ਹਾਈ ਦੀ ਸੁਵਿਧਾ ਦੇ ਦਿੱਤੀ ਹੈ। ਜੋ ਰੁਕਣਾ ਚਾਹੁੰਦਾ ਹੈ ਉਹ ਰੁਕ ਸਕਦਾ ਹੈ ਅਤੇ ਬਾਕੀ ਜੋ ਵਾਪਿਸ ਆਉਣਾ ਚਾਹੁੰਦਾ ਹੈ ਉਹ ਘਰੋਂ ਬੈਠ ਕੇ ਵੀ ਪੜ੍ਹਾਈ ਕਰ ਸਕਦਾ ਹੈ। ਸਾਨੂੰ ਆਪਣੇ ਬੱਚੇ ਦੀ ਚਿੰਤਾ ਹੈ।"

ਭਾਰਤ ਦੇ ਵਿਦਿਆਰਥੀ ਯੂਕਰੇਨ ਵਿੱਚ ਐੱਮਬੀਬੀਐੱਸ ਕਰਨ ਕਿਉਂ ਜਾਂਦੇ ਹਨ ਇਹ ਵੀ ਸਮਝਣ ਦੀ ਕੋਸ਼ਿਸ਼ ਬੀਬੀਸੀ ਨੇ ਕੀਤੀ।

ਕੋਟਕਪੂਰਾ ਤੋਂ ਬੀਬੀਸੀ ਸਹਿਯੋਗੀ ਭਾਰਤ ਭੂਸ਼ਨ ਨੇ ਵੀਜ਼ਾ ਸਲਾਹਕਾਰ ਗਗਨਦੀਪ ਜਿੰਦਲ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਮੌਜੂਦਾ ਹਾਲਾਤ ਅਤੇ ਯੂਕਰੇਨ ਬਾਰੇ ਜਾਣਕਾਰੀ ਸਾਂਝੀ ਕੀਤੀ।

ਗਗਨਦੀਪ ਜਿੰਦਲ ਨੇ ਦੱਸਿਆ, "ਭਾਰਤ ਵਿੱਚ ਐੱਮਬੀਬੀਐੱਸ ਮਹਿੰਗੀ ਹੋਣ ਕਰਕੇ ਜ਼ਿਆਦਾਤਰ ਬੱਚੇ ਯੂਕਰੇਨ ਜਾਂਦੇ ਹਨ। ਕੀਵ ਵਿੱਚ ਹਾਲਾਤ ਠੀਕ ਹਨ ਪਰ ਖਾਰਕੀਵ ਸਰਹੱਦ ਦੇ ਨਜ਼ਦੀਕ ਹੋਣ ਕਰਕੇ ਉਥੇ ਤਣਾਅ ਹੈ। ਕਈ ਵਿਦਿਆਰਥੀ ਵਾਪਸ ਆਏ ਹਨ ਅਤੇ ਕਈ ਵਾਪਸ ਆ ਰਹੇ ਹਨ। ਮਾਹੌਲ ਠੀਕ ਹੋਣ ਤੇ ਇਹ ਫੇਰ ਵਾਪਸ ਚਲੇ ਜਾਣਗੇ।"

"ਬੱਚਿਆਂ ਨੂੰ ਇੱਕ ਦੂਸਰੇ ਤੋਂ ਜਾਣਕਾਰੀ ਮਿਲ ਰਹੀ ਹੈ ਅਤੇ ਕਈ ਵਾਰ ਉਹ ਘਬਰਾ ਜਾਂਦੇ ਹਨ।"

ਰੂਸ ਦਾ ਯੂਕਰੇਨ ਨਾਲ ਤਣਾਅ ਕਿਉਂ?

1,63,76,870 ਖੇਤਰਫਲ ਵਾਲਾ ਰੂਸ ਯਾਨਿ ਕਿ ਦੁਨੀਆ ਦੇ ਖੇਤਰਫਲ ਦਾ 11% ਹਿੱਸੇ ਵਾਲਾ ਦੇਸ ਹੈ। ਜਦੋਂਕਿ ਯੂਕਰੇਨ ਇਸ ਦੇ ਮੁਕਾਬਲੇ ਬੇਹੱਦ ਛੋਟਾ ਹੈ। ਯੂਕਰੇਨ ਦਾ ਖੇਤਰਫਲ 5,79,320 ਹੈ ਜੋ ਕਿ ਦੁਨੀਆ ਦੇ ਖੇਤਰਫਲ ਦਾ 0.38% ਹੈ, ਤਾਂ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ 10.6 ਗੁਣਾ ਛੋਟੇ ਦੇਸ ਯੂਕਰੇਨ ਦੇ ਨਾਲ ਲੜਨ ਦੇ ਕੰਢੇ 'ਤੇ ਕਿਉਂ ਹੈ ਰੂਸ?

ਕ੍ਰੀਮੀਆ ਦੇ ਨੇੜੇ ਸਮੁੰਦਰ ਵਿੱਚ ਰੂਸ ਨੇ 2014 ਵਿੱਚ ਕਬਜ਼ਾ ਕੀਤਾ ਸੀ। ਮੌਜੂਦਾ ਤਣਾਅ ਕ੍ਰੀਮੀਆ ਅਤੇ ਰੂਸ ਵਿਚਾਲੇ ਪੈਣ ਵਾਲੇ 'ਕਰਚ ਸਟਰੇਟ' ਨੂੰ ਲੈ ਕੇ ਹੈ ਜੋ ਇੱਕ ਤੰਗ ਜਲਮਾਰਗ ਹੈ।

ਲੜਾਈ ਤੋਂ ਬਾਅਦ ਰੂਸ ਨੇ 'ਕਰਚ ਸਟਰੇਟ' ਦੇ ਅਹਿਮ ਰਾਹ 'ਤੇ ਆਪਣੇ ਟੈਂਕਰ ਖੜ੍ਹੇ ਕਰਕੇ ਪਾਣੀ ਦੇ ਰਾਹ ਨੂੰ ਬੰਦ ਕਰ ਦਿੱਤਾ।

ਯੂਕਰੇਨ ਨੇ ਇਸ ਨੂੰ ਰੂਸ ਦੀ ਹਮਲਾਵਰ ਹਰਕਤ ਕਰਾਰ ਦਿੱਤਾ। ਹਾਲਾਂਕਿ ਰੂਸ ਦਾ ਕਹਿਣਾ ਸੀ ਕਿ ਇਹ ਬੇੜੀਆਂ ਗੈਰ-ਕਾਨੂੰਨੀ ਤਰੀਕੇ ਨਾਲ ਉਨ੍ਹਾਂ ਦੀ ਸਰਹੱਦ ਵਿੱਚ ਆ ਗਈਆਂ ਸਨ। ਯੂਕਰੇਨ ਦਾ ਕਹਿਣਾ ਹੈ ਕਿ ਉਸ ਨੇ ਰੂਸ ਨੂੰ ਇਸ ਬਾਰੇ ਪਹਿਲਾਂ ਤੋਂ ਜਾਣਕਾਰੀ ਦਿੱਤੀ ਹੈ।

ਸਾਲ 2003 ਵਿੱਚ ਰੂਸ ਅਤੇ ਯੂਕਰੇਨ ਵਿਚਾਲੇ ਇੱਕ ਸਮਝੌਤਾ ਹੋਇਆ ਸੀ, ਜਿਸ ਦੇ ਤਹਿਤ ਕਰਚ ਦੇ ਤੰਗ ਸਮੁੰਦਰੀ ਰਾਹ ਅਤੇ ਅਜ਼ੋਵ ਸਮੁੰਦਰ ਵਿਚਾਲੇ ਜਲ ਸਰਹੱਦਾਂ ਵੰਡ ਦਿੱਤੀਆਂ ਗਈਆਂ ਸਨ।

ਸਾਲ 2014 ਦੇ ਮਾਰਚ ਮਹੀਨੇ ਵਿੱਚ ਯੂਕਰੇਨੀਅਨ ਖੇਤਰ ਕ੍ਰੀਮੀਆ 'ਤੇ ਰੂਸ ਨੇ ਕਬਜ਼ਾ ਕਰ ਲਿਆ ਸੀ। ਇਸ ਤੋਂ ਬਾਅਦ ਯੂਕਰੇਨ ਅਤੇ ਰੂਸ ਵਿਚਾਲੇ ਰਿਸ਼ਤੇ ਤਿੱਖੇ ਰਹੇ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)