You’re viewing a text-only version of this website that uses less data. View the main version of the website including all images and videos.
ਪੰਜਾਬ ਲੋਕ ਕਾਂਗਰਸ ਨੂੰ ਤਿੰਨ ਹਲਕਿਆਂ ਤੋਂ ਨਹੀਂ ਮਿਲੇ ਉਮੀਦਵਾਰ, ਸੀਟਾਂ ਭਾਜਪਾ ਨੂੰ ਕੀਤੀਆਂ ਵਾਪਿਸ - ਪ੍ਰੈਸ ਰਿਵਿਊ
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਨੇ ਤਿੰਨ ਸੀਟਾਂ ਭਾਰਤੀ ਜਨਤਾ ਪਾਰਟੀ ਨੂੰ ਵਾਪਸ ਕੀਤੀਆਂ ਹਨ।
ਅੰਗਰੇਜ਼ੀ ਅਖ਼ਬਾਰ 'ਦਿ ਇੰਡੀਅਨ ਐਕਸਪ੍ਰੈਸ' ਦੀ ਖ਼ਬਰ ਮੁਤਾਬਕ ਰਾਜਾਸਾਂਸੀ, ਜ਼ੀਰਾ ਅਤੇ ਨਵਾਂਸ਼ਹਿਰ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਨਾ ਮਿਲਣ ਕਾਰਨ ਪਾਰਟੀ ਨੂੰ ਇਹ ਫ਼ੈਸਲਾ ਲੈਣਾ ਪਿਆ।
ਭਾਜਪਾ ਦੇ ਪੰਜਾਬ ਲੋਕ ਕਾਂਗਰਸ ਦੇ ਗੱਠਜੋੜ ਵਿੱਚ ਭਾਜਪਾ ਨੇ 37 ਸੀਟਾਂ ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਦਿੱਤੀਆਂ ਹਨ।
ਨਵਾਂਸ਼ਹਿਰ ਤੋਂ ਉਮੀਦਵਾਰ ਸਤਬੀਰ ਸਿੰਘ ਪੱਲੀਝਿੱਕੀ ਨੇ ਕਾਂਗਰਸ ਵੱਲੋਂ ਟਿਕਟ ਮਿਲਣ ਕਾਰਨ ਪਾਰਟੀ ਛੱਡ ਦਿੱਤੀ ਸੀ। ਉਨ੍ਹਾਂ ਨੂੰ ਪੰਜਾਬ ਲੋਕ ਕਾਂਗਰਸ ਨੇ ਵੀ ਆਪਣਾ ਉਮੀਦਵਾਰ ਘੋਸ਼ਿਤ ਕੀਤਾ ਸੀ।
ਇਹ ਵੀ ਪੜ੍ਹੋ:-
ਪੰਜਾਬ ਲੋਕ ਕਾਂਗਰਸ ਨੇ ਆਪਣੇ 34 ਉਮੀਦਵਾਰ ਘੋਸ਼ਿਤ ਕਰ ਦਿੱਤੇ ਹਨ। ਇਨ੍ਹਾਂ ਵਿੱਚੋਂ ਪੰਜ ਉਮੀਦਵਾਰ ਭਾਜਪਾ ਦੇ ਚੋਣ ਨਿਸ਼ਾਨ ਕਮਲ 'ਤੇ ਲੜ ਰਹੇ ਹਨ।
ਹੁਣ ਭਾਰਤੀ ਜਨਤਾ ਪਾਰਟੀ ਨੇ ਅਵਤਾਰ ਸਿੰਘ ਜ਼ੀਰਾ ਨੇ ਜ਼ੀਰਾ ਅਤੇ ਮੁਖਵਿੰਦਰ ਸਿੰਘ ਮਹਿਲ ਨੂੰ ਰਾਜਾਸਾਂਸੀ ਤੋਂ ਆਪਣੇ ਉਮੀਦਵਾਰ ਐਲਾਨ ਦਿੱਤਾ ਹੈ।
ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਅਤੇ ਪੰਜਾਬ ਲੋਕ ਕਾਂਗਰਸ ਦੇ ਗੱਠਜੋੜ ਵਿਚ ਸੁਖਦੇਵ ਸਿੰਘ ਢੀਂਡਸਾ ਦੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ 15 ਸੀਟਾਂ ਦਿੱਤੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਨਾਮਜ਼ਦਗੀ ਕਾਗਜ਼ ਭਰਨ ਦਾ ਆਖਰੀ ਦਿਨ ਹੈ।
ਅਗਲੇ ਵਿੱਤੀ ਵਰ੍ਹੇ ਵਿੱਚ 8-8.5 ਫ਼ੀਸਦ ਵਿਕਾਸ ਦੀ ਸੰਭਾਵਨਾ: ਆਰਥਿਕ ਸਰਵੇਖਣ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬਜਟ ਸੈਸ਼ਨ ਦੇ ਪਹਿਲੇ ਦਿਨ ਆਰਥਿਕ ਸਰਵੇਖਣ ਨੂੰ ਸੰਸਦ ਵਿੱਚ ਰੱਖਿਆ ਗਿਆ।
ਭਾਰਤ ਸਰਕਾਰ ਵੱਲੋਂ ਇਸ ਸਰਵੇਖਣ ਵਿੱਚ ਉਮੀਦ ਜਤਾਈ ਗਈ ਕਿ ਅਗਲੇ ਵਿੱਤੀ ਵਰ੍ਹੇ ਵਿੱਚ 8-8.5 ਫ਼ੀਸਦ ਵਿਕਾਸ ਦੀ ਸੰਭਾਵਨਾ ਹੈ।
ਅੰਗਰੇਜ਼ੀ ਅਖ਼ਬਾਰ 'ਦਿ ਟ੍ਰਿਬਿਊਨ' ਦੀ ਖਬਰ ਮੁਤਾਬਕ ਇਹ ਵੀ ਉਮੀਦ ਜਤਾਈ ਗਈ ਕਿ ਮੌਜੂਦਾ ਵਿੱਤੀ ਵਰ੍ਹੇ ਵਿੱਚ ਵਿਕਾਸ ਦੀ ਦਰ 9.2 ਫ਼ੀਸਦ ਰਹੇਗੀ।
ਸਰਵੇਖਣ ਮੁਤਾਬਕ ਇਹ ਵਿਕਾਸ ਦਰ ਦਾ ਅਨੁਮਾਨ ਇਸ ਧਾਰਨਾ 'ਤੇ ਲਗਾਇਆ ਗਿਆ ਹੈ ਕਿ ਅੱਗੇ ਮਹਾਂਮਾਰੀ ਕਾਰਨ ਦੇਸ਼ ਦੀ ਆਰਥਿਕਤਾ ਉੱਪਰ ਕੋਈ ਅਸਰ ਨਹੀਂ ਪਵੇਗਾ।
ਇਹ ਵੀ ਮੰਨਿਆ ਗਿਆ ਹੈ ਕਿ ਦੇਸ਼ ਵਿੱਚ ਮੌਨਸੂਨ ਆਮ ਵਰਗਾ ਰਹੇਗਾ ਅਤੇ ਕੱਚੇ ਤੇਲ ਦੀਆਂ ਕੀਮਤਾਂ ਵੀ 70-75 ਡਾਲਰ ਰਹਿਣਗੀਆਂ।
ਉਧਰ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਆਖਿਆ ਹੈ ਕਿ ਇਸ ਸਰਵੇਖਣ ਰਾਹੀਂ ਪਤਾ ਲੱਗਦਾ ਹੈ ਕਿ ਮਹਾਂਮਾਰੀ ਦੇ ਦੋ ਸਾਲਾਂ ਬਾਅਦ ਆਰਥਿਕ ਸਥਿਤੀ ਪੁਰਾਣੇ ਪੱਧਰ 'ਤੇ ਪਹੁੰਚ ਗਈ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਉਨ੍ਹਾਂ ਨੇ ਟਵੀਟ ਕਰਕੇ ਆਖਿਆ ਕਿ ਲੱਖਾਂ ਲੋਕਾਂ ਦੀਆਂ ਨੌਕਰੀਆਂ ਗਈਆਂ, ਆਮਦਨ ਦਾ ਨੁਕਸਾਨ ਹੋਇਆ ਅਤੇ 4.6 ਕਰੋੜ ਲੋਕ ਗ਼ਰੀਬੀ ਵੱਲ ਗਏ ਹਨ।
ਚਿਦੰਬਰਮ ਮੁਤਾਬਕ ਭਾਰਤ ਸਰਕਾਰ ਨੂੰ ਇਨ੍ਹਾਂ ਹਾਲਾਤਾਂ ਵਿੱਚ ਬਦਲਾਅ ਬਾਰੇ ਸੋਚਣਾ ਚਾਹੀਦਾ ਹੈ।
ਯੂਕਰੇਨ-ਰੂਸ ਮੁੱਦਾ: ਭਾਰਤ ਨੇ ਕੀਤੀ ਆਪਣੀ ਸਥਿਤੀ ਸਪੱਸ਼ਟ
ਸੰਯੁਕਤ ਰਾਸ਼ਟਰ ਪਰਿਸ਼ਦ ਵਿੱਚ ਰੂਸ ਅਤੇ ਅਮਰੀਕਾ ਦੇ ਰਾਜਦੂਤ ਆਹਮਣੇ ਸਾਹਮਣੇ ਹੋਏ ਅਤੇ ਸਥਿਤੀ ਤਣਾਅਪੂਰਨ ਹੋ ਗਈ। ਅਮਰੀਕਾ ਵੱਲੋਂ ਯੂਕਰੇਨ ਦੀ ਸਰਹੱਦ 'ਤੇ ਤੈਨਾਤ ਰੂਸ ਦੇ ਸਿਪਾਹੀਆਂ ਦੀ ਸਥਿਤੀ ਅਤੇ ਹਮਲੇ ਦੀ ਸ਼ੰਕਾ ਨੂੰ ਲੈ ਕੇ ਚਰਚਾ ਕਰਨ ਲਈ ਇਹ ਬੈਠਕ ਸੱਦੀ ਗਈ ਸੀ।
ਅੰਗਰੇਜ਼ੀ ਅਖ਼ਬਾਰ 'ਦਿ ਇੰਡੀਅਨ ਐਕਸਪ੍ਰੈਸ' ਦੀ ਖ਼ਬਰ ਮੁਤਾਬਕ ਭਾਰਤ ਵੱਲੋਂ ਵੀ ਰੂਸ ਅਤੇ ਯੂਕਰੇਨ ਦੀ ਸਥਿਤੀ ਉੱਪਰ ਬਿਆਨ ਜਾਰੀ ਕੀਤਾ ਗਿਆ ਹੈ।
ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਭਾਰਤ ਦੇ ਟੀਐੱਸ ਤਿਰੂਮੂਰਤੀ ਨੇ ਆਖਿਆ ਕਿ ਭਾਰਤ ਇਸ ਗੱਲ ਦੀ ਹਮਾਇਤ ਕਰਦਾ ਹੈ ਕਿ ਰੂਸ-ਯੂਕਰੇਨ ਦੇ ਇਲਾਕੇ ਵਿੱਚ ਸ਼ਾਂਤੀ ਬਣੀ ਰਹੇ। ਉਨ੍ਹਾਂ ਇਹ ਵੀ ਆਖਿਆ ਕਿ ਇਲਾਕੇ ਵਿੱਚ ਕੋਈ ਵੀ ਅਜਿਹੀ ਚੀਜ਼ ਜਿਸ ਨਾਲ ਅਸ਼ਾਂਤੀ ਫੈਲੇ, ਨਹੀਂ ਹੋਣੀ ਚਾਹੀਦੀ।
ਉਧਰ ਦੂਜੇ ਪਾਸੇ ਅਮਰੀਕਾ ਅਤੇ ਬ੍ਰਿਟੇਨ ਨੇ ਇਹ ਸਪੱਸ਼ਟ ਕੀਤਾ ਹੈ ਕਿ ਜੇਕਰ ਰੂਸ ਯੂਕਰੇਨ ਉੱਤੇ ਹਮਲਾ ਕਰਦਾ ਹੈ ਤਾਂ ਉਹ ਉਸ ਉੱਤੇ ਪ੍ਰਤੀਬੰਧ ਲਗਾ ਸਕਦੇ ਹਨ।
ਰੂਸ ਨੇ ਯੂਕਰੇਨ ਦੀ ਸਰਹੱਦ 'ਤੇ ਕਰੀਬ ਇੱਕ ਲੱਖ ਸਿਪਾਹੀ ਤੈਨਾਤ ਕਰ ਰੱਖੇ ਹਨ ਜਿਸ ਨੂੰ ਲੈ ਕੇ ਅਮਰੀਕਾ ਚਿਤਾਵਨੀ ਦੇ ਰਿਹਾ ਹੈ ਕਿ ਰੂਸ ਯੂਕਰੇਨ ਉੱਤੇ ਹਮਲੇ ਦੀ ਯੋਜਨਾ ਬਣਾ ਰਿਹਾ ਹੈ। ਰੂਸ ਵੱਲੋਂ ਕਈ ਵਾਰ ਦਾਅਵਾ ਕੀਤਾ ਗਿਆ ਹੈ ਕਿ ਯੂਕਰੇਨ ਉਪਰ ਹਮਲੇ ਦੀ ਉਸ ਦੀ ਕੋਈ ਯੋਜਨਾ ਨਹੀਂ ਹੈ।
ਇਹ ਵੀ ਪੜ੍ਹੋ:-
ਇਹ ਵੀ ਦੇਖੋ: