You’re viewing a text-only version of this website that uses less data. View the main version of the website including all images and videos.
ਹਿੰਦੂ ਰਾਸ਼ਟਰ ਦੇ ਵਿਰੋਧੀ ਨਹੀਂ ਪਰ ਸਿੱਖ ਰਾਸ਼ਟਰ ਦੀ ਮੰਗ ’ਤੇ ਕੇਸ ਦਰਜ ਕਰਨ ’ਤੇ ਇਤਰਾਜ਼ ਹੈ - ਹਰਪ੍ਰੀਤ ਸਿੰਘ
- ਲੇਖਕ, ਰਵਿੰਦਰ ਸਿੰਘ ਰੌਬਿਨ
- ਰੋਲ, ਬੀਬੀਸੀ ਸਹਿਯੋਗੀ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਹੈ, “ਕੋਈ ਭਾਰਤ ਵਿੱਚ ਹਿੰਦੂ ਰਾਸ਼ਟਰ ਦੀ ਗੱਲ ਕਰਦਾ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਜੇ ਕੋਈ ਸਿੱਖ ਰਾਜ ਦੀ ਮੰਗ ਕਰੇ ਤੇ ਉਸ ’ਤੇ ਦੇਸ਼ਧ੍ਰੋਹ ਦਾ ਪਰਚਾ ਦਰਜ ਕੀਤਾ ਜਾਵੇ ਤਾਂ ਸਾਨੂੰ ਇਸ ’ਤੇ ਇਤਰਾਜ਼ ਹੈ।”
ਉਨ੍ਹਾਂ ਅੱਗੇ ਕਿਹਾ, “ਇੱਕ ਪਾਸੇ ਇੱਕ ਫ਼ਿਰਕੇ ਵਿਸ਼ੇਸ਼ ਨੂੰ ਮਾਰਨ ਦੇ ਬਿਆਨ ਜਾਰੀ ਹੁੰਦੇ ਹਨ, ਵੀਡੀਓ ਵਾਇਰਲ ਹੁੰਦੀਆਂ ਹਨ ਪਰ ਜੇ ਕੋਈ ਅਜ਼ਾਦ ਸਿੱਖ ਰਾਜ ਦੀ ਗੱਲ ਕਰਦਾ ਹੈ ਤਾਂ ਉਸ ਖ਼ਿਲਾਫ਼ ਦੇਸ਼ਧ੍ਰੋਹ ਦਾ ਮੁਕੱਦਮਾ ਬਣਾ ਦਿੱਤਾ ਜਾਂਦਾ ਹੈ।”
ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਕਾਲੀ ਦਲ ਬਾਦਲ ਵੱਲੋਂ ਸੱਦੇ ਬੇਅਦਬੀ ਦੇ ਮੁੱਦੇ ਉੱਤੇ ਰੋਸ ਇਕੱਠ ਕੀਤਾ ਗਿਆ ਜਿਸ ਨੂੰ ਸੰਬੋਧਨ ਕਰਦਿਆਂ ਅਕਾਲ ਤਖ਼ਤ ਦੇ ਜਥੇਦਾਰ ਨੇ ਇਹ ਗੱਲ ਕਹੀ।
ਹਾਲਾਂਕਿ ਉੱਥੇ ਹਾਜ਼ਰ ਸੀਨੀਅਰ ਬਾਦਲ ਸਮੇਤ ਅਕਾਲੀ ਦਲ ਦੇ ਆਗੂ ਇਹ ਦੁਹਰਾਉਂਦੇ ਰਹੇ ਕਿ ਜਿੱਥੇ “ਅਕਾਲ ਤਖ਼ਤ ਦੇ ਜੱਥੇਦਾਰ ਮੌਜੂਦ ਹੋਣ ਉਹ ਪੰਥਕ ਇਕੱਠ ਹੀ ਹੁੰਦਾ ਹੈ।”
ਇਸ ਮੌਕੇ ਇਕੱਠ ਦੌਰਾਨ ਮਤਾ ਪਾਸ ਕਰਕੇ ਮਾਮਲੇ ਦੀ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਸਰਕਾਰ ਉੱਤੇ ਬੇਅਦਬੀ ਦੇ ਸਬੂਤ ਮਿਟਾਉਣ ਦੇ ਇਲਜ਼ਾਮ ਲਗਾਏ ਗਏ।
ਸਮਾਗਮ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਣੇ ਕਈ ਸੀਨੀਅਰ ਅਕਾਲੀਆਂ ਨੇ ਸੰਬੋਧਿਤ ਕੀਤਾ।
ਇਸ ਇਕੱਠ ਵਿੱਚ ਬੇਅਦਬੀ ਦੀਆਂ ਘਟਨਾਵਾਂ ਖ਼ਿਲਾਫ਼ ਮਤਾ ਪਾਸ ਕੀਤਾ ਗਿਆ ਅਤੇ ਇਨ੍ਹਾਂ ਨੂੰ ਇੱਕ ਸਾਜਿਸ਼ ਦਾ ਹਿੱਸਾ ਕਰਾਰ ਦਿੱਤਾ ਗਿਆ।
ਬੇਅਦਬੀ ਦੀਆਂ ਘਟਨਾਵਾਂ ਬਾਰੇ ਬੋਲਦਿਆਂ ਹਰਪ੍ਰੀਤ ਸਿੰਘ ਨੇ ਕਿਹਾ, “ਦੁਸ਼ਮਣ ਜਾਣਦਾ ਹੈ ਕਿ ਸਿੱਖਾਂ ਨੂੰ ਦੇਗਾਂ ਵਿੱਚ ਉਬਾਲ ਦੇਈਏ, ਬੰਦ-ਬੰਦ ਕੱਟ ਦੇਈਏ ਪਰ ਇਹ ਦੁੱਖ ਨਹੀਂ ਮਨਾਉਂਦੇ। ਜੇ ਸਿੱਖਾਂ ਨੂੰ ਦੁੱਖ ਪਹੁੰਚਾਉਣਾ ਹੈ ਤਾਂ ਸਿੱਖਾਂ ਦੇ ਗੁਰੂ ’ਤੇ ਹਮਲਾ ਕਰੋ ਇਨ੍ਹਾਂ ਦੇ ਗੁਰਧਾਮਾਂ ’ਤੇ ਹਮਲਾ ਕਰੋ, ਇਨ੍ਹਾਂ ਦੀਆਂ ਪ੍ਰੰਪਰਾਵਾਂ ’ਤੇ ਹਮਲਾ ਕਰੋ।”
ਇਹ ਵੀ ਪੜ੍ਹੋ:
ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਹੋਈ ਕਥਿਤ ਬੇਅਦਬੀ ਦੀ ਘਟਨਾ ਉੱਤੇ ਉਨ੍ਹਾਂ ਸ਼੍ਰੋਮਣੀ ਕਮੇਟੀ ਦਾ ਬਚਾਅ ਕੀਤਾ। ਉਨ੍ਹਾਂ ਕਿਹਾ, “ਮੈਂ ਮੌਕੇ ਦੇ ਸੇਵਾਦਾਰਾਂ ਨੂੰ ਵਧਾਈ ਵੀ ਦਿੰਦਾ ਹਾਂ ਕਿ 12 ਸਕਿੰਟ ਦਾ ਸਮਾਂ ਲੱਗਿਆ ਕਿ ਉਹ ਵਿਅਕਤੀ ਜੰਗਲਾ ਟੱਪ ਕੇ ਅੰਦਰ ਆਇਆ ਤਾਂ ਉਸ ਨੂੰ ਫੜ ਕੇ ਬਾਹਰ ਪਹੁੰਚਾਇਆ ਗਿਆ।”
ਇਸ ਘਟਨਾ ਵਿੱਚ ਇੱਕ ਵਿਅਕਤੀ ਵੱਲੋਂ ਦਰਬਾਰ ਸਾਹਿਬ ਦੇ ਹਾਲ ਵਿੱਚ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਨੂੰ ਰੋਕਿਆ ਗਿਆ ਪਰ ਭੀੜ ਮਗਰੋਂ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਅਜੇ ਤੱਕ ਉਸ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ।
ਵੀਡੀਓ: ਹਰਿਮੰਦਰ ਸਾਹਿਬ ਬੇਅਦਬੀ ਕਤਲ, ਐਸਜੀਪੀਸੀ ਪ੍ਰਧਾਨ ਨੇ ਕੀ ਕਿਹਾ
ਉਨ੍ਹਾਂ ਅੱਗੇ ਕਿਹਾ, “ਜੇ ਬੇਅਦਬੀ ਕਰਨ ਆਇਆ ਵਿਅਕਤੀ ਰਹਿਰਾਸ ਸਾਹਿਬ ਦੇ ਪਾਠ ਨੂੰ ਖੰਡਿਤ ਕਰਨ ਵਿੱਚ ਸਫ਼ਲ ਹੋ ਜਾਂਦਾ ਤਾਂ ਇੱਕ ਬਿਰਤਾਂਤ ਸਿਰਜਿਆ ਜਾਣਾ ਸੀ ਕਿ ਸ਼੍ਰੋਮਣੀ ਕਮੇਟੀ ਮਰਿਆਦਾ ਦੀ ਰਾਖੀ ਕਰਨ ਵਿੱਚ ਅਸਫ਼ਲ ਰਹੀ ਹੈ। ਫਿਰ ਸ਼੍ਰੋਮਣੀ ਕਮੇਟੀ ਨੂੰ ਅਤੇ ਉਸ ਤੋਂ ਬਾਅਦ ਅਕਾਲੀ ਦਲ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ, ਜੋ ਉਸ ਨੂੰ ਰੂਲ ਕਰ ਰਹੀ ਹੈ।”
“ਲੋਕਾਂ ਨੂੰ ਗਿਲਾ ਹੈ ਕਿ ਅਕਾਲੀ ਦਲ ਤੇ ਕਮੇਟੀ ਅਜ਼ਾਦ ਕਰਨ ਦੀ ਗੱਲ ਨਹੀਂ ਕਰਦੇ। ਜੋ ਲੋਕ ਇਸ ਦੀ ਥਾਂ ਲੈਣਗੇ ਉਨ੍ਹਾਂ ਨੇ ਰਾਜ ਕਰੇਗਾ ਖ਼ਾਲਸਾ ਦਾ ਦੋਹਰਾ ਪੜ੍ਹਨ ਉੱਪਰ ਵੀ ਪਾਬੰਦੀ ਲਗਾ ਦੇਣੀ ਹੈ। ਫਿਰ ਕੀ ਕਰੋਗੇ।”
ਮਨਜਦਿੰਰ ਸਿਰਸਾ ’ਤੇ ਵੀ ਚੁੱਕੇ ਸਵਾਲ
ਅਕਾਲੀ ਦਲ ਨਾਲ ਭਾਜਪਾ ਦੇ ਗਠਜੋੜ ਬਾਰੇ ਬੋਲਦਿਆਂ ਉਨ੍ਹਾਂ ਕਿਹਾ, “ਕਿਹਾ ਜਾਂਦਾ ਹੈ ਕਿ ਅਕਾਲੀ ਦਲ ਨੇ ਭਾਜਪਾ ਨਾਲ ਸਮਝੌਤਾ ਕਰ ਲਿਆ। ਪੰਥ ਨੇ ਜ਼ਕਰੀਆ ਖ਼ਾਨ ਨਾਲ ਵੀ ਸਿਆਸੀ ਸਮਝੌਤਾ ਕੀਤਾ ਸੀ ਪਰ ਪੰਥ ਨੇ ਜ਼ਕਰੀਆ ਖ਼ਾਨ ਨੂੰ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।”
“ਮਨਜਿੰਦਰ ਸਿੰਘ ਸਿਰਸਾ ਦਿੱਲੀ ਕਮੇਟੀ ਤੋਂ ਅਸਤੀਫ਼ਾ ਦੇ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਮੈਂ ਉਨ੍ਹਾਂ ਨੂੰ ਕਿਹਾ ਕਿ ਹੁਣ ਤੁਸੀਂ ਸਰਕਾਰ ਵਿੱਚ ਹੋ ਤਾਂ ਹਜ਼ੂਰ ਸਾਹਿਬ ਦੇ ਬੋਰਡ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਉਸ ਨੂੰ ਬਚਾਓ ਮਜ਼ਬੂਤ ਕਰੋ।”
ਵੀਡੀਓ: ਬੇਅਦਬੀ ਤੇ ਕਤਲ ਬੁੱਧੀਜਵੀਆਂ ਦੀ ਰਾਇ
ਸੁਖਬੀਰ ਸਿੰਘ ਬਾਦਲ ਦੇ ਸੰਬੋਧਨ ਦੀਆਂ ਮੁੱਖ ਗੱਲਾਂ
- ਕੁਝ ਦਿਨ ਪਹਿਲਾਂ ਇੱਕ ਵਿਅਕਤੀ ਨੇ ਦਰਬਾਰ ਸਾਹਿਬ ਦੇ ਅੰਦਰ ਆ ਕੇ ਅਜਿਹੀ ਗੱਲ ਕੀਤੀ ਜਿਸ ਨੂੰ ਕੌਮ ਦਾ ਬੱਚਾ ਵੀ ਬਰਦਾਸ਼ਤ ਨਹੀਂ ਕਰ ਸਕਦਾ।
- ਸਿੱਖ ਧਰਮ ਅਬਾਦੀ ਦੇ ਹਿਸਾਬ ਨਾਲ ਦੁਨੀਆਂ ਦਾ ਸਭ ਤੋਂ ਛੋਟਾ ਪਰ ਇਤਿਹਾਸਕ ਪੱਖ ਤੋਂ ਸਭ ਤੋਂ ਨਵਾਂ ਧਰਮ ਹੈ ਪਰ ਸਭ ਤੋਂ ਮਿਹਨਤੀ ਧਰਮ ਹੈ।
- ਗੁਰੂ ਸਾਹਿਬ ਨੇ ਸਾਨੂੰ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਕਿ ਕੋਈ ਧਰਮ ਤਾਂ ਹੀਂ ਤਰੱਕੀ ਕਰੇਗਾ ਜੇ ਉਸ ਕੋਲ ਸਿਆਸੀ ਤਾਕਤ ਹੋਵੇਗੀ। ਇਸੇ ਲਈ ਸ਼੍ਰੋਮਣੀ ਕਮੇਟੀ ਦੇ ਨਿਰਮਾਣ ਤੋਂ ਤੁਰੰਤ ਬਾਅਦ ਅਕਾਲੀ ਦਲ ਬਣਾਇਆ ਗਿਆ।
- ਜਦੋਂ ਤੋਂ ਕਮੇਟੀ ਹੋਂਦ ਵਿੱਚ ਆਈ ਹੈ ਪੰਥ ਨੇ ਹਮੇਸ਼ਾ ਅਕਾਲੀ ਦਲ ਨੂੰ ਇਸ ਦੀ ਸੇਵਾ ਸੌਂਪੀ ਹੈ।
- ਅਸੀਂ ਆਪਣੀ ਸਰਕਾਰ ਦੌਰਾਨ ਹੋਈ ਬੇਅਦਬੀ ਦੀ ਜਾਂਚ ਕਰਵਾਈ, ਦਰਬਾਰ ਸਾਹਿਬ ਮਾਫ਼ੀ ਮੰਗੀ ਅਕਾਲ ਤਖ਼ਤ ਤੋਂ ਮਾਫ਼ੀ ਮੰਗੀ।
- ਪਰ ਉਨ੍ਹਾਂ ਨੇ ਰੌਲਾ ਪਾਇਆ ਕਿ ਸੀਬੀਆਈ ਤੋਂ ਜਾਂਚ ਕਰਵਾਓ ਅਸੀਂ ਕੰਟਰੋਵਰਸੀ ਵਿੱਚ ਨਹੀਂ ਪੈਣਾ ਚਾਹੁੰਦੇ ਸੀ ਇਸ ਲਈ ਸੀਬੀਆਈ ਨੂੰ ਦੇ ਦਿੱਤੀ।
- ਪੰਜ ਸਾਲ ਹੋ ਗਏ ਕੋਈ ਦੋਸ਼ੀ ਨਹੀਂ ਫੜਿਆ, ਬਸ ਇਹੀ ਰੌਲਾ ਹੈ ਕਿ ਅਕਾਲੀ ਦਲ ਨੂੰ ਬੇਨਕਾਬ ਕਰਨਾ ਹੈ।
- ਹਾਈ ਕੋਰਟ ਨੇ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਵਗਾਹ ਕੇ ਮਾਰੀ ਕਿ ਤੁਸੀਂ ਸਿਰਫ਼ ਸਿਆਸਤ ਕੀਤੀ ਹੈ।
- ਮੈਂ ਵੀ ਅਰਦਾਸ ਕੀਤੀ ਸੀ ਤੇ ਸਮੁੱਚੇ ਪੰਥ ਨੇ ਅਰਦਾਸ ਕੀਤੀ ਸੀ ਕਿ ਜੋ ਲੋਕ ਬੇਅਦਬੀ ਉੱਪਰ ਸਿਆਸਤ ਕਰ ਰਹੇ ਹਨ ਉਨ੍ਹਾਂ ਦਾ ਕੱਖ ਨਾ ਰਹੇ। ਉਹ ਅਰਦਾਸ ਸੁਣੀ ਗਈ ਹੈ।
- ਦਰਬਾਰ ਸਾਹਿਬ ਬੇਅਦਬੀ ਕਰਨ ਵਾਲੇ ਦੀ ਲਾਸ਼ ਜਦੋਂ ਪੁਲਿਸ ਨੂੰ ਸੋਂਪੀ ਗਈ ਤਾਂ ਜਾਂਚ ਕਰਨ ਦੀ ਥਾਂ ਦੋ ਦਿਨਾਂ ਵਿੱਚ ਉਸ ਦਾ ਸੰਸਕਾਰ ਕਰ ਕੇ ਸਾਰੇ ਸਬੂਤ ਖ਼ਤਮ ਕਰ ਦਿੱਤੇ ਗਏ।
- ਬੀਜੇਪੀ ਦੀ ਲੀਡਰਸ਼ਿਪ ਨੇ ਬਾਬਰੀ ਮਸਜਿਦ ਨੂੰ ਢਾਹਿਆ ਕਿਸੇ ਮੁਸਲਮਾਨ ਨੇ ਭਾਜਪਾ ਨੂੰ ਵੋਟ ਨਹੀਂ ਪਾਈ
- ਕਾਂਗਰਸ ਨੇ ਸਾਡੇ ਦਰਬਾਰ ਸਾਹਿਬ ਉੱਪ ਟੈਂਕਾਂ ਤੋਂਪਾਂ ਨਾਲ ਹਮਲਾ ਕੀਤਾ। ਫਿਰ ਵੀ ਅਸੀਂ ਉਸ ਨੂੰ ਵੋਟਾਂ ਪਾਈ ਜਾਂਦੇ ਹਾਂ ਤਾਂ ਮੈਂ ਕੀ ਕਹਾਂ। ਤਾਂ ਤੁਸੀਂ ਕਿੱਥੋਂ ਇਨਸਾਫ਼ ਭਾਲਦੇ ਹੋ।
- ਬੀਜੇਪੀ ਕਾਲੇ ਕਾਨੂੰਨ ਲੈ ਕੇ ਆਈ ਹੁਣ ਸਾਡੇ ਲੀਡਰ ਬੀਜੇਪੀ ਦੀਆਂ ਸਿਫ਼ਤਾਂ ਕਰੀ ਜਾ ਰਹੇ ਹਨ।
- ਜਦੋਂ ਅਕਾਲ ਤਖ਼ਤ ’ਤੇ ਹਮਲਾ ਹੋਇਆ ਤਾਂ ਇੱਕੋ-ਇੱਕ ਸਿੱਖ ਰਾਸ਼ਟਰਪਤੀ ਸੀ ਉਸ ਨੇ ਅਸਤੀਫ਼ਾ ਨਹੀਂ ਦਿੱਤਾ। ਕੇਂਦਰੀ ਮੰਤਰੀ ਬੂਟਾ ਸਿੰਘ ਨੇ ਅਸਤੀਫ਼ਾ ਨਹੀਂ ਦਿੱਤਾ। ਅਸੀਂ ਉਨ੍ਹਾਂ ਬਾਰੇ ਕੀ ਕੀਤਾ।
- ਅਸੀਂ ਕਾਲੇ ਕਾਨੂੰਨਾਂ ਪਿੱਛੇ ਮਨਿਸਟਰੀ ਛੱਡ ਦਿੱਤੀ।
- ਸਾਡੀ ਸਾਰੀ ਵਿਰਾਸਤ ਅਕਾਲੀ ਦਲ ਨੇ ਸਾਂਭੀ ਹੈ, ਕਾਂਗਰਸ ਨੇ ਕਦੇ ਅਜਿਹਾ ਕੁਝ ਕੀਤਾ ਹੈ।
ਪ੍ਰਕਾਸ਼ ਸਿੰਘ ਬਾਦਲ ਦੇ ਸੰਬੋਧਨ ਦੀਆਂ ਮੁੱਖ ਗੱਲਾਂ
ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਇਕੱਠ ਬੇਅਦਬੀ ਦੀ ਘਟਨਾ ਲਈ ਦੁੱਖ ਦਾ ਪ੍ਰਗਟਾਵਾ ਕਰਨ ਲਈ ਹੈ, ਜਿਹੜੇ ਸੁੱਤੇ ਪਏ ਨੇ ਉਨ੍ਹਾਂ ਨੂੰ ਨਾ ਦੁੱਖ ਹੈ ਨਾ ਅਫ਼ਸੋਸ ਹੈ, "ਭੰਗੜੇ ਪਾਉਂਦੇ ਫਿਰਦੇ" ਹਨ।
ਉਨ੍ਹਾਂ ਨੇ ਇਕੱਠ ਨੂੰ ਅਪੀਲ ਕੀਤੀ, "ਇਸ ਲਈ ਆਪਾਂ ਸਾਰਿਆਂ ਨੂੰ ਤਕੜੇ ਹੋ ਕੇ ਧਰਮ ਦੀ ਰਾਖੀ ਆਪ ਕਰਨੀ ਪਵੇਗੀ।
ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਹਿੰਦਸਤਾਨ ਦੀਆਂ ਦੇਸ਼ੀ-ਵਿਦੇਸ਼ੀ ਸਰਕਾਰਾਂ ਹਮੇਸ਼ਾ ਤੋਂ ਸਿੱਖ ਗੁਰਦੁਆਰਿਆਂ ਨੂੰ ਨਿਸ਼ਾਨਾ ਬਣਾਉਂਦੀਆਂ ਰਹੀਆਂ ਹਨ।
"ਹੁੰਦਸਤਾਨ ਵਿੱਚ ਜਦੋਂ ਵੀ ਕੋਈ ਸਰਕਾਰ ਆਉਂਦੀ ਐ, ਭਾਵੇਂ ਮੁਗਲਾਂ ਦੀ ਸਰਕਾਰ ਆਈ, ਭਾਵੇਂ ਅੰਗਰੇਜ਼ਾਂ ਦੀ ਸਰਕਾਰ ਆਈ। ਭਾਵੇਂ ਅਜ਼ਾਦੀ ਤੋਂ ਬਾਅਦ ਦੇਸ਼ ਦੀ ਸਰਕਾਰ ਆਈ। ਇਨ੍ਹਾਂ ਨੇ ਹਰਿਮੰਦਰ ਸਾਹਿਬ ਤੇ ਹੋਰ ਥਾਵਾਂ 'ਤੇ ਹਮਲੇ ਕੀਤੇ।"
"ਅੰਗਰੇਜ਼ਾਂ ਨੇ ਆਪਣੇ ਮਹੰਤਾਂ ਨੂੰ ਗੁਰਦੁਆਰਾ ਸਾਹਿਬ ਦੀ ਸੇਵਾ-ਸੰਭਾਲ ਦੇ ਦਿੱਤੀ, ਜੋ ਕਿ ਉੱਥੇ ਭੈੜੇ-ਤੋਂ-ਭੈੜੇ ਕੰਮ ਕਰਵਾਉਂਦੇ ਸਨ। ਉਹ ਤਾਂ ਵਿਦੇਸ਼ੀ ਸਰਕਾਰਾਂ ਸਨ।"
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
"ਅਸੀਂ ਕਦੇ ਸੋਚਿਆਂ ਨਹੀਂ ਕਿ ਆਪਣੇ ਦੇਸ਼ ਦੀ ਸਰਕਾਰ ਜਿਸ ਨੂੰ ਬਣਾਉਣ ਖ਼ਾਤਰ ਸਭ ਤੋਂ ਜ਼ਿਆਦਾ ਕੁਰਬਾਨੀ ਤੁਸੀਂ ਦਿੱਤੀ ਹੈ। ਉਹ ਸਰਕਾਰ ਵੀ ਹਰਿਮੰਦਰ ਸਾਹਿਬ ਤੇ ਫ਼ੌਜੀ ਹਮਲਾ ਕਰੇਗੀ, ਅਕਾਲ ਤਖ਼ਤ ਸਾਹਿਬ ਨੂੰ ਵੀ ਗੋਲੀਆਂ ਨਾਲ ਵਿੰਨ੍ਹ ਦੇਵੇਗੀ, ਗੁਰੂ ਗ੍ਰੰਥ ਸਾਹਿਬ 'ਤੇ ਵੀ ਗੋਲੀਆਂ ਲਾਉਣਗੇ।"
"ਇਹ ਸਰਕਾਰਾਂ ਸਾਡੇ ਹਰਿਮੰਦਰ ਸਾਹਿਬ ਤੇ ਕਿਉਂ ਹਮਲਾ ਕਰਦੇ ਹਨ? ਇੱਕ ਤਾਂ ਤੁਹਾਡੀ ਜਿਸਮਾਨੀ ਸ਼ਕਤੀ ਹੈ, ਇੱਕ ਤੁਹਾਡੀ ਰੂਹਾਨੀ ਸ਼ਕਤੀ ਹੈ। ਰੂਹਾਨੀ ਸ਼ਕਤੀ ਸਾਨੂੰ ਸਾਡੇ ਪੂਜਯ ਥਾਵਾਂ ਤੋਂ ਮਿਲਦੀ ਹੈ।"
“ਇਹ ਸਰਕਾਰਾਂ ਸਮਝਦੀਆਂ ਹਨ ਕਿ ਇਹ ਰੂਹਾਨੀ ਸ਼ਕਤੀ ਸਾਡੇ ਤੋਂ ਖੋਹ ਲਈ ਜਾਵੇ ਤਾਂ ਫਿਰ ਕੁਝ ਨਹੀਂ ਹੋ ਸਕਦਾ।”
ਬਾਦਲ ਨੇ ਕਿਹਾ ਕਿ ਇਹ ਸ਼ਕਤੀ ਖੋਹਣ ਲਈ "ਉਹ ਦੋ ਤਰੀਕੇ ਵਰਤਦੇ ਹਨ ਕਿ ਰੂਹਾਨੀ ਸ਼ਕਤੀ ਦੇ ਸੋਮਿਆਂ ਨੂੰ ਖ਼ਤਮ ਕਰ ਦਿਓ। ਦੂਜਾ ਤਰੀਕਾ ਹੈ ਕਿ ਸ਼੍ਰੋਮਣੀ ਕਮੇਟੀ ਉੱਪਰ ਹੀ ਕਬਜ਼ਾ ਕਰ ਲਓ।"
"ਕਈ ਵਾਰ ਇਨ੍ਹਾਂ ਨੇ ਲਾਲਚ ਦੇ ਕੇ ਬੰਦੇ ਪਾੜ ਕੇ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਲੜਾਏ। ਪਰ ਪਿਛਲੇ ਸੌ ਸਾਲਾਂ ਵਿੱਚ ਸਿੱਖ ਪੰਥ ਨੇ ਹਮੇਸ਼ਾ ਸ਼੍ਰੋਮਣੀ ਕਮੇਟੀ ਦੀ ਸੇਵਾ ਅਕਾਲੀ ਦਲ ਨੂੰ ਦਿੱਤੀ।"
(ਕਿਉਂਕਿ) "ਸਿੱਖ ਪੰਥ ਜਾਣਦਾ ਹੈ ਕਿ ਧਾਰਮਿਕ ਜ਼ਰੂਰਤਾਂ ਲਈ ਸ਼੍ਰੋਮਣੀ ਕਮੇਟੀ ਹੈ ਅਤੇ ਸਿਆਸੀ ਲੋੜਾਂ ਲਈ ਅਕਾਲੀ ਦਲ ਹੈ।
"ਜੇ ਸ਼੍ਰੋਮਣੀ ਕਮੇਟੀ ਉੱਪਰ ਕੇਜਰੀਵਾਲ ਜਾਂ ਅਕਾਲੀ ਦਲ ਦਾ ਕਬਜ਼ਾ ਹੋ ਜਾਵੇ ਤਾਂ ਸਾਡਾ ਧਰਮ ਬਚੇਗਾ?
"ਇਹ ਅਸੈਂਬਲੀ ਵਿੱਚ ਵੀ ਇਸ਼ਾਰੇ ਕਰਦੇ ਸਨ ਕਿ ਹੁਣ ਅਸੀਂ ਸ਼੍ਰੋਮਣੀ ਕਮੇਟੀ ਉੱਪਰ ਕਬਜ਼ਾ ਕਰਨਾ ਹੈ।
"ਇਸ ਲਈ ਪ੍ਰਣ ਕਰ ਲਓ ਕਿ ਇਹ ਬਹੁਤ ਹੀ ਨਾਜ਼ੁਕ ਦੌਰ ਹੈ ਪਰ ਅਸੀਂ ਜੇ ਕਿਸੇ ਨੂੰ ਟਿਕਟ ਨਹੀਂ ਦਿੰਦੇ ਤਾਂ ਉਹ ਛੱਕ ਦੂਜੀ ਪਾਰਟੀ ਵਿੱਚ ਚਲਿਆ ਜਾਂਦਾ ਹੈ,ਇਹ ਬੇਅਸੂਲੀ ਗੱਲ ਹੈ। ਇਸ ਨੂੰ ਬੰਦ ਕਰਨਾ ਪਵੇਗਾ।
"ਮੇਰਾ ਇੱਕ-ਇੱਕ ਸਵਾਲ ਪੰਥ ਦੇ ਹੁਕਮ ਦੀ ਉਡੀਕ ਕਰਦਾ ਰਹਿੰਦਾ ਹੈ।
"ਮੇਰੀ ਇਹੀ ਬੇਨਤੀ ਹੈ ਕਿ ਇਨ੍ਹਾਂ ਦੀਆਂ ਚਾਲਾਂ ਸਮਝੋ। ਇਹ ਲਾਲਚ ਵੀ ਦਿੰਦੇ ਹਨ ਤੇ ਡਰਾਉਂਦੇ ਵੀ ਹਨ।
ਵੀਡੀਓ: ਹਰਿਮੰਦਰ ਸਾਹਿਬ ਬੇਅਦਬੀ ਘਨਾਕ੍ਰਮ
"ਸਿਰਸੇ ਨੂੰ ਅਸੀਂ ਕੀ ਨਹੀਂ ਦਿੱਤਾ, ਪ੍ਰਧਾਨਗੀ ਦਿੱਤੀ। ਉਹ ਇਲੈਕਸ਼ਨ ਉਸ ਨੇ ਨਹੀਂ ਲੜੇ ਸਨ ਅਕਾਲੀ ਦਲ ਦੇ ਵਰਕਰ ਜੂਝੇ ਸਨ ਤਾਂ ਉਸ ਨੂੰ ਪ੍ਰਧਾਨਗੀ ਮਿਲੀ।"
"ਮਜੀਠੀਏ ਉੱਪਰ ਡਰਾਉਣ ਖ਼ਾਤਰ ਪਰਚਾ ਦੇ ਦਿੱਤਾ ਗਿਆ ਹੈ। (ਪਰ) ਜੋ ਕਮਜ਼ੋਰ-ਕਮਜ਼ੂਰ ਨੇ ਝੜ ਜਾਣ ਦਿਓ। ਜਿਵੇਂ ਮਾੜੇ ਪੱਤੇ ਹਨ ਜਿਵੇਂ ਰੁੱਖ ਤੋਂ ਝੜਦੇ ਹਨ ਝੜ ਜਾਣ ਦਿਓ, ਦਿਮਾਗ਼ ਤੇ ਬੋਝ ਨਾ ਪਾਓ।"
ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੁਝ ਸਿਆਸੀ ਤਾਕਤਾਂ ਹਿੰਦੂ ਤੇ ਸਿੱਖਾਂ ਦੇ ਨਹੁੰ-ਮਾਸ ਦੇ ਰਿਸ਼ਤੇ ਨੂੰ ਖ਼ਤਮ ਕਰਨਾ ਚਾਹੁੰਦੇ ਹਨ।
ਉਨ੍ਹਾਂ ਨੇ ਕਿਹਾ,"ਇਨ੍ਹਾਂ ਦੀ ਮਨਸ਼ਾ ਹੈ ਕਿ ਹਿੰਦੂ ਅਤੇ ਸਿੱਖ ਭਰਾ ਜਿਨ੍ਹਾਂ ਦਾ ਨਹੁੰ ਤੇ ਮਾਸ ਦਾ ਰਿਸ਼ਤਾ ਹੈ। ਉਸ ਨੂੰ ਤੋੜਿਆ ਜਾਵੇ।"
"ਪਹਿਲਾਂ ਵੀ ਇਨ੍ਹਾਂ ਨੇ ਆਪਣਾ ਮਕਸਦ ਪੂਰਾ ਕਰਾਉਣ ਖ਼ਾਤ ਗੁਰਦੁਆਰਿਆਂ ਵਿੱਚ ਬੀੜੀਆਂ ਸੁਟਵਾਈਆਂ ਅਤੇ ਮੰਦਰਾਂ ਵਿੱਚ ਆਪਣੇ ਬੰਦਿਆਂ ਤੋਂ ਗਊ ਦੀਆਂ ਪੂਛਾਂ ਸੁਟਵਾਈਆਂ।"
"ਅਸੀਂ ਤਾਂ ਗੁਰੂ ਦੇ ਰਸਤੇ ਉੱਪਰ ਚੱਲਣਾ ਹੈ। ਸਾਡੀ ਤਾਂ ਬਦਕਿਸਮਤੀ ਹੈ ਕਿ ਸਾਡੇ ਕੋਲ ਪ੍ਰਚਾਰ ਨਹੀਂ ਸੀ ਸਾਡੇ ਤੋਂ ਪ੍ਰਚਾਰ ਨਹੀਂ ਹੋਇਆ। ਨਹੀਂ ਤਾਂ ਜਿਵੇਂ ਕ੍ਰਿਸਚੈਨਿਟੀ ਫ਼ੈਲੀ ਹੈ, ਸਿੱਖੀ ਉਵੇਂ ਫ਼ੈਲ ਸਕਦੀ ਹੈ।"
ਇਹ ਵੀ ਪੜ੍ਹੋ:
ਇਹ ਵੀ ਦੇਖੋ: