You’re viewing a text-only version of this website that uses less data. View the main version of the website including all images and videos.
ਨਾਗਾਲੈਂਡ: ‘ਸੁਰੱਖਿਆ ਮੁਲਾਜ਼ਮਾਂ ਦੇ ਆਪ੍ਰੇਸ਼ਨ’ ਵਿੱਚ ਕਈ ਆਮ ਲੋਕਾਂ ਦੀ ਮੌਤ, ਫੌਜ ਨੇ ਕੀ ਕਿਹਾ
ਨਾਗਾਲੈਂਡ ਵਿੱਚ ਫ਼ੌਜੀ ਕਾਰਵਾਈ ਦੌਰਾਨ ਕਈ ਆਮ ਨਾਗਰਿਕਾਂ ਦੇ ਮਾਰੇ ਜਾਣ ਦੀ ਖ਼ਬਰ ਆਉਣ ਤੋਂ ਬਾਅਦ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਨੂੰ ਸਹੀ ਅਰਥਾਂ ਵਿੱਚ ਇਸ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਜਦੋਂ ਆਪਣੀ ਹੀ ਜ਼ਮੀਨ ਉੱਪਰ ਆਮ ਲੋਕਾਂ ਦੇ ਨਾਲ-ਨਾਲ ਸੁਰੱਖਿਆ ਕਰਮੀ ਵੀ ਮਹਿਫ਼ੂਜ਼ ਨਹੀਂ ਹਨ ਤਾਂ ਗ੍ਰਹਿ ਮੰਤਰਾਲਾ ਕੀ ਕਰ ਰਿਹਾ ਹੈ?
ਰਾਹੁਲ ਗਾਂਧੀ ਤੋਂ ਇਲਾਵਾ ਤ੍ਰਿਣਮੂਲ ਕਾਂਗਰਸ ਦੀ ਆਗੂ ਮਮਤਾ ਬੈਨਰਜੀ ਅਤੇ ਏਆਈਐਮਆਈਐਮ ਆਗੂ ਅਸਉਦਦੀਨ ਔਵੈਸੀ ਨੇ ਵੀ ਮਸਲੇ ਉੱਪਰ ਸਵਾਲ ਚੁੱਕੇ ਹਨ।
ਨਾਗਾਲੈਂਡ ਦੇ ਮੋਨ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਐਨਐੱਸਸੀਐੱਨ (ਕੇ) ਦੇ ਅੱਤਵਾਦੀਆਂ ਖਿਲਾਫ਼ ਇੱਕ ਮੁਹਿੰਮ ਚਲਾਈ ਸੀ, ਜਿਸ ਵਿੱਚ ਕਈ ਨਾਗਰਿਕਾਂ ਦੀ ਮੌਤ ਹੋ ਗਈ ਹੈ।
ਸਮਾਚਾਰ ਏਜੰਸੀ ਪੀਟੀਆਈ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਇਸ ਘਟਨਾ ਵਿੱਚ ਘੱਟੋ-ਘੱਟ 11 ਆਮ ਲੋਕਾਂ ਦੀ ਮੌਤ ਹੋਈ ਹੈ।
ਡਿਫ਼ੈਂਸ ਵਿੰਗ ਕੋਹਿਮਾ ਨੇ ਕਿਹਾ ਹੈ ਕਿ ਆਪ੍ਰੇਸ਼ਨ ਭਰੋਸੇਯੋਗ ਖੂਫ਼ੀਆ ਜਾਣਕਾਰੀ ਤੇ ਵਿਉਂਤਬੱਧ ਕੀਤਾ ਗਿਆ ਸੀ। ਲੋਕਾਂ ਦੀ ਮੰਦਭਾਗੀ ਮੌਤ ਉੱਪਰ ਅਫ਼ਸੋਸ ਜਤਾਇਆ ਹੈ।
ਨਾਗਾਲੈਂਡ ਦੇ ਮੁੱਖ ਮੰਤਰੀ ਨੇਫਿਯੂ ਰੀਓ ਨੇ ਟਵੀਟ ਕਰਕੇ ਦੱਸਿਆ ਹੈ ਕਿ ਸੂਬੇ ਦੇ ਮੋਨ ਜ਼ਿਲ੍ਹੇ ਦੇ 'ਓਟਿੰਗ ਵਿੱਚ ਆਮ ਲੋਕਾਂ ਦੀ ਹੱਤਿਆ ਬਹੁਤ ਦੁਖਦਾਈ ਹੈ ਅਤੇ ਉਹ ਇਸ ਦੀ ਨਿੰਦਾ ਕਰਦੇ ਹਨ'।
ਮੁੱਖ ਮੰਤਰੀ ਰੀਓ ਨੇ ਕਿਹਾ ਹੈ ਕਿ ਉਹ ਮਾਰੇ ਗਏ ਲੋਕਾਂ ਦੇ ਦੁਖੀ ਪਰਿਵਾਰਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕਰਦੇ ਹਨ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦੇ ਹਨ।
ਉਨ੍ਹਾਂ ਨੇ ਕਿਹਾ, “ਜਾਂਚ ਲਈ ਉੱਚ ਪੱਧਰੀ ਐਸ.ਆਈ.ਟੀ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਕਾਨੂੰਨ ਅਨੁਸਾਰ ਇਨਸਾਫ਼ ਕੀਤਾ ਜਾਵੇਗਾ, ਸਾਰੀਆਂ ਧਿਰਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਹੈ।”
ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸ ਘਟਨਾ 'ਤੇ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਹੈ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ ਉੱਚ ਪੱਧਰੀ ਐਸਆਈਟੀ ਟੀਮ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਨੂੰ ਯਕੀਨੀ ਬਣਾਉਣ ਲਈ ਡੁੰਘਾਈ ਨਾਲ ਜਾਂਚ ਕਰੇਗੀ।
ਫੌਜ ਵੱਲੋਂ ਆਇਆ ਬਿਆਨ
ਪੂਰੇ ਮਾਮਲੇ ਵਿੱਚ ਡਿਫੈਂਸ ਵਿੰਗ ਕੋਹਿਮਾ ਵੱਲੋਂ ਇੱਕ ਪ੍ਰੈੱਸ ਰਿਲੀਜ਼ ਜਾਰੀ ਕੀਤੀ ਹੈ। ਇਸ ਪ੍ਰੈੱਸ ਰਿਲੀਜ਼ ਵਿੱਚ ਲਿਖਿਆ ਹੈ, "ਅੱਤਵਾਦੀਆਂ ਦੀ ਸੰਭਾਵਿਤ ਗਤੀਵਿਧੀ ਬਾਰੇ ਭਰੋਸੇਯੋਗ ਖੂਫੀਆ ਜਾਣਕਾਰੀ ਮਿਲੀ ਸੀ।"
"ਇਸੇ ਅਧਾਰ 'ਤੇ ਨਾਗਾਲੈਂਡ ਨੇ ਮੋਨ ਜ਼ਿਲ੍ਹੇ ਦੇ ਤਿਰੂ ਇਲਾਕੇ ਵਿੱਚ ਇੱਕ ਆਪ੍ਰੇਸ਼ਨ ਦੀ ਯੋਜਨਾ ਬਣਾਈ ਸੀ। ਜੋ ਘਟਨਾ ਹੋਈ ਹੈ, ਉਸ ਬਾਰੇ ਅਫ਼ਸੋਸ ਹੈ।"
"ਆਮ ਲੋਕਾਂ ਦੀ ਮੰਦਭਾਗੀ ਮੌਤ ਦੇ ਕਾਰਨ ਦੀ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ। ਕਾਨੂੰਨ ਮੁਤਾਬਕ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ।"
ਖ਼ਬਰ ਏਜੰਸੀ ਪੀਟੀਆਈ ਨੇ ਫ਼ੌਜੀ ਅਫ਼ਸਰ ਦੇ ਹਵਾਲੇ ਨਾਲ ਦੱਸਿਆ ਹੈ ਕਿ ਫ਼ੌਜ ਨੇ ਮਾਮਲੇ ਦੀ ਜਾਂਚ ਲਈ ਨਾਗਰਿਕਾਂ ਦੀ ਮੌਤ ਦੀ ਜਾਂਚ ਲਈ ਕੋਰਟ ਆਫ਼ ਇਨਕੁਆਇਰੀ ਦੇ ਹੁਕਮ ਦਿੱਤੇ ਹਨ।
ਨਾਗਾਲੈਂਡ ਦੇ ਸਾਬਕਾ ਮੁੱਖ ਮੰਤਰੀ ਨੇ ਕੀ ਕਿਹਾ
ਨਾਗਾ ਪੀਪੀਲਜ਼ ਫਰੰਟ ਪਾਰਟੀ ਦੇ ਆਗੂ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਟੀਆਰ ਜ਼ੇਲਿਯਾਂਗ ਨੇ ਟਵੀਟ ਕਰਕੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਮਾਮਲੇ ਦੀ ਜਾਂਚ ਲਈ ਆਯੋਗ ਬਣਾਉਣ ਦੀ ਮੰਗ ਕੀਤੀ ਹੈ।
ਉਨ੍ਹਾਂ ਨੇ ਲਿਖਿਆ ਮੈਂ ਓਟਿੰਗ, “ਮੋਨ ਵਿੱਚ ਹੋਈ ਬੇਗੁਨਾਹਾਂ ਦੇ ਕਤਲਾਂ ਦੀ ਸਖ਼ਤ ਨਿੰਦਾ ਕਰਦਾ ਹਾਂ। ਇਸ ਕਤਲੇਆਮ ਕਿਸੇ ਤਰ੍ਹਾਂ ਦਾ ਕੋਈ ਬਹਾਨਾ ਨਹੀਂ ਹੋ ਸਕਦਾ। ਰਿਟਾਇਰਡ ਜੱਜ ਦੀ ਪ੍ਰਧਾਨਗੀ ਵਿੱਚ ਇੱਕ ਜਾਂਚ ਆਯੋਗ ਗਠਿਤ ਕੀਤਾ ਜਾਵੇ ਅਤੇ ਇਸ ਵਿੱਚ ਸ਼ਾਮਲ ਸੁਰੱਖਿਆ ਕਰਮੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।”
ਆਪਣੇ ਦੂਜੇ ਟਵੀਟ ਵਿੱਚ ਉਨ੍ਹਾਂ ਨੇ ਕਿਹਾ ਹੈ, “ਇੱਕ ਸੱਭਿਆ ਸਮਾਜ ਵਿੱਚ ਜਿੱਥੇ ਅਸੀਂ ਸ਼ਾਂਤੀ ਅਤੇ ਅਮਨ ਨਾਲ ਰਹਿਣਾ ਚਾਹੁੰਦੇ ਹਨ ਉੱਥੇ ਸੁਰੱਖਿਆ ਬਲਾਂ ਵੱਲੋਂ ਹੋਈ ਇਹ ਦਰੰਦਗੀ ਮੰਦਭਾਗੀ ਹੈ। ਇਸ ਘਟਨਾ ਵਿੱਚ ਮਾਰੇ ਗਏ 13 ਲੋਕਾਂ ਦੇ ਖ਼ੌਫ਼ਜ਼ਦਾ ਪਰਿਵਾਰ ਪ੍ਰਤੀ ਮੈਂ ਹਮਦਰਦੀ ਪ੍ਰਗਟ ਕਰਦਾ ਹਾਂ ਅਤੇ ਮੇਰੀ ਦੁਆ ਹੈ ਕਿ ਜ਼ਖਮੀ ਜਲਦੀ ਤੋਂ ਜਲਦੀ ਸਿਹਤਯਾਬ ਹੋਣ।”
ਸਰਕਾਰ ਤੇ ਉੱਠ ਰਹੇ ਸਵਾਲ
ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿੱਚ ਕਿਹਾ ਹੈ,"ਇਹ ਦਿਲ ਦੁਖਾਉਣ ਵਾਲੀ ਘਟਨਾ ਹੈ। ਸਰਕਾਰ ਨੂੰ ਸਹੀ ਅਰਥਾਂ ਵਿੱਚ ਇਸ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਜਦੋਂ ਆਪਣੀ ਹੀ ਜ਼ਮੀਨ ਉੱਪਰ ਆਮ ਲੋਕਾਂ ਦੇ ਨਾਲ-ਨਾਲ ਸੁਰੱਖਿਆਕਰਮੀ ਵੀ ਸੁਰੱਖਿਅਤ ਨਹੀਂ ਹਨ ਤਾਂ ਗ੍ਰਹਿ ਮੰਤਰਾਲਾ ਕੀ ਕਰ ਰਿਹਾ ਹੈ।"
ਮਮਤਾ ਬੈਨਰਜੀ ਨੇ ਇਸ ਬਾਰੇ ਕਿਹਾ,"ਨਾਗਾਲੈਂਡ ਤੋਂ ਪਸ਼ੇਮਾਨ ਕਰਨ ਵਾਲੀ ਖ਼ਬਰ ਆ ਰਹੀ ਹੈ। ਦੁਖੀ ਪਰਿਵਾਰਾਂ ਦੇ ਪ੍ਰਤੀ ਦਿਲੀ ਹਮਦਰਦੀ। ਮੈਂ ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕਰਦੀ ਹਾਂ ਸਾਨੂੰ ਘਟਨਾ ਦੀ ਡੁੰਘਾਈ ਨਾਲ ਜਾਂਚ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਯਕੀਨੀ ਬਣਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ: