ਚਰਨਜੀਤ ਸਿੰਘ ਚੰਨੀ ਦਾ ਇੰਟਰਵਿਊ: 'ਇਹ ਕਿਉਂ ਰੋਂਦੇ ਨੇ ਕਿ ਪੈਸੇ ਘਟ ਜਾਣਗੇ, ਸਰਕਾਰ ਚਲਾਉਣਾ ਮੇਰਾ ਕੰਮ ਹੈ, ਦੱਸਾਂਗੇ ਪੈਸਾ ਕਿੱਥੋਂ ਆਉਣਾ'
- ਲੇਖਕ, ਖੁਸ਼ਬੂ ਸੰਧੂ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 3 ਮਿੰਟ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਲੋਕਾਂ ਨੂੰ ਬੀਐੱਸਐੱਫ ਦਾ ਦਾਇਰਾ ਵਧਣ ਖਿਲਾਫ ਸੰਘਰਸ਼ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਕਿਸਾਨ ਮੋਰਚੇ ਨੂੰ ਇਸ ਸੰਘਰਸ਼ ਵਿੱਚ ਸਾਮਲ ਹੋਣ ਲਈ ਕਿਹਾ ਹੈ।
ਨਸ਼ਿਆਂ ਬਾਰੇ ਐੱਸਟੀਐੱਫ ਦੀ ਰਿਪੋਰਟ ਨੂੰ ਜਨਤਕ ਕਰਵਾਉਣ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਲਈ ਕੋਰਟ ਵਿੱਚ ਲੜ ਰਹੀ ਹੈ।
ਬੀਬੀਸੀ ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਨੇ ਹੋਰ ਵੀ ਕਈ ਮੁੱਦਿਆਂ 'ਤੇ ਗੱਲਬਾਤ ਕੀਤੀ।
ਬੀਐੱਸਐੱਫ ਦਾ ਦਾਇਰਾ ਵਧਣ ਬਾਰੇ

ਤਸਵੀਰ ਸਰੋਤ, Surinder mann/BBC
ਸੂਬਿਆਂ ਦੇ ਅਧਿਕਾਰ ਖੋਹੇ ਜਾ ਰਹੇ ਹਨ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਹੋ ਕੇ ਸੰਘਰਸ ਕਰਨਾ ਪਏਗਾ।
ਬੀਐੱਸਐੱਫ ਦਾ ਦਾਇਰਾ 50 ਕਿਲੋਮੀਟਰ ਵਧਾਉਣ ਦੀ ਜਿਹੜੀ ਨੋਟੀਫਿਕੇਸ਼ਨ ਹੋਈ ਹੈ, ਉਸ ਨੂੰ ਰੱਦ ਕਰਵਾਉਣਾ ਹੈ। ਇਸ ਲਈ ਅਸੀਂ ਵਿਧਾਨ ਸਭਾ ਵਿੱਚ ਮਤਾ ਪਾ ਚੁੱਕੇ ਹਾਂ, ਅਸੀਂ ਸੁਪਰੀਮ ਕੋਰਟ ਵਿੱਚ ਕੇਸ ਲੜ ਰਹੇ ਹਾਂ ਤੇ ਨਾਲ ਹੀ ਸਾਨੂੰ ਗਰਾਉਂਡ 'ਤੇ ਵੀ ਸੰਘਰਸ਼ ਕਰਨਾ ਪਏਗਾ। ਮੈਂ ਕਿਸਾਨ ਮੋਰਚੇ ਤੇ ਖੇਤ ਮਜ਼ਦੂਰਾਂ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਣ।
ਇਹ ਵੀ ਪੜ੍ਹੋ:
ਪਾਕਿਸਤਾਨ ਨਾਲ ਪੰਜਾਬ ਰਾਹੀਂ ਵਪਾਰ ਖੁੱਲ੍ਹਣ ਬਾਰੇ

ਮੈਂ ਕੋਰੀਡੋਰ ਦੇ ਰਸਤੇ ਪਾਕਿਸਤਾਨ ਗਿਆ ਤੇ ਉੱਥੇ ਬੋਲਿਆ ਕਿ ਦੋਵਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਵਪਾਰ ਵੀ ਖੁੱਲ੍ਹ ਜਾਵੇ। ਦੋਵੇਂ ਪਾਸੇ ਆਪਸੀ ਪਿਆਰ ਹੈ, ਪਰ ਨਾਲ ਹੀ ਵਪਾਰ ਵੀ ਹੋਣਾ ਚਾਹੀਦਾ ਹੈ।
ਜੇ ਵਪਾਰ ਖੁੱਲ੍ਹ ਜਾਵੇਗਾ ਤਾਂ ਖਾਸ ਤੌਰ ਤੇ ਪੰਜਾਬ ਨੂੰ ਇਸ ਦਾ ਬਹੁਤ ਫਾਇਦਾ ਹੈ। ਮੈਂ ਇਸ ਗੱਲ ਨੂੰ ਅੱਗੇ ਵਧਾਵਾਂਗਾ ਕਿ ਭਾਰਤ ਪਾਕਿਸਤਾਨ ਵਿਚਕਾਰ ਜਿਹੜਾ ਵਪਾਰ ਹੈ, ਇਹ ਪੰਜਾਬ ਬਾਰਡਰ 'ਤੇ ਵੀ ਖੁੱਲ੍ਹ ਜਾਣਾ ਚਾਹੀਦਾ ਹੈ।
ਖੇਤੀ ਕਾਨੂੰਨ ਰੱਦ ਕਰਨ ਬਾਰੇ
ਸਾਨੂੰ ਬਹੁਤ ਭਾਰੀ ਨੁਕਸਾਨ ਸਹਿਣਾ ਪਿਆ ਹੈ। 700 ਤੋਂ ਜ਼ਿਆਦਾ ਕਿਸਾਨ ਤੇ ਖੇਤ ਮਜ਼ਦੁਰ ਇਸ ਵਿੱਚ ਸ਼ਹੀਦ ਹੋ ਚੁੱਕੇ ਹਨ।
ਇੰਨੀਆਂ ਜਾਨਾਂ ਗੁਆ ਕੇ, ਤੁਸੀਂ ਲਾਸ਼ਾ ਦੇ ਢੇਰ 'ਤੇ ਬੈਠੇ ਹੋ ਤੇ ਕਹਿ ਰਹੇ ਹੋ ਕਿ ਅਸੀਂ ਬਹੁਤ ਵੱਡਾ ਕੰਮ ਕਰ ਦਿੱਤਾ। ਇਹ ਗਲਤ ਹੈ।
ਨਵੇਂ ਖੇਤੀ ਕਾਨੂੰਨਾਂ ਬਾਰੇ
ਜੇ ਹੁਣ ਇਹ ਕੋਈ ਹੋਰ ਕਾਨੂੰਨ ਇਹ ਲੈ ਕੇ ਆਉਂਦੇ ਹਨ ਤਾਂ ਉਹ ਕਿਸਾਨਾਂ ਦੇ ਹੱਕ ਵਿੱਚ ਹੋਵੇ, ਇਹੋ ਜਿਹੀ ਡਰਾਮੇਬਾਜੀ ਨਾ ਹੋਵੇ, ਨਹੀਂ ਤਾਂ ਉਸਦਾ ਵਿਰੋਧ ਵੀ ਇਸੇ ਤਰ੍ਹਾਂ ਹੋਏਗਾ।
ਜੇ ਅਕਾਲੀ ਦਲ ਮੋਢਾ ਨਾ ਦਿੰਦਾ ਤਾਂ ਇਹ ਕਾਨੂੰਨ ਬਣਨੇ ਹੀ ਨਹੀਂ ਸੀ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਨੂੰ ਆਪਣੀ ਗਲਤੀ ਮੰਨ ਕੇ, ਜਿਹੜੇ ਕਿਸਾਨ ਸ਼ਹੀਦ ਹੋਏ ਹਨ ਉਨ੍ਹਾਂ ਨੂੰ ਮੁਆਵਜ਼ਾ ਦੇਣ। ਇਸ ਦੇ ਨਾਲ ਇੱਕ ਪੈਕੇਜ ਕਿਸਾਨੀ ਵਾਸਤੇ ਦੇਣ ਜਿਸ ਨਾਲ ਕਿਸਾਨੀ ਮੁੜ ਸੁਰਜੀਤ ਹੋਵੇ।
ਅਸੀਂ 347 ਬੰਦਿਆਂ ਨੂੰ ਨੌਕਰੀ ਦੇ ਚੁੱਕੇ ਹਾਂ। ਅਸੀਂ ਕਿਸਾਨ ਮੋਰਚੇ ਨੂੰ ਕਿਹਾ ਹੈ ਕਿ ਆਪਣੀ ਮੋਹਰ ਲਗਾ ਕੇ ਸਾਨੂੰ ਲਿਸਟ ਦੇ ਦੇਣ, ਜਿਹੜੇ ਮਜ਼ਦੂਰ ਤੇ ਕਿਸਾਨ ਸ਼ਹੀਦ ਹੋਏ ਹਨ, ਅਸੀਂ ਸਾਰਿਆਂ ਦੇ ਪਰਿਵਾਰਾਂ ਨੂੰ ਨੌਕਰੀ ਦੇਵਾਂਗੇ।
ਬੇਅਦਬੀ ਦੇ ਮਾਮਲਿਆਂ ਬਾਰੇ

ਤਸਵੀਰ ਸਰੋਤ, Getty Images
ਬੇਅਦਬੀ ਦੇ ਮਸਲੇ ਨੂੰ ਪਿਛਲੀਆਂ ਸਰਕਾਰਾਂ ਨੇ ਰੋਲਿਆ ਹੈ। ਪਰ ਹੁਣ ਜਿਹੜੀ ਐੱਸਆਈਟੀ ਹੈ, ਉਸ ਨੇ ਬਹੁਤ ਚੰਗੀ ਤਰ੍ਹਾਂ ਦੁਬਾਰਾ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਇੱਕ ਬੰਦੇ ਦੇ 144 ਦੇ ਬਿਆਨ ਹੋਏ ਹਨ, ਉਸ ਨੇ ਮੰਨਿਆ ਹੈ ਕਿਸ ਨੇ ਕਾਰਵਾਈ ਕੀਤੀ ਹੈ, ਉਸ ਨੇ ਬਾਬੇ ਦਾ ਨਾਮ ਲਿਆ ਹੈ। ਜੇਲ੍ਹ ਵਿੱਚ ਬਾਬੇ ਦੀ ਪੁੱਛਗਿੱਛ ਹੋਈ ਹੈ। ਹੁਣ ਪੁੱਛਗਿੱਛ ਲਈ ਉਸ ਦੇ ਪੈਰੋਕਾਰਾਂ ਨੂੰ ਬੁਲਾਇਆ ਗਿਆ ਹੈ।
ਸਾਨੂੰ ਉਮੀਦ ਹੈ ਕਿ ਜੋ ਲੋਕ ਨਸ਼ਿਆਂ ਤੇ ਬੇਅਦਬੀ ਦੇ ਮਾਮਲੇ ਵਿੱਚ ਸ਼ਾਮਲ ਹਨ ਅਸੀਂ ਉਨ੍ਹਾਂ ਨੂੰ ਸਜਾ ਦਵਾਉਣ ਵਿੱਚ ਕਾਮਯਾਬ ਹੋਵਾਂਗੇ।
ਐੱਸਟੀਐੱਫ ਦੀ ਰਿਪੋਰਟ ਜਨਤਕ ਕਰਨ ਬਾਰੇ
ਅਸੀਂ ਉਹ ਰਿਪੋਰਟ ਜਨਤਕ ਨਹੀਂ ਕਰ ਸਕਦੇ ਕਿਉਂਕਿ ਉਹ ਰਿਪੋਰਟ ਕੋਰਟ ਦਾ ਡਾਕੂਮੈਂਟ ਹੈ। ਉਸਦੇ ਵਾਸਤੇ ਅਸੀਂ ਕੋਰਟ ਦੇ ਵਿੱਚ ਲੜ ਰਹੇ ਹਾਂ ਤੇ ਉਸ ਨੂੰ ਪਬਲਿਕ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।
ਨਸ਼ਿਆਂ ਬਾਰੇ ਅਸੀਂ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਛੱਡਾਂਗੇ। ਅਸੀਂ ਆਪਣੇ ਵੱਲੋਂ ਜੋ ਬੰਦੇ ਨਸ਼ਿਆਂ ਦੇ ਵਪਾਰੀ ਰਹੇ ਨੇ ਉਨ੍ਹਾਂ ਨੂੰ ਕੋਰਟ ਵਿੱਚ ਖੜ੍ਹਾ ਕਰਾਂਗੇ ਹੀ ਕਰਾਂਗੇ।
ਪੰਜਾਬ ਸਰਕਾਰ ਕੋਲ ਪੈਸੇ ਦੀ ਘਾਟ ਬਾਰੇ
ਕਿਸੇ ਆਮ ਆਦਮੀ ਨੂੰ, ਕਿਸੇ ਮਿਡਲ ਕਲਾਸ ਦੇ ਪਰਿਵਾਰ ਨੂੰ, ਕਿਸੇ ਗਰੀਬ ਨੂੰ ਫਾਇਦਾ ਹੁੰਦਾ ਹੈ ਤਾਂ ਇਨ੍ਹਾਂ ਦਾ ਢਿੱਡ ਕਿਉਂ ਦੁਖਦਾ ਹੈ, ਇਹ ਕਿਉਂ ਰੋਂਦੇ ਹਨ ਕਿ ਪੈਸੇ ਘਟ ਜਾਣਗੇ। ਸਰਕਾਰ ਚਲਾਉਣਾ ਮੇਰਾ ਕੰਮ ਹੈ। ਅਸੀਂ ਦਿਖਾਉਣਾ ਪੈਸਾ ਕਿੱਥੋਂ ਆਉਣਾ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post















