ਭਾਜਪਾ ਦੀ ਕੌਮੀ ਕਾਰਜਕਾਰਨੀ ਬੈਠਕ ਦੌਰਾਨ ਸਿੱਖ ਭਾਈਚਾਰੇ ਉੱਤੇ ਇੰਨੀ ਚਰਚਾ ਕਿਉਂ -ਪ੍ਰੈੱਸ ਰਿਵੀਊ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਆਗਾਮੀ ਚੋਣਾਂ ਦੇ ਮੱਦੇਨਜ਼ਰ ਭਾਜਪਾ ਸਿੱਖਾਂ ਅਤੇ ਕਿਸਾਨਾਂ ਨੂੰ ਕੇਂਦਰ ਵਿੱਚ ਰੱਖ ਬੈਠਕਾਂ ਕਰ ਰਹੀ ਹੈ।

ਇਹ ਦੋਵੇਂ ਸੂਬੇ ਹੀ ਕਿਸਾਨ ਅੰਦੋਲਨ ਦੇ ਮਹੱਤਵਪੂਰਨ ਗੜ੍ਹ ਮੰਨੇ ਜਾ ਰਹੇ ਹਨ, ਜਿੱਥੇ ਕਰੀਬ ਇੱਕ ਸਾਲ ਤੋਂ ਕਿਸਾਨ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਹਨ।

ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ, ਇਸ ਦੌਰਾਨ ਪਾਰਟੀ ਪ੍ਰਧਾਨ ਜੇਪੀ ਨੱਢਾ ਨੇ ਇੱਕ ਵਾਰ ਮੁੜ ਸਿਆਸੀ ਮਤੇ 'ਤੇ ਟਿੱਪਣੀ ਕੀਤੀ।

ਉਨ੍ਹਾਂ ਨੇ ਦੁਹਰਾਇਆ ਕਿ ਕਿਵੇਂ ਨਰਿੰਦਰ ਮੋਦੀ ਦੀ ਸਰਕਾਰ ਨੇ ਖੇਤੀ ਖੇਤਰ ਵਿੱਚ ਮਦਦ ਕੀਤੀ ਹੈ ਅਤੇ ਸਿੱਖ ਭਾਈਚਾਰੇ ਦੇ ਸਮਰਥਨ ਵਿੱਚ ਸਾਹਮਣੇ ਆਈ ਹੈ।

ਉਨ੍ਹਾਂ ਨੇ ਕਿਹਾ, "ਅਜਿਹਾ ਕਿਸੇ ਹੋਰ ਸਰਕਾਰ ਨੇ ਪਹਿਲਾਂ ਨਹੀਂ ਕੀਤਾ ਹੈ।"

ਨੱਢਾ ਨੇ ਬੈਠਕ 'ਚ ਕਿਹਾ ਕਿ ਸਿੱਖ ਭਾਈਚਾਰੇ 'ਤੇ ਧਿਆਨ ਦੇਣਾ ਚਾਹੀਦਾ ਹੈ, ਜੋ ਪੰਜਾਬ ਵਿੱਚ ਵੱਧ ਗਿਣਤੀ ਹਨ ਅਤੇ ਕਿਸਾਨ ਅੰਦੋਲਨ ਵਿੱਚ ਵੀ ਬਹੁਮਤ ਰੱਖਦੇ ਹਨ।

ਉਨ੍ਹਾਂ ਨੇ ਦੱਸਿਆ ਕਿ ਪੀਐੱਮ ਮੋਦੀ ਨੇ ਗੁਰਦੁਆਰਿਆਂ 'ਤੇ ਜੀਐੱਸਟੀ ਹਟਾਇਆ, ਵਿਦੇਸ਼ੀ ਫੰਡ ਲਈ ਐੱਫਸੀਆਰਏ ਨੂੰ ਹਟਾਇਆ, ਕਰਤਾਰਪੁਰ ਲਾਂਘੇ ਦਾ ਵਿਕਾਸ ਕੀਤਾ ਅਤੇ 1984 ਦੇ ਦੰਗਿਆਂ ਦੇ ਮੁਲਜ਼ਮਾਂ ਦਾ ਭਾਲ ਲਈ ਇੱਕ ਐੱਸਆਈਟੀ ਦਾ ਗਠਨ ਕੀਤਾ।

ਇਸੇ ਤਰ੍ਹਾਂ ਉਨ੍ਹਾਂ ਨੇ ਕਿਸਾਨਾਂ ਲਈ ਕੀਤੇ ਗਏ ਉਨ੍ਹਾਂ ਦੀ ਸਰਕਾਰ ਵੱਲੋਂ ਕੰਮਾਂ ਨੂੰ ਗਿਣਵਾਇਆ।

ਜ਼ਿਕਰਯੋਗ ਹੈ ਕਿ ਭਾਜਪਾ ਪਹਿਲੀ ਵਾਲ ਪੰਜਾਬ ਵਿੱਚ ਇਕੱਲਿਆ ਚੋਣ ਲੜ ਜਾ ਰਹੀ ਹੈ, ਇਸ ਤੋਂ ਪਹਿਲਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਗਠਜੋੜ ਨਾਲ ਚੋਣਾਂ ਲੜਦੀ ਰਹੀ ਹੈ।

ਪਰ ਖੇਤੀ ਕਾਨੂੰਨਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲੋਂ ਗਠਜੋੜ ਤੋੜ ਲਿਆ ਸੀ।

ਇਹ ਵੀ ਪੜ੍ਹੋ-

ਕਿਸਾਨਾਂ ਦੇ ਸਮਰਥਨ ਲਈ ਆਪਣਾ ਅਹੁਦਾ ਛੱਡਣ ਲਈ ਵੀ ਤਿਆਰ˸ ਸੱਤਿਆਪਾਲ ਮਲਿਕ

ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਕਿਹਾ ਕਿ ਦਿੱਲੀ ਦੇ ਆਗੂ "ਕੁੱਤਿਆਂ ਦੇ ਮਰਨ 'ਤੇ ਸੋਗ ਕਰਦੇ ਹਨ" ਪਰ ਕਿਸਾਨਾਂ ਦੀ ਮੌਤ ਦੀ ਪਰਵਾਹ ਨਹੀਂ ਕਰਦੇ।

ਉਨ੍ਹਾਂ ਨੇ ਕਿਹਾ ਉਹ ਕਿਸਾਨਾਂ ਦੇ ਸਮਰਥਨ ਲਈ ਆਪਣੇ ਅਹੁਦੇ ਤੋਂ ਵੀ ਹਟਣ ਲਈ ਤਿਆਰ ਹਨ।

ਇੰਡੀਅਨ ਐਕਸਪ੍ਰੈੱਸ ਮੁਤਾਬਕ ਸੱਤਿਆਪਾਲ ਮਲਿਕ ਨੇ ਸੈਂਟਰਲ ਵਿਸਟਾ ਪ੍ਰੋਜੈਕਟ ਦੀ ਵੀ ਆਲੋਚਨਾ ਕੀਤੀ।

ਉਨ੍ਹਾਂ ਨੇ ਕਿਹਾ ਕਿ ਇੱਕ ਅਜਿਹੀ ਇਮਾਰਤ, ਜਿਸ ਵਿੱਚ ਪ੍ਰਧਾਨ ਮੰਤਰੀ ਦਿਲਚਸਪੀ ਲੈ ਰਹੇ ਹਨ, ਇਸ ਤੋਂ ਚੰਗਾ ਤਾਂ ਇੱਕ ਵਿਸ਼ਵ ਪੱਧਰ ਕਾਲਜ ਬਣਾਉਣਾ ਬਿਹਤਰ ਹੋਵੇਗਾ

ਦਰਅਸਲ, ਸੱਤਿਆਪਾਲ ਪਾਲ ਪਹਿਲਾਂ ਵੀ ਕਿਸਾਨਾਂ ਦੇ ਸਮਰਥਨ ਵਿੱਚ ਲਗਾਤਾਰ ਟਿੱਪਣੀਆਂ ਕਰਦੇ ਰਹੇ ਹਨ।

ਇਸ ਦੇ ਨਾਲ ਹੀ ਉਹ ਭਾਜਪਾ ਸਰਕਾਰ 'ਤੇ ਸਿੱਧੇ ਅਤੇ ਅਸਿੱਧੇ ਤੌਰ 'ਤੇ ਨਿਸ਼ਾਨਾਂ ਸਾਧਦੇ ਨਜ਼ਰ ਆਏ ਹਨ।

ਮੈਂ ਹਿੰਦੂ ਹਾਂ ਇਸ ਲਈ ਮੰਦਿਰ ਜਾਂਦਾ ਹਾਂ˸ ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਣਜੀ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਇੱਕ ਹਿੰਦੂ ਹੋਣ ਦੇ ਕਰਕੇ ਮੰਦਿਰ ਜਾਂਦੇ ਹਨ।

ਦਰਅਸਲ ਅਰਵਿੰਦ ਕੇਜਰੀਵਾਲ 'ਤੇ ਪੰਜ ਸੂਬਿਆਂ ਦੀਆਂ ਆਗਾਮੀ ਚੋਣਾਂ ਤੋਂ ਪਹਿਲਾਂ "ਨਰਮ ਹਿੰਦੂਤਵ" ਦੇ ਇਲਜ਼ਾਮਾਂ ਦੇ ਜਵਾਬ ਦੇ ਰਹੇ ਸਨ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਉਨ੍ਹਾਂ ਨੇ ਕਿਹਾ, "ਕੀ ਤੁਸੀਂ ਮੰਦਿਰ ਨਹੀਂ ਜਾਂਦੇ? ਮੰਦਿਰ ਜਾਣ ਵਿੱਚ ਕੁਝ ਵੀ ਗ਼ਲਤ ਨਹੀਂ ਹੈ।"

"ਮੈਂ ਹਿੰਦੂ ਹਾਂ, ਮੈਂ ਰਾਮ ਮੰਦਿਰ ਜਾਂਦਾ ਹਾਂ, ਹਨੂੰਮਾਨ ਮੰਦਿਰ ਜਾਂਦਾ ਹੈ...ਕਿਸੇ ਨੂੰ ਇਸ ਨਾਲ ਕੀ ਪਰੇਸ਼ਾਨੀ ਹੋਵੇਗੀ? ਉਹ ਮੇਰੇ 'ਤੇ ਇਲਜ਼ਾਮ ਕਿਉਂ ਲਗਾ ਰਹੇ ਹਨ?"

ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਲਈ 'ਆਪ' ਨੇ ਪਿਛਲੇ ਦਿਨੀਂ ਅਯੁੱਧਿਆਂ ਵਿੱਚ ਤਿਰੰਗਾ ਯਾਤਰਾ ਦਾ ਐਲਾਨ ਕੀਤਾ ਸੀ।

ਤਿਰੰਗਾ ਯਾਤਰਾ ਦੀ ਸ਼ੁਰੂਆਤ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਯੂਪੀ ਦੇ ਇੰਚਾਰਜ਼ ਸੰਜੇ ਸਿੰਘ ਨੇ ਕੀਤੀ ਸੀ, ਜਿਨ੍ਹਾਂ ਇਸ ਦੌਰਾਨ ਅਯੁੱਧਿਆ 'ਚ ਰਾਮ ਜਨਮ ਭੂਮੀ ਅਤੇ ਹਨੂਮਾਨਗੜ੍ਹੀ ਦੇ ਦਰਸ਼ਨ ਵੀ ਕੀਤੇ ਸਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)