ਤਾਰਕ ਸਿਨ੍ਹਾ: 'ਉਸਤਾਦ ਜੀ', ਜਿਨ੍ਹਾਂ ਨੇ 12 ਕੌਮਾਂਤਰੀ ਪੱਧਰ ਦੇ ਕ੍ਰਿਕਟਰ ਕੀਤੇ ਤਿਆਰ

ਤਸਵੀਰ ਸਰੋਤ, RISHAB PANT/TWITTER
- ਲੇਖਕ, ਸੂਰਿਆਂਸ਼ੀ ਪਾਂਡੇ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
"ਮੈਂ 9 ਸਾਲ ਦੀ ਉਮਰ ਵਿੱਚ ਉਨ੍ਹਾਂ ਤੋਂ ਟ੍ਰੇਨਿੰਗ ਲੈਣੀ ਸ਼ੁਰੂ ਕੀਤੀ ਸੀ ਅਤੇ ਉਦੋਂ ਕਲੱਬ ਦੀ ਫੀਸ ਕੇਵਲ 50 ਰੁਪਏ ਹੁੰਦੀ ਸੀ। ਤੁਸੀਂ ਸਮਝ ਲਵੋ, ਉਹ ਉਨ੍ਹਾਂ ਖਿਡਾਰੀਆਂ ਤੋਂ ਫੀਸ ਵੀ ਨਹੀਂ ਲੈਂਦੇ ਸਨ ਜੋ ਆਰਥਿਕ ਤੌਰ 'ਤੇ ਕਮਜ਼ੋਰ ਸਨ। ਉਨ੍ਹਾਂ ਨੂੰ ਮੁਫਤ ਵਿੱਚ ਸਿਖਾਉਂਦੇ ਸਨ।"
- ਆਕਾਸ਼ ਚੋਪੜਾ, ਕ੍ਰਿਕਟ ਕਮੈਂਟੇਟਰ ਅਤੇ ਸਾਬਕਾ ਕ੍ਰਿਕਟਰ
"ਦਸੰਬਰ 2001 ਵਿੱਚ, ਜਦੋਂ ਉਹ ਮਹਿਲਾ ਕ੍ਰਿਕਟ ਟੀਮ ਦੇ ਕੋਚ ਸਨ, ਮੈਂ ਕਪਤਾਨ ਬਣੀ ਅਤੇ ਸਾਡੀ ਟੀਮ ਨੇ ਪਹਿਲੀ ਵਾਰ ਇੰਗਲੈਂਡ ਨੂੰ 5-0 ਨਾਲ ਵੰਨਡੇ ਵਿੱਚ ਹਰਾਇਆ ਸੀ।"
- ਅੰਜੁਮ ਚੋਪੜਾ, ਕ੍ਰਿਕਟ ਕਮੈਂਟੇਟਰ ਅਤੇ ਸਾਬਕਾ ਮਹਿਲਾ ਕ੍ਰਿਕਟ ਕਪਤਾਨ
ਇਨ੍ਹਾਂ ਕਿੱਸਿਆਂ ਰਾਹੀਂ ਜਿਸ ਸ਼ਖਸ ਨੂੰ ਯਾਦ ਕੀਤਾ ਜਾ ਰਿਹਾ ਹੈ, ਉਨ੍ਹਾਂ ਨੇ ਭਾਰਤੀ ਕ੍ਰਿਕਟ ਜਗਤ ਨੂੰ ਕਰੀਬ 12 ਅੰਤਰਰਾਸ਼ਟਰੀ ਖਿਡਾਰੀ ਦਿੱਤੇ , ਜਿਨ੍ਹਾਂ ਵਿੱਚੋਂ ਰਿਸ਼ਭ ਪੰਤ ਅਤੇ ਸ਼ਿਖਰ ਧਵਨ ਅੱਜ ਦੇ ਸਮੇਂ ਵਿੱਚ ਟੀਮ ਇੰਡੀਆ ਲਈ ਖੇਡ ਰਹੇ ਹਨ।
ਦਿੱਲੀ ਦੇ ਘਰੇਲੂ ਕ੍ਰਿਕਟ ਦੇ ਮਹਾਨ ਕੋਚ ਰਹੇ ਤਾਰਕ ਸਿਨ੍ਹਾ ਦਾ 5 ਨਵੰਬਰ ਨੂੰ ਫੇਫੜਿਆਂ ਦੇ ਕੈਂਸਰ ਕਾਰਨ ਦੇਹਾਂਤ ਹੋ ਗਿਆ।
ਇਹ ਵੀ ਪੜ੍ਹੋ:
ਉਨ੍ਹਾਂ ਨੇ 1969 ਵਿੱਚ ਦਿੱਲੀ 'ਚ ਆਪਣੀ ਕਲਰਕ ਦੀ ਨੌਕਰੀ ਤੋਂ ਇਕੱਠੇ ਕੀਤੇ ਪੈਸਿਆਂ ਨਾਲ ਸੋਨੇਟ ਕਲੱਬ ਦੀ ਸਥਾਪਨਾ ਕੀਤੀ ਸੀ। ਉਸੇ ਕਲੱਬ ਤੋਂ ਸ਼ੁਰੂਆਤ ਕਰਕੇ ਰਮਨ ਲਾਂਬਾ ਤੋਂ ਲੈ ਕੇ ਰਿਸ਼ਭ ਪੰਤ ਤੱਕ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਆਪਣੀ ਥਾਂ ਬਣਾਈ।
ਜਦੋਂ ਅਸੀਂ ਦਿੱਲੀ ਯੂਨੀਵਰਸਿਟੀ ਸਥਿਤ ਉਨ੍ਹਾਂ ਦੇ ਸੋਨੇਟ ਕਲੱਬ ਪਹੁੰਚੇ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਅੰਤਮ ਦਰਸ਼ਨਾਂ ਲਈ ਵੀਰੇਂਦਰ ਸਹਿਵਾਗ ਅਤੇ ਉਨ੍ਹਾਂ ਦਾ ਪਰਿਵਾਰ, ਰਿਸ਼ਭ ਪੰਤ ਦਾ ਪਰਿਵਾਰ, ਆਸ਼ੀਸ਼ ਨੇਹਰਾ ਦਾ ਪਰਿਵਾਰ, ਸਾਬਕਾ ਕ੍ਰਿਕਟਰ ਅਤੁਲ ਵਾਸਨ ਅਤੇ ਆਕਾਸ਼ ਚੋਪੜਾ ਦਾ ਪਰਿਵਾਰ ਉੱਥੇ ਪਹੁੰਚਿਆ ਹੋਇਆ ਸੀ।
ਪੂਰਾ ਕ੍ਰਿਕਟ ਮੈਦਾਨ ਮੌਜੂਦਾ ਨੌਜਵਾਨ ਖਿਡਾਰੀਆਂ, ਸਾਬਕਾ ਕੋਚਾਂ, ਕ੍ਰਿਕਟਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਭਰਿਆ ਹੋਇਆ ਸੀ। ਇਹ ਨਜ਼ਾਰਾ, ਖਿਡਾਰੀਆਂ ਦੇ ਦਿਲਾਂ ਵਿੱਚ ਬੈਠੇ ਉਨ੍ਹਾਂ ਦੇ ਸਤਿਕਾਰ ਦੀ ਤਸਵੀਰ ਪੇਸ਼ ਕਰ ਰਿਹਾ ਸੀ।

ਤਸਵੀਰ ਸਰੋਤ, TWITTER
ਉਸ ਨੂੰ ਯਾਦ ਕਰਦਿਆਂ ਸਾਬਕਾ ਕ੍ਰਿਕਟਰ ਸੰਜੀਵ ਸ਼ਰਮਾ ਨੇ ਬੀਬੀਸੀ ਨੂੰ ਦੱਸਿਆ, "ਰਮਨ ਲਾਂਬਾ ਨੇ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਆਸ਼ੀਸ਼ ਨੇਹਰਾ 'ਤੇ ਕਿਉਂ ਮਿਹਨਤ ਕਰ ਰਹੇ ਹੋ? ਇਸ ਵਿੱਚ ਉਹ ਗੱਲ ਨਹੀਂ ਲੱਗ ਰਹੀ, ਤਾਂ ਉਸਤਾਦ ਜੀ ਕਹਿੰਦੇ ਹਨ - ਨਹੀਂ, ਇਹ ਖਿਡਾਰੀ ਬਹੁਤ ਅੱਗੇ ਤੱਕ ਜਾਵੇਗਾ।"
ਇਸੇ ਤਰ੍ਹਾਂ ਅਤੁਲ ਵਾਸਨ ਕਹਿੰਦੇ ਹਨ, "ਮੈਂ 4 ਸਾਲ ਤੱਕ ਡੀਡੀਸੀਏ ਦਾ ਸਿਲੈਕਟਰ ਰਿਹਾ ਪਰ ਕਦੇ ਵੀ ਉਸਤਾਦ ਜੀ ਨੇ ਮੈਨੂੰ ਫੋਨ ਕਰਕੇ ਕਿਸੇ ਦੀ ਸਿਫ਼ਾਰਸ਼ ਨਹੀਂ ਕੀਤੀ।"
ਖੇਡ ਪੱਤਰਕਾਰ ਇੰਦਰਨੀਲ ਬਸੂ ਦੱਸਦੇ ਹਨ ਕਿ ਤਾਰਕ ਸਿਨ੍ਹਾ ਨੂੰ 2018 ਵਿੱਚ ਦਰੋਣਾਚਾਰਿਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ, ਪਰ ਉਹ ਆਪਣੀ ਅਸਲ ਪ੍ਰਾਪਤੀ ਖਿਡਾਰੀਆਂ ਨੂੰ ਕ੍ਰਿਕਟ ਦੀਆਂ ਬਰੀਕੀਆਂ ਸਿਖਾਉਣ ਅਤੇ ਉਨ੍ਹਾਂ ਨੂੰ ਅੱਗੇ ਵਧਾਉਣ ਵਿੱਚ ਹੀ ਮੰਨਦੇ ਸਨ।
ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਨਾਮ (ਪਹਿਚਾਣ) ਅਤੇ ਇਨਾਮ ਦੀ ਕੋਈ ਭੁੱਖ ਨਹੀਂ ਸੀ। ਇਸ ਦੀ ਉਦਾਹਰਣ ਇਸ ਗੱਲ ਤੋਂ ਮਿਲਦੀ ਹੈ ਕਿ ਕਈ ਦਿੱਗਜ ਖਿਡਾਰੀਆਂ ਨੇ ਉਨ੍ਹਾਂ ਦੀ ਇੱਛਾ ਦੇ ਵਿਰੁੱਧ ਜਾ ਕੇ ਹੀ ਦਰੋਣਾਚਾਰਿਆ ਪੁਰਸਕਾਰ ਲਈ ਉਨ੍ਹਾਂ ਦੀ ਨਾਮਜ਼ਦਗੀ ਕਰਵਾਈ ਸੀ।
ਜਦੋਂ ਜੂਨੀਅਰ ਟੀਮ ਵਿੱਚ ਨਹੀਂ ਚੁਣੇ ਗਏ ਤਾਂ ਖੋਲ੍ਹ ਦਿੱਤੀ ਅਕੈਡਮੀ
ਤਾਰਕ ਸਿਨ੍ਹਾ ਦਿੱਲੀ ਦੇ ਕਮਲਾ ਨਗਰ ਦੇ ਸਰਕਾਰੀ ਸਕੂਲ (ਬਿਰਲਾ ਸਕੂਲ) ਦੇ ਵਿਕਟਕੀਪਰ-ਬੱਲੇਬਾਜ਼ ਸਨ। ਉਹ ਸੀਕੇ ਨਾਇਡੂ ਟਰਾਫੀ ਲਈ ਦਿੱਲੀ ਦੀ ਜੂਨੀਅਰ ਟੀਮ 'ਚ ਜਗ੍ਹਾ ਮਿਲਣ ਦੀ ਉਮੀਦ ਲਗਾਈ ਬੈਠੇ ਸਨ, ਪਰ ਉਨ੍ਹਾਂ ਦੀ ਚੋਣ ਨਹੀਂ ਹੋਈ।
ਇਸ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਅੱਗੇ ਜਾ ਕੇ ਇੱਕ ਕ੍ਰਿਕਟ ਅਕੈਡਮੀ ਖੋਲ੍ਹਣ ਦਾ ਮਨ ਬਣਾ ਲਿਆ, ਜਿੱਥੇ ਸਰਕਾਰੀ ਸਕੂਲਾਂ ਦੇ ਨੌਜਵਾਨ ਖਿਡਾਰੀਆਂ ਨੂੰ ਚੰਗੇ ਪੱਧਰ 'ਤੇ ਸਿਖਲਾਈ ਦਿੱਤੀ ਜਾ ਸਕੇ। ਸਾਲ 1969 ਵਿੱਚ ਉਨ੍ਹਾਂ ਨੇ ਸੋਨੇਟ ਕਲੱਬ ਬਣਾਇਆ, ਜਿਸ ਦੀ ਸ਼ੁਰੂਆਤ ਸਰਕਾਰੀ ਬਿਰਲਾ ਸਕੂਲ ਤੋਂ ਹੀ ਹੋਈ।

ਤਸਵੀਰ ਸਰੋਤ, SANJEEV SHARMA
ਬਾਅਦ ਵਿੱਚ, ਤਾਰਕ ਸਿਨ੍ਹਾ ਦਿੱਲੀ ਯੂਨੀਵਰਸਿਟੀ ਦੇ ਪੀਜੀਡੀਏਵੀ ਕਾਲਜ ਵਿੱਚ ਕਲਰਕ ਵਜੋਂ ਨੌਕਰੀ ਕਰਨ ਲੱਗੇ ਅਤੇ ਉੱਥੋਂ ਮਿਲਦੀ ਤਨਖਾਹ ਨਾਲ ਆਪਣੇ ਕਲੱਬ ਨੂੰ ਹੋਰ ਬਿਹਤਰ ਬਣਾਉਣਾ ਸ਼ੁਰੂ ਕਰ ਦਿੱਤਾ।
ਜਦੋਂ ਇਹ ਕਲੱਬ 20 ਬੱਚਿਆਂ ਨਾਲ ਸ਼ੁਰੂ ਹੋਇਆ ਸੀ ਤਾਂ ਕਿਸੇ ਨੂੰ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਅੱਗੇ ਜਾ ਕੇ ਇਹ ਦਿੱਲੀ ਦੇ ਮੰਨੇ-ਪਰਮੰਨੇ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਦਾ ਮੁਕਾਬਲਾ ਕਰੇਗਾ ਅਤੇ ਦਿੱਲੀ ਦਾ ਪ੍ਰਮੁੱਖ ਮੁਕਾਬਲੇ ਜਿੱਤੇਗਾ।
ਡੀਡੀਸੀਏ (ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ) ਨੇ 1971 ਵਿੱਚ ਇਸ ਕਲੱਬ ਨੂੰ ਮਾਨਤਾ ਦਿੱਤੀ। ਸਿਰਫ ਇੰਨਾ ਹੀ ਨਹੀਂ, ਪੈਸਿਆਂ ਦੀ ਟੰਗੀ ਅਤੇ ਸਹੂਲਤਾਂ ਲਈ ਇਸ ਕ੍ਰਿਕਟ ਕਲੱਬ ਨੂੰ ਕਈ ਵਾਰ ਜਗ੍ਹਾ ਵੀ ਬਦਲਣੀ ਪਈ। ਸਭ ਤੋਂ ਪਹਿਲਾਂ ਇਹ ਬਿਰਲਾ ਸਕੂਲ ਵਿੱਚ ਸੀ, ਫਿਰ ਅਜਮਲ ਖਾਨ ਪਾਰਕ ਇਸਦਾ ਨਵਾਂ ਟਿਕਾਣਾ ਬਣ ਗਿਆ। ਉਸ ਤੋਂ ਬਾਅਦ ਡੀਸੀਐਮ ਗਰਾਊਂਡ, ਫਿਰ ਡੀਯੂ ਦਾ ਰਾਜਧਾਨੀ ਕਾਲਜ ਅਤੇ ਮੌਜੂਦਾ ਸਮੇਂ ਵਿੱਚ ਇਹ ਵੈਂਕਟੇਸ਼ਵਰ ਕਾਲਜ ਗਰਾਊਂਡ ਵਿੱਚ ਸਥਿਤ ਹੈ।
ਮਾੜੇ ਸਮੇਂ ਵਿੱਚ ਖਿਡਾਰੀਆਂ ਦਾ ਸਹਾਰਾ
ਅਤੁਲ ਵਾਸਨ ਦੱਸਦੇ ਹਨ ਕਿ ਉਹ 14 ਸਾਲ ਦੀ ਉਮਰ ਵਿੱਚ ਸੋਨੇਟ ਕਲੱਬ ਗਏ ਸਨ। ਅਤੇ ਉੱਥੇ ਹੀ ਉਨ੍ਹਾਂ ਨੇ ਤਾਰਕ ਸਿਨ੍ਹਾ ਤੋਂ ਕੜੀ ਮਿਹਨਤ ਕਰਨ ਅਤੇ ਬੁਰੇ ਸਮੇਂ ਵਿੱਚ ਵੀ ਹੌਂਸਲਾ ਰੱਖਣ ਦੀ ਕਲਾ ਸਿੱਖੀ।
ਉਹ ਯਾਦ ਕਰਦੇ ਹਨ ਕਿ ਸੋਨੇਟ ਕਲੱਬ ਵਿੱਚ ਕੋਈ ਅਮੀਰ-ਗਰੀਬ ਨਹੀਂ ਹੁੰਦਾ ਸੀ। ਸਾਰਿਆਂ ਨੂੰ ਇਕ ਪੱਧਰ 'ਤੇ ਰੱਖਿਆ ਜਾਂਦਾ ਸੀ। ਸਾਰੇ ਬੱਚਿਆਂ ਨੂੰ ਵਿਕਟ ਲਗਾਉਣ ਤੋਂ ਲੈ ਕੇ ਪਿਚ 'ਤੇ ਆਪ ਰੋਲਰ ਚਲਾਉਣਾ ਸਿਖਾਇਆ ਜਾਂਦਾ ਸੀ। ਉਸ ਤੋਂ ਬਾਅਦ ਹੀ ਉਨ੍ਹਾਂ ਦੀ ਕੋਚਿੰਗ ਸ਼ੁਰੂ ਹੁੰਦੀ ਸੀ।
ਉਨ੍ਹਾਂ ਨੂੰ ਇਕ ਕਿੱਸਾ ਯਾਦ ਆਇਆ, ਜਦੋਂ ਉਨ੍ਹਾਂ ਦਾ ਪ੍ਰਦਰਸ਼ਨ ਚੰਗਾ ਨਹੀਂ ਚੱਲ ਰਿਹਾ ਸੀ। ਉਸ ਸਮੇਂ ਉਨ੍ਹਾਂ ਨੇ ਕ੍ਰਿਕਟ ਛੱਡਣ ਦਾ ਮਨ ਬਣਾ ਲਿਆ ਸੀ। ਜਦੋਂ 'ਉਸਤਾਦ ਜੀ' (ਤਾਰਕ ਸਿਨ੍ਹਾ ਨੂੰ ਸਾਰੇ ਪਿਆਰ ਨਾਲ ਉਸਤਾਦ ਜੀ ਕਹਿ ਕੇ ਬੁਲਾਉਂਦੇ ਹਨ) ਨੂੰ ਪਤਾ ਲੱਗਾ ਤਾਂ ਉਹ ਸਿੱਧੇ ਅਤੁਲ ਵਾਸਨ ਦੇ ਘਰ ਚਲੇ ਗਏ ਅਤੇ ਉੱਥੇ ਜਾ ਕੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਿਤਾ ਨੂੰ ਚੰਗੀ ਤਰ੍ਹਾਂ ਸਮਝਾਇਆ।

ਤਸਵੀਰ ਸਰੋਤ, AAKASH CHOPRA/TWITTER
ਅਤੁਲ ਵਾਸਨ ਕਹਿੰਦੇ ਹਨ, ''ਕਿਹੜਾ ਕੋਚ ਇੰਨਾ ਧਿਆਨ ਦਿੰਦਾ ਹੈ? ਉਹ ਉਸ ਵੇਲੇ ਆਪਣੇ ਖਿਡਾਰੀਆਂ ਦਾ ਹੱਥ ਫੜਦੇ ਸਨ ਜਦੋਂ ਉਹ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਉਂਦੇ ਸਨ। ਉਨ੍ਹਾਂ ਕਰਕੇ ਹੀ ਤੁਸੀਂ ਮੈਨੂੰ ਭਾਰਤੀ ਟੀਮ ਵਿੱਚ ਖੇਡਦੇ ਹੋਏ ਵੇਖ ਸਕੇ, ਕਿਉਂਕਿ ਉਨ੍ਹਾਂ ਨੇ ਮੈਨੂੰ ਸੰਭਾਲੀ ਰੱਖਿਆ।''
ਇਸੇ ਤਰ੍ਹਾਂ ਆਕਾਸ਼ ਚੋਪੜਾ ਨੇ ਦੱਸਿਆ ਕਿ 9 ਸਾਲ ਦੀ ਉਮਰ 'ਚ ਉਨ੍ਹਾਂ ਨੇ ਕਲੱਬ 'ਚ ਖੇਡਣਾ ਸ਼ੁਰੂ ਕੀਤਾ ਸੀ। ਆਕਾਸ਼ ਚੋਪੜਾ ਕਹਿੰਦੇ ਹਨ, ''ਉਨ੍ਹਾਂ ਦਾ ਸਭ ਤੋਂ ਵੱਡਾ ਹੁਨਰ ਛੋਟੀ ਉਮਰ 'ਚ ਪ੍ਰਤਿਭਾ ਨੂੰ ਪਛਾਣ ਲੈਣਾ ਸੀ। ਉਹ ਤਾਂ ਇੱਥੋਂ ਤੱਕ ਵੀ ਅੰਦਾਜ਼ਾ ਲਗਾ ਲੈਂਦੇ ਸਨ ਕਿ ਕੋਈ ਖਿਡਾਰੀ ਕਿੰਨੀ ਅੱਗੇ ਤੱਕ ਜਾ ਸਕਦਾ ਹੈ। ਨਾਲ ਹੀ ਉਹ ਗਰੀਬ ਬੱਚਿਆਂ ਨੂੰ ਮੁਫਤ ਟ੍ਰੇਨਿੰਗ ਦਿੰਦੇ ਸਨ।''
ਜਦੋਂ ਆਸ਼ੀਸ਼ ਨੇਹਰਾ ਨੇ 'ਉਸਤਾਦ ਜੀ' ਲਈ ਘਰ ਖਰੀਦਿਆ
ਤਾਰਕ ਸਿਨ੍ਹਾ ਦੇ ਕਲੱਬ ਵਿੱਚ ਹੀ ਕ੍ਰਿਕਟ ਸਿੱਖਣ ਵਾਲੇ ਸਾਬਕਾ ਟੈਸਟ ਕ੍ਰਿਕਟਰ ਸੰਜੀਵ ਸ਼ਰਮਾ ਇੱਕ ਕਿੱਸਾ ਦੱਸਦੇ ਹਨ, ''ਜਦੋਂ ਆਸ਼ੀਸ਼ ਨੇਹਰਾ ਆਪਣੀ ਪਛਾਣ ਬਣਾ ਚੁੱਕੇ ਸਨ, ਉਦੋਂ ਇੱਕ ਵਾਰ ਉਹ ਉਸਤਾਦ ਜੀ ਦਾ ਸੋਨੇਟ ਕਲੱਬ ਵਿੱਚ ਇੰਤਜ਼ਾਰ ਕਰ ਰਹੇ ਸਨ। ਉਸਤਾਦ ਜੀ ਕਾਫੀ ਦੇਰੀ ਨਾਲ ਆਏ ਤਾਂ ਆਸ਼ੀਸ਼ ਨੇ ਪੁੱਛਿਆ ਕਿ ਤੁਸੀਂ ਜਲਦੀ ਕਿਉਂ ਨਹੀਂ ਆਉਂਦੇ?
ਇਸ 'ਤੇ ਤਾਰਕ ਸਿਨ੍ਹਾ ਨੇ ਜਵਾਬ ਦਿੱਤਾ ਕਿ 'ਮੇਰਾ ਘਰ ਗਾਜ਼ਿਆਬਾਦ 'ਚ ਹੈ। ਹੁਣ ਜੇ ਮੈਂ ਇੰਨੀ ਦੂਰੋਂ ਆਵਾਂਗਾ ਤਾਂ ਸਮਾਂ ਤਾਂ ਲੱਗੇਗਾ ਹੀ।' ਇਹ ਸੁਣਨ ਤੋਂ ਬਾਅਦ ਆਸ਼ੀਸ਼ ਨੇਹਰਾ ਨੇ ਉਸਤਾਦ ਜੀ ਲਈ ਦਵਾਰਕਾ ਵਿੱਚ ਇੱਕ ਘਰ ਲੈ ਦਿੱਤਾ।
ਇੰਨਾ ਹੀ ਨਹੀਂ, ਸਮੇਂ-ਸਮੇਂ 'ਤੇ ਵੱਡੇ ਖਿਡਾਰੀ ਉਨ੍ਹਾਂ ਦੇ ਕਲੱਬ ਲਈ ਆਰਥਿਕ ਤੌਰ 'ਤੇ ਵੀ ਮਦਦ ਕਰਦੇ ਰਹੇ ਹਨ। ਹਾਲਾਂਕਿ, ਉਨ੍ਹਾਂ ਨੇ ਕਦੇ ਆਪ ਕਿਸੇ ਕੋਲ ਜਾ ਕੇ ਕੁਝ ਨਹੀਂ ਮੰਗਿਆ।
ਉਨ੍ਹਾਂ ਦੀ ਕੋਚਿੰਗ ਦੇ ਤਰੀਕੇ ਬਾਰੇ ਸੰਜੀਵ ਸ਼ਰਮਾ ਦੱਸਦੇ ਹਨ ਕਿ ਉਹ ਗੇਂਦਬਾਜ਼ ਅਤੇ ਬੱਲੇਬਾਜ਼ ਦੋਵਾਂ ਦੀ ਤਕਨੀਕ 'ਤੇ ਕੰਮ ਕਰਦੇ ਸਨ। ਉਹ ਗਰਮੀਆਂ ਦੇ ਮੌਸਮ ਵਿੱਚ ਸਪਿਨਰਾਂ ਨੂੰ ਅਤੇ ਸਰਦੀਆਂ ਵਿੱਚ ਤੇਜ਼ ਗੇਂਦਬਾਜ਼ਾਂ ਨੂੰ ਸਖ਼ਤ ਸਿਖਲਾਈ ਦਿੰਦੇ ਸਨ।
ਮਹਿਲਾ ਕ੍ਰਿਕਟ 'ਚ ਅਹਿਮ ਯੋਗਦਾਨ
ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਕਪਤਾਨ ਰਹੇ ਅੰਜੁਮ ਚੋਪੜਾ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਦੱਸਿਆ ਕਿ ਦਸੰਬਰ 2001 ਵਿੱਚ ਜਦੋਂ ਉਨ੍ਹਾਂ ਨੂੰ ਕਪਤਾਨ ਚੁਣਿਆ ਗਿਆ, ਉਸ ਸਮੇਂ ਤਾਰਕ ਸਿਨ੍ਹਾ ਹੀ ਕੋਚ ਸਨ। ਉਨ੍ਹਾਂ ਦੇ ਸਮੇਂ ਦੌਰਾਨ ਹੀ 2002 ਵਿੱਚ ਮਹਿਲਾ ਕ੍ਰਿਕਟ ਟੀਮ ਨੇ ਪਹਿਲੀ ਵਾਰ ਵਿਦੇਸ਼ੀ ਟੀਮ ਨੂੰ ਘਰੇਲੂ ਵਨਡੇ ਮੁਕਾਬਲਿਆਂ ਵਿੱਚ 5-0 ਨਾਲ ਹਰਾਇਆ ਸੀ। ਉਸ ਵੇਲੇ ਇੰਗਲੈਂਡ ਦੀ ਟੀਮ ਵਨਡੇ ਸੀਰੀਜ਼ ਲਈ ਭਾਰਤ ਆਈ ਸੀ।
ਉਹ ਦੱਸਦੇ ਹਨ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਕਿਸੇ ਵਿਦੇਸ਼ੀ ਧਰਤੀ 'ਤੇ ਜਿਹੜੀ ਪਹਿਲੀ ਟੈਸਟ ਸੀਰੀਜ਼ ਜਿੱਤੀ, ਉਹ ਵੀ ਉਨ੍ਹਾਂ ਦੀ ਹੀ ਕੋਚਿੰਗ ਦੇ ਸਮੇਂ ਦੱਖਣੀ ਅਫਰੀਕਾ ਖਿਲਾਫ ਖੇਡੀ ਗਈ ਸੀਰੀਜ਼ ਸੀ।
ਸੰਜੀਵ ਸ਼ਰਮਾ ਅਨੁਸਾਰ, ''ਜਦੋਂ ਉਹ ਰਾਜਸਥਾਨ ਕ੍ਰਿਕਟ ਐਸੋਸੀਏਸ਼ਨ ਦੇ ਇੱਕ ਮੁੱਖ ਅਹੁਦੇਦਾਰ ਬਣੇ, ਉਦੋਂ ਦੋ ਸਾਲਾਂ ਤੱਕ ਰਾਜਸਥਾਨ ਟੀਮ ਰਣਜੀ ਟਰਾਫੀ ਦੀ ਜੇਤੂ ਰਹੀ। ਚੰਗੇ ਖਿਡਾਰੀ ਨੂੰ ਪਰਖਣ ਦੀ ਉਨ੍ਹਾਂ ਕੋਲ ਕੁਦਰਤੀ ਪ੍ਰਤਿਭਾ ਸੀ। ਨਾਲ ਹੀ, ਉਹ ਕਈ ਵਿਦੇਸ਼ੀ ਕ੍ਰਿਕਟ ਕੋਚਾਂ ਜਾਂ ਖਿਡਾਰੀਆਂ ਦੀਆਂ ਕਿਤਾਬਾਂ ਵੀ ਪੜ੍ਹਦੇ ਰਹਿੰਦੇ ਸਨ।

ਤਸਵੀਰ ਸਰੋਤ, PTI
ਕਈ ਖਿਡਾਰੀਆਂ ਨੂੰ ਮਹਾਨ ਬੁਲੰਦੀਆਂ 'ਤੇ ਪਹੁੰਚਾਉਣ ਤੋਂ ਬਾਅਦ ਵੀ 'ਉਸਤਾਦ ਜੀ' ਅੰਤ ਤੱਕ ਆਪ ਸਾਦਾ ਜੀਵਨ ਹੀ ਬਤੀਤ ਕਰਦੇ ਰਹੇ। ਉਨ੍ਹਾਂ ਨੇ ਕਦੇ ਪਰਿਵਾਰ ਨਹੀਂ ਬਣਾਇਆ, ਵਿਆਹ ਨਹੀਂ ਕੀਤਾ। ਕ੍ਰਿਕੇਟ ਨੂੰ ਆਪਣਾ ਜੀਵਨ ਸਾਥੀ ਮੰਨਦਿਆਂ, ਉਹ ਖਿਡਾਰੀਆਂ ਦੀ ਪ੍ਰਤਿਭਾ ਵਿੱਚ ਹੀ ਆਪਣਾ ਪਰਿਵਾਰ ਤਲਾਸ਼ਦੇ ਰਹੇ।
ਜਿਨ੍ਹਾਂ 12 ਅੰਤਰਰਾਸ਼ਟਰੀ ਰਾਸ਼ਟਰੀ ਖਿਡਾਰੀਆਂ ਨੂੰ ਉਨ੍ਹਾਂ ਨੇ ਸਿਖਾਇਆ, ਉਹ ਹਨ: ਰਿਸ਼ਭ ਪੰਤ, ਸ਼ਿਖਰ ਧਵਨ, ਆਕਾਸ਼ ਚੋਪੜਾ, ਅੰਜੁਮ ਚੋਪੜਾ, ਆਸ਼ੀਸ਼ ਨੇਹਰਾ, ਅਤੁਲ ਵਾਸਨ, ਸੰਜੀਵ ਸ਼ਰਮਾ, ਕੇਪੀ ਭਾਸਕਰ, ਅਜੈ ਸ਼ਰਮਾ, ਮਨੋਜ ਪ੍ਰਭਾਕਰ, ਰਮਨ ਲਾਂਬਾ, ਸੁਰੇਂਦਰ ਖੰਨਾ ਅਤੇ ਰਣਧੀਰ ਸਿੰਘ।
ਤਾਰਕ ਸਿਨ੍ਹਾ ਕੇਵਲ ਦਿੱਲੀ ਹੀ ਨਹੀਂ, ਸਗੋਂ ਕਈ ਹੋਰ ਰਾਜਾਂ ਦੇ ਖਿਡਾਰੀਆਂ ਦੇ ਵੀ ਉਸਤਾਦ ਰਹੇ, ਜਿਵੇਂ: ਮਯੰਕ ਸਿੰਧਾਨਾ (ਪੰਜਾਬ), ਏਕਲਵਿਆ ਦੀਵਾਨ (ਯੂਪੀ), ਰਾਜੀਵ ਦਿਓਰਾ (ਬਿਹਾਰ)।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












