ਸਰੋਂ ਦਾ ਤੇਲ 210 ਰੁਪਏ ਪ੍ਰਤੀ ਕਿਲੋ ਖਰੀਦਣ ਵਾਲੇ ਲੋਕ ਸਰਕਾਰੀ ਅੰਕੜਿਆਂ ’ਚ ਘਟਦੀ ਮਹਿੰਗਾਈ ਬਾਰੇ ਕੀ ਕਹਿ ਰਹੇ ਹਨ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 9 ਮਿੰਟ

ਇਸ ਹਫ਼ਤੇ ਜਾਰੀ ਹੋਏ ਸਰਕਾਰੀ ਅੰਕੜਿਆਂ ਦੇ ਅਨੁਸਾਰ, ਪਿਛਲੇ ਪੰਜ ਮਹੀਨਿਆਂ ਵਿੱਚ ਖੁਦਰਾ ਮਹਿੰਗਾਈ ਵਿੱਚ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।

ਸਰਕਾਰ ਦਾ ਕਹਿਣਾ ਹੈ ਕਿ ਸਤੰਬਰ ਮਹੀਨੇ ਵਿੱਚ ਮਹਿੰਗਾਈ ਦੀ ਦਰ ਘਟ ਕੇ 4.35 ਫੀਸਦੀ ਰਹਿ ਗਈ।

ਇਸ ਤੋਂ ਇੱਕ ਮਹੀਨਾ ਪਹਿਲਾਂ, ਮਤਲਬ ਅਗਸਤ ਵਿੱਚ ਇਹ 5.3% ਫੀਸਦੀ ਸੀ।

ਸਰਕਾਰ ਦਾ ਇਹ ਵੀ ਦਾਅਵਾ ਹੈ ਕਿ ਸਤੰਬਰ ਵਿੱਚ ਖਾਧ ਪਦਾਰਥਾਂ ਦੀਆਂ ਕੀਮਤਾਂ ਵਿੱਚ ਵੀ ਅਗਸਤ ਦੇ 3.11 ਫੀਸਦੀ ਨਾਲੋਂ 0.68 ਫੀਸਦੀ ਦੀ ਗਿਰਾਵਟ ਆਈ ਹੈ।

ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮੌਜੂਦ ਬੀਬੀਸੀ ਹਿੰਦੀ ਦੇ ਸਾਥੀਆਂ ਨੇ ਆਮ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਵਾਕਈ ਮਹਿੰਗਾਈ ਘੱਟ ਹੋ ਰਹੀ ਹੈ?

ਜੇ ਨਹੀਂ, ਤਾਂ ਇਹ ਮਹਿੰਗਾਈ ਉਨ੍ਹਾਂ ਦੇ ਜੀਵਨ 'ਤੇ ਕੀ ਅਸਰ ਪਾ ਰਹੀ ਹੈ? ਅਸੀਂ ਲੋਕਾਂ ਨੂੰ ਇਹ ਵੀ ਪੁੱਛਿਆ ਹੈ ਕਿ ਜੇ ਵਾਕਈ ਮਹਿੰਗਾਈ ਹੈ, ਤਾਂ ਇਹ ਮੁੱਦਾ ਕਿਉਂ ਨਹੀਂ ਬਣ ਰਹੀ?

ਸਭ ਤੋਂ ਪਹਿਲਾਂ ਗੱਲ ਦੇਸ਼ ਦੇ ਉੱਤਰ-ਪੂਰਬੀ ਰਾਜ ਅਸਮ ਦੀ ਕਰਦੇ ਹਾਂ।

ਇਸ ਤੋਂ ਬਾਅਦ ਜੰਮੂ-ਕਸ਼ਮੀਰ, ਕਰਨਾਟਕ, ਝਾਰਖੰਡ, ਬਿਹਾਰ, ਪੱਛਮੀ ਬੰਗਾਲ ਅਤੇ ਮੱਧ ਪ੍ਰਦੇਸ਼ ਦੀ ਸਥਿਤੀ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ।

ਅਸਮ, ਗੁਵਾਹਾਟੀ ਤੋਂ ਦਿਲੀਪ ਕੁਮਾਰ ਸ਼ਰਮਾ

ਅਸਮ ਦੇ ਮਾਰੀਆਨੀ ਸ਼ਹਿਰ ਵਿੱਚ ਦਵਾਈਆਂ ਦੀ ਦੁਕਾਨ 'ਤੇ ਕੰਮ ਕਰਨ ਵਾਲੇ 36 ਸਾਲਾ ਬਪਨ ਡੇ ਤੋਂ ਮਹਿੰਗਾਈ ਬਾਰੇ ਪੁੱਛਿਆ ਗਿਆ।

ਪਰ ਜਵਾਬ ਦੇਣ ਤੋਂ ਪਹਿਲਾਂ, ਉਹ ਮੀਡੀਆ ਨਾਲ ਇਸ ਗੱਲ ਤੋਂ ਨਾਰਾਜ਼ ਸਨ ਕਿ ਉਹ (ਮੀਡੀਆ) ਇਸ ਮੁੱਦੇ 'ਤੇ ਚਰਚਾ ਨਹੀਂ ਕਰਦਾ।

ਉਸ ਤੋਂ ਬਾਅਦ ਉਹ ਇੱਕ ਤੋਂ ਬਾਅਦ ਇੱਕ ਚੀਜ਼ਾਂ ਦੀਆਂ ਵਧੀਆਂ ਹੋਈਆਂ ਕੀਮਤਾਂ ਨੂੰ ਗਿਣਾਉਣ ਲੱਗਦੇ ਹਨ।

ਉਹ ਕਹਿੰਦੇ ਹਨ, "ਇਸ ਸਮੇਂ 1 ਲੀਟਰ ਸਰ੍ਹੋਂ ਦਾ ਤੇਲ 210 ਰੁਪਏ ਦਾ ਹੈ। ਕੁਝ ਮਹੀਨੇ ਪਹਿਲਾਂ ਇਸਦੀ ਕੀਮਤ 120 ਰੁਪਏ ਪ੍ਰਤੀ ਲੀਟਰ ਸੀ।"

"ਰਸੋਈ ਗੈਸ ਸਿਲੰਡਰ ਹੁਣ 1,050 ਰੁਪਏ ਦਾ ਹੋ ਗਿਆ ਹੈ। ਫੁੱਲ ਗੋਭੀ 100 ਰੁਪਏ ਕਿਲੋ, ਤਾਂ ਟਮਾਟਰ 60 ਰੁਪਏ ਅਤੇ ਪਿਆਜ਼ 50 ਰੁਪਏ ਕਿੱਲੋ।"

ਬਾਪਨ ਡੇ ਕਹਿੰਦੇ ਹਨ, "ਪਹਿਲਾਂ ਪੰਜ ਹਜ਼ਾਰ ਰੁਪਏ ਵਿੱਚ ਰਾਸ਼ਨ ਅਸਾਨੀ ਨਾਲ ਆ ਜਾਂਦਾ ਸੀ, ਪਰ ਹੁਣ ਇੰਨੇ ਪੈਸੇ ਵਿੱਚ ਕੁਝ ਨਹੀਂ ਆਉਂਦਾ।"

"ਪ੍ਰਾਈਵੇਟ ਨੌਕਰੀ ਵਿੱਚ ਤਨਖਾਹ ਬਹੁਤ ਮਾਮੂਲੀ ਵਧਦੀ ਹੈ। ਇਸ ਲਈ, ਘਰੇਲੂ ਖਰਚਿਆਂ ਨੂੰ ਚਲਾਉਣ ਲਈ, ਕਈ ਤਰ੍ਹਾਂ ਦੇ ਜੋੜ-ਤੋੜ ਕਰਨੇ ਪੈਂਦੇ ਹਨ।"

ਉਹ ਅੱਗੇ ਕਹਿੰਦੇ ਹਨ ਕਿ ਇਸ ਵਾਰ ਦੁਰਗਾ ਪੂਜਾ ਵਿੱਚ ਘਰਦਿਆਂ ਲਈ ਕੱਪੜੇ ਤੱਕ ਨਹੀਂ ਖਰੀਦ ਸਕੇ।

ਦੂਜੇ ਪਾਸੇ, ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ 42 ਸਾਲਾ ਰਾਣਾ ਦੇਬ ਦੀ ਸ਼ਿਕਾਇਤ ਹੈ, "ਛੋਟੀਆਂ ਨੌਕਰੀਆਂ ਕਰਨ ਵਾਲੇ ਲੋਕ ਆਪਣਾ ਘਰ ਖਰਚ ਕਿਵੇਂ ਚਲਾ ਰਹੇ ਹਨ, ਇਸ ਦੀ ਚਿੰਤਾ ਕਿਸੇ ਨੂੰ ਨਹੀਂ ਹੈ।"

"ਲੋਕਾਂ ਦੀ ਇਹ ਗੱਲ ਸਰਕਾਰ ਤੱਕ ਪਹੁੰਚਦੀ ਹੀ ਨਹੀਂ।"

ਉਹ ਕਹਿੰਦੇ ਹਨ, "ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧ ਰਹੀਆਂ ਹਨ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਮਹਿੰਗਾਈ ਹੋਰ ਵਧੇਗੀ।"

"ਪਰ ਸ਼ਾਇਦ ਸਿਆਸੀ ਪਾਰਟੀਆਂ ਲਈ ਇਹ ਕੋਈ ਮੁੱਦਾ ਹੀ ਨਹੀਂ ਹੈ। ਇਸ ਲਈ ਕੋਈ ਵੀ ਮਹਿੰਗਾਈ 'ਤੇ ਚਰਚਾ ਨਹੀਂ ਕਰਦਾ।"

"ਰਾਣਾ ਦੇਬ ਸਵਾਲ ਕਰਦੇ ਹਨ ਕਿ ਬੱਚੇ ਘਰੋਂ ਆਨਲਾਈਨ ਕਲਾਸਾਂ ਲਗਾ ਰਹੇ ਹਨ, ਪਰ ਸਕੂਲ ਹਨ ਜੋ ਟਿਊਸ਼ਨ ਫੀਸ ਤੋਂ ਇਲਾਵਾ ਵੀ ਕਈ ਤਰ੍ਹਾਂ ਦੀਆਂ ਫੀਸਾਂ ਵਸੂਲ ਰਹੇ ਸਨ। ਇਹ ਵੀ ਮੁੱਦਾ ਨਹੀਂ ਬਣ ਰਿਹਾ।"

ਜੰਮੂ ਤੋਂ ਮੋਹਿਤ ਕੰਧਾਰੀ

ਜੰਮੂ ਵਿੱਚ ਕੰਮ ਕਰਨ ਵਾਲੇ ਅਖਨੂਰ ਦੇ ਰਾਹੁਲ, ਵਿਅੰਗ ਭਰੇ ਲਹਿਜੇ ਵਿੱਚ ਪੁੱਛਦੇ ਹਨ, "ਅੱਛੇ ਦਿਨ ਕਦੋਂ ਆਉਣਗੇ?"

ਰਾਹੁਲ ਕਿਰਾਏ ਦੇ ਕਮਰੇ ਵਿੱਚ ਰਹਿੰਦੇ ਹਨ ਅਤੇ ਜ਼ਰੂਰਤ ਦੇ ਸਾਮਾਨ ਦੇ ਨਾਮ 'ਤੇ ਉਨ੍ਹਾਂ ਕੋਲ ਇੱਕ ਮੰਜਾ, ਪੱਖਾ, ਕੁਝ ਭਾਂਡੇ ਅਤੇ ਕੁਝ ਕੱਪੜੇ ਹਨ।

ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਜਦੋਂ ਸਰਕਾਰੀ ਨੌਕਰੀ ਨਹੀਂ ਮਿਲੀ ਤਾਂ ਹਾਲਤ ਇਹ ਹੋ ਗਈ ਕਿ ਉਨ੍ਹਾਂ ਨੂੰ ਸਬਜ਼ੀ ਦੀ ਦੁਕਾਨ 'ਤੇ ਕੰਮ ਕਰਨ ਲਈ ਮਜਬੂਰ ਹੋਣਾ ਪਿਆ।

ਪਿਤਾ ਕੁਝ ਨਹੀਂ ਕਰਦੇ ਇਸ ਲਈ ਘਰ ਚਲਾਉਣ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਦੇ ਮੋਢਿਆਂ 'ਤੇ ਹੀ ਹੈ। ਅਤੇ ਇਸ ਦੌਰਾਨ ਜੇ ਕੋਈ ਬਿਮਾਰ ਹੋ ਜਾਂਦਾ ਹੈ, ਤਾਂ ਉੱਪਰੋਂ ਹੋਰ ਵੀ ਲਾਚਾਰੀ ਘੇਰ ਲੈਂਦੀ ਹੈ।

ਰਾਹੁਲ ਦੇ ਉਲਟ, ਕੱਪੜੇ ਦੇ ਵਪਾਰੀ ਵਿਜੇ ਕੁਮਾਰ 'ਤੇ ਇਹ ਮਹਿੰਗਾਈ ਹੋਰ ਤਰੀਕੇ ਨਾਲ ਹਮਲਾ ਕਰ ਰਹੀ ਹੈ।

ਵਿਜੇ ਕੁਮਾਰ ਕਹਿੰਦੇ ਹਨ, "ਤਿਉਹਾਰਾਂ ਦਾ ਸਮਾਂ ਹੈ, ਫਿਰ ਵੀ ਬਾਜ਼ਾਰ ਵਿੱਚ ਤੇਜ਼ੀ ਨਹੀਂ ਆਈ।"

ਇਹ ਵੀ ਪੜ੍ਹੋ-

"ਵੈਸ਼ਨੋ ਦੇਵੀ ਜਾਣ ਵਾਲੇ ਯਾਤਰੀ ਸਿੱਧਾ ਕਟੜਾ ਨਿੱਕਲ ਜਾਂਦੇ ਹਨ, ਜਿਸ ਕਾਰਨ ਸਾਡਾ ਕਾਰੋਬਾਰ ਠੱਪ ਹੋ ਗਿਆ ਹੈ। ਉੱਪਰੋਂ ਮਹਿੰਗਾਈ ਦੇ ਕਾਰਨ ਖਰਚੇ ਲਗਾਤਾਰ ਵਧ ਰਹੇ ਹਨ।"

ਉਹ ਕਹਿੰਦੇ ਹਨ, "ਪਹਿਲਾਂ ਜਦੋਂ ਭਾਜਪਾ ਵਿਰੋਧੀ ਧਿਰ ਵਿੱਚ ਸੀ, ਉਹ ਮਹਿੰਗਾਈ ਨੂੰ ਲੈ ਕੇ ਕਾਂਗਰਸ ਪਾਰਟੀ ਨੂੰ ਜ਼ੋਰਦਾਰ ਤਰੀਕੇ ਨਾਲ ਘੇਰਦੀ ਸੀ, ਪਰ ਕਾਂਗਰਸ ਪਾਰਟੀ ਅੱਜ ਤੱਕ ਮਹਿੰਗਾਈ ਨੂੰ ਮੋਦੀ ਸਰਕਾਰ ਵਿਰੁੱਧ ਮੁੱਦਾ ਨਹੀਂ ਬਣਾ ਸਕੀ।"

"ਇਹੀ ਕਾਰਨ ਹੈ ਕਿ ਆਮ ਆਦਮੀ ਦੀ ਕੋਈ ਨਹੀਂ ਸੁਣ ਰਿਹਾ ਅਤੇ ਮੀਡੀਆ ਵਿੱਚ ਸਿਰਫ਼ ਸਰਕਾਰ ਦੇ ਗੁਣ ਗਾਏ ਜਾ ਰਹੇ ਹਨ।"

ਕਰਨਾਟਕ ਦੇ ਬੰਗਲੌਰ ਤੋਂ ਇਮਰਾਨ ਕੁਰੈਸ਼ੀ

ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨ ਦਿਸ਼ਯੰਤੀ ਦੇ ਫੁੱਲਾਂ ਦੀ ਰੇੜ੍ਹੀ ਸਾਹਮਣੇ ਰੁਕਦੇ ਹਨ। ਉਹ ਫੁੱਲਾਂ ਦੀ ਕੀਮਤ ਸੁਣ ਕੇ ਭਰਵੱਟੇ ਚੜ੍ਹਾਉਂਦੇ ਹਨ (ਹੈਰਾਨੀ ਜਤਾਉਂਦੇ ਹਨ) ਅਤੇ ਫਿਰ ਅੱਗੇ ਵਧ ਜਾਂਦੇ ਹਨ।

ਦੋ ਬੱਚਿਆਂ ਦੀ ਮਾਂ ਦਿਸ਼ਯੰਤੀ ਕਹਿੰਦੇ ਹਨ, "ਸਵੇਰ ਤੋਂ ਦਰਜਨ ਭਰ ਲੋਕਾਂ ਨੇ ਇਹੀ ਕੀਤਾ ਹੈ।"

ਉਹ ਕਹਿੰਦੇ ਹਨ, "ਤਿੰਨ ਮਹੀਨੇ ਪਹਿਲਾਂ ਚਮੇਲੀ 400 ਰੁਪਏ ਕਿੱਲੋ ਸੀ, ਹੁਣ ਇਸਦੀ ਕੀਮਤ 1,200 ਰੁਪਏ ਕਿੱਲੋ ਹੋ ਗਈ ਹੈ। ਗੇਂਦਾ 80 ਰੁਪਏ ਕਿੱਲੋ ਵਿਕਦਾ ਸੀ, ਪਰ ਅੱਜ-ਕੱਲ੍ਹ ਇਹ 400 ਰੁਪਏ ਵਿੱਚ ਮਿਲ ਰਿਹਾ ਹੈ।"

ਦਿਸ਼ਯੰਤੀ ਨੇ ਕਿਹਾ, "ਜੇਕਰ ਲੋਕ ਫੁੱਲਾਂ ਦੀ ਖਰੀਦਦਾਰੀ ਨਹੀਂ ਕਰਦੇ ਜਾਂ ਘੱਟ ਖਰੀਦਦੇ ਹਾਂ , ਤਾਂ ਸਪੱਸ਼ਟ ਹੈ ਕਿ ਇਸ ਦਾ ਅਸਰ ਸਾਡੇ ਉੱਤੇ ਪੈਂਦਾ ਹੈ।"

ਉਹ ਪਹਿਲਾਂ ਹਫਤੇ ਵਿੱਚ 2 ਵਾਰ ਨਾਨ-ਵੇਜ ਖਾਂਦੇ ਸਨ ਪਰ ਹੁਣ ਇਹ ਇੱਕ ਵਾਰ ਹੋ ਗਿਆ ਹੈ। ਪਰ ਉਹ ਸਕੂਲ ਵਾਲਿਆਂ ਦਾ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਨੇ ਬੱਚਿਆਂ ਦੀ ਫੀਸ ਨਹੀਂ ਵਧਾਈ।

ਦਿਸ਼ਯੰਤੀ ਦੀ ਦੁਕਾਨ ਤੋਂ ਥੋੜ੍ਹੀ ਹੀ ਦੂਰੀ 'ਤੇ ਰਮੇਸ਼ ਖਰੀਦਦਾਰੀ 'ਚ ਰੁੱਝੇ ਹੋਏ ਹਨ ਪਰ ਉਨ੍ਹਾਂ ਦੀ ਕਹਾਣੀ ਥੋੜੀ ਵੱਖਰੀ ਹੈ।

ਉਹ ਕਹਿੰਦੇ ਹਨ ਕਿ ਵਧੀਆਂ ਹੋਈਆਂ ਕੀਮਤਾਂ ਨੇ ਉਨ੍ਹਾਂ ਨੂੰ ਪ੍ਰਭਾਵਿਤ ਨਹੀਂ ਕੀਤਾ ਪਰ ਉਨ੍ਹਾਂ ਦੇ ਆਲੇ-ਦੁਆਲੇ ਦੇ ਲੋਕਾਂ ਉੱਤੇ ਇਸਦਾ ਬਹੁਤ ਬੁਰਾ ਪ੍ਰਭਾਵ ਪਿਆ ਹੈ।

ਰਮੇਸ਼ ਦੇ ਅਨੁਸਾਰ, "ਲੋਕਾਂ 'ਤੇ ਮਹਾਂਮਾਰੀ ਅਤੇ ਫਿਰ ਮਹਿੰਗਾਈ ਨਾਲ ਦੋਹਰੀ ਮਾਰ ਪਈ ਹੈ।"

ਉਹ ਦੱਸਦੇ ਹਨ ਕਿ ਕਈ ਲੋਕਾਂ ਨੇ ਉਨ੍ਹਾਂ ਤੋਂ ਪੰਜ ਲੱਖ ਤੱਕ ਦਾ ਕਰਜ਼ਾ ਲੈ ਰੱਖਿਆ ਹੈ।

ਇਸ ਸਵਾਲ 'ਤੇ ਕਿ ਕੀ ਵਿਰੋਧੀ ਧਿਰ ਨੇ ਇਸ ਮੁੱਦੇ ਨੂੰ ਸਹੀ ਢੰਗ ਨਾਲ ਚੁੱਕਿਆ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਉਹ ਰਾਜਨੀਤਿਕ ਬਹਿਸ ਵਿੱਚ ਨਹੀਂ ਪੈਣਾ ਚਾਹੁੰਦੇ, ਪਰ ਇਹ ਮੁੱਦਾ ਸਹੀ ਢੰਗ ਨਾਲ ਸਾਹਮਣੇ ਨਹੀਂ ਆਇਆ ਹੈ।

ਰਾਂਚੀ, ਝਾਰਖੰਡ ਤੋਂ ਰਵੀ ਪ੍ਰਕਾਸ਼

ਗੋਡਾ ਜ਼ਿਲ੍ਹੇ ਦੇ ਬੰਦਨਵਾਰ ਪਿੰਡ ਦੇ ਦਲਿਤ ਟੋਲੇ ਵਿੱਚ ਰਹਿਣ ਵਾਲੇ ਸੁਨੀਤਾ ਦੇਵੀ ਨੇ ਪਿਛਲੇ ਡੇਢ ਸਾਲ ਤੋਂ ਆਪਣਾ ਰਸੋਈ ਗੈਸ ਸਿਲੰਡਰ ਨਹੀਂ ਭਰਵਾਇਆ ਹੈ। ਕਿਉਂਕਿ ਉਨ੍ਹਾਂ ਕੋਲ "ਰੀਫਿਲ ਕਰਾਉਣ ਲਈ ਪੈਸੇ ਨਹੀਂ ਹਨ।"

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਗੈਸ ਸਿਲੰਡਰ ਉੱਜਵਲਾ ਯੋਜਨਾ ਵਿੱਚ ਮਿਲਿਆ ਸੀ। ਉਦੋਂ ਨਹੀਂ ਪਤਾ ਸੀ ਕਿ ਇਸ ਨੂੰ ਭਰਵਾਉਣ ਲਈ ਇੰਨੇ ਪੈਸੇ ਲੱਗਣਗੇ।"

"ਹੁਣ ਮਹਿੰਗਾਈ ਇੰਨੀ ਜ਼ਿਆਦਾ ਹੈ ਕਿ ਆਪਣੇ ਬਿਮਾਰ ਪਤੀ ਦਾ ਇਲਾਜ ਕਰਵਾਈਏ, ਰੋਟੀ ਦਾ ਹਿੱਲਾ ਕਰੀਏ ਜਾਂ ਗੈਸ ਭਰਵਾਈਏ। ਇਸ ਲਈ ਲੱਕੜ ਦੇ ਚੁੱਲ੍ਹੇ 'ਤੇ ਰੋਟੀ ਬਣਾਉਂਦੇ ਹਾਂ।"

"ਦਵਾਈ ਦੀ ਕੀਮਤ ਵੀ ਇੰਨੀ ਜ਼ਿਆਦਾ ਹੋ ਗਈ ਹੈ ਕਿ ਸਾਰਾ ਪੈਸਾ ਇਲਾਜ, ਦਵਾਈ ਅਤੇ ਜਾਂਚ ਕਰਾਉਣ ਵਿੱਚ ਹੀ ਖਰਚ ਹੋ ਜਾਂਦਾ ਹੈ।"

ਉਹ ਕਹਿੰਦੇ ਹਨ, "ਪਹਿਲਾਂ ਘੱਟ ਕਮਾਉਂਦੇ ਸੀ ਫਿਰ ਵੀ ਪੂਜਾ ਵਿੱਚ ਸਾੜ੍ਹੀ ਖਰੀਦ ਸਕਦੇ ਸੀ। ਹੁਣ ਨਵੀਂ ਸਾੜ੍ਹੀ ਖਰੀਦੇ ਕਈ ਮਹੀਨੇ ਹੋ ਗਏ।"

"ਮੈਂ (ਅਸੀਂ) ਅਤੇ ਮੇਰੇ ਦੋਵੇਂ ਪੁੱਤਰ ਮਜ਼ਦੂਰੀ ਕਰਦੇ ਹਾਂ, ਤਾਂ ਘਰ ਦਾ ਖਰਚਾ ਨਿੱਕਲਦਾ ਹੈ।"

"ਭੋਜਨ ਵੀ ਕਦੇ ਭਾਤ-ਸਾਗ ਬਣਿਆ ਅਤੇ ਕਦੇ ਮਾੜ-ਭਾਤ ਖਾ ਕੇ ਹੀ ਰਹਿ ਗਏ। ਦਾਲ ਅਤੇ ਮੀਟ-ਮੱਛੀ ਖਰੀਦਣ ਦੀ ਹਿੰਮਤ ਨਹੀਂ ਹੁੰਦੀ।"

"ਇਸ ਲਈ ਅੱਜ ਦੇ ਸਮੇਂ ਵਿੱਚ ਸਾਰੀ ਔਖਿਆਈ ਸਾਡੇ ਵਰਗੇ ਗਰੀਬਾਂ ਲਈ ਹੀ ਹੈ। ਕੜੂਆ (ਸਰ੍ਹੋਂ) ਤੇਲ ਪਹਿਲਾਂ ਇੱਕ ਕਿੱਲੋ ਖਰੀਦਦੇ ਸੀ, ਹੁਣ 100 ਗ੍ਰਾਮ ਖਰੀਦਦੇ ਹਾਂ। ਕੀ-ਕੀ ਦੱਸੀਏ?"

ਆਨੰਦ ਕੁਮਾਰ ਦੁਬੇ ਵਕੀਲ ਹਨ ਅਤੇ ਗੋਡਾ ਸਿਵਲ ਕੋਰਟ ਵਿੱਚ ਪ੍ਰੈਕਟਿਸ ਕਰਦੇ ਹਨ। ਮਹਿੰਗਾਈ ਨੇ ਉਨ੍ਹਾਂ ਦੀ ਖੇਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।

ਉਹ ਕਹਿੰਦੇ ਹਨ, "ਪਿਛਲੇ ਕੁਝ ਸਾਲਾਂ ਵਿੱਚ ਖੇਤੀ ਲਈ ਜ਼ਰੂਰੀ ਕੁਝ ਵਸਤੂਆਂ ਦੀਆਂ ਕੀਮਤਾਂ ਬਹੁਤ ਵੱਧ ਗਈਆਂ ਹਨ। ਖਾਦ ਦੀ ਕੀਮਤ ਪਹਿਲਾਂ ਦੇ ਮੁਕਾਬਲੇ ਦੁੱਗਣੀ ਹੋ ਗਈ ਹੈ।"

"ਹੁਣ ਤੁਸੀਂ 100 ਵਿਘਿਆਂ ਦੇ ਮਾਲਕ ਵੀ ਹੋ, ਤਾਂ ਵੀ ਮਹਿੰਗਾਈ ਦੇ ਕਾਰਨ ਤੁਸੀਂ ਸਾਰੀ ਜ਼ਮੀਨ 'ਤੇ ਖੇਤੀ ਨਹੀਂ ਕਰਾ ਸਕਦੇ।"

"ਜ਼ਮੀਨ ਖਾਲੀ ਰਹਿ ਜਾਂਦੀ ਹੈ। ਖਾਦਾਂ, ਬੀਜਾਂ, ਕੀਟਨਾਸ਼ਕਾਂ, ਪਸ਼ੂਆਂ ਦੀ ਖੁਰਾਕ, ਡੀਜ਼ਲ ਸਭ ਦੀਆਂ ਕੀਮਤਾਂ ਵਧ ਚੁੱਕੀਆਂ ਹਨ।"

ਆਨੰਦ ਕਹਿੰਦੇ ਹਨ, "ਸਰਕਾਰ ਨੂੰ ਕਿਸਾਨਾਂ ਦੇ ਦਰਦ ਨਾਲ ਕੋਈ ਮਤਲਬ ਨਹੀਂ। ਅਜਿਹੇ ਵਿੱਚ ਇਹ ਇੱਕ ਸਿਆਸੀ ਮੁੱਦਾ ਕਿਵੇਂ ਬਣੇਗਾ?"

"ਜਦੋਂ ਕਿਸਾਨਾਂ ਨੂੰ ਜੀਪ ਨਾਲ ਕੁਚਲ ਦੇਣਗੇ, ਤਾਂ ਉਨ੍ਹਾਂ ਦੀ ਆਵਾਜ਼ ਕੌਣ ਉਠਾਏਗਾ? ਇਸ ਲਈ ਮਹਿੰਗਾਈ 'ਤੇ ਨਿਯੰਤਰਣ ਕਰਨਾ ਜ਼ਰੂਰੀ ਹੈ। ਜੇ ਤੁਸੀਂ ਆਪਣੇ ਬੱਚੇ ਨੂੰ ਪੜ੍ਹਾਉਂਦੇ ਹੋ, ਤਾਂ ਉੱਥੇ ਵੀ ਬੇਤਰਤੀਬ ਖਰਚਾ ਹੁੰਦਾ ਹੈ।"

"ਦਵਾਈ-ਬੂਟੀ ਦੀਆਂ ਕੀਮਤਾਂ ਪਹਿਲਾਂ ਹੀ ਵਧੀਆਂ ਹੋਈਆਂ ਹਨ। ਲੂਣ ਵੀ 21 ਰੁਪਏ ਕਿਲੋ ਹੈ, ਤਾਂ ਗਰੀਬ ਲੋਕਾਂ ਨੂੰ ਤਾਂ ਲੂਣ-ਰੋਟੀ ਖਾਣ ਤੋਂ ਪਹਿਲਾਂ ਵੀ ਸੋਚਣਾ ਪਏਗਾ। ਤੇਲ-ਘਿਓ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।"

ਪਟਨਾ, ਬਿਹਾਰ ਤੋਂ ਸੀਟੂ ਤਿਵਾਰੀ

ਦੋ ਸਾਲ ਪਹਿਲਾਂ ਤੱਕ ਸੁਨੀਤਾ ਮਿਸ਼ਰਾ ਆਪਣੇ ਪਤੀ ਨਿਰਮਲ ਕੁਮਾਰ ਦੇ ਨਾਲ ਮਿਲ ਕੇ ਇੱਕ ਛੋਟਾ ਜਿਹਾ ਸਕੂਲ ਚਲਾਉਂਦੇ ਸਨ।

ਕੋਵਿਡ ਮਹਾਂਮਾਰੀ ਦੇ ਕਾਰਨ ਸਕੂਲ ਬੰਦ ਹੋ ਗਿਆ ਅਤੇ ਸੁਨੀਤਾ ਹੁਣ ਬੱਚਿਆਂ ਨੂੰ ਘਰ ਵਿੱਚ ਟਿਉਸ਼ਨ ਪੜ੍ਹਾਉਂਦੇ ਹਨ।

ਸੁਨੀਤਾ ਕਹਿੰਦੇ ਹਨ, "ਗੈਸ ਦੀਆਂ ਕੀਮਤਾਂ ਵਧ ਗਈਆਂ ਹਨ ਤਾਂ ਸਾਰੇ ਦਿਨ ਲਈ ਇੱਕ ਵਾਰ 'ਚ ਹੀ ਸਬਜ਼ੀ ਬਣਾ ਕੇ ਖਰਚ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਹਰੀਆਂ ਸਬਜ਼ੀਆਂ ਖਾਣਾ ਵੀ ਘੱਟ ਕਰ ਦਿੱਤਾ ਗਿਆ ਹੈ।"

ਜੀਵ ਵਿਗਿਆਨ ਦੇ ਵਿਦਿਆਰਥਣ ਰਹੇ ਸੁਨੀਤਾ ਦੇ ਦੋ ਬੱਚੇ ਹਨ। ਇੱਕ ਬੱਚਾ ਛੇਵੀਂ ਜਮਾਤ ਦਾ ਅਤੇ ਦੂਜਾ ਗਿਆਰਵੀਂ ਜਮਾਤ ਦਾ ਵਿਦਿਆਰਥੀ ਹੈ।

ਉਹ ਦੱਸਦੇ ਹਨ, "ਅਸੀਂ ਇਸ ਵਾਰ ਆਪਣੇ ਛੋਟੇ ਬੱਚੇ ਨੂੰ ਸਕੂਲ ਵਿੱਚ ਦਾਖਲ ਨਹੀਂ ਕਰਵਾਇਆ। ਮੈਂ ਉਸਨੂੰ ਆਪ ਪੜ੍ਹਾਉਂਦੀ ਹਾਂ।"

"ਮਹਿੰਗਾਈ ਦਾ ਵਿਰੋਧ ਪਹਿਲਾਂ ਵਾਂਗ ਨਹੀਂ ਹੁੰਦਾ ਕਿਉਂਕਿ ਕੋਰੋਨਾ ਨੇ ਲੋਕਾਂ ਦੇ ਮਿਲਣ-ਜੁਲਣ ਦੇ ਮੌਕੇ ਘਟਾ ਦਿੱਤੇ ਹਨ। ਲੋਕ ਮਿਲਣਗੇ ਫੇਰ ਹੀ ਤਾਂ ਗੱਲਬਾਤ ਹੋਵੇਗੀ।"

ਦੂਜੇ ਪਾਸੇ, ਕੰਕੜਬਾਗ ਦੇ ਰਹਿਣ ਵਾਲੇ ਕਾਦੰਬਿਨੀ ਘਰ ਵਿੱਚ ਰਹਿ ਕੇ ਹੀ ਹਾਬੀ ਕਲਾਸਾਂ ਚਲਾਉਂਦੇ ਹਨ।

ਕਾਦੰਬਿਨੀ ਦੇ ਦੋ ਬੱਚੇ ਹਨ ਅਤੇ ਉਨ੍ਹਾਂ ਦੇ ਪਤੀ ਇੱਕ ਪ੍ਰਾਈਵੇਟ ਨੌਕਰੀ ਕਰਦੇ ਹਨ। ਹੁਣ ਉਨ੍ਹਾਂ ਦੀ ਧੀ ਦਾ ਕਾਲਜ ਵਿੱਚ ਦਾਖਲਾ ਹੋਣਾ ਹੈ ਅਤੇ ਪੁੱਤਰ ਸੱਤਵੀਂ ਜਮਾਤ ਦਾ ਵਿਦਿਆਰਥੀ ਹੈ।

ਉਹ ਕਹਿੰਦੇ ਹਨ, "ਅਸੀਂ ਆਪਣੇ ਬੇਟੇ-ਬੇਟੀ ਨੂੰ ਪੌਸ਼ਟਿਕ ਭੋਜਨ ਵੀ ਨਹੀਂ ਦੇ ਪਾ ਰਹੇ ਹਾਂ। ਸਾਡਾ ਜੀਵਨ ਪੱਧਰ ਬਹੁਤ ਨੀਵਾਂ ਹੋ ਗਿਆ ਹੈ।"

"ਸਮਾਜ ਵਿੱਚ ਭ੍ਰਿਸ਼ਟਾਚਾਰ ਵਧਿਆ ਹੈ ਕਿਉਂਕਿ ਲੋਕ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਆਮਦਨ ਦੇ ਗਲਤ ਰਸਤੇ ਤਲਾਸ਼ ਰਹੇ ਹਨ।"

ਮਹਿੰਗਾਈ ਵਿਰੁੱਧ ਹੋਣ ਵਾਲੇ ਅੰਦੋਲਨਾਂ ਬਾਰੇ ਕਾਦੰਬਿਨੀ ਕਹਿੰਦੇ ਹਨ, "ਸੱਤਾਧਾਰੀ ਪੱਖ ਅਰਾਜਕ ਹੋ ਗਿਆ ਹੈ ਅਤੇ ਆਮ ਲੋਕ 'ਇਕੱਲੇ' ਹੋ ਕੇ ਸੋਚ ਰਹੇ ਹਨ।"

"ਇਹੀ ਕਾਰਨ ਹੈ ਕਿਸੇ ਵੀ ਤਰ੍ਹਾਂ ਦੀ ਏਕਤਾ ਦੀ ਘਾਟ ਹੈ। ਇਹ ਵੀ ਹੈ ਕਿ ਸੱਤਾ ਦੇ ਅਰਾਜਕ ਹੋਣ ਨਾਲ ਪ੍ਰਦਰਸ਼ਨਾਂ ਵਿੱਚ ਡਾਂਗਾਂ-ਸੋਟੀਆਂ ਚੱਲਣ ਦੀ ਸੰਭਾਵਨਾ ਵਧੇਰੇ ਰਹਿੰਦੀ ਹੈ।"

"ਅਜਿਹੀ ਸਥਿਤੀ ਵਿੱਚ, ਖਾਸ ਕਰਕੇ ਔਰਤਾਂ ਆਪਣੇ ਆਪ ਨੂੰ ਬਚਾ ਕੇ ਰੱਖਦੀਆਂ ਹਨ।"

ਕੋਲਕਾਤਾ, ਪੱਛਮੀ ਬੰਗਾਲ ਤੋਂ ਪ੍ਰਭਾਕਰ ਮਨੀ ਤਿਵਾਰੀ

ਲਾਲ ਮੋਹਨ ਦਾਸ ਦਿਹਾੜੀ ਮਜ਼ਦੂਰ ਹਨ। ਮਹਿੰਗਾਈ ਬਾਰੇ ਪੁੱਛੇ ਜਾਣ 'ਤੇ ਉਹ ਕਹਿੰਦੇ ਹਨ, "ਸਮਝ ਨਹੀਂ ਆਉਂਦਾ ਕਿ ਛੇ ਜੀਆਂ ਦੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਹੋਵੇਗਾ?"

"ਰੁਜ਼ਗਾਰ ਨਾ ਹੋਣ ਕਾਰਨ, ਮੇਰਾ ਪੁੱਤਰ ਅੱਠਵੀਂ ਜਮਾਤ ਤੋਂ ਅੱਗੇ ਨਹੀਂ ਪੜ੍ਹ ਸਕਿਆ। ਹੁਣ ਉਹ ਵੀ ਮੇਰੇ ਨਾਲ ਮਜ਼ਦੂਰੀ ਕਰਦਾ ਹੈ। ਜਦੋਂ ਦੋ ਜੂਨ ਦੀ ਰੋਟੀ ਕਮਾਉਣੀ ਵੀ ਔਖੀ ਹੋਵੇ, ਤਾਂ ਸਕੂਲ ਦੀ ਫੀਸ ਕਿੱਥੋਂ ਭਰੀਏ?"

ਲਾਲ ਮੋਹਨ ਕਹਿੰਦੇ ਹਨ, "ਇੱਕ ਤਾਂ ਤਾਲਾਬੰਦੀ ਅਤੇ ਕੋਰੋਨਾ ਨੇ ਮਾਰ ਸੁੱਟਿਆ, ਉੱਪਰੋਂ ਇਸ ਵਧਦੀ ਮਹਿੰਗਾਈ ਨੇ।"

"ਆਦਮੀ ਖਾਵੇਗਾ ਕੀ ਅਤੇ ਬਚਾਏਗਾ ਕੀ? ਸੂਬਾ ਸਰਕਾਰ ਸਮੇਂ-ਸਮੇਂ 'ਤੇ ਮਹਿੰਗਾਈ ਦਾ ਮੁੱਦਾ ਉਠਾਉਂਦੀ ਰਹੀ ਹੈ, ਪਰ ਇਸ ਨਾਲ ਆਮ ਲੋਕਾਂ ਨੂੰ ਕੀ ਲਾਭ?"

ਦੂਜੇ ਪਾਸੇ, ਸਬਜ਼ੀਆਂ ਵੇਚਣ ਵਾਲੀ ਮਨੋਰੰਜਨ ਮਾਇਤੀ ਕਹਿੰਦੇ ਹਨ, "ਪਹਿਲਾਂ ਮੈਂ ਸਬਜ਼ੀਆਂ ਵੇਚ ਕੇ ਹੀ ਇੰਨਾਂ ਕਮਾ ਲੈਂਦਾ ਸੀ ਕਿ ਪੰਜ ਜੀਆਂ ਦੇ ਪਰਿਵਾਰ ਦਾ ਗੁਜ਼ਾਰਾ ਬਹੁਤ ਅਰਾਮ ਨਾਲ ਹੋ ਜਾਂਦਾ ਸੀ।"

"ਭੈਣ-ਭਰਾਵਾਂ ਦੀ ਸਕੂਲ ਫੀਸ ਵੀ ਅਦਾ ਕਰ ਦਿੰਦਾ ਸੀ। ਲੋਕ ਕਹਿੰਦੇ ਹਨ ਕਿ ਸਬਜ਼ੀਆਂ ਮਹਿੰਗੀਆਂ ਹੋ ਗਈਆਂ ਹਨ।"

"ਪਹਿਲਾਂ ਜਿਹੜੇ ਲੋਕ ਅੱਧਾ ਕਿੱਲੋ ਸਬਜ਼ੀ ਖਰੀਦਦੇ ਸਨ, ਉਹ ਹੁਣ ਪਾਈਆ ਨਾਲ ਹੀ ਕੰਮ ਸਾਰ ਲੈਂਦੇ ਹਨ। ਕੁਝ ਵਿੱਚੋਲੇ ਜ਼ਰੂਰ ਕਮਾ ਰਹੇ ਹਨ, ਪਰ ਸਾਡੀ ਆਮਦਨੀ ਘਟ ਕੇ ਅੱਧੀ ਰਹਿ ਗਈ ਹੈ।"

ਉਨ੍ਹਾਂ ਅਨੁਸਾਰ, "ਵਿਰੋਧੀ ਪਾਰਟੀਆਂ ਮਹਿੰਗਾਈ ਦਾ ਮੁੱਦਾ ਚੁੱਕ ਜ਼ਰੂਰ ਰਹੀਆਂ ਹਨ ਪਰ ਉਨ੍ਹਾਂ ਦੀ ਆਵਾਜ਼ ਦੂਰ ਤੱਕ ਨਹੀਂ ਪਹੁੰਚ ਪਾਉਂਦੀ।"

"ਕੁਝ ਜੋ ਸ਼ਾਮਲ ਹੁੰਦੇ ਹਨ, ਉਹ ਸਿਰਫ ਤਸਵੀਰਾਂ ਖਿਚਵਾਉਣ ਲਈ ਅਤੇ ਟੀਵੀ 'ਤੇ ਆਉਣ ਲਈ ਸ਼ਾਮਲ ਹੁੰਦੇ ਹਨ।"

ਜੈਪੁਰ, ਰਾਜਸਥਾਨ ਤੋਂ ਮੋਹਰ ਸਿੰਘ ਮੀਣਾ

ਜੈਪੁਰ ਦੇ ਸਾਂਗਾਨੇਰ ਦੇ ਵਸਨੀਕ ਜਗਦੀਸ਼ ਪ੍ਰਸਾਦ ਨੂੰ ਬੱਚਿਆਂ ਦੀ ਫੀਸ ਭਰਨ ਵਿੱਚ ਮੁਸ਼ਕਿਲ ਆ ਰਹੀ ਹੈ, ਇਸ ਲਈ ਉਹ ਸੋਚ ਰਹੇ ਹਨ ਕਿ ਬੱਚਿਆਂ ਨੂੰ ਪ੍ਰਾਈਵੇਟ ਸਕੂਲ 'ਚੋਂ ਹਟਾ ਕੇ ਸਰਕਾਰੀ ਸਕੂਲ ਵਿੱਚ ਦਾਖਲ ਕਰਵਾ ਦੇਣ।

ਉਹ ਕਹਿੰਦੇ ਹਨ, "ਪਹਿਲਾਂ ਪੰਜਾਹ ਰੁਪਏ ਵਿੱਚ ਦੋ ਦਿਨਾਂ ਦੀ ਸਬਜ਼ੀ ਆ ਜਾਂਦੀ ਸੀ, ਹੁਣ 200 ਰੁਪਏ ਵਿੱਚ ਸਿਰਫ ਦੋ ਟਾਈਮ ਦੀ ਸਬਜ਼ੀ ਆਉਂਦੀ ਹੈ। ਹੁਣ ਤਿਉਹਾਰਾਂ ਵਿੱਚ ਵੀ ਬੱਚਿਆਂ ਦੀਆਂ ਇੱਛਾਵਾਂ ਨੂੰ ਮਾਰਨਾ ਪੈਂਦਾ ਹੈ।"

ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰ ਚਾਹੇ ਤਾਂ ਹੁਣ ਵੀ ਮਹਿੰਗਾਈ ਨੂੰ ਘਟਾ ਸਕਦੀ ਹੈ।

ਉਨ੍ਹਾਂ ਮੁਤਾਬਕ, ਜੇ ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਂਦਾ ਜਾਵੇ ਤਾਂ ਇਸ ਨਾਲ ਵੀ ਬਹੁਤ ਫ਼ਰਕ ਪਏਗਾ।

ਇਸੇ ਤਰ੍ਹਾਂ, ਝੁੰਜਨੂੰ ਜ਼ਿਲ੍ਹੇ ਦੇ ਕੈਲਾਸ਼ ਚੰਦ ਆਪਣੇ ਦੋ ਬੱਚਿਆਂ ਅਤੇ ਪਤਨੀ ਤੋਂ ਦੂਰ ਜੈਪੁਰ ਵਿੱਚ ਰੇੜ੍ਹੀ 'ਤੇ ਇੱਕ ਛੋਟੀ ਜਿਹੀ ਦੁਕਾਨ ਚਲਾਉਂਦੇ ਹਨ।

ਮਹਿੰਗਾਈ 'ਤੇ ਬਦਲੀ ਹੋਈ ਸਥਿਤੀ ਬਾਰੇ ਦੱਸਦੇ ਹੋਏ, ਉਹ ਨਿਰਾਸ਼ ਮਨ ਨਾਲ ਕਹਿੰਦੇ ਹਨ, "ਪਹਿਲਾਂ ਗੈਸ ਸਿਲੰਡਰ 'ਤੇ ਚਲਾ ਰਹੇ ਸੀ, ਪਰ ਹੁਣ ਲੱਕੜਾਂ ਲਿਆ ਕੇ ਮਿੱਟੀ ਦੇ ਚੁੱਲ੍ਹੇ 'ਤੇ ਕੰਮ ਚਲਾ ਰਹੇ ਹਾਂ"।

ਕੈਲਾਸ਼ ਕਹਿੰਦੇ ਹਨ, "ਵਧਦੀ ਮਹਿੰਗਾਈ ਨਾਲ ਆਦਮੀ ਚਿੰਤਾ ਵਿੱਚ ਹੈ, ਪਰ ਉਹ ਕਰੇ ਵੀ ਤਾਂ ਕੀ ਕਰੇ? ਆਮ ਆਦਮੀ ਨੇ ਹਾਲਾਤਾਂ ਨਾਲ ਸਮਝੌਤਾ ਕਰ ਲਿਆ ਹੈ। ਕੋਈ ਉਮੀਦ ਵੀ ਬਾਕੀ ਨਹੀਂ ਹੈ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਭੋਪਾਲ, ਮੱਧ ਪ੍ਰਦੇਸ਼ ਤੋਂ ਸ਼ੁਰੈਹ ਨਿਆਜ਼ੀ

ਮੱਧ ਪ੍ਰਦੇਸ਼, ਦੇਸ਼ ਦੇ ਉਨ੍ਹਾਂ ਸੂਬਿਆਂ ਵਿੱਚੋਂ ਇੱਕ ਹੈ ਜਿੱਥੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਸਭ ਤੋਂ ਵੱਧ ਹੈ। ਭੋਪਾਲ 'ਚ ਡੀਜ਼ਲ 102.59 ਰੁਪਏ ਅਤੇ ਪੈਟਰੋਲ 113 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।

ਹਰਦਾ ਦੇ ਗਰਿਮਾ ਲਾਲ ਕਹਿੰਦੇ ਹਨ, "ਹੁਣ ਤਾਂ ਹਜ਼ਾਰ ਰੁਪਏ ਦੇ ਹੋ ਚੁੱਕੇ ਗੈਸ ਸਿਲੰਡਰ ਨੂੰ ਵੀ ਭਰਵਾਉਣ ਲਈ ਸੋਚਣਾ ਪੈਂਦਾ ਹੈ। ਇਸ ਲਈ, ਹੁਣ ਸਿਰਫ ਉਹ ਚੀਜ਼ਾਂ ਖਰੀਦ ਰਹੇ ਹਾਂ, ਜਿਨ੍ਹਾਂ ਤੋਂ ਬਿਨਾਂ ਗੁਜ਼ਾਰਾ ਨਹੀਂ ਹੋ ਸਕਦਾ।"

ਦੂਜੇ ਪਾਸੇ, ਸ਼ਾਂਤੀ ਕੁਮਾਰ ਜੈਸਾਨੀ ਦਾ ਮੰਨਣਾ ਹੈ ਕਿ ਵਿਰੋਧੀ ਧਿਰ ਮਹਿੰਗਾਈ ਦਾ ਮੁੱਦਾ ਚੁੱਕਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ।

ਉਹ ਕਹਿੰਦੇ ਹਨ ਕਿ ਅਜਿਹਾ ਲੱਗਦਾ ਹੈ ਜਿਵੇਂ ਸਰਕਾਰ ਦਾ ਵਿਰੋਧ ਕਰਨਾ, ਵਿਰੋਧੀ ਧਿਰ ਜਾਣਦੀ ਹੀ ਨਹੀਂ ਹੈ।

ਸ਼ਾਂਤੀ ਜੈਸਾਨੀ ਕਹਿੰਦੇ ਹਨ, "ਮਹਿੰਗਾਈ ਨੂੰ ਲੈ ਕੇ ਲੋਕਾਂ ਵਿੱਚ ਗੁੱਸਾ ਤਾਂ ਜ਼ਰੂਰ ਹੈ, ਪਰ ਮੱਧ ਵਰਗ ਲਈ ਆਪਣਾ ਕੰਮ ਛੱਡ ਕੇ ਸੜਕ 'ਤੇ ਆਉਣਾ ਅਜੇ ਵੀ ਸੌਖਾ ਨਹੀਂ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)