ਕੋਰੋਨਾਵਾਇਰਸ: ਕ੍ਰਿਕਟਰ ਬ੍ਰੇਟ ਲੀ ਨੇ ਭਾਰਤ ਦੀ ਮਦਦ ਲਈ ਲੱਖਾਂ ਦੀ ਮਦਦ ਦਿੰਦੇ ਹੋਏ ਕੀ ਕਿਹਾ - ਪ੍ਰੈੱਸ ਰੀਵਿਊ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਕੋਰੋਨਾਵਾਇਰਸ ਮਹਾਂਮਾਰੀ ਨਾਲ ਲੜ ਰਹੇ ਭਾਰਤੀਆਂ ਦੀ ਮਦਦ ਲਈ ਆਸਟਰੇਲੀਆ ਦੇ ਕ੍ਰਿਕਟਰ ਬ੍ਰੇਟ ਲਈ ਸਾਹਮਣੇ ਆਏ ਹਨ।

ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਸਾਬਕਾ ਤੇਜ਼ ਗੇਂਦਬਾਜ਼ ਬ੍ਰੇਟ ਲੀ ਨੇ ਭਾਰਤ ਦੇ ਹਸਪਤਾਲਾਂ ਵਿੱਚ ਆਕਸੀਜਨ ਦੀ ਸਪਲਾਈ ਲਈ 1 ਬਿੱਟਕੁਆਇਨ (ਲਗਭਗ 41 ਲੱਖ ਰੁਪਏ) ਦਾਨ ਕੀਤੇ ਹਨ। ਇਸ ਤੋਂ ਪਹਿਲਾਂ ਪੈਟ ਕਮਿੰਸ ਨੇ ਲਗਭਗ 37 ਲੱਖ ਰੁਪਏ ਦਾਨ ਕੀਤੇ ਸਨ

ਆਪਣੇ ਟਵੀਟ ਵਿੱਚ ਬ੍ਰੇਟ ਲੀ ਨੇ ਲਿਖਿਆ ਕਿ ਭਾਰਤ ਹਮੇਸ਼ਾ ਹੀ ਮੇਰੇ ਲਈ ਦੂਜੇ ਘਰ ਵਾਂਗ ਹੈ। ਜੋ ਪਿਆਰ ਮੈਨੂੰ ਇਸ ਮੁਲਕ ਦੇ ਲੋਕਾਂ ਵੱਲੋਂ ਪੇਸ਼ੇਵਰ ਕ੍ਰਿਕਟਰ ਹੁੰਦਿਆਂ ਅਤੇ ਰਿਟਾਇਰਮੈਂਟ ਤੋਂ ਬਾਅਦ ਮਿਲਿਆ ਹੈ, ਉਸ ਦੀ ਮੇਰੇ ਦਿਲ ਵਿੱਚ ਵਿਸ਼ੇਸ਼ ਜਗ੍ਹਾਂ ਹੈ। ਇਹ ਦੇਖ ਕੇ ਮੈਨੂੰ ਦੁੱਖ ਹੁੰਦਾ ਹੈ ਕਿ ਲੋਕ ਮਹਾਂਮਾਰੀ ਤੋਂ ਲੰਘ ਰਹੇ ਹਨ।

ਉਹ ਅੱਗੇ ਲਿਖਦੇ ਹਨ ਕਿ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ 1 ਬਿੱਟਕੁਆਇਨ ਆਕਸਜੀਨ ਦੀ ਸਪਲਾਈ ਲਈ ਦਾਨ ਕਰ ਰਿਹਾ ਹਾਂ। ਇੱਕ ਬਿੱਟਕੁਆਇਨ ਦਾ ਭਾਰਤੀ ਰੁਪਏ ਵਿੱਚ 41 ਲੱਖ ਬਣਦਾ ਹੈ।

ਇਹ ਵੀ ਪੜ੍ਹੋ:

ਪੰਜਾਬ ਨੂੰ ਕੋਵੀਸ਼ੀਲਡ ਲਈ ਅਜੇ ਵੀ ਮਨਜ਼ੂਰੀ ਦੀ ਉਡੀਕ

ਕੋਰੋਨਾਵਾਇਰਸ ਦੀ ਵੈਕਸੀਨ ਕੋਵੀਸ਼ੀਲਡ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ਼ ਇੰਡੀਆ (SII) ਵੱਲੋਂ ਅਜੇ ਤੱਕ ਪੰਜਾਬ ਵੱਲੋਂ ਦਿੱਤੇ ਆਰਡਰਾਂ ਉੱਤੇ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਪੰਜਾਬ ਦੇ ਸਿਹਤ ਮੰਤਰਾਲੇ ਵੱਲੋਂ SII ਨੂੰ 30 ਲੱਖ ਕੋਵੀਸ਼ੀਲਡ ਡੋਜ਼ ਲਈ ਸੰਪਰਕ ਕੀਤਾ ਗਿਆ ਸੀ ਪਰ ਅਜੇ ਤੱਕ ਸਪਲਾਈ ਸਬੰਧੀ ਪੁਸ਼ਟੀ ਦੀ ਉਡੀਕ ਹੈ।

ਦੂਜੇ ਪਾਸੇ ਮਹਾਰਾਸ਼ਟਰ ਨੂੰ ਹੈਦਰਾਬਾਦ ਸਥਿਤ ਭਾਰਤ ਬਾਇਓਟੈਕ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦੇ ਸੂਬੇ ਨੂੰ ਮਈ ਵਿੱਚ 5 ਲੱਖ ਕੋਵੈਕਸੀਨ ਦੀ ਡੋਜ਼ ਮਿਲ ਜਾਣਗੀਆਂ ਤੇ ਸੂਬਾ 18 ਸਾਲ ਤੋਂ ਵੱਧ ਦੇ ਉਮਰ ਦੇ ਲੋਕਾਂ ਟੀਕਾਕਾਰਣ ਸ਼ੁਰੂ ਕਰ ਸਕਦਾ ਹੈ।

ਖ਼ਬਰ ਮੁਤਾਬਕ ਮਹਾਰਾਸ਼ਟਰ ਸਰਕਾਰ ਦੇ ਅਧਿਕਾਰੀਆਂ ਨੂੰ SII ਵੱਲੋਂ ਕੋਵੀਸ਼ੀਲਡ ਬਾਰੇ ਕੋਈ ਅਧਿਕਾਰਿਤ ਜਾਣਕਾਰੀ ਨਹੀਂ ਦਿੱਤੀ ਗਈ ਪਰ ਉਨ੍ਹਾਂ ਸਰਕਾਰ ਨੂੰ ਇਹ ਦੱਸਿਆ ਹੈ ਕਿ ਮਈ ਦੇ ਮੱਧ ਤੱਕ ਸਪਲਾਈ ਹੋਵੇਗੀ।

ਪੰਜਾਬ ਦੇ ਪ੍ਰਿੰਸਿਪਲ ਸਕੱਤਰ (ਸਿਹਤ) ਹੁਸਨ ਲਾਲ ਨੇ ਕਿਹਾ ਕਿ ਉਨ੍ਹਾਂ SII ਨੂੰ 30 ਲੱਖ ਕੋਵੀਸ਼ੀਲਡ ਡੋਜ਼ਿਜ਼ ਦੇ ਆਰਡਰ ਲਈ ਸੰਪਰਕ ਕੀਤਾ ਸੀ, ਹਰ ਡੋਜ਼ ਦਾ ਰੇਟ 400 ਰੁਪਏ ਹੈ ਜਿਸ ਤਰ੍ਹਾਂ ਕਿ ਕੰਪਨੀ ਨੇ ਐਲਾਨ ਕੀਤਾ ਸੀ ਪਰ ਕੰਪਨੀ ਵੱਲੋਂ ''ਹਾਲ ਦੀ ਘੜੀ ਸਪਲਾਈ ਲਈ ਵਾਅਦਾ ਨਹੀਂ ਕੀਤਾ ਗਿਆ।''

ਕੈਪਟਨ ਨੇ ਸਿੱਧੂ ਨੂੰ ਪਟਿਆਲਾ ਤੋਂ ਚੋਣ ਲੜਨ ਲਈ ਵੰਗਾਰਿਆ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਸੀਟ ਤੋਂ ਉਨ੍ਹਾਂ ਖ਼ਿਲਾਫ਼ ਚੋਣ ਲੜਨ ਲਈ ਵੰਗਾਰਿਆ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਲੰਘੇ ਦਿਨੀਂ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਾਬਕਾ ਕੈਬਿਨੇਟ ਸਾਥੀ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਖ਼ਿਲਾਫ਼ ਚੋਣ ਲੜਨ ਲਈ ਵੰਗਾਰਿਆ ਹੈ ਅਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਰਿਟਾਇਡਰ ਜਨਰਲ ਜੇ ਜੇ ਸਿੰਘ ਵਾਂਗ ਸਿੱਧੂ ਦੀ ਵੀ ਜ਼ਮਾਨਤ ਜ਼ਬਤ ਹੋਵੇਗੀ।

ਬੇਅਦਬੀ ਮਾਮਲੇ ਵਿੱਚ ਐਸਆਈਟੀ ਰੱਦ ਹੋਣ ਤੋਂ ਬਾਅਦ ਸਿੱਧੂ ਵੱਲੋਂ ਨਿਸ਼ਾਨੇ ਉੱਤੇ ਲਏ ਜਾ ਰਹੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਚੁਣੌਤੀ ਪੇਸ਼ ਕੀਤੀ ਗਈ ਹੈ।

ਅਮਰੀਕੀ ਬਿਨਾਂ ਮਾਸਕ ਦੇ ਕਦੋਂ ਬਾਹਰ ਜਾ ਸਕਦੇ ਹਨ- CDC ਨੇ ਦੱਸਿਆ

ਮਾਸਕ ਪਾਉਣ ਸਬੰਧੀ ਨਵੀਆਂ ਗਾਈਡਲਾਈਨਜ਼ ਬਾਰੇ ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਨਸ਼ਨ ਨੇ ਦੱਸਿਆ ਹੈ।

ਨਿਊ ਯਾਰਕ ਟਾਈਮਜ਼ ਦੀ ਖ਼ਬਰ ਮੁਤਾਬਕ ਸੰਸਥਾ ਨੇ ਆਖਿਆ ਹੈ ਕਿ ਮਾਸਕ ਕੁਝ ਸੁਰੱਖਿਅਤ ਆਊਟਡੋਰ ਸਰਗਰਮੀਆਂ ਲਈ ਲਾਹਿਆ ਜਾ ਸਕਦੀ ਹੈ, ਖ਼ਾਸ ਤੌਰ 'ਤੇ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਲੋਕਾਂ ਵੱਲੋਂ, ਕਿਉਂਕਿ ਵਾਇਰਸ ਆਊਟਡੋਰ 'ਚ ਆਸਾਨੀ ਨਾਲ ਨਹੀਂ ਫ਼ੈਲਦਾ।

ਪਰ ਇਸ ਤੋਂ ਇਲਾਵਾ ਵੀ ਕਈ ਸਥਿਤੀਆਂ ਹਨ ਜਦੋਂ ਇਹ ਨਵੀਆਂ ਹਦਾਇਤਾਂ ਕਹਿੰਦੀਆਂ ਹਨ ਬਾਹਰ ਪਹਿਨਣਾ ਚਾਹੀਦਾ ਹੈ, ਖ਼ਾਸ ਤੌਰ ਉੱਤੇ ਉਹ ਲੋਕ ਪਹਿਨਣ ਜਿਨ੍ਹਾਂ ਨੂੰ ਅਜੇ ਵੈਕਸੀਨ ਨਹੀਂ ਲੱਗੀ।

ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਨਸ਼ਨ ਸਲਾਹ ਦਿੰਦਾ ਹੈ ਕਿ ਇਹ ਕੰਮ ਬਿਨਾਂ ਮਾਸਕ ਦੇ ਕੀਤੇ ਜਾ ਸਕਦੇ ਹਨ: ਸੈਰ, ਦੌੜਨਾ, ਸਾਈਕਲਿੰਗ ਕਰਨਾ (ਇਕੱਲੇ ਜਾਂ ਘਰ ਦੇ ਕਿਸੇ ਮੈਂਬਰ ਨਾਲ)

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)