You’re viewing a text-only version of this website that uses less data. View the main version of the website including all images and videos.
ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਬਿਆਨ: ਪਾਕਿਸਤਾਨ 'ਤੇ 'ਸਰਜੀਕਲ ਸਟਰਾਈਕ' ਦੀ ਤਿਆਰੀ ਕਰ ਰਿਹਾ ਹੈ ਭਾਰਤ- ਪ੍ਰੈੱਸ ਰਿਵੀਊ
ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਭਾਰਤ ਆਪਣੇ ਅੰਦਰੂਨੀ ਮਸਲਿਆਂ ਤੋਂ ਧਿਆਨ ਭਟਕਾਉਣ ਲਈ ਪਾਕਿਸਤਾਨੀ ਜ਼ਮੀਨ ਉੱਪਰ 'ਸਰਜੀਕਲ ਸਟਰਾਈਕ' ਕਰਨ ਦੀ ਤਿਆਰੀ ਕਰ ਰਿਹਾ ਹੈ।
ਪਾਕਿਸਤਾਨੀ ਅਖ਼ਬਾਰ ਦਿ ਡਾਅਨ ਦੀ ਖ਼ਬਰ ਮੁਤਾਬਕ ਇਹ ਬਿਆਨ ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਆਬੂ-ਧਾਬੀ ਵਿੱਚ ਦਿੱਤਾ। ਕੁਰੈਸ਼ੀ ਆਬੂ-ਧਾਬੀ ਦੇ ਦੋ ਦਿਨਾਂ ਸਰਕਾਰੀ ਦੌਰੇ 'ਤੇ ਸਨ।
ਉਨ੍ਹਾਂ ਨੇ ਇਸ ਨੂੰ "ਗੰਭੀਰ" ਦਸਦਿਆਂ ਕਿਹਾ ਕਿ ਭਾਰਤ ਨੇ ਇਸ ਮੰਤਵ ਲਈ "ਅਹਿਮ ਖਿਡਾਰੀਆਂ ਜਿਨ੍ਹਾਂ ਨੂੰ ਉਹ ਆਪਣੇ ਹਿੱਸੇਦਾਰ ਸਮਝਦਾ ਹੈ" ਤੋਂ ਚੁੱਪ-ਚਪੀਤੇ ਸਹਿਮਤੀ ਲੈਣੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ:
ਖੇਤੀ ਕਾਨੂੰਨਾਂ 'ਤੇ ਕੈਪਟਨ ਦੇ ਬਿਆਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਮੌਕਾਪ੍ਰਸਤ ਪਾਰਟੀਆਂ ਹਨ ਜੋ ਕਿਸਾਨ ਅੰਦੋਲਨ ਦਾ ਸਿਆਸੀ ਲਾਹਾ ਲੈਣਾ ਚਾਹੁੰਦੀਆਂ ਹਨ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਬਾਰੇ ਉਨ੍ਹਾਂ ਦੇ ਦੂਹਰੇ ਮਾਨਕ ਉਨ੍ਹਾਂ ਦੀ ਕਿਸਾਨਾਂ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕਰਦੇ ਹਨ।
ਅਖ਼ਬਾਰ ਦੀ ਇੱਕ ਹੋਰ ਖ਼ਬਰ ਮੁਤਾਬਕ ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਹੈ ਕਿ ਉਹ ਸੰਸਸ ਦਾ ਸਰਦ ਰੁੱਤ ਇਜਲਾਸ ਸੱਦਣ। ਉਨ੍ਹਾਂ ਨੇ ਰਾਸ਼ਟਰਪਤੀ ਨੂੰ ਲਿਖਿਆ ਕਿ ਸਰਦ ਰੁੱਤ ਇਜਲਾਸ ਨੂੰ ਰੱਦ ਕਰਨ ਲਈ ਕੋਵਿਡ-19 ਦਾ ਬਹਾਨਾ ਮੰਨਣਯੋਗ ਨਹੀਂ ਹੈ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਇਸ ਵਾਰ ਸਰਦ ਰੁੱਤ ਦਾ ਇਜਲਾਸ ਕੋਵਿਡ-19 ਮਹਾਮਾਰੀ ਦਾ ਹਵਾਲਾ ਦੇ ਕੇ ਸੱਦਣ ਤੋਂ ਮਨ੍ਹਾਂ ਕਰ ਚੁੱਕੀ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਸੀਬੀਆਈ ਚਾਰਜਸ਼ੀਟ ਵਿੱਚ ਹਾਥਰਸ ਪੀੜਤਾ ਨਾਲ ਸਮੂਹਕ ਰੇਪ ਦੀ ਗੱਲ
ਉੱਤਰ ਪ੍ਰਦੇਸ਼ ਪੁਲਿਸ ਹੁਣ ਤੱਕ ਦਾਅਵਾ ਕਰਦੀ ਰਹੀ ਹੈ ਕਿ ਹਾਥਰਸ ਦੀ 19 ਸਾਲਾ ਦਲਿਤ ਕੁੜੀ ਨਾਲ ਉੱਚੀ ਜਾਤ ਦੇ ਕੁਝ ਮੁੰਡਿਆਂ ਵੱਲੋਂ ਰੇਪ ਨਹੀਂ ਕੀਤਾ ਗਿਆ।
ਇੰਡੀਅਨ ਐੱਕਸਪ੍ਰੈੱਸ ਦੀ ਖ਼ਬਰ ਮੁਤਾਬਕ ਪੁਲਿਸ ਦੇ ਇਸ ਦਾਅਵੇ ਦੇ ਉਲਟ ਕੇਂਦਰੀ ਜਾਂਚ ਏਜੰਸੀ ਸੀਬੀਆਈ ਨੇ ਸ਼ੁੱਕਰਵਾਰ ਨੂੰ ਫਾਈਲ ਕੀਤੀ ਗਈ ਆਪਣੀ ਇਲਜ਼ਾਮ ਸੂਚੀ ਵਿੱਚ ਚਾਰ ਜਣਿਆਂ ਤੇ ਰੇਪ ਅਤੇ ਕਤਲ ਦੀਆਂ ਧਾਰਾਵਾਂ ਲਾਈਆਂ ਹਨ।
ਸੀਬੀਆਈ ਨੇ ਆਪਣੀ ਚਾਰਜਸ਼ੀਟ ਵਿੱਚ ਸੰਦੀਪ (20) ਉਸ ਦੇ ਅੰਕਲ ਰਵੀ (35) ਅਤੇ ਮਿੱਤਰਾਂ ਰਾਮੂ (26) ਅਤੇ ਲਵ ਕੁਸ਼ (23) ਦੇ ਨਾਂਅ ਲਏ ਗਏ ਹਨ।
ਇਸੇ ਸਾਲ 14 ਸਤੰਬਰ ਨੂੰ ਚਾਰਾਂ ਵੱਲੋਂ ਕੀਤੇ ਹਮਲੇ ਦੌਰਾਨ ਜ਼ਖ਼ਮੀ ਹੋਣ ਤੋਂ ਬਾਅਦ ਲਗਭਗ ਪੰਦਰਾਂ ਦਿਨਾਂ ਬਾਅਦ ਪੀੜਤਾ ਦੀ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿੱਚ ਮੌਤ ਹੋ ਗਈ ਸੀ। ਉਸ ਨੇ ਆਪਣੇ ਆਖ਼ਰੀ ਬਿਆਨ ਵਿੱਚ ਵੀ ਰੇਪ ਦੀ ਗੱਲ ਕੀਤੀ ਸੀ ਜਿਸ ਨੂੰ ਪੁਲਿਸ ਲਗਾਤਾਰ ਝੂਠਾ ਦੱਸ ਰਹੀ ਸੀ।
ਭਾਰਤੀ ਮੂਲ ਦੇ ਵੇਦਾਂਤ ਪਟੇਲ ਵ੍ਹਾਈਟ ਹਾਊਸ ਦੇ ਸਹਾਇਕ ਪ੍ਰੈੱਸ ਸਕੱਤਰ
ਅਮਰੀਕਾ ਦੇ ਪ੍ਰੈਜ਼ੀਡੈਂਟ-ਇਲੈਕਟ ਜੋ ਬਾਇਡਨ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਸੰਚਾਰ ਅਤੇ ਪ੍ਰੈੱਸ ਸਟਾਫ਼ ਦੇ 16 ਨਵੇਂ ਮੈਂਬਰਾਂ ਦਾ ਐਲਾਨ ਕੀਤਾ।
ਇਨ੍ਹਾਂ 16 ਵਿੱਚੋਂ ਇੱਕ ਹਨ ਭਾਰਤੀ ਮੂਲ ਦੇ ਵੇਦਾਂਤ ਪਟੇਲ ਜਿਨ੍ਹਾਂ ਨੂੰ ਵ੍ਹਾਈਟ ਹਾਊਸ ਦੇ ਸਹਾਇਕ ਪ੍ਰੈੱਸ ਸਕੱਤਰ ਲਾਇਆ ਗਿਆ ਹੈ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਵੇਦਾਂਤ ਫ਼ਿਲਹਾਲ ਬਾਇਡਨ ਖ਼ੇਮੇ ਦੇ ਸੀਨੀਅਰ ਬੁਲਾਰੇ ਹਨ ਅਤੇ ਚੋਣਾਂ ਦੌਰਾਨ ਵੀ ਉਹ ਬਾਇਡਨ ਦੀ ਟੀਮ ਦਾ ਹਿੱਸਾ ਰਹੇ ਹਨ।
ਇਸ ਤੋਂ ਪਹਿਲਾਂ ਵੇਦਾਂਤ ਭਾਰਤੀ ਮੂਲ ਦੇ ਅਮਰੀਕੀ ਸੰਸਦ ਪ੍ਰਮਿਲਾ ਜੈਪਾਲ ਦੇ ਸੰਚਾਰ ਨਿਰਦੇਸ਼ਕ ਵਜੋਂ ਕੰਮ ਕਰ ਚੁੱਕੇ ਹਨ।
ਭਾਰਤ ਵਿੱਚ ਜੰਮੇ ਵੇਦਾਂਤ ਨੇ ਕੈਲੀਫੋਰਨੀਆ ਅਤੇ ਫਲੋਰੀਡਾ ਯੂਨੀਵਰਸਿਟੀਆਂ ਤੋਂ ਪੜ੍ਹਾਈ ਕੀਤੀ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: