ਕੈਪਟਨ ਅਮਰਿੰਦਰ ਨੇ ਸੋਨੀਆ-ਰਾਹੁਲ ’ਤੇ ਜਤਾਇਆ ਭਰੋਸਾ, ਪਰ ਪਾਰਟੀ ’ਚ ਕਿਹੜੇ ਮਤਭੇਦ ਉਭਰੇ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੋਨੀਆ ਗਾਂਧੀ ਜਦੋਂ ਤੱਕ ਚਾਹੁੰਦੇ ਹਨ, ਪ੍ਰਧਾਨਗੀ ਦੇ ਅਹੁਦੇ 'ਤੇ ਰਹਿਣ ਅਤੇ ਇਸ ਤੋਂ ਬਾਅਦ ਰਾਹੁਲ ਗਾਂਧੀ ਨੂੰ ਇਹ ਅਹੁਦਾ ਸੰਭਾਲਣਾ ਚਾਹੀਦਾ ਹੈ ਕਿਉਂਕਿ ਉਹ ਪੂਰੀ ਤਰ੍ਹਾਂ ਸਮਰਥ ਹਨ।

ਦਰਅਸਲ, ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਸੋਨੀਆ ਗਾਂਧੀ ਕਾਂਗਰਸ ਪਾਰਟੀ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਸਕਦੇ ਹਨ।

ਪਰ ਖ਼ਬਰ ਏਜੰਸੀ ਏਐੱਨਆਈ ਅਨੁਸਾਰ ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸੋਨੀਆ ਗਾਂਧੀ ਦੇ ਅਸਤੀਫ਼ਾ ਦੇਣ ਦੀਆਂ ਕਿਆਸਰਾਈਆਂ ਨੂੰ ਝੂਠਾ ਕਰਾਰ ਦਿੱਤਾ ਹੈ।

ਸੋਮਵਾਰ ਨੂੰ ਕਾਂਗਰਸ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਣੀ ਹੈ। ਖ਼ਬਰ ਏਜੰਸੀ ਪੀਟੀਆਈ ਅਨੁਸਾਰ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਨੇ ਪਾਰਟੀ ਦੀ ਮੁੱਖੀ ਸੋਨੀਆ ਗਾਂਧੀ ਨੂੰ ਕਾਂਗਰਸ ਪਾਰਟੀ ਵਿਚ ਵੱਡੀਆਂ ਤਬਦੀਲੀਆਂ ਲਿਆਉਣ ਬਾਰੇ ਪੱਤਰ ਲਿਖਿਆ।

ਸਾਲ 2014 ਦੀਆਂ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ, ਕਾਂਗਰਸ ਪਾਰਟੀ ਦੀ ਮਾੜੀ ਹਾਲਾਤ ਬਰਕਰਾਰ ਹੈ ਅਤੇ ਉਦੋਂ ਤੋਂ ਹੀ ਪਾਰਟੀ ਆਪਣੀ ਵਾਪਸੀ ਨਹੀਂ ਕਰ ਸਕੀ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਹਾਰ ਮਗਰੋਂ ਰਾਹੁਲ ਗਾਂਧੀ ਦੇ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਕਈ ਦਿਨਾਂ ਤੱਕ ਅਹੁਦਾ ਖਾਲੀ ਰਹਿਣ ਮਗਰੋਂ ਸੋਨੀਆ ਗਾਂਧੀ ਨੂੰ ਅੰਤਰਿਮ ਪ੍ਰਧਾਨ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ

ਕਿਉਂ ਉੱਠਿਆ ਵਿਵਾਦ?

ਪੀਟੀਆਈ ਦੀ ਖ਼ਬਰ ਅਨੁਸਾਰ ਕਰੀਬ ਦੋ ਦਰਜਨ ਕਾਂਗਰਸੀ ਲੀਡਰ ਜਿਨ੍ਹਾਂ ਵਿੱਚ ਕੁਝ ਸਾਬਕਾ ਮੰਤਰੀ ਵੀ ਸ਼ਾਮਲ ਹਨ, ਉਨ੍ਹਾਂ ਨੇ ਪਾਰਟੀ ਵਿੱਚ ਵੱਡੇ ਬਦਲਾਅ ਦੀ ਮੰਗ ਕੀਤੀ ਹੈ।

ਰਾਹੁਲ ਗਾਂਧੀ ਦੇ ਕਰੀਬੀ ਸਾਥੀਆਂ ਨੇ ਕਾਂਗਰਸ ਵਰਕਿੰਗ ਕਮੇਟੀ ਨੂੰ ਚਿੱਠੀ ਲਿਖ ਕੇ ਰਾਹੁਲ ਗਾਂਧੀ ਨੂੰ ਮੁੜ ਕਾਂਗਰਸ ਦਾ ਪ੍ਰਧਾਨ ਬਣਾਉਣ ਦੀ ਮੰਗ ਕੀਤੀ ਹੈ।

ਇਹ ਮੰਨਿਆ ਜਾ ਰਿਹਾ ਹੈ ਕਿ ਕਾਂਗਰਸੀ ਆਗੂਆਂ ਵੱਲੋਂ ਇਹ ਚਿੱਠੀ ਕੁਝ ਹਫ਼ਤਿਆਂ ਪਹਿਲਾਂ ਲਿਖੀ ਗਈ ਹੈ।

ਕਾਂਗਰਸ ਵਰਕਿੰਗ ਮੀਟਿੰਗ ਤੋਂ ਪਹਿਲਾਂ ਚਿੱਠੀ ਦੀਆਂ ਗੱਲਾਂ ਸਾਹਮਣੇ ਆ ਜਾਣ ਨਾਲ ਉਸ ਦੇ ਹੰਗਾਮੇਦਾਰ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ।

ਇਨ੍ਹਾਂ ਆਗੂਆਂ ਨੇ ਪਾਰਟੀ ਵਿੱਚ 1970ਵਿਆਂ ਵਿੱਚ ਬਣੇ ਪਾਰਲੀਮਾਨੀ ਬੋਰਡ ਨੂੰ ਮੁੜ ਸਥਾਪਿਤ ਕਰਨ ਦੀ ਗੱਲ ਕੀਤੀ ਹੈ।

ਚਿੱਠੀ ਵਿੱਚ ਇੱਕ ਪੱਕੇ ਤੌਰ ਉੱਤੇ ਐਕਟਿਵ ਕੰਮ ਕਰਨ ਵਾਲੀ ਲੀਡਰਸ਼ਿਪ ਸਥਾਪਿਤ ਕਰਨ ਦੀ ਵੀ ਗੱਲ ਕੀਤੀ ਗਈ ਹੈ।

ਪਾਰਟੀ ਵਿੱਚ ਸੁਧਾਰ ਦੇ ਹਮਾਇਤੀ ਆਗੂਆਂ ਨੇ ਬਲਾਕ ਤੋਂ ਵਰਕਿੰਗ ਕਮੇਟੀ ਤੱਕ ਪਾਰਦਰਸ਼ੀ ਚੋਣ ਪ੍ਰਕਿਰਿਆ ਲਾਗੂ ਕਰਨ ਦੀ ਵੀ ਗੱਲ ਕੀਤੀ ਹੈ।

ਕਿਸ ਨੇ ਕੀਤੇ ਪੱਤਰ 'ਤੇ ਹਸਤਾਖ਼ਰ?

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ ਇਸ ਪੱਤਰ 'ਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ, ਪਾਰਟੀ ਦੇ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਆਨੰਦ ਸ਼ਰਮਾ, ਕਪਿਲ ਸਿੱਬਲ, ਮਨੀਸ਼ ਤਿਵਾੜੀ, ਸ਼ਸ਼ੀ ਥਰੂਰ ਅਤੇ ਵਿਵੇਕ ਤਨਖਾ ਦੇ ਦਸਤਖ਼ਤ ਹਨ।

ਇਨ੍ਹਾਂ ਤੋਂ ਇਲਾਵਾ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ, ਸੀਡਬਲਯੂਸੀ ਦੇ ਮੈਂਬਰ ਮੁਕੁਲ ਵਾਸਨਿਕ, ਜਿਤਿਨ ਪ੍ਰਸਾਦ, ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਭੁਪਿੰਦਰ ਸਿੰਘ ਹੁੱਡਾ, ਰਾਜਿੰਦਰ ਕੌਰ ਭੱਠਲ, ਐਮ ਵੀਰੱਪਾ ਮੋਇਲੀ, ਪ੍ਰਿਥਵੀ ਰਾਜ ਚਵਾਨ, ਪੀਜੇ ਕੁਰੀਅਨ, ਅਜੈ ਸਿੰਘ, ਰੇਣੁਕਾ ਚੌਧਰੀ, ਮਿਲਿੰਦ ਦੇਵੜਾ, ਸਾਬਕਾ ਪੀਸੀਸੀ ਚੀਫ਼ ਰਾਜ ਬੱਬਰ, ਅਰਵਿੰਦਰ ਸਿੰਘ ਲਵਲੀ, ਕੌਲ ਸਿੰਘ ਠਾਕੁਰ, ਬਿਹਾਰ ਦੇ ਮੁੱਖ ਚੋਣ ਪ੍ਰਚਾਰਕ ਅਖਿਲੇਸ਼ ਪ੍ਰਸਾਦ ਸਿੰਘ, ਹਰਿਆਣਾ ਦੇ ਸਾਬਕਾ ਸਪੀਕਰ ਕੁਲਦੀਪ ਸ਼ਰਮਾ, ਦਿੱਲੀ ਦੇ ਸਾਬਕਾ ਸਪੀਕਰ ਯੋਗਾਨੰਦ ਸ਼ਾਸਤਰੀ, ਸਾਬਕਾ ਸੰਸਦ ਸੰਦੀਪ ਦੀਕਸ਼ਿਤ ਨੇ ਵੀ ਇਸ ਪੱਤਰ ਉੱਤੇ ਦਸਤਖ਼ਤ ਕੀਤੇ ਹਨ।

ਸੋਨੀਆ ਗਾਂਧੀ ਦੇ ਨਾਮ ਦਾ ਸਮਰਥਨ

ਰਾਜਸਥਾਨ ਦੇ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਗਹਿਲੋਤ ਨੇ ਟਵੀਟ ਕੀਤਾ ਕਿ "ਜੇ ਪਾਰਟੀ ਦੇ 23 ਨੇਤਾਵਾਂ ਦੇ ਕਾਰਜਕਾਰੀ ਚੇਅਰਮੈਨ ਨੂੰ ਪੱਤਰ ਲਿੱਖਣ ਵਾਲੀ ਗੱਲ ਸਹੀ ਹੈ ਤਾਂ ਇਹ ਅਵਿਸ਼ਵਾਸ਼ਯੋਗ ਹੈ। ਇਹ ਮੰਦਭਾਗਾ ਹੈ ਅਤੇ ਇਸ ਲਈ ਮੀਡੀਆ ਕੋਲ ਜਾਣ ਦੀ ਜ਼ਰੂਰਤ ਨਹੀਂ ਸੀ।"

ਪੱਛਮੀ ਬੰਗਾਲ ਤੋਂ ਕਾਂਗਰਸ ਦੇ ਵਿਧਾਇਕ ਬੀ. ਮਨੀਕਰਾਮ ਟੈਗੋਰ ਨੇ ਸੋਨੀਆ ਗਾਂਧੀ ਨੂੰ ਇੱਕ ਪੱਤਰ ਲਿਖ ਕੇ ਕਿਹਾ ਹੈ, "ਪਾਰਟੀ ਨੂੰ ਤੁਹਾਡੀ ਅਗਵਾਈ 'ਤੇ ਪੂਰਾ ਭਰੋਸਾ ਹੈ ਅਤੇ ਪਾਰਟੀ ਤੁਹਾਡੇ ਅਤੇ ਰਾਹੁਲ ਗਾਂਧੀ ਦੇ ਹੱਥ ‘ਚ ਸੁਰੱਖਿਅਤ ਰਹੇਗੀ।"

ਰਾਹੁਲ ਗਾਂਧੀ ਦੇ ਨਾਮ ਦਾ ਸਮਰਥਨ

ਇਸ ਦੇ ਨਾਲ ਹੀ ਅਸਾਮ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਿਪੁਨ ਬੋਰਾ, ਮਹਾਰਾਸ਼ਟਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਾਲਾ ਸਾਹਿਬ ਥੋਰਾਟ ਅਤੇ ਪੰਜਾਬ ਦੇ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਨੂੰ ਲੀਡਰਸ਼ਿਪ ਦੀ ਕਮਾਂਡ ਸੌਂਪਣ ਦਾ ਸਮਰਥਨ ਕੀਤਾ ਹੈ।

ਰਿਪੁਨ ਬੋਰਾ ਨੇ ਇੱਕ ਪੱਤਰ ਜਾਰੀ ਕਰਕੇ ਲਿਖਿਆ, "ਪਾਰਟੀ ਦੀ ਕਮਾਨ ਰਾਹੁਲ ਗਾਂਧੀ ਨੂੰ ਦਿੱਤੀ ਜਾਣੀ ਚਾਹੀਦੀ ਹੈ ਜੋ ਨਾ ਸਿਰਫ਼ ਪਾਰਟੀ ਦੀ ਅਗਵਾਈ ਕਰਨ, ਬਲਕਿ ਭਾਜਪਾ ਅਤੇ ਆਰਐਸਐਸ ਵਿਰੁੱਧ ਵੀ ਅੱਗੇ ਵੱਧ ਕੇ ਲੜਾਈ ਲੜ੍ਹਨ।"

ਬਾਲਾ ਸਾਹਿਬ ਥੋਰਾਟ ਨੇ ਲਿਖਿਆ, "ਹੁਣ ਸਮਾਂ ਆ ਗਿਆ ਹੈ ਜਦੋਂ ਰਾਹੁਲ ਗਾਂਧੀ ਨੂੰ ਪਾਰਟੀ ਦੀ ਕਮਾਨ ਆਪਣੇ ਹੱਥਾਂ ਵਿੱਚ ਲੈ ਲੈਣੀ ਚਾਹੀਦੀ ਹੈ। ਅਸੀਂ ਕਹਿਣਾ ਚਾਹੁੰਦੇ ਹਾਂ ਕਿ ਰਾਹੁਲ ਜੀ ਨੂੰ ਵਾਪਸ ਆਉਣਾ ਚਾਹੀਦਾ ਹੈ।"

ਇਹ ਵੀ ਪੜ੍ਹੋ

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)