You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਦਾ ਇਲਾਜ ਠੀਕ ਹੋਏ ਮਰੀਜ਼ਾਂ ਤੋਂ ਕੀਤੇ ਜਾਣ ਦਾ ਦਾਅਵਾ, ਕੀ ਹੈ ਇਹ ਵਿਧੀ- ਪੰਜ ਖ਼ਬਰਾਂ
ਕੋਰੋਨਾਵਾਇਰਸ ਮਹਾਂਮਾਰੀ ਵਿਚਾਲੇ ਸਾਰੀਆਂ ਖਬਰਾਂ ਮਾੜੀਆਂ ਨਹੀਂ। ਜ਼ਰਾ ਚੰਗੀ ਖਬਰ ਦੀ ਗੱਲ ਕਰਦੇ ਹਾਂ।
ਇੰਡੀਅਨ ਕਾਉਂਸਿਲ ਫਾਰ ਮੈਡੀਕਲ ਰਿਸਰਚ ਨੇ ਕੇਰਲਾ ਦੀ ਸਰਕਾਰ ਦੇ ਇੱਕ ਅਜਿਹੇ ਸੁਝਾਅ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਨਾਲ ਕੋਰੋਨਾਵਾਇਰਸ ਦੇ ਇਲਾਜ ਵੱਲ ਕਦਮ ਪੁੱਟੇ ਜਾ ਸਕਦੇ ਨੇ।
ਪੂਰੀ ਦੁਨੀਆਂ ਵਿੱਚ ਇਸ ਮਹਾਂਮਾਰੀ ਦੇ ਇਲਾਜ ਲਈ ਟੀਕਾ ਲੱਭਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ਪਰ ਹਾਲੇ ਤੱਕ ਕਾਮਯਾਬੀ ਨਹੀਂ ਮਿਲੀ ਹੈ।
ਉਮੀਦ ਦੀ ਕਿਰਨ ਦਿਖਾਈ ਭਾਰਤੀ ਸੂਬੇ ਕੇਰਲਾ ਨੇ, ਜਿਸ ਮੁਤਾਬਕ ਐਂਟੀਬੌਡੀ ਨਾਲ ਮਰੀਜ਼ਾਂ ਦਾ ਇਲਾਜ ਸੰਭਵ ਹੈ।
ਆਓ ਵੇਖਦੇ ਹਾਂ ਵਿਸਥਾਰ ਨਾਲ ਕੀ ਆਖਿਰ ਇਲਾਜ ਦਾ ਇਹ ਤਰੀਕਾ ਹੈ ਕੀ ਅਤੇ ਕਿੰਨਾ ਪੈਸਾ ਅਤੇ ਸਮਾਂ ਲਗਦਾ ਹੈ। ਕਲਿੱਕ ਕਰੋ ਅਤੇ ਆਪਣੀ ਜਾਣਕਾਰੀ ਵਿੱਚ ਵਾਧਾ ਕਰੋ।
ਕੋਰੋਨਾਵਾਇਰਸ- ਪੰਜਾਬ ਦੇ ਚਾਰ ਜ਼ਿਲ੍ਹੇ ਹੌਟਸਪੋਟ ਐਲਾਨੇ ਗਏ
ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਨੇ ਪੰਜਾਬ ਦੇ ਚਾਰ ਜ਼ਿਲ੍ਹਿਆਂ ਅਤੇ ਚੰਡੀਗੜ੍ਹ ਨੂੰ ਕੋਰੋਨਾਵਾਇਰਸ ਦਾ ਹੌਟਸਪੋਟ ਐਲਾਨ ਦਿੱਤਾ ਹੈ।
ਪੰਜਾਬ ਦੇ ਚਾਰ ਜ਼ਿਲ੍ਹੇ ਹਨ, ਮੁਹਾਲੀ, ਨਵਾਂਸ਼ਹਿਰ, ਜਲੰਧਰ ਅਤੇ ਪਠਾਨਕੋਟ ਅਤੇ ਪੂਰਾ ਚੰਡੀਗੜ੍ਹ।
ਸਿਹਤ ਮੰਤਰਾਲੇ ਨੇ ਮੁੱਖ ਤੌਰ 'ਤੇ ਭਾਰਤ ਦੇ ਜ਼ਿਲ੍ਹਿਆਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਹੈ। ਪਹਿਲੇ ਵਿੱਚ ਉਹ ਜ਼ਿਲ੍ਹੇ ਹਨ ਜਿਨ੍ਹਾਂ ਵਿੱਚ ਕੋਰਨਾਵਾਇਰਸ ਦਾ ਪਸਾਰ ਕਾਫੀ ਵੱਡੇ ਪੱਧਰ 'ਤੇ ਹੈ। ਉਨ੍ਹਾਂ ਨੂੰ ਹੌਟਸਪੋਟ ਦਾ ਨਾਂ ਦਿੱਤਾ ਗਿਆ ਹੈ।
ਜੇ ਸੌਖੇ ਸ਼ਬਦਾਂ ਵਿੱਚ ਸਮਝੀਏ ਤਾਂ ਉਹ ਜ਼ਿਲ੍ਹੇ ਜਿਨ੍ਹਾਂ ਵਿੱਚ ਕੋਰੋਨਾਵਾਇਰਸ ਦੇ ਕੇਸ ਦੂਜਿਆਂ ਨਾਲੋਂ ਜ਼ਿਆਦਾ ਸਾਹਮਣੇ ਆਏ ਹਨ।
ਕੋਰੋਨਾਵਾਇਰਸ ਦੇ ਮਾਮਲਿਆਂ ਦੀ ਚਰਮ ਸੀਮਾ ਖ਼ਤਮ ਹੋਈ-ਟਰੰਪ
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦਾ ਦਾਅਵਾ ਹੈ ਕਿ ਅਮਰੀਕਾ ਵਿੱਚ ਕੋਵਿਡ-19 ਦੇ ਮਾਮਲਿਆਂ ਦੀ ਚਰਮ ਸੀਮਾ ਖ਼ਤਮ ਹੋ ਗਈ ਹੈ।
ਉਨ੍ਹਾਂ ਇਸ ਮਹੀਨੇ ਕੁੱਝ ਸੂਬੇ ਖੋਲ੍ਹਣ ਦਾ ਦਾਅਵਾ ਕੀਤਾ।
ਵ੍ਹਾਈਟ ਹਾਊਸ ਦੀ ਬ੍ਰੀਫਿੰਗ ਦੌਰਾਨ ਟਰੰਨ ਨੇ ਕਿਹਾ ਕਿ ਗਵਰਨਜ਼ ਨਾਲ ਗੱਲਬਾਤ ਤੋਂ ਬਾਅਦ ਦੇਸ ਮੁੜ ਖੋਲ੍ਹਣ ਸਬੰਧੀ ਵੀਰਵਾਰ ਨੂੰ ਨਵੇਂ ਦਿਸ਼ਾ-ਨਿਰਦੇਸ਼ ਦਿੱਤੇ ਜਾਣਗੇ।
ਉਨਾਂ ਕਿਹਾ, "ਅਸੀਂ ਸਭ ਵਾਪਸ ਆਵਾਂਗੇ। ਅਸੀਂ ਆਪਣਾ ਦੇਸ ਵਾਪਸ ਲਿਆਉਣਾ ਚਾਹੁੰਦੇ ਹਾਂ।"
ਅਮਰੀਕਾ ਵਿੱਚ ਤਕਰੀਬਨ 6,35,000 ਕੋਰੋਨਾਵਾਇਰਸ ਦੇ ਪੌਜਿਟਿਵ ਮਾਮਲੇ ਹਨ ਅਤੇ 30,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
ਪੰਜਾਬ ਵਿੱਚ ਕੀ ਹਨ ਕਣਕ ਦੀ ਖ਼ਰੀਦ ਬਾਰੇ ਨਵੇਂ ਬੰਦੋਬਸਤ
ਪੰਜਾਬ ਵਿੱਚ ਕਣਕ ਦੀ ਖ਼ਰੀਦ ਬੁੱਧਵਾਰ ਤੋਂ ਸ਼ੁਰੂ ਹੋ ਗਈ ਹੈ ਜੋ ਕਿ 15 ਜੂਨ ਤਕ ਜਾਰੀ ਰਹੇਗੀ।
ਪਰ ਕੋਰੋਨਾਵਾਇਰਸ ਦੇ ਸੰਕਟ ਦੇ ਚਲਦੇ ਹੋਏ ਸਰਕਾਰ ਨੇ ਕਣਕ ਦੀ ਖ਼ਰੀਦ ਲਈ ਕੁਝ ਨਿਯਮ ਤੈਅ ਕੀਤੇ ਹਨ।
ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸੂਬੇ ਵਿੱਚ ਲਗਾਏ ਗਏ ਕਰਫ਼ਿਊ ਕਾਰਨ ਕਿਸਾਨ ਆਪਣੇ ਆਪ ਮੰਡੀ ਵਿੱਚ ਫ਼ਸਲ ਵੇਚਣ ਲਈ ਨਹੀਂ ਲੈ ਕੇ ਆ ਸਕਦੇ।
ਸਰਕਾਰ ਨੇ ਮੰਡੀਆਂ ਵਿੱਚ ਕਿਸਾਨਾਂ ਦੀ ਭੀੜ ਘੱਟ ਕਰਨ ਲਈ ਇਸ ਵਾਰ ਕੁਝ ਤਬਦੀਲੀਆਂ ਕੀਤੀਆਂ ਹਨ। ਪੂਰੀ ਖ਼ਬਰ ਇੱਥੇ ਪੜ੍ਹੋ।
98 ਸਾਲਾ ਬੇਬੇ ਆਪ ਸਿਉਂ ਕੇ ਵੰਡ ਰਹੀ ਮਾਸਕ
ਪੰਜਾਬ ਦੇ ਮੋਗਾ ਸ਼ਹਿਰ ਦੀ ਵਸਨੀਕ 98 ਸਾਲਾਂ ਦੀ ਗੁਰਦੇਵ ਕੌਰ ਦੇ ਹਨ, ਜਿਹੜੇ ਸਿਲਾਈ ਮਸ਼ੀਨ 'ਤੇ ਆਪਣੇ ਹੱਥੀਂ ਮਾਸਕ ਬਣਾ ਕੇ ਲੋਕਾਂ ਨੂੰ ਵੰਡ ਰਹੇ ਹਨ।
ਇਕੱਲੀ ਗੁਰਦੇਵ ਕੌਰ ਹੀ ਨਹੀਂ, ਸਗੋਂ ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਦੀਆਂ ਦੋ ਨੂੰਹਾਂ, ਪੋਤਰੀ ਤੇ ਆਂਢ-ਗੁਆਂਢ ਦੀਆਂ ਕੁਝ ਹੋਰ ਔਰਤਾਂ ਵੀ ਮਸ਼ੀਨਾਂ ਡਾਹ ਕੇ ਮਾਸਕ ਬਣਾਉਣ ਦੇ ਕੰਮ 'ਚ ਲੱਗੀਆਂ ਹਨ।
ਗੁਰਦੇਵ ਕੌਰ ਅਤੇ ਉਨ੍ਹਾਂ ਦਾ ਸਹਿਯੋਗ ਕਰਨ ਵਾਲੀਆਂ ਔਰਤਾਂ ਆਪਣੇ ਪੱਲਿਓਂ ਪੈਸੇ ਖਰਚਕੇ ਮਾਸਕ ਬਣਾਉਣ ਲਈ ਕੱਪੜਾ, ਧਾਗਾ ਤੇ ਹੋਰ ਸਮਾਨ ਖ਼ਰੀਦ ਰਹੀਆਂ ਹਨ।
ਬੀਬੀਸੀ ਪੰਜਾਬੀ ਦੇ ਸਹਿਯੋਗੀ ਸੁਰਿੰਦਰ ਮਾਨ ਨੇ ਬੇਬੇ ਜੀ ਨਾਲ ਕੀਤੀ ਮੁਲਾਕਾਤ ਇੱਥੇ ਪੜ੍ਹੋ। ਘਰ ਵਿੱਚ ਹੀ ਮਾਸਕ ਤਿਆਰ ਕਰਨ ਦਾ ਸੌਖਾ ਤਰੀਕਾ ਇੱਥੇ ਪੜ੍ਹੋ।