You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: 'ਬਾਬੇ ਨਾਨਕ ਤੋਂ ਮਿਲੀ ਸੇਵਾ ਕਰ ਰਹੀ ਹਾਂ'- 98 ਸਾਲਾ ਬੇਬੇ ਆਪ ਸਿਉਂ ਕੇ ਵੰਡ ਰਹੀ ਮਾਸਕ
- ਲੇਖਕ, ਸੁਰਿੰਦਰ ਮਾਨ
- ਰੋਲ, ਬੀਬੀਸੀ ਪੰਜਾਬੀ ਲਈ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 3 ਮਿੰਟ
''ਮੈਂ 100 ਸਾਲਾਂ ਦੀ ਹੋਣ ਵਾਲੀ ਹਾਂ। ਸੋਚਿਆ, ਜਾਂਦੀ ਉਮਰੇ ਕੁਝ ਚੰਗਾ ਕਰ ਜਾਵਾਂ। ਨੈਣ-ਪਰਾਣ ਚੱਲਦੇ ਹਨ ਤੇ ਮੈਂ ਸਿਲਾਈ ਨਿੱਕੀ ਹੁੰਦੀ ਤੋਂ ਹੀ ਕਰਦੀ ਆ ਰਹੀ ਹਾਂ। ਲੋਕਾਂ ਨੂੰ ਕੋਰੋਨਾਵਾਇਰਸ ਦੇ ਕਹਿਰ ਤੋਂ ਬਚਾਉਣ ਲਈ ਮੈਂ ਪਿਛਲੇ ਦਿਨਾਂ ਤੋਂ ਮਾਸਕ ਬਣਾ ਰਹੀ ਹਾਂ ਤੇ ਗਲੀ-ਸੜਕ ਤੋਂ ਲੰਘਦੇ ਲੋਕਾਂ ਨੂੰ ਵੰਡ ਰਹੀ ਹਾਂ।''
ਇਹ ਸ਼ਬਦ ਮੋਗਾ ਸ਼ਹਿਰ ਦੀ ਵਸਨੀਕ 98 ਸਾਲਾਂ ਦੀ ਗੁਰਦੇਵ ਕੌਰ ਦੇ ਹਨ, ਜਿਹੜੇ ਸਿਲਾਈ ਮਸ਼ੀਨ 'ਤੇ ਆਪਣੇ ਹੱਥੀਂ ਮਾਸਕ ਬਣਾ ਕੇ ਲੋਕਾਂ ਨੂੰ ਵੰਡ ਰਹੇ ਹਨ।
- ਕੋਰੋਨਾਵਾਇਰਸ ਤੋਂ ਬਚਣ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ
- ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ
- ਕੋਰੋਨਾਵਾਇਰਸ: ਕੀ ਕੋਰੋਨਾਵਾਇਰਸ ਦਾ ਕੋਈ ਇਲਾਜ ਹੈ? - ਜਾਣੋ 13 ਮੁੱਖ ਸਵਾਲਾਂ ਦੇ ਜਵਾਬ
- ਕੋਰੋਨਾਵਾਇਰਸ: ਸੋਸ਼ਲ ਮੀਡੀਆ 'ਤੇ ਕੁਝ ਵੀ ਸ਼ੇਅਰ ਕਰਨ ਤੋਂ ਪਹਿਲਾਂ 7 ਗੱਲਾਂ ਵੱਲ ਧਿਆਨ ਦਿਓ
- ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ
- ਘਰ ਵਿੱਚ ਮਾਸਕ ਕਿਵੇਂ ਤਿਆਰ ਕਰੀਏ, ਜਾਣੋ ਸੌਖੇ ਤਰੀਕੇ
ਉਹ ਕਹਿੰਦੇ ਹਨ, ''ਦੁਨੀਆਂ 'ਚ ਫੈਲੀ ਕੋਰੋਨਾਵਾਇਰਸ ਦੀ ਬਿਮਾਰੀ ਨਾਲ ਹਾਹਾਕਾਰ ਮੱਚੀ ਹੋਈ ਹੈ। ਸਾਨੂੰ ਬਚਾਅ ਰੱਖਣ ਦੀ ਲੋੜ ਹੈ। ਦੂਜਾ, ਬਾਬੇ ਨਾਨਕ ਨੇ ਸੇਵਾ ਲਈ ਮਨ ਬਣਾ ਦਿੱਤਾ ਹੈ ਤੇ ਜਦੋਂ ਤੱਕ ਇਹ ਬਿਮਾਰੀ ਨਹੀਂ ਹਟਦੀ, ਮੈਂ ਆਖਰੀ ਸਾਹ ਤੱਕ ਮਾਸਕ ਬਣਾ ਕੇ ਵੰਡਦੀ ਰਹਾਂਗੀ।''
ਇਕੱਲੀ ਗੁਰਦੇਵ ਕੌਰ ਹੀ ਨਹੀਂ, ਸਗੋਂ ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਦੀਆਂ ਦੋ ਨੂੰਹਾਂ, ਪੋਤਰੀ ਤੇ ਆਂਢ-ਗੁਆਂਢ ਦੀਆਂ ਕੁਝ ਹੋਰ ਔਰਤਾਂ ਵੀ ਮਸ਼ੀਨਾਂ ਡਾਹ ਕੇ ਮਾਸਕ ਬਣਾਉਣ ਦੇ ਕੰਮ 'ਚ ਲੱਗੀਆਂ ਹਨ।
ਗੁਰਦੇਵ ਕੌਰ ਅਤੇ ਉਨ੍ਹਾਂ ਦਾ ਸਹਿਯੋਗ ਕਰਨ ਵਾਲੀਆਂ ਔਰਤਾਂ ਆਪਣੇ ਪੱਲਿਓਂ ਪੈਸੇ ਖਰਚਕੇ ਮਾਸਕ ਬਣਾਉਣ ਲਈ ਕੱਪੜਾ, ਧਾਗਾ ਤੇ ਹੋਰ ਸਮਾਨ ਖ਼ਰੀਦ ਰਹੀਆਂ ਹਨ।
ਇਸ ਬਾਰੇ ਗੁਰਦੇਵ ਕੌਰ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਰੱਜ ਕੇ ਕੰਮ ਕੀਤਾ ਤੇ ਹੁਣ ਉਨ੍ਹਾਂ ਦੇ ਚਾਰ ਪੁੱਤਰ ਆਪਣੇ ਕੰਮ-ਧੰਦਿਆਂ ਰਾਹੀਂ ਕਮਾਈ ਕਰ ਰਹੇ ਹਨ।
''ਦਸਵੰਧ ਵੀ ਤਾਂ ਕੱਢਦੇ ਹੀ ਹਾਂ। ਪਹਿਲਾਂ ਵੱਖ-ਵੱਖ ਗੁਰਦੁਆਰਿਆਂ 'ਚ ਰੱਖੇ ਗਏ ਗੁਰਬਾਣੀ ਦੇ ਗੁਟਕਿਆਂ ਦੇ ਕਵਰ ਸਿਲਾਈ ਕਰਕੇ ਸੇਵਾ ਕਰਦੀ ਸੀ। ਹੁਣ ਮਾਮਲਾ ਮਨੁੱਖਤਾ ਨਾਲ ਜੁੜਿਆ ਹੈ ਤੇ ਮੈਂ ਮਾਸਕ ਵੰਡਣ ਦੀ ਸੇਵਾ ਸੰਭਾਲ ਲਈ ਹੈ। ਗੁਰੂ ਨੇ ਦੋ ਡੰਗ ਦੀ ਰੋਟੀ ਨਸੀਬ ਕੀਤੀ ਹੈ ਤੇ ਫਿਰ ਲਾਲਚ ਕਾਹਦਾ।''
ਗੁਰਦੇਵ ਕੌਰ ਦੀ ਇੱਕ ਅੱਖ ਦੀ ਨਿਗ੍ਹਾ ਹੀ ਸਹੀ ਹੈ ਪਰ ਇਸ ਗੱਲ ਦੀ ਪਰਵਾਹ ਨਾ ਕੀਤਿਆਂ ਉਹ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਮਸ਼ੀਨ 'ਤੇ ਮਾਸਕਾਂ ਦੀ ਸਿਲਾਈ ਕਰਦੇ ਹਨ।
- ਕੋਰੋਨਾਵਾਇਰਸ: ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਸੁੰਨੀਆਂ, ਪਹਿਰੇ ਲਈ ਜਦੋਂ ਔਰਤਾਂ ਸਾਹਮਣੇ ਆਈਆਂ
- ਕੋਰੋਨਾਵਾਇਰਸ: ਜਲੰਧਰ 'ਚ ਜਦੋਂ ਲੋਕ ਮ੍ਰਿਤਕ ਦਾ ਸਸਕਾਰ ਨਾ ਕਰਨ ਦੇਣ 'ਤੇ ਅੜੇ
- ਪੰਜਾਬ 'ਚ ਵੀ ਮਾਸਕ ਪਾਉਣਾ ਲਾਜ਼ਮੀ, ਕੋਰੋਨਾਵਾਇਰਸ ਪੀੜਤ ਚੋਰ ਨੂੰ ਫੜਨ ਵਾਲੇ 17 ਪੁਲਿਸ ਵਾਲੇ ਏਕਾਂਤਵਾਸ 'ਚ
- ਕੋਰੋਨਾਵਾਇਰਸ: ਕਿਸੇ ਮਰੀਜ਼ ਦਾ ICU ਵਿੱਚ ਜਾਣ ਦਾ ਕੀ ਮਤਲਬ ਹੁੰਦਾ ਹੈ?
- ਕੋਰੋਨਾਵਾਇਰਸ: ਪਲਾਜ਼ਮਾ ਥੈਰੇਪੀ ਕੀ ਹੈ ਜਿਸ ਨੂੰ ICMR ਨੇ ਮਰੀਜ਼ਾਂ ਦੇ ਇਲਾਜ ਲਈ ਪ੍ਰਵਾਨਗੀ ਦਿੱਤੀ ਹੈ
ਇਸ ਉਮਰ ਵਿੱਚ ਕੰਮ ਕਰਦਿਆਂ ਥਕਾਵਟ ਹੋਣ ਸਬੰਧੀ ਪੁੱਛੀ ਗਈ ਗੱਲ ਦੇ ਜਵਾਬ ਵਿੱਚ ਗੁਰਦੇਵ ਕੌਰ ਕਹਿੰਦੇ ਹਨ ਕਿ ਘਰ ਦੇ ਕੰਮ ਵੇਲੇ ਤਾਂ ਬੁੱਢੇਵਾਰੇ ਥਕਾਵਟ ਹੁੰਦੀ ਸੀ ਪਰ ਹੁਣ ਮਾਸਕ ਦੀ ਸੇਵਾ ਤਾਂ ਗੁਰੂ ਆਪ ਹੀ ਕਰਵਾ ਰਿਹਾ ਹੈ ਤੇ ਫਿਰ ਥਕਾਵਟ ਕਾਹਦੀ।
ਗੁਰਦੇਵ ਕੌਰ ਦੀ ਪੋਤਰੀ ਰਮਨ ਵੀ ਆਪਣੀ ਦਾਦੀ ਦੀ ਸੇਵਾ-ਭਾਵਨਾ ਵਾਲੇ ਸੁਭਾਅ ਤੋਂ ਪ੍ਰਭਾਵਿਤ ਹੋ ਕੇ ਮਾਸਕ ਬਣਉਣ ਦੇ ਕੰਮ 'ਚ ਜੁਟ ਗਈ ਹੈ।
ਰਮਨ ਦਾ ਕਹਿਣਾ ਹੈ, ''ਲੌਕਡਾਊਨ ਦੌਰਾਨ ਪਹਿਲਾਂ ਟੈਲੀਵੀਜ਼ਨ ਵਗੈਰਾ ਦੇਖ ਕੇ ਟਾਈਮ ਪਾਸ ਕਰਨ ਦੀ ਕੋਸ਼ਿਸ਼ ਕਰਦੀ ਸੀ, ਪਰ ਹੁਣ ਜਦੋਂ ਦਾਦੀ ਜੀ ਨੂੰ ਕੰਮ ਕਰਦੇ ਦੇਖਿਆ ਤਾਂ ਮਨ ਵਿੱਚ ਆਇਆ ਕਿ ਜੇ 100 ਸਾਲ ਦੀ ਉਮਰ ਤੱਕ ਪਹੁੰਚਣ ਵਾਲੀ ਮੇਰੀ ਦਾਦੀ ਮਾਸਕ ਦੀ ਸੇਵਾ ਕਰ ਸਕਦੀ ਹੈ ਤਾਂ ਮੈਂ ਅਜਿਹਾ ਕਿਉਂ ਨਹੀਂ ਕਰ ਸਕਦੀ।''
ਇਹ ਵੀਡੀਓਜ਼ ਵੀ ਦੇਖੋ: