You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਕਨਿਕਾ ਕਪੂਰ ਬਣੀ ਹਸਪਤਾਲ ਦੇ ਲਈ ਸਿਰ ਦਰਦ- ਪੰਜ ਅਹਿਮ ਖ਼ਬਰਾਂ
ਸਿੰਗਰ ਕਨਿਕਾ ਕਪੂਰ ਦੇ ਕੋਰੋਨਾਵਾਇਰਸ ਪੌਜ਼ੀਟਿਵ ਹੋਣ ਦੀ ਪੁਸ਼ਟੀ ਮਗਰੋਂ ਜਿੱਥੇ ਇੱਕ ਪਾਸੇ ਲਖਨਊ 'ਚ ਹਫੜਾ-ਦਫਰੀ ਦਾ ਮਾਹੌਲ ਹੈ , ਉੱਥੇ ਹੁਣ ਇਹ ਜਿਸ ਹਸਪਤਾਲ ਵਿੱਚ ਦਾਖਲ ਹੈ, ਉਸ ਲਈ ਵੀ ਸਿਰ ਦਰਦ ਬਣ ਗਈ ਹੈ।
ਲਖਨਊ ਦੇ ਸੰਜੇ ਗਾਂਧੀ ਪੀਜੀਆਈ ਹਸਪਤਾਲ ਵਿੱਚ ਦਾਖਲ ਕਨਿਕਾ ਨੇ ਚੰਗੀਆਂ ਸੁਵਿਧਾਵਾਂ ਨਾ ਹੋਣ ਦੀ ਸ਼ਿਕਾਇਤ ਕੀਤੀ ਸੀ। ਇਸ ਮਗਰੋਂ ਹਸਪਤਾਲ ਨੂੰ ਇੱਕ ਪ੍ਰੈਸ ਰਿਲੀਜ਼ ਦੇ ਜ਼ਰੀਏ ਉਨ੍ਹਾਂ ਨੂੰ ਸਹਿਯੋਗ ਕਰਨ ਲਈ ਅਪੀਲ ਕਰਨੀ ਪਈ।
ਇਸ ਰਿਲੀਜ਼ ਵਿੱਚ ਦੱਸਿਆ ਗਿਆ ਕਿ ਕਨਿਕਾ ਨੂੰ ਹਰ ਸੰਭਵ ਸੁਵਿਧਾ ਦਿੱਤੀ ਗਈ ਹੈ। ਇਸ ਦੇ ਬਾਵਜੂਦ ਉਹ ਇੱਕ ਮਰੀਜ਼ ਵਾਂਗ ਨਹੀਂ ਸਗੋਂ ਸਟਾਰ ਵਾਂਗ ਪੇਸ਼ ਆ ਰਹੇ ਹਨ।
ਕਨਿਕਾ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਉਪਲਬਧ ਨਾ ਹੋ ਸਕਿਆ।
ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ ਵਿਚ ਕੀ ਹਨ ਹਾਲਾਤ
- ਪੰਜਾਬ ਵਿੱਚ 13 ਪੌਜ਼ੀਟਿਵ ਕੇਸ ਹਨ ਅਤੇ ਇੱਕ ਮੌਤ ਹੋਈ ਹੈ। ਚੰਡੀਗੜ੍ਹ ਵਿਚ ਵੀ 5 ਕੇਸ ਪੌਜ਼ਿਵਿਟ ਪਾਏ ਗਏ ਹਨ
- ਪੂਰੇ ਦੇਸ ਵਿੱਚ ਐਤਵਾਰ ਨੂੰ ਸਵੇਰੇ 7 ਤੋਂ ਰਾਤ 9 ਵਜੇ ਤੱਕ ਜਨਤਾ ਕਰਫਿਊ। ਜ਼ਰੂਰੀ ਸੁਵਿਧਾਵਾਂ ਨੂੰ ਛੱਡ ਕੇ ਟਰੇਨਾਂ, ਬੱਸਾਂ, ਮੈਟਰੋ ਸਭ ਕੁਝ ਬੰਦ।
- ਭਾਰਤ 'ਚ ਹੁਣ ਤੱਕ ਪੰਜਾਬ, ਕਰਨਾਟਕ, ਮੁੰਬਈ ਅਤੇ ਦਿੱਲੀ ਵਿੱਚ 4 ਮੌਤਾਂ ਹੋਈਆਂ ਹਨ। ਵੱਧ ਮਾਮਲੇ ਮਹਾਰਾਸ਼ਟਰ 'ਚ।
- ਦੁਨੀਆਂ ਭਰ ਕੋਰੋਨਾਵਾਇਰਸ ਤੋਂ ਪੀੜਤਾਂ ਦੀ ਗਿਣਤੀ 2,75,000 ਤੋਂ ਪਾਰ ਤੇ ਮੌਤਾਂ ਦਾ ਅੰਕੜਾ 11,000 ਨੂੰ ਪਾਰ ਕਰ ਗਿਆ ਹੈ।
- ਇਟਲੀ ਵਿੱਚ ਇੱਕ ਦਿਨ ਵਿੱਚ ਤਕਰੀਬਨ 800 ਮੌਤਾਂ। ਇਟਲੀ ਵਿੱਚ ਕੁੱਲ ਮੌਤਾਂ ਦਾ ਅੰਕੜਾ ਚੀਨ ਤੋਂ ਵੀ ਟੱਪਿਆ।
ਪੀਜੀਆਈ ਦੇ ਨਿਰਦੇਸ਼ਕ ਪ੍ਰੋਫੈਸਰ ਆਰ ਕੇ ਧੀਮਾਨ ਨੇ ਬੀਬੀਸੀ ਨੂੰ ਦੱਸਿਆ, "ਹਸਪਤਾਲ ਵਿੱਚ ਅਸੀਂ ਉਨ੍ਹਾਂ ਨੂੰ ਸਭ ਤੋਂ ਵਧੀਆ ਸੁਵਿਧਾ ਦਿੱਤੀ ਹੈ। ਉਨ੍ਹਾਂ ਨੂੰ AC ਵਾਲਾ ਕਮਰਾ ਦਿੱਤਾ ਗਿਆ ਹੈ ਜਿਸ ਵਿੱਚ ਬਾਥਰੂਮ ਵੀ ਨਾਲ ਹੀ ਹੈ। ਸਾਫ਼-ਸਫਾਈ ਦਾ ਹਰ ਵੇਲੇ ਧਿਆਨ ਰੱਖਿਆ ਜਾਂਦਾ ਹੈ। ਇਸ ਤੋਂ ਇਲਾਵਾ ਕਮਰੇ ਵਿੱਚ ਟੀਵੀ ਵੀ ਹੈ।"
ਧੀਮਾਨ ਨੇ ਕਿਹਾ, "ਉਨ੍ਹਾਂ ਨੇ ਘਰ ਦਾ ਭੋਜਨ ਖਾਣ ਦੀ ਜ਼ਿਦ ਕੀਤੀ, ਜੋ ਇਲਾਜ਼ ਵੇਲੇ ਸੰਭਵ ਨਹੀਂ। ਉਨ੍ਹਾਂ ਦੀ ਮੰਗ 'ਤੇ ਹੁਣ ਗਲੁਟਨ ਮੁਕਤ ਭੋਜਨ ਦਿੱਤਾ ਜਾ ਰਿਹਾ ਹੈ ਜੋ ਕਿ ਰਸੋਈ ਵਿੱਚ ਵੱਖਰਾ ਬਣਦਾ ਹੈ। ਉਨ੍ਹਾਂ ਦੀ ਅੱਗੇ ਵੀ ਇਸੇ ਤਰ੍ਹਾਂ ਦੇਖ-ਭਾਲ ਕੀਤੀ ਜਾਵੇਗੀ ਪਰ ਉਨ੍ਹਾਂ ਨੂੰ ਸੋਚਨਾ ਚਾਹੀਦਾ ਹੈ ਕਿ ਉਹ ਮਰੀਜ਼ ਹਨ, ਕੋਈ ਸਟਾਰ ਨਹੀਂ।"
ਭਾਰਤ 14 ਘੰਟਿਆਂ ਲਈ ਹੋਇਆ ਬੰਦ
ਕੋਰੋਨਾਵਾਇਰਸ ਤੋਂ ਬਚਾਅ ਲਈ ਭਾਰਤ ਵਿੱਚ ਜਨਤਾ ਕਰਫਿਊ ਲਾਗੂ ਹੋ ਗਿਆ ਹੈ। ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਇਹ ਕਰਫਿਊ ਜਾਰੀ ਰਹੇਗਾ। ਰਾਸ਼ਨ ਅਤੇ ਦਵਾਈ ਦੇ ਦੁਕਾਨਾਂ ਵਰਗੀਆਂ ਮੁੱਢਲੀਆਂ ਸਹੂਲਤਾਂ ਤੋਂ ਇਲਾਵਾ ਟਰੇਨਾਂ, ਬੱਸਾਂ ਮੈਟਰੋ ਸਭ ਕੁਝ ਬੰਦ ਰਹੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਮਾਰਚ ਨੂੰ ਜਨਤਾ ਕਰਫਿਊ ਦੀ ਅਪੀਲ ਕੀਤੀ ਸੀ। ਜਨਤਾ ਕਰਫਿਊ ਦੇ ਸ਼ੁਰੂਆਤ ਤੋਂ ਕੁਝ ਸਮਾਂ ਪਹਿਲਾ ਪੀਐੱਮ ਨੇ ਕੋਰੋਨਾਵਾਇਰਸ ਤੋਂ ਲੜਨ ਦੇ ਅਹਿਦ ਨੂੰ ਦੁਹਰਾਇਆ।
ਉਨ੍ਹਾਂ ਕਿਹਾ, "ਆਓ ਅਸੀਂ ਸਾਰੇ ਇਸ ਕਰਫਿਊ ਦਾ ਹਿੱਸਾ ਬਣੀਏ ਜੋ ਕੋਰੋਨਾਵਾਇਰਸ ਨਾਲ ਲੜਨ ਵਿੱਚ ਤਾਕਤ ਦੇਵੇਗਾ। ਜੋ ਕਦਮ ਹੁਣ ਚੁੱਕਾਂਗੇ ਉਹ ਆਉਣ ਵਾਲੇ ਸਮੇਂ ਵਿੱਚ ਮਦਦ ਕਰੇਗਾ।"
ਰਾਜਸਥਾਨ 31 ਮਾਰਚ ਤੱਕ ਪੂਰੀ ਤਰ੍ਹਾਂ ਬੰਦ
ਰਾਜਸਥਾਨ ਸਰਕਾਰ ਨੇ ਕੋਰੋਨਾਵਾਇਰਸ ਦੇ ਚਲਦਿਆਂ ਪੂਰਾ ਸੂਬਾ ਬੰਦ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਅਸ਼ੋਕ ਗਲੋਟ ਦੁਆਰਾ ਕੀਤਾ ਇਹ ਫੈਸਲਾ 31 ਮਾਰਚ ਤੱਕ ਲਾਗੂ ਹੋਵੇਗਾ।
ਸੂਬੇ ਵਿੱਚ ਸ਼ੁਕਰਵਾਰ ਤੱਕ 25 ਕੋਵਿਡ-19 ਨਾਲ ਪੀੜਤ ਲੋਕਾਂ ਦੀ ਰਿਪੋਰਟ ਸਾਹਮਣੇ ਆਈ ਸੀ। ਜ਼ਰੂਰੀ ਸੁਵਿਧਾਵਾਂ ਵਾਲੀਆਂ ਥਾਵਾਂ ਤੋਂ ਇਲਾਵਾ, ਸਾਰੇ ਸਰਕਾਰੀ ਤੇ ਨਿੱਜੀ ਦਫ਼ਤਰ, ਮਾਲਜ਼, ਦੁਕਾਨਾਂ, ਫੈਕਟਰੀਆਂ ਤੇ ਆਵਾਜਾਈ ਦੇ ਸਾਧਨ ਬੰਦ ਰਹਿਣਗੇ।
ਇਟਲੀ 'ਚ ਲਗਭਗ 800 ਹੋਰ ਲੋਕਾਂ ਦੀ ਮੌਤ
ਇਟਲੀ ਵਿੱਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਸ਼ਨੀਵਾਰ ਨੂੰ ਹੀ ਤਕਰੀਬਨ 800 ਮੌਤਾਂ ਦਰਜ ਕੀਤੀਆਂ ਗਈਆਂ। ਹੁਣ ਇਟਲੀ ਵਿੱਚ ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਪੂਰੀ ਦੁਨੀਆਂ ਵਿੱਚ ਸਭ ਤੋਂ ਵੱਧ ਹੋ ਗਈ ਹੈ।
ਇਟਲੀ ਵਿੱਚ ਕੁੱਲ 4825 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇੱਥੇ ਦਾ ਲੋਮਬਾਰਡੀ ਸਭ ਤੋਂ ਵੱਧ ਪ੍ਰਭਾਵਿਤ ਹੈ ਅਤੇ ਸਿਰਫ਼ ਇਸੇ ਖੇਤਰ ਵਿੱਚ ਤਿੰਨ ਹਜ਼ਾਰ ਤੋਂ ਵੱਧ ਮੌਤਾਂ ਹੋਈਆਂ ਹਨ।
ਇਸ ਨੂੰ ਦੇਖਦਿਆਂ ਇਥੇ ਕਿਸੇ ਵੀ ਤਰ੍ਹਾਂ ਦੀ ਖੇਡ ਗਤੀਵਿਧੀ ਉੱਤੇ ਰੋਕ ਲੱਗ ਗਈ ਹੈ। ਇਕੱਲੇ ਸ਼ਖਸ ਉੱਤੇ ਵੀ ਇਹ ਨਿਯਮ ਲਾਗੂ ਹੈ ਅਤੇ ਵੈਂਡਿੰਗ ਮਸ਼ੀਨਾਂ ਦੀ ਵਰਤੋਂ ਕਰਨ ਉੱਤੇ ਵੀ ਰੋਕ ਲੱਗ ਗਈ ਹੈ।
ਕੋਰੋਨਾਵਾਇਰਸ: ਮੌਤ ਤੋਂ ਬਾਅਦ ਸੀਲ ਹੋਇਆ ਪੰਜਾਬ ਦੇ ਪਿੰਡ ਦਾ ਮਾਹੌਲ
ਭਾਰਤ ਦੀ ਗੱਲ ਕਰੀਏ ਤਾਂ ਇੱਥੇ ਅਜੇ ਤੱਕ 315 ਲੋਕ ਕੋਰੋਨਾਵਾਇਰਸ ਨਾਲ ਪੀੜਤ ਹੋ ਚੁੱਕੇ ਹਨ। ਇੰਡੀਅਨ ਕਾਊਂਸਿਲ ਆਫ਼ ਰਿਸਰਚ ਦੁਆਰਾ ਦੱਸਿਆ ਇਹ ਅੰਕੜਾ ਇੱਕ ਦਿਨ ਵਿੱਚ ਹੀ 60 ਨਵੇਂ ਮਾਮਲਿਆਂ ਦੀ ਪੁਸ਼ਟੀ ਕਰਦਾ ਹੈ। ਇਸ ਵੇਲੇ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਲੋਕ ਪ੍ਰਭਾਵਿਤ ਹਨ।
ਪੰਜਾਬ ਦੀ ਗੱਲ ਕਰੀਏ ਤਾਂ ਕੋਰੋਨਾਵਾਇਰਸ ਨੇ 13 ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਹੈ। ਇਸ ਕਰਕੇ ਸੂਬੇ ਵਿੱਚ ਅਜੇ ਤੱਕ ਇੱਕ ਆਦਮੀ ਦੀ ਮੌਤ ਵੀ ਹੋਈ ਹੈ।
ਕੋਰੋਨਾਵਾਇਰਸ: ਨਿੱਜੀ ਲੈਬ 'ਚ ਹੁਣ ਹੋ ਸਕਦਾ ਹੈ ਕੋਵਿਡ-19 ਟੈਸਟ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਭਾਰਤ ਸਰਕਾਰ ਦੇ ਨਿੱਜੀ ਲੈਬ ਵਿੱਚ ਕੋਵਿਡ-19 ਟੈਸਟ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ।
ਉਨ੍ਹਾਂ ਦੇ ਟਵੀਟ ਕੀਤਾ, "ਭਾਰਤ ਸਰਕਾਰ ਦੇ ਨਿੱਜੀ ਲੈਬ ਨੂੰ ਕੋਵਿਡ-19 ਦੇ ਟੈਸਟ ਕਰਨ ਦੀ ਆਗਿਆ ਦੇਣ ਦੇ ਫੈਸਲੇ ਦਾ ਸਵਾਗਤ ਕਰਦਾ ਹਾਂ। ਤੇਜ਼, ਸਹੀ ਤੇ ਘਟ ਪੈਸਿਆਂ ਵਿੱਚ ਟੈਸਟਾਂ ਦੀ ਸੁਵਿਧਾ ਇਸ ਵੇਲੇ ਮਹਾਂਮਾਰੀ ਨਾਲ ਲੜਨ ਦਾ ਸਭ ਤੋਂ ਜ਼ਰੂਰੀ ਹਥਿਆਰ ਹੈ। ਅਸੀਂ ICMR ਨੂੰ ਫਰੀਦਕੋਟ ਦੀ ਵਾਇਰੋਲੋਜੀ ਲੈਬ ਨੂੰ ਵੀ ਟੈਸਟ ਕਰਨ ਦੀ ਆਗਿਆ ਦੇਣ ਲਈ ਕਿਹਾ ਹੈ।"
NABL ਮਾਨਤਾ ਵਾਲੇ ਨਿੱਜੀ ਲੈਬ ਵੀ ਹੁਣ ਕੋਰੋਨਾਵਾਇਰਸ ਲਈ ਟੈਸਟ ਕਰ ਸਕਦੇ ਹਨ। ਨੈਸ਼ਨਲ ਟਾਸਕ ਫੋਰਸ ਵਲੋਂ ਨਿੱਜੀ ਲੈਬਾਂ ਨੂੰ ਇਹ ਟੈਸਟ ਵਧੋ-ਵਧ 4500 ਰੁਪਏ ਤੱਕ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਟੈਸਟ ਵਿੱਚ 1500 ਰੁਪਏ ਵਿੱਚ ਸ਼ੱਕੀ ਮਰੀਜ਼ਾਂ ਦਾ ਸਕਰਿਨਿੰਗ ਟੈਸਟ ਹੋਵੇਗਾ ਤੇ 3000 ਰੁਪਏ ਦਾ ਪੁਸ਼ਟੀ ਕਰਨ ਵਾਲਾ ਟੈਸਟ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਫੌਰੀ ਰਾਹਤ ਲਈ ਰਜਿਸਰਡ ਕੰਸਟਰੱਕਸ਼ਨ ਵਰਕਰਾਂ ਲਈ 3000 ਪ੍ਰਤੀ ਮਜ਼ਦੂਰ ਮਦਦ ਐਲਾਨੀ ਹੈ। ਇਸ ਦੇ ਨਾਲ ਹੀ ਸਮਾਜਿਕ ਸੁਰੱਖਿਆ ਮਹਿਕਮੇ ਨੂੰ 296 ਕਰੋੜ ਰੁਪਏ ਪੈਨਸ਼ਨ ਲਈ ਜਾਰੀ ਕਰਨ ਦੇ ਹੁਕਮ ਦਿੱਤੇ ਹਨ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਤਿਆਨਾਥ ਨੇ ਵੀ ਦਿਹਾੜੀਦਾਰ ਮਜਦੂਰਾਂ ਨੂੰ 1000 ਰੁਪਏ ਪ੍ਰਤੀ ਮਹੀਨੇ ਦੇਣ ਦਾ ਐਲਾਨ ਕੀਤਾ ਹੈ।
ਇਹ ਵੀ ਦੇਖੋ: