ਕੈਪਟਨ ਅਮਰਿੰਦਰ: ਅਸੀਂ ਪੰਜਾਬ ਵਿੱਚ ਨਾਗਰਿਕਤਾ ਸੋਧ ਬਿਲ ਲਾਗੂ ਨਹੀਂ ਕਰਾਂਗੇ- 5 ਅਹਿਮ ਖ਼ਬਰਾਂ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਆਪਣੇ ਸੂਬੇ ਵਿੱਚ ਨਾਗਰਿਕਤਾ ਸੋਧ ਬਿਲ ਨੂੰ ਲਾਗੂ ਨਹੀਂ ਹੋਣ ਦੇਵੇਗੀ।

ਵੀਰਵਾਰ ਨੂੰ ਉਨ੍ਹਾਂ ਨੇ ਇਸ ਨੂੰ ਬਿਲ ਨੂੰ ‘ਭਾਰਤ ਦੇ ਧਰਮ ਨਿਰਪੇਖ ਕਿਰਦਰਾਰ ਉੱਪਰ ਸਿੱਧਾ ਹਮਲਾ’ ਅਤੇ ‘ਭਾਰਤੀ ਸੰਵਿਧਾਨ ਦੇ ਬੁਨਿਆਦੀ ਸਿਧਾਂਤਾਂ ਦੇ ਖ਼ਿਲਾਫ਼’ ਦੱਸਿਆ।

ਉਨ੍ਹਾਂ ਕਿਹਾ ਕਿ ਕਾਂਗਰਸ ਦਾ ਸੂਬੇ ਵਿੱਚ ਬਹੁਮਤ ਹੈ ਤੇ ਵਿਧਾਨ ਸਭਾ ਵਿੱਚ ਇਸ ਨੂੰ ਰੋਕ ਲਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸੰਸਦ ਕੋਲ ਸੰਵਿਧਾਨ ਦੇ ਬੁਨਿਆਦੀ ਸਿਧਾਂਤਾਂ ਦੇ ਉਲਟ ਕੋਈ ਵੀ ਕਾਨੂੰਨ ਪਾਸ ਕਰਨ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ, "ਦੇਸ਼ ਦੇ ਧਰਮ ਨਿਰਪੇਖ ਧਾਗੇ ਨੂੰ ਟੁੱਟਣ ਨਹੀਂ ਦੇਵੇਗੀ।"

ਉਨ੍ਹਾਂ ਇਹ ਵੀ ਕਿਹਾ, “ਇਹ ਬਿਲ ਦੇਸ਼ ਦੇ ਲੋਕਾਂ ਨੂੰ ਧਾਰਮਿਕ ਲੀਹਾਂ 'ਤੇ ਵੰਡਣਾ ਚਾਹੁੰਦਾ ਹੈ, ਉਹ ਗ਼ੈਰ-ਕਾਨੂੰਨੀ ਤੇ ਅਨੈਤਿਕ ਹੈ ਤੇ ਉਸ ਨੂੰ ਬਰਕਰਾਰ ਨਹੀਂ ਰਹਿਣ ਦਿੱਤਾ ਜਾ ਸਕਦਾ।”

ਇਹ ਵੀ ਪੜ੍ਹੋ:

ਵਿਵਾਦਿਤ ਨਾਗਰਿਕਤਾ ਸੋਧ ਬਿਲ ਸੰਸਦ ਵਿੱਚ ਬੁੱਧਵਾਰ ਨੂੰ ਪਾਸ ਹੋ ਗਿਆ ਸੀ ਤੇ ਵੀਰਵਾਰ ਨੂੰ ਰਾਸ਼ਟਰਪਤੀ ਨੇ ਇਸ ਤੇ ਆਪਣੀ ਸਹਿਮਤੀ ਦੇ ਦਿੱਤੀ, ਜਿਸ ਮਗਰੋਂ ਇਹ ਬਿਲ ਕਾਨੂੰਨ ਦਾ ਰੂਪ ਲੈ ਚੁੱਕਿਆ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਕੇਰਲ ਦੇ ਮੁੱਖ ਮੰਤਰੀ ਵੀ ਕਹਿ ਚੁੱਕੇ ਹਨ ਕਿ ਉਹ CAB ਆਪਣੇ ਸੂਬੇ ਵਿੱਚ ਲਾਗੂ ਨਹੀਂ ਹੋਣ ਦੇਣਗੇ।

ਹਾਲਾਂਕਿ ਪੰਜਾਬ ਸਰਕਾਰ ਵੱਲੋਂ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਵਿਧਾਨ ਸਭਾ ਇਸ ਬਿਲ ਨੂੰ ਕਿਵੇਂ ਰੋਕੇਗੀ।

‘ਸਿੱਖ ਮੁੱਖ ਮੰਤਰੀ ਵੀ ਸਿੱਖਾਂ ਦਾ ਦਰਦ ਨਹੀਂ ਸਮਝੇਗਾ’

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਹੈ।

ਉਨ੍ਹਾਂ ਕਿਹਾ ਕਿ ਕਿਸ ਤਰ੍ਹਾਂ ਹਿੰਦੂ-ਸਿੱਖਾਂ ਨੂੰ ਅਫ਼ਗਾਨਿਸਤਾਨ ਤੋਂ ਉਜਾੜਿਆ ਗਿਆ। ਜਿੱਥੇ ਉਨ੍ਹਾਂ ਦੇ ਪਰਿਵਾਰਾਂ ਨੂੰ ਅੰਤਿਮ ਸੰਸਕਾਰ ਵੀ ਨਹੀਂਣ ਸੀ ਕਰਨ ਦਿੱਤਾ ਜਾਂਦਾ ਤੇ ਕਿਹਾ ਜਾਂਦਾ ਸੀ ਕਿ ਇਨ੍ਹਾਂ ਨੂੰ ਦਫ਼ਨਾਓ। ਅਜਿਹੇ ਵਿੱਚ ਹਜ਼ਾਰਾਂ ਹਿੰਦੂ- ਸਿੱਖ ਪਾਕਿਸਤਾਨ ਦੇ ਰਸਤੇ ਭਾਰਤ ਆਏ ਕਿਉਂਕਿ ਪਾਕਿਸਤਾਨ ਨੇ ਵੀ ਉਨ੍ਹਾਂ ਨੂੰ ਸ਼ਰਣ ਨਹੀਂ ਦਿੱਤੀ।

ਅੱਜ ਜੇ ਸਾਡੇ ਆਪਣੇ ਨੂੰ ਅਸੀਂ ਸ਼ਰਣ ਦਿੱਤੀ ਤਾਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਹਨ ਕਿ ਮੈਂ ਇਨ੍ਹਾਂ ਨੂੰ ਇਨ੍ਹਾਂ ਦਾ ਹੱਕ ਨਹੀਂ ਲੈਣ ਦੇਵਾਂਗਾ, ਇਹ ਬੜੇ ਸ਼ਰਮ ਦੀ ਗੱਲ ਹੈ।"

"ਹਜ਼ਾਰਾਂ ਪਰਿਵਾਰ ਜੋ ਅਮਰਿੰਦਰ ਸਿੰਘ ਤੋਂ ਉਮੀਦ ਕਰਦੇ ਸਨ ਕਿਉਂਕਿ ਉਹ ਸਿੱਖ ਸੂਬੇ ਦੇ ਸਿੱਖ ਮੁੱਖ ਮੰਤਰੀ ਹਨ। ਕਾਂਗਰਸ ਦੀ ਸਿੱਖ ਵਿਰੋਧੀ ਮਾਨਸਿਕਤਾ ਰਹੀ ਹੈ ਇਸ ਲਈ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਾ ਵਿਰੋਧ ਸ਼ੁਰੂ ਕੀਤਾ ਹੈ।"

ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਭਾਵੇਂ ਇਸ ਲਈ ਅਦਾਲਤ ਹੀ ਕਿਉਂ ਨਾ ਜਾਣਾ ਪਵੇ ਉਹ ਨਾਗਰਿਕਤਾ ਸੋਧ ਬਿਲ ਨੂੰ ਪੰਜਾਬ ਵਿੱਚ ਲਾਗੂ ਕਰਵਾ ਕੇ ਰਹਿਣਗੇ।

ਨਾਗਰਿਕਤਾ ਸੋਧ ਬਿੱਲ: ਗੁਹਾਟੀ ਵਿੱਚ 2 ਪ੍ਰਦਰਸ਼ਨਕਾਰੀਆਂ ਦੀ ਮੌਤ

ਵੀਰਵਾਰ ਨੂੰ ਅਸਾਮ ਦੇ ਗੁਹਾਟੀ ਸ਼ਹਿਰ ਵਿੱਚ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦੀ ਝੜਪ 'ਚ ਦੋ ਲੋਕਾਂ ਦੀ ਮੌਤ ਹੋ ਗਈ ਹੈ।

ਅਸਾਮ ਦੇ ਡੀਜੀਪੀ ਭਾਸ਼ਕਰ ਜਯੋਤੀ ਮਹੰਤਾ ਨੇ ਬੀਬੀਸੀ ਨੂੰ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਝੜਪ ਵਿੱਚ ਪੰਜ ਪੁਲਿਸ ਕਰਮੀ ਵੀ ਜ਼ਖ਼ਮੀ ਹੋਏ ਹਨ। ਹਾਲਾਂਕਿ ਪੁਲਿਸ ਨੇ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਇਹ ਮੌਤਾਂ ਪੁਲਿਸ ਦੇ ਗੋਲੀ ਚਲਾਉਣ ਕਾਰਨ ਹੋਈਆਂ ਹਨ। ਪੜ੍ਹੋ ਪੂਰੀ ਖ਼ਬਰ।

ਅਯੁੱਧਿਆ ਕੇਸ: ਸਾਰੀਆਂ ਮੁੜ-ਵਿਚਾਰ ਪਟੀਸ਼ਨਾਂ ਸੁਪਰੀਮ ਕੋਰਟ 'ਚ ਖ਼ਾਰਜ

ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਨੇ ਅਯੁੱਧਿਆ ਮਾਮਲੇ ਵਿੱਚ ਦਾਖ਼ਲ ਸਾਰੀਆਂ 18 ਮੁੜ-ਵਿਚਾਰ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਹਨ।

ਬੰਦ ਚੈਂਬਰ ਵਿੱਚ ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਨੇ ਸਾਰੀਆਂ ਅਰਜ਼ੀਆਂ 'ਤੇ ਸੁਣਵਾਈ ਕੀਤੀ ਅਤੇ ਉਨ੍ਹਾਂ ਨੂੰ ਖਾਰਜ ਕਰ ਦਿੱਤਾ। ਪੜ੍ਹੋ ਪੂਰੀ ਖ਼ਬਰ।

ਨਾਗਰਿਕਤਾ ਸੋਧ ਬਿੱਲ ਬਾਰੇ ਪਾਕਿਸਤਾਨ ਵਿੱਚ ਪ੍ਰਤੀਕਿਰਿਆ

ਨਾਗਰਿਕਤਾ ਸੋਧ ਬਿਲ ਭਾਰਤ ਦੀ ਸੰਸਦ ਵਿੱਚ ਪਾਸ ਹੋ ਜਾਣ ਮਗਰੋਂ ਪਾਕਿਸਤਾਨ ਵਿੱਚ ਇਸ ਬਿੱਲ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਦੀਆਂ ਅਖ਼ਬਾਰਾਂ ਵਿੱਚ ਹੈੱਡਲਾਈਨਾਂ ਛਪੀਆਂ ਕਿ ਭਾਰਤ ਵਿੱਚ ਐਂਟੀ-ਮੁਸਲਿਮ ਬਿੱਲ ਪਾਸ ਹੋ ਗਿਆ ਹੈ।

ਯੂਕੇ ਚੋਣਾਂ: ਐਗਜ਼ਿਟ ਪੋਲ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ ਪੂਰਨ ਬਹੁਮਤ

ਬਰਤਾਨੀਆ ਦੀਆਂ ਆਮ ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਇੱਕ ਵਾਰ ਮੁੜ ਤੋਂ ਸੱਤਾ ਵਿੱਚ ਆਉਂਦੀ ਨਜ਼ਰ ਆ ਰਹੀ ਹੈ।

ਯੂਕੇ ਵਿੱਚ ਆਮ ਚੋਣਾਂ ਲਈ ਵੋਟਿੰਗ ਵੀਰਵਾਰ ਸਵੇਰੇ 7 ਵਜੇ (ਯੂਕੇ ਸਮੇਂ ਅਨੁਸਾਰ) ਤੋਂ ਸ਼ੁਰੂ ਹੋ ਗਈ ਸੀ ਜੋ ਰਾਤ 10 ਵਜੇ ਤੱਕ ਚੱਲੀ।

ਇਸ ਐਗਜ਼ਿਟ ਪੋਲ ਵਿੱਚ ਬੌਰਿਸ ਜੌਨਸਨ ਦੀ ਕੰਜ਼ਰਵੇਟਿਵ ਪਾਰਟੀ ਨੂੰ ਪੂਰਨ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਪੜ੍ਹੋ ਪੂਰੀ ਖ਼ਬਰ।

ਇਹ ਵੀਡੀਓਜ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)