You’re viewing a text-only version of this website that uses less data. View the main version of the website including all images and videos.
ਕਿਸਾਨਾਂ 'ਤੇ ਪੰਜਾਬ ਪੁਲਿਸ ਦਾ ਐਕਸ਼ਨ 8 ਨੁਕਤਿਆਂ 'ਚ ਸਮਝੋ; ਸ਼ੰਭੂ ਬਾਰਡਰ ਦਾ ਰਾਹ ਖੁੱਲ੍ਹਿਆ, ਆਵਾਜਾਈ ਹੋਈ ਸ਼ੁਰੂ
ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਕੱਲ੍ਹ ਰਾਤ ਪੰਜਾਬ-ਹਰਿਆਣਾ ਦੇ ਬਾਰਡਰਾਂ ਤੋਂ ਕਿਸਾਨਾਂ ਨੂੰ ਹਟਾ ਦਿੱਤਾ ਹੈ। ਇਸ ਦੌਰਾਨ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਸਮੇਤ ਕੁੱਝ ਪ੍ਰਮੁੱਖ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ।
ਇਹ ਕਿਸਾਨ ਪਿਛਲੇ ਇੱਕ ਸਾਲ ਤੋਂ ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਸਨ।
ਪੰਜਾਬ ਸਰਕਾਰ ਦੀ ਇਸ ਕਾਰਵਾਈ ਨੂੰ ਲੈ ਕੇ ਵੱਖ-ਵੱਖ ਸਿਆਸੀ ਆਗੂ ਤੇ ਕਿਸਾਨ ਆਗੂ ਆਪਣਾ ਵਿਰੋਧ ਦਰਜ ਕਰਾ ਰਹੇ ਹਨ। ਪਰ ਸਰਕਾਰ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੇ ਖਿਲਾਫ ਨਹੀਂ ਹਨ ਪਰ ਬਾਰਡਰ ਬੰਦ ਹੋਣ ਕਾਰਨ ਸੂਬੇ ਨੂੰ ਖਾਸਾ ਨੁਕਸਾਨ ਹੋ ਰਿਹਾ ਸੀ।
ਫਿਲਹਾਲ, ਕਿਸਾਨਾਂ ਨੇ ਰੋਸ ਵਜੋਂ ਵੱਖ-ਵੱਖ ਥਾਵਾਂ 'ਤੇ ਹੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ।
ਇਸ ਦੇ ਨਾਲ ਹੀ ਸ਼ੰਭੂ ਬਾਰਡਰ ਦਾ ਰਸਤਾ ਵੀ ਖੁੱਲ੍ਹ ਗਿਆ ਅਤੇ ਆਵਾਜਾਈ ਸ਼ੁਰੂ ਹੋ ਗਈ ਹੈ।
ਥਾਣੇ ਦੀ ਛੱਤ ਉੱਤੇ ਕਿਸਾਨਾਂ ਨੇ ਲਗਾਏ ਨਾਅਰੇ
ਕਿਸਾਨਾਂ ਵੱਲੋਂ ਰੋਸ-ਮੁਜ਼ਾਹਰੇ ਦੌਰਾਨ ਬਠਿੰਡਾ ਦੇ ਥਾਣਾ ਮੌੜ ਮੰਡੀ ਅਧੀਨ ਆਉਂਦੇ ਪਿੰਡਾਂ ਦੇ ਕਿਸਾਨਾਂ ਵੱਲੋਂ ਜਦੋਂ ਵੱਖ-ਵੱਖ ਥਾਵਾਂ ਤੇ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਉਨ੍ਹਾਂ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਥਾਣਾ ਮੌੜ ਮੰਡੀ ਲੈ ਆਈ।
ਹਿਰਾਸਤ ਵਿੱਚ ਲਏ ਗਏ ਕਿਸਾਨਾਂ ਵੱਲੋਂ ਥਾਣਾ ਮੌੜ ਮੰਡੀ ਦੀ ਛੱਤ ਤੇ ਖੜ੍ਹੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਭਗਵੰਤ ਮਾਨ ਸਰਕਾਰ ਤੇ ਧੋਖਾਧੜੀ ਦੇ ਇਲਜ਼ਾਮ ਲਗਾਏ।
ਉਧਰ ਦੂਸਰੇ ਪਾਸੇ ਥਾਣਾ ਮੌੜ ਦੇ ਇੰਚਾਰਜ ਇੰਸਪੈਕਟਰ ਤਰਨਦੀਪ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੀ ਗਿਣਤੀ ਜਿਆਦਾ ਹੋਣ ਕਾਰਨ ਥਾਣੇ ਦੀ ਛੱਤ ਉੱਪਰ ਕਿਸਾਨਾਂ ਨੂੰ ਹਿਰਾਸਤ ਕੀਤਾ ਗਿਆ ਸੀ।
ਜਿਨਾਂ ਵਿੱਚੋਂ ਕੁਝ ਕਿਸਾਨਾਂ ਵੱਲੋਂ ਅੱਗੇ ਆ ਕੇ ਨਾਅਰੇਬਾਜ਼ੀ ਕੀਤੀ ਗਈ ਹੈ ਫਿਲਹਾਲ ਕਿਸਾਨਾਂ ਨੂੰ ਡਿਟੇਨ ਕੀਤਾ ਹੋਇਆ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ
ਕੀ ਹਨ ਤਾਜ਼ਾ ਹਾਲਾਤ
ਫਿਲਹਾਲ ਪੰਜਾਬ ਪੁਲਿਸ ਨੇ ਦੋਵੇਂ ਬਾਰਡਰ ਖਾਲੀ ਕਰਵਾ ਲਏ ਹਨ ਅਤੇ ਹਰਿਆਣਾ ਪੁਲਿਸ ਵੱਲੋਂ ਸੀਮੇਂਟ ਦੀ ਪੱਕੀ ਬੈਰੀਕੇਡਿੰਗ ਤੋੜਨ ਦਾ ਕੰਮ ਵੀ ਚੱਲ ਰਿਹਾ ਹੈ।
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇੱਕ ਦੋ ਦਿਨਾਂ ਵਿੱਚ ਹੀ ਦੋਵੇਂ ਬਾਰਡਰਾਂ ਤੋਂ ਆਵਾਜਾਈ ਸ਼ੁਰੂ ਕੀਤੀ ਜਾਵੇਗੀ।
ਇਹਤਿਆਤ ਪੱਖੋਂ, ਪਟਿਆਲਾ ਅਤੇ ਸੰਗਰੂਰ ਜ਼ਿਲ੍ਹੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਧੋਖੇ ਦਾ ਸ਼ਿਕਾਰ ਹੋਏ ਸੈਂਕੜੇ ਕਿਸਾਨਾਂ ਨੇ ਵੱਖ ਵੱਖ ਥਾਵਾਂ 'ਤੇ ਪੁਲਿਸ ਹਿਰਾਸਤ ਵਿੱਚ ਹੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ।
ਕਿਸਾਨ ਮਜ਼ਦੂਰ ਸੰਘਰਸ ਕਮੇਟੀ ਨੇ ਪੰਜਾਬ ਭਰ ਵਿੱਚ ਡੀਸੀ ਦਫ਼ਤਰਾਂ ਅੱਗੇ ਧਰਨੇ ਦਾ ਐਲਾਨ ਕੀਤਾ ਹੈ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਪੰਜਾਬ ਪੁਲਿਸ ਕੁਝ ਸਮਾਂ ਪਹਿਲਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪਿਮਸ ਹਸਪਤਾਲ, ਜਲੰਧਰ ਤੋਂ ਪੀਡਬਲਯੂਡੀ ਹਸਪਤਾਲ, ਜਲੰਧਰ ਛਾਉਣੀ ਲੈ ਕੇ ਆਈ ਸੀ ਅਤੇ ਉੱਥੇ ਦਾਖਲ ਕਰਵਾਇਆ ਸੀ।
ਪੁਲਿਸ ਜਗਜੀਤ ਸਿੰਘ ਡੱਲੇਵਾਲ ਨੂੰ ਦੇਰ ਰਾਤ ਲਗਭਗ 1:30 ਤੋਂ 2:00 ਵਜੇ ਪਿਮਸ ਹਸਪਤਾਲ ਲੈ ਕੇ ਆਈ ਸੀ। ਪਰ ਉਸ ਸਮੇਂ ਵੀ ਮੀਡੀਆ ਹਸਪਤਾਲ ਦੇ ਬਾਹਰ ਮੌਜੂਦ ਸੀ ਅਤੇ ਜਿਵੇਂ ਹੀ ਸਵੇਰੇ ਹੋਰ ਪੱਤਰਕਾਰਾਂ ਨੂੰ ਇਹ ਖ਼ਬਰ ਮਿਲੀ, ਸਾਰੇ ਮੀਡੀਆ ਵਾਲੇ ਹਸਪਤਾਲ ਦੇ ਬਾਹਰ ਪਹੁੰਚ ਗਏ।
ਮੀਡੀਆ ਦੇ ਵਧਦੇ ਇਕੱਠ ਨੂੰ ਦੇਖਦਿਆਂ ਪੁਲਿਸ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਪਿਮਸ ਹਸਪਤਾਲ ਤੋਂ ਪੀਡਬਲਯੂਡੀ ਹਸਪਤਾਲ, ਜਲੰਧਰ ਛਾਉਣੀ ਵਿੱਚ ਦਾਖਲ ਕਰਵਾ ਦਿੱਤਾ ਹੈ।
8 ਨੁਕਤਿਆਂ ਵਿੱਚ ਜਾਣੋ ਕੱਲ੍ਹ ਦਾ ਘਟਨਾਕ੍ਰਮ
- ਕਿਸਾਨਾਂ, ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਕੇਂਦਰ ਵਿਚਕਾਰ ਚੰਡੀਗੜ੍ਹ ਵਿੱਚ 7ਵੇਂ ਗੇੜ ਦੀ ਮੀਟਿੰਗ ਹੋਈ, ਜੋ ਕਿ ਬੇਨਤੀਜਾ ਰਹੀ।
- ਕਿਸਾਨਾਂ ਨੇ ਕਿਹਾ ਕਿ ਮੰਗਾਂ ਮੰਨੀਆਂ ਜਾਣ ਤੱਕ ਧਰਨੇ ਜਾਰੀ ਰਹਿਣਗੇ ਤੇ ਅਗਲੀ ਮੀਟਿੰਗ 4 ਮਈ ਦੀ ਤੈਅ ਹੋਈ ਹੈ।
- ਪਰ ਪੁਲਿਸ ਨੇ ਕਾਰਵਾਈ ਕਰਦਿਆਂ, ਮੀਟਿੰਗ ਤੋਂ ਵਾਪਸ ਆ ਰਹੇ ਕਿਸਾਨ ਆਗੂਆਂ ਨੂੰ ਰਸਤੇ ਵਿੱਚੋਂ ਹੀ ਹਿਰਾਸਤ 'ਚ ਲਿਆ।
- ਇਸ ਦੌਰਾਨ ਜਗਜੀਤ ਸਿੰਘ ਡੱਲੇਵਾਲ, ਸਰਵਣ ਪੰਧੇਰ ਸਣੇ ਕਈ ਪ੍ਰਮੁੱਖ ਕਿਸਾਨ ਆਗੂ ਹਿਰਾਸਤ 'ਚ ਲਏ ਗਏ।
- ਦੂਜੇ ਪਾਸੇ, ਸ਼ੰਭੂ ਅਤੇ ਖਨੌਰੀ ਬਾਰਡਰਾਂ 'ਤੇ ਪੁਲਿਸ ਨੇ ਕਿਸਾਨਾਂ ਨੇ ਐਲਾਨ ਕੀਤਾ ਕਿ ਕਿਸਾਨ ਸ਼ਾਂਤੀ ਨਾਲ ਬੱਸਾਂ 'ਚ ਬੈਠ ਜਾਣ।
- ਕਿਸਾਨਾਂ ਨੂੰ ਹਿਰਾਸਤ ਵਿੱਚ ਲਏ ਜਾਣ ਦੌਰਾਨ ਪੁਲਿਸ ਅਤੇ ਕਿਸਾਨਾਂ ਵਿੱਚ ਖਿੱਚਧੂਹ ਵੀ ਹੋਈ ਅਤੇ ਕਈ ਕਿਸਾਨ ਜਖ਼ਮੀ ਹੋ ਗਏ
- ਕਿਸਾਨਾਂ ਦੁਆਰਾ ਵਿਰੋਧ ਕੀਤੇ ਜਾਣ 'ਤੇ ਪੁਲਿਸ ਨੇ ਕਿਸਾਨਾਂ ਨੇ ਜ਼ਬਰਦਸਤੀ ਕਿਸਾਨਾਂ ਨੂੰ ਬੱਸਾਂ 'ਚ ਭਰਨਾ ਸ਼ੁਰੂ ਕਰ ਦਿੱਤਾ।
- ਇਸ ਮਗਰੋਂ ਰਾਤੋਂ-ਰਾਤ ਦੋਵੇਂ ਬਾਰਡਰ ਖਾਲੀ ਕਰਵਾ ਲਏ ਗਏ ਅਤੇ ਭਾਰੀ ਪੁਲਿਸ ਬਲ ਉੱਥੇ ਤਾਇਨਾਤ ਕਰ ਦਿੱਤਾ ਗਿਆ।
ਸੀਐਮ ਮਾਨ ਤੇ ਕਿਸਾਨਾਂ ਵਿਚਾਲੇ ਮੀਟਿੰਗ ਤੋਂ ਬਾਅਦ ਵੀ ਪਿਆ ਸੀ ਰੌਲ਼ਾ
ਕੁਝ ਦਿਨ ਪਹਿਲਾਂ ਇਸ ਗੱਲ ਦੀ ਕਾਫੀ ਚਰਚਾ ਹੋਈ ਸੀ ਕਿ ਕਿਸਾਨਾਂ ਦੇ ਹੱਕ 'ਚ ਬੋਲਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਰ ਅਚਾਨਕ ਕਿਸਾਨਾਂ ਨੂੰ ਲੈ ਕੇ ਬਦਲ ਕਿਉਂ ਗਏ।
ਦਰਅਸਲ, 5 ਮਾਰਚ ਨੂੰ ਸੀਐਮ ਅਤੇ ਕਿਸਾਨਾਂ ਵਿਚਕਾਰ ਇੱਕ ਬੈਠਕ ਹੋਈ ਸੀ ਜੋ ਬੇਨਤੀਜਾ ਰਹੀ। ਕਿਸਾਨਾਂ ਨੇ ਇਹ ਵੀ ਕਿਹਾ ਕਿ ਕੁਝ ਦੇਰ ਠੀਕ ਚੱਲੀ ਗੱਲਬਾਤ ਤੋਂ ਬਾਅਦ ਸੀਐਮ ਬੈਠਕ 'ਚੋਂ ਉੱਠ ਕੇ ਚਲੇ ਗਏ ਸਨ।
ਇਸ ਗੱਲਬਾਤ ਦੇ ਫੇਲ੍ਹ ਤੋਂ ਹੋਣ ਤੋਂ ਬਾਅਦ ਪੁਲਿਸ ਨੇ ਅਚਾਨਕ ਫੜ੍ਹੋਫੜ੍ਹੀ ਮੁਹਿੰਮ ਚਲਾਈ ਸੀ। ਕਈ ਵੱਡੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਅਤੇ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸੀ।
ਇਸ ਸਬੰਧ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ "ਮੇਰੀ ਨਰਮਾਈ ਨੂੰ ਇਹ ਨਾ ਸਮਝਿਆ ਜਾਵੇ ਕਿ ਮੈਂ ਕਾਰਵਾਈ ਨਹੀਂ ਕਰ ਸਕਦਾ, ਪੰਜਾਬ ਨੂੰ ਚਲਾਉਣਾ ਮੈਨੂੰ ਆਉਂਦਾ ਹੈ, ਮੈਂ ਕਿਸਾਨਾਂ ਨੂੰ ਬੈਠਕ ਡਰ ਕੇ ਨਹੀਂ ਦਿੱਤੀ ਬਲਕਿ ਮੈਂ ਉਨ੍ਹਾਂ ਨੂੰ ਮਿਲਦਾ ਰਹਿੰਦਾ ਹਾਂ ਕਿਉਂਕਿ ਮੈ ਕਿਸਾਨਾਂ ਦਾ ਮਿੱਤਰ ਕੀੜਾ ਹਾਂ।"
ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਸੀ ਕਿ "ਜੋ ਉਨ੍ਹਾਂ ਦੀਆਂ ਮੰਗਾਂ ਹਨ ਉਹ ਕੇਂਦਰ ਸਰਕਾਰ ਨਾਲ ਸਬੰਧਿਤ ਹਨ ਪਰ ਇਸ ਦੇ ਬਾਵਜੂਦ ਉਹ ਧਰਨੇ ਇੱਥੇ ਲੱਗਾ ਰਹੇ ਹਨ ਜਿਸ ਨਾਲ ਆਮ ਲੋਕਾਂ ਨੂੰ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।"
ਉਨ੍ਹਾਂ ਆਖਿਆ ਕਿ ਉਹ ਕਿਸਾਨੀ ਦੇ ਖ਼ਿਲਾਫ਼ ਨਹੀਂ ਹਨ ਕਿਉਂਕਿ ਉਹ ਖ਼ੁਦ ਕਿਸਾਨ ਹਨ ਪਰ ''ਜਥੇਬੰਦੀਆਂ ਦੇ ਧਰਨਿਆਂ ਦੀ ਨੀਤੀ ਕਾਰਨ ਸੂਬੇ ਦਾ ਨੁਕਸਾਨ ਹੋ ਰਿਹਾ ਹੈ''।
ਸੀਐਮ ਭਗਵੰਤ ਮਾਨ ਦੇ ਇਸ ਬਿਆਨ ਦੀ ਵੱਖ-ਵੱਖ ਪਾਰਟੀ ਆਗੂਆਂ ਨੇ ਨਿੰਦਾ ਵੀ ਕੀਤੀ ਸੀ।
'ਆਪ ਦੀ ਤਾਨਾਸ਼ਾਹੀ'
ਕਾਂਗਰਸ ਨੇ ਪੰਜਾਬ ਪੁਲਿਸ ਦੀ ਕਾਰਵਾਈ ਦੀ ਨਿੰਦਾ ਕਰਦਿਆਂ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।
ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕਾਂਗਰਸ ਨੇ ਲਿਖਿਆ, "ਪੰਜਾਬ ਭਰ ਵਿੱਚ ਕਿਸਾਨ ਆਗੂਆਂ ਦੀ ਫੜ੍ਹੋ-ਫੜ੍ਹਾਈ ਅਤੇ ਗ੍ਰਿਫ਼ਤਾਰੀ ਕੀਤੀ ਜਾ ਰਹੀ ਹੈੈ। ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕਿਸਾਨਾਂ 'ਤੇ ਹਰ ਤਰ੍ਹਾਂ ਨਾਲ ਤਸ਼ੱਦਦ ਕੀਤਾ ਜਾ ਰਿਹਾ ਹੈ।"
"ਇਹ ਸਪੱਸ਼ਟ ਤੌਰ 'ਤੇ ਆਮ ਆਦਮੀ ਪਾਰਟੀ ਦੀ ਤਾਨਾਸ਼ਾਹੀ ਹੈ। ਕਿਸਾਨਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਸਰਾਸਰ ਗਲਤ ਹੈ ਅਤੇ ਇਸਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਥੋੜ੍ਹੀ ਹੈ।"
ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕਿਸਾਨਾਂ ਨੂੰ ਜਬਰੀ ਚੁੱਕਣ ਦੀ ਨਿੰਦਾ ਕੀਤੀ ਗਈ ਹੈ।
ਐਕਸ 'ਤੇ ਪੋਸਟ ਕਰਦਿਆਂ ਲਿਖਿਆ, "ਪੰਜਾਬ ਦੇ ਕਿਸਾਨਾਂ ਨੂੰ ਪੰਜ ਮਿੰਟ ਵਿੱਚ ਐੱਮਐੱਸਪੀ ਦੇਣ ਦਾ ਵਾਅਦਾ ਕਰਨ ਵਾਲੀ ਭਗਵੰਤ ਮਾਨ ਸਰਕਾਰ ਅੱਜ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਸੁਣਨ ਲਈ ਵੀ ਤਿਆਰ ਨਹੀਂ। ਕਿਸਾਨ ਆਗੂਆਂ ਅਤੇ ਕਿਸਾਨਾਂ ਨੂੰ ਜਬਰੀ ਤਸ਼ੱਦਦ ਕਰਕੇ ਚੁੱਕਣ ਦੀ ਮੈਂ ਸਖ਼ਤ ਨਿੰਦਾ ਕਰਦਾ ਹਾਂ। ਪੰਜਾਬ ਸਰਕਾਰ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਤੁਰੰਤ ਰਿਹਾਅ ਕਰੇ ਅਤੇ ਉਹਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰੇ।"
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਐਕਸ 'ਤੇ ਪੋਸਟ 'ਚ ਲਿਖਿਆ, "ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨ ਆਗੂਆਂ ਸਮੇਤ ਕਿਸਾਨ ਵੀਰਾਂ ਕੀਤੇ ਅੰਨ੍ਹੇ ਤਸ਼ੱਦਦ ਦੀ ਮੈਂ ਸਖ਼ਤ ਨਿੰਦਾ ਕਰਦੀ ਹਾਂ।
ਸਰਕਾਰ ਅਜਿਹਾ ਕਰਕੇ ਲੋਕਤੰਤਰ ਦਾ ਕਤਲ ਕਰ ਰਹੀ ਹੈ। ਗ੍ਰਿਫਤਾਰ ਕੀਤੇ ਕਿਸਾਨ ਤੁਰੰਤ ਰਿਹਾਅ ਕੀਤੇ ਜਾਣ ਅਤੇ ਸਰਕਾਰ ਉਹਨਾਂ ਦੀਆਂ ਹੱਕੀ ਮੰਗਾਂ ਤੁਰੰਤ ਮੰਨੇ।"
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਸਰਕਾਰ ਦੀ ਕਾਰਵਾਈ ਨੂੰ ਕਿਸਾਨਾਂ ਦੀ ਪਿੱਠ ਤੇ ਛੁਰਾ ਮਾਰਨਾ ਦੱਸਿਆ ਗਿਆ ਹੈ।
ਉਨ੍ਹਾਂ ਐਕਸ 'ਤੇ ਪੋਸਟ ਚ ਲਿਖਿਆ, "ਐੱਮਐੱਸਪੀ ਦੀ ਕਾਨੂੰਨੀ ਗਰੰਟੀ ਲਈ ਸੰਘਰਸ਼ ਤੇਜ਼ ਹੋ ਰਿਹਾ ਸੀ, ਪਰ ਭਗਵੰਤ ਮਾਨ ਦੀ ਸਰਕਾਰ ਨੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰ ਕੇ ਵਿਸ਼ਵਾਸਘਾਤ ਕੀਤਾ ਹੈ।"
ਉਨ੍ਹਾਂ ਨਾਲ ਹੀ ਭਾਜਪਾ 'ਤੇ ਨਿਸ਼ਾਨਾ ਸਾਧਦਿਆਂ ਲਿਖਿਆ, "ਇੱਕ ਸਾਲ ਤੋਂ ਵੱਧ ਸਮੇਂ ਤੋਂ, ਭਾਜਪਾ ਦੀ ਹਰਿਆਣਾ ਸਰਕਾਰ ਗੈਰ-ਸੰਵਿਧਾਨਕ ਤੌਰ 'ਤੇ ਪੰਜਾਬ ਦੀਆਂ ਸਰਹੱਦਾਂ ਨੂੰ ਰੋਕ ਰਹੀ ਹੈ, ਫਿਰ ਵੀ ਭਗਵੰਤ ਮਾਨ ਇਸ ਵਿਰੁੱਧ ਕੋਈ ਕਾਰਵਾਈ ਕਰਨ ਵਿੱਚ ਅਸਫਲ ਰਿਹਾ ਹੈ।''
''ਇਸ ਦੀ ਬਜਾਏ, ਉਸਦੀ ਸਰਕਾਰ ਹੁਣ ਕਿਸਾਨਾਂ ਅਤੇ ਵਪਾਰੀਆਂ ਵਿਚਕਾਰ ਫੁੱਟ ਪਾ ਰਹੀ ਹੈ, ਪੰਜਾਬ ਨੂੰ ਭਾਜਪਾ ਦੀ ਨਫ਼ਰਤ ਭਰੀ ਅਤੇ ਵੰਡ ਪਾਊ ਰਾਜਨੀਤੀ ਵਿੱਚ ਧੱਕ ਰਹੀ ਹੈ। ਜੋ ਮੋਦੀ ਦੀ ਸਰਕਾਰ ਦਿੱਲੀ ਵਿੱਚ ਕਿਸਾਨ ਅੰਦੋਲਨ ਵਿਰੁੱਧ ਪ੍ਰਾਪਤ ਨਹੀਂ ਕਰ ਸਕੀ, ਉਹ ਭਾਜਪਾ ਨੇ ਹੁਣ ਆਪਣੀ ਬੀ-ਟੀਮ - ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਰਾਹੀਂ ਕੀਤਾ ਹੈ।"
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਦਾ ਵਿਰੋਧ ਕੀਤਾ ਹੈ।
ਚਰਨਜੀਤ ਚੰਨੀ ਨੇ ਵੀਡੀਓ ਜਾਰੀ ਕਰਦਿਆਂ ਕਿਹਾ, "ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਗਏ ਹਨ। ਪੰਜਾਬ ਦੇ ਖਿਲਾਫ ਐਕਸ਼ਨ ਕਰਨ ਦੀ ਵਿਊਂਤਬੰਦੀ ਕਰ ਲਈ ਗਈ ਹੈ। ਪੰਜਾਬ ਦੇ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।''
''ਅੰਬਾਲਾ ਵਿੱਚ ਵਾਟਰ ਕੈਨਨ, ਅਥਰੂ ਗੈਸ ਦੇ ਗੋਲੇ, ਦਿੱਲੀ ਅਤੇ ਦੇਸ਼ ਦੇ ਹੋਰ ਸੂਬਿਆਂ ਤੋਂ ਭਾਰੀ ਫੌਜ ਪੰਜਾਬ ਵੱਲ ਭੇਜੀ ਜਾ ਰਹੀ ਹੈ। ਅੱਜ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਭਗਵੰਤ ਮਾਨ ਨੇ ਕੇਂਦਰ ਅੱਗੇ ਗੋਡੇ ਟੇਕ ਦਿੱਤੇ ਹਨ। ਮੈਂ ਭਗਵੰਤ ਮਾਨ ਨੂੰ ਅਪੀਲ ਕਰਦਾ ਹਾਂ ਕਿ ਅਜਿਹੀਆਂ ਸਾਜਿਸ਼ਾਂ ਨਾਲ ਰਲ ਕੇ ਤੁਸੀਂ ਪੰਜਾਬ ਦੀ ਕਿਸਾਨੀ ਨੂੰ ਡੋਬਣ ਅਤੇ ਪੰਜਾਬ ਨੂੰ ਮਾੜੇ ਦੌਰ ਵਿੱਚ ਲੈ ਕੇ ਜਾਣ ਦੀ ਕੋਸ਼ਿਸ਼ ਨਾ ਕਰੋ।"
'ਸੰਘਰਸ਼ ਨੂੰ ਹੋਰ ਤੀਬਰ ਕੀਤਾ ਜਾਵੇਗਾ'
ਕਿਸਾਨ ਆਗੂ ਸਤਨਾਮ ਸਿੰਘ ਪਨੂੰ ਨੇ ਧਰਨੇ ਦਾ ਐਲਾਨ ਕਰਦਿਆਂ, ਪੰਜਾਬ ਪੁਲਿਸ ਵੱਲੋਂ ਕਿਸਾਨਾਂ 'ਤੇ ਕਾਰਵਾਈ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਦੀ ਮਿਲੀਭੁਗਤ ਦੱਸਿਆ ਹੈ।
ਉਨ੍ਹਾਂ ਕਿਹਾ, "ਪੰਜਾਬ-ਹਰਿਆਣਾ ਬਾਰਡਰ ਨੂੰ ਹਰਿਆਣਾ ਸਰਕਾਰ ਵੱਲੋਂ ਬੰਦ ਕੀਤਾ ਗਿਆ ਹੈ ਪਰ ਪੰਜਾਬ ਸਰਕਾਰ ਵੱਲੋਂ ਅਚਾਨਕ ਹਜ਼ਾਰਾਂ ਦੀ ਤਦਾਦ ਵਿੱਚ ਪੁਲਿਸ ਕਰਮੀ ਲਗਾ ਕੇ ਜਬਰੀ ਕਿਸਾਨਾਂ ਨੂੰ ਚੁੱਕਿਆ ਗਿਆ ਹੈ।''
ਉਨ੍ਹਾਂ ਕਿਹਾ ਕਿ ਪੁਲਿਸ ਦੀ ਕਾਰਵਾਈ ਧਰਨਿਆਂ ਦੇ ਜਮੂਹਰੀ ਹੱਕ 'ਤੇ ਹਮਲਾ ਹੈ।
ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ, "ਸੰਘਰਸ਼ ਨੂੰ ਹੋਰ ਤੀਬਰ ਕੀਤਾ ਜਾਵੇਗਾ ਅਤੇ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।"
''ਸਿੰਘੂ ਅਤੇ ਖਨੌਰੀ ਬਾਰਡਰ ਮੋਰਚੇ ਦੀਆਂ ਮੰਗਾਂ ਮੰਨੀਆਂ ਜਾਣ ਤੱਕ ਸੰਘਰਸ ਜਾਰੀ ਰਹੇਗਾ ਅਤੇ ਕਿਸੇ ਵੀ ਹਾਲਾਤ ਵਿੱਚ ਸਰਕਾਰ ਦਾ ਦਬਾਅ ਕਿਸਾਨਾਂ ਨੂੰ ਚੁੱਕਾ ਨਹੀਂ ਸਕਦਾ।''
ਪੰਜਾਬ ਸਰਕਾਰ ਕੀ ਕਹਿ ਰਹੀ
ਇਸ ਪੂਰੀ ਕਾਰਵਾਈ ਬਾਰੇ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੇ ਵਿਰੁੱਧ ਨਹੀਂ ਹਨ ਸਗੋਂ ਬਾਰਡਰ ਬੰਦ ਹੋਣ ਕਾਰਨ ਸੂਬੇ ਦੇ ਕਾਰੋਬਾਰ ਨੂੰ ਨੁਕਸਾਨ ਹੋ ਰਿਹਾ ਸੀ।
ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪੰਜਾਬ ਪੁਲਿਸ ਦੀ ਕਾਰਵਾਈ ਨੂੰ ਸਹੀਂ ਠਹਿਰਾਉਂਦਿਆਂ ਕਿਹਾ ਕਿ ਸੜਕ ਦੇ ਬੰਦ ਹੋਣ ਕਾਰਨ ਪੰਜਾਬ ਦਾ ਨੁਕਸਾਨ ਹੋ ਰਿਹਾ ਸੀ।
ਉਨ੍ਹਾਂ ਕਿਹਾ ਕਿ ਬਾਰਡਰ ਦਾ ਬੰਦ ਹੋਣਾ, ਕਾਰੋਬਰ ਦੇ ਰਾਹ ਬੰਦ ਕਰਦੇ ਹੋਏ ਵਿੱਤੀ ਢਾਹ ਲਗਾ ਰਿਹਾ ਸੀ।
ਉਨ੍ਹਾਂ ਕਿਹਾ, ''ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਕਿਸਾਨਾਂ ਨਾਲ ਡੱਟ ਕੇ ਖੜ੍ਹੀ ਰਹੀ ਹੈ, ਚਾਹੇ 2020 ਵਾਲਾ ਕਿਸਾਨ ਅੰਦੋਲਨ ਹੋਵੇ, ਚਾਹੇ ਕਿਤੇ ਹੋਰ ਕਿਸਾਨੀ ਨਾਲ ਖੜ੍ਹਨਾ ਹੋਵੇ ਪਰ ਬਾਰਡਰ ਦਾ ਬੰਦ ਹੋਣਾ ਨੌਜਵਾਨੀ ਨੂੰ ਬੇਰੁਜ਼ਗਾਰੀ ਵੱਲ ਧੱਕ ਰਿਹਾ ਸੀ ਅਤੇ ਉਨ੍ਹਾਂ ਤੋਂ ਸੁਚੱਜੇ ਰੁਜ਼ਗਾਰ ਦੇ ਮੌਕੇ ਖੋਹ ਰਿਹਾ ਸੀ।"
ਕਦੋਂ ਸ਼ੁਰੂ ਹੋਇਆ ਸੀ ਅੰਦੋਲਨ?
ਪੰਜਾਬ ਦੀਆਂ ਦੋ ਕਿਸਾਨ ਜਥੇਬੰਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਨੇ ਐੱਮਐੱਸਪੀ ਦੀ ਮੰਗ ਨੂੰ ਲੈ ਕੇ 13 ਫਰਵਰੀ 2024 ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਸੀ।
ਪਰ ਹਰਿਆਣਾ ਸਰਕਾਰ ਨੇ ਹੰਝੂ ਗੈਸ ਦੇ ਗੋਲੇ ਵਰਤਦੇ ਹੋਏ, ਕਿਸਾਨਾਂ ਨੂੰ ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਹੀ ਰੋਕ ਦਿੱਤਾ ਸੀ।
ਕਿਸਾਨਾਂ ਨੇ ਵਾਰ-ਵਾਰ ਦਿੱਲੀ ਕੂਚ ਦੀ ਕੋਸ਼ਿਸ਼ ਵੀ ਕੀਤੀ ਪਰ ਹਰ ਵਾਰ ਕਿਸਾਨਾਂ ਨੂੰ ਹੰਝੂ ਗੈਸ ਦੇ ਗੋਲਿਆਂ ਦਾ ਸਾਹਮਣਾ ਕਰਨਾ ਪਿਆ।
ਦੂਜੇ ਪਾਸੇ, ਇਸ ਮਸਲੇ ਨੂੰ ਹੱਲ ਕਰਨ ਦੇ ਉਦੇਸ਼ ਨਾਲ ਚੰਡੀਗੜ੍ਹ ਵਿੱਚ ਕੇਂਦਰ ਅਤੇ ਕਿਸਾਨਾਂ ਵਿਚਾਲੇ ਹੁਣ ਤੱਕ ਸੱਤ ਗੇੜ ਦੀ ਗੱਲਬਾਤ ਹੋ ਚੁੱਕੀ ਹੈ, ਜੇ ਕਿ ਹਰ ਵਾਰ ਬੇਨਤੀਜਾ ਰਹੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ