ਦੀਵਾਲੀ: ਕੀ ਹਨ ਗ੍ਰੀਨ ਪਟਾਕੇ, ਪੰਜਾਬ ’ਚ ਸਿਰਫ਼ ਇਨ੍ਹਾਂ ਲਈ ਹੀ ਪ੍ਰਵਾਨਗੀ, ਪ੍ਰਦੂਸ਼ਣ ’ਤੇ ਕੀ ਹੋਵੇਗਾ ਅਸਰ

ਗ੍ਰੀਨ ਪਟਾਕੇ

ਤਸਵੀਰ ਸਰੋਤ, Getty Images

ਪ੍ਰਕਾਸ਼ਿਤ

ਉੱਤਰੀ ਭਾਰਤ ਦੇ ਕਈ ਸੂਬੇ ਖ਼ਾਸਕਰ ਪੰਜਾਬ, ਹਰਿਆਣਾ ਅਤੇ ਦਿੱਲੀ ਹਵਾ ਪ੍ਰਦੂਸ਼ਣ ਦੀ ਮਾਰ ਹੇਠ ਹਨ। ਅਜਿਹੇ ਵਿੱਚ ਦੀਵਾਲੀ ਦਾ ਤਿਉਹਾਰ ਮਨਾਉਣ ਸਮੇਂ ਪਟਾਕਿਆਂ ਤੋਂ ਉੱਠਦੇ ਧੂੰਏ ਨੂੰ ਲੈ ਕੇ ਵੀ ਕਈ ਲੋਕ ਚਿੰਤਿਤ ਹਨ।

ਇੱਕ ਪਾਸੇ ਕਈਆਂ ਦੀ ਧਾਰਨਾ ਹੈ ਕਿ ਪਟਾਕਿਆਂ ਤੋਂ ਬਿਨ੍ਹਾਂ ਦੀਵਾਲੀ ਦਾ ਤਿਉਹਾਰ ਅਧੂਰਾ ਰਹਿ ਜਾਵੇਗਾ ਤਾਂ ਦੂਜੇ ਪਾਸੇ ਕੁਝ ਲੋਕ ਵਾਤਾਵਰਣ ਨੂੰ ਲੈ ਕੇ ਫ਼ਿਕਰਮੰਦੀ ਦੇ ਕਾਰਨ ਪਟਾਕਿਆਂ ਤੋਂ ਕਿਨਾਰਾ ਕਰਨ ਦੀ ਸਲਾਹ ਦਿੰਦੇ ਹਨ।

ਅਜਿਹੇ ਵਿੱਚ ਘੱਟ ਧੂੰਆਂ ਕਰਨ ਵਾਲੇ ਅਤੇ ਵਾਤਾਵਰਣ ਨੂੰ ਘੱਟ ਨੁਕਸਾਨ ਪਹੁੰਚਾਉਣ ਵਾਲੇ ‘ਗ੍ਰੀਨ ਪਟਾਕੇ’ ਮੁਸ਼ਕਿਲਾਂ ਨੂੰ ਕੁਝ ਹੱਦ ਤੱਕ ਹੱਲ ਕਰਨ ਵਿੱਚ ਸਹਾਈ ਹੋ ਸਕਦੇ ਹਨ।

ਇਸ ਲੇਖ ਵਿੱਚ ਅਸੀਂ ਗ੍ਰੀਨ ਪਟਾਕਿਆਂ ਬਾਰੇ ਗੱਲ ਕਰਾਂਗੇ ਕਿ ਇਹ ਰਵਾਇਤੀ ਪਟਾਕਿਆਂ ਤੋਂ ਕਿਵੇਂ ਵੱਖਰੇ ਹਨ?

ਦਰਅਸਲ, 'ਗ੍ਰੀਨ ਪਟਾਕੇ' ਨੈਸ਼ਨਲ ਐਨਵਾਇਰਮੈਂਟਲ ਇੰਜਨੀਅਰਿੰਗ ਰਿਸਰਚ ਇੰਸਟੀਚਿਊਟ (ਨੀਰੀ) ਦੀ ਖੋਜ ਹੈ ਜੋ ਕਿ ਰਿਵਾਇਤੀ ਪਟਾਕਿਆਂ ਵਾਂਗ ਹੀ ਹਨ ਪਰ ਇਨ੍ਹਾਂ ਨੂੰ ਸਾੜਨ ਨਾਲ ਘੱਟ ਪ੍ਰਦੂਸ਼ਣ ਹੁੰਦਾ ਹੈ।

ਨੀਰੀ ਇੱਕ ਸਰਕਾਰੀ ਸੰਸਥਾ ਹੈ ਜੋ ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀਐੱਸਆਈਆਰ) ਦੇ ਅਧੀਨ ਕੰਮ ਕਰਦੀ ਹੈ।

ਨੀਰੀ ਨੇ ਜਨਵਰੀ 2018 ਵਿੱਚ ਗ੍ਰੀਨ ਪਟਾਕਿਆਂ 'ਤੇ ਖੋਜ ਸ਼ੁਰੂ ਕੀਤੀ ਸੀ, ਜਿਸ ਦੇ ਨਤੀਜੇ ਵਜੋਂ ਇਹ ਪਟਾਕੇ ਦੇਸ਼ ਵਿੱਚ ਕਈ ਥਾਈਂ ਉਪਲੱਬਧ ਹਨ।

ਪੰਜਾਬ ’ਚ ਕੇਵਲ ਗ੍ਰੀਨ ਪਟਾਕਿਆਂ ਦੀ ਇਜਾਜ਼ਤ

ਗ੍ਰੀਨ ਪਟਾਕੇ

ਤਸਵੀਰ ਸਰੋਤ, NEERI

ਖ਼ਬਰ ਏਜੰਸੀ ਪੀਟੀਆਈ ਅਨੁਸਾਰ ਪੰਜਾਬ ਸਰਕਾਰ ਨੇ ਇਸ ਵਾਰ ਦੀ ਦੀਵਾਲੀ, ਗੁਰਪੁਰਬ, ਨਵੇਂ ਸਾਲ ਤੇ ਕ੍ਰਿਸਮਸ ਮੌਕੇ ਕੇਵਲ ਗ੍ਰੀਨ ਪਟਾਕਿਆਂ ਦੀ ਵਰਤੋਂ ਦੀ ਇਜਾਜ਼ਤ ਦਿੱਤੀ ਹੈ। ਉਨ੍ਹਾਂ ਦੀ ਵਰਤੋਂ ਲਈ ਵੀ ਇੱਕ ਸੀਮਤ ਵਕਤ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਪਟਾਕਿਆਂ ਦੀ ਕਿਸੇ ਵੀ ਤਰੀਕੇ ਦੀ ਆਨਲਾਈਨ ਵਿਕਰੀ ਉੱਤੇ ਰੋਕ ਲਾਈ ਗਈ ਹੈ।

ਦੀਵਾਲੀ ਮੌਕੇ ਗ੍ਰੀਨ ਪਟਾਕਿਆਂ ਦੇ ਇਸਤੇਮਾਲ ਦਾ ਵਕਤ ਰਾਤ ਅੱਠ ਵਜੇ ਤੋਂ 10 ਵਜੇ ਤੱਕ ਰੱਖਿਆ ਹੈ।

ਗ੍ਰੀਨ ਪਟਾਕੇ ਕੀ ਹਨ?

ਗ੍ਰੀਨ ਪਟਾਕੇ ਦਿੱਖ, ਬਲਣ ਅਤੇ ਆਵਾਜ਼ ਵਿੱਚ ਆਮ ਪਟਾਕਿਆਂ ਵਰਗੇ ਹੀ ਹੁੰਦੇ ਹਨ, ਪਰ ਇਹ ਘੱਟ ਪ੍ਰਦੂਸ਼ਣ ਪੈਦਾ ਕਰਦੇ ਹਨ।

ਸਾਧਾਰਨ ਪਟਾਕਿਆਂ ਦੇ ਮੁਕਾਬਲੇ ਇਹ ਸਾੜਨ 'ਤੇ 40 ਤੋਂ 50 ਫੀਸਦੀ ਘੱਟ ਹਾਨੀਕਾਰਕ ਗੈਸਾਂ ਪੈਦਾ ਕਰਦੇ ਹਨ।

ਨੀਰੀ ਦੀ ਮੁੱਖ ਵਿਗਿਆਨੀ ਡਾਕਟਰ ਸਾਧਨਾ ਰਾਇਲੂ ਨੇ 2018 ਵਿੱਚ ਬੀਬੀਸੀ ਨੂੰ ਇਨ੍ਹਾਂ ਪਟਾਕਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਸੀ, "ਅਜਿਹਾ ਨਹੀਂ ਹੈ ਕਿ ਇਸ ਨਾਲ ਪ੍ਰਦੂਸ਼ਣ ਬਿਲਕੁਲ ਵੀ ਨਹੀਂ ਹੋਵੇਗਾ। ਪਰ ਹਾਂ, ਇਹ ਘੱਟ ਹੋਵੇਗਾ ਅਤੇ ਇਹ ਪਟਾਕੇ ਵਾਤਾਵਰਣ ਲਈ ਘੱਟ ਹਾਨੀਕਾਰਕ ਹੋਣਗੇ।"

AQI

ਡਾਕਟਰ ਸਾਧਨਾ ਦਾ ਕਹਿਣਾ ਹੈ ਕਿ ਆਮ ਪਟਾਕਿਆਂ ਨੂੰ ਸਾੜਨ ਨਾਲ ਵੱਡੀ ਮਾਤਰਾ ਵਿੱਚ ਨਾਈਟ੍ਰੋਜਨ ਅਤੇ ਸਲਫ਼ਰ ਗੈਸ ਨਿਕਲਦੀ ਹੈ।

ਗਰੀਨ ਪਟਾਕਿਆਂ ਦੀ ਖੋਜ ਦਾ ਮਕਸਦ ਵੀ ਇਹੀ ਹੀ ਹੈ ਕਿ ਜਦੋਂ ਪਟਾਕੇ ਸਾੜੇ ਜਾਣ ਤਾਂ ਉਨ੍ਹਾਂ ਵਿੱਚੋਂ ਘੱਟ ਨਾਈਟ੍ਰੋਜਨ ਅਤੇ ਸਲਫ਼ਰ ਗੈਸ ਨਿਕਲੇ।

ਗ੍ਰੀਨ ਪਟਾਕਿਆਂ ਵਿੱਚ ਵਰਤੇ ਜਾਣ ਵਾਲੇ ਮਸਾਲੇ ਆਮ ਪਟਾਕਿਆਂ ਤੋਂ ਕਾਫੀ ਹੱਦ ਤੱਕ ਵੱਖਰੇ ਹੁੰਦੇ ਹਨ।

ਨੀਰੀ ਨੇ ਕੁਝ ਅਜਿਹੇ ਰਸਾਇਣਕ ਫਾਰਮੂਲੇ ਬਣਾਏ ਹਨ ਜੋ ਘੱਟ ਹਾਨੀਕਾਰਕ ਗੈਸਾਂ ਪੈਦਾ ਕਰਨਗੇ।

ਗ੍ਰੀਨ

ਤਸਵੀਰ ਸਰੋਤ, NEETI

ਗ੍ਰੀਨ ਪਟਾਕੇ ਕਿੰਨੀ ਤਰ੍ਹਾਂ ਦੇ ਹਨ

ਨੀਰੀ ਨੇ ਚਾਰ ਤਰ੍ਹਾਂ ਦੇ ਹਰੇ ਪਟਾਕੇ ਬਣਾਏ ਹਨ।

ਪਾਣੀ ਪੈਦਾ ਕਰਨ ਵਾਲੇ ਪਟਾਕੇ: ਅੱਗ ਲਗਾਉਣ ਤੋਂ ਬਾਅਦ, ਇਹ ਪਟਾਕੇ ਪਾਣੀ ਦੇ ਕਣ ਪੈਦਾ ਕਰਨਗੇ, ਜਿਸ ਵਿੱਚ ਸਲਫਰ ਅਤੇ ਨਾਈਟ੍ਰੋਜਨ ਦੇ ਕਣ ਘੁਲ ਜਾਣਗੇ।

ਨੀਰੀ ਨੇ ਇਸਨੂੰ ‘ਸੇਫ਼ ਵਾਟਰ ਰਿਲੀਜ਼ਰ’ ਛੱਡਣ ਵਾਲਾ ਨਾਮ ਦਿੱਤਾ ਹੈ। ਪਾਣੀ ਨੂੰ ਪ੍ਰਦੂਸ਼ਣ ਘਟਾਉਣ ਦਾ ਬਿਹਤਰ ਤਰੀਕਾ ਮੰਨਿਆ ਜਾਂਦਾ ਹੈ।

ਬੀਤੇ ਕੁਝ ਦਿਨ੍ਹਾਂ ਵਿੱਚ ਜਦੋਂ ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਹੱਦੋਂ ਵੱਧ ਗਿਆ ਸੀ ਤਾਂ ‘ਆਰਟੀਫ਼ੀਸ਼ੀਅਲ ਰੇਨ’ ਯਾਨੀ ਨਕਲੀ ਮੀਂਹ ਨਾਲ ਇਸ ਨੂੰ ਘਟਾਉਣ ਦੀ ਯੋਜਨਾ ਦੀ ਗੱਲ ਕੀਤੀ ਜਾ ਰਹੀ ਸੀ।

ਘੱਟ ਗੰਧਕ ਅਤੇ ਨਾਈਟ੍ਰੋਜਨ ਪੈਦਾ ਕਰਨ ਵਾਲੇ ਪਟਾਕੇ: ਨੀਰੀ ਨੇ ਇਨ੍ਹਾਂ ਪਟਾਕਿਆਂ ਨੂੰ ਸਟਾਰ ਕਰੈਕਰ, ਭਾਵ ਸੁਰੱਖਿਅਤ ਥਰਮਾਈਟ ਕਰੈਕਰ ਦਾ ਨਾਮ ਦਿੱਤਾ ਹੈ।

ਇਨ੍ਹਾਂ ਵਿੱਚ ਆਕਸੀਡਾਈਜ਼ਿੰਗ ਏਜੰਟਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਜਲਣ ਤੋਂ ਬਾਅਦ ਸਲਫਰ ਅਤੇ ਨਾਈਟ੍ਰੋਜਨ ਘੱਟ ਮਾਤਰਾ ਵਿੱਚ ਪੈਦਾ ਹੁੰਦੇ ਹਨ। ਇਸ ਲਈ ਵਿਸ਼ੇਸ਼ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਘੱਟ ਐਲੂਮੀਨੀਅਮ ਦੀ ਵਰਤੋਂ: ਆਮ ਪਟਾਕਿਆਂ ਦੇ ਮੁਕਾਬਲੇ ਇਸ ਪਟਾਕੇ ਵਿੱਚ 50 ਤੋਂ 60 ਪ੍ਰਤੀਸ਼ਤ ਘੱਟ ਐਲੂਮੀਨੀਅਮ ਦੀ ਵਰਤੋਂ ਕੀਤੀ ਜਾਂਦੀ ਹੈ। ਇੰਸਟੀਚਿਊਟ ਨੇ ਇਸ ਨੂੰ ਸੇਫ ਮਿਨਿਮਲ ਐਲੂਮੀਨੀਅਮ ਯਾਨੀ ਸੈਫਲ ਦਾ ਨਾਮ ਦਿੱਤਾ ਹੈ।

ਅਰੋਮਾ ਕਰੈਕਰ: ਇਨ੍ਹਾਂ ਪਟਾਕਿਆਂ ਨੂੰ ਸਾੜਨ ਨਾਲ ਨਾ ਸਿਰਫ਼ ਘੱਟ ਹਾਨੀਕਾਰਕ ਗੈਸਾਂ ਪੈਦਾ ਹੁੰਦੀਆਂ ਹਨ ਸਗੋਂ ਚੰਗੀ ਖੁਸ਼ਬੂ ਵੀ ਨਿਕਲਦੀ ਹੈ।

ਗ੍ਰੀਨ ਪਟਾਕੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗ੍ਰੀਨ ਪਟਾਕੇ ਘੱਟ ਘੱਟ ਪ੍ਰਦੂਸ਼ਣ ਫ਼ੈਲਾਉਂਦੇ ਹਨ

ਗ੍ਰੀਨ ਪਟਾਕਿਆਂ ਦਾ ਉਤਪਾਦਨ

ਭਾਰਤੀ ਬਾਜ਼ਾਰਾਂ ਵਿੱਚ ਪਟਾਕੇ ਰਵਾਇਤੀ ਤਰੀਕੇ ਨਾਲ ਤਿਆਰ ਕੀਤੇ ਜਾ ਰਹੇ ਹਨ। ਹਾਲਾਂਕਿ ਕੁਝ ਰਸਾਇਣਾਂ 'ਤੇ ਪਾਬੰਦੀ ਤੋਂ ਬਾਅਦ ਕਈ ਤਰ੍ਹਾਂ ਦੇ ਪਟਾਕਿਆਂ ਦਾ ਨਿਰਮਾਣ ਬੰਦ ਹੋ ਗਿਆ ਹੈ।

ਨੀਰੀ ਨੇ ਭਾਵੇਂ ਹਰੇ ਪਟਾਕੇ ਬਣਾਏ ਹੋਣ ਪਰ ਇਨ੍ਹਾਂ ਦੇ ਨਿਰਮਾਣ ਦੀ ਜ਼ਿੰਮੇਵਾਰੀ ਭਾਰਤੀ ਬਾਜ਼ਾਰਾਂ ਦੀ ਹੀ ਅਤੇ ਹਾਲੇ ਭਾਰਤੀ ਬਾਜ਼ਾਰ ਦੀ ਮੰਗ ਮੁਤਾਬਕ ਉਤਪਾਦਨ ਸੰਭਵ ਨਹੀਂ ਹੈ।

ਗ੍ਰੀਨ ਪਟਾਕਿਆਂ ਦਾ ਨਿਰਮਾਣ ਸਿਰਫ਼ ਉਹ ਫ਼ਰਮਾਂ ਹੀ ਕਰ ਸਕਦੀਆਂ ਹਨ ਜੋ ਨੀਰੀ ਨਾਲ ਰਜਿਸਟਰਡ ਹਨ। ਆਮ ਪਟਾਕਿਆਂ ਦੀ ਤਰ੍ਹਾਂ ਕੋਈ ਵੀ ਛੋਟਾ ਜਾਂ ਘਰੇਲੂ ਉਦਯੋਗ ਇਨ੍ਹਾਂ ਦਾ ਉਤਪਾਦਨ ਨਹੀਂ ਕਰ ਸਕਦਾ।

ਗ੍ਰੀਨ ਪਟਾਕੇ

ਤਸਵੀਰ ਸਰੋਤ, Getty Images

ਦੁਨੀਆਂ ਵਿੱਚ ਗ੍ਰੀਨ ਪਟਾਕੇ ਕਿੱਥੇ ਵਰਤੇ ਜਾਂਦੇ ਹਨ?

ਗ੍ਰੀਨ ਪਟਾਕਿਆਂ ਦੀ ਖੋਜ ਕਰਨ ਵਾਲੀ ਨੀਰ ਦੀ ਟੀਮ ਦੇ ਮੁਖੀ ਡਾਕਟਰ ਸਾਧਨਾ ਮੁਤਾਬਕ ਗ੍ਰੀਨ ਪਟਾਕਿਆਂ ਦਾ ਵਿਚਾਰ ਭਾਰਤ ਦਾ ਹੈ ਅਤੇ ਜੇਕਰ ਇਸ ਨੂੰ ਬਾਜ਼ਾਰਾਂ 'ਚ ਉਤਾਰਿਆ ਜਾਂਦਾ ਹੈ ਤਾਂ ਭਾਰਤ ਦੁਨੀਆ ਨੂੰ ਨਵੀਂ ਦਿਸ਼ਾ ਦੇ ਸਕਦਾ ਹੈ |

ਗ੍ਰੀਨ ਪਟਾਕਿਆਂ ਨਾਲ ਜੁੜੀਆਂ ਚੁਣੌਤੀਆਂ

ਧੂੰਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੰਨੀ ਦਿਨੀਂ ਦਿੱਲੀ ਵਿੱਚ ਪ੍ਰਦੂਸ਼ਣ ਕਾਰਨ ਲੋਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ

ਉਦਯੋਗਾਂ ਨੂੰ ਬਿਹਤਰ ਸਿਖਲਾਈ ਦੇਣਾ ਅਤੇ ਗ੍ਰੀਨ ਪਾਟਕਿਆਂ ਨੂੰ ਭਾਰਤੀ ਬਾਜ਼ਾਰ ਵਿੱਚ ਪਟਾਕਿਆਂ ਦੀ ਮੰਗ ਦੇ ਬਰਾਬਰ ਬਣਾਉਣਾ ਚੁਣੌਤੀਪੂਰਨ ਹੋਵੇਗਾ।

ਮਾਹਰਾਂ ਮੁਤਾਬਕ ਆਮ ਲੋਕਾਂ ਦੇ ਨਾਲ-ਨਾਲ ਪਟਾਕੇ ਵੇਚਣ ਵਾਲਿਆਂ ਲਈ ਵੀ ਅਸਲੀ ਗ੍ਰੀਨ ਪਾਟਕਿਆਂ ਦੀ ਪਛਾਣ ਕਰ ਸਕਣਾ ਇੱਕ ਮਸਲਾ ਹੈ। ਹਾਲਾਂਕਿ ਨੀਰੀ ਵਲੋਂ ਸਪੱਸ਼ਟ ਤੌਰ ’ਤੇ ਕਿਊਆਰ ਕੋਡ ਅਤੇ ਲੋਗੋ ਜ਼ਰੀਏ ਪਛਾਣ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ਹੈ।

ਗਾਹਕਾਂ ਦੀ ਗੱਲ ਕਰੀਏ ਤਾਂ ਇਹ ਪਟਾਕੇ ਉਨ੍ਹਾਂ ਦੀ ਜੇਬ ’ਤੇ ਰਿਵਾਇਤੀ ਪਟਾਕਿਆਂ ਮੁਕਾਬਲੇ ਵੱਧ ਭਾਰ ਪਾਉਂਦੇ ਹਨ ਇਸ ਲਈ ਵੀ ਬਹੁਤੇ ਲੋਕ ਗ੍ਰੀਨ ਪਟਾਕਿਆਂ ਨੂੰ ਖ਼ਰੀਦਣ ਤੋਂ ਝਿਜਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)