ਕੀ ਸ਼ੇਰ ਅਤੇ ਬਾਘ ਵੀ ਘਾਹ ਖਾਂਦੇ ਹਨ, ਇਹ ਗੱਲ ਕਿੰਨੀ ਸੱਚ ਹੈ?

    • ਲੇਖਕ, ਅਪੂਰਵਾ ਅਮੀਨ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਇਹ ਕਹਾਵਤ ਤਾਂ ਤੁਸੀਂ ਵੀ ਜ਼ਰੂਰ ਸੁਣੀ ਹੋਣੀ ਕਿ "ਸ਼ੇਰ ਭੁੱਖਾ ਰਹਿ ਸਕਦਾ ਹੈ ਪਰ ਘਾਹ ਨਹੀਂ ਖਾ ਸਕਦਾ"... ਪਰ ਇਹ ਕਹਾਵਤ ਹੁਣ ਗਲਤ ਸਾਬਿਤ ਹੁੰਦੀ ਜਾਪਦੀ ਹੈ।

ਗੁਜਰਾਤ ਦੇ ਜੂਨਾਗੜ੍ਹ ਦੇ ਸੱਕਰਬਾਗ ਚਿੜੀਆਘਰ ਦੇ ਅਜਿਹੇ ਵੀਡੀਓ ਵਾਇਰਲ ਹੋ ਰਹੇ ਹਨ ਜਿਨ੍ਹਾਂ ਨੂੰ ਦੇਖ ਕੇ ਲੋਕ ਹੈਰਾਨ ਹਨ। ਦਰਅਸਲ ਇਨ੍ਹਾਂ ਵੀਡੀਓਜ਼ ਵਿੱਚ ਸ਼ੇਰਾਂ ਅਤੇ ਬਾਘਾਂ ਨੂੰ ਘਾਹ ਚਰਦੇ ਹੋਏ ਦੇਖਿਆ ਜਾ ਸਕਦਾ ਹੈ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਜਿਹੀ ਘਟਨਾ ਵਾਪਰੀ ਹੈ। ਇੰਡਿਅਨ ਐਕਸਪ੍ਰੈੱਸ ਦੀ ਇੱਕ ਰਿਪੋਰਟ ਮੁਤਾਬਕ, ਸਾਲ 2019 ਵਿੱਚ ਇੱਕ ਏਸ਼ੀਆਈ ਸ਼ੇਰ ਦਾ ਘਾਹ ਖਾਂਦੇ ਹੋਏ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ।

ਇਨ੍ਹਾਂ ਵੀਡੀਓਜ਼ ਦੇ ਵਾਇਰਲ ਹੋਣ ਤੋਂ ਬਾਅਦ ਬਹੁਤ ਸਾਰੇ ਲੋਕ ਸੋਚ ਰਹੇ ਹਨ ਕਿ ਕੀ ਸ਼ੇਰ ਸੱਚਮੁੱਚ ਘਾਹ ਖਾਂਦੇ ਹਨ ਜਾਂ ਇਹ ਸਿਰਫ਼ ਇੱਕ ਇਤਫ਼ਾਕ ਹੈ ਜਾਂ ਝੂਠੀ ਖ਼ਬਰ? ਪਰ ਅਜਿਹਾ ਨਹੀਂ ਹੈ।

ਮਾਹਰਾਂ ਮੁਤਾਬਕ ਸ਼ੇਰ ਅਤੇ ਬਾਘ ਸਮੇਤ ਬਿੱਲੀ ਪ੍ਰਜਾਤੀ ਦੇ ਜ਼ਿਆਦਾਤਰ ਜਾਨਵਰ ਕਦੇ-ਕਦੇ ਘਾਹ ਖਾ ਸਕਦੇ ਹਨ।

ਸ਼ੇਰ ਅਤੇ ਬਾਘ, ਜਿਨ੍ਹਾਂ ਨੂੰ ਮਾਸਾਹਾਰੀ ਕਿਹਾ ਜਾਂਦਾ ਹੈ, ਘਾਹ ਕਿਉਂ ਖਾਂਦੇ ਹਨ? ਇਸ ਰਿਪੋਰਟ ਵਿੱਚ ਜਾਣਦੇ ਹਾਂ ਇਸ ਪਿਛਲੇ ਵਿਗਿਆਨਿਕ ਕਾਰਨ ਅਤੇ ਮਾਹਿਰਾਂ ਦੀ ਰਾਇ।

ਕੀ ਵਾਕਈ ਜੂਨਾਗੜ੍ਹ ਦੇ ਸੱਕਰਬਾਗ ਚਿੜੀਆਘਰ ਵਿੱਚ ਸ਼ੇਰ ਅਤੇ ਬਾਘ ਨੇ ਘਾਹ ਖਾਧਾ ਸੀ?

ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇੱਕ ਵੀਡੀਓ ਵਿੱਚ ਜੰਗਲ ਦੇ ਰਾਜਾ ਕਦੇ ਜਾਂਦੇ ਸ਼ੇਰ ਅਤੇ ਬਾਘ ਨੂੰ ਘਾਹ ਖਾਂਦੇ ਹੋਏ ਦਿਖਾਇਆ ਗਿਆ ਹੈ।

ਆਮ ਤੌਰ 'ਤੇ ਜਦੋਂ ਚਿੜੀਆਘਰ ਜਾਂ ਜੰਗਲ ਵਿੱਚ ਆਉਣ ਵਾਲੇ ਸੈਲਾਨੀ ਕਿਸੇ ਸ਼ੇਰ ਨੂੰ ਘਾਹ ਖਾਂਦੇ ਹੋਏ ਦੇਖਦੇ ਹਨ, ਤਾਂ ਉਹ ਸੋਚਦੇ ਹਨ ਕਿ ਜਾਨਵਰਾਂ ਨੂੰ ਲੋੜ ਅਨੁਸਾਰ ਭੋਜਨ ਨਹੀਂ ਮਿਲ ਰਿਹਾ, ਇਸ ਲਈ ਉਹ ਘਾਹ ਖਾਣ ਲਈ ਮਜਬੂਰ ਹਨ।

ਪਰ ਜੰਗਲਾਤ ਵਿਭਾਗ ਦੇ ਇੱਕ ਅਧਿਕਾਰੀ ਮੁਤਾਬਕ, ਇਹ ਪੂਰੀ ਤਰ੍ਹਾਂ ਗਲਤ ਹੈ ਅਤੇ ਜਾਨਵਰਾਂ ਵੱਲੋਂ ਘਾਹ ਖਾਣਾ ਇੱਕ ਬਿਲਕੁਲ ਕੁਦਰਤੀ ਪ੍ਰਕਿਰਿਆ ਹੈ।

ਜੂਨਾਗੜ੍ਹ ਸੱਕਰਬਾਗ ਚਿੜੀਆਘਰ ਦੇ ਨਿਰਦੇਸ਼ਕ ਰਾਜਦੀਪ ਸਿੰਘ ਝਾਲਾ ਨੇ ਮੀਡੀਆ ਨੂੰ ਦੱਸਿਆ ਕਿ ਸ਼ੇਰ, ਬਾਘ, ਚੀਤਾ ਅਤੇ ਬਿੱਲੀ ਪਰਿਵਾਰ ਦੇ ਜਾਨਵਰ 'ਪੂਰੀ ਤਰ੍ਹਾਂ ਮਾਸਾਹਾਰੀ' ਹੁੰਦੇ ਹਨ, ਜਿਸ ਦਾ ਮਤਲਬ ਹੈ ਕਿ ਉਨ੍ਹਾਂ ਵਿੱਚ ਪੂਰੀ ਤਰ੍ਹਾਂ ਮਾਸਾਹਾਰੀ ਜੀਨ ਮੌਜੂਦ ਹੁੰਦੇ ਹਨ।

"ਉਹ ਕਦੇ ਵੀ ਸ਼ਾਕਾਹਾਰੀ ਭੋਜਨ ਨਹੀਂ ਖਾਂਦੇ, ਪਰ ਉਹ ਕਦੇ-ਕਦੇ ਘਾਹ ਜ਼ਰੂਰ ਖਾਂਦੇ ਹਨ।"

"ਜਿਸ ਤਰ੍ਹਾਂ ਮਨੁੱਖ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ ਲਈ ਇਸਬਗੋਲ ਜਾਂ ਚੀਆ ਸੀਡਜ਼ ਵਰਗੇ ਰੇਸ਼ੇਦਾਰ ਖਾਦ ਪਦਾਰਥਾਂ ਦਾ ਸੇਵਨ ਕਰਦੇ ਹਨ, ਉਸੇ ਤਰ੍ਹਾਂ ਘਾਹ ਸ਼ੇਰਾਂ ਅਤੇ ਬਾਘਾਂ ਲਈ ਰੇਸ਼ੇ ਦਾ ਕੰਮ ਕਰਦੀ ਹੈ।"

"ਘਾਹ ਫਾਈਬਰ ਦਾ ਇੱਕ ਸਰੋਤ ਹੈ। ਉਹ ਨਿਯਮਿਤ ਤੌਰ 'ਤੇ ਘਾਹ ਨਹੀਂ ਖਾਂਦੇ, ਪਰ ਕਦੇ-ਕਦੇ ਮਾਨਸੂਨ ਦੌਰਾਨ ਇਸ ਨੂੰ ਖਾਂਦੇ ਹਨ।"

ਉਨ੍ਹਾਂ ਦੱਸਿਆ, "ਇਹ ਅੰਤੜੀਆਂ ਦੀ ਪੈਰਿਸਟਾਲਟਿਕ ਗਤੀ ਨੂੰ ਐਕਟਿਵ ਕਰਦੀ ਹੈ ਅਤੇ ਪਾਚਨ ਕਿਰਿਆ ਆਸਾਨ ਹੋ ਜਾਂਦੀ ਹੈ।"

"ਕਦੇ-ਕਦੇ, ਗਲੇ ਵਿੱਚ ਖਾਰਸ਼ ਮਹਿਸੂਸ ਹੋਣ ਜਾਂ ਪੇਟ ਦੀ ਗੜਬੜ ਤੋਂ ਰਾਹਤ ਪਾਉਣ ਲਈ ਵੀ ਉਹ ਘਾਹ ਖਾਂਦੇ ਹਨ ਅਤੇ ਵਾਧੂ ਅਣਪਚਿਆ ਹੋਇਆ ਭੋਜਨ ਉਲਟੀ ਰਾਹੀਂ ਬਾਹਰ ਕੱਢ ਦਿੰਦੇ ਹਨ।"

"ਏਸ਼ੀਆਈ ਸ਼ੇਰ (ਅਤੇ ਹੋਰ ਜੰਗਲੀ ਮਾਸਾਹਾਰੀ) ਵੀ ਕਦੇ-ਕਦੇ ਘਾਹ ਖਾਂਦੇ ਹਨ। ਪਰ ਉਹ ਇਸ ਨੂੰ ਭੋਜਨ ਜਾਂ ਪੋਸ਼ਣ ਲਈ ਨਹੀਂ ਖਾਂਦੇ।"

ਜਾਨਵਰਾਂ ਬਾਰੇ ਮਾਹਰ ਕੀ ਕਹਿੰਦੇ ਹਨ?

ਭਗਤ ਕਵੀ ਨਰਸਿੰਹ ਮਹਿਤਾ ਯੂਨੀਵਰਸਿਟੀ ਵਿੱਚ ਸੈਂਟਰ ਫਾਰ ਐਕਸੀਲੈਂਸਟ ਫਾਰ ਵਾਈਲਡ ਲਾਈਫ ਐਂਡ ਕੰਜਰਵੇਸ਼ਨ ਦੇ ਨਿਰਦੇਸ਼ਕ ਨਿਸ਼ੀਥ ਧਾਰੈਆ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ ਕਿ ਕਿਸੇ ਵੀ ਕਾਰਨੀਵੋਰਸ ਐਨੀਮਲ ਦੇ ਭੋਜਨ ਵਿੱਚ ਮਾਸ ਦੀ ਮਾਤਰਾ ਵੱਧ ਹੁੰਦੀ ਹੈ, ਇਸ ਲਈ ਉਸ ਦੇ ਆਹਾਰ ਵਿੱਚ ਫਾਈਬਰ ਦੀ ਮਾਤਰਾ ਘੱਟ ਹੁੰਦੀ ਹੈ।

"ਇਸ ਲਈ ਕਦੇ-ਕਦੇ ਜਾਨਵਰ ਆਪਣੇ ਸਰੀਰ ਵਿੱਚ ਫਾਈਬਰ ਦੀ ਕਮੀ ਹੋਣ 'ਤੇ ਪੂਰਕ ਆਹਾਰ ਵਜੋਂ ਘਾਹ ਵਰਗੇ ਕਿਸੇ ਵੀ ਕਿਸਮ ਦੇ ਫਾਈਬਰ ਦਾ ਸੇਵਨ ਕਰਦੇ ਹਨ।"

"ਏਸ਼ੀਆਈ ਸ਼ੇਰ, ਬਾਘ, ਲਾਈਗਰ, ਸਾਰੇ ਮਾਸਾਹਾਰੀ ਜਾਨਵਰ ਫਾਈਬਰ ਸਪਲੀਮੈਂਟ ਵਜੋਂ ਘਾਹ ਖਾਂਦੇ ਹਨ।"

"ਸ਼ੇਰ ਇਸ ਮੌਸਮ ਵਿੱਚ ਖ਼ਾਸ ਤੌਰ 'ਤੇ ਵੱਧ ਘਾਹ ਖਾਂਦੇ ਹਨ ਕਿਉਂਕਿ ਉਨ੍ਹਾਂ ਦੇ ਸਰੀਰ ਨੂੰ ਵੱਧ ਫਾਈਬਰ ਦੀ ਲੋੜ ਹੁੰਦੀ ਹੈ, ਜੋ ਉਨ੍ਹਾਂ ਦੀ ਬਦਹਜ਼ਮੀ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ।"

ਨਿਸ਼ੀਥ ਧਾਰੈਆ ਕਹਿੰਦੇ ਹਨ, "ਅਕਸਰ ਸ਼ੇਰ ਬਹੁਤ ਜ਼ਿਆਦਾ ਘਾਹ ਖਾਣ ਕਾਰਨ ਮਤਲੀ ਮਹਿਸੂਸ ਕਰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਉਲਟੀ ਹੋ ਜਾਂਦੀ ਹੈ।"

ਕੀ ਕੁੱਤਾ ਘਾਹ ਖਾ ਸਕਦਾ ਹੈ?

ਇਸ ਗੱਲ ਨੂੰ ਸਪਸ਼ਟ ਕਰਦੇ ਹੋਏ, ਜੰਗਲੀ ਜੀਵਾਂ ਦੇ ਵਿਵਹਾਰ 'ਤੇ ਕੰਮ ਕਰਨ ਵਾਲੇ ਮਾਹਰ ਵਿਵੇਕ ਅਵਸਥੀ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ, "ਸਾਰੇ ਕਾਰਨੀਵੋਰਸ ਐਨੀਮਲਜ਼ (ਉਹ ਜਾਨਵਰ ਜਿਨ੍ਹਾਂ ਨੂੰ ਜਿਊਂਦੇ ਰਹਿਣ ਲਈ ਸਿਰਫ਼ ਅਤੇ ਸਿਰਫ਼ ਮਾਸ ਦੀ ਲੋੜ ਹੁੰਦੀ ਹੈ, ਜਿਵੇਂ ਬਾਘ, ਸ਼ੇਰ) ਘਾਹ ਖਾ ਸਕਦੇ ਹਨ।"

"ਕੁੱਤੇ ਵੀ ਇਸ ਨੂੰ ਇਸ ਲਈ ਖਾ ਸਕਦੇ ਹਨ ਕਿਉਂਕਿ ਇਹ ਘਾਹ ਇਨ੍ਹਾਂ ਜਾਨਵਰਾਂ ਦੇ ਗਲੇ ਵਿੱਚ ਕਾਫ਼ੀ ਅੰਦਰ ਤੱਕ ਚਲੀ ਜਾਂਦੀ ਹੈ।"

"ਇਸੇ ਕਾਰਨ ਉਨ੍ਹਾਂ ਨੂੰ ਬੇਚੈਨੀ ਹੁੰਦੀ ਹੈ ਅਤੇ ਉਹ ਉਲਟੀ ਕਰ ਦਿੰਦੇ ਹਨ। ਇਸ ਲਈ ਸ਼ੇਰ ਅਤੇ ਬਾਘ ਘਾਹ ਸਿਰਫ਼ ਉਦੋਂ ਹੀ ਖਾਂਦੇ ਹਨ ਜਦੋਂ ਉਨ੍ਹਾਂ ਦਾ ਪੇਟ ਖਰਾਬ ਹੋਵੇ ਜਾਂ ਉਨ੍ਹਾਂ ਨੂੰ ਬਦਹਜ਼ਮੀ ਹੋਵੇ, ਅਜਿਹਾ ਨਹੀਂ ਹੈ। ਸ਼ੇਰ ਉਲਟੀ ਕਰਨ ਲਈ ਵੀ ਘਾਹ ਖਾਂਦੇ ਹਨ।"

"ਉਨ੍ਹਾਂ ਦੇ ਪੇਟ ਵਿੱਚ ਜੋ ਵੀ ਅਣਪਚਿਆ ਜਾਂ ਵਿਗੜਿਆਂ ਹੋਇਆ ਖਾਣਾ ਹੁੰਦਾ ਹੈ, ਉਹ ਬਾਹਰ ਨਿੱਕਲ ਜਾਂਦਾ ਹੈ।"

ਜੰਗਲੀ ਜੀਵ ਪ੍ਰੇਮੀ ਨਿਮੇਸ਼ ਨੰਦੋਲੀਆ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ, "ਜਦੋਂ ਕੋਈ ਮਾਸਾਹਾਰੀ ਜਾਨਵਰ ਸ਼ਿਕਾਰ ਕਰਦਾ ਹੈ ਅਤੇ ਮਾਸ ਖਾਂਦਾ ਹੈ, ਤਾਂ ਸ਼ਿਕਾਰ ਦੇ ਸਰੀਰ ਉੱਤੇ ਮੌਜੂਦ ਚਮੜੀ ਅਤੇ ਵਾਲ ਵੀ ਨਿਗਲ ਜਾਂਦਾ ਹੈ।"

"ਸ਼ਾਕਾਹਾਰੀ ਜਾਨਵਰਾਂ ਦੇ ਵੀ ਖੁਰ ਹੁੰਦੇ ਹਨ। ਇਸ ਲਈ ਇਹ ਜਾਨਵਰ ਇਨ੍ਹਾਂ ਨੂੰ ਪਚਾਉਣ ਵਿੱਚ ਮਦਦ ਲਈ ਘਾਹ ਖਾਂਦੇ ਹਨ।"

"ਘਾਹ ਵਿੱਚ ਮੌਜੂਦ ਫਾਈਬਰ ਪਾਚਨ ਵਿੱਚ ਮਦਦ ਕਰਦਾ ਹੈ, ਠੀਕ ਉਸੇ ਤਰ੍ਹਾਂ ਜਿਵੇਂ ਮਨੁੱਖ ਵੀ ਰੇਸ਼ੇਦਾਰ ਸਬਜ਼ੀਆਂ ਖਾਣ ਨਾਲ ਲਾਭ ਪ੍ਰਾਪਤ ਕਰਦੇ ਹਨ।"

ਸ਼ੇਰਾਂ ਬਾਰੇ ਜਾਣਕਾਰੀ ਰੱਖਣ ਵਾਲੇ ਬਚਾਅ ਕਰਮੀ ਧਰਮੇਂਦਰ ਤ੍ਰਿਵੇਦੀ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ ਕਿ ਮਾਸਾਹਾਰੀ ਜਾਨਵਰ ਅਕਸਰ ਚਿੱਕੜ ਵਾਲੀ ਘਾਹ ਖਾਂਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਸ਼ੇਰਾਂ ਨੂੰ ਇਸ ਤੋਂ ਨਮਕ ਮਿਲਦਾ ਹੈ, ਇਸ ਲਈ ਸ਼ੇਰ ਫਾਈਬਰ ਅਤੇ ਨਮਕ ਪ੍ਰਾਪਤ ਕਰਨ ਲਈ ਘਾਹ ਖਾਂਦੇ ਹਨ।

"ਦਰਅਸਲ, ਘਾਹ ਸ਼ੇਰ ਦੀਆਂ ਅੰਤੜੀਆਂ ਵਿੱਚੋਂ ਪਰਜੀਵੀ ਅਤੇ ਕੀੜੇ ਬਾਹਰ ਕੱਢ ਦਿੰਦੀ ਹੈ ਅਤੇ ਉਸ ਦਾ ਪੇਟ ਸਾਫ਼ ਕਰਦੀ ਹੈ। ਇਸ ਲਈ, ਸ਼ੇਰ ਦਾ ਘਾਹ ਖਾਣਾ ਭੁੱਖ ਕਾਰਨ ਨਹੀਂ, ਸਗੋਂ ਆਪਣੇ ਪਾਚਨ ਤੰਤਰ ਨੂੰ ਸਾਫ਼ ਅਤੇ ਤੰਦਰੁਸਤ ਰੱਖਣ ਦੀ ਇੱਕ ਕੁਦਰਤੀ ਲੋੜ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)