ਉਨ੍ਹਾਂ ਨੂੰ ਇੱਕ-ਦੂਜੇ ਨਾਲ ਪਿਆਰ ਹੋ ਗਿਆ, ਫਿਰ ਇਹ ਪਤਾ ਕਰਨ ਲਈ ਕਾਨੂੰਨ ਤੋੜਿਆ ਕਿ ਕਿਤੇ ਉਹ ਭੈਣ-ਭਰਾ ਤਾਂ ਨਹੀਂ, ਕਿਵੇਂ ਸੁਲਝੀ ਗੁੱਥੀ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 8 ਮਿੰਟ

"ਸਮੱਸਿਆ ਇਹ ਸੀ ਕਿ ਜਦੋਂ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਤੁਹਾਡਾ ਡੋਨਰ ਕੌਣ ਹੈ, ਤਾਂ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਉਹ ਕੋਈ ਵੀ ਹੋ ਸਕਦਾ ਹੈ।"

ਆਰਥਰ ਕੇਰਮਾਲਵੇਜ਼ਨ ਦਾ ਜਨਮ ਡੋਨਰ ਦੇ ਸਪਰਮ ਦੀ ਮਦਦ ਨਾਲ ਹੋਇਆ ਸੀ ਅਤੇ ਕਈ ਸਾਲਾਂ ਤੱਕ ਉਹ ਪੈਰਿਸ ਵਿੱਚ ਜਿੱਥੇ ਵੀ ਜਾਂਦੇ ਸਨ, ਉੱਥੇ ਆਪਣੇ ਸੰਭਾਵੀ ਪਿਤਾ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਰਹਿੰਦੇ ਸਨ।

ਉਹ ਕਹਿੰਦੇ ਹਨ, "ਮੈਂ ਸੋਚਦਾ ਸੀ ਕਿ ਸ਼ਾਇਦ ਉਹ ਮੇਰਾ ਕੋਈ ਅਧਿਆਪਕ ਹੋਵੇ, ਜਾਂ ਬੱਸ ਵਿੱਚ ਦਿੱਸਣ ਵਾਲਾ ਕੋਈ ਵਿਅਕਤੀ... ਅਤੇ ਮੈਂ ਬਹੁਤ ਗੁੱਸੇ ਵਿੱਚ ਰਹਿੰਦਾ ਸੀ ਕਿਉਂਕਿ ਇਸ ਤਰ੍ਹਾਂ ਜ਼ਿੰਦਗੀ ਨਹੀਂ ਗੁਜ਼ਾਰੀ ਜਾ ਸਕਦੀ।"

ਜਦੋਂ ਵੱਡਾ ਹੋਣ 'ਤੇ ਉਨ੍ਹਾਂ ਨੂੰ ਪੈਰਿਸ ਦੀ ਆਡਰੀ ਨਾਲ ਪਿਆਰ ਹੋ ਗਿਆ, ਤਾਂ ਇਹ ਸਵਾਲ ਹੋਰ ਵੀ ਅਹਿਮ ਹੋ ਗਿਆ, ਕਿਉਂਕਿ ਆਡਰੀ ਦਾ ਜਨਮ ਵੀ ਇੱਕ ਡੋਨਰ ਦੇ ਸਪਰਮ ਦੀ ਮਦਦ ਨਾਲ ਹੋਇਆ ਸੀ।

ਆਡਰੀ, ਆਪਣੇ ਮਿਲਣ ਨੂੰ "ਪਹਿਲੀ ਨਜ਼ਰ ਦਾ ਪਿਆਰ" ਕਹਿੰਦੇ ਹਨ। ਪਰ ਕੀ ਇਹ ਖਿੱਚ ਰੋਮਾਂਟਿਕ ਸੀ ਜਾਂ ਜੈਨੇਟਿਕ?

ਜਦੋਂ ਉਨ੍ਹਾਂ ਦਾ ਜਨਮ ਹੋਇਆ ਸੀ, ਉਸ ਵੇਲੇ ਪੈਰਿਸ ਵਿੱਚ ਸਿਰਫ਼ ਦੋ ਸਪਰਮ ਬੈਂਕ ਸਨ ਅਤੇ ਕਈ ਮਰਦਾਂ ਨੇ ਕਈ ਵਾਰ ਡੋਨੇਸ਼ਨ ਦਿੱਤੀ ਹੋਈ ਸੀ। ਇਸ ਲਈ ਇਹ ਪੂਰੀ ਤਰ੍ਹਾਂ ਸੰਭਵ ਸੀ ਕਿ ਉਹ ਮਰਤਰੇਏ ਭੈਣ-ਭਰਾ ਹੋ ਸਕਦੇ ਸਨ।

ਇਕੱਠੇ ਜ਼ਿੰਦਗੀ ਸ਼ੁਰੂ ਕਰਨ ਤੋਂ ਪਹਿਲਾਂ ਆਡਰੀ ਅਤੇ ਆਰਥਰ ਲਈ ਇਹ ਜਾਣਨਾ ਜ਼ਰੂਰੀ ਸੀ ਕਿ ਕੀ ਉਨ੍ਹਾਂ ਵਿਚਕਾਰ ਖੂਨ ਦਾ ਰਿਸ਼ਤਾ ਤਾਂ ਨਹੀਂ ਹੈ। ਪਰ ਫਰਾਂਸ ਦੇ ਜੈਨੇਟਿਕ ਟੈਸਟਿੰਗ ਅਤੇ ਡੋਨਰ ਦੀ ਗੁਪਤਤਾ ਨਾਲ ਜੁੜੇ ਕਾਨੂੰਨਾਂ ਨੇ ਇਸ ਦਾ ਜਵਾਬ ਲੱਭਣਾ ਬਹੁਤ ਮੁਸ਼ਕਿਲ ਬਣਾ ਦਿੱਤਾ।

ਫਰਾਂਸ 'ਚ ਆਪਣੇ ਪੱਧਰ 'ਤੇ ਡੀਐਨਏ ਟੈਸਟ ਕਰਨਾ ਇੱਕ ਅਪਰਾਧ ਹੈ

ਫਰਾਂਸ ਵਿੱਚ ਸਿਰਫ਼ ਕੋਈ ਖੋਜਕਰਤਾ, ਡਾਕਟਰ ਜਾਂ ਜੱਜ ਹੀ ਜੈਨੇਟਿਕ ਟੈਸਟ ਦਾ ਹੁਕਮ ਦੇ ਸਕਦਾ ਹੈ ਅਤੇ ਉਸ ਦੀ ਨਿਗਰਾਨੀ ਕਰ ਸਕਦਾ ਹੈ।

ਘਰ ਵਿੱਚ ਵਰਤੀ ਜਾਣ ਵਾਲੀ ਡੀਐਨਏ ਟੈਸਟ ਕਿਟ ਰੱਖਣ 'ਤੇ ਲੋਕਾਂ ਨੂੰ €3,500 (3,500 ਯੂਰੋ, ਲਗਭਗ 3 ਲੱਖ 83 ਹਜ਼ਾਰ ਭਾਰਤੀ ਰੁਪਏ) ਤੋਂ ਵੱਧ ਦਾ ਜੁਰਮਾਨਾ ਹੋ ਸਕਦਾ ਹੈ।

ਇਸੇ ਕਾਰਨ 23ਐਂਡਮੀ, ਐਨਸੇਸਟਰੀ ਅਤੇ ਮਾਇ ਹੈਰੀਟੇਜ ਵਰਗੀਆਂ ਕੰਪਨੀਆਂ ਆਪਣੀਆਂ ਟੈਸਟ ਕਿਟਾਂ ਫਰਾਂਸ ਵਿੱਚ ਉਪਲੱਭਧ ਨਹੀਂ ਕਰਵਾਉਂਦੀਆਂ।

1994 ਤੋਂ ਲਾਗੂ ਇਸ ਕਾਨੂੰਨ ਦੇ ਹਮਾਇਤੀ ਕਹਿੰਦੇ ਹਨ ਕਿ ਇਸ ਨਾਲ ਸੰਵੇਦਨਸ਼ੀਲ ਜੈਨੇਟਿਕ ਜਾਣਕਾਰੀ ਵਪਾਰਕ ਕੰਪਨੀਆਂ ਦੇ ਹੱਥਾਂ ਵਿੱਚ ਜਾਣ ਤੋਂ ਰੋਕੀ ਜਾਂਦੀ ਹੈ ਅਤੇ ਅਚਾਨਕ ਸਾਹਮਣੇ ਆਉਣ ਵਾਲੇ ਨਤੀਜਿਆਂ ਕਾਰਨ ਪਰਿਵਾਰਕ ਝਗੜਿਆਂ ਤੋਂ ਵੀ ਬਚਾਅ ਹੁੰਦਾ ਹੈ।

ਪਰ ਆਰਥਰ ਦਾ ਕਹਿਣਾ ਹੈ ਕਿ ਫਰਾਂਸ ਯੂਰਪ ਦਾ ਇਕਲੌਤਾ ਦੇਸ਼ ਹੈ, ਜਿੱਥੇ ਅਜਿਹੇ ਟੈਸਟਾਂ ਦੀ ਵਰਤੋਂ ਨੂੰ ਅਪਰਾਧ ਬਣਾਇਆ ਗਿਆ ਹੈ।

ਇਸ ਤਰ੍ਹਾਂ ਹੋਈ ਮੁਲਾਕਾਤ

ਆਡਰੀ ਅਤੇ ਆਰਥਰ ਦੋਵੇਂ ਹੀ ਆਪਣੇ ਜਨਮ ਬਾਰੇ ਜਾਣਨ ਦੇ ਅਧਿਕਾਰ ਲਈ ਮੁਹਿੰਮ ਚਲਾਉਂਦੇ ਰਹੇ ਹਨ।

ਆਡਰੀ ਦੇ ਮਾਤਾ-ਪਿਤਾ ਨੇ ਜਦੋਂ ਉਨ੍ਹਾਂ ਨੂੰ ਬਾਲਗ ਹੋਣ ਤੋਂ ਬਾਅਦ ਦੱਸਿਆ ਕਿ ਉਨ੍ਹਾਂ ਦਾ ਜਨਮ ਡੋਨਰ ਦੀ ਮਦਦ ਨਾਲ ਹੋਇਆ ਸੀ, ਉਸ ਤੋਂ ਪਹਿਲਾਂ ਹੀ ਉਹ ਬਾਇਓਏਥਿਕਸ ਕਾਨੂੰਨ ਵਿੱਚ ਮਾਹਿਰ ਵਕੀਲ ਬਣ ਚੁੱਕੇ ਸਨ।

ਇਸ ਲਈ ਉਹ ਪੂਰੀ ਤਰ੍ਹਾਂ ਜਾਣਦੇ ਸਨ ਕਿ 30 ਸਾਲ ਤੋਂ ਵੱਧ ਸਮੇਂ ਤੱਕ ਫਰਾਂਸੀਸੀ ਕਾਨੂੰਨ ਡੋਨਰ ਦੀ ਪਛਾਣ ਨੂੰ ਗੁਪਤ ਰੱਖਦਾ ਆਇਆ ਹੈ, ਇੱਥੋਂ ਤੱਕ ਕਿ ਡੋਨਰ ਦੀ ਮੌਤ ਤੋਂ ਬਾਅਦ ਵੀ।

ਹਾਲਾਂਕਿ ਆਡਰੀ ਦਾ ਜਨਮ 1979 ਵਿੱਚ ਹੋਇਆ ਸੀ, ਜਦੋਂ ਅਜਿਹਾ ਕੋਈ ਕਾਨੂੰਨ ਮੌਜੂਦ ਨਹੀਂ ਸੀ।

1994 ਤੋਂ ਪਹਿਲਾਂ ਜਨਮੇ ਹੋਰ ਡੋਨਰ-ਕੰਸੀਵਡ ਲੋਕਾਂ ਦੀ ਭਾਲ ਕਰਦਿਆਂ ਉਨ੍ਹਾਂ ਦੀ ਮੁਲਾਕਾਤ ਆਰਥਰ ਨਾਲ ਹੋਈ।

ਆਰਥਰ ਇੱਕ ਕਿਤਾਬ ਲਿਖ ਚੁੱਕੇ ਸਨ, ਜਿਸ ਵਿੱਚ ਉਨ੍ਹਾਂ ਨੇ ਆਪਣੇ ਜੈਵਿਕ ਮੂਲ ਬਾਰੇ ਜਾਣਨ ਦੀ ਇੱਛਾ ਦਾ ਵਰਣਨ ਕੀਤਾ ਸੀ।

ਆਡਰੀ ਕਹਿੰਦੇ ਹਨ ਕਿ ਉਹ ਇਸ ਗੱਲ ਤੋਂ ਪ੍ਰਭਾਵਿਤ ਹੋਏ ਕਿ ਆਰਥਰ ਨੇ ਉਨ੍ਹਾਂ ਭਾਵਨਾਵਾਂ ਨੂੰ ਕਿੰਨੀ ਸਹੀ ਤਰ੍ਹਾਂ ਬਿਆਨ ਕੀਤਾ ਸੀ, ਜਿਨ੍ਹਾਂ ਨੂੰ ਉਹ ਖੁਦ ਸ਼ਬਦ ਨਹੀਂ ਦੇ ਸਕਦੇ ਸਨ।

ਦੋਵਾਂ ਦੇ ਬਹੁਤ ਪਿਆਰੇ ਪਰਿਵਾਰ ਸਨ, ਫਿਰ ਵੀ ਦੋਵੇਂ ਉਨ੍ਹਾਂ ਅਣਜਾਣ ਲੋਕਾਂ ਬਾਰੇ ਸੋਚਦੇ ਰਹਿੰਦੇ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਦੁਨੀਆ ਵਿੱਚ ਲਿਆਉਣ ਵਿੱਚ ਭੂਮਿਕਾ ਨਿਭਾਈ ਸੀ।

ਜਦੋਂ ਉਹ ਪਹਿਲੀ ਵਾਰ ਮਿਲੇ, ਤਾਂ ਇੱਕ-ਦੂਜੇ ਪ੍ਰਤੀ ਖਿੱਚ ਤੁਰੰਤ ਮਹਿਸੂਸ ਹੋਈ। ਪਰ ਸਮੱਸਿਆ ਵੀ ਤੁਰੰਤ ਸਾਹਮਣੇ ਆ ਗਈ।

ਦੋਵੇਂ ਆਪਣੇ ਡੋਨਰ ਪਿਤਾ ਬਾਰੇ ਜਾਣਨਾ ਚਾਹੁੰਦੇ ਸਨ, ਪਰ ਕੋਈ ਅਧਿਕਾਰੀ ਉਨ੍ਹਾਂ ਨੂੰ ਇਹ ਜਾਣਕਾਰੀ ਦੇਣ ਲਈ ਤਿਆਰ ਨਹੀਂ ਸੀ।

ਸੱਚ ਦੀ ਭਾਲ

ਮਹੀਨਿਆਂ ਦੀ ਭਾਲ ਤੋਂ ਬਾਅਦ ਉਨ੍ਹਾਂ ਨੂੰ ਦੱਖਣੀ ਫਰਾਂਸ ਵਿੱਚ ਇੱਕ ਡਾਕਟਰ ਮਿਲਿਆ ਜਿਸ ਨੇ 900 ਯੂਰੋ ਨਕਦ ਲੈਕੇ ਇੱਕ ਜੈਨੇਟਿਕ ਟੈਸਟ ਕੀਤਾ।

ਟੈਸਟ ਵਿੱਚ ਸਾਹਮਣੇ ਆਇਆ ਕਿ ਉਨ੍ਹਾਂ ਦੋਵਾਂ ਦਾ ਆਪਸ ਵਿੱਚ ਕੋਈ ਰਿਸ਼ਤਾ ਨਹੀਂ ਸੀ। ਪਰ ਫਿਰ ਵੀ ਉਨ੍ਹਾਂ ਨੂੰ ਯਕੀਨ ਨਹੀਂ ਹੋਇਆ।

ਆਡਰੀ ਕਹਿੰਦੇ ਹਨ, "ਸਾਨੂੰ ਡਰ ਸੀ ਕਿ ਕਿਤੇ ਉਹ ਧੋਖੇਬਾਜ਼ ਨਾ ਹੋਵੇ।"

ਉਨ੍ਹਾਂ ਨੇ ਨਤੀਜੇ ਦੀ ਪੁਸ਼ਟੀ ਲਈ ਘਰੇਲੂ ਡੀਐਨਏ ਟੈਸਟ ਕਿਟ ਵਰਤਣ 'ਤੇ ਵੀ ਵਿਚਾਰ ਕੀਤਾ, ਪਰ ਵਕੀਲ ਹੋਣ ਦੇ ਨਾਤੇ ਆਡਰੀ ਕਾਨੂੰਨ ਦੇ ਅੰਦਰ ਰਹਿ ਕੇ ਹੀ ਕੰਮ ਕਰਨਾ ਚਾਹੁੰਦੇ ਸਨ।

ਇਸ ਲਈ, 2010 ਤੋਂ ਉਨ੍ਹਾਂ ਨੇ ਫਰਾਂਸੀਸੀ ਪ੍ਰਣਾਲੀ ਖ਼ਿਲਾਫ਼ ਕਈ ਕਾਨੂੰਨੀ ਚੁਣੌਤੀਆਂ ਦਿੱਤੀਆਂ।

ਉਹ ਜਾਣਨਾ ਚਾਹੁੰਦੇ ਸਨ ਕਿ ਕੀ ਉਨ੍ਹਾਂ ਦਾ ਡੋਨਰ ਜਿਉਂਦਾ ਹੈ ਅਤੇ ਜੇ ਹੈ ਤਾਂ ਕੀ ਉਹ ਅਜੇ ਵੀ ਗੁਪਤ ਰਹਿਣਾ ਚਾਹੁੰਦਾ ਹੈ।

ਕੀ ਉਨ੍ਹਾਂ ਨੂੰ ਇਹ ਜਾਣਕਾਰੀ ਮਿਲ ਸਕਦੀ ਹੈ ਕਿ ਡੋਨਰ ਨੇ ਕਿੰਨੀ ਵਾਰ ਸਪਰਮ ਡੋਨੇਟ ਕੀਤਾ ਸੀ ਅਤੇ ਕੀ ਆਰਥਰ ਉਨ੍ਹਾਂ ਦਾ ਮਤਰੇਆ ਭਰਾ ਹੋ ਸਕਦਾ ਹੈ?

ਪਰ ਉਨ੍ਹਾਂ ਦੀ ਹਰ ਕੋਸ਼ਿਸ਼ ਨਾਕਾਮ ਰਹੀ।

ਸਾਲ 2015 ਵਿੱਚ ਫਰਾਂਸ ਦੀ ਸਭ ਤੋਂ ਉੱਚੀ ਪ੍ਰਸ਼ਾਸਕੀ ਅਦਾਲਤ ਨੇ ਉਨ੍ਹਾਂ ਦੀ ਆਖ਼ਰੀ ਅਪੀਲ ਵੀ ਰੱਦ ਕਰ ਦਿੱਤੀ।

ਸਾਲ 2013 ਵਿੱਚ ਦੋਵਾਂ ਨੇ ਭਰੋਸੇ ਦੇ ਆਧਾਰ 'ਤੇ ਵਿਆਹ ਕਰ ਲਿਆ।

ਉਨ੍ਹਾਂ ਦੇ ਪਹਿਲੇ ਬੱਚੇ ਦੇ ਜਨਮ ਤੋਂ ਕੁਝ ਸਮੇਂ ਪਹਿਲਾਂ ਇੱਕ ਡਾਕਟਰ ਉਨ੍ਹਾਂ ਦੇ ਡੋਨਰਾਂ ਬਾਰੇ ਉਪਲੱਬਧ ਜਾਣਕਾਰੀ ਦੀ ਜਾਂਚ ਕਰਨ ਲਈ ਤਿਆਰ ਹੋ ਗਿਆ।

ਫਰਾਂਸੀਸੀ ਕਾਨੂੰਨ ਅਨੁਸਾਰ ਡਾਕਟਰ ਨੂੰ ਆਪਣੇ ਮਰੀਜ਼ਾਂ ਬਾਰੇ ਅਜਿਹੀ ਜਾਣਕਾਰੀ ਤੱਕ ਪੂਰੀ ਪਹੁੰਚ ਹੁੰਦੀ ਹੈ, ਪਰ ਉਹ ਮਰੀਜ਼ਾਂ ਨਾਲ ਇਸ ਨੂੰ ਸਾਂਝਾ ਨਹੀਂ ਕਰ ਸਕਦੇ।

ਡਾਕਟਰ ਨੇ ਪਤਾ ਲਗਾਇਆ ਕਿ ਉਨ੍ਹਾਂ ਦੇ ਡੋਨਰ ਵੱਖ-ਵੱਖ ਸਾਲਾਂ ਵਿੱਚ ਜਨਮੇ ਸਨ ਅਤੇ ਇਸ ਲਈ ਉਹ ਇੱਕੋ ਵਿਅਕਤੀ ਨਹੀਂ ਹੋ ਸਕਦੇ ਸਨ।

ਇਹ ਉਨ੍ਹਾਂ ਦੀ ਜ਼ਿੰਦਗੀ ਬਦਲ ਦੇਣ ਵਾਲੀ ਜਾਣਕਾਰੀ ਸੀ, ਪਰ ਇਹ ਸਿਰਫ਼ ਇਸ ਲਈ ਮਿਲੀ ਕਿਉਂਕਿ ਇੱਕ ਡਾਕਟਰ ਨੇ ਨਿਯਮ ਤੋੜਣ ਦਾ ਫ਼ੈਸਲਾ ਕੀਤਾ।

ਆਡਰੀ ਕਹਿੰਦੇ ਹਨ, "ਇਹ ਬਹੁਤ ਅਜੀਬ ਹੈ, ਕਿਉਂਕਿ ਇਸ ਦਾ ਮਤਲਬ ਹੈ ਕਿ ਡਾਕਟਰ ਮੇਰੇ ਬਾਰੇ ਮੇਰੇ ਨਾਲੋਂ ਵੀ ਜ਼ਿਆਦਾ ਜਾਣ ਸਕਦਾ ਹੈ।"

ਇਸ ਜਾਣਕਾਰੀ ਤੋਂ ਬਾਅਦ ਵੀ ਆਰਥਰ ਨੂੰ ਡਰ ਸੀ ਕਿ ਕਿਤੇ ਉਹ ਕਜ਼ਨ ਜਾਂ ਕਿਸੇ ਹੋਰ ਤਰੀਕੇ ਨਾਲ ਰਿਸ਼ਤੇਦਾਰ ਨਾ ਹੋਣ।

ਆਖ਼ਿਰਕਾਰ, ਕਈ ਸਾਲਾਂ ਬਾਅਦ ਉਨ੍ਹਾਂ ਨੇ ਘਰੇਲੂ ਡੀਐਨਏ ਟੈਸਟ ਕਰਵਾਇਆ।

ਮੁਹਿੰਮ ਚਲਾਉਣ ਵਾਲਿਆਂ ਦਾ ਕਹਿਣਾ ਹੈ ਕਿ ਪਾਬੰਦੀ ਦੇ ਬਾਵਜੂਦ ਫਰਾਂਸ ਵਿੱਚ ਲੱਖਾਂ ਲੋਕ ਅਜਿਹੇ ਟੈਸਟ ਕਰਵਾ ਚੁੱਕੇ ਹਨ।

ਖੈਰ, ਟੈਸਟ ਦੇ ਨਤੀਜੇ ਨੇ ਦੱਸਿਆ ਕਿ ਉਨ੍ਹਾਂ ਦਾ ਆਪਸ ਵਿੱਚ ਕੋਈ ਰਿਸ਼ਤਾ ਨਹੀਂ ਸੀ।

ਆਪਣੇ-ਆਪਣੇ ਪਿਤਾ ਦੀ ਭਾਲ

ਡੀਐਨਏ ਟੈਸਟ ਦੇ ਨਤੀਜਿਆਂ ਨੇ ਜਲਦ ਹੀ ਨਵੀਆਂ ਸੰਭਾਵਨਾਵਾਂ ਖੋਲ੍ਹ ਦਿੱਤੀਆਂ।

30 ਸਾਲ ਤੱਕ ਆਪਣੇ ਪਿਤਾ ਬਾਰੇ ਕਲਪਨਾਵਾਂ ਕਰਨ ਤੋਂ ਬਾਅਦ ਆਰਥਰ ਆਖ਼ਿਰਕਾਰ 2017 ਦੀ ਕ੍ਰਿਸਮਿਸ ਦੇ ਦਿਨ ਆਪਣੇ ਸਪਰਮ ਡੋਨਰ ਨਾਲ ਸੰਪਰਕ ਕਰਨ ਵਿੱਚ ਕਾਮਯਾਬ ਹੋ ਗਏ।

ਪਰ ਆਡਰੀ ਲਈ ਇਸ ਤੋਂ ਵੀ ਵੱਡਾ ਖੁਲਾਸਾ ਹੋਣ ਵਾਲਾ ਸੀ, ਜਿਸ ਨੇ ਉਨ੍ਹਾਂ ਨੂੰ ਹੈਰਾਨ ਹੀ ਕਰ ਦਿੱਤਾ ਸੀ।

ਉਨ੍ਹਾਂ ਦੇ ਡੀਐਨਏ ਮੈਚਾਂ ਵਿੱਚ ਸੋਫੀ ਨਾਂ ਦੀ ਇੱਕ ਮਹਿਲਾ ਸੀ, ਜਿਸ ਦੀ ਉਹ ਅਦਾਲਤ ਵਿੱਚ ਨੁਮਾਇੰਦਗੀ ਵੀ ਕਰ ਚੁੱਕੇ ਸਨ।

ਦੋਵੇਂ ਮਹਿਲਾਵਾਂ ਇੱਕੋ-ਜਿਹੇ ਕਾਨੂੰਨੀ ਅਧਿਕਾਰਾਂ ਲਈ ਲੜ ਰਹੀਆਂ ਸਨ।

ਆਡਰੀ ਕਹਿੰਦੇ ਹਨ, "ਮੈਨੂੰ ਪਤਾ ਲੱਗਿਆ ਕਿ ਸੋਫੀ, ਜਿਸ ਦਾ ਕੇਸ ਮੈਂ ਅਦਾਲਤ ਵਿੱਚ ਲੜਿਆ ਸੀ, ਮੇਰੀ ਬਾਇਓਲਾਜਿਕਲ ਭੈਣ ਹੈ।"

ਆਡਰੀ ਅਤੇ ਆਰਥਰ ਨੇ ਇਹ ਡੀਐਨਏ ਟੈਸਟ ਆਪਣੇ ਵਰਗੇ ਹੋਰ ਅੱਠ ਮੁਹਿੰਮ ਕਰਨ ਵਾਲੇ ਲੋਕਾਂ ਨਾਲ ਮਿਲ ਕੇ ਕਰਵਾਇਆ ਸੀ।

ਕੁੱਲ 10 ਲੋਕਾਂ ਵਿੱਚੋਂ ਚਾਰ ਦਾ ਡੋਨਰ ਇੱਕੋ ਹੀ ਨਿੱਕਲਿਆ- ਆਡਰੀ, ਉਨ੍ਹਾਂ ਦਾ ਭਰਾ ਪੀਟਰ, ਸੋਫੀ ਅਤੇ ਸੋਫੀ ਦਾ ਭਰਾ ਡੇਵਿਡ।

ਇਸ ਨਾਲ ਇਹ ਸਪਸ਼ਟ ਹੋ ਗਿਆ ਕਿ ਇੱਕੋ ਡੋਨਰ ਨਾਲ ਜੁੜੇ ਹੋਣ ਦਾ ਖ਼ਤਰਾ ਵਾਕਈ ਮੌਜੂਦ ਸੀ।

ਇੱਕ ਅਣਮੁੱਲਾ ਤੋਹਫ਼ਾ

ਕਈ ਸਾਲਾਂ ਬਾਅਦ ਇੱਕ ਅਮਰੀਕੀ ਨਾਲ ਜੈਨੇਟਿਕ ਮੈਚ ਹੋਣ ਤੋਂ ਬਾਅਦ ਆਡਰੀ ਆਪਣੇ ਡੋਨਰ, ਫਿਲਿਪ ਨਾਂ ਦੇ ਇੱਕ ਵਿਅਕਤੀ, ਤੱਕ ਪਹੁੰਚ ਗਏ।

ਪਰ ਉਸ ਵੇਲੇ ਤੱਕ ਉਸ ਦੀ ਮੌਤ ਹੋ ਚੁੱਕੀ ਸੀ।

ਆਡਰੀ ਦੀ ਮਾਂ ਨੇ ਫਿਲਿਪ ਦੇ ਪਰਿਵਾਰ ਨੂੰ ਇੱਕ ਚਿੱਠੀ ਲਿਖੀ, ਜਿਸ ਵਿੱਚ ਉਨ੍ਹਾਂ ਨੇ ਉਸ ਦੇ "ਤੋਹਫ਼ੇ" ਲਈ ਧੰਨਵਾਦ ਕੀਤਾ ਅਤੇ ਇਸ ਨੂੰ "ਅਣਮੁੱਲਾ" ਕਰਾਰ ਦਿੱਤਾ।

ਫਿਲਿਪ ਦੇ ਪਰਿਵਾਰ ਨੇ ਆਡਰੀ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ।

ਆਡਰੀ ਯਾਦ ਕਰਦੇ ਹਨ, "ਹਰ ਕਿਸੇ ਦੀਆਂ ਅੱਖਾਂ ਵਿੱਚ ਹੰਝੂ ਸਨ।"

ਫਿਲਿਪ ਦੀ ਭੈਣ ਨੂੰ ਕਦੇ ਪਤਾ ਹੀ ਨਹੀਂ ਸੀ ਕਿ ਉਹ ਡੋਨਰ ਸੀ।

ਇਸ ਖੋਜ ਨੇ ਆਡਰੀ ਨੂੰ ਉਹ ਜਵਾਬ ਦਿੱਤੇ, ਜਿਨ੍ਹਾਂ ਦੀ ਉਹ ਦਹਾਕਿਆਂ ਤੋਂ ਭਾਲ ਕਰ ਰਹੇ ਸਨ।

ਉਨ੍ਹਾਂ ਨੇ ਆਪਣੇ ਬਾਇਓਲਾਜਿਕਲ ਪਰਿਵਾਰ ਦੀ ਮੈਡੀਕਲ ਹਿਸਟਰੀ ਬਾਰੇ ਜਾਣਿਆ।

ਉਨ੍ਹਾਂ ਨੇ ਫਿਲਿਪ ਦੀਆਂ ਤਸਵੀਰਾਂ ਅਤੇ ਪੁਰਾਣੇ ਵੀਡੀਓਜ ਦੇਖੇ।

ਉਹ ਕਹਿੰਦੇ ਹਨ, "ਮੈਂ ਉਨ੍ਹਾਂ ਨੂੰ ਦੇਖ ਸਕਦੀ ਹਾਂ, ਸਮਝ ਸਕਦੀ ਹਾਂ ਕਿ ਉਹ ਕਿਵੇਂ ਤੁਰਦੇ ਸਨ ਅਤੇ ਉਨ੍ਹਾਂ ਦੀ ਆਵਾਜ਼ ਸੁਣ ਸਕਦੀ ਹਾਂ।"

ਆਡਰੀ ਦੀ ਕਾਨੂੰਨੀ ਮੁਹਿੰਮ ਅਤੇ ਆਰਥਰ ਦੀ ਕਿਤਾਬ ਨੇ ਮਿਲ ਕੇ ਫਰਾਂਸ ਦੇ ਡੋਨਰ-ਕੰਸੀਪਸ਼ਨ ਕਾਨੂੰਨਾਂ ਵਿੱਚ ਤਬਦੀਲੀਆਂ ਲਿਆਉਣ ਵਿੱਚ ਮਦਦ ਕੀਤੀ।

ਇਨ੍ਹਾਂ ਤਬਦੀਲੀਆਂ ਤਹਿਤ ਅਪ੍ਰੈਲ 2025 ਤੋਂ ਬਾਅਦ ਡੋਨਰ ਦੀ ਮਦਦ ਨਾਲ ਜਨਮੇ ਲੋਕ ਬਾਲਗ ਹੋਣ 'ਤੇ ਆਪਣੇ ਡੋਨਰ ਦੀ ਪਛਾਣ ਨਾਲ ਜੁੜੀ ਜਾਣਕਾਰੀ ਪ੍ਰਾਪਤ ਕਰ ਸਕਣਗੇ।

ਫਿਲਹਾਲ, ਫਰਾਂਸ ਯੂਰਪ ਦੇ ਉਨ੍ਹਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਘਰ ਵਿੱਚ ਡੀਐਨਏ ਟੈਸਟ ਕਰਨ ਦੀ ਅਜੇ ਵੀ ਮਨਾਹੀ ਹੈ। ਅਤੇ ਆਡਰੀ ਲਈ ਇਸ ਦਾ ਮਤਲਬ ਹੈ ਕਿ ਉਨ੍ਹਾਂ ਦੀ ਵੱਡੀ ਲੜਾਈ ਅਜੇ ਵੀ ਜਾਰੀ ਹੈ।

ਉਹ ਕਹਿੰਦੇ ਹਨ, "ਹਰ ਵਿਅਕਤੀ ਨੂੰ ਆਪਣੇ ਜਨਮ ਅਤੇ ਜੜ੍ਹਾਂ ਬਾਰੇ ਜਾਣਨ ਦਾ ਹੱਕ ਹੈ ਅਤੇ ਆਪਣਾ ਇਤਿਹਾਸ ਜਾਣਨ ਦਾ ਵੀ ਹੱਕ ਹੈ।"

ਬੀਬੀਸੀ ਰੇਡੀਓ 4 ਦੇ ਪ੍ਰੋਗਰਾਮ 'ਦਿ ਗਿਫ਼ਟ' ਦੇ ਇੱਕ ਐਪੀਸੋਡ 'ਤੇ ਆਧਾਰਿਤ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)