You’re viewing a text-only version of this website that uses less data. View the main version of the website including all images and videos.
ਘਰ ਦੀ ਮੁਰੰਮਤ ਵੇਲੇ ਮਜ਼ਦੂਰਾਂ ਨੂੰ ਕੰਧਾਂ 'ਚੋਂ ਮਿਲਿਆ ਸੋਨੇ ਦੇ ਬਿਸਕੁਟਾਂ ਅਤੇ ਸਿੱਕਿਆਂ ਦਾ ਖਜ਼ਾਨਾ, ਕੀਮਤ 10 ਮਿਲੀਅਨ ਅਮਰੀਕੀ ਡਾਲਰ ਦੇ ਬਰਾਬਰ
- ਲੇਖਕ, ਨਿਕ ਬੀਕ
- ਰੋਲ, ਬ੍ਰਸੇਲਜ਼ ਵਿੱਚ ਯੂਰਪੀ ਪੱਤਰਕਾਰ
- ਲੇਖਕ, ਮਾਇਆ ਡੇਵਿਸ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 4 ਮਿੰਟ
ਬੈਲਜੀਅਮ ਵਿੱਚ ਇੱਕ ਘਰ ਦੀ ਮੁਰੰਮਤ ਕਰ ਰਹੇ ਮਜ਼ਦੂਰਾਂ ਨੂੰ ਬੇਸਮੈਂਟ ਦੀਆਂ ਕੰਧਾਂ ਵਿਚਕਾਰ ਲਗਭਗ 10.4 ਮਿਲੀਅਨ ਅਮਰੀਕੀ ਡਾਲਰ ਦੀ ਕੀਮਤ ਦਾ ਸੋਨਾ ਮਿਲਿਆ।
ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਈਸਟ ਫ਼ਲੈਂਡਰਜ਼ ਵਿੱਚ ਸਥਿਤ ਇਸ ਜਾਇਦਾਦ 'ਚ ਨਵੇਂ ਸੀਵਰ ਪਾਈਪ ਲਗਾਉਣ ਲਈ ਖੁਦਾਈ ਕਰਦੇ ਸਮੇਂ, ਕੰਮ ਵਿੱਚ ਲੱਗੇ ਮਜ਼ਦੂਰਾਂ ਨੂੰ ਸੋਨੇ ਦੇ ਬਿਸਕੁਟਾਂ ਅਤੇ ਸਿੱਕਿਆਂ ਦਾ ਇਹ ਦੱਬਿਆ ਹੋਇਆ ਖ਼ਜ਼ਾਨਾ ਮਿਲਿਆ।
ਇਸ ਖੋਜ ਨੇ ਇਸ ਗੱਲ ਵਿੱਚ ਦਿਲਚਸਪੀ ਪੈਦਾ ਕਰ ਦਿੱਤੀ ਹੈ ਕਿ ਇਹ ਖ਼ਜ਼ਾਨਾ ਕਿਸ ਨੂੰ ਮਿਲੇਗਾ। ਬਿਲਡਰਾਂ ਅਤੇ ਘਰ ਦੇ ਮਾਲਕ ਤੋਂ ਲੈਕੇ ਸਥਾਨਕ ਚੈਰਿਟੀ, ਦੋਵਾਂ ਕੋਲ ਹੀ ਇਸ 'ਤੇ ਦਾਅਵਾ ਕਰਨ ਦਾ ਮੌਕਾ ਹੈ।
ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸਥਾਨਕ ਪੁਲਿਸ ਨੇ ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ, ਜੋ ਹੋਰ ਖ਼ਜ਼ਾਨੇ ਦੀ ਭਾਲ ਵਿੱਚ ਉਸ ਥਾਂ 'ਤੇ ਜਾਣ ਬਾਰੇ ਸੋਚ ਰਹੇ ਹਨ।
ਪੁਲਿਸ ਨੇ ਕਿਹਾ ਕਿ ਜਾਇਦਾਦ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਜਾ ਚੁੱਕੀ ਹੈ ਅਤੇ ਸੋਨਾ ਸੁਰੱਖਿਅਤ ਥਾਂ 'ਤੇ ਪਹੁੰਚਾ ਦਿੱਤਾ ਗਿਆ ਹੈ।
ਮਜ਼ਦੂਰਾਂ ਨੂੰ ਇਹ ਖ਼ਜ਼ਾਨਾ ਉਸ ਵੇਲੇ ਮਿਲਿਆ ਜਦੋਂ ਉਹ ਇਮਾਰਤ ਦੀ ਨੀਂਹ 'ਤੇ ਕੰਮ ਕਰ ਰਹੇ ਸਨ। ਉਨ੍ਹਾਂ ਮਜ਼ਦੂਰਾਂ ਵਿੱਚ ਗਰਮੀਆਂ ਦੌਰਾਨ ਕੰਮ 'ਤੇ ਰੱਖਿਆ ਗਿਆ ਇੱਕ 18 ਸਾਲ ਦਾ ਨੌਜਵਾਨ ਵੀ ਸ਼ਾਮਿਲ ਸੀ।
ਬੈਲਜੀਅਮ ਦੇ ਪਬਲਿਕ ਬ੍ਰੌਡਕਾਸਟਰ ਵੀਆਰਟੀ ਨੂੰ ਕੋਬੇ ਨਾਮ ਦੇ ਵਿਦਿਆਰਥੀ ਨੇ ਦੱਸਿਆ, "ਪਹਿਲੀ ਵਾਰ 'ਚ ਤਾਂ ਅਸੀਂ ਹੈਰਾਨ ਹੀ ਰਹਿ ਗਏ, ਯਕੀਨ ਹੀ ਨਹੀਂ ਹੋਇਆ।"
"ਸ਼ੁਰੂ ਵਿੱਚ ਮੈਨੂੰ ਲੱਗਾ ਕਿ ਇਹ 1 ਯੂਰੋ ਦੇ ਸਿੱਕੇ ਹਨ। ਪਰ ਫਿਰ ਅਸੀਂ ਉੱਥੇ ਸੋਨੇ ਦਾ ਇੱਕ ਟੁਕੜਾ ਵੀ ਦੇਖਿਆ। ਉਦੋਂ ਸਾਨੂੰ ਅਹਿਸਾਸ ਹੋਇਆ ਕਿ ਇਹ ਕੋਈ ਵੱਡੀ ਚੀਜ਼ ਹੈ।"
"ਇਹ ਤਾਂ ਚੋਰੀ ਹੋਵੇਗੀ"
ਇਸ ਤੋਂ ਕੁਝ ਹੀ ਸਮੇਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਇਸ ਖੋਜ ਬਾਰੇ ਦੱਸਿਆ ਅਤੇ ਕਿਹਾ ਕਿ ਇਸ ਨੂੰ ਆਪਣੇ ਕੋਲ ਨਹੀਂ ਰੱਖਿਆ ਜਾ ਸਕਦਾ ਸੀ।
ਉੱਥੋਂ ਦੇ ਮੈਨੇਜਰ ਮਾਰੀਓ ਨੇ ਵੀਆਰਟੀ ਨੂੰ ਦੱਸਿਆ, "ਇੰਨੇ ਸਾਰੇ ਸਿੱਕੇ ਅਤੇ ਸੋਨੇ ਦੇ ਬਿਸਕੁਟ ਹਨ ਕਿ ਉਨ੍ਹਾਂ ਨੂੰ ਲੁਕਾਉਣਾ ਲਗਭਗ ਅਸੰਭਵ ਹੋਵੇਗਾ।ਇਸ ਤੋਂ ਇਲਾਵਾ, ਇਹ ਚੋਰੀ ਹੋਵੇਗੀ।"
ਕੋਬੇ ਨੇ ਸਹਿਮਤੀ ਜਤਾਉਂਦੇ ਹੋਏ ਕਿਹਾ ਕਿ "9 ਮਿਲੀਅਨ ਯੂਰੋ, ਇਸ ਨੂੰ ਲੁਕਾਇਆ ਨਹੀਂ ਜਾ ਸਕਦਾ।"
ਫਿਲਹਾਲ, ਇਹ ਜਾਇਦਾਦ ਸੀਏਡਬਲਿਊ ਓਸਟ ਫਲੈਂਡਰਨ ਦੀ ਹੈ, ਜੋ ਡੈਂਡਰਮੋਂਡ (ਲਗਭਗ 47,000 ਆਬਾਦੀ ਵਾਲਾ ਫ਼ਲੇਮਿਸ਼ ਸ਼ਹਿਰ) ਵਿੱਚ ਸਮਾਜਿਕ ਸਹਾਇਤਾ ਸੇਵਾਵਾਂ ਪ੍ਰਦਾਨ ਕਰਦੀ ਹੈ।
ਇਸ ਦੇ ਨਿਰਦੇਸ਼ਕ ਗੀਰਟ ਹਿਲਾਏਰਟ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਪ੍ਰਤੀਕਿਰਿਆ "ਹੈਰਾਨੀ ਅਤੇ ਅਚੰਭੇ" ਭਰੀ ਸੀ। ਉਨ੍ਹਾਂ ਨੇ ਉਮੀਦ ਜਤਾਈ ਕਿ ਇਸ ਖ਼ਜ਼ਾਨੇ ਦਾ ਇਸਤੇਮਾਲ ਚੈਰਿਟੀ ਦੇ ਕੰਮ ਵਿੱਚ ਅਤੇ "ਰੋਜ਼ਾਨਾ ਮਹਿਸੂਸ ਕੀਤੀਆਂ ਜਾਣ ਵਾਲੀਆਂ ਵੱਡੀਆਂ ਲੋੜਾਂ" ਨੂੰ ਪੂਰਾ ਕਰਨ ਲਈ ਕੀਤਾ ਜਾ ਸਕੇਗਾ।
ਸਥਾਨਕ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖ਼ਜ਼ਾਨੇ ਦੀ ਭਾਲ ਵਿੱਚ ਉਸਾਰੀ ਵਾਲੀ ਥਾਂ 'ਤੇ ਨਾ ਜਾਣ।
ਸਥਾਨਕ ਪੁਲਿਸ ਫੋਰਸ ਨੇ ਆਪਣੇ ਫੇਸਬੁੱਕ ਪ੍ਰੋਫ਼ਾਈਲ ਪਿਕਚਰ ਨੂੰ ਸੋਨੇ ਦੇ ਸਿੱਕੇ ਦੀ ਤਸਵੀਰ ਨਾਲ ਅਪਡੇਟ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਖ਼ਜ਼ਾਨਾ "ਸਹੀ ਥਾਂ" ਪਹੁੰਚੇਗਾ ਅਤੇ ਲੋਕਾਂ ਦੀ ਜ਼ਿੰਦਗੀ ਬਦਲ ਦੇਵੇਗਾ।
ਬੈਲਜੀਅਮ ਦੇ ਕਾਨੂੰਨ ਤਹਿਤ, ਅਸਲੀ ਮਾਲਕ ਕੋਲ ਖ਼ਜ਼ਾਨੇ 'ਤੇ ਆਪਣਾ ਦਾਅਵਾ ਕਰਨ ਲਈ ਪੰਜ ਸਾਲ ਦਾ ਸਮਾਂ ਹੁੰਦਾ ਹੈ। ਹਾਲਾਂਕਿ, ਮਾਮਲੇ ਦੀ ਜਾਂਚ ਕਰ ਰਹੇ ਸਥਾਨਕ ਪ੍ਰੋਸਿਕਿਊਟਰ ਦਾ ਕਹਿਣਾ ਹੈ ਕਿ ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਮਾਲਕ ਕੌਣ ਹੈ।
ਜੇ ਕੋਈ ਸਾਹਮਣੇ ਨਹੀਂ ਆਉਂਦਾ, ਤਾਂ ਸਿਵਲ ਲਾਅ ਦੇ ਅਨੁਸਾਰ ਕਿਸੇ ਹੋਰ ਦੀ ਜਾਇਦਾਦ 'ਤੇ ਮਿਲੇ ਖਜ਼ਾਨੇ ਨੂੰ ਲੱਭਣ ਵਾਲੇ ਅਤੇ ਜਾਇਦਾਦ ਦੇ ਮਾਲਕ ਵਿਚਕਾਰ ਵੰਡਿਆ ਜਾਣਾ ਚਾਹੀਦਾ ਹੈ।
ਹਾਲਾਂਕਿ, ਇਹ ਨਿਯਮ ਤਾਂ ਹੀ ਲਾਗੂ ਹੁੰਦਾ ਹੈ ਜਦੋਂ ਖ਼ਜ਼ਾਨੇ ਅਤੇ ਅਪਰਾਧਿਕ ਗਤੀਵਿਧੀਆਂ ਵਿਚਕਾਰ ਕੋਈ ਸਬੰਧ ਨਾ ਮਿਲੇ।
ਹੁਣ ਨਿਰਮਾਣ ਕੰਪਨੀ ਅਤੇ ਚੈਰਿਟੀ, ਦੋਵਾਂ ਨੂੰ ਹੀ ਮਾਲਕ ਦੇ ਸਾਹਮਣੇ ਆਉਣ ਦਾ ਇੰਤਜ਼ਾਰ ਕਰਨਾ ਪਵੇਗਾ, ਜਿਸ ਵਿੱਚ 1,823 ਦਿਨ ਤੱਕ ਲੱਗ ਸਕਦੇ ਹਨ। ਜੇ ਕੋਈ ਦਾਅਵਾ ਨਹੀਂ ਕਰਦਾ ਤਾਂ ਕਈਆਂ ਦੀ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ