You’re viewing a text-only version of this website that uses less data. View the main version of the website including all images and videos.
ਪੱਟਾਂ ਦੇ ਆਕਾਰ ਜਾਂ ਫਿਰ ਵਧੀ ਹੋਈ ਚਰਬੀ ਦਾ ਕੀ ਲੰਬੀ ਉਮਰ ਦੇ ਨਾਲ ਕੋਈ ਸਬੰਧ ਹੈ, ਅਧਿਐਨ ਕੀ ਕਹਿੰਦੇ ਹਨ
"ਕਾਸ਼ ਮੇਰੇ ਪੱਟ ਇੰਨੇ ਵੱਡੇ ਨਾ ਹੁੰਦੇ।"
ਬ੍ਰਿਟੇਨ ਦੀ ਦੌੜਾਕ ਤਾਸ਼ਾ ਥੌਮਪਸਨ ਜਦੋਂ ਵੀ ਆਪਣੇ ਪੱਟਾਂ ਬਾਰੇ ਸੋਚਦੇ ਸੀ ਤਾਂ ਉਨ੍ਹਾਂ ਦੇ ਮਨ ਵਿੱਚ ਇਹੀ ਗੱਲ ਆਉਂਦੀ ਸੀ।
ਕਈ ਦੇਸ਼ਾਂ ਵਿੱਚ ਲਬੇ ਸਮੇਂ ਤੋਂ ਸੁੰਦਰਤਾ ਦੇ ਮਾਪਦੰਡਾਂ ਤਹਿਤ ਪਤਲੀਆਂ ਲੱਤਾਂ ਨੂੰ ਆਦਰਸ਼ ਮੰਨਿਆ ਜਾਂਦਾ ਰਿਹਾ ਹੈ।
ਥੌਮਪਸਨ ਨੇ ਬੀਬੀਸੀ ਵਰਲਡ ਸਰਵਿਸ ਨੂੰ ਦੱਸਿਆ, "ਤੁਸੀਂ ਇਨ੍ਹਾਂ ਉਮੀਦਾਂ 'ਤੇ ਖ਼ਰੇ ਨਹੀਂ ਉਤਰਦੇ, ਤਾਂ ਤੁਹਾਨੂੰ ਲੱਗ ਸਕਦਾ ਹੈ ਕਿ ਤੁਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਨਾਕਾਮ ਹੋ ਗਏ ਹੋ।"
ਪਰ ਹੁਣ ਵੱਡੀ ਗਿਣਤੀ ਵਿੱਚ ਸਾਹਮਣੇ ਆ ਰਹੇ ਅਧਿਐਨ ਇਹ ਸੰਕੇਤ ਦਿੰਦੇ ਹਨ ਕਿ ਵੱਡੇ ਪੱਟਾਂ ਦੀ ਆਲੋਚਨਾ ਸ਼ਾਇਦ ਗਲਤ ਤਰੀਕੇ ਨਾਲ ਕੀਤੀ ਜਾਂਦੀ ਰਹੀ ਹੈ ਅਤੇ ਇਨ੍ਹਾਂ ਦਾ ਸਬੰਧ ਲੰਬੀ ਉਮਰ ਨਾਲ ਹੋ ਸਕਦਾ ਹੈ।
25,000 ਲੋਕਾਂ 'ਤੇ ਕੀਤੀ ਗਈ ਇੱਕ ਮੈਟਾ-ਸਟੱਡੀ ਵਿੱਚ ਪਾਇਆ ਗਿਆ ਕਿ ਪੱਟਾਂ ਦੇ ਘੇਰੇ ਵਿੱਚ ਹਰ 5 ਸੈਂਟੀਮੀਟਰ ਦਾ ਵਾਧਾ ਕਿਸੇ ਵੀ ਕਾਰਨ ਹੋਣ ਵਾਲੀ ਮੌਤ ਦੇ ਖ਼ਤਰੇ ਨੂੰ 18 ਫ਼ੀਸਦੀ ਤੱਕ ਘਟਾ ਸਕਦਾ ਹੈ।
ਪਰ ਕੀ ਇਸ ਦਾ ਮਤਲਬ ਇਹ ਹੈ ਕਿ ਸਾਨੂੰ ਆਪਣੇ ਪੱਟਾਂ ਦਾ ਆਕਾਰ ਵਧਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ?
ਪੱਟਾਂ ਦਾ ਆਕਾਰ ਵੱਧ ਹੋਣ ਦੇ ਕੀ ਫਾਇਦੇ ਹਨ?
ਮਾਹਰਾਂ ਦਾ ਮੰਨਣਾ ਹੈ ਕਿ 2020 ਦੇ ਇਸ ਮੈਟਾ-ਵਿਸ਼ਲੇਸ਼ਣ ਵਿੱਚ ਸ਼ਾਮਲ ਲੋਕਾਂ ਦੇ ਜ਼ਿਆਦਾ ਸਮੇਂ ਤੱਕ ਜ਼ਿੰਦਾ ਰਹਿਣ ਦੀ ਇੱਕ ਵਜ੍ਹਾ ਸ਼ਾਇਦ ਇਹ ਸੀ ਕਿ ਉਨ੍ਹਾਂ ਦੀਆਂ ਲੱਤਾਂ ਦੀਆਂ ਮਾਸਪੇਸ਼ੀਆਂ ਵੱਡੀਆਂ ਸਨ।
ਇਸੇ ਕਰਕੇ ਉਨ੍ਹਾਂ ਦੇ ਪੱਟ ਵੀ ਸੋਡੌਲ ਸਨ।
ਬ੍ਰਿਟੇਨ ਦੀ ਕਿੰਗਜ਼ ਕਾਲਜ ਲੰਡਨ ਦੀ ਪ੍ਰੋਫੈਸਰ ਕਲੇਅਰ ਸਟੀਵਸ ਮੁਤਾਬਕ, "ਇਸ ਗੱਲ ਦੇ ਬਹੁਤ ਮਜ਼ਬੂਤ ਸਬੂਤ ਹਨ ਕਿ ਪੱਟਾਂ ਵਿੱਚ ਮੌਜੂਦ ਤਿੰਨ ਟਿਸ਼ੂਜ਼ ਵਿੱਚੋਂ ਇੱਕ, ਮਾਸਪੇਸ਼ੀ, ਚੰਗੀ ਸਿਹਤ ਅਤੇ ਲੰਬੀ ਉਮਰ ਨਾਲ ਬਹੁਤ ਮਜ਼ਬੂਤੀ ਨਾਲ ਜੁੜੀ ਹੋਈ ਹੈ।"
ਸਰੀਰ ਵਿੱਚ ਜ਼ਿਆਦਾ ਮਾਸਪੇਸ਼ੀਆਂ ਹੋਣ ਨਾਲ ਬਲੱਡ ਸ਼ੂਗਰ ਦਾ ਪੱਧਰ ਕੰਟਰੋਲ ਵਿੱਚ ਰੱਖਣ ਵਿੱਚ ਮਦਦ ਮਿਲਦੀ ਹੈ। ਇਸ ਨਾਲ ਡਾਇਬਟੀਜ਼, ਦਿਲ ਦੀਆਂ ਬਿਮਾਰੀਆਂ ਅਤੇ ਹੋਰ ਪੁਰਾਣੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੋ ਸਕਦਾ ਹੈ।
2009 ਵਿੱਚ ਬ੍ਰਿਟਿਸ਼ ਮੈਡੀਕਲ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਪਾਇਆ ਗਿਆ ਸੀ ਕਿ ਛੋਟੇ ਆਕਾਰ ਦੇ ਪੱਟ ਮਰਦਾਂ ਅਤੇ ਔਰਤਾਂ ਦੋਵਾਂ ਵਿੱਚ ਦਿਲ ਦੀ ਬਿਮਾਰੀ ਅਤੇ ਮੌਤ ਦੇ ਵਧਦੇ ਖ਼ਤਰੇ ਨਾਲ ਜੁੜੇ ਹੋਏ ਸਨ।
ਮਜ਼ਬੂਤ ਪੱਟ ਸਰੀਰ ਵਿੱਚ ਕਮਜ਼ੋਰੀ ਨੂੰ ਰੋਕਣ ਵਿੱਚ ਵੀ ਮਦਦ ਕਰ ਸਕਦੇ ਹਨ।
ਡਾਕਟਰ ਸਟੀਵਸ ਲੰਡਨ ਦੇ ਗਾਇਜ਼ ਐਂਡ ਸੇਂਟ ਥੌਮਸ ਹਸਪਤਾਲ ਵਿੱਚ ਸਲਾਹਕਾਰ ਵੀ ਹਨ।
ਉਹ ਦੱਸਦੇ ਹਨ, "ਬੁਢਾਪੇ ਵਿੱਚ ਰੋਜ਼ਾਨਾ ਦੇ ਕੰਮ ਕਰਨ ਲਈ ਕਵਾਡ੍ਰਿਸੈਪਸ ਦੀਆਂ ਮਾਸਪੇਸ਼ੀਆਂ ਬਹੁਤ ਜ਼ਰੂਰੀ ਹੁੰਦੀਆਂ ਹਨ। ਇਨ੍ਹਾਂ ਦੀ ਮਦਦ ਨਾਲ ਹੀ ਤੁਸੀਂ ਕੁਰਸੀ ਤੋਂ ਉੱਠ ਕੇ ਤੁਰ-ਫਿਰ ਸਕਦੇ ਹੋ।"
ਬੁਢਾਪੇ ਵਿੱਚ ਸਾਡਾ ਦਿਮਾਗ ਕਿੰਨੀ ਚੰਗੀ ਤਰ੍ਹਾਂ ਕੰਮ ਕਰਦਾ ਹੈ, ਇਸ ਦਾ ਸਿੱਧਾ ਸਬੰਧ ਸਾਡੀਆਂ ਲੱਤਾਂ ਦੀ ਤਾਕਤ ਨਾਲ ਵੀ ਹੈ।
300 ਤੋਂ ਵੱਧ ਜੁੜਵਾਂ ਬੱਚਿਆਂ 'ਤੇ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਜਿਨ੍ਹਾਂ ਜੁੜਵਾਂ ਬੱਚਿਆਂ ਦੀਆਂ ਲੱਤਾਂ ਅਧਿਐਨ ਦੀ ਸ਼ੁਰੂਆਤ ਵਿੱਚ ਜ਼ਿਆਦਾ ਮਜ਼ਬੂਤ ਸਨ, ਦਸ ਸਾਲ ਬਾਅਦ ਉਨ੍ਹਾਂ ਦੀ ਸੋਚਣ-ਸਮਝਣ ਦੀ ਸਮਰੱਥਾ ਅਤੇ ਦਿਮਾਗ ਦੀ ਬਣਤਰ ਬਿਹਤਰ ਸੀ।
ਅਜਿਹਾ ਕਿਉਂ ਹੁੰਦਾ ਹੈ? ਵਿਗਿਆਨੀਆਂ ਦਾ ਮੰਨਣਾ ਹੈ ਕਿ ਸਰਗਰਮ ਮਾਸਪੇਸ਼ੀਆਂ ਕੁਝ ਅਜਿਹੇ ਰਸਾਇਣ ਬਣਾਉਂਦੀਆਂ ਹਨ, ਜੋ ਵਧਦੀ ਉਮਰ ਦੇ ਨਾਲ ਸਰੀਰ ਵਿੱਚ ਸੋਜ ਨੂੰ ਘਟਾ ਸਕਦੇ ਹਨ ਅਤੇ ਦਿਮਾਗ ਦੇ ਨੈੱਟਵਰਕ ਦੀ ਰੱਖਿਆ ਕਰਕੇ ਇਸ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰ ਸਕਦੇ ਹਨ।
ਅਧਿਐਨ ਕਰਨ ਵਾਲੀ ਡਾਕਟਰ ਸਟੀਵਸ ਨੇ ਅੱਗੇ ਕਿਹਾ, "ਸਰੀਰਕ ਸਰਗਰਮੀ ਦਾ ਸਾਡੇ ਇਮਿਊਨ ਸਿਸਟਮ 'ਤੇ ਵੀ ਡੂੰਘਾ ਅਸਰ ਪੈਂਦਾ ਹੈ।"
ਕਿੰਗਜ਼ ਕਾਲਜ ਲੰਡਨ ਦੇ ਇੱਕ ਹੋਰ ਅਧਿਐਨ ਵਿੱਚ ਬਹੁਤ ਜ਼ਿਆਦਾ ਸਰਗਰਮ ਬਜ਼ੁਰਗ ਸਾਈਕਲ ਸਵਾਰਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਵਿੱਚ ਪਾਇਆ ਗਿਆ ਕਿ ਉਨ੍ਹਾਂ ਦਾ ਇਮਿਊਨ ਸਿਸਟਮ ਨੌਜਵਾਨਾਂ ਵਰਗਾ ਸੀ। ਕੁਝ ਮਾਮਲਿਆਂ ਵਿੱਚ ਤਾਂ ਇਹ 20 ਸਾਲ ਦੀ ਉਮਰ ਵਾਲੇ ਲੋਕਾਂ ਦੇ ਬਰਾਬਰ ਸੀ।
ਪੱਟਾਂ ਨੂੰ ਮਜ਼ਬੂਤ ਕਿਵੇਂ ਬਣਾਇਆ ਜਾ ਸਕਦਾ ਹੈ?
ਫਿਟਨੈੱਸ ਕੋਚ ਐਲਿਜ਼ਾਬੇਥ ਡੇਵਿਸ ਵੀ ਮੰਨਦੇ ਹਨ ਕਿ ਲੋਕਾਂ ਨੂੰ ਆਪਣੇ ਪੱਟਾਂ ਦਾ ਆਕਾਰ ਬਦਲਣ ਦੀ ਥਾਂ ਉਨ੍ਹਾਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ 'ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ।
'ਟ੍ਰੇਨਿੰਗ ਫ਼ਾਰ ਯੋਰ ਓਲਡ ਲੇਡੀ ਬਾਡੀ' ਦੀ ਲੇਖਿਕਾ ਡੇਵਿਸ ਕਹਿੰਦੇ ਹਨ, "ਜੇ ਤੁਸੀਂ ਸਾਲਾਂ ਤੋਂ ਇਹ ਚਾਹੁੰਦੇ ਰਹੇ ਹੋ ਕਿ ਤੁਹਾਡੇ ਪੱਟ ਛੋਟੇ, ਵੱਡੇ ਜਾਂ ਵੱਖਰੇ ਦਿਖਣ ਤਾਂ ਹੁਣ ਉਸ ਸੋਚ ਨੂੰ ਪਿੱਛੇ ਛੱਡਣ ਦਾ ਸਮਾਂ ਆ ਗਿਆ ਹੈ। ਆਓ ਇਸ ਗੱਲ 'ਤੇ ਧਿਆਨ ਦੇਈਏ ਕਿ ਤੁਹਾਡੇ ਪੱਟ ਕੀ ਕਰ ਸਕਦੇ ਹਨ।"
ਉਹ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਪੱਟ ਛੋਟੇ ਹੋਣ ਜਾਂ ਵੱਡੇ ਉਹ ਫਿਰ ਵੀ ਮਜ਼ਬੂਤ ਹੋ ਸਕਦੀਆਂ ਹਨ।
ਆਕਾਰ ਦੀ ਥਾਂ ਤਾਕਤ 'ਤੇ ਧਿਆਨ ਦੇਣ ਦੀ ਇਸ ਸੋਚ ਨੂੰ ਵਿਗਿਆਨ ਵੀ ਸਮਰਥਨ ਦਿੰਦਾ ਹੈ।
2006 ਵਿੱਚ 70 ਸਾਲ ਤੋਂ ਵੱਧ ਉਮਰ ਦੇ ਲੋਕਾਂ 'ਤੇ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਲੱਤਾਂ ਦੀਆਂ ਕਮਜ਼ੋਰ ਮਾਸਪੇਸ਼ੀਆਂ, ਛੋਟੀਆਂ ਮਾਸਪੇਸ਼ੀਆਂ ਦੇ ਮੁਕਾਬਲੇ ਵੱਧ ਖ਼ਤਰਨਾਕ ਸਾਬਤ ਹੋ ਸਕਦੀਆਂ ਹਨ।
ਡੇਵਿਸ ਦਾ ਕਹਿਣਾ ਹੈ ਕਿ ਜੇ ਤੁਸੀਂ ਪੱਟਾਂ ਦੀ ਤਾਕਤ ਵਧਾਉਣਾ ਚਾਹੁੰਦੇ ਹੋ ਤਾਂ ਰੇਜ਼ਿਸਟੈਂਸ ਟ੍ਰੇਨਿੰਗ ਸਭ ਤੋਂ ਵਧੀਆ ਤਰੀਕਾ ਹੈ। ਭਾਰ ਚੁੱਕਣ ਨਾਲ ਹੱਡੀਆਂ ਦੀ ਘਣਤਾ ਬਿਹਤਰ ਹੁੰਦੀ ਹੈ ਅਤੇ ਓਸਟੀਓਪੋਰੋਸਿਸ ਤੋਂ ਬਚਾਅ ਵਿੱਚ ਮਦਦ ਮਿਲਦੀ ਹੈ। ਇਹ ਅਜਿਹੀ ਸਥਿਤੀ ਹੈ ਜਿਸ ਵਿੱਚ ਹੱਡੀਆਂ ਕਮਜ਼ੋਰ ਅਤੇ ਨਾਜ਼ੁਕ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਟੁੱਟਣ ਦਾ ਖ਼ਤਰਾ ਵੱਧ ਜਾਂਦਾ ਹੈ।
ਡੇਵਿਸ ਦਾ ਸੁਝਾਅ ਹੈ ਕਿ ਸ਼ੁਰੂਆਤ ਵਿੱਚ ਹਫ਼ਤੇ ਵਿੱਚ ਦੋ ਜਾਂ ਤਿੰਨ ਵਾਰ ਲੱਤਾਂ ਦੀ ਕਸਰਤ ਕਰਨਾ ਬਿਹਤਰ ਰਹੇਗਾ।
ਉਹ ਅੱਗੇ ਕਹਿੰਦੇ ਹਨ, "ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਆਪਣੀ ਮੌਜੂਦਾ ਸਮਰੱਥਾ ਨੂੰ ਸਮਝੋ ਅਤੇ ਫਿਰ ਹੌਲੀ-ਹੌਲੀ ਚੁਣੌਤੀ ਵਧਾਉਂਦੇ ਜਾਓ।"
ਭਾਰ ਚੁੱਕਣਾ ਸ਼ਾਇਦ ਤੁਹਾਡੀ ਪਸੰਦੀਦਾ ਕਸਰਤ ਨਾ ਹੋਵੇ, ਪਰ ਡੇਵਿਸ ਆਪਣੇ ਕਲਾਇੰਟਸ ਨੂੰ ਇਸ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਦਾ ਜ਼ਰੂਰੀ ਹਿੱਸਾ ਬਣਾਉਣ ਲਈ ਉਤਸ਼ਾਹਿਤ ਕਰਦੇ ਹਨ।
ਉਹ ਕਹਿੰਦੇ ਹਨ "ਮੈਨੂੰ ਦੰਦਾਂ ਵਿੱਚ ਫ਼ਲੌਸ ਕਰਨਾ ਪਸੰਦ ਨਹੀਂ ਹੈ, ਪਰ ਮੈਂ ਅਜਿਹਾ ਇਸ ਲਈ ਕਰਦੀ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਇਸ ਨਾਲ ਮੇਰੇ ਮੂੰਹ ਦੀ ਸਫ਼ਾਈ ਅਤੇ ਸਿਹਤ ਚੰਗੀ ਰਹਿੰਦੀ ਹੈ।"
ਡੇਵਿਸ ਸਾਨੂੰ ਉਨ੍ਹਾਂ ਛੋਟੀਆਂ-ਛੋਟੀਆਂ ਚੀਜ਼ਾਂ 'ਤੇ ਵੀ ਧਿਆਨ ਦੇਣ ਲਈ ਕਹਿੰਦੇ ਹਨ, "ਜੋ ਸਾਨੂੰ ਸਟ੍ਰੈਂਥ ਟ੍ਰੇਨਿੰਗ ਦਾ ਆਨੰਦ ਲੈਣ ਵਿੱਚ ਮਦਦ ਕਰਦੀਆਂ ਹਨ, ਕਿਉਂਕਿ ਸਾਨੂੰ ਇਸ ਨਾਲ ਹੋਣ ਵਾਲੇ ਠੋਸ ਫ਼ਾਇਦੇ ਮਹਿਸੂਸ ਹੁੰਦੇ ਹਨ।"
ਉਹ ਦੱਸਦੇ, "ਮੈਂ ਅਕਸਰ ਲੋਕਾਂ ਨੂੰ ਇਹ ਕਹਿੰਦੇ ਸੁਣਦੀ ਹਾਂ, 'ਮੈਂ ਆਪਣੇ ਪੋਤੇ ਨੂੰ ਚੁੱਕਿਆ ਅਤੇ 100 ਮੀਟਰ ਤੱਕ ਲੈ ਗਿਆ ਅਤੇ ਇਹ ਆਸਾਨ ਸੀ।' ਜਾਂ, 'ਮੈਂ ਖਾਦ ਨੂੰ ਕਾਰ ਤੱਕ ਖਿੱਚ ਕੇ ਲੈ ਗਿਆ ਅਤੇ ਫਿਰ ਬਿਨ੍ਹਾਂ ਕਿਸੇ ਪਰੇਸ਼ਾਨੀ ਦੇ ਉਸ ਨੂੰ ਕਾਰ ਦੀ ਡਿੱਕੀ ਵਿੱਚ ਰੱਖ ਦਿੱਤਾ।'"
ਕੀ ਪੱਟਾਂ ਦੀ ਚਰਬੀ ਦੇ ਫਾਇਦੇ ਹੁੰਦੇ ਹਨ?
ਪੱਟਾਂ ਦੀ ਚਰਬੀ ਸਰੀਰ ਦੇ ਦੂਜੇ ਹਿੱਸਿਆਂ ਦੀ ਚਰਬੀ ਜਿੰਨੀ ਨੁਕਸਾਨਦਾਇਕ ਨਹੀਂ ਹੁੰਦੀ। ਖ਼ਾਸ ਕਰਕੇ ਪੇਟ ਦੇ ਆਲੇ-ਦੁਆਲੇ ਜਮ੍ਹਾਂ ਹੋਣ ਵਾਲੀ ਚਰਬੀ ਦੇ ਮੁਕਾਬਲੇ ਇਹ ਘੱਟ ਨੁਕਸਾਨਦਾਇਕ ਮੰਨੀ ਜਾਂਦੀ ਹੈ। ਸਟੀਵਸ ਦੇ ਮੁਤਾਬਕ, ਪੇਟ ਦੇ ਆਲੇ-ਦੁਆਲੇ ਦੀ ਚਰਬੀ ਖ਼ਾਸ ਤੌਰ 'ਤੇ ਮੁਸ਼ਕਲਾਂ ਪੈਦਾ ਕਰ ਸਕਦੀ ਹੈ।
ਅੰਗਾਂ ਦੇ ਆਲੇ-ਦੁਆਲੇ ਜਮ੍ਹਾਂ ਹੋਣ ਵਾਲੀ ਚਰਬੀ ਨੂੰ 'ਵਿਸਰਲ ਫੈਟ' ਕਿਹਾ ਜਾਂਦਾ ਹੈ। ਇਸ ਨਾਲ ਟਾਈਪ-2 ਡਾਇਬਟੀਜ਼, ਦਿਲ ਦੀ ਬਿਮਾਰੀ ਅਤੇ ਮੈਟਾਬੋਲਿਕ ਡਿਸਫੰਕਸ਼ਨ ਨਾਲ ਜੁੜੀ ਸਟੀਟੋਹੈਪੇਟਾਈਟਿਸ (ਐੱਮਏਐੱਸਐੱਚ) ਦਾ ਖ਼ਤਰਾ ਵੱਧ ਸਕਦਾ ਹੈ। ਇਸ ਨਾਲ ਲਿਵਰ ਫੇਲ੍ਹ ਹੋਣ ਅਤੇ ਕੈਂਸਰ ਦਾ ਖ਼ਤਰਾ ਵੀ ਵੱਧ ਸਕਦਾ ਹੈ।
ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਸਰੀਰ ਦੇ ਹੇਠਲੇ ਹਿੱਸੇ ਵਿੱਚ ਜਮ੍ਹਾਂ ਚਰਬੀ ਇੱਕ ਤਰ੍ਹਾਂ ਨਾਲ ਸੁਰੱਖਿਆ ਵੀ ਦੇ ਸਕਦੀ ਹੈ। ਅਜਿਹਾ ਇਸ ਲਈ ਕਿਉਂਕਿ ਇਸ ਹਿੱਸੇ ਦੀਆਂ ਫੈਟ ਸੈੱਲਸ ਨੁਕਸਾਨਦਾਇਕ ਫੈਟੀ ਐਸਿਡ ਨੂੰ ਆਪਣੇ ਅੰਦਰ ਰੋਕ ਸਕਦੀਆਂ ਹਨ।
ਇਸ ਦਾ ਮਤਲਬ ਹੈ ਕਿ ਸਰੀਰ ਦੀ ਚਰਬੀ ਘਟਾਉਣ ਨਾਲ ਐੱਲਡੀਐੱਲ, ਜਿਸ ਨੂੰ 'ਖ਼ਰਾਬ' ਕੋਲੇਸਟ੍ਰੋਲ ਕਿਹਾ ਜਾਂਦਾ ਹੈ, ਘੱਟ ਹੋ ਸਕਦਾ ਹੈ।
ਉੱਥੇ ਹੀ, ਐੱਚਡੀਐੱਲ, ਜਿਸ ਨੂੰ 'ਚੰਗਾ' ਕੋਲੇਸਟ੍ਰੋਲ ਕਿਹਾ ਜਾਂਦਾ ਹੈ, ਵੱਧ ਸਕਦਾ ਹੈ ਅਤੇ ਬਲੱਡ ਸ਼ੂਗਰ ਦਾ ਪੱਧਰ ਘੱਟ ਹੋ ਸਕਦਾ ਹੈ।
ਚਰਬੀ ਦਾ ਇੱਕ ਹੋਰ ਕੰਮ ਵੀ ਹੈ। ਬਿਮਾਰੀ ਦੌਰਾਨ ਇਹ ਸਰੀਰ ਲਈ ਊਰਜਾ ਦੇ ਐਮਰਜੈਂਸੀ ਭੰਡਾਰ ਵਜੋਂ ਕੰਮ ਕਰ ਸਕਦੀ ਹੈ। ਇਹ ਖ਼ਾਸ ਤੌਰ 'ਤੇ ਬਜ਼ੁਰਗ ਲੋਕਾਂ ਲਈ ਮਦਦਗਾਰ ਹੋ ਸਕਦੀ ਹੈ।
ਪੱਟਾਂ ਵਿੱਚ ਪਾਇਆ ਜਾਣ ਵਾਲਾ ਦੂਜਾ ਪ੍ਰਮੁੱਖ ਟਿਸ਼ੂ ਹੱਡੀ ਹੈ। ਉਮਰ ਵਧਣ ਦੇ ਨਾਲ ਅਸੀਂ ਸਾਰਕੋਪੀਨੀਆ ਨਾਮ ਦੀ ਸਥਿਤੀ ਕਾਰਨ ਮਾਸਪੇਸ਼ੀਆਂ ਦਾ ਮਾਸ ਅਤੇ ਉਨ੍ਹਾਂ ਦੀ ਤਾਕਤ ਗੁਆ ਸਕਦੇ ਹਾਂ।
ਸਾਰਕੋਪੀਨੀਆ ਓਸਟੀਓਪੋਰੋਸਿਸ ਨੂੰ ਵਧਾ ਸਕਦਾ ਹੈ। ਇਸ ਨਾਲ ਹੱਡੀਆਂ ਕਮਜ਼ੋਰ ਅਤੇ ਨਾਜ਼ੁਕ ਹੋ ਜਾਂਦੀਆਂ ਹਨ। ਇਸ ਲਈ ਮਜ਼ਬੂਤ ਹੱਡੀਆਂ ਹੋਣਾ ਵੀ ਵਧਦੀ ਉਮਰ ਵਿੱਚ ਫ਼ਾਇਦੇਮੰਦ ਹੈ। ਸਟੀਵਜ਼ ਦੇ ਮੁਤਾਬਕ, ਰੇਜ਼ਿਸਟੈਂਸ ਟ੍ਰੇਨਿੰਗ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰ ਸਕਦੀ ਹੈ।
ਆਪਣੀ ਤਾਕਤ ਦਾ ਜਸ਼ਨ ਮਨਾਓ
ਬਲੈਕ ਗਰਲਜ਼ ਡੂ ਰਨ ਯੂਕੇ ਦੀ ਸੰਸਥਾਪਕ ਥੌਮਪਸਨ ਕਹਿੰਦੀ ਹੈ, "ਪੱਟਾਂ ਨੂੰ ਮੋਟੇ ਜਾਂ ਵੱਡੇ ਕਹਿਣ ਦੀ ਥਾਂ ਮੈਂ ਉਨ੍ਹਾਂ ਨੂੰ ਤਾਕਤਵਰ ਕਹਿੰਦੀ ਹਾਂ।"
ਉਹ ਅਲਟਰਾ ਮੈਰਾਥਨ ਅਤੇ ਟ੍ਰਾਇਥਲੌਨ ਵਿੱਚ ਹਿੱਸਾ ਲੈ ਚੁੱਕੇ ਹਨ।
ਉਹ ਅੱਗੇ ਕਹਿੰਦੇ ਹਨ, "ਅਸੀਂ ਸਾਰੇ ਵੱਖ-ਵੱਖ ਆਕਾਰ ਅਤੇ ਰੂਪ ਦੇ ਹੁੰਦੇ ਹਾਂ। ਅਸਲ ਵਿੱਚ ਇਹ ਮਾਅਨੇ ਰੱਖਦਾ ਹੈ ਕਿ ਤੁਹਾਡਾ ਸਰੀਰ ਕੀ ਕਰ ਸਕਦਾ ਹੈ, ਨਾ ਕਿ ਉਹ ਕਿਹੋ ਜਿਹਾ ਦਿਖਾਈ ਦਿੰਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ