ਸ਼ਹਿਬਾਜ਼ ਸ਼ਰੀਫ਼ : ''ਅਸੀਂ ਭਾਰਤ ਨਾਲ ਹੋਈਆਂ 3 ਜੰਗਾਂ ਤੋਂ ਸਬਕ ਸਿੱਖ ਲਿਆ ਹੈ''

ਪ੍ਰਕਾਸ਼ਿਤ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਭਾਰਤ ਨਾਲ ਮੁੱਦਿਆਂ ਨੂੰ ਸੁਲਝਾਉਣ ਦੀ ਇੱਛਾ ਜਤਾਉਂਦਿਆਂ ਕਿਹਾ ਕਿ ਉਹ ਭਾਰਤ ਨਾਲ ਇਮਾਨਦਾਰੀ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਨੇ ਆਪਣਾ ਸਬਕ ਸਿੱਖ ਲਿਆ ਹੈ। ਅਸੀਂ ਭਾਰਤ ਨਾਲ ਤਿੰਨ ਜੰਗਾਂ ਲੜੀਆਂ। ਬੇਰੁਜ਼ਗਾਰੀ ਤੇ ਗ਼ਰੀਬੀ ਹੀ ਹਾਸਿਲ ਹੋਈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਇਹ ਸਭ ਦੁਬਈ ਆਧਾਰਿਤ ਅਲ-ਅਰਬੀਆ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਕਿਹਾ।

ਉਨ੍ਹਾਂ ਨੇ ਕਿਹਾ ਕਿ ਭਾਰਤ ਨਾਲ ਕਸ਼ਮੀਰ ਸਣੇ ਕਈ ਅਹਿਮ ਮੁੱਦਿਆਂ ਬਾਰੇ ਗੱਲਬਾਤ ਕਰਨਾ ਚਾਹੁੰਦੇ ਹਨ। ਹੁਕਮਰਾਨ ਦਾ ਇਹ ਇੰਟਰਵਿਊ ਪਾਕਿਸਤਾਨ ਵਿੱਚ ਵੱਡੀ ਚਰਚਾ ਦਾ ਵਿਸ਼ਾ ਬਣਾ ਗਿਆ। ਸੋਸ਼ਲ ਮੀਡੀਆ ’ਤੇ ਚਰਚਾ ਛਿੜ ਗਈ।

ਇਸ ਮਗਰੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਟਵੀਟ ਕੀਤਾ ਕਿ ਭਾਰਤ ਨਾਲ ਗੱਲਬਾਤ ਸਿਰਫ਼ ਉਸੇ ਸੂਰਤੇਹਾਲ ਵਿੱਚ ਹੋ ਸਕਦੀ ਹੈ ਜਦੋਂ ਉਹ ਕਸ਼ਮੀਰ ਬਾਰੇ ਅਗਸਤ 2019 ਵਿੱਚ ਲਿਆ ਗਿਆ ਫ਼ੈਸਲਾ ਵਾਪਸ ਲਵੇ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਭਾਰਤ ਇਸ ਤੋਂ ਪਹਿਲਾਂ ਕਸ਼ਮੀਰ ਮੁੱਦੇ 'ਤੇ ਕਿਸੇ ਵੀ ਤੀਜੀ ਧਿਰ ਦੀ ਵਿਚੋਲਗੀ ਨੂੰ ਰੱਦ ਕਰ ਚੁੱਕਾ ਹੈ।

5 ਅਗਸਤ, 2019 ਨੂੰ ਭਾਰਤ ਵੱਲੋਂ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰਨ, ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਰੱਦ ਕਰਨ ਅਤੇ ਰਾਜ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚਾਲੇ ਤਣਾਅ ਪੈਦਾ ਹੋ ਗਿਆ ਸੀ।

'ਅਸੀਂ ਆਪਣਾ ਸਬਕ ਸਿੱਖ ਲਿਆ ਹੈ'

ਸ਼ਾਹਬਾਜ਼ ਸ਼ਰੀਫ਼ ਨੇ ਕਿਹਾ, "ਭਾਰਤੀ ਲੀਡਰਸ਼ਿਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੇਰਾ ਸੰਦੇਸ਼ ਹੈ ਕਿ ਆਓ ਇਕੱਠੇ 'ਤੇ ਬੈਠੀਏ ਅਤੇ ਕਸ਼ਮੀਰ ਵਰਗੇ ਭਖ਼ਦੇ ਮਸਲਿਆਂ ਨੂੰ ਹੱਲ ਕਰਨ ਲਈ ਗੰਭੀਰ ਅਤੇ ਸੁਹਿਰਦ ਗੱਲਬਾਤ ਕਰੀਏ।"

ਉਨ੍ਹਾਂ ਕਿਹਾ ਪਾਕਿਸਤਾਨ ਅਤੇ ਭਾਰਤ ਗੁਆਂਢੀ ਹਨ ਅਤੇ ਉਨ੍ਹਾਂ ਨੂੰ "ਇੱਕ ਦੂਜੇ ਨਾਲ ਰਹਿਣਾ ਪੈਣਾ ਹੈ।"

"ਸ਼ਾਂਤਮਈ ਢੰਗ ਨਾਲ ਰਹਿਣਾ, ਸਾਡੇ ਉੱਤੇ ਹੈ, ਤਰੱਕੀ ਕਰੀਏ ਜਾਂ ਇੱਕ ਦੂਜੇ ਨਾਲ ਝਗੜਾ ਕਰੀਏ, ਅਤੇ ਸਮਾਂ ਅਤੇ ਸਰੋਤ ਬਰਬਾਦ ਕਰੀਏ, ਇਹ ਸਭ ਸਾਡੇ 'ਤੇ ਨਿਰਭਰ ਕਰਦਾ ਹੈ।"

ਸ਼ਰੀਫ਼ ਅੱਗੇ ਕਿਹਾ, "ਭਾਰਤ ਨਾਲ ਸਾਡੀਆਂ ਤਿੰਨ ਜੰਗਾਂ ਹੋਈਆਂ ਹਨ ਅਤੇ ਇਸ ਨੇ ਲੋਕਾਂ ਲਈ ਹੋਰ ਦੁੱਖ਼, ਗ਼ਰੀਬੀ ਅਤੇ ਬੇਰੁਜ਼ਗਾਰੀ ਹੀ ਲਿਆਂਦੀ ਹੈ।"

“ਅਸੀਂ ਆਪਣਾ ਸਬਕ ਸਿੱਖ ਲਿਆ ਹੈ ਅਤੇ ਅਸੀਂ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਾਂ ਬਸ਼ਰਤੇ ਅਸੀਂ ਆਪਣੀਆਂ ਅਸਲ ਸਮੱਸਿਆਵਾਂ ਨੂੰ ਹੱਲ ਕਰਨ ਦੇ ਯੋਗ ਹੋਈਏ।"

ਉਨ੍ਹਾਂ ਕਿਹਾ, "ਅਸੀਂ ਗ਼ਰੀਬੀ ਘਟਾਉਣਾ ਚਾਹੁੰਦੇ ਹਾਂ, ਖੁਸ਼ਹਾਲੀ ਹਾਸਿਲ ਕਰਨਾ ਚਾਹੁੰਦੇ ਹਾਂ ਅਤੇ ਆਪਣੇ ਲੋਕਾਂ ਨੂੰ ਸਿੱਖਿਆ, ਸਿਹਤ ਸਹੂਲਤਾਂ ਅਤੇ ਰੁਜ਼ਗਾਰ ਪ੍ਰਦਾਨ ਕਰਨਾ ਚਾਹੁੰਦੇ ਹਾਂ ।"

ਸ਼ਹਿਬਾਜ਼ ਸ਼ਰੀਫ਼ ਨੇ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੋਵੇਂ ਪਰਮਾਣੂ ਸ਼ਕਤੀ ਵਾਲੇ ਦੇਸ਼ ਹਨ ਅਤੇ ਜੇਕਰ ਦੋਵਾਂ ਵਿਚਾਲੇ ਜੰਗ ਛਿੜ ਗਈ ਤਾਂ ਕੋਈ ਦੱਸਣ ਵਾਲਾ ਵੀ ਨਹੀਂ ਰਹੇਗਾ ਕੀ ਹੋਇਆ।

ਸ਼ਹਿਬਾਜ਼ ਸ਼ਰੀਫ਼ ਨੇ ਇਸ ਇੰਟਰਵਿਊ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਇੰਟਰਵਿਊ ਦੌਰਾਨ ਇਹ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਕਸ਼ਮੀਰ ਵਿਵਾਦ ਦਾ ਹੱਲ ਸੰਯੁਕਤ ਰਾਸ਼ਟਰ ਦੀਆਂ ਤਜਵੀਜ਼ਾਂ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਦੀ ਭਾਵਨਾ ਮੁਤਾਬਕ ਹੋਣਾ ਚਾਹੀਦਾ ਹੈ।

ਪਾਕਿਸਤਾਨ ਪ੍ਰਧਾਨ ਮੰਤਰੀ ਦਫ਼ਤਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਵਾਰ-ਵਾਰ ਰਿਕਾਰਡ ’ਤੇ ਕਿਹਾ ਹੈ ਕਿ ਭਾਰਤ ਨਾਲ ਗੱਲਬਾਤ ਤਾਂ ਹੀ ਹੋ ਸਕਦੀ ਹੈ, ਜਦੋਂ ਉਹ ਕਸ਼ਮੀਰ 'ਤੇ ਆਪਣਾ ਪੰਜ ਅਗਸਤ ਵਾਲਾ ਫ਼ੈਸਲਾ ਵਾਪਸ ਲਵੇ। ਇਸ ਤੋਂ ਬਿਨਾਂ ਭਾਰਤ ਨਾਲ ਗੱਲਬਾਤ ਸੰਭਵ ਨਹੀਂ ਹੈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਪਾਕਿਸਤਾਨ ਕਈ ਮੋਰਚਿਆਂ 'ਤੇ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਪਾਕਿਸਤਾਨ ਵਿੱਚ ਸਿਆਸੀ ਅਸਥਿਰਤਾ ਤੋਂ ਇਲਾਵਾ ਆਰਥਿਕ ਸਮੱਸਿਆਵਾਂ ਵੀ ਚੱਲ ਰਹੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)