ਏਅਰ ਇੰਡੀਆ: ਜਹਾਜ਼ ਦੇ ਅਚਾਨਕ 300 ਫੁੱਟ ਹੇਠਾਂ ਆਉਣ ਦਾ ਮਾਮਲਾ, ਜਾਣੋ ਪਾਇਲਟ ਦੇ ਨਸ਼ੇ ਵਿੱਚ ਹੋਣ ਦੀ ਜਾਂਚ ਕਿਵੇਂ ਕੀਤੀ ਜਾਂਦੀ ਹੈ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 7 ਮਿੰਟ

ਏਅਰ ਇੰਡੀਆ ਦੇ ਇੱਕ ਜਹਾਜ਼ ਦੇ ਪਿਛਲੇ ਹਫ਼ਤੇ ਉਡਾਣ ਦੌਰਾਨ ਅਚਾਨਕ ਕਰੀਬ 300 ਫੁੱਟ ਹੇਠਾਂ ਆਉਣ ਤੋਂ ਬਾਅਦ ਪਾਇਲਟ ਦੀ ਜਾਂਚ ਚੱਲ ਰਹੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ, ਪਾਇਲਟ ਦੀ ਦੂਜੀ ਡਰੱਗ ਜਾਂਚ ਵੀ ਪੌਜ਼ੀਟਿਵ ਆਈ ਹੈ। ਇਹ ਫਲਾਈਟ ਥਾਈਲੈਂਡ ਦੇ ਫੁਕੇਟ ਤੋਂ ਦਿੱਲੀ ਆ ਰਹੀ ਸੀ।

ਨਾਗਰਿਕ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਮਾਮਲੇ ਦੀ ਜਾਂਚ ਦਾ ਕੰਮ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏਏਆਈਬੀ) ਕਰ ਰਿਹਾ ਹੈ ਅਤੇ ਫ਼ਾਈਨਲ ਰਿਪੋਰਟ ਆਉਣ 'ਤੇ ਹੀ ਉਹ ਕੁਝ ਨਿਸ਼ਚਿਤ ਤੌਰ 'ਤੇ ਕਹਿਣਗੇ।

ਰਾਮ ਮੋਹਨ ਨਾਇਡੂ ਨੇ ਇਹ ਵੀ ਕਿਹਾ ਕਿ ਜੇਕਰ ਇਹ ਮਾਮਲਾ ਡਰੱਗਜ਼ ਦੇ ਇਸਤੇਮਾਲ ਨਾਲ ਜੁੜਿਆ ਹੈ ਅਤੇ ਪਾਇਆ ਜਾਂਦਾ ਹੈ ਕਿ ਮੌਜੂਦਾ ਨਿਯਮਾਂ ਨਾਲ ਛੇੜਛਾੜ ਕੀਤੀ ਗਈ ਹੈ ਤਾਂ ਅਸੀਂ ਸਖ਼ਤ ਕਦਮ ਚੁੱਕਾਂਗੇ।

ਏਏਆਈਬੀ ਘਟਨਾ ਵਿੱਚ ਸਾਰੇ ਸੰਬੰਧਤ ਤਕਨੀਕੀ, ਸੰਚਾਲਨ, ਮੈਡੀਕਲ ਅਤੇ ਮਨੁੱਖੀ ਕਾਰਨਾਂ ਨਾਲ ਜੁੜੇ ਸਬੂਤਾਂ ਦੀ ਜਾਂਚ ਕਰ ਰਿਹਾ ਹੈ।

ਉੱਥੇ ਹੀ ਮੰਗਲਵਾਰ ਨੂੰ ਭਾਰਤ ਦੇ ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਏਅਰ ਇੰਡੀਆ ਦੇ ਅਹੁਦਾ ਛੱਡ ਰਹੇ ਸੀਈਓ ਕੈਂਪਬੇਲ ਵਿਲਸਨ ਨੂੰ ਫੁਕੇਟ-ਦਿੱਲੀ ਫਲਾਈਟ ਨਾਲ ਜੁੜੀ ਘਟਨਾ ਦੇ ਸਬੰਧ ਵਿੱਚ ਤਲਬ ਕੀਤਾ ਸੀ।

ਚਾਰ ਅਗਸਤ ਨੂੰ ਹੋਈ ਇਸ ਘਟਨਾ ਵਿੱਚ 20 ਯਾਤਰੀ ਅਤੇ ਚਾਲਕ ਦਲ ਦੇ ਚਾਰ ਮੈਂਬਰ ਜ਼ਖ਼ਮੀ ਹੋਏ ਸਨ।

ਏਅਰਬੱਸ ਏ320 ਜਹਾਜ਼ ਵਿੱਚ 137 ਯਾਤਰੀ ਅਤੇ ਅੱਠ ਕਰੂ ਮੈਂਬਰ ਸਵਾਰ ਸਨ।

ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਸਰਕਾਰ ਨੇ ਐਤਵਾਰ ਨੂੰ ਦੱਸਿਆ ਸੀ ਕਿ ਏਆਈ 2379 ਦੇ ਪਾਇਲਟ-ਇਨ-ਕਮਾਂਡ ਦੀ ਦੁਬਾਰਾ ਡਰੱਗ ਜਾਂਚ ਕਰਾਈ ਜਾਵੇਗੀ। ਪਾਇਲਟ ਦੀ ਪਹਿਲੀ ਜਾਂਚ ਵਿੱਚ ਨਤੀਜਾ ਨੌਨ-ਨੇਗੇਟਿਵ ਆਇਆ ਸੀ। ਇਹ ਇੱਕ ਸ਼ੁਰੂਆਤੀ ਰੈਪਿਡ ਟੈਸਟ ਹੁੰਦਾ ਹੈ ਅਤੇ ਇਸ ਦੇ ਨਤੀਜੇ ਨੂੰ ਅੰਤਿਮ ਨਹੀਂ ਮੰਨਿਆ ਜਾਂਦਾ।

ਅਜਿਹੀਆਂ ਗੰਭੀਰ ਘਟਨਾਵਾਂ ਦੀ ਜਾਂਚ ਦੌਰਾਨ ਸਾਈਕੋਐਕਟਿਵ ਪਦਾਰਥਾਂ ਦੇ ਇਸਤੇਮਾਲ ਦੀ ਜਾਂਚ ਕਰਨਾ ਜ਼ਰੂਰੀ ਪ੍ਰਕਿਰਿਆ ਹੈ।

ਪਹਿਲੀ ਜਾਂਚ ਵਿੱਚ ਨੌਨ-ਨੇਗੇਟਿਵ ਨਤੀਜਾ ਆਉਣ 'ਤੇ ਪੁਸ਼ਟੀ ਲਈ ਦੂਜੀ ਜਾਂਚ ਕੀਤੀ ਜਾਂਦੀ ਹੈ। ਅਮਰੀਕੀ ਮੀਡੀਆ ਆਊਟਲੈਟ ਬਲੂਮਬਰਗ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਦੂਜੀ ਜਾਂਚ ਵਿੱਚ ਪਾਇਲਟ ਦਾ ਨਤੀਜਾ ਪੌਜ਼ੀਟਿਵ ਆਇਆ ਹੈ।

ਬਲੂਮਬਰਗ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ, "ਉਨ੍ਹਾਂ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਇਹ ਜਾਣਕਾਰੀ ਦਿੱਤੀ ਕਿਉਂਕਿ ਜਾਂਚ ਦੇ ਨਤੀਜੇ ਗੁਪਤ ਹਨ। ਏਅਰ ਇੰਡੀਆ ਦੇ ਬੁਲਾਰੇ ਨੇ ਪਾਇਲਟ ਦੀ ਡਰੱਗ ਜਾਂਚ ਦੇ ਨਤੀਜੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ। ਏਏਆਈਬੀ ਦੀ ਜਾਂਚ ਵਿੱਚ ਫ਼ਰਾਂਸ ਦੀ ਜਹਾਜ਼ ਹਾਦਸਾ ਜਾਂਚ ਏਜੰਸੀ ਅਤੇ ਫ਼ਰਾਂਸ ਸਥਿਤ ਏਅਰਬੱਸ ਦੇ ਤਕਨੀਕੀ ਮਾਹਿਰ ਵੀ ਮਦਦ ਕਰ ਰਹੇ ਹਨ।"

ਪਿਛਲੇ ਸਾਲ ਏਅਰ ਇੰਡੀਆ ਦੇ ਬੋਇੰਗ 787 ਡ੍ਰੀਮਲਾਈਨਰ ਦੇ ਭਿਆਨਕ ਹਾਦਸੇ ਅਤੇ ਸੁਰੱਖਿਆ ਨਾਲ ਜੁੜੀਆਂ ਕਈ ਘਟਨਾਵਾਂ ਤੋਂ ਬਾਅਦ ਭਾਰਤ ਵਿੱਚ ਤੇਜ਼ੀ ਨਾਲ ਵਧ ਰਹੇ ਹਵਾਬਾਜ਼ੀ ਖੇਤਰ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉੱਠੇ ਹਨ।

ਇਹ ਘਟਨਾ ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰ ਇੰਡੀਆ ਲਈ ਇੱਕ ਹੋਰ ਚੁਣੌਤੀ ਹੈ।

31 ਮਾਰਚ ਨੂੰ ਖ਼ਤਮ ਹੋਏ ਵਿੱਤੀ ਸਾਲ ਵਿੱਚ ਏਅਰਲਾਈਨ ਨੂੰ ਕਰੀਬ 2.3 ਅਰਬ ਡਾਲਰ ਦਾ ਰਿਕਾਰਡ ਘਾਟਾ ਹੋਇਆ ਸੀ। ਇਹ ਘਟਨਾ ਏਅਰਲਾਈਨ ਦੇ ਨਵੇਂ ਸੀਈਓ ਤੇਵੋਲਡੇ ਗੇਬ੍ਰੇਮਰਿਅਮ ਦੇ ਸਾਹਮਣੇ ਮੌਜੂਦ ਚੁਣੌਤੀਆਂ ਨੂੰ ਵੀ ਰੇਖਾਂਕਿਤ ਕਰਦੀ ਹੈ।

1. ਡਰੱਗ ਟੈਸਟ ਪੌਜ਼ੀਟਿਵ ਆਉਣ 'ਤੇ ਕੀ ਹੁੰਦਾ ਹੈ?

ਭਾਰਤ ਦੇ ਹਵਾਬਾਜ਼ੀ ਰੈਗੂਲੇਟਰ ਦੇ ਨਿਯਮਾਂ ਅਨੁਸਾਰ, ਪਹਿਲੀ ਵਾਰ ਡਰੱਗ ਟੈਸਟ ਵਿੱਚ ਪੌਜ਼ੀਟਿਵ ਪਾਏ ਜਾਣ ਵਾਲੇ ਕਰਮਚਾਰੀ ਨੂੰ ਨਸ਼ਾ ਮੁਕਤੀ ਲਈ ਭੇਜਿਆ ਜਾਂਦਾ ਹੈ।

ਡੀਜੀਸੀਏ ਡਰੱਗ ਟੈਸਟ ਕਰਵਾਉਣ ਤੋਂ ਇਨਕਾਰ ਕਰਨ ਨੂੰ ਵੀ ਪੌਜ਼ੀਟਿਵ ਟੈਸਟ ਜਿੰਨਾ ਗੰਭੀਰ ਮੰਨਦਾ ਹੈ। ਪਹਿਲੀ ਵਾਰ ਟੈਸਟ ਤੋਂ ਇਨਕਾਰ ਕਰਨ 'ਤੇ ਕਰਮਚਾਰੀ ਨੂੰ ਡਿਊਟੀ ਤੋਂ ਹਟਾ ਦਿੱਤਾ ਜਾਂਦਾ ਹੈ ਅਤੇ ਉਸ ਨੂੰ 48 ਘੰਟਿਆਂ ਦੇ ਅੰਦਰ ਡਰੱਗ ਟੈਸਟ ਕਲੀਅਰ ਕਰਨਾ ਹੁੰਦਾ ਹੈ।

ਅਜਿਹਾ ਨਾ ਕਰਨ 'ਤੇ ਲਾਇਸੈਂਸ ਇੱਕ ਸਾਲ ਲਈ ਮੁਅੱਤਲ ਕਰ ਦਿੱਤਾ ਜਾਂਦਾ ਹੈ ਅਤੇ ਸਰਗਰਮ ਡਿਊਟੀ 'ਤੇ ਵਾਪਸ ਆਉਣ ਤੋਂ ਪਹਿਲਾਂ ਨਸ਼ਾ ਮੁਕਤੀ ਪ੍ਰੋਗਰਾਮ ਪੂਰਾ ਕਰਨਾ ਹੁੰਦਾ ਹੈ।

ਸੁਰੱਖਿਆ ਨਾਲ ਜੁੜੇ ਸੰਵੇਦਨਸ਼ੀਲ ਅਹੁਦੇ 'ਤੇ ਵਾਪਸ ਆਉਣ ਲਈ ਕਰਮਚਾਰੀ ਨੂੰ ਦੁਬਾਰਾ ਜਾਂਚ ਕਰਵਾਉਣੀ ਹੁੰਦੀ ਹੈ ਅਤੇ ਉਸ ਵਿੱਚ ਨੈਗੇਟਿਵ ਆਉਣਾ ਜ਼ਰੂਰੀ ਹੈ। ਦੂਜੀ ਵਾਰ ਪੌਜ਼ੀਟਿਵ ਪਾਏ ਜਾਣ 'ਤੇ ਲਾਇਸੈਂਸ ਤਿੰਨ ਸਾਲ ਲਈ ਮੁਅੱਤਲ ਕੀਤਾ ਜਾਂਦਾ ਹੈ, ਜਦਕਿ ਤੀਜੀ ਵਾਰ ਪੌਜ਼ੀਟਿਵ ਆਉਣ 'ਤੇ ਲਾਇਸੈਂਸ ਸਥਾਈ ਤੌਰ 'ਤੇ ਰੱਦ ਕਰ ਦਿੱਤਾ ਜਾਂਦਾ ਹੈ।

2. ਨਾਗਰਿਕ ਹਵਾਬਾਜ਼ੀ ਮੰਤਰੀ ਨੇ ਕੀ ਕਿਹਾ?

ਨਾਗਰਿਕ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਏਅਰ ਇੰਡੀਆ ਦੀ ਫੁਕੇਟ-ਦਿੱਲੀ ਉਡਾਣ ਦੀ ਘਟਨਾ 'ਤੇ ਕਰੀਬੀ ਨਜ਼ਰ ਟਿਕਾਈ ਹੈ ਅਤੇ ਅਗਲੀ ਕਾਰਵਾਈ 'ਤੇ ਫ਼ੈਸਲਾ ਲੈਣ ਤੋਂ ਪਹਿਲਾਂ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਦੀ ਜਾਂਚ ਦੇ ਨਤੀਜਿਆਂ ਦਾ ਇੰਤਜ਼ਾਰ ਕਰੇਗੀ।

ਨਾਇਡੂ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੰਤਰਾਲੇ ਨੇ ਏਅਰ ਇੰਡੀਆ ਦੇ ਅਹੁਦਾ ਛੱਡ ਰਹੇ ਸੀਈਓ ਕੈਂਪਬੇਲ ਵਿਲਸਨ ਨਾਲ ਸ਼ੁਰੂਆਤੀ ਮੀਟਿੰਗ ਕੀਤੀ ਸੀ, ਤਾਂ ਜੋ ਇਹ ਸਮਝਿਆ ਜਾ ਸਕੇ ਕਿ ਏਅਰਲਾਈਨ ਨੇ ਘਟਨਾ ਨਾਲ ਕਿਸ ਤਰ੍ਹਾਂ ਨਜਿੱਠਿਆ ਅਤੇ ਸੁਰੱਖਿਆ ਪ੍ਰੋਟੋਕੋਲ ਵਿੱਚ ਕੋਈ ਕਮੀ ਤਾਂ ਨਹੀਂ ਰਹੀ, ਖ਼ਾਸ ਕਰਕੇ ਪਾਇਲਟਾਂ ਵੱਲੋਂ ਨਸ਼ੀਲੇ ਪਦਾਰਥਾਂ ਦੇ ਇਸਤੇਮਾਲ ਨਾਲ ਜੁੜੇ ਨਿਯਮਾਂ ਵਿੱਚ।

ਮੰਤਰੀ ਨੇ ਕਿਹਾ ਕਿ ਸੁਰੱਖਿਆ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਏਅਰਲਾਈਨਾਂ, ਰੈਗੂਲੇਟਰਾਂ ਜਾਂ ਕਿਸੇ ਵੀ ਹੋਰ ਸਬੰਧਤ ਧਿਰ ਵੱਲੋਂ ਇਸ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਕਿਹਾ ਕਿ ਮੰਤਰਾਲੇ ਨੇ ਪਾਇਲਟਾਂ ਵੱਲੋਂ ਨਸ਼ੀਲੇ ਪਦਾਰਥਾਂ ਦੇ ਇਸਤੇਮਾਲ ਨਾਲ ਜੁੜੇ ਡੀਜੀਸੀਏ ਦੇ ਨਿਯਮਾਂ 'ਤੇ ਵੀ ਅਪਡੇਟ ਮੰਗਿਆ ਹੈ ਅਤੇ ਜੇਕਰ ਮੌਜੂਦਾ ਨਿਯਮ ਨਾਕਾਫ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਵਿੱਚ ਬਦਲਾਅ 'ਤੇ ਵਿਚਾਰ ਕੀਤਾ ਜਾਵੇਗਾ।

3. ਨਿਯਮ ਕੀ ਹਨ?

ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਦੀ ਹਵਾਬਾਜ਼ੀ ਕਰਮਚਾਰੀਆਂ ਵਿੱਚ ਨਸ਼ੀਲੇ ਪਦਾਰਥਾਂ ਦੇ ਸੇਵਨ ਦੀ ਜਾਂਚ ਨਾਲ ਜੁੜੀ ਗਾਈਡਲਾਈਨ ਸਿਵਲ ਐਵੀਏਸ਼ਨ ਰਿਕਰੂਟਮੈਂਟ (ਸੀਏਆਰ) ਸਤੰਬਰ 2021 ਵਿੱਚ ਜਾਰੀ ਕੀਤੀ ਗਈ ਸੀ ਅਤੇ 31 ਜਨਵਰੀ 2022 ਤੋਂ ਲਾਗੂ ਹੋਈ।

ਇਨ੍ਹਾਂ ਨਿਯਮਾਂ ਦਾ ਮੁੱਖ ਫੋਕਸ ਪਾਇਲਟਾਂ ਅਤੇ ਏਅਰ ਟ੍ਰੈਫਿਕ ਕੰਟ੍ਰੋਲਰਾਂ 'ਤੇ ਹੈ, ਪਰ ਇਹ ਸੁਰੱਖਿਆ ਨਾਲ ਜੁੜੇ ਸੰਵੇਦਨਸ਼ੀਲ ਕੰਮ ਕਰਨ ਵਾਲੇ ਹੋਰ ਹਵਾਬਾਜ਼ੀ ਕਰਮਚਾਰੀਆਂ 'ਤੇ ਵੀ ਲਾਗੂ ਹੁੰਦੇ ਹਨ। ਇਨ੍ਹਾਂ ਵਿੱਚ ਏਅਰਕ੍ਰਾਫਟ ਮੇਨਟੇਨੈਂਸ ਇੰਜੀਨੀਅਰ ਅਤੇ ਸਰਟੀਫਾਇੰਗ ਸਟਾਫ, ਟ੍ਰੇਨੀ ਪਾਇਲਟ ਅਤੇ ਟ੍ਰੇਨਰ ਸ਼ਾਮਲ ਹਨ।

ਫਲਾਈਟ ਕਰੂ ਅਤੇ ਏਅਰ ਟ੍ਰੈਫਿਕ ਕੰਟ੍ਰੋਲਰ ਹੀ ਅਜਿਹੇ ਕਰਮਚਾਰੀ ਹਨ, ਜਿਨ੍ਹਾਂ ਦੀ ਸਾਲਾਨਾ 10% ਰੈਂਡਮ ਡਰੱਗ ਜਾਂਚ ਲਾਜ਼ਮੀ ਹੈ।

ਹੋਰ ਕੈਟਿਗਰੀ ਦੇ ਕਰਮਚਾਰੀਆਂ ਦੀ ਜਾਂਚ ਨਿਯੁਕਤੀ ਦੇ ਸਮੇਂ ਜਾਂ ਕੁਝ ਵਿਸ਼ੇਸ਼ ਘਟਨਾਵਾਂ ਤੋਂ ਬਾਅਦ ਕੀਤੀ ਜਾਂਦੀ ਹੈ। ਨਿਯਮਿਤ ਰੈਂਡਮ ਜਾਂਚ ਤੋਂ ਇਲਾਵਾ, ਸੁਰੱਖਿਆ ਨਾਲ ਜੁੜੀ ਕਿਸੇ ਘਟਨਾ ਤੋਂ ਬਾਅਦ ਵੀ ਆਮ ਤੌਰ 'ਤੇ ਇਹ ਜਾਂਚ ਕੀਤੀ ਜਾਂਦੀ ਹੈ, ਜਿਵੇਂ ਕਿ ਚਾਰ ਅਗਸਤ ਦੀ ਏਅਰ ਇੰਡੀਆ ਦੀ ਫੁਕੇਟ-ਦਿੱਲੀ ਉਡਾਣ ਦੇ ਮਾਮਲੇ ਵਿੱਚ ਹੋਇਆ।

4. ਜਾਂਚ ਕਿਵੇਂ ਹੁੰਦੀ ਹੈ?

ਡੀਜੀਸੀਏ ਦੇ ਨਿਯਮਾਂ ਅਨੁਸਾਰ, ਕਰਮਚਾਰੀਆਂ ਦੇ ਯੂਰਿਨ ਸੈਂਪਲ ਵਿੱਚ ਛੇ ਤਰ੍ਹਾਂ ਦੇ ਸਾਈਕੋਐਕਟਿਵ ਪਦਾਰਥਾਂ ਦੀ ਮੌਜੂਦਗੀ ਦੀ ਜਾਂਚ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚ ਐਮਫੇਟਾਮਾਈਨ ਵਰਗੇ ਉਤੇਜਕ ਪਦਾਰਥ, ਓਪਿਏਟਸ ਅਤੇ ਉਨ੍ਹਾਂ ਦੇ ਮੈਟਾਬੋਲਾਈਟਸ, ਟੈਟ੍ਰਾਹਾਈਡ੍ਰੋਕੈਨਾਬਿਨੋਲ (ਕੈਨਾਬਿਸ), ਕੋਕੀਨ, ਬਾਰਬਿਟਿਊਰੇਟਸ ਅਤੇ ਬੈਂਜ਼ੋਡਾਇਜ਼ੇਪੀਨ ਸ਼ਾਮਲ ਹਨ।

ਜਿਸ ਪਾਇਲਟ ਜਾਂ ਹੋਰ ਕਰਮਚਾਰੀ ਦੀ ਜਾਂਚ ਕੀਤੀ ਜਾਣੀ ਹੈ, ਉਸ ਦੇ ਯੂਰਿਨ ਸੈਂਪਲ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਵੱਖ-ਵੱਖ ਕੰਟੇਨਰਾਂ ਵਿੱਚ ਸੁਰੱਖਿਅਤ ਰੱਖਿਆ ਜਾਂਦਾ ਹੈ। ਜਾਂਚ ਦੀ ਸ਼ੁਰੂਆਤ ਪਹਿਲੇ ਕੰਟੇਨਰ ਦੇ ਸੈਂਪਲ ਤੋਂ ਤੁਰੰਤ ਕੀਤੇ ਜਾਣ ਵਾਲੇ ਸਕ੍ਰੀਨਿੰਗ ਟੈਸਟ ਨਾਲ ਹੁੰਦੀ ਹੈ।

ਜੇਕਰ ਸ਼ੁਰੂਆਤੀ ਜਾਂਚ ਦਾ ਨਤੀਜਾ 'ਨੌਨ-ਨੇਗੇਟਿਵ' ਆਉਂਦਾ ਹੈ, ਭਾਵ ਉਸ ਵਿੱਚ ਸਾਈਕੋਐਕਟਿਵ ਪਦਾਰਥਾਂ ਦੀ ਮੌਜੂਦਗੀ ਦੇ ਸੰਕੇਤ ਮਿਲਦੇ ਹਨ, ਤਾਂ ਪੁਸ਼ਟੀ ਲਈ ਹੋਣ ਵਾਲੀ ਜਾਂਚ ਦਾ ਨਤੀਜਾ ਆਉਣ ਤੱਕ ਪਾਇਲਟ ਨੂੰ ਤੁਰੰਤ ਡਿਊਟੀ ਤੋਂ ਹਟਾ ਦਿੱਤਾ ਜਾਂਦਾ ਹੈ।

ਦੂਜੇ ਕੰਟੇਨਰ ਵਿੱਚ ਰੱਖੇ ਸੈਂਪਲ ਨੂੰ ਪੁਸ਼ਟੀ ਲਈ ਲੈਬ ਵਿੱਚ ਭੇਜਿਆ ਜਾਂਦਾ ਹੈ, ਜਿੱਥੇ ਅਤਿ-ਆਧੁਨਿਕ ਜਾਂਚ ਉਪਕਰਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਵਿੱਚ ਗੈਸ ਕ੍ਰੋਮੈਟੋਗ੍ਰਾਫੀ/ਮਾਸ ਸਪੈਕਟ੍ਰੋਮੈਟਰੀ ਜਾਂ ਲਿਕਵਿਡ ਕ੍ਰੋਮੈਟੋਗ੍ਰਾਫੀ-ਮਾਸ ਸਪੈਕਟ੍ਰੋਮੈਟਰੀ ਰਾਹੀਂ ਜਾਂਚ ਕੀਤੀ ਜਾਂਦੀ ਹੈ।

ਸੀਏਆਰ ਵਿੱਚ ਕਿਹਾ ਗਿਆ ਹੈ, "ਜੇਕਰ ਸੈਂਪਲ ਏ ਨੌਨ-ਨੇਗੇਟਿਵ ਆਉਂਦਾ ਹੈ, ਤਾਂ ਸੈਂਪਲ ਬੀ ਨੂੰ ਸੈਂਪਲ ਲੈਣ ਵਾਲੇ ਵਿਅਕਤੀ, ਕਰਮਚਾਰੀ (ਡੋਨਰ) ਅਤੇ ਸਬੰਧਤ ਸੰਗਠਨ ਦੇ ਮੈਡੀਕਲ ਸਟਾਫ ਦੇ ਦਸਤਖ਼ਤਾਂ ਨਾਲ ਪੁਸ਼ਟੀ ਜਾਂਚ ਲਈ ਲੈਬ ਭੇਜਿਆ ਜਾਵੇਗਾ।"

5. ਪਾਇਲਟਾਂ ਨੂੰ ਕੀ ਸਲਾਹ ਦਿੱਤੀ ਜਾਂਦੀ ਹੈ?

ਜੇਕਰ ਜਾਂਚ ਵਿੱਚ ਨਤੀਜਾ ਪੌਜ਼ੀਟਿਵ ਆਉਂਦਾ ਹੈ, ਜਿਵੇਂ ਕਿ ਮੀਡੀਆ ਰਿਪੋਰਟਾਂ ਮੁਤਾਬਕ ਮੌਜੂਦਾ ਮਾਮਲੇ ਵਿੱਚ ਹੋਇਆ ਹੈ ਤਾਂ ਸਬੰਧਤ ਸੰਗਠਨ ਦੇ ਮੈਡੀਕਲ ਇੰਚਾਰਜ ਨੂੰ ਇੱਕ ਮੈਡੀਕਲ ਰਿਵਿਊ ਅਫ਼ਸਰ ਤੋਂ ਸਲਾਹ ਲੈਣੀ ਹੁੰਦੀ ਹੈ।

ਜੇਕਰ ਜਾਂਚ ਵਿੱਚ ਨਤੀਜਾ ਪੌਜ਼ੀਟਿਵ ਆਉਂਦਾ ਹੈ, ਜਿਵੇਂ ਕਿ ਮੀਡੀਆ ਰਿਪੋਰਟਾਂ ਮੁਤਾਬਕ ਮੌਜੂਦਾ ਮਾਮਲੇ ਵਿੱਚ ਹੋਇਆ ਹੈ ਤਾਂ ਸਬੰਧਤ ਸੰਗਠਨ ਦੇ ਮੈਡੀਕਲ ਇੰਚਾਰਜ ਨੂੰ ਇੱਕ ਮੈਡੀਕਲ ਰਿਵਿਊ ਅਫ਼ਸਰ ਤੋਂ ਸਲਾਹ ਲੈਣੀ ਹੁੰਦੀ ਹੈ।

ਇਸ ਦਾ ਮਕਸਦ ਇਹ ਪਤਾ ਲਗਾਉਣਾ ਹੁੰਦਾ ਹੈ ਕਿ ਪੌਜ਼ੀਟਿਵ ਨਤੀਜਾ ਕਿਸੇ ਕਾਨੂੰਨੀ ਮੈਡੀਕਲ ਇਲਾਜ ਜਾਂ ਕਿਸੇ ਹੋਰ ਆਮ ਸਰੋਤ ਕਾਰਨ ਤਾਂ ਨਹੀਂ ਆਇਆ, ਨਾ ਕਿ ਨਸ਼ੀਲੇ ਪਦਾਰਥਾਂ ਦੇ ਦੁਰਵਰਤੋਂ ਕਾਰਨ। ਮਿਸਾਲ ਵਜੋਂ, ਕੋਡੀਨ ਵਾਲੀ ਪੇਨ ਕਿਲਰ ਲੈਣ ਨਾਲ ਓਪਿਏਟਸ ਲਈ ਟੈਸਟ ਪੌਜ਼ੀਟਿਵ ਆ ਸਕਦਾ ਹੈ।

ਪਾਇਲਟਾਂ ਦੇ ਸੰਗਠਨ ਏਅਰਲਾਈਨ ਪਾਇਲਟਸ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਜਾਰੀ ਇੱਕ ਐਡਵਾਈਜ਼ਰੀ ਮੁਤਾਬਕ, ਪਾਇਲਟਾਂ ਨੂੰ ਆਪਣੇ-ਆਪ ਦਵਾਈਆਂ ਨਹੀਂ ਲੈਣੀਆਂ ਚਾਹੀਦੀਆਂ। ਭਾਰਤ ਵਿੱਚ ਮੈਡੀਕਲ ਸਟੋਰ 'ਤੇ ਮਿਲਣ ਵਾਲੀਆਂ ਸਰਦੀ-ਜ਼ੁਕਾਮ, ਖੰਘ, ਐਲਰਜੀ ਅਤੇ ਨੀਂਦ ਦੀਆਂ ਦਵਾਈਆਂ ਵਿੱਚ ਉਨ੍ਹਾਂ ਛੇ ਸ਼੍ਰੇਣੀਆਂ ਵਿੱਚ ਸ਼ਾਮਲ ਪਦਾਰਥ ਹੋ ਸਕਦੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾਂਦੀ ਹੈ।

ਏਐੱਲਪੀਏ ਇੰਡੀਆ ਨੇ ਪਾਇਲਟਾਂ ਨੂੰ ਇਹ ਵੀ ਕਿਹਾ ਹੈ ਕਿ ਕੋਈ ਨਵੀਂ ਦਵਾਈ ਸ਼ੁਰੂ ਕਰਨ ਤੋਂ ਪਹਿਲਾਂ ਉਹ ਆਪਣੇ ਸੰਗਠਨ ਦੇ ਮੈਡੀਕਲ ਇੰਚਾਰਜ ਤੋਂ ਸਲਾਹ ਲੈਣ, ਆਪਣੀਆਂ ਸਾਰੀਆਂ ਦਵਾਈਆਂ ਦੀ ਸਹੀ ਜਾਣਕਾਰੀ ਦੇਣ ਅਤੇ ਪ੍ਰਿਸਕ੍ਰਿਪਸ਼ਨ ਅਤੇ ਦਵਾਈਆਂ ਦੀ ਖਰੀਦ ਦੀਆਂ ਰਸੀਦਾਂ ਸੰਭਾਲ ਕੇ ਰੱਖਣ, ਤਾਂ ਜੋ ਜਾਂਚ ਤੋਂ ਬਾਅਦ ਐੱਮਆਰਓ ਵੱਲੋਂ ਸਮੀਖਿਆ ਦੀ ਲੋੜ ਪੈਣ 'ਤੇ ਉਨ੍ਹਾਂ ਨੂੰ ਪੇਸ਼ ਕੀਤਾ ਜਾ ਸਕੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)