ਜਦੋਂ ਨਾਜ਼ੀਆਂ ਦੇ ਘੇਰੇ ’ਚੋਂ ਆਮ ਜਿਹਾ ਬੰਦਾ 600 ਤੋਂ ਵੱਧ ਬੱਚਿਆਂ ਨੂੰ ਰੇਲ ਗੱਡੀਆਂ ਰਾਹੀਂ ਕੱਢ ਲਿਆਇਆ

    • ਲੇਖਕ, ਮਾਈਲਸ ਬਰਕ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ

ਫਰਵਰੀ 1988 ਵਿੱਚ ਵੇਰਾ ਗਿਸਿੰਗ ਆਪਣੀਆਂ ਹੰਝੂ ਭਰੀਆਂ ਅੱਖਾਂ ਦੇ ਨਾਲ ਬੀਬੀਸੀ ਟੀਵੀ ਸਟੂਡੀਓ ਵਿੱਚ ਬੈਠੀ ਸੀ ਜਦੋਂ ਉਨ੍ਹਾਂ ਦੀ ਜਾਣ ਪਛਾਣ ਨਿਕੋਲਸ ਵਿੰਟਨ ਨਾਲ ਕਰਵਾਈ ਗਈ।

ਨਿਕੋਲਸ ਵਿੰਟਨ ਉਹ ਸ਼ਖ਼ਸ ਹਨ ਜਿਨ੍ਹਾਂ ਨੇ ਉਨ੍ਹਾਂ ਦੀ ਜਾਨ ਬਚਾਈ ਸੀ।

ਉਨ੍ਹਾਂ ਨੇ ਨਿਕੋਲਸ ਦਾ ਹੱਥ ਫੜਿਆ ਅਤੇ 80 ਸਾਲਾਂ ਦੇ ਬਜ਼ੁਰਗ ਨੂੰ ਗਲ ਨਾਲ ਲਾਇਆ। ਨਿਕੋਲਸ ਨੇ ਨਾਜ਼ੀਆਂ ਦੇ ਕਬਜ਼ੇ ਹੇਠਲੇ ਪਰਾਗ ਵਿੱਚੋਂ ਉਨ੍ਹਾਂ ਨੂੰ ਬਾਹਰ ਕੱਢਣ ਦਾ ਪ੍ਰਬੰਧ ਕੀਤਾ ਸੀ।

ਇਹ ਘਟਨਾ ਦੂਜੀ ਵਿਸ਼ਵ ਜੰਗ ਤੋਂ ਕੁਝ ਮਹੀਨੇ ਪਹਿਲਾਂ ਵਾਪਰੀ ਸੀ।

ਕਰੀਬ 49 ਸਾਲ ਪਹਿਲਾਂ 10 ਸਾਲਾਂ ਦੀ ਵੇਰਾ ਆਪਣੀ 15 ਸਾਲਾਂ ਦੀ ਭੈਣ ਏਵਾ ਨਾਲ ‘ਕਿੰਡਰਟਰਾਂਸਪੋਰਟ’ ਨਾਮ ਦੀ ਇੱਕ ਟ੍ਰੇਨ ਵਿੱਚ ਸਵਾਰ ਹੋਈ ਸੀ। ਇਹ ਟ੍ਰੇਨ ਉਨ੍ਹਾਂ ਦੋਵਾਂ ਦੇ ਨਾਲ-ਨਾਲ ਸੈਂਕੜੇ ਹੋਰ ਯਹੂਦੀ ਬੱਚਿਆਂ ਨੂੰ ਬ੍ਰਿਟੇਨ ਲੈ ਕੇ ਜਾ ਰਹੀ ਸੀ।

ਵੇਰਾ ਨੇ ਉਹ ਪਲ ਯਾਦ ਕਰਦਿਆਂ ਦੱਸਿਆ, “ਮੈਂ ਆਪਣੇ ਮਾਪਿਆਂ ਨੂੰ ਅਲਵਿਦਾ ਕਹਿਣਾ ਕਦੇ ਨਹੀਂ ਭੁਲਾਂਗੀ ਅਤੇ ਇਸ ਦੇ ਨਾਲ ਹੀ ਆਪਣੇ ਰੋਂਦੇ ਹੋਏ ਮਾਪਿਆਂ ਨੂੰ ਦੇਖਕੇ ਡਰ ਮਹਿਸੂਸ ਕਰਨਾ ਵੀ ਮੈਨੂੰ ਹਮੇਸ਼ਾ ਯਾਦ ਰਹੇਗਾ।”

ਉਹ ਦੱਸਦੇ ਹਨ, “ਸਾਡੇ ਆਲੇ ਦੁਆਲੇ ਜਰਮਨ ਫੌਜੀ ਸਨ।”

ਵੇਰਾ ਦੀ ਉਨ੍ਹਾਂ ਦੇ ਮਾਪਿਆਂ ਨਾਲ ਕਦੇ ਮੁੜ ਮੁਲਾਕਾਤ ਨਹੀਂ ਹੋਈ। ਆਪਣੇ ਜਿਹੜੇ ਰਿਸ਼ਤੇਦਾਰਾਂ ਨੂੰ ਉਹ ਉਸ ਦਿਨ ਛੱਡ ਕੇ ਆਏ ਸਨ ਉਨ੍ਹਾਂ ਵਿੱਚੋਂ ਤਿੰਨ ਨੂੰ ਛੱਡਕੇ ਸਾਰਿਆਂ ਦੀ ‘ਹੋਲੌਕਾਸਟ’ ਵਿੱਚ ਮੌਤ ਹੋ ਗਈ।

ਉਹ ਉਨ੍ਹਾਂ ਸੈਂਕੜੇ ਬੱਚਿਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੂੰ ਵਿੰਟਨ ਨੇ ਬਚਾਇਆ।

ਫ਼ਿਲਮ ਵੀ ਬਣੀ

ਵਿੰਟਨ ਦੀ ਕਮਾਲ ਦੀ ਕਹਾਣੀ ਇੱਕ ਫ਼ਿਲਮ ਰਾਹੀਂ ਬਿਆਨ ਕੀਤੀ ਗਈ ਹੈ। ਇਹ ਫ਼ਿਲਮ ਹੈ ‘ਵਨ ਲਾਈਫ, ਇਸ ਵਿੱਚ ਮੁੱਖ ਭੂਕਿਮਾ ਐਂਥਨੀ ਹੋਪਕਿਨਸ ਨੇ ਨਿਭਾਈ ਹੈ।

ਇਸ ਫ਼ਿਲਮ ਦਾ ਸਿਰਲੇਖ ਯਹੂਦੀ ਧਰਮ ਦੀ ਕਾਨੂੰਨ ਦੀ ਕਿਤਾਬ – ਤਾਲਮੁਡ ਤੋਂ ਲਿਆ ਗਿਆ ਹੈ। ਇਹ ਹੈ ‘ਜਿਹੜਾ ਵੀ ਇੱਕ ਜ਼ਿੰਦਗੀ ਬਚਾਉਂਦਾ ਹੈ, ਸਾਰਿਆਂ ਨੂੰ ਬਚਾਉਂਦਾ ਹੈ।’

ਸੰਸਾਰ ਨੂੰ ਵਿੰਟਨ ਦੇ ਮਨੁੱਖਤਾਵਾਦੀ ਕਾਰਜਾਂ ਬਾਰੇ ਕਦੇ ਪਤਾ ਨਾ ਲੱਗਦਾ ਜੇਕਰ ਉਨ੍ਹਾਂ ਦੀ ਪਤਨੀ ਨੂੰ ਉਨ੍ਹਾਂ ਦੇ ਘਰ ਦੀ ਮਿਆਨੀ ਵਿੱਚੋਂ ਉਨ੍ਹਾਂ ਦਾ ਸੂਟਕੇਸ ਨਾ ਮਿਲਦਾ। ਉਨ੍ਹਾਂ ਦਾ ਘਰ ਇੰਗਲੈਂਡ ਦੇ ਮੇਡਨਹੈੱਡ ਵਿੱਚ ਸੀ।

ਇਸ ਵਿੱਚ ਇੱਕ ਸਕ੍ਰੈਪਬੁੱਕ ਸੀ ਜਿਸ ਵਿੱਚ ਜਿਨ੍ਹਾਂ ਬੱਚਿਆਂ ਨੂੰ ਬਚਾਉਣ ਵਿੱਚ ਉਨ੍ਹਾਂ ਨੇ ਮਦਦ ਕੀਤੀ ਸੀ ਉਨ੍ਹਾਂ ਦੇ ਨਾਮ ਅਤੇ ਤਸਵੀਰਾਂ ਸਨ।

ਵਿੰਟਨ ਦਾ ਜਨਮ ਜਰਮਨ ਰਹਿੰਦੇ ਯਹੂਦੀ ਮਾਪਿਆਂ ਘਰ ਹੋਇਆ ਸੀ। ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਦਾ ਅੰਗਰੇਜ਼ੀ ਨਾਮ ਰੱਖਿਆ ਸੀ ਅਤੇ ਉਨ੍ਹਾਂ ਨੂੰ ਐਂਜਲਿਕਨ ਚਰਚ ਤੋਂ ਬਪਤਿਸਮਾ ਕਰਵਾਇਆ ਤਾਂ ਜੋ ਉਹ ਬਰਤਾਨਵੀ ਰਹਿਣ-ਸਹਿਣ ਨਾਲ ਇੱਕਮਿੱਕ ਹੋ ਸਕਣ।

ਹਾਂਲਾਂਕਿ ਉਹ ਆਪਣੇ ਪੇਸ਼ੇ ਵਜੋਂ ਇੱਕ ਸਟੌਕਬ੍ਰੋਕਰ ਸਨ ਪਰ ਵਿੰਟਨ ਸਮਾਜਵਾਦ ਪ੍ਰਤੀ ਵੀ ਪ੍ਰਤੀਬੱਧ ਸਨ, ਇਸ ਦੇ ਨਾਲ ਹੀ ਉਨ੍ਹਾਂ ਨੂੰ ਅੰਤਰਾਸ਼ਟਰੀ ਮਾਮਲਿਆਂ ਵਿੱਚ ਕਾਫੀ ਦਿਲਚਸਪੀ ਸੀ।

ਸਾਲ 1938 ਤੱਕ ਉਨ੍ਹਾਂ ਨੂੰ ਆਪਣੇ ਰਿਸ਼ਤੇਦਾਰਾਂ ਦੇ ਰਾਹੀਂ ਨਾਜ਼ੀਆਂ ਦੇ ਕਬਜ਼ੇ ਹੇਠਲੇ ਇਲਾਕਿਆਂ ਵਿੱਚ ਯਹੂਦੀ ਪਰਿਵਾਰਾਂ ਉੱਤੇ ਮੰਡਰਾਉਂਦੇ ਖ਼ਤਰੇ ਬਾਰੇ ਵੀ ਜਾਣਕਾਰੀ ਸੀ।

ਆਪਣੇ ਦੋਸਤ ਅਤੇ ਸਾਥੀ ਮਾਰਟਿਨ ਬਲੇਕ ਵੱਲੋਂ ਬੇਨਤੀ ਕੀਤੇ ਜਾਣ ਉੱਤੇ ਉਹ ਪਰਾਗ ਆਏ ਤਾਂ ਜੋ ਉਹ ਦੂਜੀ ਵਿਸ਼ਵ ਜੰਗ ਤੋਂ ਬੱਚ ਰਹੇ ਸ਼ਰਨਾਰਥੀਆਂ ਦੀ ਮਦਦ ਕਰ ਸਕਣ।

ਜਦੋਂ ਉਹ ਉੱਥੇ ਪਹੁੰਚੇ ਤਾਂ ਉੱਥੇ ਦੇ ਹਾਲਾਤ ਨੇ ਉਨ੍ਹਾਂ ਨੂੰ ਬਹੁਤ ਡਰਾ ਦਿੱਤਾ।

ਸ਼ਹਿਰ ਵਿੱਚ ਅਜਿਹੇ ਲੋਕ ਵੱਡੀ ਗਿਣਤੀ ਵਿੱਚ ਦਾਖ਼ਲ ਹੋ ਰਹੇ ਸਨ ਜਿਹੜੇ ਨਾਜ਼ੀਆਂ ਤੋਂ ਬਚਣਾਂ ਚਾਹੁੰਦੇ ਸਨ।

ਜਰਮਨੀ, ਆਸਟ੍ਰੀਆ, ਸੁਡੇਨਟੇਨਲੈਂਡ (ਚੈਕੋਸਲੋਵਾਕੀਆ ਦਾ ਉਹ ਹਿੱਸਾ ਜਿਸ ਉੱਤੇ ਹਿਟਲਰ ਨੇ ਕਬਜ਼ਾ ਕੀਤਾ ਸੀ) ਤੋਂ ਆ ਰਹੇ ਇਨ੍ਹਾਂ ਲੋਕਾਂ ਵਿੱਚੋਂ ਬਹੁਤੇ ਯਹੂਦੀ ਸਨ।

ਵਿੰਟਨ ਉੱਥੇ ਰਹਿ ਰਹੇ ਬੱਚਿਆਂ ਦੇ ਦੁਖ ਨੂੰ ਦੇਖ ਕੇ ਬਹੁਤ ਨਿਰਾਸ਼ ਹੋਏ ਅਤੇ ਉਨ੍ਹਾਂ ਨੇ ਇਹ ਨਿਰਣਾ ਲਿਆ ਕਿ ਉਨ੍ਹਾਂ ਨੂੰ ਬਚਾਉਣ ਲਈ ਕੁਝ ਕਰਨ ਦੀ ਲੋੜ ਹੈ। ਇਸ ਮਗਰੋਂ ਉਸ ਬਚਾਅ ਆਪ੍ਰੇਸ਼ਨ ਦੀ ਸ਼ੁਰੂਆਤ ਹੋਈ ਜੋ ਕਿ “ਚੈਕ ਕਿੰਡਰਟ੍ਰਾਂਸਪੋਰਟ’ ਵਜੋਂ ਜਾਣਿਆ ਜਾਂਦਾ ਹੈ।

ਉਨ੍ਹਾਂ ਨੇ ਇਸ ਕੰਮ ਦੀ ਸ਼ੁਰੂਆਤ ਪਹਿਲਾਂ ਪਰਾਗ ਵਿਚਲੇ ਯੂਰਪਾ ਹੋਟਲ ਦੇ ਆਪਣੇ ਕਮਰੇ ਤੋਂ ਕੀਤੀ।

ਇਸ ਵਿੱਚ ਉਨ੍ਹਾਂ ਦੇ ਸਾਥੀ ਮਾਰਟਿਨ ਬਲੇਕ, ਡੋਰੀਨ ਵੈਰੀਨਰ, ਅਤੇ ਟ੍ਰੈਵੋਰ ਚੈਡਵਿਕ ਵੀ ਸ਼ਾਮਲ ਸਨ। ਉਨ੍ਹਾਂ ਨੇ ਆਪਣੇ ਸੰਪਰਕ ਵਿੱਚ ਆਉਣ ਵਾਲੇ ਪਰਿਵਾਰਾਂ ਦੇ ਨਾਮ ਲਿਖਣੇ ਸ਼ੁਰੂ ਕਰ ਦਿੱਤੇ ਜੋ ਆਪਣੇ ਬੱਚਿਆਂ ਨੂੰ ਉੱਥੋਂ ਜਲਦੀ ਤੋਂ ਜਲਦੀ ਕੱਢਣਾ ਚਾਹੁੰਦੇ ਸਨ।

ਨਿਕੋਲਸ ਨੇ ਮਦਦ ਦੀ ਗੁਹਾਰ ਲਗਾਉਂਦਿਆਂ ਸਾਰੀ ਦੁਨੀਆਂ ਦੀਆਂ ਸਰਕਾਰਾਂ ਅਤੇ ਅੰਬੈਸੀਆਂ ਨੂੰ ਚਿੱਠੀਆਂ ਲਿਖਣੀਆਂ ਸ਼ੁਰੂ ਕੀਤੀਆਂ। ਸਾਰਿਆਂ ਨੇ ਇਸ ਤੋਂ ਇਨਾਕਾਰ ਕਰ ਦਿੱਤਾ।

ਸਵੀਡਨ ਨੇ ਕੁਝ ਕੁ ਸ਼ਰਨਾਰਥੀਆਂ ਨੂੰ ਦਾਖ਼ਲਾ ਦੇਣਾ ਮੰਨ ਲਿਆ, ਬ੍ਰਿਟੇਨ ਨੇ ਵੀ ਕੁਝ ਕੁ ਪਰਿਵਾਰਾਂ ਨੂੰ ਮਦਦ ਦੇਣ ਲਈ ਰਜ਼ਾਮੰਦੀ ਜ਼ਾਹਰ ਕੀਤੀ।ਬ੍ਰਿਟੇਨ ਨੇ ਇਹ ਸ਼ਰਤ ਰੱਖੀ ਕਿ ਉਨ੍ਹਾਂ ਨੂੰ ਅਜਿਹੇ ਪਰਿਵਾਰ ਲੱਭਣੇ ਪੈਣ ਕੇ ਜੋ ਬੱਚਿਆਂ ਦੀ ਸੰਭਾਲ ਲਈ ਰਾਜ਼ੀ ਹੋਣ।

ਹਾਲਾਂਕਿ ਉਹ ਇੱਕ ਆਮ ਬ੍ਰਿਟਿਸ਼ ਨਾਗਰਿਕ ਸਨ ਉਨ੍ਹਾਂ ਨੂੰ ਇਹ ਵਿਸ਼ਵਾਸ ਸੀ ਕਿ ਉਹ ਇਨ੍ਹਾਂ ਜਵਾਨ ਸ਼ਰਨਾਰਥੀਆਂ ਨੂੰ ਰੇਲ ਗੱਡੀ ਰਾਹੀਂ ਬਾਹਰ ਕੱਢ ਸਕਦੇ ਹਨ ਅਤੇ ਉਨ੍ਹਾਂ ਨੂੰ ਯੂਕੇ ਵਿੱਚ ਸੁਰੱਖਿਅਤ ਥਾਂ ਪ੍ਰਦਾਨ ਕਰ ਸਕਦੇ ਹਨ।

ਤਿੰਨ ਹਫ਼ਤਿਆਂ ਬਾਅਦ ਉਹ ਲੰਡਨ ਵਾਪਸ ਪਰਤੇ।

ਇੱਥੇ ਆ ਕੇ ਉਨ੍ਹਾਂ ਨੇ ਅਜਿਹੇ ਪਰਿਵਾਰਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਜੋ ਬੱਚਿਆਂ ਨੂੰ ਸੰਭਾਲ ਸਕਣ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਰਨਾਰਥੀਆਂ ਨੂੰ ਯੂਰਪ ਵਿੱਚੋਂ ਸੁਰੱਖਿਅਤ ਬਾਹਰ ਕੱਢਣ ਅਤੇ ਯੂਕੇ ਲਿਆਉਣ ਦੇ ਲਈ ਤਰੀਕੇ ਲੱਭਣੇ ਸ਼ੁਰੂ ਕਰ ਦਿੱਤੇ।

ਉਨ੍ਹਾਂ ਦੇ ਦੋਸਤ ਚੈਡਵਿੱਕ ਅਤੇ ਵੈਰੀਨਰ ਪਰਾਗ ਦੇ ਵਿੱਚ ਹੀ ਰਹੇ ਅਤੇ ਉਨ੍ਹਾਂ ਨਾਲ ਤਾਲਮੇਲ ਕਰਦੇ ਰਹੇ।

ਹਾਲਾਂਕਿ ਉਹ ਦਿਨ ਵੇਲੇ ਸਟਾਕ ਐਕਸਚੇਂਜ ਵਿੱਚ ਆਪਣਾ ਕੰਮ ਕਰਦੇ ਪਰ ਚਾਰ ਵਜੇ ਤੋਂ ਬਾਅਦ ਉਹ ਬੱਚਿਆਂ ਲਈ ਪਰਮਿਟ ਅਤੇ ਹੋਰ ਦਸਤਾਵੇਜ਼ਾਂ ਦਾ ਪ੍ਰਬੰਧ ਕਰਨ ਵਿੱਚ ਰੁੱਝੇ ਰਹਿੰਦੇ।

ਵੱਡੀਆਂ ਸੰਸਥਾਗਤ ਅਤੇ ਪ੍ਰਸ਼ਾਸਕੀ ਚੁਣੌਤੀਆਂ ਦੇ ਬਾਵਜੂਦ ਉਨ੍ਹਾਂ ਨੇ ਬੱਚਿਆਂ ਨੂੰ ਬ੍ਰਿਟੇਨ ਲਿਆਉਣ ਲਈ ਬ੍ਰਿਟੇਨ ਸਰਕਾਰ ਵੱਲੋਂ ਰੱਖੀ ਗਈ ਰਕਮ ਇਕੱਠੀ ਕਰਨ ਵਿੱਚ ਦਿਨ ਰਾਤ ਇੱਕ ਕਰ ਦਿੱਤਾ। ਹਰੇਕ ਬੱਚੇ ਲਈ ਇਹ ਰਕਮ 50 ਪਾਊਂਡ(ਅਜੋਕੇ ਸਮੇਂ ਦੇ 4150 ਪਾਊਂਡ) ਰੱਖੀ ਗਈ ਸੀ।

ਹੌਲੀ ਰਫ਼ਤਾਰ ਵਾਲੀ ਸਰਕਾਰੀ ਪ੍ਰਕਿਰਿਆ ਤੋਂ ਨਿਰਾਸ਼ ਹੁੰਦਿਆਂ ਉਨ੍ਹਾਂ ਨੇ ਅਖ਼ਬਾਰਾਂ ਰਾਹੀਂ ਪਰਿਵਾਰਾਂ ਨੂੰ ਸਿੱਧੀਆਂ ਅਪੀਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਉਨ੍ਹਾਂ ਨੇ ਪਰਾਗ ਵਿੱਚ ਰਹਿੰਦਿਆਂ ਆਪਣੀ ਸੂਚੀ ਵਿੱਚਲੇ ਬੱਚਿਆਂ ਦੀਆਂ ਤਸਵੀਰਾਂ ਖਿੱਚ ਲਈਆਂ ਸਨ। ਇਨ੍ਹਾਂ ਹੌਲਨਾਕ ਤਸਵੀਰਾਂ ਨੇ ਬੱਚਿਆਂ ਲਈ ਘਰ ਲੱਭਣ ਵਿੱਚ ਕਾਫੀ ਸਹਾਇਤਾ ਕੀਤੀ।

ਇਨ੍ਹਾਂ ਬੱਚਿਆਂ(ਸ਼ਰਨਾਰਥੀਆਂ) ਨੂੰ ਲੈ ਕੇ ਪਰਾਗ ਤੋਂ ਪਹਿਲੀ ਰੇਲ ਗੱਡੀ 14 ਮਾਰਚ 1939 ਨੂੰ ਰਵਾਨਾ ਹੋਈ। ਇਸ ਤੋਂ ਅਗਲੇ ਦਿਨ ਹੀ ਜਰਮਨ ਫੌਜਾਂ ਨੇ ਪੂਰੇ ਚੈਕੋਸਲੋਵਾਕੀਆ ਉੱਤੇ ਕਬਜ਼ਾ ਕਰ ਲਿਆ।

ਅਫ਼ਸਰਸ਼ਾਹੀ ਨਾਲ ਲੜਾਈ ਲੜਦਿਆਂ ਅਤੇ ਇਸ ਦੀ ਕਾਫੀ ਲੋੜ ਮਹਿਸੂਸ ਕਰਦਿਆਂ ਵਿੰਟਨ ਨੇ ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਦੇ ਨਕਲੀ ਪਰਮਿਟ ਬਣਾਉਣੇ ਸ਼ੁਰੂ ਕਰ ਦਿੱਤੇ।

ਮਾਰਚ ਅਤੇ ਅਗਸਤ 1939 ਦੇ ਵਿਚਕਾਰ ਕੁਲ ਅੱਠ ਰੇਲ ਗੱਡੀਆਂ ਪਰਾਗ ਤੋਂ ਰਵਾਨਾ ਹੋਈਆਂ। ਇਨ੍ਹਾਂ ਵਿੱਚ ਕੁਲ 669 ਬੱਚੇ ਸਨ ਜਿਨ੍ਹਾਂ ਵਿੱਚੋਂ ਬਹੁਤੇ ਯਹੂਦੀ ਸਨ । ਇਸ ਵਿੱਚ ਕੁਝ ਬੱਚੇ ਅਜਿਹੇ ਸਨ ਜਿਹੜੇ ਸਿਆਸੀ ਸ਼ਰਨਾਰਥੀ ਸਨ।

ਇਹ ਰੇਲ ਗੱਡੀ ਪਰਾਗ ਤੋਂ ਚੱਲ ਕੇ ਜਰਮਨੀ, ਫਿਰ ਫਰਾਂਸ ਅਤੇ ਫਿਰ ਬ੍ਰਿਟੇਨ ਪਹੁੰਚੀ।

ਲੰਡਨ ਦੇ ਲਿਵਰਪੂਲ ਸਟ੍ਰੀਟ ਸਟੇਸ਼ਨ ਉੱਤੇ ਪਹੁੰਚਣ ਉੱਤੇ ਉਨ੍ਹਾਂ ਦੀ ਮੁਲਾਕਾਤ ਵਿੰਟਨ ਅਤੇ ਉਨ੍ਹਾਂ ਦੀ ਮਾਤਾ ਨਾਲ ਹੋਈ, ਇਸ ਮਗਰੋਂ ਉਹ ਵੱਖ-ਵੱਖ ਪਰਿਵਾਰਾਂ ਵੱਲੋਂ ਗੋਦ ਲੈ ਲਏ ਗਏ।

ਵੇਰਾ ਗਿਸਿੰਗ ਅਤੇ ਉਨ੍ਹਾਂ ਦੀ ਭੈਣ ਨੇ ਕਿੰਡਰਟਰਾਂਸਪੋਰਟ ਉੱਤੇ ਜੁਲਾਈ 1939 ਨੂੰ ਪਰਾਗ ਛੱਡਿਆ।

ਉਨ੍ਹਾਂ ਨੂੰ ਦੋ ਵੱਖ-ਵੱਖ ਪਰਿਵਾਰਾਂ ਨੇ ਗੋਦ ਲਿਆ।

ਵੇਰਾ ਨੂੰ ਲਿਵਰਪੂਲ ਨੇੜਲੇ ਰੇਨਫੋਰਡਸ ਵਿਚਲੇ ਇੱਕ ਗਰੀਬ ਮੈਥੋਡਿਸਟ ਪਰਿਵਾਰ ਵੱਲੋਂ ਗੋਦ ਲਿਆ ਗਿਆ।

ਵੇਰਾ ਨੇ ਲੰਡਨ ਰੇਲਵੇ ਸਟੇਸ਼ਨ ਦਾ ਦ੍ਰਿਸ਼ ਯਾਦ ਕਰਦਿਆਂ ਦੱਸਿਆ, "ਜਦੋਂ ਮੈਨੂੰ ਗੋਦ ਲੈਣ ਵਾਲੀ ਮਾਂ ਨੇ ਪਹਿਲਾਂ ਦੇਖਿਆ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ,ਉਨ੍ਹਾਂ ਨੇ ਮੈਨੂੰ ਗਲ ਨਾਲ ਲਾਇਆ ਅਤੇ ਕੁਝ ਕਿਹਾ ਜੋ ਮੈਨੂੰ ਸਮਝ ਨਹੀਂ ਆਇਆ ਪਰ ਹੁਣ ਮੈਨੂੰ ਪਤਾ ਹੈ ਕਿ ਉਨ੍ਹਾਂ ਨੇ ਕੀ ਕਿਹਾ ਸੀ ਉਨ੍ਹਾਂ ਨੇ ਕਿਹਾ ਸੀ 'ਤੈਨੂੰ ਪਿਆਰ ਮਿਲੇਗਾ'।

ਵੇਰਾ ਦੱਸਦੇ ਹਨ ਕਿ ਉਨ੍ਹਾਂ ਦੀ ਮਾਂ ਦਾ ਸਰੀਰ ਬਹੁਤ ਛੋਟਾ ਸੀ ਇਸ ਲਈ ਉਹ ਉਨ੍ਹਾਂ ਨੂੰ ਆਪਣੀ 'ਲਿਟਲ ਇੰਗਲਿਸ਼ ਮਦਰ ਕਹਿੰਦੇ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਇਸ ਮਾਂ ਨੇ ਉਨ੍ਹਾਂ ਨੂੰ ਪਿਆਰ ਦਿੱਤਾ।

ਵੇਰਾ ਨੇ ਅੱਗੇ ਦੱਸਿਆ, "ਉਨ੍ਹਾਂ ਕੋਲ ਬਹੁਤ ਘੱਟ ਪੈਸੇ ਸਨ ਪਰ ਉਨ੍ਹਾਂ ਦਾ ਦਿਲ ਇੱਕ ਘਰ ਜਿੰਨਾ ਵੱਡਾ ਸੀ, ੳਨ੍ਹਾਂ ਨੇ ਮੈਨੂੰ ਖੁਸ਼ ਕਰਨ ਲਈ ਸਭ ਕੁਝ ਕੀਤਾ, ਮੈਂ ਬਹੁਤ ਖੁਸ਼ਕਿਸਮਤ ਸੀ।"

9ਵੀਂ ਟਰੇਨ ਜਿਹੜੀ ਰਵਾਨਾ ਨਹੀਂ ਹੋਈ

ਕਰੀਬ 250 ਬੱਚਿਆਂ ਨੂੰ ਬਾਹਰ ਕੱਢਣ ਲਈ ਤਿਆਰ 9ਵੀਂ ਰੇਲ ਗੱਡੀ ਨੇ 1 ਸਤੰਬਰ ਨੂੰ ਰਵਾਨਾ ਹੋਣਾ ਸੀ। ਪਰ ਉਸੇ ਦਿਨ ਜਰਮਨੀ ਨੇ ਪੋਲੈਂਡ ਉੱਤੇ ਹਮਲਾ ਕਰ ਦਿੱਤਾ, ਜੰਗ ਦਾ ਐਲਾਨ ਹੋ ਗਿਆ ਅਤੇ ਸਰਹੱਦਾ ਬੰਦ ਕਰ ਦਿੱਤੀਆਂ ਗਈਆਂ।

ਜਿਨ੍ਹਾਂ ਬੱਚਿਆਂ ਨੇ ਉੱਥੋਂ ਨਿਕਲਣਾ ਸੀ ਉਨ੍ਹਾਂ ਨੂੰ ਸਟੇਸ਼ਨ ਤੋਂ ਜਰਮਨ ਫੌਜੀਆਂ ਵੱਲੋਂ ਵਾਪਸ ਭੇਜ ਦਿੱਤਾ ਗਿਆ।

ਉਨ੍ਹਾਂ ਬੱਚਿਆਂ ਵਿੱਚ ਵੇਰਾ ਗਿਸਿੰਗ ਦੇ ਦੋ ਰਿਸ਼ਤੇਦਾਰ ਵੀ। ਦੋਵੇਂ ਬਰਜਨ-ਬੈਲਸਨ ਦੇ ਕੰਸਨਟ੍ਰੇਸ਼ਨ ਕੈਂਪ ਵਿੱਚ ਭੇਜ ਦਿੱਤੇ ਗਏ ਜਿੱਥੇ ਦੋਵਾਂ ਦੀ ਮੋਤ ਹੋ ਗਈ।

ਅੰਦਾਜ਼ੇ ਮੁਤਾਬਕ ਚੈਕੋਸਲੋਵਾਕੀਆ ਦੇ 15 ਹਜ਼ਾਰ ਯਹੂਦੀ ਬੱਚਿਆਂ ਨੂੰ ਕੈਂਪ ਵਿੱਚ ਭੇਜਿਆ ਗਿਆ ਉਨ੍ਹਾਂ ਵਿੱਚੋਂ 150 ਤੋਂ ਵੀ ਘੱਟ ਬੱਚੇ ਬਚ ਸਕੇ।

ਐਂਬੂਲੈਂਸ ਡਰਾਈਵਰ ਵਜੋਂ ਵੀ ਕੰਮ ਕੀਤਾ

ਜੰਗ ਦੇ ਐਲਾਨ ਤੋਂ ਬਾਅਦ ਵਿੰਟਨ ਨੇ ਹਥਿਆਰਬੰਦ ਲੜਾਈ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਨੋਰਮੈਂਡੀ ਵਿੱਚ ਐਂਬੂਲੈਂਸ ਡਰਾਈਵਰ ਵਜੋਂ ਕੰਮ ਕੀਤਾ।

ਉਹ ਡੰਕਿਰਕ ਤੋਂ ਬਚਾਏ ਗਏ ਵਿਅਕਤੀਆਂ ਵਿੱਚੋਂ ਇੱਕ ਸੀ।

ਸਾਲ 1940 ਵਿੱਚ ਉਨ੍ਹਾਂ ਨੇ ਹਥਿਆਰਬੰਦ ਲੜਾਈ ਵਿੱਚ ਹਿੱਸਾ ਲਿਆ ਅਤੇ ਆਰਏਐੱਫ ਵਿੱਚ ਸ਼ਾਮਲ ਹੋਏ।

ਦੂਜੀ ਵਿਸ਼ਵ ਜੰਗ ਦੇ ਅਮਤ ਤੋਂ ਬਾਅਦ ਉਨ੍ਹਾਂ ਨੇ 'ਇੰਟਰਨੈਸ਼ਨਲ ਕਮੇਟੀ ਫਾਰ ਰਿਫਿਊਜੀਜ਼' ਲਈ ਕੰਮ ਕੀਤਾ। ਉਹ ਨਾਜ਼ੀਆਂ ਵੱਲੋਂ ਲੁੱਟੀਆਂ ਗਈਆਂ ਚੀਜ਼ਾਂ ਕਬਜ਼ੇ ਵਿੱਚ ਲੈਂਦੇ ਅਤੇ ਉਨ੍ਹਾਂ ਨੂੰ ਯਹੂਦੀ ਸੰਸਥਾਵਾਂ ਲਈ ਪੈਸੇ ਇਕੱਠੇ ਕਰਨ ਲਈ ਵੇਚਦੇ।

ਇਸ ਤੋਂ ਬਾਅਦ ਉਨ੍ਹਾਂ ਨੇ ਪੈਰਿਸ ਦੇ ਇੰਟਰਨੈਸ਼ਨਲ ਬੈਂਕ ਵਿੱਚ ਕੰਮ ਕੀਤਾ ਜਿੱਥੇ ਉਹ ਆਪਣੀ ਪਤਨੀ ਗਰੇਟੇ ਗਜੇਲਸਟਰੁੱਪ ਨੂੰ ਮਿਲੇ।

ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਇੰਨਾ ਵੱਡਾ ਕਾਰਨਾਮਾ ਕਰਨ ਤੋਂ ਬਾਅਦ ਵੀ ਵਿੰਟਨ ਆਪਣੇ ਕਾਰਜ ਬਾਰੇ ਕਦੇ ਨਹੀਂ ਬੋਲੇ, ਉਹ ਇਹ ਮੰਨਦੇ ਸਨ ਕਿ ਪਰਾਗ ਵਿਚਲੇ ਉਨ੍ਹਾਂ ਦੇ ਦੋਸਤਾਂ ਨੇ ਵੱਧ ਖ਼ਤਰਾ ਮੁੱਲ ਲਿਆ ਸੀ।

ਉਨ੍ਹਾਂ ਦੀ ਦਹਾਕਿਆਂ ਲੰਬੀ ਦਲੇਰੀ ਅਣਗੌਲਿਆਂ ਗਈ।

ਜਦੋਂ ਉਹ ਆਪਣੇ ਵੱਲੋਂ ਬਚਾਏ ਗਏ ਬੱਚਿਆਂ ਨੂੰ ਮਿਲੇ

ਜਦੋਂ ਬੀਬੀਸੀ ਦੇ ਖਪਤਕਾਰ ਮਾਮਲਿਆਂ ਦੇ ਪ੍ਰੋਗਰਾਮ ਥੈਟਸ ਲਾਈਫ ਤੋਂ ਬੀਬੀਸੀ ਖੋਜਕਾਰਾਂ ਨੂੰ ਵਿੰਟਨ ਦੀ ਕਹਾਣੀ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਵਿੰਟਨ ਨੂੰ ਦਰਸ਼ਕਾਂ ਦੇ ਇੱਕ ਵਜੋਂ ਸ਼ੋਅ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ।

ਵਿੰਟਨ ਦਾ ਮੰਨਣਾ ਸੀ ਕਿ ਉਸ ਕੋਲ ਅਜਿਹੀ ਜਾਣਕਾਰੀ ਹੋ ਸਕਦੀ ਹੈ ਜੋ ਕਿੰਡਰਟਰਾਂਸਪੋਰਟ ਦੇ ਕਿਸੇ ਵੀ ਬੱਚੇ ਨੂੰ ਉਨ੍ਹਾਂ ਦੇ ਪਰਿਵਾਰਾਂ ਦਾ ਪਤਾ ਲਗਾਉਣ ਵਿੱਚ ਮਦਦ ਕਰੇਗੀ।

ਪ੍ਰੋਗਰਾਮ ਦੀ ਮੇਜ਼ਬਾਨ ਐਸਥਰ ਰੈਂਟਜ਼ੇਨ ਨੇ ਵਿੰਟਨ ਦੀ ਰੱਖੀ ਸਕ੍ਰੈਪਬੁੱਕ ਦਿਖਾਈ, ਜਿਸ ਵਿੱਚ 664 ਬੱਚਿਆਂ ਦੇ ਵੇਰਵੇ ਦਰਜ ਸਨ। ਬਾਅਦ ਵਿੱਚ ਹੋਰ ਪੰਜ ਬੱਚਿਆਂ ਦੀ ਪਛਾਣ ਹੋਈ ਜੋ ਉਸ ਦੁਆਰਾ ਆਯੋਜਿਤ ਕਿੰਡਰ ਟ੍ਰਾਂਸਪੋਰਟ 'ਤੇ ਬ੍ਰਿਟੇਨ ਵਿੱਚ ਦਾਖਲ ਹੋਏ ਸਨ।

ਵਿੰਟਨ ਨੂੰ ਤਿੰਨ ਬੱਚਿਆਂ ਨਾਲ ਜਾਣ-ਪਛਾਣ ਕਰਵਾਈ ਗਈ ਜਿਨ੍ਹਾਂ ਨੂੰ ਬਚਾਉਣ ਵਿੱਚ ਉਨ੍ਹਾਂ ਨੇ ਮਦਦ ਕੀਤੀ ਸੀ, ਇਹਨਾਂ ਵਿੱਚੋਂ ਇੱਕ ਵੇਰਾ ਸੀ।

ਇਹ ਮਿਲਣੀ ਬਹੁਤ ਭਾਵਨਾਤਮਕ ਸੀ।

ਬੱਚਿਆਂ ਵਿੱਚੋਂ ਕਿਸੇ ਨੂੰ ਵੀ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਨੂੰ ਕਿਸ ਨੇ ਮਾਰੇ ਜਾਣ ਤੋਂ ਬਚਾਇਆ ਹੈ।

ਇੱਕ ਚੌਥਾ ਬੱਚਾ, ਰੂਡੋਲਫ ਵੇਸਲੀ, ਵੀ ਦਰਸ਼ਕਾਂ ਵਿੱਚ ਸੀ। ਉਨ੍ਹਾਂ ਨਾਲ ਵਿੰਟਨ ਦੀ ਮੁਲਾਕਾਤ 1970 ਦੇ ਦਹਾਕੇ ਵਿੱਚ ਸੰਜੋਗ ਨਾਲ ਹੋਈ ਸੀ ਜਦੋਂ ਉਹ ਦੋਵੇਂ ਬਜ਼ੁਰਗ ਲੋਕਾਂ ਲਈ ਰਿਹਾਇਸ਼ ਪ੍ਰਦਾਨ ਕਰਨ ਵਾਲੀ ਚੈਰਿਟੀ ਲਈ ਕੰਮ ਕਰਦੇ ਸਨ।

ਇਸ ਪ੍ਰੋਗਰਾਮ ਦਾ ਕਾਫੀ ਪ੍ਰਭਾਵ ਪਿਆ ਅਤੇ ਕੁਝ ਮਹੀਨਿਆਂ ਬਾਅਦ ਵਿਨਟਨ ਨੂੰ ਦੈਟਜ਼ ਲਾਈਫ ਵਿੱਚ ਵਾਪਸ ਬੁਲਾਇਆ ਗਿਆ।

ਇੱਕ ਵਾਰ ਫਿਰ ਉਹ ਦਰਸ਼ਕਾਂ ਵਿੱਚ ਬੈਠੇ ਹੋਏ ਸਨ ਪਰ ਉਨ੍ਹਾ ਨੁੰ ਇਹ ਨਹੀਂ ਸੀ ਪਤਾ ਕਿ ਬਾਕੀ ਦਰਸ਼ਕ ਕਿੰਡਰ ਟ੍ਰਾਂਸਪੋਰਟ ਰਾਹੀਂ ਬਚਾਏ ਗਏ ਬੱਚੇ ਹਨ।

ਉਨ੍ਹਾਂ ਨੇ ਇਹ ਪੁੱਛਣ ਲਈ ਪ੍ਰੋਗਰਾਮ ਨਾਲ ਸੰਪਰਕ ਕੀਤਾ ਸੀ ਕਿ ਕੀ ਉਹ ਵਿਨਟਨ ਦਾ ਨਿੱਜੀ ਤੌਰ 'ਤੇ ਧੰਨਵਾਦ ਕਰ ਸਕਦੇ ਹਨ।

ਪ੍ਰੋਗਰਾਮ ਯੂਟਿਊਬ 'ਤੇ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ। ਸ਼ੋਅ ਦੇ ਹੋਸਟ ਐਸਥਰ ਰੈਂਟਜ਼ੇਨ ਨੇ ਸਟੂਡੀਓ ਦੇ ਦਰਸ਼ਕਾਂ ਨੂੰ ਪੁੱਛਿਆ ਸੀ "ਕੀ ਅੱਜ ਰਾਤ ਇੱਥੇ ਕੋਈ ਵੀ ਨਿਕੋਲਸ ਵਿੰਟਨ ਲਈ ਆਪਣੀ ਜ਼ਿੰਦਗੀ ਦਾ ਰਿਣੀ ਹੈ?"

ਦੋ ਦਰਜਨ ਤੋਂ ਵੱਧ ਬੱਚੇ ਜਿਨ੍ਹਾਂ ਦੀ ਜਾਨ ਉਨ੍ਹਾਂ ਨੇ ਬਚਾਈ ਸੀ, ਫਿਰ ਬਾਲਗ ਉਸ ਵਿਅਕਤੀ ਦਾ ਧੰਨਵਾਦ ਕਰਨ ਲਈ ਉਨ੍ਹਾਂ ਦੇ ਪੈਰਾਂ 'ਤੇ ਖੜ੍ਹੇ ਹੋਏ, ਜਿਸ ਨੇ ਨਾਜ਼ੀਆਂ ਦੀ ਬੇਰਹਿਮੀ ਦੇ ਸਾਹਮਣੇ ਉਨ੍ਹਾਂ ਨੂੰ ਬਚਾਉਣ ਦੀ ਦਲੇਰੀ ਦਿਖਾਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)