ਅਭਿਜੀਤ ਦੀਪਕੇ 'ਕਾਕਰੋਚ ਜਨਤਾ ਪਾਰਟੀ' ਬਣਾਉਣ ਤੋਂ ਪਹਿਲਾਂ ਕੀ ਕਰ ਰਹੇ ਸਨ

ਤਸਵੀਰ ਸਰੋਤ, Getty Images
ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਕਿਹਾ ਹੈ ਕਿ ਉਹ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਲਈ ਪੂਰੇ ਦੇਸ਼ ਦੇ ਕਈ ਸ਼ਹਿਰਾਂ ਵਿੱਚ ਨੌਜਵਾਨਾਂ ਨਾਲ ਪ੍ਰਦਰਸ਼ਨ ਕਰਨਗੇ।
ਅਭਿਜੀਤ ਨੇ ਇੱਕ ਵੀਡੀਓ ਰਾਹੀਂ ਬਿਆਨ ਜਾਰੀ ਕੀਤਾ ਹੈ, ਜਿਸ ਵਿੱਚ ਉਹ ਕਹਿ ਰਹੇ ਹਨ ਕਿ ਜੇਕਰ ਉਸ ਤੋਂ ਬਾਅਦ ਵੀ ਧਰਮੇਂਦਰ ਪ੍ਰਧਾਨ ਸ਼ਨੀਵਾਰ ਤੱਕ ਅਸਤੀਫ਼ਾ ਨਹੀਂ ਦਿੰਦੇ ਹਨ ਤਾਂ ਪੂਰੇ ਦੇਸ਼ ਦੇ ਨੌਜਵਾਨਾਂ ਨਾਲ ਦਿੱਲੀ ਵਿੱਚ ਵੱਡਾ ਵਿਰੋਧ ਪ੍ਰਦਰਸ਼ਨ ਕਰਨਗੇ।
ਕਾਕਰੋਚ ਜਨਤਾ ਪਾਰਟੀ ਨੇ ਸ਼ਨੀਵਾਰ ਨੂੰ ਦਿੱਲੀ ਦੇ ਜੰਤਰ-ਮੰਤਰ 'ਤੇ ਵਿਰੋਧ ਪ੍ਰਦਰਸ਼ਨ ਕੀਤਾ ਸੀ ਅਤੇ ਤਪਦੀ ਗਰਮੀ ਦੇ ਬਾਵਜੂਦ ਵੀ ਸੈਂਕੜਿਆਂ ਦੀ ਗਿਣਤੀ ਵਿੱਚ ਨੌਜਵਾਨ ਉਨ੍ਹਾਂ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਸਨ।
ਅਸੀਂ ਇਸ ਕਹਾਣੀ ਵਿੱਚ ਪੜ੍ਹਾਂਗੇ ਕਿ ਅਚਾਨਕ ਹੀ ਸਿੱਖਿਆ, ਰੁਜ਼ਗਾਰ ਅਤੇ ਪੇਪਰ ਲੀਕ ਦੇ ਮਾਮਲੇ ਵਿੱਚ ਅਭਿਜੀਤ ਦੀਪਕੇ ਕਈ ਨੌਜਵਾਨਾਂ ਦੀ ਆਵਾਜ਼ ਕਿਵੇਂ ਬਣ ਗਏ ਅਤੇ ਸੀਜੇਪੀ ਬਣਾਉਣ ਤੋਂ ਪਹਿਲਾਂ ਉਹ ਕੀ ਕਰ ਰਹੇ ਸਨ।
ਕਾਕਰੋਚ ਜਨਤਾ ਪਾਰਟੀ ਨੇ ਸ਼ਨੀਵਾਰ ਨੂੰ ਪ੍ਰਦਰਸ਼ਨ ਕਰਕੇ ਇੱਕ ਹਫ਼ਤੇ ਵਿੱਚ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਰੱਖੀ ਸੀ।
ਅਭਿਜੀਤ ਦੀਪਕੇ ਨੇ ਮੀਡੀਆ ਨਾਲ ਤਾਜ਼ਾ ਗੱਲਬਾਤ ਵਿੱਚ ਕਿਹਾ ਕਿ ਜੇ ਧਰਮੇਂਦਰ ਪ੍ਰਧਾਨ ਖ਼ੁਦ ਆਪਣਾ ਅਸਤੀਫ਼ਾ ਨਹੀਂ ਦਿੰਦੇ ਹਨ ਤਾਂ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦੇਣ।
ਅਭਿਜੀਤ ਦੀਪਕੇ ਨੇ ਜੰਤਰ-ਮੰਤਰ 'ਤੇ ਕਿਹਾ, "ਮਹਿਜ਼ ਇੱਕ-ਦੋ ਦਿਨਾਂ ਵਿੱਚ ਸਾਡੇ ਨਾਲ ਲੱਖਾਂ ਵਿਦਿਆਰਥੀ ਹੋਣਗੇ। ਕਾਕਰੋਚ ਜਨਤਾ ਪਾਰਟੀ ਕੋਈ ਯੋਜਨਾਬੱਧ ਪਾਰਟੀ ਨਹੀਂ ਹੈ। ਇਹ ਹਰ ਇੱਕ ਵਿਦਿਆਰਥੀ ਦੀ ਆਵਾਜ਼ ਹੈ, ਜੋ ਸਰਕਾਰ ਤੋਂ ਨਾਰਾਜ਼ ਹੈ।"
ਉਨ੍ਹਾਂ ਨੇ ਕਿਹਾ, "10-12 ਸਾਲਾਂ ਤੋਂ ਇਨ੍ਹਾਂ ਲੋਕਾਂ ਨੇ ਸਾਨੂੰ ਹਿੰਦੂ-ਮੁਸਲਮਾਨ ਦੀ ਰਾਜਨੀਤੀ ਵਿੱਚ ਫਸਾ ਕੇ ਰੱਖਿਆ ਹੋਇਆ ਹੈ, ਇਸ ਨਾਲ ਕਿਸ ਨੂੰ ਫ਼ਾਇਦਾ ਹੋਇਆ? ਕੀ ਹਿੰਦੂ-ਮੁਸਲਮਾਨ ਕਰਨ ਨਾਲ ਦੇਸ਼ ਵਿੱਚ ਕਿਸੇ ਨੂੰ ਵੀ ਨੌਕਰੀਆਂ ਮਿਲੀਆਂ ਹਨ?"
ਅਭਿਜੀਤ ਦੀਪਕੇ ਕੌਣ ਹਨ?

ਕਾਕਰੋਚ ਜਨਤਾ ਪਾਰਟੀ ਬਣਾਉਣ ਤੋਂ ਬਾਅਦ ਅਭਿਜੀਤ ਦੀਪਕੇ ਭਾਰਤ ਦੇ ਸਿਆਸੀ ਗਲਿਆਰਿਆਂ ਵਿੱਚ ਵੀ ਚਰਚਾ ਦਾ ਵਿਸ਼ਾ ਬਣ ਗਏ ਹਨ, ਹਾਲਾਂਕਿ ਉਨ੍ਹਾਂ ਨੇ ਖ਼ੁਦ ਅਧਿਕਾਰਕ ਤੌਰ 'ਤੇ ਕੋਈ ਸਿਆਸੀ ਦਲ ਨਹੀਂ ਬਣਾਇਆ ਹੈ।
ਅਭਿਜੀਤ ਦੀਪਕੇ ਮੀਮ ਅਤੇ ਸੋਸ਼ਲ ਮੀਡੀਆ 'ਤੇ ਮਜ਼ਾਕੀਆ ਅੰਦਾਜ਼ ਵਿੱਚ ਸ਼ੁਰੂ ਕੀਤੀ ਗਈ ਮੁਹਿੰਮ ਤੋਂ ਬਾਅਦ ਸੁਰਖ਼ੀਆਂ ਵਿੱਚ ਆਏ ਹਨ।
30 ਸਾਲਾ ਅਭਿਜੀਤ ਦੀਪਕੇ ਮੂਲ ਰੂਪ ਵਿੱਚ ਮਹਾਰਾਸ਼ਟਰ ਦੇ ਛੱਤਰਪਤੀ ਸੰਭਾਜੀ ਨਗਰ ਨਾਲ ਸਬੰਧ ਰੱਖਦੇ ਹਨ। ਉਹ ਪਿਛਲੇ ਕਰੀਬ ਦੋ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ।
ਬੀਬੀਸੀ ਮਰਾਠੀ ਨਾਲ ਗੱਲਬਾਤ ਵਿੱਚ ਅਭਿਜੀਤ ਦੀਪਕੇ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਪੁਣੇ ਤੋਂ ਗ੍ਰੈਜੂਏਸ਼ਨ ਕੀਤੀ ਹੈ।
ਅਭਿਜੀਤ ਦੀਪਕੇ ਕਰੀਬ ਤਿੰਨ ਸਾਲ ਤੱਕ ਆਮ ਆਦਮੀ ਪਾਰਟੀ ਨਾਲ ਵੀ ਜੁੜੇ ਰਹੇ। ਇੱਥੇ ਉਨ੍ਹਾਂ ਨੇ ਪਾਰਟੀ ਦੀ ਕਮਿਊਨੀਕੇਸ਼ਨ ਟੀਮ ਵਿੱਚ ਕੰਮ ਕੀਤਾ।
ਉਨ੍ਹਾਂ ਨੇ ਦੱਸਿਆ, "ਮੈਂ ਕੁਝ ਸਮੇਂ ਲਈ ਉਨ੍ਹਾਂ ਨਾਲ ਕੰਮ ਕੀਤਾ, ਫਿਰ ਮੈਨੂੰ ਲੱਗਿਆ ਕਿ ਮੈਨੂੰ ਹੋਰ ਪੜ੍ਹਨ ਦੀ ਲੋੜ ਹੈ ਅਤੇ ਮੈਂ ਘਰ ਵਿੱਚ ਮਾਸਟਰਜ਼ ਦੀ ਤਿਆਰੀ ਕਰਨ ਲੱਗ ਪਿਆ। ਫਿਰ ਮੈਨੂੰ ਬੋਸਟਨ ਯੂਨੀਵਰਸਿਟੀ ਤੋਂ ਬੁਲਾਵਾ ਆਇਆ।"
ਅਭਿਜੀਤ ਦੀਪਕੇ ਨੇ ਬੋਸਟਨ ਯੂਨੀਵਰਸਿਟੀ ਤੋਂ ਪਬਲਿਕ ਰਿਲੇਸ਼ਨਜ਼ ਵਿੱਚ ਆਪਣੀ ਮਾਸਟਰਜ਼ ਦੀ ਪੜ੍ਹਾਈ ਕੀਤੀ ਹੈ।
ਅੰਗਰੇਜ਼ੀ ਅਖ਼ਬਾਰ ਦਿ ਹਿੰਦੂ ਮੁਤਾਬਕ ਅਭਿਜੀਤ ਨੇ ਸਾਲ 2020 ਤੋਂ 2023 ਤੱਕ ਆਮ ਆਦਮੀ ਪਾਰਟੀ ਦੀ ਸੋਸ਼ਲ ਮੀਡੀਆ ਟੀਮ ਵਿੱਚ ਕੰਮ ਕੀਤਾ ਹੈ।
ਆਮ ਆਦਮੀ ਪਾਰਟੀ ਦੇ ਇੱਕ ਸੂਤਰ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਅਭਿਜੀਤ ਦੀਪਕੇ ਪਾਰਟੀ ਦੀ ਮੁੰਬਈ ਟੀਮ ਵਿੱਚ ਸਨ ਅਤੇ ਸਾਲ 2023 ਵਿੱਚ ਉਹ ਛੱਤਰਪਤੀ ਸੰਭਾਜੀ ਨਗਰ ਵਾਪਸ ਚਲੇ ਗਏ ਸਨ।
ਅਭਿਜੀਤ ਦੀਪਕੇ ਨੇ ਬੀਬੀਸੀ ਮਰਾਠੀ ਨੂੰ ਦੱਸਿਆ ਸੀ, "ਮੈਂ ਉਨ੍ਹਾਂ (ਆਪ) ਵੱਲ ਸਿਹਤ ਅਤੇ ਸਿੱਖਿਆ 'ਤੇ ਕੰਮ ਕਰਨ ਕਰਕੇ ਆਕਰਸ਼ਿਤ ਹੋਇਆ ਸੀ। ਇਹ ਕੁਝ ਨਵਾਂ ਸੀ ਜੋ ਪਹਿਲੀ ਵਾਰ ਭਾਰਤੀ ਰਾਜਨੀਤੀ ਵਿੱਚ ਹੋ ਰਿਹਾ ਸੀ।"
"ਜਿਵੇਂ ਅੱਜ ਕਾਕਰੋਚ ਜਨਤਾ ਪਾਰਟੀ ਨਵੀਂ ਹੈ। ਮੈਂ ਕੁਝ ਸਮੇਂ ਲਈ ਉਨ੍ਹਾਂ ਨਾਲ ਕੰਮ ਕੀਤਾ, ਫਿਰ ਮੈਨੂੰ ਲੱਗਿਆ ਕਿ ਮੈਨੂੰ ਹੋਰ ਪੜ੍ਹਨ ਦੀ ਲੋੜ ਹੈ ਅਤੇ ਮੈਂ ਘਰ ਵਿੱਚ ਮਾਸਟਰਜ਼ ਦੀ ਤਿਆਰੀ ਕਰਨ ਲੱਗ ਪਿਆ।"
ਸੀਜੇਪੀ ਬਣਾਉਣ ਤੋਂ ਪਹਿਲਾਂ ਕੀ ਕਰ ਰਹੇ ਸਨ?

ਤਸਵੀਰ ਸਰੋਤ, @ArvindKejriwal
ਕਾਕਰੋਚ ਜਨਤਾ ਪਾਰਟੀ ਬਣਾਉਣ ਤੋਂ ਪਹਿਲਾਂ ਵੀ ਅਭਿਜੀਤ ਦੀਪਕੇ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹੇ ਹਨ। ਉਨ੍ਹਾਂ ਦੇ ਸਿਆਸੀ ਵਿਚਾਰਾਂ ਨੂੰ ਸਮਝਣ ਲਈ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਉਨ੍ਹਾਂ ਦੀਆਂ ਪੁਰਾਣੀਆਂ ਪੋਸਟਾਂ ਵੇਖੀਆਂ ਜਾ ਸਕਦੀਆਂ ਹਨ।
ਉਨ੍ਹਾਂ ਨੇ ਐਕਸ 'ਤੇ ਕਈ ਪੋਸਟਾਂ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਜੁੜੀਆਂ ਗੱਲਾਂ ਸਾਂਝੀਆਂ ਕੀਤੀਆਂ ਹਨ।
ਅਭਿਜੀਤ ਦੀਪਕੇ ਸੋਸ਼ਲ ਮੀਡੀਆ 'ਤੇ ਅਰਵਿੰਦ ਕੇਜਰੀਵਾਲ ਦੇ ਹੱਕ ਵਿੱਚ ਸਪੱਸ਼ਟ ਤੌਰ 'ਤੇ ਨਜ਼ਰ ਆਉਂਦੇ ਹਨ। ਉਹ ਅਕਸਰ ਭਾਰਤ ਵਿੱਚ ਆਮ ਲੋਕਾਂ ਨਾਲ ਜੁੜੇ ਮੁੱਦਿਆਂ 'ਤੇ ਆਪਣੀ ਰਾਇ ਦਿੰਦੇ ਰਹੇ ਹਨ।
ਨੀਟ ਪੇਪਰ ਲੀਕ ਅਤੇ ਉਸ ਤੋਂ ਬਾਅਦ ਵਿਦਿਆਰਥੀਆਂ ਦੀਆਂ ਮੌਤਾਂ ਬਾਰੇ ਉਨ੍ਹਾਂ ਨੇ ਕਈ ਪੋਸਟਾਂ ਸਾਂਝੀਆਂ ਕੀਤੀਆਂ ਹਨ।
ਇਸ ਤੋਂ ਇਲਾਵਾ ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਬਾਰੇ ਵੀ ਉਨ੍ਹਾਂ ਦੀਆਂ ਟਿੱਪਣੀਆਂ ਸੋਸ਼ਲ ਮੀਡੀਆ 'ਤੇ ਨਜ਼ਰ ਆਉਂਦੀਆਂ ਹਨ।
ਉਨ੍ਹਾਂ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਮੁੱਦੇ 'ਤੇ ਵੀ ਸਵਾਲ ਉਠਾਏ ਹਨ ਅਤੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਬਾਰੇ ਵੀ ਟਿੱਪਣੀ ਕੀਤੀ ਹੈ।
ਹਾਲ ਦੇ ਦਿਨਾਂ ਵਿੱਚ ਕਈ ਸੋਸ਼ਲ ਮੀਡੀਆ ਪੋਸਟਾਂ ਵਿੱਚ ਅਭਿਜੀਤ ਦੀਪਕੇ ਮੋਦੀ ਸਰਕਾਰ ਅਤੇ ਭਾਜਪਾ 'ਤੇ ਨਿਸ਼ਾਨਾ ਸਾਧਦੇ ਦਿਖਾਈ ਦਿੰਦੇ ਹਨ। ਭਾਵੇਂ ਉਹ ਭਾਰਤ-ਅਮਰੀਕਾ ਵਪਾਰ ਸਮਝੌਤਾ ਹੋਵੇ ਜਾਂ ਪੱਛਮੀ ਬੰਗਾਲ ਚੋਣਾਂ ਦੌਰਾਨ ਭਾਜਪਾ ਆਗੂਆਂ ਦੇ ਭੋਜਨ ਕਰਨ ਦੀ ਤਸਵੀਰ ਹੋਵੇ।
ਅਭਿਜੀਤ ਦੀਪਕੇ ਨੇ ਇੱਕ ਪੋਸਟ ਵਿੱਚ ਇਹ ਇਲਜ਼ਾਮ ਵੀ ਲਗਾਇਆ ਹੈ ਕਿ ਖੇਤਰੀ ਪਾਰਟੀਆਂ ਨੇ ਭਾਜਪਾ ਨੂੰ ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਬਹੁਮਤ ਹਾਸਲ ਨਹੀਂ ਕਰਨ ਦਿੱਤਾ, ਇਸ ਲਈ ਅਜਿਹੀਆਂ ਪਾਰਟੀਆਂ ਨੂੰ ਇੱਕ-ਇੱਕ ਕਰਕੇ ਖ਼ਤਮ ਕੀਤਾ ਜਾਵੇਗਾ।
ਕਿਵੇਂ ਸ਼ੁਰੂ ਹੋਇਆ ਸੀਜੇਪੀ ਦਾ ਸਫ਼ਰ

ਅਭਿਜੀਤ ਦੀਪਕੇ ਦੀ ਕਾਕਰੋਚ ਜਨਤਾ ਪਾਰਟੀ ਦਾ ਸਫ਼ਰ ਬਹੁਤ ਹੀ ਮਜ਼ਾਕੀਆ ਅੰਦਾਜ਼ ਵਿੱਚ ਸ਼ੁਰੂ ਹੋਇਆ।
ਸੀਜੇਪੀ ਅਸਲ ਵਿੱਚ ਭਾਰਤ ਦੇ ਚੀਫ਼ ਜਸਟਿਸ ਸੂਰਿਆਕਾਂਤ ਦੀ ਇੱਕ ਟਿੱਪਣੀ ਕਾਰਨ ਬਣੀ ਹੈ। ਉਨ੍ਹਾਂ ਦੀ ਇਸ ਟਿੱਪਣੀ ਬਾਰੇ ਆਮ ਤੌਰ 'ਤੇ ਮੰਨਿਆ ਗਿਆ ਕਿ ਉਨ੍ਹਾਂ ਨੇ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ "ਕਾਕਰੋਚ" ਅਤੇ ਪਰਜੀਵੀ ਕਿਹਾ ਸੀ।
ਬਹੁਤ ਸਾਰੇ ਲੋਕਾਂ ਨੇ ਇਸ ਗੱਲ 'ਤੇ ਨਾਰਾਜ਼ਗੀ ਜਤਾਈ।
ਹਾਲਾਂਕਿ ਬਾਅਦ ਵਿੱਚ ਚੀਫ਼ ਜਸਟਿਸ ਨੇ ਸਪੱਸ਼ਟ ਕੀਤਾ ਕਿ ਉਹ ਉਨ੍ਹਾਂ ਲੋਕਾਂ ਬਾਰੇ ਗੱਲ ਕਰ ਰਹੇ ਸਨ ਜਿਨ੍ਹਾਂ ਨੇ ਪੇਸ਼ੇ ਵਿੱਚ ਆਉਣ ਲਈ ਜਾਅਲੀ ਡਿਗਰੀਆਂ ਦੀ ਵਰਤੋਂ ਕੀਤੀ ਸੀ।
ਜਸਟਿਸ ਸੂਰਿਆਕਾਂਤ ਨੇ ਆਪਣੀਆਂ ਟਿੱਪਣੀਆਂ ਬਾਰੇ ਸਫ਼ਾਈ ਦਿੰਦਿਆਂ ਕਿਹਾ ਸੀ ਕਿ ਮੀਡੀਆ ਦੇ ਇੱਕ ਵਰਗ ਨੇ ਉਨ੍ਹਾਂ ਦੀਆਂ ਗੱਲਾਂ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ।
ਪਰ ਜਸਟਿਸ ਸੂਰਿਆਕਾਂਤ ਦੇ ਬਿਆਨ ਤੋਂ ਬਾਅਦ ਇੱਕ ਵਿਅੰਗਾਤਮਕ ਸੋਸ਼ਲ ਮੀਡੀਆ ਮੁਹਿੰਮ ਦੀ ਕਾਫ਼ੀ ਚਰਚਾ ਸ਼ੁਰੂ ਹੋ ਗਈ। ਇਸ ਚਰਚਾ ਦੇ ਕੇਂਦਰ ਵਿੱਚ ਅਭਿਜੀਤ ਦੀਪਕੇ ਦੀ 'ਕਾਕਰੋਚ ਜਨਤਾ ਪਾਰਟੀ' (ਸੀਜੇਪੀ) ਰਹੀ।
ਇੰਟਰਨੈੱਟ 'ਤੇ ਇਸ ਦੇ ਨਾਮ ਨਾਲ ਇੱਕ ਵੈੱਬਸਾਈਟ ਬਣ ਗਈ ਹੈ ਅਤੇ ਇੰਸਟਾਗ੍ਰਾਮ 'ਤੇ ਇਸ ਦੇ 2.2 ਕਰੋੜ ਤੋਂ ਵੱਧ ਫੌਲੋਅਰਜ਼ ਹੋ ਚੁੱਕੇ ਹਨ। ਦੱਸਿਆ ਗਿਆ ਕਿ ਦੋ ਲੱਖ ਤੋਂ ਵੱਧ ਲੋਕਾਂ ਨੇ ਵੈੱਬਸਾਈਟ 'ਤੇ ਇਸ ਦੀ ਮੈਂਬਰਸ਼ਿਪ ਲਈ ਖ਼ੁਦ ਨੂੰ ਰਜਿਸਟਰ ਕੀਤਾ ਹੈ।

ਤਸਵੀਰ ਸਰੋਤ, Getty Images
ਅਭਿਜੀਤ ਦੀਪਕੇ ਨੇ ਬੀਬੀਸੀ ਨਿਊਜ਼ ਮਰਾਠੀ ਨੂੰ ਦੱਸਿਆ, "ਮੈਂ ਟਵਿੱਟਰ (ਹੁਣ ਐਕਸ) 'ਤੇ ਸੀਜੇਆਈ (ਭਾਰਤ ਦੇ ਮੁੱਖ ਜਸਟਿਸ) ਦਾ ਬਿਆਨ ਦੇਖ ਰਿਹਾ ਸੀ, ਜਿੱਥੇ ਉਹ ਸਿਸਟਮ ਦੀ ਆਲੋਚਨਾ ਕਰਨ ਅਤੇ ਰਾਇ ਦੇਣ ਲਈ ਦੇਸ਼ ਦੇ ਨੌਜਵਾਨਾਂ ਦੀ ਤੁਲਨਾ ਕਾਕਰੋਚਾਂ ਅਤੇ ਪਰਜੀਵੀਆਂ ਨਾਲ ਕਰ ਰਹੇ ਸਨ।"
"ਮੈਨੂੰ ਇਹ ਬਹੁਤ ਹਾਸੋਹੀਣਾ ਲੱਗਿਆ ਕਿਉਂਕਿ ਸੀਜੇਆਈ ਨੂੰ ਦੇਸ਼ ਦੇ ਸੰਵਿਧਾਨ ਦਾ ਰਖਵਾਲਾ ਮੰਨਿਆ ਜਾਂਦਾ ਹੈ। ਉਹ ਸੰਵਿਧਾਨ ਜੋ ਹਰ ਕਿਸੇ ਨੂੰ ਪ੍ਰਗਟਾਵੇ ਦੀ ਆਜ਼ਾਦੀ ਦਿੰਦਾ ਹੈ। ਇੱਕ ਅਜਿਹਾ ਵਿਅਕਤੀ ਜੋ ਪ੍ਰਗਟਾਵੇ ਦੀ ਆਜ਼ਾਦੀ ਦੀ ਰੱਖਿਆ ਕਰਨ ਲਈ ਹੈ, ਉਹ ਨੌਜਵਾਨਾਂ ਦੀ ਤੁਲਨਾ ਕਾਕਰੋਚਾਂ ਅਤੇ ਪਰਜੀਵੀਆਂ ਨਾਲ ਕਿਵੇਂ ਕਰ ਸਕਦਾ ਹੈ।"
"ਇਸ ਗੱਲ ਨੇ ਮੈਨੂੰ ਗੁੱਸੇ ਅਤੇ ਨਿਰਾਸ਼ਾ ਨਾਲ ਭਰ ਦਿੱਤਾ ਅਤੇ ਮੈਂ ਟਵਿੱਟਰ 'ਤੇ ਇਸ ਬਾਰੇ ਆਪਣੀ ਰਾਇ ਦਿੱਤੀ। ਮੈਂ ਪੁੱਛਿਆ ਕਿ ਜੇ ਸਾਰੇ ਕਾਕਰੋਚ ਇਕੱਠੇ ਹੋ ਜਾਣ ਤਾਂ ਕੀ ਹੋਵੇਗਾ। ਮੈਨੂੰ ਜਨਰੇਸ਼ਨ ਜ਼ੈੱਡ ਅਤੇ 25 ਸਾਲ ਤੱਕ ਦੇ ਨੌਜਵਾਨਾਂ ਵੱਲੋਂ ਸ਼ਾਨਦਾਰ ਜਵਾਬ ਮਿਲੇ ਅਤੇ ਉਨ੍ਹਾਂ ਨੇ ਕਿਹਾ ਕਿ ਸਾਨੂੰ ਇਕੱਠੇ ਹੋਣਾ ਚਾਹੀਦਾ ਹੈ ਅਤੇ ਇੱਕ ਪਲੇਟਫਾਰਮ ਬਣਾਉਣਾ ਚਾਹੀਦਾ ਹੈ।"
"ਇਸ ਨਾਲ ਮੈਨੂੰ ਇਹ ਵਿਚਾਰ ਆਇਆ ਕਿ ਸਾਨੂੰ ਆਨਲਾਈਨ ਇੱਕ ਪੈਰੋਡੀ ਪਾਰਟੀ ਬਣਾਉਣੀ ਚਾਹੀਦੀ ਹੈ, ਜਿਸ ਦਾ ਨਾਮ 'ਕਾਕਰੋਚ ਜਨਤਾ ਪਾਰਟੀ' ਹੋਵੇ। ਜੇ ਤੁਸੀਂ ਸਾਨੂੰ ਕਾਕਰੋਚ ਕਹਿ ਰਹੇ ਹੋ ਤਾਂ ਠੀਕ ਹੈ, ਅਸੀਂ ਕਾਕਰੋਚ ਜਨਤਾ ਪਾਰਟੀ ਬਣਾਉਂਦੇ ਹਾਂ।"
ਉਨ੍ਹਾਂ ਨੇ ਕਿਹਾ, "ਇਸ ਪਾਰਟੀ ਵਿੱਚ ਸ਼ਾਮਲ ਹੋਣ ਲਈ ਮੈਂ ਕੁਝ ਯੋਗਤਾਵਾਂ ਤੈਅ ਕੀਤੀਆਂ, ਜਿਵੇਂ ਕਿ ਤੁਹਾਨੂੰ ਆਲਸੀ ਹੋਣਾ ਹੋਵੇਗਾ ਜਿਵੇਂ ਸੀਜੇਆਈ ਨੇ ਕਿਹਾ, ਤੁਹਾਨੂੰ ਬੇਰੁਜ਼ਗਾਰ ਹੋਣਾ ਹੋਵੇਗਾ ਅਤੇ ਤੁਸੀਂ ਲਗਾਤਾਰ ਆਨਲਾਈਨ ਰਹਿਣ ਵਾਲੇ ਹੋਵੋ, ਜਿਵੇਂ ਸੀਜੇਆਈ ਨੇ ਕਿਹਾ ਸੀ।"
"ਇਸ ਤੋਂ ਬਾਅਦ ਸਾਨੂੰ ਲੱਗਣ ਲੱਗਾ ਕਿ ਇਹ ਵੱਡਾ ਹੋਣ ਵਾਲਾ ਹੈ ਅਤੇ ਸਿਰਫ਼ ਮਜ਼ਾਕ ਨਹੀਂ ਰਹਿ ਗਿਆ ਹੈ ਕਿਉਂਕਿ ਲੋਕ ਨਿਰਾਸ਼ ਹੋ ਚੁੱਕੇ ਸਨ। ਇੰਸਟਾਗ੍ਰਾਮ 'ਤੇ ਸਾਡੇ 20 ਲੱਖ ਫ਼ੌਲੋਅਰਜ਼ ਹੋ ਗਏ ਸਨ (ਹੁਣ ਚਾਰ ਮਿਲੀਅਨ ਤੋਂ ਵੱਧ) ਅਤੇ ਦੋ ਲੱਖ ਤੋਂ ਵੱਧ ਲੋਕਾਂ ਨੇ ਖ਼ੁਦ ਨੂੰ ਕਾਕਰੋਚ ਜਨਤਾ ਪਾਰਟੀ ਦੇ ਮੈਂਬਰ ਵਜੋਂ ਰਜਿਸਟਰ ਕੀਤਾ ਹੈ। ਭਾਰਤੀ ਰਾਜਨੀਤੀ ਵਿੱਚ ਇਹ ਕਾਫ਼ੀ ਸਮੇਂ ਬਾਅਦ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਹੈ।"
ਆਲੋਚਕ ਕਾਕਰੋਚ ਜਨਤਾ ਪਾਰਟੀ ਨੂੰ ਵਿਰੋਧੀ ਧਿਰ ਨਾਲ ਜੁੜਿਆ ਇੱਕ ਆਨਲਾਈਨ ਸਿਆਸੀ ਨਾਟਕ ਦੱਸ ਕੇ ਖਾਰਜ ਕਰ ਦਿੰਦੇ ਹਨ। ਉਹ ਦੀਪਕੇ ਦੇ ਪਹਿਲਾਂ ਆਮ ਆਦਮੀ ਪਾਰਟੀ ਨਾਲ ਸੰਬੰਧ ਦਾ ਹਵਾਲਾ ਦਿੰਦੇ ਹੋਏ ਦਲੀਲ ਦਿੰਦੇ ਹਨ ਕਿ ਇਹ ਅਚਾਨਕ ਨਹੀਂ ਹੋਇਆ, ਸਗੋਂ ਇੱਕ ਸੋਚੀ-ਸਮਝੀ ਡਿਜੀਟਲ ਰਾਜਨੀਤੀ ਹੈ।
ਭਾਰਤ ਦਾ ਜੈੱਨ ਜ਼ੀ

ਤਸਵੀਰ ਸਰੋਤ, Getty Images
ਭਾਰਤ ਦੀ ਆਬਾਦੀ ਦੁਨੀਆ ਦੀਆਂ ਸਭ ਤੋਂ ਨੌਜਵਾਨ ਆਬਾਦੀਆਂ ਵਿੱਚੋਂ ਇੱਕ ਹੈ, ਜਿੱਥੇ ਕਰੀਬ 1.4 ਅਰਬ ਲੋਕਾਂ ਵਿੱਚੋਂ ਅੱਧੇ 30 ਸਾਲ ਤੋਂ ਘੱਟ ਉਮਰ ਦੇ ਹਨ। ਫਿਰ ਵੀ ਨੌਜਵਾਨਾਂ ਦੀ ਰਸਮੀ ਸਿਆਸੀ ਭਾਗੀਦਾਰੀ ਕਾਫ਼ੀ ਸੀਮਤ ਹੈ।
ਦੀਪਕੇ ਦਾ ਮੰਨਣਾ ਹੈ, "ਲੋਕ ਨਿਰਾਸ਼ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਗੱਲ ਸੁਣੀ ਨਹੀਂ ਜਾ ਰਹੀ ਜਾਂ ਉਨ੍ਹਾਂ ਦੀ ਨੁਮਾਇੰਦਗੀ ਨਹੀਂ ਕੀਤੀ ਜਾ ਰਹੀ।"
ਹਾਲ ਦੇ ਸਾਲਾਂ ਵਿੱਚ ਦੱਖਣੀ ਏਸ਼ੀਆ ਦੇ ਕਈ ਦੇਸ਼ਾਂ ਵਿੱਚ ਨੌਜਵਾਨਾਂ ਦੀ ਅਗਵਾਈ ਹੇਠ ਵਿਰੋਧ ਪ੍ਰਦਰਸ਼ਨ ਹੋਏ ਹਨ, ਜਿਨ੍ਹਾਂ ਵਿੱਚ ਸ਼੍ਰੀਲੰਕਾ, ਨੇਪਾਲ ਅਤੇ ਬੰਗਲਾਦੇਸ਼ ਸ਼ਾਮਲ ਹਨ। ਇਨ੍ਹਾਂ ਪ੍ਰਦਰਸ਼ਨਾਂ ਦੇ ਪਿੱਛੇ ਆਮ ਤੌਰ 'ਤੇ ਬੇਰੁਜ਼ਗਾਰੀ, ਮਹਿੰਗਾਈ ਅਤੇ ਭਵਿੱਖ ਨੂੰ ਲੈ ਕੇ ਚਿੰਤਾ ਮੁੱਖ ਕਾਰਨ ਰਹੇ ਹਨ।
ਨੇਪਾਲ ਵਿੱਚ ਤਾਂ ਜਨਰੇਸ਼ਨ ਜ਼ੈੱਡ ਭਾਵ ਜੈੱਨ ਜ਼ੀ ਅੰਦੋਲਨ ਤੋਂ ਬਾਅਦ ਸਰਕਾਰ ਨੂੰ ਅਸਤੀਫ਼ਾ ਤੱਕ ਦੇਣਾ ਪਿਆ ਸੀ।
ਸ਼੍ਰੀਲੰਕਾ ਅਤੇ ਨੇਪਾਲ ਦੇ ਜੈੱਨ ਜ਼ੀ ਦੀ ਭਾਰਤ ਦੇ ਜੈੱਨ ਜ਼ੀ ਨਾਲ ਤੁਲਨਾ ਕਰਨ ਬਾਰੇ ਅਭਿਜੀਤ ਨੇ ਕਿਹਾ, "ਭਾਰਤ ਦੇ ਜੈੱਨ ਜ਼ੀ ਦੀ ਤੁਲਨਾ ਸ਼੍ਰੀਲੰਕਾ, ਨੇਪਾਲ ਅਤੇ ਬੰਗਲਾਦੇਸ਼ ਦੇ ਜੈੱਨ ਜ਼ੀ ਨਾਲ ਕਰਨਾ ਇੱਕ ਵੱਡਾ ਅਪਮਾਨ ਹੋਵੇਗਾ ਕਿਉਂਕਿ ਉਹ (ਭਾਰਤੀ ਜੈੱਨ ਜ਼ੀ) ਹਿੰਸਾ ਨਹੀਂ ਭੜਕਾ ਰਹੇ ਹਨ।"
ਉਹ ਕਹਿੰਦੇ ਹਨ, "ਨੌਜਵਾਨ ਮੌਜੂਦਾ ਸਿਆਸੀ ਵਿਵਸਥਾ ਤੋਂ ਤੰਗ ਆ ਚੁੱਕਾ ਹੈ। ਆਉਣ ਵਾਲੇ ਕੁਝ ਸਾਲਾਂ ਵਿੱਚ ਤੁਸੀਂ ਦੇਖੋਗੇ ਕਿ ਨੌਜਵਾਨ ਬਦਲਾਅ ਦੀ ਮੰਗ ਕਰੇਗਾ ਕਿਉਂਕਿ ਪਿਛਲੇ 10-12 ਸਾਲਾਂ ਵਿੱਚ ਨੌਜਵਾਨ ਨੇ 'ਹਿੰਦੂ-ਮੁਸਲਿਮ' ਉਪਦੇਸ਼ ਤੋਂ ਇਲਾਵਾ ਕੁਝ ਨਹੀਂ ਸੁਣਿਆ ਹੈ।"
ਉਨ੍ਹਾਂ ਦਾ ਮੰਨਣਾ ਹੈ, "ਨੌਜਵਾਨ ਇਸ ਸਿਆਸੀ ਵਿਵਸਥਾ ਨੂੰ ਬਦਲਣਾ ਚਾਹੁੰਦਾ ਹੈ, ਜਿੱਥੇ ਅਸੀਂ ਤਕਨੀਕੀ ਤੌਰ 'ਤੇ ਐਂਡਵਾਸ ਹੋ ਜਾਈਏ, ਜਿੱਥੇ ਰੁਜ਼ਗਾਰ ਮਿਲੇ।"
"ਅੱਗੇ ਵਧਦੇ ਹੋਏ ਅਸੀਂ ਦੁਨੀਆ ਦੇ ਸਭ ਤੋਂ ਵਧੀਆ ਦੇਸ਼ਾਂ ਨਾਲ ਆਪਣੀ ਤੁਲਨਾ ਕਰੀਏ। ਅਸੀਂ ਕਿੰਨਾ ਸਮਾਂ ਨੇਪਾਲ, ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਤੁਲਨਾ ਕਰਦੇ ਰਹਾਂਗੇ? ਭਾਰਤੀ ਜਨਰੇਸ਼ਨ ਜ਼ੈੱਡ ਇਹੀ ਚਾਹੁੰਦਾ ਹੈ ਅਤੇ ਉਹ ਆਪਣੇ ਨਾਲ ਕਾਕਰੋਚਾਂ ਵਾਂਗ ਵਿਹਾਰ ਨਹੀਂ ਚਾਹੁੰਦਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












