ਜੰਤਰ-ਮੰਤਰ 'ਤੇ ਪੁਲਿਸ ਵੱਲੋਂ ਫਾਇਰਿੰਗ ਤੋਂ ਇਨਕਾਰ, ਫਿਰ ਨੂਤਨ ਟੋੱਪੋ ਨੂੰ 'ਗੋਲੀ' ਕਿਵੇਂ ਲੱਗੀ?

ਤਸਵੀਰ ਸਰੋਤ, Md. Sartaj Alam
- ਲੇਖਕ, ਮੁਹੰਮਦ ਸਰਤਾਜ ਆਲਮ
- ਰੋਲ, ਬੀਬੀਸੀ ਹਿੰਦੀ ਲਈ ਰਾਂਚੀ ਤੋਂ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
"ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇੱਕ ਗੋਲੀ ਮੇਰੇ ਸੱਜੇ ਕੰਨ ਨੂੰ ਛੂਹਦੀ ਹੋਈ ਨਿਕਲੀ ਸੀ, ਮੇਰਾ ਕੰਨ ਕਈ ਹਿੱਸਿਆਂ ਵਿੱਚ ਫੱਟ ਚੁੱਕਿਆ ਸੀ, ਜਦੋਂ ਮੈਂ ਹੱਥ ਲਾਇਆ ਤਾਂ ਸਿਰਫ਼ ਖੂਨ ਹੀ ਖੂਨ ਸੀ।"
ਇਹ ਦਾਅਵਾ ਝਾਰਖੰਡ ਦੇ ਗੁਮਲਾ ਜ਼ਿਲ੍ਹੇ ਦੇ ਪੁੱਗੂ ਕਰਮਦੀਪਾ ਪਿੰਡ ਦੀ ਰਹਿਣ ਵਾਲੀ ਨੂਤਨ ਟੋੱਪੋ ਦਾ ਹੈ। ਉਹ 20 ਜੁਲਾਈ ਨੂੰ ਨਵੀਂ ਦਿੱਲੀ ਵਿੱਚ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਅਤੇ ਵਿਦਿਆਰਥੀ ਸੰਗਠਨਾਂ ਦੀ ਅਗਵਾਈ ਹੇਠ ਹਜ਼ਾਰਾਂ ਨੌਜਵਾਨਾਂ ਦੇ ਜੰਤਰ-ਮੰਤਰ ਤੋਂ ਸੰਸਦ ਤੱਕ 'ਚਲੋ ਸੰਸਦ' ਮਾਰਚ ਦਾ ਹਿੱਸਾ ਸਨ।
ਨੂਤਨ ਟੋੱਪੋ ਦੇ ਇਸ ਦਾਅਵੇ ਦੀ ਪੁਸ਼ਟੀ ਰਾਮ ਮਨੋਹਰ ਲੋਹੀਆ ਹਸਪਤਾਲ ਦੀ ਡਿਸਚਾਰਜ ਸਮਰੀ ਕਰਦੀ ਹੈ। ਇਸੇ ਹਸਪਤਾਲ ਵਿੱਚ ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
20 ਜੁਲਾਈ ਦੀ ਡਿਸਚਾਰਜ ਸਮਰੀ ਵਿੱਚ ਲਿਖਿਆ ਹੋਇਆ ਹੈ ਕਿ ਨੂਤਨ ਦੇ "ਕੰਨ ਵਿੱਚ ਗਨਸ਼ਾਟ ਲੱਗਾ ਹੈ।"

ਤਸਵੀਰ ਸਰੋਤ, Mohammad Sartaj Alam/BBC
ਹਾਲਾਂਕਿ ਦਿੱਲੀ ਪੁਲਿਸ ਅਤੇ ਕੇਂਦਰ ਸਰਕਾਰ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਇਸ ਵਿਰੋਧ ਪ੍ਰਦਰਸ਼ਨ ਦੌਰਾਨ ਗੋਲੀ ਨਹੀਂ ਚਲਾਈ ਗਈ।
ਇਸ ਨੂੰ ਲੈ ਕੇ ਵਿਵਾਦ ਵੀ ਹੋ ਰਿਹਾ ਹੈ, ਪਰ ਇਸ ਪ੍ਰਦਰਸ਼ਨ ਦੌਰਾਨ ਪੈਲੇਟ ਗਨ ਨਾਲ ਜ਼ਖ਼ਮੀ ਹੋਣ ਦੇ ਕੁਝ ਹੋਰ ਮਾਮਲੇ ਵੀ ਸਾਹਮਣੇ ਆਏ ਹਨ।

ਪ੍ਰਦਰਸ਼ਨ ਵਿੱਚ ਨੂਤਨ ਟੋੱਪੋ ਕਿਵੇਂ ਪਹੁੰਚੇ?

ਤਸਵੀਰ ਸਰੋਤ, Md. Sartaj Alam
32 ਸਾਲਾ ਨੂਤਨ ਟੋੱਪੋ ਪਿਛਲੇ ਕਈ ਸਾਲਾਂ ਤੋਂ ਗੁਰੂਗ੍ਰਾਮ ਵਿੱਚ ਰਹਿ ਕੇ ਪਾਰਟ-ਟਾਈਮ ਨੌਕਰੀ ਦੇ ਨਾਲ-ਨਾਲ ਕੰਪਟੀਸ਼ਨ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਸਨ।
ਜਦੋਂ ਵਿਦਿਆਰਥੀਆਂ ਨੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਸ਼ੁਰੂ ਕੀਤਾ ਤਾਂ ਨੂਤਨ ਵੀ ਦੇਸ਼ ਭਰ ਦੇ ਨੌਜਵਾਨਾਂ ਵਾਂਗ ਇਸ ਤੋਂ ਪ੍ਰਭਾਵਿਤ ਹੋ ਗਏ। ਨੂਤਨ ਨੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਆਪਣੇ ਪਰਿਵਾਰਕ ਮੈਂਬਰਾਂ ਤੋਂ ਇਜਾਜ਼ਤ ਮੰਗੀ।
ਉਹ ਕਹਿੰਦੇ ਹਨ, "ਪਰਿਵਾਰ ਦਾ ਕਹਿਣਾ ਸੀ ਕਿ ਮੈਂ ਬੱਚਿਆਂ ਲਈ ਇਲੈਕਟ੍ਰੋਲ ਲੈ ਕੇ ਜਾਵਾਂ, ਉਨ੍ਹਾਂ ਦਾ ਸਹਿਯੋਗ ਕਰਾਂ ਅਤੇ ਉਨ੍ਹਾਂ ਨਾਲ ਸਮਾਂ ਬਤੀਤ ਕਰਾਂ।"
ਇਸ ਤੋਂ ਬਾਅਦ ਨੂਤਨ ਵੀ 19 ਜੁਲਾਈ ਨੂੰ ਛੁੱਟੀ ਲੈ ਕੇ ਜੰਤਰ-ਮੰਤਰ ਪਹੁੰਚ ਗਏ। ਨੂਤਨ ਦੇ ਮੁਤਾਬਕ, ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਸ਼ਾਂਤਮਈ ਢੰਗ ਨਾਲ ਪੂਰੇ ਅਨੁਸ਼ਾਸਨ ਵਿੱਚ ਪ੍ਰਦਰਸ਼ਨ ਕਰਦੇ ਦੇਖਿਆ।
ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਉਨ੍ਹਾਂ ਪਰਿਵਾਰਾਂ ਨਾਲ ਹੋਈ ਜਿਨ੍ਹਾਂ ਦੇ ਬੱਚਿਆਂ ਨੇ ਨੀਟ ਪੇਪਰ ਲੀਕ ਕਾਰਨ ਖੁਦਕੁਸ਼ੀ ਕੀਤੀ ਸੀ।
ਨੂਤਨ ਕਹਿੰਦੇ ਹਨ, "ਉਨ੍ਹਾਂ ਨੂੰ ਵੇਖ ਕੇ ਮੈਨੂੰ ਬਹੁਤ ਦੁੱਖ ਹੋਇਆ ਕਿ ਇਹ ਲੋਕ ਆਪਣੇ ਬੱਚਿਆਂ ਤੋਂ ਬਿਨਾਂ ਕਿਵੇਂ ਰਹਿ ਰਹੇ ਹਨ। ਉਸ ਵੇਲੇ ਮੈਂ ਫੈਸਲਾ ਕੀਤਾ ਕਿ 20 ਜੁਲਾਈ ਨੂੰ 'ਚਲੋ ਸੰਸਦ' ਮਾਰਚ ਦਾ ਹਿੱਸਾ ਬਣਾਂਗੀ।"
'ਸਾਹਮਣੇ ਬੰਦੂਕਾਂ ਸਨ, ਪਿੱਛੇ ਤੋਂ ਗੋਲੀ ਚਲਾਈ ਗਈ'

ਤਸਵੀਰ ਸਰੋਤ, ANI
ਨੂਤਨ 20 ਜੁਲਾਈ ਦੀ ਸਵੇਰ ਸਾਢੇ ਨੌਂ ਵਜੇ ਜੰਤਰ-ਮੰਤਰ ਪਹੁੰਚੇ। ਨੂਤਨ ਉੱਥੋਂ ਦਾ ਮੰਜ਼ਰ ਯਾਦ ਕਰਦੇ ਹਨ ਅਤੇ ਭਾਵੁਕ ਹੋ ਜਾਂਦੇ ਹਨ।
ਉਨ੍ਹਾਂ ਦਾ ਦਾਅਵਾ ਹੈ ਕਿ ਜੰਤਰ-ਮੰਤਰ 'ਤੇ ਵੱਡੀ ਗਿਣਤੀ ਵਿੱਚ ਮੌਜੂਦ ਬੱਚੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ, ਜਦਕਿ ਪਿਛਲੇ ਕਈ ਦਿਨਾਂ ਤੋਂ ਕੁਝ ਨੌਜਵਾਨ ਭੁੱਖ ਹੜਤਾਲ 'ਤੇ ਸਨ।
ਨੌਜਵਾਨਾਂ ਦੀ ਭੀੜ ਉਸ ਸਮੇਂ 'ਚਲੋ ਸੰਸਦ' ਮਾਰਚ ਲਈ ਅੱਗੇ ਵਧਣਾ ਚਾਹੁੰਦੀ ਸੀ ਪਰ ਇੱਕ ਪਾਸੇ ਬੈਰੀਕੇਡਿੰਗ ਸੀ ਅਤੇ ਦੂਜੇ ਪਾਸੇ ਸੁਰੱਖਿਆ ਬਲਾਂ ਦੀ ਮੌਜੂਦਗੀ ਕਾਰਨ ਕੋਈ ਅੱਗੇ ਨਹੀਂ ਵੱਧ ਸਕਦਾ ਸੀ।
ਨੂਤਨ ਟੋੱਪੋ ਦੇ ਅਨੁਸਾਰ, ਉੱਥੇ ਮੌਜੂਦ ਸੁਰੱਖਿਆ ਬਲਾਂ ਨੇ ਸਾਰਿਆਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਲਗਾਤਾਰ ਅੰਤਰਾਲ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ।
ਉਹ ਕਹਿੰਦੇ ਹਨ, "ਅੱਥਰੂ ਗੈਸ ਕਾਰਨ ਸਾਰੀ ਚਮੜੀ ਸੜਨ ਲੱਗ ਪਈ ਸੀ। ਅੱਖਾਂ, ਮੂੰਹ ਅਤੇ ਚਿਹਰਾ ਸਭ ਝੁਲਸ ਰਹੇ ਸਨ। ਅਜਿਹਾ ਲੱਗਿਆ ਕਿ ਅਸੀਂ ਵਾਪਸ ਚਲੇ ਜਾਈਏ, ਪਰ ਅਸੀਂ ਡਟੇ ਰਹੇ।"
ਨੂਤਨ ਦਾਅਵਾ ਕਰਦੇ ਹਨ ਕਿ 20 ਜੁਲਾਈ ਨੂੰ ਸਾਢੇ ਤਿੰਨ ਤੋਂ ਚਾਰ ਵਜੇ ਦੇ ਵਿਚਕਾਰ ਲਾਠੀਚਾਰਜ ਸ਼ੁਰੂ ਹੋ ਗਿਆ।
ਉਹ ਕਹਿੰਦੇ ਹਨ, "ਪੁਲਿਸ ਬਲ ਪੂਰੀ ਸੁਰੱਖਿਆ ਕਿੱਟ ਨਾਲ ਆਇਆ ਸੀ, ਜਦਕਿ ਸਾਡੇ (ਵਿਦਿਆਰਥੀਆਂ ਦੇ) ਹੱਥਾਂ ਵਿੱਚ ਕੀ ਸੀ? ਸਿਰਫ਼ ਕਿਤਾਬਾਂ, ਬੈਨਰ ਅਤੇ ਛੋਟੇ-ਮੋਟੇ ਪੋਸਟਰ।"
ਉਨ੍ਹਾਂ ਨੇ ਦੱਸਿਆ ਕਿ ਲਾਠੀਚਾਰਜ ਨਾਲ ਭੀੜ ਤਾਂ ਖ਼ਿਲਰ ਜਾਂਦੀ ਸੀ, ਪਰ ਕੁਝ ਹੀ ਦੇਰ ਬਾਅਦ ਕਿਸੇ ਹੋਰ ਨਜ਼ਦੀਕੀ ਥਾਂ 'ਤੇ ਫਿਰ ਇਕੱਠੀ ਹੋ ਜਾਂਦੀ ਸੀ।
ਨੂਤਨ ਦੇ ਮੁਤਾਬਕ, ਸੁਰੱਖਿਆ ਬਲਾਂ ਵੱਲੋਂ ਲਗਾਤਾਰ ਖਦੇੜੇ ਜਾਣ ਕਾਰਨ ਨੌਜਵਾਨਾਂ ਦੀ ਵੱਡੀ ਗਿਣਤੀ ਕਨਾਟ ਪਲੇਸ ਦੇ ਚੌਰਾਹੇ 'ਤੇ ਪਹੁੰਚ ਗਈ ਅਤੇ ਸੁਰੱਖਿਆ ਬਲਾਂ ਨਾਲ ਘਿਰ ਗਈ।
ਨੂਤਨ ਦਾਅਵਾ ਕਰਦੇ ਹਨ, "ਉੱਥੇ ਸਾਰੇ ਵਿਦਿਆਰਥੀਆਂ ਵੱਲ ਸੁਰੱਖਿਆ ਬਲ ਬੰਦੂਕਾਂ ਤਾਣ ਕੇ ਖੜ੍ਹੇ ਸਨ। ਉਨ੍ਹਾਂ ਨੂੰ ਦੇਖ ਕੇ ਅਸੀਂ ਪਿੱਛੇ ਭੱਜਣ ਲੱਗ ਪਏ, ਉਸੇ ਵੇਲੇ ਪਿੱਛੇ ਤੋਂ ਸਾਡੇ ਉੱਪਰ ਗੋਲੀ ਚਲਾਈ ਗਈ। ਇੱਕ ਗੋਲੀ ਮੇਰੇ ਕੰਨ ਨੂੰ ਛੂਹਦੀ ਹੋਈ ਅਤੇ ਪੂਰੇ ਕੰਨ ਨੂੰ ਚੀਰਦੀ ਹੋਈ ਨਿਕਲ ਗਈ।"
ਨੂਤਨ ਦੇ ਮੁਤਾਬਕ ਇਹ ਘਟਨਾ 20 ਜੁਲਾਈ ਦੀ ਸ਼ਾਮ ਲਗਭਗ ਪੰਜ ਤੋਂ ਸਾਢੇ ਪੰਜ ਵਜੇ ਦੇ ਵਿਚਕਾਰ ਦੀ ਹੈ।
ਨੂਤਨ ਨੇ ਦੱਸਿਆ, "ਜਦੋਂ ਮੈਂ ਘਬਰਾ ਕੇ ਆਪਣੇ ਕੰਨ 'ਤੇ ਹੱਥ ਰੱਖਿਆ, ਤਾਂ ਵੇਖਿਆ ਕਿ ਹੱਥ ਪੂਰੀ ਤਰ੍ਹਾਂ ਖੂਨ ਨਾਲ ਲਥਪਥ ਹੋ ਚੁੱਕਿਆ ਸੀ।"
ਨੂਤਨ ਦਾ ਦਾਅਵਾ ਹੈ ਕਿ ਉਸ ਦੌਰਾਨ ਵੀ ਲਗਾਤਾਰ ਫਾਇਰਿੰਗ ਹੋ ਰਹੀ ਸੀ, ਪਰ ਉਨ੍ਹਾਂ ਦੇ ਸਾਥੀਆਂ ਨੇ ਇਸ ਦੀ ਪਰਵਾਹ ਕੀਤੇ ਬਿਨਾਂ ਐਂਬੂਲੈਂਸ ਬੁਲਾਈ ਅਤੇ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਦਾਖ਼ਲ ਕਰਵਾਇਆ।
ਝਾਰਖੰਡ ਵਿੱਚ ਭੈਣ ਨੂੰ ਮਿਲੀ ਖ਼ਬਰ

ਨੂਤਨ ਦੇ ਜ਼ਖ਼ਮੀ ਹੋਣ ਤੋਂ ਬਾਅਦ ਉਨ੍ਹਾਂ ਦੇ ਸਾਥੀਆਂ ਨੇ ਸਭ ਤੋਂ ਪਹਿਲਾਂ ਉਨ੍ਹਾਂ ਦੀ ਛੋਟੀ ਭੈਣ ਨੂਪੁਰ ਟੋੱਪੋ ਨੂੰ ਫ਼ੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ।
ਨੂਪੁਰ ਟੋੱਪੋ ਉਸ ਪਲ ਨੂੰ ਯਾਦ ਕਰਦਿਆਂ ਦੱਸਦੀ ਹੈ ਕਿ ਅਚਾਨਕ ਨੂਤਨ ਦੇ ਨੰਬਰ ਤੋਂ ਫ਼ੋਨ ਆਇਆ ਕਿ ਨੂਤਨ ਨੂੰ ਸੱਟ ਲੱਗ ਗਈ ਹੈ।
ਪਰ ਨੂਪੁਰ ਸਮਝ ਨਹੀਂ ਸਕੀ ਕਿ ਸੱਟ ਕਿਸ ਤਰ੍ਹਾਂ ਦੀ ਲੱਗੀ ਹੈ।
ਉਹ ਦੱਸਦੀ ਹੈ, "ਥੋੜ੍ਹੀ ਦੇਰ ਬਾਅਦ ਖੁਦ ਨੂਤਨ ਦਾ ਫ਼ੋਨ ਆਇਆ ਅਤੇ ਉਸ ਨੇ ਦੱਸਿਆ ਕਿ ਉਸ ਨੂੰ ਗੋਲੀ ਲੱਗ ਗਈ ਹੈ। ਮੈਂ ਪੂਰੀ ਤਰ੍ਹਾਂ ਡਰ ਗਈ ਸੀ। ਸਮਝ ਨਹੀਂ ਆ ਰਿਹਾ ਸੀ ਕਿ ਇੰਨੀ ਦੂਰ ਤੋਂ ਮੈਂ ਤੁਰੰਤ ਦਿੱਲੀ ਕਿਵੇਂ ਪਹੁੰਚਾਂ।"
ਨੂਪੁਰ ਨੇ ਘਟਨਾ ਦੀ ਜਾਣਕਾਰੀ ਆਪਣੇ 68 ਸਾਲਾ ਬਿਮਾਰ ਪਿਤਾ ਨੂੰ ਤੁਰੰਤ ਨਹੀਂ ਦਿੱਤੀ। ਉਸ ਨੂੰ ਡਰ ਸੀ ਕਿ ਇਹ ਖ਼ਬਰ ਸੁਣ ਕੇ ਪਿਤਾ ਘਬਰਾ ਜਾਣਗੇ।
ਨੂਪੁਰ ਨੇ ਅੱਗੇ ਦੱਸਿਆ ਕਿ ਉਸ ਨੇ ਹਿੰਮਤ ਕਰਕੇ ਉਥੇ ਮੌਜੂਦ ਨੂਤਨ ਦੇ ਸਾਥੀਆਂ ਨੂੰ ਬੇਨਤੀ ਕੀਤੀ ਕਿ ਉਹ ਨੂਤਨ ਨੂੰ ਇਕੱਲਾ ਨਾ ਛੱਡਣ ਅਤੇ ਹਸਪਤਾਲ ਵਿੱਚ ਉਸ ਦੀ ਦੇਖਭਾਲ ਕਰਨ।
ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਸ਼ਾਮ ਪੌਣੇ ਛੇ ਤੋਂ ਛੇ ਵਜੇ ਦੇ ਕਰੀਬ ਦਾਖ਼ਲ ਕੀਤੇ ਜਾਣ ਤੋਂ ਬਾਅਦ ਨੂਤਨ ਦੇ ਕੰਨ ਦੀ ਲਗਭਗ ਦੋ ਘੰਟੇ ਤੱਕ ਸਰਜਰੀ ਚੱਲੀ।
ਪਰ ਸਰਜਰੀ ਤੋਂ ਕੇਵਲ 15 ਮਿੰਟ ਬਾਅਦ ਹੀ ਹਸਪਤਾਲ ਨੇ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ।

ਤਸਵੀਰ ਸਰੋਤ, Getty Images
ਨੂਤਨ ਕਹਿੰਦੇ ਹਨ, "19 ਅਤੇ 20 ਜੁਲਾਈ ਨੂੰ ਪੂਰਾ ਦਿਨ ਅਸੀਂ ਪ੍ਰਦਰਸ਼ਨ ਵਿੱਚ ਸੀ, ਸਾਨੂੰ ਬਿਲਕੁਲ ਵੀ ਆਰਾਮ ਨਹੀਂ ਮਿਲਿਆ ਸੀ। ਉੱਪਰੋਂ ਗਨਸ਼ਾਟ ਇੰਜਰੀ ਤੋਂ ਬਾਅਦ ਮੈਨੂੰ ਸਭ ਤੋਂ ਵੱਧ ਆਰਾਮ ਦੀ ਲੋੜ ਸੀ, ਪਰ ਹਸਪਤਾਲ ਵਿੱਚ ਮੈਨੂੰ ਨਹੀਂ ਰੱਖਿਆ ਗਿਆ ਅਤੇ ਸਰਜਰੀ ਤੋਂ 15 ਮਿੰਟ ਬਾਅਦ ਹੀ ਡਿਸਚਾਰਜ ਕਰ ਦਿੱਤਾ ਗਿਆ।"
ਇਸ ਤੋਂ ਬਾਅਦ ਲਗਾਤਾਰ ਤਿੰਨ ਦਿਨਾਂ ਤੱਕ ਨੂਤਨ ਨੂੰ ਗੁਰੂਗ੍ਰਾਮ ਸਥਿਤ ਆਪਣੇ ਕਮਰੇ ਤੋਂ ਹਰ ਰੋਜ਼ ਰਾਮ ਮਨੋਹਰ ਲੋਹੀਆ ਹਸਪਤਾਲ ਇਲਾਜ ਅਤੇ ਪੱਟੀ ਕਰਵਾਉਣ ਲਈ ਆਉਣਾ ਪੈਂਦਾ ਸੀ।
ਸਿਰਫ਼ ਆਉਣ-ਜਾਣ ਵਿੱਚ ਹਰ ਰੋਜ਼ ਲਗਭਗ 600 ਰੁਪਏ ਖ਼ਰਚ ਹੋ ਰਹੇ ਸਨ, ਜੋ ਪਾਰਟ-ਟਾਈਮ ਨੌਕਰੀ ਕਰਕੇ ਆਪਣੀ ਪੜ੍ਹਾਈ ਦਾ ਖ਼ਰਚ ਕੱਢਣ ਵਾਲੀ ਇੱਕ ਵਿਦਿਆਰਥਣ ਲਈ ਬਹੁਤ ਹੀ ਤਕਲੀਫ਼ਦੇਹ ਸੀ।
ਲਗਾਤਾਰ ਭੱਜਦੌੜ, ਜੰਤਰ-ਮੰਤਰ 'ਤੇ ਉਪਲਬਧ ਪਾਣੀ ਅਤੇ ਢੰਗ ਨਾਲ ਆਰਾਮ ਨਾ ਮਿਲਣ ਕਾਰਨ ਨੂਤਨ ਗੰਭੀਰ ਇਨਫੈਕਸ਼ਨ ਦਾ ਸ਼ਿਕਾਰ ਹੋ ਗਏ।
ਉਨ੍ਹਾਂ ਨੂੰ ਤੇਜ਼ ਬੁਖ਼ਾਰ ਨੇ ਜਕੜ ਲਿਆ। ਹਾਲਤ ਵਿਗੜਦੀ ਵੇਖ ਸਾਥੀਆਂ ਦੀ ਮਦਦ ਨਾਲ ਨੂਤਨ 25 ਜੁਲਾਈ ਦੀ ਸ਼ਾਮ ਰਾਂਚੀ ਪਹੁੰਚੇ।
ਰਾਂਚੀ ਪਹੁੰਚਣ ਤੋਂ ਬਾਅਦ ਪ੍ਰਦਰਸ਼ਨ ਨਾਲ ਜੁੜੇ ਵਿਦਿਆਰਥੀਆਂ ਨੇ ਰਾਂਚੀ ਕਾਂਗਰਸ ਦੇ ਮਹਾਨਗਰ ਪ੍ਰਧਾਨ ਕੁਮਾਰ ਰਾਜਾ ਨਾਲ ਸੰਪਰਕ ਕੀਤਾ।
ਕੁਮਾਰ ਰਾਜਾ ਨੇ ਨੂਤਨ ਦੀ ਹਾਲਤ ਨੂੰ ਦੇਖਦੇ ਹੋਏ ਤੁਰੰਤ ਉਨ੍ਹਾਂ ਨੂੰ ਰਾਂਚੀ ਦੇ ਸਿਨਰਜੀ ਗਲੋਬਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਅਤੇ ਇਲਾਜ ਦਾ ਸਾਰਾ ਖ਼ਰਚ ਖੁਦ ਅਦਾ ਕੀਤਾ।
ਕੁਮਾਰ ਰਾਜਾ ਨੇ ਦੱਸਿਆ ਕਿ ਨੂਤਨ ਦੇ ਕੰਨ ਵਿੱਚ 10 ਟਾਂਕੇ ਲੱਗੇ ਸਨ, ਇਨਫੈਕਸ਼ਨ ਬਹੁਤ ਵੱਧ ਗਿਆ ਸੀ ਅਤੇ ਨੂਤਨ ਨੂੰ ਸੁਣਾਈ ਦੇਣਾ ਵੀ ਬੰਦ ਹੋ ਗਿਆ ਸੀ।
ਉਹ ਕਹਿੰਦੇ ਹਨ, "27 ਜੁਲਾਈ ਨੂੰ ਅਸੀਂ ਹਸਪਤਾਲ ਵਿੱਚ ਐਮਆਰਆਈ ਅਤੇ ਸੀਟੀ ਸਕੈਨ ਸਮੇਤ ਕਈ ਟੈਸਟ ਕਰਵਾਏ। ਕੰਨ ਦਾ ਪਰਦਾ ਨੁਕਸਾਨਿਆ ਗਿਆ ਹੈ, ਇਸ ਲਈ 10 ਦਿਨਾਂ ਬਾਅਦ ਇੱਕ ਹਿਅਰਿੰਗ ਟੈਸਟ ਹੋਣਾ ਹੈ। ਸਾਡੀ ਕੋਸ਼ਿਸ਼ ਹੈ ਕਿ ਉਨ੍ਹਾਂ ਦਾ ਵਧੀਆ ਇਲਾਜ ਹੋਵੇ ਅਤੇ ਉਹ ਪੂਰੀ ਤਰ੍ਹਾਂ ਠੀਕ ਹੋ ਕੇ ਹੀ ਆਪਣੇ ਪਿੰਡ ਵਾਪਸ ਜਾਣ।"
ਇਸ ਹਸਪਤਾਲ ਵੱਲੋਂ ਜਾਰੀ ਡਿਸਚਾਰਜ ਸਮਰੀ ਵਿੱਚ ਕੰਨ ਦੀ ਸੱਟ ਦਾ ਕਾਰਨ ਪੈਲੇਟ ਗਨ ਦੱਸਿਆ ਗਿਆ ਹੈ।
ਪਰਿਵਾਰ ਦਾ ਹਾਲ

ਤਸਵੀਰ ਸਰੋਤ, Md. Sartaj Alam
30 ਜੁਲਾਈ ਦੀ ਸ਼ਾਮ ਹਸਪਤਾਲ ਤੋਂ ਡਿਸਚਾਰਜ ਹੋਣ ਵਾਲੀ ਨੂਤਨ ਟੋੱਪੋ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਬਿਮਾਰ ਬਜ਼ੁਰਗ ਪਿਤਾ ਅਤੇ ਚਾਰ ਭੈਣਾਂ ਹਨ। ਉਨ੍ਹਾਂ ਦੀ ਵੱਡੀ ਭੈਣ ਦਾ ਵਿਆਹ ਹੋ ਚੁੱਕਾ ਹੈ ਅਤੇ ਉਹ ਰਾਂਚੀ ਵਿੱਚ ਰਹਿੰਦੀ ਹੈ।
ਨੂਤਨ ਜਦੋਂ ਪੰਜਵੀਂ ਜਮਾਤ ਵਿੱਚ ਸਨ ਤਾਂ ਉਨ੍ਹਾਂ ਦੀ ਮਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪਿਤਾ ਟੈਰੇਸ ਟੋੱਪੋ ਨੇ ਆਪਣੀ ਅਰਧਸੈਨਿਕ ਬਲ ਦੀ ਨੌਕਰੀ ਛੱਡ ਦਿੱਤੀ।
ਉਨ੍ਹਾਂ ਦੀ ਛੋਟੀ ਭੈਣ ਖੁਸ਼ਬੂ ਟੋੱਪੋ ਸਿਕਲ ਸੈਲ ਦੀ ਮਰੀਜ਼ ਹੈ। ਉਸ ਨੂੰ ਲੋੜ ਅਨੁਸਾਰ ਹਰ ਕੁਝ ਮਹੀਨਿਆਂ ਬਾਅਦ ਖੂਨ ਲਗਵਾਉਣਾ ਪੈਂਦਾ ਹੈ, ਜਦਕਿ ਨੂਪੁਰ ਟੋੱਪੋ ਇੱਕ ਫੁੱਟਬਾਲ ਕੋਚ ਹੈ। ਇਸ ਤੋਂ ਹੋਣ ਵਾਲੀ ਆਮਦਨ ਨਾਲ ਉਹ ਪਰਿਵਾਰ ਦੀ ਆਰਥਿਕ ਮਦਦ ਕਰਦੀ ਹੈ।
ਕੀ ਅਜਿਹੇ ਪ੍ਰੋਟੈਸਟਾਂ ਨਾਲ ਨੌਜਵਾਨਾਂ ਨੂੰ ਲਾਭ ਹੋਵੇਗਾ? ਇਸ ਸਵਾਲ 'ਤੇ ਨੂਤਨ ਦਾ ਮੰਨਣਾ ਹੈ ਕਿ ਅੱਜ ਦੀ ਜਨਰੇਸ਼ਨ ਜ਼ੀ ਦੇ ਬੱਚੇ ਪਹਿਲਾਂ ਵਾਂਗ ਨਹੀਂ ਹਨ ਕਿ ਜੋ ਗਲਤ ਹੋ ਰਿਹਾ ਹੈ, ਉਸ ਨੂੰ ਚੁੱਪਚਾਪ ਹੋਣ ਦੇਣ।
ਉਹ ਕਹਿੰਦੇ ਹਨ, "ਅੱਜ ਦੇ ਨੌਜਵਾਨ ਮੰਨਦੇ ਹਨ ਕਿ ਜੋ ਗਲਤ ਹੋ ਰਿਹਾ ਹੈ, ਉਸ ਨੂੰ ਬਦਲੋ। ਮੈਂ ਇਸ ਬਦਲਾਅ ਦਾ ਹਿੱਸਾ ਬਣਨ ਅਤੇ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਨੂੰ ਬਦਲਦਾ ਹੋਇਆ ਦੇਖਣ ਲਈ ਜੰਤਰ-ਮੰਤਰ ਗਈ ਸੀ।"
ਰਾਂਚੀ ਦੇ ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਬਾਅਦ ਨੂਤਨ ਰਾਂਚੀ ਵਿੱਚ ਕਾਂਗਰਸ ਦੀ ਪ੍ਰੈਸ ਕਾਨਫਰੰਸ ਵਿੱਚ ਸ਼ਾਮਲ ਹੋਏ।
ਉਹ ਕਹਿੰਦੇ ਹਨ, "ਪ੍ਰੈਸ ਕਾਨਫਰੰਸ ਵਿੱਚ ਲੋਕ ਜੰਤਰ-ਮੰਤਰ ਦੀ ਜ਼ਮੀਨੀ ਸੱਚਾਈ ਅਤੇ ਮੇਰਾ ਤਜਰਬਾ ਸੁਣਨਾ ਚਾਹੁੰਦੇ ਸਨ, ਤਾਂ ਜੋ ਉਨ੍ਹਾਂ ਦੀ ਆਵਾਜ਼ ਦੇਸ਼ ਦੇ ਸਾਹਮਣੇ ਆ ਸਕੇ। ਮੈਂ ਕਿਸੇ ਵੀ ਰਾਜਨੀਤਿਕ ਦਲ ਦਾ ਸਮਰਥਨ ਨਹੀਂ ਕਰਦੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ





















