ਮਜ਼ਬੂਤ ਦਿਖਣ ਵਾਲੇ ਬਾਡੀ ਬਿਲਡਰ ਅਚਾਨਕ ਕਿਉਂ ਮਰ ਰਹੇ ਹਨ? ਦਿਲ 'ਤੇ ਖ਼ਤਰਾ ਕਿਵੇਂ ਵਧਦਾ ਜਾ ਰਿਹਾ ਹੈ

ਤਸਵੀਰ ਸਰੋਤ, Getty Images
- ਲੇਖਕ, ਸਟੈਫਨੀ ਰੋਡ੍ਰਿਗਜ਼
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਇਸ ਮਹੀਨੇ ਦੇ ਸ਼ੁਰੂ ਵਿੱਚ, ਮੈਲਸਨ ਅਰਾਊਜੋ ਨੇ ਜਿਮ ਵਿੱਚ ਆਪਣੀ ਇੱਕ ਤਸਵੀਰ ਪੋਸਟ ਕੀਤੀ, ਜਿਵੇਂ ਕਿ ਉਹ ਅਕਸਰ ਕਰਦੇ ਹੁੰਦੇ ਸੀ, ਜਿਸ ਵਿੱਚ ਉਨ੍ਹਾਂ ਦੀ ਉਹ ਸਰੀਰਕ ਬਣਤਰ ਦਿਖਾਈ ਦੇ ਰਹੀ ਸੀ ਜਿਸ ਨੇ ਉਨ੍ਹਾਂ ਨੂੰ ਇੱਕ ਪੇਸ਼ੇਵਰ ਬਾਡੀ ਬਿਲਡਰ ਅਤੇ ਹਜ਼ਾਰਾਂ ਫਾਲੋਅਰਾਂ ਵਾਲਾ ਫਿਟਨੈੱਸ ਇਨਫਲੂਐਂਸਰ ਬਣਾਇਆ ਸੀ।
ਲਾਲ ਰੰਗ ਦੀ ਬਨਿਆਨ ਪਹਿਨੇ ਹੋਏ, ਉਨ੍ਹਾਂ ਨੇ ਆਪਣੀਆਂ ਅਸਧਾਰਣ ਤੌਰ 'ਤੇ ਮਜ਼ਬੂਤ ਬਾਹਾਂ ਦਿਖਾਈਆਂ, ਜੋ ਕਿਸੇ ਸੁਪਰਹੀਰੋ ਦੀਆਂ ਲੱਗਦੀਆਂ ਸਨ।
ਕੁਝ ਘੰਟਿਆਂ ਬਾਅਦ, 35 ਸਾਲਾ ਇਹ ਬ੍ਰਾਜ਼ੀਲੀ ਵਿਅਕਤੀ ਬਾਹੀਆ ਸੂਬੇ ਵਿੱਚ ਆਪਣੇ ਘਰ ਵਿੱਚ ਅਚਾਨਕ ਬਿਮਾਰ ਹੋਣ ਤੋਂ ਬਾਅਦ ਮ੍ਰਿਤ ਮਿਲਿਆ।
ਹਾਲਾਂਕਿ ਅਰਾਊਜੋ ਦੀ ਮੌਤ ਦੇ ਕਾਰਨ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ, ਪਰ ਉਹ ਉਨ੍ਹਾਂ ਕਈ ਬਾਡੀ ਬਿਲਡਰਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ਦੀ ਅਚਾਨਕ ਮੌਤ ਹੋਈ ਹੈ।
ਮਈ ਦੇ ਅਖੀਰ ਵਿੱਚ, ਬ੍ਰਾਜ਼ੀਲ ਦੇ ਸਭ ਤੋਂ ਮਸ਼ਹੂਰ ਨੌਜਵਾਨ ਬਾਡੀ ਬਿਲਡਰਾਂ ਵਿੱਚੋਂ ਇੱਕ, ਗੈਬਰੀਅਲ ਗੈਨਲੀ ਦੀ 22 ਸਾਲ ਦੀ ਉਮਰ ਵਿੱਚ ਅਚਾਨਕ ਦਿਲ ਦੇ ਰੁਕਣ ਕਾਰਨ (ਕਾਰਡੀਅਕ) ਮੌਤ ਹੋ ਗਈ।
ਪਿਛਲੇ ਸਾਲ ਵੀ 30 ਅਤੇ 40 ਸਾਲ ਦੀ ਉਮਰ ਦੇ ਦੋ ਹੋਰ ਬ੍ਰਾਜ਼ੀਲੀਅਨ ਬਾਡੀ ਬਿਲਡਰਾਂ ਦੀ ਦਿਲ ਨਾਲ ਸੰਬੰਧਿਤ ਸਮੱਸਿਆਵਾਂ ਕਾਰਨ ਮੌਤ ਹੋ ਗਈ ਸੀ, ਜਿਨ੍ਹਾਂ ਵਿੱਚੋਂ ਇੱਕ ਦੀ ਮੁਕਾਬਲੇ ਦੌਰਾਨ ਮੌਤ ਹੋਈ।
ਇਸ ਤਰ੍ਹਾਂ ਦੀਆਂ ਮੌਤਾਂ ਦੁਨੀਆ ਭਰ ਵਿੱਚ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਅਮਰੀਕੀ ਬਾਡੀ ਬਿਲਡਰ ਡਾਲਸ ਮੈਕਕਾਰਵਰ, ਜਿਨ੍ਹਾਂ ਦੀ 2017 ਵਿੱਚ 26 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ ਅਤੇ ਜਰਮਨ ਫਿਟਨੈੱਸ ਇਨਫਲੂਐਂਸਰ ਤੇ ਬਾਡੀ ਬਿਲਡਰ ਜੋਅ ਲਿੰਡਨਰ, ਜਿਨ੍ਹਾਂ ਦੀ 2023 ਵਿੱਚ 30 ਸਾਲ ਦੀ ਉਮਰ ਵਿੱਚ ਮੌਤ ਹੋਈ ਸੀ, ਸ਼ਾਮਲ ਹਨ।
ਤਾਂ ਫਿਰ ਅਜਿਹਾ ਕਿਉਂ ਹੋ ਰਿਹਾ ਹੈ ਕਿ ਮਜ਼ਬੂਤ ਅਤੇ ਫਿਟ ਦਿਖਾਈ ਦੇਣ ਵਾਲੇ ਕੁਝ ਬਾਡੀ ਬਿਲਡਰ ਕਾਫ਼ੀ ਛੋਟੀ ਉਮਰ ਵਿੱਚ ਹੀ ਅਚਾਨਕ ਮਰ ਰਹੇ ਹਨ?

ਤਸਵੀਰ ਸਰੋਤ, Maddie Meyer/Getty Images
ਮੁਕਾਬਲੇ ਵਾਲੀ ਬਾਡੀ ਬਿਲਡਿੰਗ ਨਾਲ ਜੁੜੇ ਖ਼ਤਰਿਆਂ ਬਾਰੇ 2025 ਦੇ ਇੱਕ ਅਧਿਐਨ ਵਿੱਚ ਰੌਸ਼ਨੀ ਪਾਈ ਗਈ, ਜਿਸ ਵਿੱਚ ਖੋਜਕਾਰਾਂ ਨੇ 2005 ਤੋਂ 2020 ਦਰਮਿਆਨ ਇਸ ਖੇਡ ਦੀ ਗਵਰਨਿੰਗ ਬਾਡੀ ਵੱਲੋਂ ਕਰਵਾਏ ਗਏ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਲਗਭਗ 20,000 ਸ਼ੌਕੀਨ ਅਤੇ ਪੇਸ਼ੇਵਰ ਬਾਡੀ ਬਿਲਡਰਾਂ ਦਾ ਅਧਿਐਨ ਕੀਤਾ।
ਯੂਰਪੀਅਨ ਹਾਰਟ ਜਰਨਲ ਵਿੱਚ ਪ੍ਰਕਾਸ਼ਿਤ ਇਸ ਅਧਿਐਨ ਵਿੱਚ ਪਾਇਆ ਗਿਆ ਕਿ ਪੇਸ਼ੇਵਰ ਬਾਡੀ ਬਿਲਡਰਾਂ ਵਿੱਚ ਅਚਾਨਕ ਦਿਲ ਰੁਕਣ (ਸਡਨ ਕਾਰਡਿਅਕ ਡੈਥ) ਨਾਲ ਮੌਤ ਦੀ ਸੰਭਾਵਨਾ ਸ਼ੌਕੀਨ ਮੁਕਾਬਲੇਬਾਜ਼ਾਂ ਨਾਲੋਂ ਪੰਜ ਗੁਣਾ ਤੋਂ ਵੀ ਵੱਧ ਸੀ।
ਅਚਾਨਕ ਦਿਲ ਦੇ ਬੰਦ ਹੋ ਜਾਣ ਦੀ ਘਟਨਾ ਨੌਜਵਾਨ ਅਤੇ ਸਿਹਤਮੰਦ ਲੋਕਾਂ ਵਿੱਚ ਕਾਫ਼ੀ ਦੁਰਲੱਭ ਹੁੰਦੀ ਹੈ ਅਤੇ ਅਕਸਰ ਦਿਲ ਦੀਆਂ ਪਹਿਲਾਂ ਤੋਂ ਮੌਜੂਦ ਬਿਮਾਰੀਆਂ ਨਾਲ ਜੁੜੀ ਹੁੰਦੀ ਹੈ।
ਅਧਿਐਨ ਵਿੱਚ ਕੁੱਲ 121 ਮੌਤਾਂ ਦੀ ਪਛਾਣ ਕੀਤੀ ਗਈ, ਜਿਨ੍ਹਾਂ ਵਿੱਚੋਂ 46 ਨੂੰ ਅਚਾਨਕ ਦਿਲ ਦੇ ਬੰਦ ਹੋਣ ਕਾਰਨ ਹੋਈਆਂ ਮੌਤਾਂ ਵਜੋਂ ਸ਼੍ਰੇਣੀਬੱਧ ਕੀਤਾ ਗਿਆ।
ਮੌਤ ਦੀ ਔਸਤ ਉਮਰ 45 ਸਾਲ ਸੀ, ਪਰ ਸਰਗਰਮ ਤੌਰ 'ਤੇ ਮੁਕਾਬਲੇ ਕਰਨ ਵਾਲੇ ਖਿਡਾਰੀਆਂ ਵਿੱਚ ਇਹ ਕੇਵਲ 34.7 ਸਾਲ ਸੀ।
ਇਟਲੀ ਦੀ ਯੂਨੀਵਰਸਿਟੀ ਆਫ ਪਾਡੋਵਾ ਨਾਲ ਸੰਬੰਧਿਤ ਅਤੇ ਅਧਿਐਨ ਦੇ ਮੁੱਖ ਲੇਖਕ, ਡਾ. ਮਾਰਕੋ ਵੇਕਿਆਤੋ ਨੇ ਕਿਹਾ ਕਿ ਬਾਡੀ ਬਿਲਡਰਾਂ ਦੀਆਂ ਮੌਤਾਂ ਦੇ ਪਿੱਛੇ ਕਈ ਕਾਰਕ ਹੋ ਸਕਦੇ ਹਨ, ਜਿਨ੍ਹਾਂ ਵਿੱਚ ਪ੍ਰਦਰਸ਼ਨ ਵਧਾਉਣ ਵਾਲੀਆਂ ਦਵਾਈਆਂ ਦੀ "ਵਿਆਪਕ ਵਰਤੋਂ", ਮੁਕਾਬਲਿਆਂ ਲਈ ਤੇਜ਼ੀ ਨਾਲ ਵਜ਼ਨ ਘਟਾਉਣਾ ਅਤੇ "ਬਹੁਤ ਜ਼ਿਆਦਾ ਤਾਕਤ ਵਾਲੀ ਟ੍ਰੇਨਿੰਗ" ਸ਼ਾਮਲ ਹਨ।

ਤਸਵੀਰ ਸਰੋਤ, Bispo & Zago, 2024, Arquivos Brasileiros de Cardiologia (CC BY)
2025 ਵਿੱਚ ਜਰਨਲ ਸਰਕੂਲੇਸ਼ਨ ਵਿੱਚ ਪ੍ਰਕਾਸ਼ਿਤ ਡੈਨਮਾਰਕ ਦੇ ਖੋਜਕਾਰਾਂ ਦੇ ਇੱਕ ਹੋਰ ਅਧਿਐਨ ਵਿੱਚ 1,189 ਅਜਿਹੇ ਮਰਦਾਂ ਦਾ ਅਧਿਐਨ ਕੀਤਾ ਗਿਆ ਜੋ ਐਨਾਬੋਲਿਕ ਸਟੀਰਾਇਡ ਵਰਤਦੇ ਸਨ ਅਤੇ ਉਨ੍ਹਾਂ ਦੀ ਤੁਲਨਾ ਲਗਭਗ 60,000 ਆਮ ਆਬਾਦੀ ਵਾਲੇ ਮਰਦਾਂ ਨਾਲ 11 ਸਾਲਾਂ ਤੱਕ ਕੀਤੀ ਗਈ।
ਇਸ ਵਿੱਚ ਪਾਇਆ ਗਿਆ ਕਿ ਸਟੀਰਾਇਡ ਵਰਤਣ ਵਾਲਿਆਂ ਵਿੱਚ ਕਾਰਡੀਓਮਾਇਓਪੈਥੀ (ਦਿਲ ਦੀ ਮਾਸਪੇਸ਼ੀ ਨੂੰ ਕਮਜ਼ੋਰ ਕਰਨ ਵਾਲੀ ਬਿਮਾਰੀ) ਹੋਣ ਦੀ ਸੰਭਾਵਨਾ ਲਗਭਗ ਨੌਂ ਗੁਣਾ ਵੱਧ ਸੀ। ਦਿਲ ਦੇ ਦੌਰੇ ਦਾ ਖ਼ਤਰਾ ਤਿੰਨ ਗੁਣਾ ਜ਼ਿਆਦਾ ਸੀ, ਜਦਕਿ ਦਿਲ ਫੇਲ ਹੋਣ ਦਾ ਖ਼ਤਰਾ ਤਿੰਨ ਗੁਣਾ ਤੋਂ ਵੀ ਵੱਧ ਆਇਆ ਸੀ।
ਮਰਦਾਂ ਵਿੱਚ ਹੋਰ ਸਿਹਤ ਸਮੱਸਿਆਵਾਂ, ਜਿਵੇਂ ਕਿ ਸ਼ੁੱਕਰਾਣੂਆਂ ਦੀ ਗਿਣਤੀ ਘਟਣਾ ਅਤੇ ਲਿੰਗਕ ਕਾਰਗੁਜ਼ਾਰੀ ਵਿੱਚ ਦਿੱਕਤ ਦਾ ਕਾਰਨ ਬਣਨ ਦੇ ਨਾਲ-ਨਾਲ, ਐਨਾਬੋਲਿਕ ਸਟੀਰਾਇਡ ਬਲੱਡ ਪ੍ਰੈਸ਼ਰ ਵਧਾ ਸਕਦੇ ਹਨ, ਧਮਨੀਆਂ ਵਿੱਚ ਪਲੇਕ ਜੰਮ੍ਹਣ ਦੀ ਪ੍ਰਕਿਰਿਆ ਤੇਜ਼ ਕਰ ਸਕਦੇ ਹਨ ਅਤੇ ਦਿਲ ਦੀ ਬਣਤਰ ਵਿੱਚ ਤਬਦੀਲੀਆਂ ਲਿਆ ਸਕਦੇ ਹਨ।
ਅਸਲ ਵਿੱਚ, ਯੂਰਪੀਅਨ ਹਾਰਟ ਜਰਨਲ ਵਾਲੇ ਅਧਿਐਨ ਵਿੱਚ ਖੋਜਕਾਰਾਂ ਨੇ ਮਰੇ ਹੋਏ ਬਾਡੀ ਬਿਲਡਰਾਂ ਦੇ ਪੋਸਟਮਾਰਟਮ ਰਿਕਾਰਡਾਂ ਦੀ ਸਮੀਖਿਆ ਕੀਤੀ।
ਕਈ ਮਾਮਲਿਆਂ ਵਿੱਚ ਉਨ੍ਹਾਂ ਦੇ ਦਿਲ ਵੱਡੇ ਪਾਏ ਗਏ ਅਤੇ ਖੱਬੇ ਵੈਂਟ੍ਰਿਕਿਊਲਰ ਹਾਈਪਰਟ੍ਰੋਫੀ ਮੋਟੀ ਹੋਈ ਮਿਲੀ, ਜਿਸ ਨਾਲ ਦਿਲ ਦੀ ਧੜਕਣ ਵਿੱਚ ਗੜਬੜ ਅਤੇ ਦਿਲ ਫੇਲ੍ਹ ਹੋਣ ਦਾ ਖ਼ਤਰਾ ਵੱਧ ਸਕਦਾ ਹੈ।
ਕਈ ਕੇਸਾਂ ਵਿੱਚ ਟਾਕਸੀਕੋਲੋਜੀਕਲ ਜਾਚਾਂ ਅਤੇ ਜਨਤਕ ਰਿਪੋਰਟਾਂ ਨੇ ਐਨਾਬੋਲਿਕ ਦਵਾਈਆਂ ਦੀ ਦੁਰਵਰਤੋਂ ਦਾ ਸੰਕੇਤ ਦਿੱਤਾ, ਜਿਨ੍ਹਾਂ ਦੀ ਆਮ ਤੌਰ 'ਤੇ ਪੋਸਟਮਾਰਟਮ ਦੌਰਾਨ ਜਾਂਚ ਨਹੀਂ ਕੀਤੀ ਜਾਂਦੀ।
ਜਵਾਨ ਉਮਰ ਵਿੱਚ ਮਰਨ ਵਾਲੇ ਬਾਡੀ ਬਿਲਡਰਾਂ ਦੇ ਪੋਸਟਮਾਰਟਮ ਵਿੱਚ ਅਕਸਰ ਦਿਲ ਦਾ ਅਸਧਾਰਣ ਤੌਰ 'ਤੇ ਵੱਡਾ ਹੋਣਾ ਸਾਹਮਣੇ ਆਇਆ ਹੈ।
ਸਭ ਤੋਂ ਵੱਧ ਚਰਚਿਤ ਮਾਮਲਿਆਂ ਵਿੱਚੋਂ ਇੱਕ ਵਿੱਚ, ਅਮਰੀਕੀ ਬਾਡੀ ਬਿਲਡਰ ਡੈਲਸ ਮੈਕਕਾਰਵਰ, ਜੋ ਇਸ ਖੇਡ ਦੇ ਸਭ ਤੋਂ ਵੱਡੇ ਸਿਤਾਰਿਆਂ ਵਿੱਚੋਂ ਇੱਕ ਸੀ, ਦੀ 2017 ਵਿੱਚ 26 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਪੋਸਟਮਾਰਟਮ ਵਿੱਚ ਪਤਾ ਲੱਗਿਆ ਕਿ ਉਨ੍ਹਾਂ ਦਾ ਦਿਲ 833 ਗ੍ਰਾਮ (1.8 ਪੌਂਡ) ਭਾਰ ਦਾ ਸੀ, ਜੋ ਇੱਕ ਬਾਲਗ ਪੁਰਸ਼ ਦੇ ਆਮ ਦਿਲ ਦੇ ਭਾਰ ਨਾਲੋਂ ਦੁੱਗਣੇ ਤੋਂ ਵੀ ਵੱਧ ਸੀ।
2022 ਦੀ ਇੱਕ ਸਮੀਖਿਆ ਵਿੱਚ ਪਾਇਆ ਗਿਆ ਕਿ ਅਮਰੀਕੀ ਬਾਡੀ ਬਿਲਡਰਾਂ ਦੇ ਦਿਲਾਂ ਦਾ ਔਸਤ ਵਜ਼ਨ ਆਮ ਨਾਲੋਂ ਲਗਭਗ 74% ਵੱਧ ਸੀ ਅਤੇ ਖੱਬੇ ਵੈਂਟ੍ਰਿਕਲ ਦੀਆਂ ਕੰਧਾਂ ਉਮੀਦ ਨਾਲੋਂ 125% ਤੱਕ ਮੋਟੀਆਂ ਸਨ।
ਇੱਕ ਵੱਖਰੇ ਅਧਿਐਨ ਵਿੱਚ, ਖੋਜਕਾਰਾਂ ਨੇ ਇਟਲੀ ਅਤੇ ਸਪੇਨ ਦੇ ਉਨ੍ਹਾਂ ਬਾਡੀ ਬਿਲਡਰਾਂ ਦੀਆਂ ਫੋਰੈਂਸਿਕ ਰਿਪੋਰਟਾਂ ਦੀ ਜਾਂਚ ਕੀਤੀ ਜੋ ਐਨਾਬੋਲਿਕ ਸਟੀਰਾਇਡ ਦੀ ਵਰਤੋਂ ਨਾਲ ਜੁੜੇ ਹੋਏ ਸਨ।
ਕਈ ਮਾਮਲਿਆਂ ਵਿੱਚ 20 ਸਾਲਾਂ ਦੀ ਉਮਰ ਵਾਲੇ ਨੌਜਵਾਨ ਖਿਡਾਰੀਆਂ ਦੇ ਦਿਲ ਵੱਡੇ ਮਿਲੇ, ਦਿਲ ਦੀ ਮਾਸਪੇਸ਼ੀ ਬਹੁਤ ਮੋਟੀ ਹੋਈ ਅਤੇ ਕੋਰੋਨਰੀ ਧਮਨੀਆਂ ਦੀਆਂ ਗੰਭੀਰ ਬਿਮਾਰੀਆਂ ਪਾਈਆਂ ਗਈਆਂ।
24 ਸਾਲ ਦੇ ਇੱਕ ਬਾਡੀ ਬਿਲਡਰ ਦੀਆਂ ਮੁੱਖ ਕੋਰੋਨਰੀ ਧਮਨੀਆਂ ਵਿੱਚ 75% ਤੋਂ ਵੱਧ ਰੁਕਾਵਟ ਪਾਈ ਗਈ, ਹਾਲਾਂਕਿ ਉਸ ਦੇ ਪਰਿਵਾਰ ਵਿੱਚ ਦਿਲ ਦੀ ਬਿਮਾਰੀ ਦਾ ਕੋਈ ਜਾਣਿਆ-ਪਛਾਣਿਆ ਇਤਿਹਾਸ ਨਹੀਂ ਸੀ।
ਐਂਡੋਕ੍ਰਿਨੋਲੋਜਿਸਟ ਅਤੇ ਖੇਡ ਚਿਕਿਤਸਕ ਕਲੇਟਨ ਮਾਸੇਡੋ ਕਹਿੰਦੇ ਹਨ, "ਦਿਲ ਵੀ ਕਿਸੇ ਹੋਰ ਮਾਸਪੇਸ਼ੀ ਵਾਂਗ ਹੀ ਇੱਕ ਮਾਸਪੇਸ਼ੀ ਹੈ।"
"ਮੈਂ ਹਮੇਸ਼ਾ ਕਹਿੰਦਾ ਹਾਂ ਕਿ ਮੈਂ ਕਿਸੇ ਮਰੀਜ਼ ਦੇ ਬਾਇਸੈਪਸ ਵੇਖ ਕੇ ਹੀ ਉਸ ਦੇ ਦਿਲ ਦੇ ਆਕਾਰ ਦਾ ਅੰਦਾਜ਼ਾ ਲਗਾ ਸਕਦਾ ਹਾਂ, ਕਿਉਂਕਿ ਇਹ ਸਰੀਰ ਦੀਆਂ ਹੋਰ ਮਾਸਪੇਸ਼ੀਆਂ ਨਾਲ ਹੀ ਵਧਦਾ ਹੈ।"
ਸਟੀਰਾਇਡ ਤੋਂ ਬਿਨਾਂ ਕੀਤੀ ਜਾਣ ਵਾਲੀ ਵੇਟ ਟ੍ਰੇਨਿੰਗ ਵੀ ਦਿਲ ਦੇ ਵਧਣ ਦਾ ਕਾਰਨ ਬਣ ਸਕਦੀ ਹੈ, ਜੋ ਸਰੀਰ ਦੀ ਇੱਕ ਕੁਦਰਤੀ ਅਤੇ ਆਮ ਅਨੁਕੂਲਤਾ ਹੁੰਦੀ ਹੈ।
ਪਰ ਬ੍ਰਾਜ਼ੀਲੀਅਨ ਸੁਸਾਇਟੀ ਆਫ ਕਾਰਡੀਓਲੋਜੀ ਦੇ ਬਾਹੀਆ ਚੈਪਟਰ ਦੇ ਪ੍ਰਧਾਨ ਲੁਈਜ਼ ਐਡੁਆਰਡੋ ਫੋਂਟੇਲੇਸ ਰਿਟ ਦੇ ਅਨੁਸਾਰ ਜਦੋਂ ਸਟੀਰਾਇਡ ਦੀ ਵਰਤੋਂ ਤੀਬਰ ਵੇਟ ਟ੍ਰੇਨਿੰਗ ਨਾਲ ਕੀਤੀ ਜਾਂਦੀ ਹੈ, ਤਾਂ ਦਿਲ ਨਾ ਸਿਰਫ਼ ਵੱਡਾ ਹੁੰਦਾ ਹੈ, ਸਗੋਂ ਆਪਣੀ ਠੀਕ ਤਰੀਕੇ ਨਾਲ ਸੁੰਕੜਨ ਦੀ ਸਮਰੱਥਾ ਵੀ ਗੁਆ ਸਕਦਾ ਹੈ।
ਉਹ ਕਹਿੰਦੇ ਹਨ, "ਇਹ ਸਥਿਤੀ ਦਿਲ ਦੇ ਫੇਲ੍ਹ ਹੋਣ ਤੱਕ ਪਹੁੰਚ ਸਕਦੀ ਹੈ ਅਤੇ ਫਿਰ ਇੱਕ ਅਜਿਹੇ ਮੋੜ 'ਤੇ ਆ ਸਕਦੀ ਹੈ ਜਿੱਥੋਂ ਮੁੜ ਵਾਪਸ ਨਹੀਂ ਆਇਆ ਜਾ ਸਕਦਾ।"
ਹਾਲਾਂਕਿ ਕੁਝ ਮਾਮਲਿਆਂ ਵਿੱਚ ਦਿਲ ਦੀ ਇਹ ਮੋਟਾਈ ਵਿਰਾਸਤੀ ਕਾਰਨਾਂ ਕਰਕੇ ਵੀ ਹੋ ਸਕਦੀ ਹੈ।
ਰਿਟ ਕਹਿੰਦੇ ਹਨ, "ਇੱਥੇ ਇੱਕ ਧੁੰਦਲਾ ਜਿਹਾ ਖੇਤਰ ਮੌਜੂਦ ਹੈ। ਇਹ ਜੈਨੇਟਿਕ ਤੌਰ 'ਤੇ ਤੈਅ ਦਿਲ ਦੀ ਬਿਮਾਰੀ ਹੋ ਸਕਦੀ ਹੈ। ਇਹ ਐਨਾਬੋਲਿਕ ਸਟੀਰਾਇਡ ਨਾਲ ਜੁੜੀ ਹੋ ਸਕਦੀ ਹੈ। ਇਹ ਟ੍ਰੇਨਿੰਗ ਨਾਲ ਜੁੜੀ ਹੋ ਸਕਦੀ ਹੈ। ਜਾਂ ਫਿਰ ਇਹ ਤਿੰਨਾਂ ਕਾਰਕਾਂ ਦਾ ਮਿਲਿਆ-ਜੁਲਿਆ ਨਤੀਜਾ ਵੀ ਹੋ ਸਕਦਾ ਹੈ।"
'ਐਨਾਬੋਲਿਕ ਸਟੀਰਾਇਡ ਵਰਤਣ ਦਾ ਕੋਈ ਸੁਰੱਖਿਅਤ ਤਰੀਕਾ ਨਹੀਂ'

ਤਸਵੀਰ ਸਰੋਤ, Rodrigo Góes
ਸਾਬਕਾ ਬਾਡੀ ਬਿਲਡਰ ਰੋਡਰਿਗੋ ਗੋਇਸ ਨੇ ਬੀਬੀਸੀ ਨਿਊਜ਼ ਬ੍ਰਾਜ਼ੀਲ ਨੂੰ ਦੱਸਿਆ ਕਿ ਉਹ 30 ਸਾਲ ਦੀ ਉਮਰ ਤੱਕ ਕੁਦਰਤੀ ਤਰੀਕੇ ਨਾਲ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਰਹੇ, ਜਿਸ ਤੋਂ ਬਾਅਦ ਉਨ੍ਹਾਂ ਨੇ ਡਾਕਟਰੀ ਨਿਗਰਾਨੀ ਹੇਠ ਸਟੀਰਾਇਡ ਦੇ "ਸਾਈਕਲ" ਸ਼ੁਰੂ ਕਰਨ ਦਾ ਫ਼ੈਸਲਾ ਕੀਤਾ।
"ਸਾਈਕਲਿੰਗ" ਦਾ ਮਤਲਬ ਉਹ ਸਮਾਂ ਹੁੰਦਾ ਹੈ, ਜੋ ਆਮ ਤੌਰ 'ਤੇ ਕਈ ਹਫ਼ਤਿਆਂ ਦਾ ਹੁੰਦਾ ਹੈ, ਜਦੋਂ ਵਰਤੋਂਕਾਰ ਐਨਾਬੋਲਿਕ ਸਟੀਰਾਇਡ ਲੈਂਦੇ ਹਨ ਅਤੇ ਫਿਰ ਸਰੀਰ ਨੂੰ ਮੁੜ ਸੰਭਲਣ ਦਾ ਮੌਕਾ ਦੇਣ ਲਈ ਉਨ੍ਹਾਂ ਨੂੰ ਬੰਦ ਕਰ ਦਿੰਦੇ ਹਨ।
ਗੋਇਸ ਕਹਿੰਦੇ ਹਨ. "ਸਰੀਰ 'ਤੇ ਇਸ ਦੇ ਪ੍ਰਭਾਵ ਹੈਰਾਨ ਕਰ ਦੇਣ ਵਾਲੇ ਹੁੰਦੇ ਹਨ। ਤੁਸੀਂ ਕੁਦਰਤੀ ਤਰੀਕੇ ਨਾਲ ਹੋਣ ਵਾਲੇ ਵਿਕਾਸ ਨਾਲੋਂ ਕਾਫ਼ੀ ਤੇਜ਼ੀ ਨਾਲ ਮਾਸਪੇਸ਼ੀਆਂ ਬਣਾਉਂਦੇ ਹੋ। ਤੁਸੀਂ ਹੋਰ ਪਤਲੇ ਦਿਖਾਈ ਦਿੰਦੇ ਹੋ ਅਤੇ ਤੁਹਾਡੀਆਂ ਮਾਸਪੇਸ਼ੀਆਂ ਜ਼ਿਆਦਾ ਤੇਜ਼ੀ ਨਾਲ ਰਿਕਵਰ ਕਰਦੀਆਂ ਹਨ। ਇਸੇ ਲਈ ਇਹ ਇੰਨਾ ਆਕਰਸ਼ਕ ਲੱਗਦਾ ਹੈ।"
ਹਾਲਾਂਕਿ, ਡਾਕਟਰੀ ਨਿਗਰਾਨੀ ਹੇਠ ਸੰਭਲ ਕੇ ਖੁਰਾਕਾਂ ਲੈਣ ਦੇ ਬਾਵਜੂਦ, ਗੋਇਸ ਨੂੰ ਵਾਲ ਝੜਨ, ਤਣਾਅ, ਨੀਂਦ ਨਾ ਆਉਣ ਅਤੇ ਰਾਤ ਨੂੰ ਬਹੁਤ ਵੱਧ ਪਸੀਨਾ ਆਉਣ ਵਰਗੇ ਸਾਈਡ-ਇਫੈਕਟ ਹੋਏ।
ਪਰ ਉਹ ਕਹਿੰਦੇ ਹਨ ਕਿ ਸਭ ਤੋਂ ਗੰਭੀਰ ਪ੍ਰਭਾਵ ਮਨੋਵਿਗਿਆਨਿਕ ਸਨ।
"ਮੈਂ ਕਦੇ ਵੀ ਇੰਜੈਕਸ਼ਨਾਂ ਦੇ ਇਸ ਪੂਰੇ ਰੁਟੀਨ ਨਾਲ ਸਹਿਜ ਮਹਿਸੂਸ ਨਹੀਂ ਕੀਤਾ। ਇੱਕ ਤਰੀਕੇ ਨਾਲ ਮੈਨੂੰ ਲੱਗਦਾ ਸੀ ਕਿ ਮੈਂ ਕਿਸੇ ਨਸ਼ੇ ਦਾ ਆਦੀ ਹਾਂ। ਇਹ ਕਹਿਣਾ ਮੁਸ਼ਕਲ ਹੈ, ਪਰ ਮੈਨੂੰ ਮਹਿਸੂਸ ਹੁੰਦਾ ਸੀ ਕਿ ਮੈਂ ਕੁਝ ਗ਼ਲਤ ਕਰ ਰਿਹਾ ਹਾਂ।"
ਗੋਇਸ ਹੁਣ ਸਟੀਰਾਇਡ ਦੀ ਦੁਰਵਰਤੋਂ ਦੇ ਖ਼ਿਲਾਫ਼ ਮੁਹਿੰਮ ਚਲਾਉਂਦੇ ਹਨ।
ਉਹ ਕਹਿੰਦੇ ਹਨ, "ਐਨਾਬੋਲਿਕ ਸਟੀਰਾਇਡ ਵਰਤਣ ਦਾ ਕੋਈ ਵੀ ਸੁਰੱਖਿਅਤ ਤਰੀਕਾ ਨਹੀਂ ਹੈ। ਡਾਕਟਰ ਸਿਰਫ਼ ਨੁਕਸਾਨ ਨੂੰ ਕੰਟ੍ਰੋਲ ਕਰ ਸਕਦੇ ਹਨ, ਪਰ ਨੁਕਸਾਨ ਤਾਂ ਹੋਵੇਗਾ ਹੀ।"

ਤਸਵੀਰ ਸਰੋਤ, Rodrigo Góes
'ਮੈਂ ਕਿਸੇ ਦੇ ਬਾਇਸੈਪਸ ਵੇਖ ਕੇ ਹੀ ਸਮਝ ਸਕਦਾ ਹਾਂ'
ਸਟੀਰਾਇਡ ਨਾਲ ਹੋਣ ਵਾਲੇ ਸਿਹਤ ਨੁਕਸਾਨਾਂ ਨੂੰ ਮਾਪਣ ਵਿੱਚ ਇੱਕ ਵੱਡੀ ਚੁਣੌਤੀ ਇਹ ਹੈ ਕਿ ਕਈ ਦੇਸ਼ ਸਟੀਰਾਇਡ ਨਾਲ ਸੰਬੰਧਿਤ ਮੌਤਾਂ ਦਾ ਵਿਵਸਥਿਤ ਰਿਕਾਰਡ ਨਹੀਂ ਰੱਖਦੇ।
ਬ੍ਰਾਜ਼ੀਲ ਵਿੱਚ ਐਨਾਬੋਲਿਕ ਸਟੀਰਾਇਡ ਨਾਲ ਜੁੜੀ ਮੌਤ ਦਰ ਬਾਰੇ ਕੋਈ ਅਧਿਕਾਰਕ ਅੰਕੜੇ ਨਹੀਂ ਹਨ। ਕਈ ਹੋਰ ਦੇਸ਼ ਵੀ ਮੌਤ ਦੇ ਮਾਮਲਿਆਂ ਵਿੱਚ ਸਟੀਰਾਇਡ ਦੀ ਵਰਤੋਂ ਨੂੰ ਭੂਮਿਕਾ ਨਿਭਾਉਣ ਵਾਲੇ ਕਾਰਕ ਵਜੋਂ ਨਿਯਮਿਤ ਤੌਰ 'ਤੇ ਦਰਜ ਨਹੀਂ ਕਰਦੇ।
ਆਮ ਤੌਰ 'ਤੇ ਮੌਤਾਂ ਨੂੰ ਉਨ੍ਹਾਂ ਦੇ ਤੁਰੰਤ ਕਾਰਨ, ਜਿਵੇਂ ਦਿਲ ਦਾ ਦੌਰਾ, ਸਟ੍ਰੋਕ ਜਾਂ ਕਾਰਡੀਓਮਾਇਓਪੈਥੀ, ਦੇ ਆਧਾਰ 'ਤੇ ਦਰਜ ਕੀਤਾ ਜਾਂਦਾ ਹੈ, ਨਾ ਕਿ ਪ੍ਰਦਰਸ਼ਨ ਵਧਾਉਣ ਵਾਲੀਆਂ ਦਵਾਈਆਂ ਦੀ ਸੰਭਾਵਿਤ ਭੂਮਿਕਾ ਦੇ ਆਧਾਰ 'ਤੇ।
ਮੈਡੀਕਲ ਜਾਂਚ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਸਟੀਰਾਇਡ ਦੀ ਵਰਤੋਂ ਅਕਸਰ ਪਤਾ ਨਹੀਂ ਲੱਗਦੀ, ਕਿਉਂਕਿ ਐਨਾਬੋਲਿਕ ਸਟੀਰਾਇਡ ਸਰੀਰ ਵੱਲੋਂ ਕੁਦਰਤੀ ਤੌਰ 'ਤੇ ਬਣਾਏ ਜਾਂਦੇ ਹਾਰਮੋਨਾਂ ਨਾਲ ਬਹੁਤ ਮਿਲਦੇ-ਜੁਲਦੇ ਹੁੰਦੇ ਹਨ, ਜਿਸ ਕਾਰਨ ਮੌਤ ਤੋਂ ਬਾਅਦ ਉਨ੍ਹਾਂ ਦੀ ਪਛਾਣ ਕਰਨਾ ਮੁਸ਼ਕਲ ਹੋ ਜਾਂਦਾ ਹੈ।
ਇਨ੍ਹਾਂ ਸਾਰੇ ਕਾਰਕਾਂ ਨੂੰ ਇਕੱਠੇ ਵੇਖਿਆ ਜਾਵੇ ਤਾਂ ਇਹ ਜਾਣਨਾ ਬਹੁਤ ਔਖਾ ਹੈ ਕਿ ਅਸਲ ਵਿੱਚ ਕਿੰਨੀਆਂ ਮੌਤਾਂ ਪ੍ਰਦਰਸ਼ਨ ਵਧਾਉਣ ਵਾਲੀਆਂ ਦਵਾਈਆਂ ਨਾਲ ਜੁੜੀਆਂ ਹੋ ਸਕਦੀਆਂ ਹਨ।
ਮਾਸੇਡੋ ਕਹਿੰਦੇ ਹਨ, "ਮੈਂ ਹਰ ਰੋਜ਼ ਇਸ ਨਾਲ ਕੰਮ ਕਰਦਾ ਹਾਂ। ਮੈਂ ਕਿਸੇ ਦੇ ਬਾਇਸੈਪਸ ਵੇਖ ਕੇ ਹੀ ਸਮਝ ਸਕਦਾ ਹਾਂ।"
"ਬਦਕਿਸਮਤੀ ਨਾਲ, ਜਦੋਂ ਮੈਂ ਅਜਿਹੇ ਬਾਇਸੈਪਸ ਵੇਖਦਾ ਹਾਂ, ਤਾਂ ਮੈਨੂੰ ਅਕਸਰ ਸਮਝ ਆ ਜਾਂਦੀ ਹੈ ਕਿ ਉਸ ਵਿਅਕਤੀ ਦਾ ਦਿਲ ਪਹਿਲਾਂ ਹੀ ਪ੍ਰਭਾਵਿਤ ਹੋ ਚੁੱਕਾ ਹੈ ਜਾਂ ਪ੍ਰਭਾਵਿਤ ਹੋਣਾ ਸ਼ੁਰੂ ਹੋ ਗਿਆ ਹੈ। ਬਹੁਤ ਵਾਰ ਇਸ ਦੀ ਕੀਮਤ ਬਾਅਦ ਵਿੱਚ ਚੁਕਾਉਣੀ ਪੈਂਦੀ ਹੈ।
ਵਾਧੂ ਰਿਪੋਰਟਿੰਗ: ਲੁਈਸ ਬਾਰੂਚੋ ਵੱਲੋਂ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ





















