ਪੰਜਾਬ 'ਚ ਝੂਠੇ ਪੁਲਿਸ ਮੁਕਾਬਲੇ ਦੇ ਦੋਸ਼ੀ ਸਾਬਕਾ ਇੰਸਪੈਕਟਰ ਦੀ ਜੇਲ੍ਹ ’ਚ ਹਮਲੇ ਮਗਰੋਂ ਮੌਤ, ਹਮਲੇ ਦੇ ਮੁਲਜ਼ਮ ਤੇ ਮ੍ਰਿਤਕ ਬਾਰੇ ਕੀ-ਕੀ ਪਤਾ ਹੈ

ਸੰਦੀਪ ਸਿੰਘ ਅਤੇ ਸੂਬਾ ਸਿੰਘ

ਤਸਵੀਰ ਸਰੋਤ, Charanjeev Kaushal/SM viral

ਤਸਵੀਰ ਕੈਪਸ਼ਨ, ਸੰਦੀਪ ਸਿੰਘ ਉੱਤੇ ਇਲਜ਼ਾਮ ਹੈ ਕਿ ਉਸ ਨੇ ਸੂਬਾ ਸਿੰਘ ਉੱਤੇ ਹਮਲਾ ਕੀਤਾ ਸੀ
    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 8 ਮਿੰਟ

ਜੇਲ੍ਹ ਵਿੱਚ ਹੋਏ ਹਮਲੇ ਦੌਰਾਨ ਜਖ਼ਮੀ ਹੋਏ ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਸੂਬਾ ਸਿੰਘ ਦੀ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ।

ਪਟਿਆਲਾ ਕੇਂਦਰੀ ਜੇਲ੍ਹ ਵਿੱਚ ਉਨ੍ਹਾਂ ਉੱਤੇ ਹਮਲਾ ਹੋਣ ਮਗਰੋਂ ਉਹ ਜ਼ਖਮੀ ਹੋ ਗਏ ਸਨ। ਇੱਥੇ ਉਹ ਝੂਠੇ ਪੁਲਿਸ ਮੁਕਾਬਲਿਆਂ ਅਤੇ ਨੌਜਵਾਨਾਂ ਦੇ ਲਾਪਤਾ ਹੋਣ ਦੇ ਮਾਮਲਿਆਂ ਵਿੱਚ ਦੋਸ਼ੀ ਸਾਬਤ ਹੋਣ ਮਗਰੋਂ ਸਜ਼ਾ ਕੱਟ ਰਹੇ ਸੀ।

ਕਤਲ ਦੇ ਇਲਜ਼ਾਮਾਂ ਤਹਿਤ ਜੇਲ੍ਹ ਵਿੱਚ ਬੰਦ ਹਵਾਲਾਤੀ ਸੰਦੀਪ ਸਿੰਘ ਉਰਫ਼ ਸੰਨੀ ਵੱਲੋਂ 10 ਸਤੰਬਰ ਨੂੰ ਕਥਿਤ ਤੌਰ 'ਤੇ ਪਟਿਆਲਾ ਕੇਂਦਰੀ ਜੇਲ੍ਹ ਦੇ ਅੰਦਰ ਉਨ੍ਹਾਂ ਉੱਤੇ ਕੀਤੇ ਗਏ ਹਮਲੇ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੋ ਗਏ ਸਨ।

ਸੂਬਾ ਸਿੰਘ ਖਾੜਕੂਵਾਦ ਸਮੇਂ ਪੰਜਾਬ ਵਿੱਚ ਹੋਏ ਕਥਿਤ ਝੂਠੇ ਮੁਕਾਬਲੇ, ਨਜਾਇਜ਼ ਹਿਰਾਸਤ, ਨੌਜਵਾਨਾਂ ਅਤੇ ਵਿਅਕਤੀਆਂ ਨੂੰ ਲਾਪਤਾ ਕਰਨ ਅਤੇ ਹੋਰ ਅਜਿਹੇ ਮਾਮਲਿਆਂ ਵਿੱਚ ਕਥਿਤ ਤੌਰ ਉੱਤੇ ਸ਼ਾਮਲ ਸੀ।

ਪੰਜਾਬ ਵਿੱਚ ਖਾੜਕੂਵਾਦ ਦੇ ਸਮੇਂ ਦੌਰਾਨ ਹੋਇਆ ਝੂਠੇ ਪੁਲਿਸ ਮੁਕਾਬਲੇ, ਨੌਜਵਾਨਾਂ ਦੇ ਲਾਪਤਾ ਹੋਣ ਵਰਗੇ ਕੇਸਾਂ ਵਿੱਚ ਪੀੜਤਾਂ ਵਾਸਤੇ ਕਾਨੂੰਨੀ ਲੜਾਈ ਲੜਨ ਵਾਲੇ ਵਕੀਲਾਂ ਮੁਤਾਬਕ ਸੂਬਾ ਸਿੰਘ ਨੂੰ ਫਰਜ਼ੀ ਪੁਲਿਸ ਮੁਕਾਬਲਿਆਂ ਜਾਂ ਨੌਜਵਾਨਾਂ ਨੂੰ ਲਾਪਤਾ ਕਰਨ ਦੇ ਲਗਭਗ 6 ਕੇਸਾਂ ਵਿੱਚ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਸੀ, ਜਦਕਿ ਇੱਕ ਹੋਰ ਅਜਿਹੇ ਕੇਸ ਵਿੱਚ ਉਹ ਮੁਲਜ਼ਮ ਸੀ। ਇਹ ਇੱਕ ਕੇਸ ਸੁਣਵਾਈ ਅਧੀਨ ਸੀ।

ਇਸ ਸਾਲ ਹੀ ਅਗਸਤ ਮਹੀਨੇ ਵਿੱਚ ਸੂਬਾ ਸਿੰਘ ਅਤੇ ਹੋਰ ਪੁਲਿਸ ਅਧਿਕਾਰੀਆਂ ਨੂੰ ਸੱਤ ਨੌਜਵਾਨਾਂ ਨੂੰ ਸਾਲ 1993 ਵਿੱਚ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

ਸੰਦੀਪ ਸਿੰਘ

ਤਸਵੀਰ ਸਰੋਤ, Charanjeev Kaushal/BBC

ਤਸਵੀਰ ਕੈਪਸ਼ਨ, ਸੰਦੀਪ ਸਿੰਘ ਉੱਤੇ ਸੁਧੀਰ ਸੂਰੀ ਦੇ ਕਤਲ ਕੇਸ ਵਿੱਚ ਮੁਕੱਦਮਾ ਚੱਲ ਰਿਹਾ ਹੈ

ਹਮਲਾ ਕਦੋਂ ਹੋਇਆ ਸੀ

ਸੂਬਾ ਸਿੰਘ ਉੱਤੇ ਪਟਿਆਲਾ ਕੇਂਦਰੀ ਜ਼ੇਲ ਵਿੱਚ 10 ਸਤੰਬਰ ਨੂੰ ਹਮਲਾ ਹੋਇਆ ਸੀ। ਸੰਦੀਪ ਸਿੰਘ ਉਰਫ਼ ਸੰਨੀ ਨੇ ਮ੍ਰਿਤਕ ਸਮੇਤ ਤਿੰਨ ਸੇਵਾਮੁਕਤ ਪੁਲਿਸ ਅਧਿਕਾਰੀਆਂ 'ਤੇ ਹਮਲਾ ਕੀਤਾ ਸੀ।

ਜ਼ਖਮੀਆਂ ਵਿੱਚ ਕੈਦੀ ਸੂਬਾ ਸਿੰਘ ਤੋਂ ਇਲਾਵਾ ਕੈਦੀ ਸਾਬਕਾ ਡੀਐੱਸਪੀ ਗੁਰਬਚਨ ਸਿੰਘ, ਹਵਾਲਾਤੀ ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਸ਼ਾਮਲ ਸਨ।

ਗੁਰਬਚਨ ਸਿੰਘ ਅਤੇ ਸੂਬਾ ਸਿੰਘ ਸੀਬੀਆਈ ਅਦਾਲਤਾਂ ਵੱਲੋਂ ਫ਼ਰਜ਼ੀ ਪੁਲਿਸ ਮੁਕਾਬਲਿਆਂ ਵਿੱਚ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਨ, ਜਦਕਿ ਇੰਦਰਜੀਤ ਸਿੰਘ ਇੱਕ ਹੋਰ ਮਾਮਲੇ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ।

ਇਸ ਕੇਸ ਸਬੰਧੀ ਦਰਜ ਹੋਈ ਐੱਫਆਈਆਰ ਮੁਤਾਬਕ ਸੰਦੀਪ ਸਿੰਘ ਨੇ 10 ਸਤੰਬਰ ਨੂੰ ਹਵਾਲਾਤੀ ਇੰਦਰਜੀਤ ਸਿੰਘ ਦੇ ਸਿਰ, ਕੈਦੀ ਸੂਬਾ ਸਿੰਘ ਦੇ ਮੂੰਹ-ਮੱਥੇ ਅਤੇ ਕੈਦੀ ਗੁਰਬਚਨ ਸਿੰਘ ਦੇ ਪਾਣੀ ਦੀ ਟੂਟੀ ਵਾਲੀ ਲੋਹੇ ਦੀ ਪਾਈਪ ਨਾਲ ਹਮਲਾ ਕੀਤਾ ਸੀ।

ਸੁਧੀਰ ਸੂਰੀ

ਤਸਵੀਰ ਸਰੋਤ, SUDHIR SURI/FB

ਤਸਵੀਰ ਕੈਪਸ਼ਨ, ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਨਵੰਬਰ 2022 ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ

ਹਮਲਾਵਰ ਕੌਣ ਹੈ

ਮੁਲਜ਼ਮ ਸੰਦੀਪ ਸਿੰਘ ਉਰਫ਼ ਸੰਨੀ ਸਾਲ 2022 ਵਿੱਚ ਹੋਏ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦੇ ਸਨਸਨੀਖੇਜ਼ ਕਤਲ ਦੇ ਮਾਮਲੇ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ। ਸ਼ਿਵ ਸੈਨਾ ਆਗੂ ਦਾ ਅੰਮ੍ਰਿਤਸਰ ਦੇ ਗੋਪਾਲ ਮੰਦਰ ਦੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਪਟਿਆਲਾ ਦੇ ਤ੍ਰਿਪੜੀ ਪੁਲਿਸ ਸਟੇਸ਼ਨ ਦੇ ਐੱਸਐੱਚਓ ਕਮਲਜੀਤ ਸਿੰਘ ਨੇ ਦੱਸਿਆ ਕਿ ਸਾਬਕਾ ਪੁਲਿਸ ਇੰਸਪੈਕਟਰ ਸੂਬਾ ਸਿੰਘ ਦਾ ਪੋਸਟਮਾਰਟਮ ਰਾਜਿੰਦਰਾ ਹਸਪਤਾਲ ਵਿੱਚ ਹੋਇਆ ਹੈ।

ਉਨ੍ਹਾਂ ਦਾ ਕਹਿਣਾ ਹੈ, "ਇਸ ਮਾਮਲੇ ਵਿੱਚ 10 ਸਤੰਬਰ ਨੂੰ ਤ੍ਰਿਪੜੀ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਸੀ ਅਤੇ ਹੁਣ ਇਸ ਵਿੱਚ ਕਤਲ ਦੀ ਧਾਰਾ ਨੂੰ ਜੋੜਿਆ ਜਾਵੇਗਾ।"

ਸੰਦੀਪ ਸਿੰਘ ਦੇ ਭਰਾ ਨੇ ਕੀ ਦੱਸਿਆ

ਬੀਬੀਸੀ ਸਹਿਯੋਗੀ ਚਰਨਜੀਵ ਕੌਸ਼ਲ ਦੀ ਰਿਪੋਰਟ ਮੁਤਾਬਕ, ਸੰਦੀਪ ਸਿੰਘ ਦੇ ਭਰਾ ਮਨਦੀਪ ਸਿੰਘ ਨੇ ਦੱਸਿਆ ਕਿ ਅਦਾਲਤ ਵੱਲੋਂ ਆਦੇਸ਼ ਜਾਰੀ ਹੋਏ 4 ਦਿਨ ਹੋ ਗਏ ਹਨ ਕਿ ਸੰਦੀਪ ਸਿੰਘ ਦਾ ਪਟਿਆਲਾ ਦੇ ਰਜਿੰਦਰਾ ਹਸਪਤਾਲ ਤੋਂ ਮੈਡੀਕਲ ਕਰਵਾਇਆ ਜਾਵੇ।

ਪਰ ਉਨ੍ਹਾਂ ਨੇ ਇਲਜ਼ਾਮ ਲਗਾਉਂਦਿਆਂ ਕਿਹਾ, "ਸੁਪਰੀਡੈਂਟ ਨੇ ਕਿਹਾ ਹੈ ਕਿ ਸੰਦੀਪ ਦਾ ਮੈਡੀਕਲ ਹੋ ਗਿਆ ਹੈ ਅਤੇ ਉਹ ਬਿਲਕੁਲ ਠੀਕ ਹੈ। ਉਸ ਤੋਂ ਬਾਅਦ ਜੱਜ ਸਾਬ੍ਹ ਨੇ ਵੀਸੀ ʼਤੇ ਦੇਖਿਆ ਕਿ ਉਸ ਦੀ ਹਾਲਤ ਬਹੁਤ ਖ਼ਰਾਬ ਸੀ ਅਤੇ ਜੱਜ ਨੇ ਸਖਤੀ ਨਾਲ ਆਦੇਸ਼ ਦਿੱਤਾ ਕਿ ਉਸ ਦਾ ਤੁਰੰਤ ਇਲਾਜ ਕਰਵਾਇਆ ਜਾਵੇ।"

"ਫਿਰ ਜਦੋਂ ਜੱਜ ਨੇ ਕਿਹਾ ਕਿ ਸੁਪਰੀਡੈਂਟ ਨਾਲ ਗੱਲ ਕਰਾਵਓ ਤਾਂ ਉਨ੍ਹਾਂ ਨੇ ਜੱਜ ਸਾਬ੍ਹ ਦੇ ਫੋਨ ਨਹੀਂ ਚੁੱਕੇ। ਉਨ੍ਹਾਂ ਨੇ ਆਪਣੇ ਫੋਨ ਬੰਦ ਕਰ ਲਏ ਉਸ ਵੇਲੇ।"

ਉਨ੍ਹਾਂ ਨੇ ਕਿਹਾ ਕਿ ਪਹਿਲਾਂ ਤਾਂ ਉਸ ਨੂੰ ਬੜੇ ਅਰਾਮ ਨਾਲ ਲੈ ਕੇ ਗਏ ਸਨ ਪਰ "ਹੁਣ ਮੈਂ ਦੇਖਿਆ ਕਿ ਬਹੁਤ ਤੇਜ਼ੀ ਨਾਲ ਲੈ ਕੇ ਜਾ ਰਹੇ ਸਨ ਤੇ ਮੈਂ ਬੇਨਤੀ ਕੀਤੀ ਕਿ ਉਸ ਦਾ ਪੈਰ ਟੁੱਟਾ ਹੈ ਕ੍ਰਿਪਾ ਕਰ ਕੇ ਅਰਾਮ ਨਾਲ ਲੈ ਕੇ ਜਾਓ।"

ਮਨਦੀਪ ਸਿੰਘ ਦਾ ਕਹਿਣਾ ਹੈ, "ਜਿਹੜੇ ਅਫ਼ਸਰ ਉੱਥੇ ਬੰਦ ਸਨ, ਉਹ ਸੰਦੀਪ ਸਿੰਘ ਨੂੰ ਟਿੱਚਰਾਂ ਕਰਦੇ ਸਨ, ਘੂਰੀਆਂ ਵੱਟਦੇ ਸਨ ਅਤੇ ਸੰਦੀਪ ਨੂੰ ਕਮੈਂਟ ਪਾਸ ਕਰਦੇ ਸਨ। ਇਸ ਬਾਰੇ ਸਾਡੇ ਨਾਲ ਸੰਦੀਪ ਸਿੰਘ ਨੇ ਗੱਲ ਵੀ ਕੀਤੀ ਸੀ। ਅਸੀਂ ਜੇਲ੍ਹ ਦੇ ਸੁਪਰੀਡੈਂਟ ਨੂੰ ਬੇਨਤੀ ਕੀਤੀ ਸੀ ਕਿ ਜਾਂ ਤਾਂ ਤੁਸੀਂ ਬੈਰੇਕ ਬਦਲ ਦਿਓ ਜਾਂ ਉਸ ਨੂੰ ਸਿਫਟ ਕਰ ਦਿਓ। ਪਰ ਪਤਾ ਨਹੀਂ ਉਨ੍ਹਾਂ ਨੇ ਕਿਉਂ ਬਦਲੀ ਤੇ ਅੱਜ ਇੰਨਾਂ ਵੱਡਾ ਮੁੱਦਾ ਬਣ ਗਿਆ ਅਤੇ ਸਾਡੇ ਭਰਾ ਦੀ ਹਾਲਤ ਬਹੁਤ ਗੰਭੀਰ ਹੋ ਗਈ ਹੈ।"

ਮਨਦੀਪ ਸਿੰਘ

ਤਸਵੀਰ ਸਰੋਤ, Charanjeev Kaushal/BBC

ਸੂਬਾ ਸਿੰਘ ਤੇ ਹੋਰ ਮੁਲਾਜ਼ਮਾਂ ’ਤੇ ਕੀ ਕੇਸ ਸਨ

ਪੰਜਾਬ ਵਿੱਚ ਖਾੜਕੂਵਾਦ ਦੇ ਸਮੇਂ ਦੌਰਾਨ ਹੋਇਆ ਝੂਠੇ ਪੁਲਿਸ ਮੁਕਾਬਲੇ, ਨੌਜਵਾਨਾਂ ਦੇ ਲਾਪਤਾ ਹੋਣ ਵਰਗੇ ਕੇਸਾਂ ਵਿੱਚ ਪੀੜਤਾਂ ਵਾਸਤੇ ਕਾਨੂੰਨੀ ਲੜਾਈ ਲੜਨ ਵਾਲੇ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਦੱਸਿਆ ਕਿ 10 ਜਨਵਰੀ ਸਾਲ 2020 ਨੂੰ ਸੀਬੀਆਈ ਦੀ ਅਦਾਲਤ ਨੇ ਸਾਲ 1993 ਵਿਚ ਬਾਬਾ ਚਰਨ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੇ 5 ਮੈਂਬਰਾਂ ਨੂੰ ਅਗਵਾ ਕਰ ਕੇ ਮਾਰਨ ਦੇ ਮਾਮਲੇ ਵਿਚ ਪੰਜਾਬ ਪੁਲਿਸ ਦੇ 6 ਸਾਬਕਾ ਮੁਲਾਜ਼ਮਾਂ ਨੂੰ ਸਜ਼ਾ ਸੁਣਾਈ ਸੀ।

ਇਸ ਕੇਸ ਵਿੱਚ ਸਾਬਕਾ ਇੰਸਪੈਕਟਰ ਸੂਬਾ ਸਿੰਘ, ਸਾਬਕਾ ਸਬ-ਇੰਸਪੈਕਟਰ ਬਿਕਰਮਜੀਤ ਸਿੰਘ, ਸੁਖਦੇਵ ਸਿੰਘ ਨੂੰ 10-10 ਸਾਲ ਕੈਦ ਦੀ ਸਜ਼ਾ ਸੁਣਾਈ ਜਦਕਿ ਸਬ-ਇੰਸਪੈਕਟਰ ਸੁਖਦੇਵ ਰਾਜ ਸਿੰਘ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ ਸੀ।

ਕੇਸਰ ਸਿੰਘ ਨੂੰ ਜਬਰੀ ਚੁੱਕ ਕੇ ਮਾਰਨ ਦੇ ਮਾਮਲੇ ਵਿੱਚ ਐੱਸਆਈ ਬਿਕਰਮਜੀਤ ਸਿੰਘ ਅਤੇ ਐੱਸਆਈ ਸੁਖਦੇਵ ਸਿੰਘ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਸੀ।

ਬਾਬਾ ਚਰਨ ਸਿੰਘ ਨੂੰ ਚੁੱਕ ਕੇ ਲਾਪਤਾ ਕਰਨ ਦੇ ਮਾਮਲੇ ਵਿੱਚ ਸਾਬਕਾ ਇੰਸਪੈਕਟਰ ਸੂਬਾ ਸਿੰਘ ਨੂੰ 10 ਸਾਲ ਕੈਦ ਅਤੇ 30 ਹਜ਼ਾਰ ਦਾ ਹਰਜਾਨਾ ਲਾਇਆ ਗਿਆ ਸੀ।

ਬਾਬਾ ਚਰਨ ਸਿੰਘ ਦੇ ਭਰਾ ਬਾਬਾ ਮੇਜਾ ਸਿੰਘ ਨੂੰ ਅਗਵਾ ਕਰ ਕੇ ਮਾਰਨ ਦੇ ਮਾਮਲੇ ਵਿਚ ਸਾਬਕਾ ਇੰਸਪੈਕਟਰ ਸੂਬਾ ਸਿੰਘ ਨੂੰ 10 ਸਾਲ ਕੈਦ ਅਤੇ ਦੂਜੇ ਦੋਸ਼ੀ ਸੁਖਦੇਵ ਰਾਜ ਜੋਸ਼ੀ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ ਸੀ।

ਇਨ੍ਹਾਂ ਮਾਮਲਿਆਂ ਵਿਚ ਇਨਸਾਫ਼ ਲੈਣ ਲਈ 27 ਸਾਲ ਦਾ ਸਮਾਂ ਲੱਗਿਆ ਹੈ। ਬਾਬਾ ਚਰਨ ਸਿੰਘ ਦੀ ਪਤਨੀ ਬੀਬੀ ਸੁਰਜੀਤ ਕੌਰ ਨੇ 1997 ਵਿਚ ਇਨ੍ਹਾਂ ਮਾਮਲਿਆਂ ਦੀ ਅਰਜ਼ੀ ਸੁਪਰੀਮ ਕੋਰਟ ਵਿੱਚ ਪਾਈ ਸੀ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੇ ਹੁਕਮ ਦਿੱਤੇ।

ਇਸ ਮਾਮਲੇ ਵਿਚ 15 ਜਣੇ ਮੁਲਜ਼ਮ ਸਨ, ਜਿੰਨ੍ਹਾਂ ਵਿਚੋਂ 6 ਦੀ ਮੌਤ ਹੋ ਚੁੱਕੀ ਹੈ। ਕੇਸ ਦੀ ਅਦਾਲਤੀ ਪੈਰਵੀ ਦੌਰਾਨ 25 ਗਵਾਹਾਂ ਦੀ ਵੀ ਮੌਤ ਹੋ ਗਈ।

 ਬਾਬਾ ਚਰਨ ਸਿੰਘ
ਤਸਵੀਰ ਕੈਪਸ਼ਨ, 1993 ਵਿਚ ਬਾਬਾ ਚਰਨ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੇ 5 ਮੈਂਬਰਾਂ ਨੂੰ ਅਗਵਾ ਕਰਕੇ ਮਾਰਨ ਦੇ ਮਾਮਲੇ ਵਿੱਚ ਵੀ ਸੂਬਾ ਸਿੰਘ ਨੂੰ ਸਜ਼ਾ ਹੋਈ ਸੀ

7 ਨੌਜਵਾਨਾਂ ਦੇ ਫਰਜ਼ੀ ਐਨਕਾਊਂਟਰ ਦਾ ਦੋਸ਼ੀ

4 ਅਗਸਤ ਨੂੰ ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਸੇਵਾਮੁਕਤ ਇੰਸਪੈਕਟਰ ਸੂਬਾ ਸਿੰਘ ਸਮੇਤ ਸੇਵਾਮੁਕਤ ਐੱਸਐੱਸਪੀ ਭੁਪਿੰਦਰਜੀਤ ਸਿੰਘ, ਸੇਵਾਮੁਕਤ ਡੀਐੱਸਪੀ ਦਵਿੰਦਰ ਸਿੰਘ, ਸੇਵਾਮੁਕਤ ਏਐੱਸਆਈ ਰਘੁਬੀਰ ਸਿੰਘ ਅਤੇ ਸੇਵਾਮੁਕਤ ਏਐੱਸਆਈ ਗੁਲਬਰਗ ਸਿੰਘ ਨੂੰ ਤਰਨਤਾਰਨ ਵਿੱਚ ਸਾਲ 1993 'ਚ ਹੋਏ ਫਰਜ਼ੀ ਐਨਕਾਊਂਟਰ ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਸਾਲ 1996 ਵਿੱਚ ਇਹ ਕੇਸ ਸੀਬੀਆਈ ਨੂੰ ਸੌਂਪ ਦਿੱਤਾ ਸੀ।

ਸੀਬੀਆਈ ਨੇ ਜਾਂਚ ਵਿੱਚ ਪਾਇਆ ਗਿਆ ਕਿ ਤਿੰਨ ਸਪੈਸ਼ਲ ਪੁਲਿਸ ਅਫਸਰਾਂ (ਐੱਸਪੀਓ) ਸਣੇ 7 ਨੌਜਵਾਨਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਫਿਰ ਕਤਲ ਕਰਕੇ ਲਾਸ਼ਾਂ ਨੂੰ ਅਣਪਛਾਤੀਆਂ ਦੱਸ ਕੇ ਟਿਕਾਣੇ ਲਗਾ ਦਿੱਤੀਆਂ ਗਈਆਂ ਸਨ।

ਇੱਕ ਵਿਅਕਤੀ ਨੂੰ ਅਗਵਾ, ਲਾਪਤਾ ਕਰਨ ਤੇ ਝੂਠੀ ਪਛਾਣ ਦਾ ਮਾਮਲਾ

16 ਮਾਰਚ 2023 ਨੂੰ ਮੁਹਾਲੀ ਦੀ ਸੀਬੀਆਈ ਅਦਾਲਤ ਨੇ ਪੁਲਿਸ ਮੁਲਾਜ਼ਮ ਝਿਰਮਲ ਸਿੰਘ ਨੂੰ ਇਕ ਵਿਅਕਤੀ ਨੂੰ ਅਗਵਾ ਕਰਨ ਅਤੇ ਸਬੂਤ ਮਿਟਾਉਣ ਲਈ ਸਜ਼ਾ ਸੁਣਾਈ ਸੀ।

ਇਸੇ ਹੀ ਕੇਸ ਵਿੱਚ ਸੂਬਾ ਸਿੰਘ ਨੂੰ ਇੱਕ ਸਰਕਾਰੀ ਨੌਕਰ ਨੂੰ ਫਸਾਉਣ, ਕਿਸੇ ਵਿਅਕਤੀ ਨੂੰ ਬਚਾਉਣ ਵਾਸਤੇ ਗ਼ਲਤ ਰਿਕਾਰਡ ਰੱਖਣ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦੇ ਦੋਸ਼ ਤਹਿਤ 2 ਸਾਲ ਦੀ ਸਜ਼ਾ ਸੁਣਾਈ ਸੀ।

ਵਕੀਲ ਸਰਬਜੀਤ ਸਿੰਘ ਵੇਰਕਾ ਨੇ ਦੱਸਿਆ ਕਿ ਜੂਨ 1992 ਵਿੱਚ ਪੁਲਿਸ ਨੇ ਕੋਟਲੀ ਸਾਰੀ ਖ਼ਾਨ ਪਿੰਡ ਦੇ ਵਸਨੀਕ ਨੂੰ ਅਮ੍ਰਿਤਸਰ ਦੇ ਲਾਰੈਂਸ ਰੋਡ ਤੋਂ ਚੁੱਕਿਆ ਸੀ ਅਤੇ 6 ਜੁਲਾਈ 1992 ਨੂੰ ਉਹ ਆਖ਼ਰੀ ਵਾਰ ਸੀਆਈਏ ਤਰਨਤਾਰਨ ਵਿੱਚ ਦੇਖਿਆ ਗਿਆ ਸੀ।

ਕੁਝ ਦਿਨਾਂ ਮਗਰੋਂ ਸੂਬਾ ਸਿੰਘ, ਜੋ ਉਸ ਸਮੇਂ ਵੈਰੋਵਾਲ ਪੁਲਿਸ ਸਟੇਸ਼ਨ ਦਾ ਐੱਸਐੱਚਓ ਸੀ, ਨੇ ਕਿਸੇ ਹੋਰ ਪੁਲਿਸ ਮੁਕਾਬਲੇ, ਜਿਸ ਵਿੱਚ ਛੇ ਵਿਅਕਤੀ ਮਾਰੇ ਗਏ ਸਨ, ਦੇ ਦਸਤਾਵੇਜ਼ਾਂ ਨਾਲ ਛੇੜਛਾੜ ਕਰਕੇ ਕਿਸੇ ਅਣਪਛਾਤੀ ਲਾਸ਼ ਦੀ ਕਲਦੀਪ ਸਿੰਘ ਵਜੋਂ ਪਛਾਣ ਕੀਤੀ ਸੀ।

ਸਰਬਜੀਤ ਸਿੰਘ

32 ਸਾਲਾ ਵਿਅਕਤੀ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖਣ ਅਤੇ ਲਾਪਤਾ ਕਰਨ ਦਾ ਮਾਮਲਾ

ਵਕੀਲ ਸਰਬਜੀਤ ਸਿੰਘ ਨੇ ਦੱਸਿਆ ਕਿ 29 ਮਾਰਚ 2023 ਨੂੰ ਮੁਹਾਲੀ ਦੀ ਸੀਬੀਆਈ ਅਦਾਲਤ ਨੇ ਮਾਲੂਵਾਲ ਪਿੰਡ ਦੇ ਵਸਨੀਕ 32 ਸਾਲਾ ਬਲਜੀਤ ਸਿੰਘ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣ ਅਤੇ ਲਾਪਤਾ ਕਰਨ ਦੇ ਮਾਮਲੇ ਵਿੱਚ ਤਿੰਨ ਪੁਲਿਸ ਅਧਿਕਾਰੀਆਂ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਸੀ।

ਇਨ੍ਹਾਂ ਪੁਲਿਸ ਮੁਲਾਜ਼ਮਾਂ ਵਿੱਚ ਸਾਬਕਾ ਇੰਸਪੈਕਟਰ ਸੂਬਾ ਸਿੰਘ, ਸਬ-ਇੰਸਪੈਕਟਰ ਦਲਬੀਰ ਸਿੰਘ ਅਤੇ ਸਹਾਇਕ ਸਬ ਇੰਸਪੈਕਟਰ ਰਾਵੇਲ ਸਿੰਘ ਸ਼ਾਮਲ ਹਨ।

ਬਲਜੀਤ ਸਿੰਘ ਨੂੰ 8 ਅਗਸਤ 1991 ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ 16 ਅਗਸਤ ਤੱਕ ਉਹ ਪੁਲਿਸ ਵਿੱਚ ਰਿਹਾ। ਉਸ ਮਗਰੋਂ ਬਲਜੀਤ ਦਾ ਕੋਈ ਪਤਾ ਨਹੀਂ ਲੱਗਾ।

ਇਸ ਤੋਂ ਇਲਾਵਾ ਵਕੀਲ ਸਰਬਜੀਤ ਸਿੰਘ ਵੇਰਕਾ ਦਾਅਵਾ ਕਰਦੇ ਹਨ, "ਸੇਵਾ ਮੁਕਤ ਇੰਸਪੈਕਟਰ ਸੂਬਾ ਸਿੰਘ ਦਾ ਨਾਮ ਲਗਭਗ 100 ਪੁਲਿਸ ਮੁਕਾਬਲਿਆਂ, ਲਾਪਤਾ ਕਰਨ, ਅਗਵਾ ਕਰਨ ਅਤੇ ਹੋਰ ਅਜਿਹੇ ਦੇ ਮਾਮਲਿਆਂ ਵਿੱਚ ਆਇਆ ਸੀ ਪਰ ਸਿਰਫ 7 ਕੇਸਾਂ ਦੀ ਹੀ ਜਾਂਚ ਹੋਈ ਅਤੇ ਚਾਰਜਸ਼ੀਟ ਪੇਸ਼ ਕੀਤੀ ਗਈ ਸੀ। ਛੇ ਕੇਸਾਂ ਵਿੱਚ ਸੂਬਾ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਇੱਕ ਦੀ ਸੁਣਵਾਈ ਚੱਲ ਰਹੀ ਹੈ।"

ਆਖ਼ਰੀ ਸਮੇਂ ਪਰਿਵਾਰ ਸੂਬਾ ਸਿੰਘ ਨੂੰ ਕੋਲ ਰੱਖਣ ਤੋਂ ਮੁੱਕਰਿਆ

ਵਕੀਲ ਸਰਬਜੀਤ ਸਿੰਘ ਵੇਰਕਾ ਨੇ ਦਾਅਵਾ ਕੀਤਾ ਕਿ ਆਖ਼ਰੀ ਸਮੇਂ ਸਾਬਕਾ ਪੁਲਿਸ ਇੰਸਪੈਕਟਰ ਨੂੰ ਪਰਿਵਾਰ ਨੇ ਕੋਲ ਰੱਖਣ ਤੋਂ ਮਨ੍ਹਾਂ ਕਰ ਦਿੱਤਾ ਸੀ।

ਉਨ੍ਹਾਂ ਦੱਸਿਆ, "ਸਾਬਕਾ ਇੰਸਪੈਕਟਰ ਸੂਬਾ ਸਿੰਘ ਨੂੰ 10 ਸਤੰਬਰ ਨੂੰ ਜ਼ਮਾਨਤ ਮਿਲੀ ਗਈ ਸੀ। ਮਗਰੋਂ ਉਸ ਉੱਤੇ ਹਮਲਾ ਹੋ ਗਿਆ ਅਤੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਜੇਰੇ ਇਲਾਜ ਸੀ।"

"ਇਸ ਦੌਰਾਨ ਦੇ ਪਰਿਵਾਰ ਨੇ ਸੂਬਾ ਸਿੰਘ ਦੀ ਕਸਟਡੀ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ। ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਨੇ ਇਸਦੀ ਸੀਬੀਆਈ ਅਦਾਲਤ ਮੁਹਾਲੀ ਨੂੰ ਦਿੱਤੀ ਸੀ।"

"ਇਸ ਮਗਰੋਂ ਅਦਾਲਤ ਨੇ ਸਾਬਕਾ ਇੰਸਪੈਕਟਰ ਦੇ ਪੂਰੀ ਤਰ੍ਹਾਂ ਤੰਦਰੁਸਤ ਹੋਣ ਤੱਕ ਉਸਦਾ ਇਲਾਜ ਕਰਵਾਉਣ ਅਤੇ ਠੀਕ ਹੋਣ ਮਗਰੋਂ ਰੀਲੀਜ਼ ਵਾਰੰਟ ਲਾਗੂ ਕਰਨਾ ਲਈ ਕਿਹਾ ਸੀ।"

ਇਹਨਾਂ ਹੁਕਮਾਂ ਦੀ ਕਾਪੀ ਬੀਬੀਸੀ ਕੋਲ ਮੌਜੂਦ ਹੈ। ਇਹਨਾਂ ਹੁਕਮਾਂ ਵਿੱਚ ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਵੱਲੋਂ ਸੀਬੀਆਈ ਅਦਾਲਤ ਨੂੰ ਈਮੇਲ ਰਾਹੀਂ ਇੱਕ ਅਰਜ਼ੀ ਭੇਜਣ ਦਾ ਹਵਾਲਾ ਮੌਜੂਦ ਹੈ।

ਇਸ ਅਰਜ਼ੀ ਰਾਹੀਂ ਜੇਲ੍ਹ ਸੁਪਰਡੈਂਟ ਨੇ ਅਦਾਲਤ ਨੂੰ ਜਾਣਕਾਰੀ ਦਿੱਤੀ ਸੀ ਕਿ ਕੈਦੀ ਸੂਬਾ ਸਿੰਘ ਰਜਿੰਦਰਾ ਹਸਪਤਾਲ ਵਿੱਚ ਬੇਹੋਸ਼ੀ ਦੇ ਹਾਲਾਤ ਵਿੱਚ ਹੈ ਅਤੇ ਉਸ ਦੇ ਕਾਨੂੰਨੀ ਵਾਰਸਾਂ ਨੇ ਉਸ ਦੀ ਕਸਟੱਡੀ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)