ਜੈਨ-ਜ਼ੀ ਅਲਕੋਹਲ ਦੀ ਥਾਂ ਐਂਗਜ਼ਾਇਟੀ ਡਰੱਗਜ਼ ਕਿਉਂ ਵਰਤ ਰਹੀ ਹੈ? ਇਸ ਦੇ ਕੀ ਖ਼ਤਰੇ ਹੋ ਸਕਦੇ ਹਨ?

ਇੱਕ ਤਸਵੀਰ ਜੋ ਦੋ ਹਿੱਸਿਆਂ ਵਿੱਚ ਵੰਡੀ ਹੋਈ ਹੈ, ਖੱਬੇ ਪਾਸੇ ਇੱਕ ਦਵਾਈ ਦੀ ਬੋਤਲ ਹੈ ਅਤੇ ਸੱਜੇ ਪਾਸੇ ਇੱਕ ਬੀਅਰ  ਗਿਲਾਸ ਹੈ।

ਤਸਵੀਰ ਸਰੋਤ, Getty Images

    • ਲੇਖਕ, ਜੈਕੀ ਵੇਕਫੀਲਡ ਅਤੇ ਇਸਾਬੇਲ ਸ਼ਾਅ
    • ਰੋਲ, ਗਲੋਬਲ ਹੈਲਥ ਯੁਨਿਟ, ਬੀਬੀਸੀ ਵਰਲਡ ਸਰਵਿਸ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 8 ਮਿੰਟ

ਦੋਸਤਾਂ ਨਾਲ ਰਾਤ ਨੂੰ ਬਾਹਰ ਜਾਣ ਤੋਂ ਪਹਿਲਾਂ ਵੀਹ ਸਾਲਾ ਮੇਈ ਗਲੇ ਵਿਚ ਕੁਝ ਅਟਕਿਆ ਮਹਿਸੂਸ ਕਰਦੀ ਸੀ, ਹੱਥਾਂ ਨੂੰ ਪਸੀਨਾ ਆਉਣ ਲਗਦਾ ਸੀ ਅਤੇ ਉਹ ਇਸ ਗੱਲ ਤੋਂ ਬਹੁਤ ਡਰੀ ਹੁੰਦੀ ਸੀ ਕਿ ਉਹ ਕੁਝ ਗਲਤ ਨਾ ਬੋਲ ਦੇਵੇ।

ਫਿਰ ਇਸ ਚੀਨੀ ਯੁਨੀਵਰਸਿਟੀ ਵਿਦਿਆਰਥਣ ਨੂੰ ਸ਼ੋਸ਼ਲ ਮੀਡੀਆ 'ਤੇ ਡਾਕਟਰੀ ਪਰਚੀ ਵਾਲੀਆਂ ਦਵਾਈਆਂ ਬਾਰੇ ਪਤਾ ਲੱਗਾ।

ਉਸ ਨੇ ਪ੍ਰੈਗਾਬਾਲਿਨ ਲੈਣੀ ਸ਼ੁਰੂ ਕਰ ਦਿੱਤੀ ਜੋ ਕਿ ਅਕਸਰ ਮਿਰਗੀ, ਚਿੰਤਾ ਜਾਂ ਨਸਾਂ ਦੇ ਇਲਾਜ ਲਈ ਵਰਤੀ ਜਾਂਦੀ ਹੈ। ਇਸ ਦੇ ਨਾਲ ਹੀ ਉਸ ਨੇ ਦਿਲ ਦੀਆਂ ਬਿਮਾਰੀਆਂ ਲਈ ਵਰਤਿਆ ਜਾਣ ਵਾਲਾ ਇੱਕ ਬੀਟਾ ਬਲੌਕਰ ਲੈਣਾ ਸ਼ੁਰੂ ਕਰ ਦਿੱਤਾ ਅਤੇ ਇਸ ਨਾਲ ਚਿੰਤਾ ਦੇ ਸਰੀਰਕ ਲੱਛਣਾਂ ਨੂੰ ਵੀ ਘਟਾਇਆ ਜਾ ਸਕਦਾ ਹੈ।

ਉਸ ਨੇ ਇਹ ਦੋਹੇਂ ਆਨਲਾਈਨ ਵਿਕਰੇਤਾਵਾਂ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਖਰੀਦੇ।

ਉਹ ਕਹਿੰਦੀ ਹੈ, "ਮੈਂ ਬੇਹਦ ਖੁਸ਼ ਮਹਿਸੂਸ ਕਰਦੀ ਸੀ ਜਿਵੇਂ ਕਮਰੇ ਵਿੱਚ ਸਭ ਤੋਂ ਦਿਲਚਸਪ ਵਿਅਕਤੀ ਬਣ ਸਕਦੀ ਹੋਵਾਂ। ਇਹ ਬਿਨ੍ਹਾਂ ਬਿਮਾਰ ਮਹਿਸੂਸ ਕੀਤੇ 10 ਡਰਿੰਕਸ ਪੀਣ ਜਿਹਾ ਹੈ।"

ਇਨ੍ਹਾਂ ਦਵਾਈਆਂ ਦੀ ਹਾਈ ਡੋਜ਼ ਦਾ ਅਹਿਸਾਸ ਸ਼ਰਾਬ ਪੀਣ ਦੇ ਅਹਿਸਾਸ ਜਿਹਾ ਹੁੰਦਾ ਹੈ।

ਪਰ ਮਾਹਿਰ ਚੇਤਾਵਨੀ ਦਿੰਦੇ ਹਨ ਕਿ ਡਾਕਟਰੀ ਨਿਗਰਾਨੀ ਤੋਂ ਬਿਨ੍ਹਾਂ ਇਨ੍ਹਾਂ ਦਾ ਸੇਵਨ ਖਤਰਨਾਕ ਹੋ ਸਕਦਾ ਹੈ ਅਤੇ ਕੁਝ ਕੇਸਾਂ ਵਿੱਚ ਜਾਨਲੇਵਾ ਵੀ। ਲੰਬਾ ਸਮਾਂ ਇਸਤੇਮਾਲ ਕਰਨ ਨਾਲ ਇਨ੍ਹਾਂ ਦਵਾਈਆਂ 'ਤੇ ਨਿਰਭਰਤਾ ਵੀ ਹੋ ਸਕਦੀ ਹੈ।

ਵਰਤੋਂ ਕਰਨ ਵਾਲਿਆਂ ਨੂੰ ਲਗਦਾ ਹੈ ਕਿ ਉਹ ਕਿਸੇ ਵੀ ਸਮਾਜਿਕ ਸਥਿਤੀ ਲਈ ਇਸ 'ਤੇ ਨਿਰਭਰ ਹੋ ਗਏ ਹਨ। ਉਹ ਵੱਧ ਚਿੰਤਾ, ਨੀਂਦ ਨਾ ਆਉਣਾ ਅਤੇ ਖੁਦਕੁਸ਼ੀ ਦੇ ਵਿਚਾਰ ਵੀ ਰਿਪੋਰਟ ਕਰਦੇ ਹਨ ਜਦੋਂ ਉਹ ਇਸ ਡਰੱਗ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰਦੇ ਹਨ।

ਮੇਈ (ਅਸਲ ਨਾਮ ਨਹੀਂ) ਲਈ ਜੋ ਸਿਲਸਿਲਾ ਸਿਰਫ਼ ਦੋਸਤਾਂ ਨਾਲ ਬਾਹਰ ਜਾਣ ਤੋਂ ਸ਼ੁਰੂ ਹੋਇਆ ਸੀ ਉਹ ਹੁਣ ਆਮ ਸਮਾਜਿਕ ਪ੍ਰੋਗਰਾਮਾਂ ਵਿਚ ਵੀ ਜਾਰੀ ਹੋ ਗਿਆ। ਹੁਣ ਉਹ ਇਹ ਦਵਾਈਆਂ ਰੋਜ਼ਾਨਾ ਲੈਂਦੀ ਹੈ।

ਉਹ ਕਹਿੰਦੀ ਹੈ, " ਮੈਂ ਇਸ ਤੋਂ ਬਿਨ੍ਹਾਂ ਘਰ ਨਹੀਂ ਛੱਡ ਸਕਦੀ।"

ਮੇਈ ਇਕੱਲੀ ਨਹੀਂ ਹੈ। ਦੁਨੀਆਂ ਭਰ ਵਿੱਚ ਕਈ ਨੌਜਵਾਨ ਸ਼ਰਾਬ ਦੇ ਬਦਲ ਵਜੋਂ ਦਵਾਈਆਂ ਅਤੇ ਪ੍ਰਯੋਗਾਤਮਕ ਪਦਾਰਥਾਂ ਵੱਲ ਰੁਖ ਕਰ ਰਹੇ ਹਨ।

ਜੈਨ-ਜ਼ੀ (1997 ਤੋਂ 2012 ਤੱਕ ਪੈਦਾ ਹੋਏ) ਵਿੱਚ ਚਿੰਤਾ ਪਹਿਲਾਂ ਦੀਆਂ ਪੀੜ੍ਹੀਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ।

ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ 1990 ਤੋਂ 2021 ਤੱਕ 10-24 ਦੀ ਉਮਰ ਦੇ ਲੋਕਾਂ ਵਿਚ ਚਿੰਤਾ ਵਿਕਾਰਾਂ ਦੇ ਵਿਸ਼ਵਵਿਆਪੀ ਮਾਮਲੇ 10 ਮਿਲੀਅਨ ਤੋਂ ਵੱਧ ਕੇ 16 ਮਿਲੀਅਨ ਹੋ ਗਏ ਹਨ।

61 ਅਧਿਐਨਾਂ ਦੀ ਇੱਕ ਸਮੀਖਿਆ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਮਹਾਮਾਰੀ ਤੋਂ ਪਹਿਲਾਂ ਦੀ ਤੁਲਨਾ ਵਿੱਚ ਨੌਜਵਾਨਾਂ ਵਿੱਚ ਚਿੰਤਾ ਦੀ ਦਰ ਵਧੀ ਹੈ।

ਇਸੇ ਵਿਚਕਾਰ ਸ਼ਰਾਬ ਦੇ ਸਿਹਤਮੰਦ ਬਦਲਾਂ ਦੀ ਖੋਜ ਨੇ ਅਜਿਹੇ ਪਦਾਰਥਾਂ ਲਈ ਨਵਾਂ ਬਜ਼ਾਰ ਬਣਾਉਣ ਵਿੱਚ ਮਦਦ ਕੀਤੀ ਹੈ ਜਿਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਬਿਨ੍ਹਾਂ ਹੈਂਗਓਵਰ ਵਾਲੇ ਸਮਾਜਿਕ ਨਸ਼ਿਆਂ ਵਜੋਂ ਪ੍ਰਚਾਰਿਆ ਗਿਆ ਹੈ।

ਟੀਸਾਈਡ ਯੂਨੀਵਰਸਿਟੀ ਦੇ ਇੱਕ ਨਸ਼ਾ ਮੁਕਤੀ ਖੋਜਕਰਤਾ ਲਿਆਮ ਨੋਲਸ ਕਹਿੰਦੇ ਹਨ, "ਨੌਜਵਾਨ ਇਨ੍ਹਾਂ ਨਸ਼ਿਆਂ ਨੂੰ ਸਾਫ਼ ਅਤੇ ਸੁਰੱਖਿਅਤ ਵਿਕਲਪ ਵਜੋਂ ਦੇਖਦੇ ਹਨ। ਇਹ ਸੁਰੱਖਿਆ ਦੀ ਇੱਕ ਝੂਠੀ ਭਾਵਨਾ ਹੈ।"

ਇਹ ਸਹੀ ਜਾਣਨਾ ਅਸੰਭਵ ਹੈ ਕਿ ਕਿੰਨੇ ਨੌਜਵਾਨ ਮਿਲਣ ਜੁਲਣ ਲਈ ਇਨ੍ਹਾਂ ਦਵਾਈਆਂ ਦੀ ਵਰਤੋਂ ਕਰ ਰਹੇ ਹਨ ਕਿਉਂਕਿ ਬਹੁਤ ਸਾਰੇ ਲੋਕ ਇਨ੍ਹਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਖ਼ਰੀਦਦੇ ਹਨ।

ਖੜ੍ਹੇ ਹੋ ਕੇ ਫੋਨ ਦੇਖ ਰਹੇ ਨੌਜਵਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੈਨ-ਜ਼ੀ(1997 ਤੋਂ 2012 ਤੱਕ ਪੈਦਾ ਹੋਏ) ਵਿੱਚ ਚਿੰਤਾ ਪਹਿਲਾਂ ਦੀਆਂ ਪੀੜ੍ਹੀਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ।

ਨੇਚਰ ਕਮਿਉਨੀਕੇਸ਼ਨਜ਼ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਅਨੁਮਾਨ ਲਗਾਇਆ ਗਿਆ ਹੈ ਕਿ ਵਰਤੀਆਂ ਜਾਣ ਵਾਲੀਆਂ ਦਵਾਈਆਂ ਵਿੱਚੋਂ ਇੱਕੋ ਪ੍ਰੇਗਾਬਾਲਿਨ ਦੀ ਕੁੱਲ ਗਲੋਬਲ ਖਪਤ 2008 ਤੋਂ 2018 ਦੇ ਵਿਚਕਾਰ ਚਾਰ ਗੁਣਾ ਵਧ ਗਈ ਹੈ। ਪ੍ਰੇਗਾਬਾਲਿਨ ਦੀ ਦੁਰਵਰਤੋਂ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ।

ਚੀਨ ਵਿੱਚ 2024 ਵਿੱਚ ਪਹਿਲੀ ਵਾਰ ਪ੍ਰੇਗਾਬਾਲਿਨ ਦੀ ਦੁਰਵਰਤੋਂ ਦਾ ਮਾਮਲਾ ਰਿਪੋਰਟ ਹੋਇਆ ਸੀ। ਇਸ ਸਾਲ ਸਰਕਾਰ ਨੇ ਡਰੱਗ ਨੂੰ ਨਿਯੰਤਰਿਤ ਕਰਨ ਦੀ ਯੋਜਨਾ ਦਾ ਐਲਾਨ ਕੀਤਾ।

ਭਾਰਤ ਨੇ ਵੀ ਮਈ ਵਿੱਚ ਇਸ ਦੀ ਵਰਤੋਂ ਸੀਮਿਤ ਕਰ ਦਿੱਤੀ। ਜਾਰਡਨ ਅਤੇ ਯੁਕਰੇਨ ਦੇ ਖੋਜਕਰਤਾਵਾਂ ਨੇ ਵੀ ਇਸ ਦੀ ਦੁਰਵਰਤੋਂ ਵਿੱਚ ਵਾਧਾ ਦੇਖਿਆ ਹੈ।

ਸੋਸ਼ਲ਼ ਮੀਡੀਆ ਪਲੇਟਫ਼ਾਰਮਾਂ 'ਤੇ ਇਨ੍ਹਾਂ ਦਵਾਈਆਂ ਨਾਲ ਸਬੰਧਤ ਹੈਸ਼ਟੈਗ ਹਜ਼ਾਰਾਂ ਵੀਡੀਓਜ਼ ਸਾਹਮਣੇ ਲਿਆਉਂਦੇ ਹਨ ਜਿਨ੍ਹਾਂ ਵਿੱਚ ਇਸ ਦੀ ਵਰਤੋਂ ਕਰਨ ਵਾਲਿਆਂ ਨੂੰ ਦਵਾਈਆਂ ਦਾ ਮਿਸ਼ਰਨ ਬਣਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਜਿਸ ਨੂੰ ਆਨਲਾਈਨ ਸਟੈਕਿੰਗ ਵਜੋਂ ਜਾਣਿਆਂ ਜਾਂਦਾ ਹੈ।

ਜਾਪਦਾ ਹੈ ਕਿ ਸੋਸ਼ਲ ਮੀਡੀਆ ਸਿਰਫ਼ ਕੁਝ ਨੌਜਵਾਨਾਂ ਨੂੰ ਇਨ੍ਹਾਂ ਪਦਾਰਥਾਂ ਬਾਰੇ ਜਾਣਕਾਰੀ ਹੀ ਨਹੀਂ ਦੇ ਰਿਹਾ ਬਲਕਿ ਉਨ੍ਹਾਂ ਨੂੰ ਪ੍ਰਾਪਤ ਕਰਨ ਵਿੱਚ ਵੀ ਮਦਦ ਕਰ ਸਕਦਾ ਹੈ।

ਬੀਬੀਸੀ ਵਰਲਡ ਸਰਵਿਸ ਨੇ ਦੇਖਿਆ ਕਿ ਕੁਝ ਇਨਫਲਿਉਐਂਸਰ ਆਪਣੀਆਂ ਪ੍ਰੋਫਾਈਲਜ਼ 'ਤੇ ਇਹ ਡਰੱਗ ਵੇਚ ਰਹੇ ਹਨ।

ਮੇਈ ਨੇ ਕਿਹਾ ਕਿ ਉਸ ਨੇ ਇਹ ਦਵਾਈ ਚੀਨੀ ਸੋਸ਼ਲ ਮੀਡੀਆ ਜ਼ਰੀਏ ਖਰੀਦੀ।

ਉਹ ਕਹਿੰਦੀ ਹੈ, "ਹਜ਼ਾਰਾਂ ਪੋਸਟਾਂ ਇਹ ਵੇਚ ਰਹੀਆਂ ਹਨ। ਉਨ੍ਹਾਂ ਨੂੰ ਲੱਭਣਾ ਅਤੇ ਆਰਡਰ ਕਰਨਾ ਬਹੁਤ ਸੌਖਾ ਹੈ।"

ਇਹ ਤਸਵੀਰ ਸਿਰਫ਼ ਚੀਨ ਤੱਕ ਸੀਮਿਤ ਨਹੀਂ ਹੈ।

ਯਕਰੇਨ ਤੋਂ 26 ਸਾਲਾ ਗਾਹਕ ਸੇਵਾ ਵਰਕਰ ਲੋਰਾ ਨੇ ਬੀਬੀਸੀ ਨੂੰ ਦੱਸਿਆ ਕਿ ਇਨ੍ਹਾਂ ਡਰੱਗਜ਼ ਨੂੰ ਆਨਲਾਈਨ ਜਾਂ ਦੋਸਤਾਂ ਜ਼ਰੀਏ ਖ਼ਰੀਦਣਾ ਸੌਖਾ ਸੀ।

"ਸੋਬਰ ਜੈਨਰੇਸ਼ਨ"

ਇੱਕ ਕੰਸਰਟ ਵਿੱਚ ਬੈਠੇ ਜੈਨ-ਜ਼ੀ ਨੌਜਵਾਨਾਂ ਦਾ ਗਰੁੱਪ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਨ੍ਹਾਂ ਪਦਾਰਥਾਂ ਵਿਚ ਵਧ ਰਹੀ ਦਿਲਚਸਪੀ ਅਜਿਹੇ ਸਮੇਂ ਆ ਰਹੀ ਹੈ ਜਦੋਂ ਨੌਜਵਾਨ ਤੇਜ਼ੀ ਨਾਲ ਸ਼ਰਾਬ ਤੋਂ ਦੂਰ ਹੋ ਰਹੇ ਹਨ

ਇਨ੍ਹਾਂ ਪਦਾਰਥਾਂ ਵਿਚ ਵਧ ਰਹੀ ਦਿਲਚਸਪੀ ਅਜਿਹੇ ਸਮੇਂ ਆ ਰਹੀ ਹੈ ਜਦੋਂ ਨੌਜਵਾਨ ਤੇਜ਼ੀ ਨਾਲ ਸ਼ਰਾਬ ਤੋਂ ਦੂਰ ਹੋ ਰਹੇ ਹਨ ਜਿਸ ਕਾਰਨ ਜੈਨਰੇਸ਼ਨ ਜ਼ੈੱਡ ਨੂੰ ਸੋਬਰ ਜੈਨਰੇਸ਼ਨ ਦਾ ਨਾਮ ਮਿਲਿਆ ਹੈ।

ਬਲੂਮਬਰਗ ਮੁਤਾਬਕ, ਵਿਸ਼ਵ ਪੱਧਰ 'ਤੇ 2025 ਵਿੱਚ ਸ਼ਰਾਬ ਦੇ ਸਟੌਕਾਂ ਵਿੱਚ 830 ਬਿਲੀਅਨ ਅਮਰੀਕੀ ਡਾਲਰ ਦੀ ਗਿਰਾਵਟ ਆਈ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਰੁਝਾਨ ਨੌਜਵਾਨਾਂ ਦੇ ਸ਼ਰਾਬ ਪੀਣ ਦੇ ਵਿਹਾਰ ਵਿਚ ਆਏ ਬਦਲਾਅ ਕਾਰਨ ਹੈ ਜਿਸ ਵਿੱਚ ਉਨ੍ਹਾਂ ਨੇ ਖ਼ਰਚਿਆਂ ਅਤੇ ਸਿਹਤ ਸਬੰਧੀ ਚਿੰਤਾਵਾਂ ਦਾ ਹਵਾਲਾ ਦਿੱਤਾ ਹੈ।

ਨਸ਼ੇ ਦੀ ਲਤ ਬਾਰੇ ਅਧਿਐਨ ਕਰ ਰਹੇ ਨੋਇਲਜ਼ ਕਹਿੰਦੇ ਹਨ ਕਿ ਬਹੁਤ ਸਾਰੇ ਨੌਜਵਾਨ ਜੋ ਮਨੋਰੰਜਨ ਲਈ ਪ੍ਰੇਗਾਬਾਲਿਨ ਦੀ ਵਰਤੋਂ ਕਰ ਰਹੇ ਹਨ ਉਹ ਅਸਲ ਵਿੱਚ ਆਪਣੀ ਸਿਹਤ ਨੂੰ ਲੈ ਕੇ ਕਾਫ਼ੀ ਸੁਚੇਤ ਹਨ।

ਉਹ ਕਹਿੰਦੇ ਹਨ, "ਲੋਕਾਂ ਨੂੰ ਕੈਲੋਰੀਜ਼ ਨਹੀਂ ਚਾਹੀਦੀਆਂ, ਉਨ੍ਹਾਂ ਨੂੰ ਆਪਣੇ ਭਾਰ ਜਾਂ ਉਮਰ ਵਾਧੇ ਦੀ ਪ੍ਰਕਿਰਿਆ 'ਤੇ ਪ੍ਰਭਾਵ ਨਹੀਂ ਚਾਹੀਦੇ।"

ਇਹ ਤਰਕ ਯੂ.ਕੇ. ਦੇ ਰਹਿਣ ਵਾਲੇ 22 ਸਾਲਾ ਮੈਟ ਦੇ ਵਿਚਾਰਾਂ ਨਾਲ ਮੇਲ ਖਾਂਦਾ ਹੈ ਜੋ ਨਿਯਮਿਤ ਤੌਰ 'ਤੇ ਜਿਮ ਜਾਂਦਾ ਹੈ ਅਤੇ ਮੰਨਦਾ ਹੈ ਕਿ ਸ਼ਰਾਬ ਪੀਣ ਦੇ ਮੁਕਾਬਲੇ ਇਹ ਦਵਾਈਆਂ ਉਸ ਦੇ ਸਰੀਰ 'ਤੇ ਖਾਸ ਕਰਕੇ ਉਸ ਦੇ ਲੀਵਰ ਅਤੇ ਦਿਲ 'ਤੇ ਬਹੁਤ ਘੱਟ ਪ੍ਰਭਾਵ ਪਾਉਂਦੀਆਂ ਹਨ।

ਉਹ ਕਹਿੰਦੇ ਹਨ, "ਇਸ ਕਮਿਉਨਟੀ ਵਿੱਚ ਲੋਕ ਮੰਨਦੇ ਹਨ ਕਿ ਇਹ ਡਰੱਗ, ਅਲਕੋਹਲ ਤੋਂ ਸਿਹਤਮੰਦ ਹਨ।"

ਮੁਫ਼ਤ ਦਾ ਸੌਦਾ ਨਹੀਂ

ਅਲਕੋਹਲ ਨੂੰ ਘੱਟੋ ਘੱਟ ਸੱਤ ਤਰ੍ਹਾਂ ਦੇ ਕੈਂਸਰਾਂ ਨਾਲ ਜੋੜਿਆ ਗਿਆ ਹੈ ਅਤੇ ਵਿਸ਼ਵ ਸਿਹਤ ਸੰਗਠਨ ਨੇ 2003 ਵਿੱਚ ਚੇਤਾਵਨੀ ਦਿੱਤੀ ਸੀ ਕਿ ਅਲਕੋਹਲ ਦੀ ਕੋਈ ਵੀ ਮਾਤਰਾ ਖਤਰਾ ਪੈਦਾ ਕਰ ਸਕਦੀ ਹੈ।

ਲੰਡਨ ਦੇ ਇੰਪੀਰੀਅਲ ਕਾਲਜ ਵਿੱਚ ਨਿਓਰੋਸਾਈਕੋਫਾਰਮਾਕੋਲੋਜਿਸਟ ਪ੍ਰੋਫੈਸਰ ਡੇਵਿਡ ਨੱਟ ਨੇ ਲੰਬਾ ਸਮਾਂ ਨਸ਼ਿਆਂ ਸਬੰਧੀ ਨਰਮ ਕਾਨੂੰਨੀ ਖ਼ਿਲਾਫ਼ ਮੁਹਿੰਮ ਚਲਾਈ ਹੈ।

ਉਨ੍ਹਾਂ ਦਾ ਤਰਕ ਹੈ ਕਿ ਮੇਈ ਜੋ ਦਵਾਈਆਂ ਲੈਂਦੀ ਹੈ ਉਹ ਬਹੁਤ ਜ਼ਿਆਦਾ ਸ਼ਰਾਬ ਪੀਣ ਮੁਕਾਬਲੇ ਘੱਟ ਨੁਕਸਾਨਦੇਹ ਹੋ ਸਕਦੀਆਂ ਹਨ ਭਾਵੇਂ ਕਿ ਉਨ੍ਹਾਂ ਦੇ ਆਪਣੇ ਕੁਝ ਰਿਸਕ ਜ਼ਰੂਰ ਹਨ।

ਉਹ ਕਹਿੰਦੇ ਹਨ ਕਿ ਤਸਵੀਰ ਬਦਲ ਜਾਂਦੀ ਹੈ ਜੇ ਪ੍ਰੇਗਾਬਾਲਿਨ ਜ਼ਿਆਦਾ ਮਾਤਰਾ ਵਿੱਚ ਲਈ ਜਾਵੇ।

ਉਹ ਕਹਿੰਦੇ ਹਨ, "ਜੇ ਉਹ ਇਸ ਦੀ ਵਰਤੋਂ ਨਸ਼ੇ ਵਜੋਂ ਕਰ ਰਹੇ ਹਨ ਤਾਂ ਉਨਾਂ ਵਿੱਚ ਇਸ ਦੀ ਨਿਰਭਰਤਾ ਦਾ ਰਿਸਕ ਵਧ ਜਾਂਦਾ ਹੈ। ਉਸ ਲਿਹਾਜ਼ ਨਾਲ ਇਹ ਕੋਈ ਮੁਫਤ ਦਾ ਸੌਦਾ ਨਹੀਂ ਹੈ।"

ਪ੍ਰੇਗਾਬਾਲਿਨ ਦੀ ਮਨੋਰੰਜਨ ਲਈ ਵਰਤੋਂ ਕਰਨ ਵਾਲੇ ਲੋਕਾਂ ਵਿੱਚ ਇਸ ਪ੍ਰਤੀ ਸਹਿਣਸ਼ੀਲਤਾ ਵਿਕਸਿਤ ਹੋ ਸਕਦੀ ਹੈ ਜਿਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਅਰਾਮ ਜਾਂ ਯੂਫੋਰੀਆ ਦੀ ਉਹੀ ਪਹਿਲਾਂ ਜਿਹੀ ਭਾਵਨਾ ਪ੍ਰਾਪਤ ਕਰਨ ਲਈ ਇਸ ਦੀਆਂ ਲਗਾਤਾਰ ਵੱਡੀਆਂ ਖੁਰਾਕਾਂ ਦੀ ਲੋੜ ਪੈ ਸਕਦੀ ਹੈ।

ਜ਼ਿਆਦਾ ਮਾਤਰਾ ਵਿਚ ਲਈ ਜਾਵੇ ਤਾਂ ਪ੍ਰੇਗਾਬਾਲਿਨ ਕਾਰਨ ਸਾਹ ਲੈਣ ਦੀ ਗਤੀ ਨੂੰ ਹੌਲੀ ਕਰ ਸਕਦੀ ਹੈ ਅਤੇ ਕੁਝ ਮਾਮਲਿਆਂ ਵਿੱਚ ਜਾਨਲੇਵਾ ਵੀ ਹੋ ਸਕਦੀ ਹੈ। ਬੀਟਾ ਬਲੌਕਰਜ਼ ਦੀ ਵੱਧ ਖੁਰਾਕ ਕਾਰਨ ਬੇਹੋਸ਼ੀ ਹੋ ਸਕਦੀ ਹੈ ਅਤੇ ਦਿਲ ਦੀ ਧੜਕਣ ਖਤਰਨਾਕ ਹੱਦ ਤੱਕ ਹੌਲੀ ਹੋ ਸਕਦੀ ਹੈ।

ਨਿਰਭਰਤਾ ਦਾ ਖਤਰਾ

ਬਾਰ ਵਿੱਚ ਸ਼ਰਾਬ ਪੀ ਰਹੇ ਕੁਝ ਲੋਕਾਂ ਦੀ ਬਲੈਕ ਐਂਡ ਵਾਈਟ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵੀਹਵੀਂ ਸਦੀ ਦੌਰਾਨ ਰਿਲੈਕਸ ਮਹਿਸੂਸ ਕਰਨ ਲਈ ਸ਼ਰਾਬ ਨੌਜਵਾਨਾਂ ਦੀ ਪਸੰਦ ਸੀ, ਪਰ ਹੁਣ ਅਜਿਹਾ ਨਹੀਂ ਹੈ।

ਲੰਡਨ ਦੇ ਕਿੰਗਜ਼ ਕਾਲਜ ਵਿਚ ਮਨੋਵਿਗਿਆਨੀ ਪ੍ਰੋਫੈਸਰ ਐਮਿਲੀ ਜੋਨਸ ਦਲੀਲ ਦਿੰਦੀ ਹੈ ਕਿ ਦਵਾਈਆਂ ਅਤੇ ਸ਼ਰਾਬ ਦੇ ਸਰੀਰਿਕ ਨੁਕਸਾਨਾਂ ਦੀ ਤੁਲਨਾ ਕਰਨ ਨਾਲ ਇੱਕ ਬੁਨਿਆਦੀ ਸਵਾਲ ਛੁੱਟ ਜਾਣ ਦਾ ਖਤਰਾ ਰਹਿੰਦਾ ਹੈ - ਕੀ ਹੁੰਦਾ ਹੈ ਜਦੋਂ ਲੋਕ ਇਹ ਵਿਸ਼ਵਾਸ ਕਰਨ ਲਗਦੇ ਹਨ ਕਿ ਉਹ ਸਿਰਫ਼ ਰਸਾਇਣਕ ਮਦਦ ਨਾਲ ਹੀ ਸਮਾਜਿਕ ਵਿੱਚ ਮੇਲ ਸੱਲ ਕਰ ਸਕਦੇ ਹਨ?

ਇਹ ਵਿਸ਼ਲੇਸ਼ਣ ਰਸਾਇਣਕ ਨਿਰਭਰਤਾ ਦੇ ਮਨੋਵਿਗਿਆਨਕ ਪ੍ਰਭਾਵਾਂ 'ਤੇ ਕੇਂਦਰਿਤ ਹੈ।

ਉਹ ਕਹਿੰਦੇ ਹਨ, "ਜ਼ਿਆਦਾ ਮਾਤਰਾ ਵਿੱਚ ਅਲਕੋਹਲ ਵੀ ਖਤਰਨਾਕ ਹੈ ਪਰ ਡਾਕਟਰ ਦੀ ਨਿਗਰਾਨੀ ਤੋਂ ਬਿਨ੍ਹਾਂ ਅਕਸਰ ਇਹ ਦਵਾਈਆਂ ਲੈਣਾ ਵੀ ਖਤਰਨਾਕ ਹੈ।"

ਉਹ ਇਸ ਗੱਲ ਨੂੰ ਲੈ ਕੇ ਚਿੰਤਾ ਜ਼ਾਹਿਰ ਕਰਦੇ ਹਨ ਕਿ ਚਿੰਤਾ ਦੀਆਂ ਭਾਵਨਾਵਾਂ ਤੋਂ ਬਚਣ ਲਈ ਦਵਾਈਆਂ ਦੀ ਵਰਤੋਂ ਕਰਨਾ ਕਿਸੇ ਵਿਅਕਤੀ ਦੇ ਇਸ ਵਿਸ਼ਵਾਸ ਨੂੰ ਹੋਰ ਪੱਕਾ ਕਰ ਸਕਦਾ ਹੈ ਕਿ ਆਮ ਸਮਾਜਿਕ ਸਥਿਤੀਆਂ ਅਸੁਰੱਖਿਅਤ ਹਨ।

ਉਹ ਕਹਿੰਦੀ ਹੈ, "ਜੇ ਤੁਸੀਂ ਖੁਦ ਨੂੰ ਇਹ ਵਿਸ਼ਵਾਸ ਕਰਨ ਲਈ ਤਿਆਰ ਕਰ ਲਵੋ ਕਿ ਤੁਸੀਂ ਉਦੋਂ ਹੀ ਸੁਰੱਖਿਅਤ ਮਹਿਸੂਸ ਕਰ ਸਕਦੇ ਹੋ ਜੇ ਤੁਸੀਂ ਬਾਹਰ ਜਾਣ ਤੋਂ ਪਹਿਲਾਂ ਇਹ ਡਰੱਗਜ਼ ਲਓਗੇ ਤਾਂ ਇਸ ਰਵੱਈਏ ਦੇ ਆਮ ਸਥਿਤੀਆਂ ਵਿੱਚ ਵੀ ਲਾਗੂ ਹੋਣ ਦਾ ਕਾਰਨ ਬਣ ਸਕਦਾ ਹੈ।

ਜੋਨਸ ਕਹਿੰਦੀ ਹੈ ਕਿ ਫਿਰ ਸਮੇਂ ਦੇ ਨਾਲ ਲੋਕ ਇਨ੍ਹਾਂ ਦਵਾਈਆਂ ਤੋਂ ਬਿਨ੍ਹਾਂ ਜਿਉਣ ਦਾ ਵਿਸ਼ਵਾਸ ਗਵਾ ਲੈਂਦੇ ਹਨ।

ਉਹ ਕਹਿੰਦੀ ਹੈ, "ਤੁਸੀਂ ਹਾਲਾਤ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਦੀ ਆਪਣੀ ਸਮਰੱਥਾ ਵਿਚੋਂ ਵਿਸ਼ਵਾਸ ਗਵਾ ਦਿੰਦੇ ਹੋ।"

ਲੋਰਾ ਨੂੰ ਇਸ ਨਿਰਭਰਤਾ ਦਾ ਤਜ਼ਰਬਾ ਹੈ।

ਸ਼ੁਰੂਆਤ ਵਿੱਚ ਉਹ ਪਾਰਟੀਆਂ ਜਾਂ ਸਮਾਜਿਕ ਪ੍ਰੋਗਰਾਮਾਂ ਵਿਚ ਜਾਣ ਤੋਂ ਪਹਿਲਾਂ ਚਿੰਤਾ ਰੋਕੂ ਦਵਾਈਆਂ ਲੈਂਦੀ ਸੀ ਪਰ ਹੌਲੀ ਹੌਲੀ ਕੰਮ 'ਤੇ ਵੀ ਵਰਤਣਾ ਸ਼ੁਰੂ ਕਰ ਦਿੱਤਾ।

ਉਹ ਕਹਿੰਦੀ ਹੈ, "ਇਸ ਨੇ ਮੇਰੀ ਮਦਦ ਕੀਤੀ। ਮੈਂ ਲੋਕਾਂ ਨਾਲ ਕੰਮ ਕਰਦੀ ਹਾਂ। ਇਸ ਨੇ ਗੱਲਬਾਤ ਅਤੇ ਸਮੱਸਿਆਵਾਂ ਹੱਲ ਕਰਨ ਨੂੰ ਅਸਾਨ ਬਣਾ ਦਿੱਤਾ।"

ਫਿਰ ਜਦੋਂ ਉਸ ਨੂੰ ਦੋ ਹਫਤਿਆਂ ਤੱਕ ਡਰੱਗ ਨਾ ਮਿਲਿਆ ਤਾਂ ਉਸ ਨੇ ਡਿਪਰੈਸ਼ਨ ਅਤੇ ਖੁਦਕੁਸ਼ੀ ਦੇ ਖਿਆਲਾਂ ਦਾ ਸਾਹਮਣਾ ਕੀਤਾ।

ਉਸ ਨੇ ਕਿਹਾ, "ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਨੂੰ ਕੀ ਹੋਇਆ। ਮੈਂ ਚਿੰਤਤ ਸੀ। ਮੈਂ ਖਾ ਨਹੀਂ ਪਾ ਰਹੀ ਸੀ ਅਤੇ ਨਾ ਹੀ ਦੋਸਤਾਂ ਨੂੰ ਮਿਲ ਪਾ ਰਹੀ ਸੀ।"

ਬਲੈਕ ਮਾਰਕਿਟ ਡਰੱਗਜ਼

ਦੋ ਨੌਜਵਾਨਾ ਕੁੜੀਆਂ ਬੈਠੀਆਂ ਹੋਈਆਂ ਫੋਨ ਦੇਖ ਰਹੀਆਂ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ੋਸ਼ਲ ਮੀਡੀਆ ਜ਼ਰੀਏ ਵੀ ਡਰੱਗਜ਼ ਪ੍ਰਚਾਰਿਤ ਕੀਤੇ ਜਾ ਰਹੇ ਹਨ।

ਜ਼ਿਆਦਾ ਦੇਸ਼ਾਂ ਵੱਲੋਂ ਇਨ੍ਹਾਂ ਦਵਾਈਆਂ 'ਤੇ ਸ਼ਿਕੰਜਾ ਕਸਣ ਦੇ ਕਦਮ ਚੁੱਕਣ ਦੇ ਨਾਲ ਕੁਝ ਲੋਕਾਂ ਦਾ ਤਰਕ ਹੈ ਕਿ ਇਨ੍ਹਾਂ ਤੱਕ ਪਹੁੰਚ ਨੂੰ ਹੋਰ ਸੀਮਤ ਕਰਨ ਨਾਲ ਵੱਖਰੇ ਖਤਰੇ ਪੈਦਾ ਹੋ ਸਕਦੇ ਹਨ।

ਮਹਾਂਮਾਰੀ ਵਿਗਿਆਨੀ ਅਤੇ ਯੇਕਰੇਨ ਦੀ ਨੁਕਸਾਨ ਘਟਾਉਣ ਵਾਲੀ ਸੰਸਥਾ ਮਾਈਂਡ ਗੇਮਜ਼ ਦੇ ਮੁਖੀ ਮਾਈਕੀਤਾ ਲੈਪਿਨ

ਕਹਿੰਦੇ ਹਨ ਕਿ ਜ਼ਰੂਰੀ ਨਹੀਂ ਕਿ ਅਜਿਹੇ ਪਦਾਰਥਾਂ 'ਤੇ ਰੋਕ ਲਗਾਉਣਾ ਇਸ ਦੀ ਵਰਤੋਂ ਘਟਾ ਸਕਦਾ ਹੈ।

ਉਹ ਕਹਿੰਦੇ ਹਨ, "ਅਜਿਹੇ ਪਦਾਰਥਾਂ ਨੂੰ ਬੈਨ ਕਰਨਾ ਲੋਕਾਂ ਨੂੰ ਕਾਲੇਬਜ਼ਾਰੀ ਵੱਲ ਧੱਕਦਾ ਹੈ ਅਤੇ ਸ਼ੱਕੀ ਮਿਆਰ ਵਾਲੀਆਂ ਦਵਾਈਆਂ ਖ਼ਰੀਦਣ ਦਾ ਖਤਰਾ ਵਧਦਾ ਹੈ।"

ਨੋਇਲਜ਼ ਨੇ ਕਿਹਾ ਕਿ ਗੈਰ-ਕਾਨੂੰਨੀ ਪ੍ਰੇਗਾਬਾਲਿਨ ਜ਼ਿਆਦਾ ਰਿਸਕ ਪੈਦਾ ਕਰਦੀ ਹੈ ਕਿਉਂਕਿ ਵਰਤੋਂ ਕਰਨ ਵਾਲਿਆਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹ ਅਸਲ ਵਿਚ ਕੀ ਲੈ ਰਹੇ ਹਨ।

ਉਨ੍ਹਾਂ ਕਿਹਾ, "ਜੇ ਤੁਸੀਂ ਯੂ.ਕੇ. ਵਿੱਚ ਕਿਸੇ ਦੁਕਾਨ ਤੋਂ ਅਲਕੋਹਲ ਡਰਿੰਕ ਖਰੀਦ ਰਹੇ ਹੋ ਤਾਂ ਇਸ 'ਤੇ ਨਸ਼ੇ ਦੀ ਮਾਤਰਾ ਅਤੇ ਇਸ ਦਾ ਪ੍ਰਤੀਸ਼ਤ ਲਿਖਿਆ ਹੁੰਦਾ ਹੈ।"

ਉਹ ਕਹਿੰਦੇ ਹਨ ਕਿ ਇਸ ਤਰ੍ਹਾਂ ਦੀ ਨਿਸ਼ਚਿਤਤਾ ਆਨਲਾਈਨ ਖਰੀਦੀ ਪ੍ਰੇਗਾਬਾਲਿਨ ਦੇ ਮਾਮਲੇ ਵਿਚ ਨਹੀਂ ਹੁੰਦੀ।

ਇਹ ਇੱਕ ਵਾਧੂ ਜ਼ੇਖਮ ਹੈ ਜੋ ਸ਼ਰਾਬ ਦੀ ਬੋਤਲ ਨਾਲ ਨਹੀਂ ਆਉਂਦਾ।

ਮਨੋਰੰਜਨ ਲਈ ਡਰੱਗ ਲੈਣ ਵਾਲਿਆਂ ਦੀ ਤਰ੍ਹਾਂ ਮੇਈ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਸ਼ਾਇਦ ਉਹ ਕਦੇ ਵੀ ਇਸ ਨਸ਼ੇ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੋ ਸਕੇਗੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)