ਕੈਨੇਡਾ ਦੇ ਕਈ ਲੋਕਾਂ ਨੇ ਕਿਉਂ ਕੀਤਾ ਅਮਰੀਕਾ ਦਾ ਬਾਇਕਾਟ ਅਤੇ ਘੁੰਮਣ ਲਈ ਚੁਣੇ ਇਹ ਦੇਸ਼, ਕੀ ਟਰੰਪ ਤੋਂ ਨਾਰਾਜ਼ ਹਨ ਕੈਨੇਡੀਅਨ

ਤਸਵੀਰ ਸਰੋਤ, Supplied by Kent Truscott
- ਲੇਖਕ, ਨਦੀਨ ਯੂਸਿਫ਼
- ਰੋਲ, ਸੀਨੀਅਰ ਕੈਨੇਡਾ ਰਿਪੋਰਟਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਮੁੜ ਚੋਣ ਤੋਂ ਪਹਿਲਾਂ, ਓਨਟਾਰੀਓ ਦੇ ਲੰਡਨ ਸ਼ਹਿਰ ਦੇ ਰਹਿਣ ਵਾਲੇ ਕੈਂਟ ਟਰਸਕੌਟ ਅਤੇ ਉਨ੍ਹਾਂ ਦੇ ਪਰਿਵਾਰ ਨੇ ਸਰਹੱਦ ਦੇ ਦੱਖਣ ਵੱਲ ਕਈ ਵਾਰ ਯਾਤਰਾ ਕੀਤੀ ਸੀ।
ਇਨ੍ਹਾਂ ਵਿੱਚ ਕੈਲੀਫੋਰਨੀਆ ਅਤੇ ਸਭ ਤੋਂ ਹਾਲ ਹੀ ਵਿੱਚ 2023 ਵਿੱਚ ਨਿਊਯਾਰਕ ਦੀ ਯਾਤਰਾ ਵੀ ਸ਼ਾਮਲ ਸੀ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ 2024 ਦੇ ਅਖੀਰ ਤੋਂ, "ਮੇਰੇ ਪਰਿਵਾਰ ਅਤੇ ਮੈਂ ਅਮਰੀਕਾ ਦਾ ਪੂਰੀ ਤਰ੍ਹਾਂ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ।"
ਇਸ ਦਾ ਮਤਲਬ ਸੀ ਕਿ ਪਿਛਲੇ ਬਸੰਤ ਆਪਣੇ ਭਰਾ ਨਾਲ ਸਪੇਸਐਕਸ ਦੇ ਸਟਾਰਸ਼ਿਪ ਲਾਂਚ ਨੂੰ ਦੇਖਣ ਲਈ ਟੈਕਸਸ ਦੀ ਯਾਤਰਾ ਰੱਦ ਕੀਤੀ।
ਦੋਵਾਂ ਨੇ ਟੋਰਾਂਟੋ ਤੋਂ ਜਹਾਜ਼ ਰਾਹੀਂ ਜਾਣ, ਇੱਕ ਕਾਰ ਕਿਰਾਏ 'ਤੇ ਲੈਣ ਅਤੇ ਲਾਂਚ ਦੇਖਣ ਲਈ ਇੱਕ ਹਫ਼ਤਾ ਉੱਥੇ ਰਹਿਣ ਦੀ ਯੋਜਨਾ ਬਣਾਈ ਸੀ। ਇਸ 'ਤੇ ਸੰਭਾਵੀ ਤੌਰ 'ਤੇ "ਹਜ਼ਾਰਾਂ ਡਾਲਰ" ਖਰਚ ਹੋਣੇ ਸਨ।
ਟਰਸਕੌਟ ਅਤੇ ਉਨ੍ਹਾਂ ਦੀ ਪਤਨੀ ਨੇ ਇਸ ਦੀ ਬਜਾਏ ਉਹ ਪੈਸਾ ਕੈਨੇਡਾ ਵਿੱਚ ਹੀ ਖਰਚ ਕਰਨ ਦਾ ਫ਼ੈਸਲਾ ਲਿਆ ਖ਼ਾਸ ਤੌਰ 'ਤੇ ਐਟਲਾਂਟਿਕ ਸੂਬਿਆਂ ਨੋਵਾ ਸਕੋਸ਼ੀਆ ਅਤੇ ਪ੍ਰਿੰਸ ਐਡਵਰਡ ਆਈਲੈਂਡ ਵਿੱਚ।
ਉਨ੍ਹਾਂ ਦਾ ਇਹ ਫ਼ੈਸਲਾ ਅਮਰੀਕੀ ਟੈਰਿਫ਼ਾਂ ਅਤੇ ਰਾਸ਼ਟਰਪਤੀ ਵੱਲੋਂ ਉਨ੍ਹਾਂ ਦੇ ਦੇਸ਼ ਨੂੰ ਅਮਰੀਕਾ ਵਿੱਚ ਮਿਲਾਉਣ ਸਬੰਧੀ ਕੀਤੀਆਂ ਟਿੱਪਣੀਆਂ ਦਾ ਜਵਾਬ ਹੈ।
ਟਰੰਪ ਦੇ ਵ੍ਹਾਈਟ ਹਾਊਸ ਵਿੱਚ ਵਾਪਸੀ ਤੋਂ ਇੱਕ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ, ਟਰਸਕੌਟ ਵਰਗੇ ਕਈ ਕੈਨੇਡੀਅਨ ਅਜੇ ਵੀ ਅਮਰੀਕਾ ਦੀ ਯਾਤਰਾ ਦੇ ਬਾਈਕਾਟ 'ਤੇ ਕਾਇਮ ਹਨ।
ਰਾਸ਼ਟਰੀ ਅੰਕੜਿਆਂ ਅਨੁਸਾਰ, ਅਪ੍ਰੈਲ ਵਿੱਚ ਅਮਰੀਕਾ ਦੇ ਸੜਕੀ ਸਫ਼ਰਾਂ ਵਿੱਚ ਥੋੜ੍ਹਾ ਜਿਹਾ ਵਾਧਾ ਹੋਣ ਦੇ ਬਾਵਜੂਦ, ਕੈਨੇਡੀਅਨਾਂ ਨੇ ਟਰੰਪ ਦੇ ਚੁਣੇ ਜਾਣ ਤੋਂ ਪਹਿਲਾਂ, 2024 ਦੇ ਇਸੇ ਸਮੇਂ ਦੇ ਮੁਕਾਬਲੇ ਉਸ ਮਹੀਨੇ 8 ਲੱਖ ਘੱਟ ਯਾਤਰਾਵਾਂ ਕੀਤੀਆਂ।
ਬਾਈਕਾਟ ਕਾਰਨ ਪਿਛਲੇ ਸਾਲ ਅਮਰੀਕਾ ਨੂੰ ਯਾਤਰਾ ਤੋਂ ਹੋਣ ਵਾਲੀ ਆਮਦਨ ਵਿੱਚ ਲਗਭਗ 3.3 ਅਰਬ ਕੈਨੇਡੀਅਨ ਡਾਲਰ (2.35 ਅਰਬ ਅਮਰੀਕੀ ਡਾਲਰ) ਦਾ ਨੁਕਸਾਨ ਹੋਇਆ। ਇਸ ਦੀ ਬਜਾਏ ਕੈਨੇਡੀਅਨਾਂ ਨੇ ਇਹ ਪੈਸਾ ਵਿਦੇਸ਼ਾਂ ਵਿੱਚ ਜਾਂ ਆਪਣੇ ਹੀ ਦੇਸ਼ ਦੀ ਸੈਰ-ਸਪਾਟੇ 'ਤੇ ਖਰਚ ਕਰਨ ਦੀ ਚੋਣ ਕੀਤੀ।
ਇਸ ਵਿੱਤੀ ਘਾਟ ਦਾ ਅਸਰ ਕਈ ਅਮਰੀਕੀ ਸ਼ਹਿਰਾਂ ਅਤੇ ਸੂਬਿਆਂ 'ਤੇ ਪਿਆ ਹੈ। ਉਨ੍ਹਾਂ ਨੇ ਕੈਨੇਡੀਅਨਾਂ ਨੂੰ ਵਾਪਸ ਸੱਦਣ ਲਈ ਨਿਸ਼ਾਨਾਬੱਧ ਇਸ਼ਤਿਹਾਰਾਂ ਅਤੇ ਵਿਸ਼ੇਸ਼ ਪੇਸ਼ਕਸ਼ਾਂ ਦਾ ਸਹਾਰਾ ਲਿਆ ਹੈ।

ਤਸਵੀਰ ਸਰੋਤ, Supplied by Kent Truscott
ਜੁਲਾਈ ਵਿੱਚ ਨਿਊਯਾਰਕ ਸਿਟੀ ਦੇ ਸੈਰ-ਸਪਾਟਾ ਬੋਰਡ ਨੇ ਕਿਹਾ ਕਿ ਉਹ ਕੈਨੇਡੀਅਨ ਸੈਲਾਨੀਆਂ ਨੂੰ ਬ੍ਰੌਡਵੇਅ ਦੀਆਂ ਟਿਕਟਾਂ ਅਤੇ ਹੋਟਲ ਦੇ ਕਮਰੇ 30 ਫ਼ੀਸਦੀ ਛੋਟ 'ਤੇ ਦੇਵੇਗਾ।
ਬੀਬੀਸੀ ਨੇ ਕੁਝ ਕੈਨੇਡੀਅਨਾਂ ਨਾਲ ਇਹ ਜਾਣਨ ਲਈ ਗੱਲ ਕੀਤੀ ਕਿ ਉਨ੍ਹਾਂ ਨੇ ਅਮਰੀਕਾ ਤੋਂ ਦੂਰ ਰਹਿਣ ਦੀ ਚੋਣ ਕਿਉਂ ਕੀਤੀ, ਇਸ ਦੀ ਬਜਾਏ ਉਹ ਕਿੱਥੇ ਗਏ ਅਤੇ ਉਨ੍ਹਾਂ ਨੂੰ ਵਾਪਸ ਅਮਰੀਕਾ ਜਾਣ ਲਈ ਕੀ ਕੁਝ ਕਰਨਾ ਪਵੇਗਾ।
ਹਰ ਕੋਈ ਸਿਰਫ਼ ਟਰੰਪ ਵੱਲੋਂ ਕੈਨੇਡਾ ਨਾਲ ਕੀਤੇ ਜਾ ਰਹੇ ਵਰਤਾਅ ਕਾਰਨ ਹੀ ਅਮਰੀਕਾ ਤੋਂ ਦੂਰ ਨਹੀਂ ਹੋ ਰਿਹਾ। ਕੁਝ ਲੋਕਾਂ ਨੇ ਕਿਹਾ ਕਿ ਕੈਨੇਡੀਅਨ ਡਾਲਰ ਦੀ ਡਿੱਗਦੀ ਕੀਮਤ ਨੇ ਵੀ ਅਮਰੀਕਾ ਨੂੰ ਘੱਟ ਕਿਫ਼ਾਇਤੀ ਬਣਾ ਦਿੱਤਾ ਹੈ।
ਪਰ ਕਈ ਕੈਨੇਡੀਅਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਦੇਸ਼ ਦੇ ਅਮਰੀਕਾ ਨਾਲ ਸਬੰਧ ਟੁੱਟਣ ਦੀ ਹੱਦ ਤੱਕ ਪਹੁੰਚ ਗਏ ਹਨ ਅਤੇ ਜੇਕਰ ਉਹ ਮੁੜ ਅਮਰੀਕਾ ਜਾਣ ਵੀ ਤਾਂ ਇਸ ਲਈ ਬਹੁਤ ਕੁਝ ਬਦਲਣਾ ਪਵੇਗਾ।
ਟੈਕਸਸ ਦੀ ਥਾਂ ਐਟਲਾਂਟਿਕ ਕੈਨੇਡਾ
ਜਦੋਂ ਕੈਂਟ ਟਰਸਕੌਟ ਅਤੇ ਉਨ੍ਹਾਂ ਦੀ ਪਤਨੀ ਨੇ ਐਟਲਾਂਟਿਕ ਕੈਨੇਡਾ ਵਿੱਚ ਛੁੱਟੀਆਂ ਮਨਾਉਣ ਦਾ ਫ਼ੈਸਲਾ ਕੀਤਾ ਤਾਂ ਉਨ੍ਹਾਂ ਨੇ ਆਪਣੇ ਹੀ ਦੇਸ਼ ਨੂੰ ਜਾਣਨ ਦੇ ਵਿਚਾਰ ਨੂੰ ਖੁੱਲ੍ਹ ਕੇ ਅਪਣਾਇਆ।
ਉਨ੍ਹਾਂ ਨੇ ਇੱਕ ਵਾਹਨ ਕਿਰਾਏ 'ਤੇ ਲਿਆ, ਖ਼ੂਬਸੂਰਤ ਕੈਬਟ ਟ੍ਰੇਲ 'ਤੇ ਪੈਦਲ ਸਫ਼ਰ ਕੀਤਾ ਅਤੇ ਐਟਲਾਂਟਿਕ ਮਹਾਂਸਾਗਰ ਦੇ ਕੰਢੇ ਸਥਿਤ ਇੱਕ ਅਜਿਹੇ ਰਿਜ਼ੌਰਟ ਵਿੱਚ ਠਹਿਰੇ, ਜਿਸ ਨੂੰ ਪੂਰੀ ਤਰ੍ਹਾਂ ਔਰਤਾਂ ਚਲਾਉਂਦੀਆਂ ਹਨ।
ਉਨ੍ਹਾਂ ਨੇ ਯਾਦ ਕਰਦਿਆਂ ਕਿਹਾ, "ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੀਆ ਹਾਲੀਬੁਟ (ਖ਼ਾਸ ਕਿਸਮ ਦੀ ਸਮੁੰਦਰੀ ਮੱਛੀ) ਡਿਨਰ ਕੀਤਾ, ਜਿਸ ਨੂੰ ਉਸੇ ਸਵੇਰ ਖਾੜੀ ਵਿੱਚੋਂ ਕਿਸੇ ਨੇ ਫੜਿਆ ਸੀ।"
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਮੁੜ ਅਮਰੀਕਾ ਕਦੋਂ ਜਾਣਗੇ।
ਟਰਸਕੌਟ ਨੇ ਕਿਹਾ, "ਇੱਕ ਬੁਨਿਆਦੀ ਪਾੜਾ ਪੈ ਗਿਆ ਹੈ।" ਉਨ੍ਹਾਂ ਨੇ ਪਰਵਾਸ ਵਿਰੋਧੀ ਛਾਪਿਆਂ ਅਤੇ ਟਰੰਪ ਦੀਆਂ ਹੋਰ ਨੀਤੀਆਂ ਦਾ ਜ਼ਿਕਰ ਕੀਤਾ, ਜਿਨ੍ਹਾਂ ਨਾਲ ਉਹ ਸਹਿਮਤ ਨਹੀਂ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਕੈਨੇਡਾ ਵਿਰੁੱਧ ਰਾਸ਼ਟਰਪਤੀ ਦੀ ਬਿਆਨਬਾਜ਼ੀ ਅਤੇ ਕਾਰਵਾਈਆਂ ਦਾ ਵੀ ਹਵਾਲਾ ਦਿੱਤਾ।
ਉਨ੍ਹਾਂ ਨੇ ਕਿਹਾ, "ਮੈਂ ਚਾਹਾ ਤਾਂ ਇਹ ਉਮੀਦ ਕਰ ਸਕਦਾ ਹਾਂ ਕਿ ਡੌਨਲਡ ਟਰੰਪ ਦੇ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਸਭ ਕੁਝ ਪਹਿਲਾਂ ਵਾਂਗ ਆਮ ਹੋ ਜਾਵੇਗਾ। ਪਰ ਸਮੱਸਿਆ ਇਹ ਹੈ ਕਿ ਅਮਰੀਕਾ ਵਿੱਚ 7 ਕਰੋੜ ਲੋਕਾਂ ਨੇ ਟਰੰਪ ਅਤੇ ਉਨ੍ਹਾਂ ਦੀਆਂ ਨੀਤੀਆਂ ਦੇ ਹੱਕ ਵਿੱਚ ਵੋਟ ਪਾਈ ਹੈ।"
ਪਨਾਮਾ ਨਹਿਰ ਰਾਹੀਂ ਜਾਣ ਵਾਲਾ ਕਰੂਜ਼ ਰੱਦ ਕੀਤਾ

ਤਸਵੀਰ ਸਰੋਤ, Supplied by Lynda Rousseau
ਲਿੰਡਾ ਰੂਸੋ ਅਤੇ ਉਨ੍ਹਾਂ ਦੇ ਪਤੀ ਜੋਅ ਨੇ ਆਪਣੇ ਦੇਸ਼ ਕੈਨੇਡਾ ਵਿੱਚ ਸੇਵਾਮੁਕਤ ਹੋਣ ਤੋਂ ਪਹਿਲਾਂ 19 ਸਾਲ ਟੈਕਸਸ ਵਿੱਚ ਬਿਤਾਏ ਸਨ। ਉਨ੍ਹਾਂ ਦੀ ਵਾਪਸੀ ਪਿਛਲੀ ਗਰਮੀਆਂ ਵਿੱਚ ਹੋਣੀ ਸੀ, ਪਰ ਡੌਨਲਡ ਟਰੰਪ ਦੀ ਮੁੜ ਚੋਣ ਨੂੰ ਲੈ ਕੇ ਗੁੱਸੇ ਕਾਰਨ ਉਨ੍ਹਾਂ ਨੇ ਆਪਣਾ ਵਾਪਸ ਆਉਣ ਦਾ ਸਮਾਂ ਫਰਵਰੀ 2025 ਕਰ ਦਿੱਤਾ ਸੀ।
ਹੁਣ ਓਟਾਵਾ ਵਿੱਚ ਰਹਿ ਰਹੀ ਰੂਸੋ ਨੇ ਕਿਹਾ, "ਅਸੀਂ ਇਹ ਸੋਚ ਵੀ ਬਰਦਾਸ਼ਤ ਨਹੀਂ ਕਰ ਸਕਦੇ ਸੀ ਕਿ ਜਦੋਂ ਉਹ ਦੇਸ਼ ਚਲਾ ਰਿਹਾ ਹੋਵੇ ਤਾਂ ਅਸੀਂ ਉੱਥੇ ਰਹੀਏ।"
ਇਸ ਤੋਂ ਬਾਅਦ, ਜਦੋਂ ਟਰੰਪ ਨੇ ਕੈਨੇਡਾ ਨੂੰ "51ਵਾਂ ਸੂਬਾ" ਅਤੇ ਇਸ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ "ਗਵਰਨਰ" ਕਹਿਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪਤੀ ਨੇ ਪੂਰੀ ਤਰ੍ਹਾਂ ਅਮਰੀਕਾ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ।
ਉਸੇ ਗਰਮੀਆਂ ਵਿੱਚ ਇਸ ਜੋੜੇ ਨੇ ਨਿਊਯਾਰਕ ਸਿਟੀ ਤੋਂ ਰਵਾਨਾ ਹੋ ਕੇ ਪਨਾਮਾ ਨਹਿਰ ਰਾਹੀਂ ਜਾਣ ਵਾਲਾ ਕਰੂਜ਼ ਰੱਦ ਕਰ ਦਿੱਤਾ।
ਇਸ ਦੀ ਬਜਾਏ ਉਨ੍ਹਾਂ ਨੇ ਉਸੇ ਕੰਪਨੀ ਨਾਲ ਰੋਮ ਅਤੇ ਬਾਰਸੀਲੋਨਾ ਰਾਹੀਂ ਜਾਣ ਵਾਲਾ ਇੱਕ ਹੋਰ ਕਰੂਜ਼ ਬੁੱਕ ਕਰ ਲਿਆ। ਰੂਸੋ ਨੇ ਦੱਸਿਆ ਕਿ ਉਨ੍ਹਾਂ ਨੇ ਉੱਥੇ ਪ੍ਰਾਚੀਨ ਖੰਡਰਾਂ ਦੀ ਸੈਰ ਕਰਨ ਅਤੇ ਸੁਆਦਲੇ ਖਾਣੇ ਦਾ ਆਨੰਦ ਮਾਣਿਆ।
ਰੂਸੋ ਨੇ ਕਿਹਾ, "ਮੇਰਾ ਮਤਲਬ ਹੈ ਕਿ ਇਸ ਵਿੱਚ ਨਿਊਯਾਰਕ ਦਾ ਕੋਈ ਕਸੂਰ ਨਹੀਂ... ਪਰ ਟਰੰਪ ਸਭ ਕੁਝ ਚਲਾ ਰਹੇ ਹਨ ਅਤੇ ਇਸ ਲਈ ਹਰ ਚੀਜ਼ ਪ੍ਰਭਾਵਿਤ ਹੁੰਦੀ ਹੈ।"
ਇਹ ਜੋੜਾ ਅਮਰੀਕਾ ਅਤੇ ਕੈਨੇਡਾ ਦੋਵਾਂ ਦਾ ਨਾਗਰਿਕ ਹੈ। ਉਨ੍ਹਾਂ ਨੇ "ਸਨੋਬਰਡਸ" ਬਣਨ ਦੀ ਆਪਣੀ ਯੋਜਨਾ ਵੀ ਛੱਡ ਦਿੱਤੀ ਹੈ। ਇਹ ਸ਼ਬਦ ਉਨ੍ਹਾਂ ਕੈਨੇਡੀਅਨਾਂ ਲਈ ਵਰਤਿਆ ਜਾਂਦਾ ਹੈ ਜੋ ਸਰਦੀਆਂ ਦੇ ਠੰਢੇ ਮਹੀਨੇ ਫਲੋਰੀਡਾ ਅਤੇ ਐਰੀਜ਼ੋਨਾ ਵਰਗੇ ਗਰਮ ਅਮਰੀਕੀ ਸੂਬਿਆਂ ਵਿੱਚ ਬਿਤਾਉਂਦੇ ਹਨ।
ਰੂਸੋ ਨੇ ਦੱਸਿਆ ਕਿ ਹੁਣ ਉਹ ਕਦੇ-ਕਦਾਈਂ ਸਿਰਫ਼ ਆਪਣੀ ਡਾਕ ਲੈਣ ਲਈ ਸਰਹੱਦ ਪਾਰ ਕਰਦੇ ਹਨ ਅਤੇ ਫਿਰ ਵਾਪਸ ਆ ਜਾਂਦੇ ਹਨ। ਉੱਥੇ ਰਹਿੰਦਿਆਂ ਉਹ ਕੋਈ ਪੈਸਾ ਖਰਚ ਕਰਨ ਤੋਂ ਬਚਦੇ ਹਨ।
ਰੂਸੋ ਨੇ ਕਿਹਾ ਕਿ ਉਸ ਨੂੰ ਅਮਰੀਕਾ ਵਿੱਚ ਗੱਡੀ ਚਲਾ ਕੇ ਜਾਣ ਅਤੇ ਸਮਾਂ ਬਿਤਾਉਣ ਦੀ ਸਹੂਲਤ ਖ਼ਤਮ ਹੋਣ ਦਾ ਦੁੱਖ ਹੈ। ਨੇੜੇ ਹੋਣ ਕਾਰਨ ਅਮਰੀਕਾ ਦੀ ਯਾਤਰਾ ਵਿਦੇਸ਼ਾਂ ਦੀਆਂ ਜ਼ਿਆਦਾਤਰ ਮੰਜ਼ਿਲਾਂ ਦੇ ਮੁਕਾਬਲੇ ਕਾਫ਼ੀ ਸਸਤੀ ਹੋ ਸਕਦੀ ਹੈ।
ਪਰ ਉਨ੍ਹਾਂ ਕਿਹਾ ਕਿ ਇਸ ਬਾਈਕਾਟ ਰਾਹੀਂ ਉਨ੍ਹਾਂ ਵਿੱਚ "ਕੈਨੇਡਾ ਲਈ ਥੋੜ੍ਹਾ ਹੋਰ ਮਾਣ" ਵਧਿਆ ਹੈ।
ਕੈਲੀਫੋਰਨੀਆ ਦੀ ਥਾਂ ਮੋਰੱਕੋ ਦੇ ਸ਼ਹਿਰਾਂ ਦੀ ਸੈਰ

ਤਸਵੀਰ ਸਰੋਤ, Supplied by Nick Smith
ਨਿਕ ਸਮਿਥ ਕਦੇ ਵੀ ਟਰੰਪ ਦੇ ਪ੍ਰਸ਼ੰਸਕ ਨਹੀਂ ਰਹੇ। ਵੈਨਕੂਵਰ ਦੇ ਇਸ ਸੇਵਾਮੁਕਤ ਵਿਅਕਤੀ ਨੇ 2016 ਵਿੱਚ ਡੌਨਲਡ ਟਰੰਪ ਦੇ ਪਹਿਲੀ ਵਾਰ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਆਪਣੇ ਬੱਚਿਆਂ ਨਾਲ ਸਿਆਟਲ ਅਤੇ ਅਮਰੀਕਾ ਦੇ ਪ੍ਰਮੁੱਖ ਕੌਮੀ ਪਾਰਕਾਂ ਲਈ ਸੜਕ ਯਾਤਰਾਵਾਂ 'ਤੇ ਜਾਣਾ ਬੰਦ ਕਰ ਦਿੱਤਾ ਸੀ।
ਉਨ੍ਹਾਂ ਦੱਸਿਆ ਕਿ ਜੋਅ ਬਾਇਡਨ ਦੇ ਸੱਤਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਮੁੜ ਸਰਹੱਦ ਦੇ ਦੱਖਣ ਵੱਲ ਯਾਤਰਾਵਾਂ ਸ਼ੁਰੂ ਕਰ ਦਿੱਤੀਆਂ ਸਨ, ਪਰ ਹੁਣ ਉਹ ਮੁੜ ਅਮਰੀਕਾ ਜਾਣ ਤੋਂ ਬਚ ਰਹੇ ਹਨ, ਖ਼ਾਸ ਕਰਕੇ ਇਸ ਲਈ ਵੀ ਕਿਉਂਕਿ ਉਨ੍ਹਾਂ ਨੇ ਆਪਣੇ ਕਈ ਸਾਥੀ ਕੈਨੇਡੀਅਨਾਂ ਨੂੰ ਵੀ ਬਾਈਕਾਟ ਕਰਦੇ ਦੇਖਿਆ ਹੈ।
ਉਨ੍ਹਾਂ ਕਿਹਾ, "ਹੁਣ ਅਸੀਂ ਇਸ ਬਾਰੇ ਸੋਚ ਵੀ ਨਹੀਂ ਰਹੇ।"
ਸਮਿਥ ਨੇ ਹੋਰ ਮੰਜ਼ਿਲਾਂ 'ਤੇ ਜਾਣ ਲਈ ਅਮਰੀਕੀ ਸ਼ਹਿਰਾਂ ਰਾਹੀਂ ਕਨੈਕਟਿੰਗ ਉਡਾਣਾਂ ਲੈਣ ਤੋਂ ਵੀ ਪਰਹੇਜ਼ ਕੀਤਾ ਹੈ। ਪਿਛਲੀ ਪਤਝੜ ਵਿੱਚ ਉਹ ਆਪਣੇ ਦੋਸਤਾਂ ਨਾਲ ਮੈਕਸੀਕੋ ਸਿਟੀ ਗਏ ਅਤੇ ਇਸ ਦੀ ਬਜਾਏ ਵੈਨਕੂਵਰ ਤੋਂ ਸਿੱਧੀ ਉਡਾਣ ਲੈਣ ਦੀ ਚੋਣ ਕੀਤੀ।
ਇਸ ਸਾਲ ਦੇ ਸ਼ੁਰੂ ਵਿੱਚ, ਉਹ ਅਤੇ ਉਨ੍ਹਾਂ ਦੀ ਪਤਨੀ ਸਿਲਵੀਆ ਪਹਿਲੀ ਵਾਰ ਮੋਰੱਕੋ ਗਏ। ਉਨ੍ਹਾਂ ਨੇ ਮਾਰਾਕੇਸ਼, ਫੇਜ਼ ਅਤੇ ਐਸਾਓਈਰਾ ਵਰਗੇ ਸ਼ਹਿਰਾਂ ਦੀ ਯਾਤਰਾ ਕੀਤੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਭ ਤੋਂ ਪਸੰਦੀਦਾ ਪਲਾਂ ਵਿੱਚੋਂ ਇੱਕ ਰਮਜ਼ਾਨ ਦੇ ਮਹੀਨੇ ਦੌਰਾਨ ਇਸ ਮੁਸਲਿਮ ਦੇਸ਼ ਦਾ ਤਜਰਬਾ ਕਰਨਾ ਸੀ।
ਸਮਿਥ ਨੇ ਕਿਹਾ, "ਉੱਥੇ ਹੋਣਾ ਵਾਕਈ ਕਾਫ਼ੀ ਦਿਲਚਸਪ ਸਮਾਂ ਸੀ ਅਤੇ ਇਹ ਅਹਿਸਾਸ ਹੋਇਆ ਕਿ ਮੋਰੱਕੋ ਦੇ ਲੋਕਾਂ ਲਈ ਧਰਮ ਕਿੰਨਾ ਮਹੱਤਵਪੂਰਨ ਹੈ ਅਤੇ ਉਹ ਰੋਜ਼ਾ ਰੱਖਣ ਦੀ ਰਵਾਇਤ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੇ ਹਨ। ਕੈਨੇਡਾ ਵਿੱਚ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈ।"
ਜਦੋਂ ਸਮਿਥ ਨੂੰ ਪੁੱਛਿਆ ਗਿਆ ਕਿ ਜੇਕਰ ਟਰੰਪ ਵ੍ਹਾਈਟ ਹਾਊਸ ਛੱਡ ਦਿੰਦੇ ਹਨ ਤਾਂ ਕੀ ਉਹ ਮੁੜ ਅਮਰੀਕਾ ਜਾਣਗੇ, ਤਾਂ ਉਨ੍ਹਾਂ ਕਿਹਾ, "ਇਸ ਲਈ ਸਿਰਫ਼ ਇੰਨਾ ਹੀ ਕਾਫ਼ੀ ਨਹੀਂ ਹੋਵੇਗਾ।"
ਉਨ੍ਹਾਂ ਕਿਹਾ, "ਮੈਨੂੰ ਕੈਨੇਡਾ ਨਾਲ ਸੁਲ੍ਹਾ-ਸਫ਼ਾਈ ਦੀ ਕੁਝ ਝਲਕ ਦੇਖਣੀ ਪਵੇਗੀ... ਅਜਿਹੀਆਂ ਕਾਰਵਾਈਆਂ, ਜੋ ਇਹ ਦਿਖਾਉਣ ਕਿ ਦੋਵਾਂ ਦੇਸ਼ਾਂ ਦੇ ਦੋਸਤਾਨਾ ਸਬੰਧ ਮੁੜ ਬਹਾਲ ਹੋ ਰਹੇ ਹਨ।"
ਆਖ਼ਰਕਾਰ ਪੂਰੀ ਹੋਈ ਮਨਪਸੰਦ ਸੈਰ ਦੀ ਇੱਛਾ

ਤਸਵੀਰ ਸਰੋਤ, Supplied by Christie Mitchell
ਕ੍ਰਿਸਟੀ ਮਿਚੇਲ ਆਪਣੀ ਜ਼ਿੰਦਗੀ ਵਿੱਚ ਅਣਗਿਣਤ ਵਾਰ ਅਮਰੀਕਾ ਦੀ ਯਾਤਰਾ ਕਰ ਚੁੱਕੀ ਹੈ।
ਉਹ ਕੌਮੀ ਪਾਰਕਾਂ ਵਿੱਚ ਪੈਦਲ ਸੈਰ ਕਰ ਚੁੱਕੇ ਹਨ, ਅਮਰੀਕੀ ਫੁੱਟਬਾਲ ਦੇ ਮੈਚ ਦੇਖ ਚੁੱਕੇ ਹਨ ਅਤੇ ਇੱਕ ਆਰਵੀ (ਮੋਟਰਹੋਮ) ਰਾਹੀਂ ਕਈ ਸੂਬਿਆਂ ਵਿੱਚੋਂ ਹੁੰਦੀ ਹੋਈ ਫਲੋਰੀਡਾ ਤੱਕ ਵੀ ਗਈ ਹੈ।
ਬ੍ਰਿਟਿਸ਼ ਕੋਲੰਬੀਆ ਦੇ ਪਾਵੇਲ ਰਿਵਰ ਕਸਬੇ ਦੀ ਰਹਿਣ ਵਾਲੀ 50 ਸਾਲਾ ਦੋ ਬੱਚਿਆਂ ਦੀ ਮਾਂ ਨੂੰ ਉਹ ਸਮਾਂ ਵੀ ਯਾਦ ਹੈ, ਜਦੋਂ ਸਰਹੱਦ ਪਾਰ ਕਰਨ ਲਈ ਪਾਸਪੋਰਟ ਦੀ ਲੋੜ ਨਹੀਂ ਹੁੰਦੀ ਸੀ।
ਉਨ੍ਹਾਂ ਕਿਹਾ, "ਮੈਂ ਉਸ ਪੀੜ੍ਹੀ ਨਾਲ ਸਬੰਧਤ ਹਾਂ, ਜਦੋਂ ਮੈਨੂੰ ਲੱਗਦਾ ਸੀ ਕਿ (ਕੈਨੇਡਾ ਅਤੇ ਅਮਰੀਕਾ) ਇੱਕ ਹੀ ਵੱਡਾ ਦੇਸ਼ ਹਨ। ਮੈਨੂੰ ਹਮੇਸ਼ਾ ਇੰਝ ਲੱਗਦਾ ਸੀ ਕਿ ਮੇਰਾ ਇੱਥੇ ਸਵਾਗਤ ਹੁੰਦਾ ਹੈ।"
ਪਰ ਉਨ੍ਹਾਂ ਕਿਹਾ ਕਿ ਮੌਜੂਦਾ ਪ੍ਰਸ਼ਾਸਨ ਹੇਠ ਇਹ ਭਾਵਨਾ ਘੱਟ ਗਈ ਹੈ ਅਤੇ ਉਹ ਆਪਣੀ ਖਰੀਦਦਾਰੀ ਰਾਹੀਂ ਇਸ ਪ੍ਰਸ਼ਾਸਨ ਦਾ ਸਮਰਥਨ ਨਹੀਂ ਕਰਨਾ ਚਾਹੁੰਦੀ।
ਉਨ੍ਹਾਂ ਕਿਹਾ, "ਇਸ ਨਾਲ ਮੇਰਾ ਦਿਲ ਟੁੱਟ ਗਿਆ, ਕਿਉਂਕਿ ਮੈਂ ਅਮਰੀਕੀਆਂ ਨੂੰ ਪਿਆਰ ਕਰਦੀ ਹਾਂ ਅਤੇ ਮੈਨੂੰ ਅਮਰੀਕਾ ਨਾਲ ਪਿਆਰ ਹੈ।"
ਅਮਰੀਕਾ ਦੀ ਯਾਤਰਾ ਦਾ ਬਾਈਕਾਟ ਕਰਨ ਨਾਲ ਮਿਚੇਲ ਨੂੰ ਆਪਣਾ ਉਹ ਟੀਚਾ ਪੂਰਾ ਕਰਨ ਦਾ ਮੌਕਾ ਮਿਲਿਆ, ਜੋ ਉਹ ਲੰਬੇ ਸਮੇਂ ਤੋਂ ਹਾਸਲ ਕਰਨਾ ਚਾਹੁੰਦੀ ਸੀ, ਸਪੇਨ ਵਿੱਚ 490 ਮੀਲ (790 ਕਿਲੋਮੀਟਰ) ਲੰਬੇ ਕੈਮੀਨੋ ਫਰਾਂਸੇ ਰਸਤੇ 'ਤੇ ਪੈਦਲ ਯਾਤਰਾ ਕਰਨਾ।
ਉਨ੍ਹਾਂ ਨੇ ਇਸ ਸਾਲ ਦੇ ਸ਼ੁਰੂ ਵਿੱਚ ਆਪਣਾ 50ਵਾਂ ਜਨਮਦਿਨ ਮਨਾਉਣ ਲਈ ਇਹ ਮਸ਼ਹੂਰ ਪੈਦਲ ਯਾਤਰਾ ਕੀਤੀ।
ਇਸ ਦੀ ਬਜਾਏ ਉਹ ਲਾਸ ਵੇਗਾਸ ਦੀ ਇੱਕ ਛੋਟੀ ਅਤੇ ਸਸਤੀ ਯਾਤਰਾ ਕਰਨ ਬਾਰੇ ਸੋਚ ਰਹੀ ਸੀ, ਜਿੱਥੇ ਉਹ ਬਾਈਕਾਟ ਤੋਂ ਪਹਿਲਾਂ ਆਪਣਾ ਜਨਮਦਿਨ ਮਨਾਉਣ ਦੀ ਯੋਜਨਾ ਬਣਾ ਰਹੀ ਸੀ।
ਮਿਚੇਲ ਨੇ ਦੱਸਿਆ ਕਿ ਸਪੇਨ ਦੇ ਇਸ ਰਸਤੇ ਬਾਰੇ ਉਨ੍ਹਾਂ ਨੂੰ ਜੋਸਭ ਤੋਂ ਵੱਧ ਚੰਗਾ ਲੱਗਾ ਉਹ ਇਹ ਸੀ ਕਿ ਰਸਤੇ ਵਿੱਚ ਉਨ੍ਹਾਂ ਦੀ ਮੁਲਾਕਾਤ ਬਹੁਤ ਸਾਰੇ ਲੋਕਾਂ ਨਾਲ ਹੋਈ।
ਉਨ੍ਹਾਂ ਕਿਹਾ, "ਕੁਝ ਲੋਕ ਨਿੱਜੀ ਕਾਰਨਾਂ ਕਰਕੇ ਇਹ ਪੈਦਲ ਯਾਤਰਾ ਕਰਦੇ ਹਨ ਅਤੇ ਜਿਨ੍ਹਾਂ ਬਹੁਤ ਸਾਰੇ ਲੋਕਾਂ ਨਾਲ ਮੈਂ ਗੱਲ ਕੀਤੀ, ਉਹ ਆਪਣੀ ਜ਼ਿੰਦਗੀ ਦੇ ਬਦਲਾਅ ਦੇ ਦੌਰ ਵਿੱਚ ਸਨ।"
ਉਨ੍ਹਾਂ ਕਿਹਾ ਕਿ ਇਸ ਪੈਦਲ ਯਾਤਰਾ ਨੇ ਉਨ੍ਹਾਂ ਨੂੰ "ਬਿਲਕੁਲ ਅਜਨਬੀਆਂ ਨਾਲ ਬਹੁਤ ਪਿਆਰੀਆਂ ਗੱਲਾਂ" ਕਰਨ ਦਾ ਮੌਕਾ ਦਿੱਤਾ।
ਮਿਚੇਲ ਨੇ ਕਿਹਾ ਕਿ ਜੇਕਰ ਵ੍ਹਾਈਟ ਹਾਊਸ ਵਿੱਚ ਕੋਈ ਹੋਰ ਰਾਸ਼ਟਰਪਤੀ ਹੋਵੇ ਅਤੇ ਕੈਨੇਡਾ ਨਾਲ ਸਬੰਧ ਮੁੜ ਬਹਾਲ ਹੋ ਜਾਣ ਤਾਂ ਉਹ ਮੁੜ ਅਮਰੀਕਾ ਜਾਣ ਲਈ ਤਿਆਰ ਹੋ ਜਾਣਗੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ


























