ਕਸ਼ਮੀਰ ਫ਼ਾਈਲਜ਼: ‘ਉਨ੍ਹਾਂ ਦੇਸ਼ਾਂ ֹ’ਚ ਜੋ ਸੱਚ ਕਹਿਣ ਦੀ ਸਮਰੱਥਾ ਨੂੰ ਗੁਆ ਬੈਠੇ ਹੋਣ, ਕਿਸੇ ਦਾ ਬੋਲਣਾ ਜ਼ਰੂਰੀ’

ਪ੍ਰਕਾਸ਼ਿਤ

ਇਜ਼ਰਾਈਲੀ ਫਿਲਮ ਨਿਰਮਾਤਾ ਨਦਾਵ ਲਪਿਡ ਨੇ ਫ਼ਿਲਮ ‘ਦਿ ਕਸ਼ਮੀਰ ਫ਼ਾਈਲਜ਼’ ਬਾਰੇ ਆਪਣੀਆਂ ਟਿੱਪਣੀਆਂ 'ਤੇ ਕਾਇਮ ਹੋਣ ਦੀ ਗੱਲ ਆਖੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ 'ਇੱਕ ਫਿਲਮ ਦੇ ਭੇਸ ਵਿੱਚ ਲੁਕੇ ਪ੍ਰਚਾਰ' ਨੂੰ ਪਛਾਣ ਸਕਦੇ ਹਨ।

ਨਦਾਵ  ਲਪਿਡ ਇੱਕ ਇਜ਼ਰਾਇਲ ਫ਼ਿਲਮ ਨਿਰਮਾਤਾ ਹਨ ਜੋ 53ਵੇਂ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਆਫ਼ ਇੰਡੀਆ (ਆਈਐੱਫਐੱਫਆਈ) ਦੇ ਜਿਊਰੀ ਚੇਅਰਮੈਨ ਸਨ।

ਉਨ੍ਹਾਂ ਸੋਮਵਾਰ ਨੂੰ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਫ਼ਿਲਮ ਦਿ ਕਸ਼ਮੀਰ ਫ਼ਾਈਲਜ਼ ਬਾਰੇ ਕਿਹਾ ਸੀ ਕਿ ਇਹ ਇੱਕ ਪ੍ਰਚਾਰ ਲਈ ਬਣੀ ਤੇ ਅਸ਼ਲੀਲ ਫਿਲਮਾਂ ਵਰਗੀ ਫ਼ਿਲਮ ਸੀ। ਜੋ ਇਸ ਤਰ੍ਹਾਂ ਦੇ ਵੱਕਾਰੀ ਫ਼ਿਲਮ ਫ਼ੈਸਟੀਵਲ ਦੇ ਕਲਾਤਮਕ ਮੁਕਾਬਲਿਆਂ ਲਈ ਅਯੋਗ ਸੀ।

ਨਦਾਵ ਨੂੰ ਇਸ ਟਿੱਪਣੀ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਭਾਰੀ ਅਲੋਚਣਾ ਦਾ ਸਾਹਮਣਾ ਕਰਨਾ ਪਿਆ। ਇਸ ਦੇ ਬਾਵਜੂਦ ਉਨ੍ਹਾਂ ਖ਼ਬਰ ਏਜੰਸੀ ਪੀਟੀਆਈ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੀ ਇਸ ਟਿੱਪਣੀ ’ਤੇ ਕਾਇਮ ਹਨ ।

ਮਾੜੀ ਫ਼ਿਲਮ ਬਣਾਉਣਾ ਅਪਰਾਧ ਨਹੀਂ

ਫ਼ਿਲਮ "ਦਿ ਕਸ਼ਮੀਰ ਫਾਈਲਜ਼" ਨੂੰ ਅਸ਼ਲੀਲ ਤੇ ਪ੍ਰਚਾਰ ਲਈ ਬਣਾਈ ਗਈ ਫ਼ਿਲਮ ਕਹਿਣ ਵਾਲੇ ਨਦਾਵ ਦਾ ਕਹਿਣਾ ਹੈ ਕਿ ਮਾੜੀਆਂ ਫਿਲਮਾਂ ਬਣਾਉਣਾ ਕੋਈ ਅਪਰਾਧ ਨਹੀਂ ਹੈ, ਪਰ ਵਿਵੇਕ ਅਗਨੀਹੋਤਰੀ ਦੀ ਨਿਰਦੇਸ਼ਤ ਫ਼ਿਲਮ ‘ਲੱਚਰ, ਹੇਰਾਫੇਰੀ ਭਰੀ ਤੇ ਹਿੰਸਕ’ ਹੈ।

ਲਪਿਡ ਨੇ ਇਜ਼ਰਾਈਲੀ ਅਖ਼ਬਾਰ ਹਾਰੇਟਜ਼ ਨਾਲ ਇੱਕ ਇੰਟਰਵਿਊ ਵਿੱਚ ਕਿਹਾ, "ਮਾੜੀਆਂ ਫਿਲਮਾਂ ਬਣਾਉਣਾ ਕੋਈ ਅਪਰਾਧ ਨਹੀਂ ਹੈ, ਪਰ ਇਹ ਇੱਕ ਬਹੁਤ ਹੀ ਲੱਚਰ, ਹੇਰਾਫੇਰੀ ਅਤੇ ਹਿੰਸਕ ਪ੍ਰਚਾਰ ਕਰਨ ਵਾਲੀ ਫਿਲਮ ਹੈ।"

ਫ਼ਿਲਮ ਨਿਰਮਾਤਾ ਨੇ ਕਿਹਾ ਕਿ ਉਨ੍ਹਾਂ ਨੂੰ ਮਹਿਸੂਸ ਕਿ ਕੌਮਾਂਤਰੀ ਜਿਊਰੀ ਦੇ ਮੁਖੀ ਹੋਣ ਨਾਤੇ ਆਪਣੇ ਮਨ ਦੀ ਗੱਲ ਕਹਿਣਾ ਉਨ੍ਹਾਂ ਦਾ ਫ਼ਰਜ਼ ਹੈ।

ਦੂਜੇ ਦੇਸ਼ਾਂ ਦੇ ਨੁਮਾਇੰਦਿਆਂ ਦਾ ਆਪਣਾ ਪੱਖ ਰੱਖਣਾ ਅਹਿਮ

ਨਦਾਵ ਮੁਤਾਬਿਕ, “ਸੱਚਾਈ ਇਹ ਹੈ ਕਿ ਮੈਂ ਵੀ ਮਦਦ ਨਹੀਂ ਕਰ ਸਕਦਾ ਸੀ ਪਰ ਸੋਚੋ ਕਿ ਜਲਦ ਹੀ ਕਿਸੇ ਦਿਨ ਇਜ਼ਰਾਈਲ ਵਿੱਚ ਅਜਿਹੀ ਸਥਿਤੀ ਪੈਦਾ ਹੁੰਦੀ ਹੈ।”

ਉਨ੍ਹਾਂ ਕਿਹਾ, “ਮੈਨੂੰ ਖੁਸ਼ੀ ਹੋਵੇਗੀ ਜੇ ਅਜਿਹੀ ਸਥਿਤੀ ਵਿੱਚ ਕੋਈ ਵਿਦੇਸ਼ੀ ਜਿਊਰੀ ਦਾ ਮੁਖੀ ਆਪਣੇ ਵਿਚਾਰ ਸਾਂਝੇ ਕਰਨ ਲਈ ਤਿਆਰ ਹੋਵੇ ਕਿ ਉਹ ਉਸ ਕੰਮ ਨੂੰ ਕਿਸ ਤਰ੍ਹਾਂ ਦੇਖਦੇ ਹਨ। ਇੱਕ ਤਰੀਕੇ ਨਾਲ ਮੈਨੂੰ ਜਿਸ ਜਗ੍ਹਾ ਸੱਦਿਆ ਗਿਆ ਉਥੇ ਆਪਣੇ ਵਿਚਾਰ ਸਾਂਝੇ ਕਰਨਾ, ਮੈਨੂੰ ਆਪਣਾ ਫ਼ਰਜ਼ ਲੱਗਿਆ।”

‘ਦਿ ਕਸ਼ਮੀਰ ਫਾਈਲਜ਼’ ਬਾਰੇ ਨਦਾਵ ਦੀ ਟਿੱਪਣੀ ਤੋਂ ਬਾਅਦ ਫ਼ਿਲਮ ਨਾਲ ਜੁੜੀਆਂ ਹਸਤੀਆਂ ਲੇਖਕ-ਨਿਰਦੇਸ਼ਕ ਵਿਵੇਕ ਅਗਨੀਹੋਤਰੀ, ਅਦਾਕਾਰ ਅਨੁਪਮ ਖੇਰ ਅਤੇ ਪੱਲਵੀ ਜੋਸ਼ੀ ਨੇ ਆਪਣੀ ਪ੍ਰਤੀਕ੍ਰਿਆ ਦਰਜ ਕਰਵਾਈ।

ਇੰਨਾਂ ਹੀ ਨਹੀਂ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਸਮੇਤ ਕਈ ਭਾਜਪਾ ਨੇਤਾਵਾਂ ਦੇ ਨਾਲ-ਨਾਲ ਭਾਰਤ ਵਿੱਚ ਇਜ਼ਰਾਈਲ ਦੇ ਰਾਜਦੂਤ ਨੋਰ ਗਿਲੋਨ ਨੇ ਇਸ ਬਾਰੇ ਪ੍ਰਤੀਕ੍ਰਮ ਦਿੱਤਾ।

  ਸਿਆਸੀ ਪ੍ਰਭਾਵ ਦੇ ਚੱਲਦਿਆਂ ਅਵਾਜ਼ ਚੁੱਕਣਾ ਔਖਾ

ਆਪਣੇ ਸਥਾਪਤੀ ਵਿਰੋਧੀ ਵਿਚਾਰਾਂ ਲਈ ਜਾਣੇ ਜਾਂਦੇ ਲਪਿਡ ਨੇ ਫ਼ਿਲਮ ’ਤੇ ਸਿਆਸੀ ਪ੍ਰਭਾਵ ਦਾ ਇਲਜ਼ਾਮ ਲਗਾਉਂਦਿਆਂ ਕਿਹਾ, “ਸਾਨੂੰ ਪਤਾ ਲੱਗਾ ਹੈ ਕਿ ਫ਼ਿਲਮ ਨੂੰ ਸਿਆਸੀ ਦਬਾਅ ਦੇ ਚਲਦਿਆਂ ਅਧਿਕਾਰਤ ਮੁਕਾਬਲਿਆਂ ਵਿੱਚ  ਲਿਆਂਦਾ ਗਿਆ  ਹੈ।”

“ਮੈਂ ਜੋ ਇਥੇ ਆਇਆ ਹਾਂ, ਇੱਕ ਵਿਦੇਸ਼ੀ ਹੋਣ ਦੇ ਨਾਤੇ ਮਹਿਸੂਸ ਕਰਦਾ ਹਾਂ, ਤੁਹਾਡੀ ਇਹ ਜ਼ਿੰਮੇਵਾਰੀ ਹੈ ਕਿ ਤੁਸੀਂ ਉਹ ਗੱਲਾਂ ਕਹੋ ਜੋ ਉੱਥੇ ਰਹਿਣ ਵਾਲੇ ਲੋਕਾਂ ਲਈ ਕਹਿਣੀਆਂ ਔਖੀਆਂ ਹੋ ਸਕਦੀਆਂ ਹਨ।”

ਨਦਾਵ ਨੇ ਕਿਹਾ, “ਉਨ੍ਹਾਂ ਦੇਸ਼ਾਂ ’ਚ ਜੋ ਸੱਚ ਬੋਲਣ ਦੀ ਸਮਰੱਥਾ ਗੁਆ ਰਹੇ ਹਨ, ਕਿਸੇ ਦੇ ਬੋਲਣ ਦੀ ਲੋੜ ਹੈ।”

ਨਵਾਦ ਨੇ ਕਿਹਾ, ''ਉਨ੍ਹਾਂ ਦੇਸ਼ਾਂ ਵਿੱਚ ਜੋ ਸੱਚ ਬੋਲਣ ਦੀ ਸਮਰੱਥਾ ਨੂੰ ਗੁਆ ਰਹੇ ਹਨ, ਕਿਸੇ ਨੂੰ ਬੋਲਣ ਦੀ ਲੋੜ ਹੈ।"

“ਜਦੋਂ ਮੈਂ ਇਹ ਫ਼ਿਲਮ ਦੇਖੀ, ਮੈਂ ਇਸ ਨਾਮ ਮਿਲਦੇ ਇਜ਼ਰਾਈਲੀ ਸੰਸਕਰਣ ਦੀ ਕਲਪਨਾ ਕਰਨੋ ਰਹਿ ਨਾ ਸਕਿਆ , ਜੋ ਹਾਲ ਦੀ ਘੜੀ ਮੌਜੂਦ ਨਹੀਂ ਹੈ ਪਰ ਯਕੀਨੀ ਤੌਰ 'ਤੇ ਹੋ ਸਕਦਾ ਹੈ। ਇਸ ਲਈ ਮੈਂ ਮਹਿਸੂਸ ਕੀਤਾ ਕਿ ਮੈਨੂੰ ਕਰਨਾ ਚਾਹੀਦਾ ਹੈ, ਕਿਉਂਕਿ ਮੈਂ ਅਜਿਹੀ ਜਗ੍ਹਾ ਤੋਂ ਆਇਆ ਹਾਂ ਜੋ ਆਪਣੇ ਆਪ ਵਿੱਚ ਸੁਧਾਰੀ ਹੋਈ ਨਹੀਂ।

ਉਨ੍ਹਾਂ ਕਿਹਾ, “ਅਜਿਹੇ ਸੰਦਰਭਾਂ ਵਿੱਚ ਮੈਂ ਭੇਦਭਰੀ ਅਤੇ ਕੰਨਾਂ ਵਿੱਚ ਗੱਲਾਂ ਕਰਨ ਵਿੱਚ ਯਕੀਨ ਨਹੀਂ ਕਰਦਾ। ਜੇਕਰ ਤੁਹਾਨੂੰ ਸਟੇਜ 'ਤੇ ਖੜ੍ਹੇ ਹੋ ਕੇ ਬੋਲਣ ਲਈ ਕਿਹਾ ਜਾਵੇ ਤਾਂ ਤੁਸੀਂ ਕਿਸ ਬਾਰੇ ਗੱਲ ਕਰੋਗੇ? ਉਨ੍ਹਾਂ ਬੀਚਾਂ ਬਾਰੇ ਜੋ ਤੁਸੀਂ ਦੇਖਿਆ ਸੀ ਅਤੇ ਉਸ ਖਾਣੇ ਬਾਰੇ ਜੋ ਤੁਸੀਂ ਖਾਧਾ?"

ਕਸ਼ਮੀਰ ਮੁੱਦੇ ’ਤੇ ਜਾਣਕਾਰੀ ਦੀ ਘਾਟ

ਜਦੋਂ ਲਪਿਡ ਨੂੰ ਪੁੱਛਿਆ ਗਿਆ ਕਿ ਕੀ ਉਹ ਕਸ਼ਮੀਰੀ ਪੰਡਤਾਂ ਦੇ ਮੁੱਦੇ ਤੋਂ ਜਾਣੂ ਹਨ ਕਿ ਅਜਿਹੇ ਸਿੱਟਿਆਂ ’ਤੇ ਪਹੁੰਚ ਸਕਣ ਤਾਂ ਉਨ੍ਹਾਂ ਜਾਣਕਾਰੀ ਦੀ ਘਾਟ ਨੂੰ ਸਵਿਕਾਰਦਿਆਂ ਕਿਹਾ,"ਬੇਸ਼ੱਕ ਬਹੁਤਾ ਨਹੀਂ ਜਾਣਦੇ ਸਨ"।

ਹਾਲਾਂਕਿ, ਉਸਨੇ ਆਪਣਾ ਬਚਾਅ ਕਰਦਿਆਂ ਕਿਹਾ, "ਤੁਸੀਂ ਲੇਨੀ ਰੀਫੇਨਸਟਲ (ਇੱਕ ਜਰਮਨ ਫਿਲਮ ਨਿਰਮਾਤਾ ਜਿਸਨੇ ਨਾਜ਼ੀਆਂ ਦੀ ਵਡਿਆਈ ਕੀਤੀ ਸੀ) ਦੀਆਂ ਫਿਲਮਾਂ ਵੀ ਦੇਖ ਸਕਦੇ ਹੋ ਅਤੇ ਸਮਝ ਸਕਦੇ ਹੋ ਕਿ ਤੁਸੀਂ ਉਸ ਸਮੇਂ ਬਾਰੇ ਜਾਣਨ ਤੋਂ ਬਗੈਰ ਕੀ ਦੇਖ ਰਹੇ ਹੋ।"

ਭਾਰਤ ਵਿਚ ਇਜ਼ਰਾਈਲ ਦੇ ਸਫ਼ੀਰ ਵਲੋਂ ਕੀਤੀ ਗਈ ਆਲੋਚਨਾ ਬਾਰੇ ਲਪਿਡ ਨੇ ਕਿਹਾ ਕਿ ਉਨ੍ਹਾਂ ਦੀਆਂ ਟਿੱਪਣੀਆਂ ‘ਸਿਆਸੀ’ ਸਨ ਪਰ ਉਸ ਦੇ ਦੇਸ਼ ਦੀ ਪ੍ਰਤੀਨਿਧਤਾ ਨਹੀਂ।

ਲਪਿਡ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੂੰ ਭਾਰਤੀ ਫ਼ਿਲਮ ਹਸਤੀਆਂ ਦੀਆਂ ਸੈਂਕੜੇ ਈਮੇਲਾਂ ਅਤੇ ਸੁਨੇਹੇ ਮਿਲੇ ਹਨ। ਜਿਨ੍ਹਾਂ ਨੇ ਇਸ ਬਾਰੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ ਕਿ ਅੰਤ ਨੂੰ ਉਹ ਗੱਲਾਂ ਕਹੀਆਂ ਗਈਆਂ ਜਿਨ੍ਹਾਂ ਵਿੱਚ ਉਹ ਵਿਸ਼ਵਾਸ ਕਰਦੇ ਸਨ"।

“ਕਿਉਂਕਿ ਇਹ ਇੱਕ ਅਜਿਹੀ ਫ਼ਿਲਮ ਹੈ ਜਿਸ ਨੂੰ ਭਾਰਤ ਸਰਕਾਰ ਨੇ ਉਤਸ਼ਾਹਿਤ ਕਰਦੀ ਹੈ, ਮੈਂ ਮੰਨਦਾ ਹਾਂ ਕਿ ਉੱਥੋਂ ਦੀ ਸਰਕਾਰ ਇਸ ਸਭ ਤੋਂ ਖੁਸ਼ ਨਹੀਂ ਹੈ। ਪਰ ਕੀ ਕੋਈ ਦੇਸ਼ ਮਹਿਜ਼ ਜੋ ਸਰਕਾਰ ਸੋਚਦੀ ਹੈ ਉਹ ਹੀ ਹੈ?

ਲਪਿਡ ਜ਼ੋਰ ਦਿੰਦਿਆਂ ਕਹਿੰਦੇ ਹਨ, “ਮੈਂ ਨਹੀਂ ਮੰਨਦਾ। ਮੈਂ ਜੋ ਕਿਹਾ, ਉਹ ਭਾਰਤ ਸਰਕਾਰ ਲਈ ਸੁਣਨਾ ਸੌਖਾ ਨਹੀਂ ਹੈ, ਨਾ ਹੀ ਇਜ਼ਰਾਈਲ ਵਿਚਲੀ ਸਰਕਾਰ ਲਈ, ਜਿਸ ਦੀ ਨੁਮਾਇੰਦਗੀ ਉੱਥੋਂ ਦੇ ਸਫ਼ੀਰ ਕਰਦੇ ਹਨ।”

ਵਿਚਾਰ ਸਿਰਫ਼ ਫ਼ਿਲਮ ਬਾਰੇ ਸਨ

ਇਹ ਪੁੱਛੇ ਜਾਣ ’ਤੇ ਕਿ ਕੀ ਉਹ ਆਪਣੇ ਵਿਚਾਰ ਜ਼ਾਹਰ ਕਰਨ  ਦੇ ਢੰਗ ਤਰੀਕੇ ਵਿੱਚ ਬਦਲਾ ਕਰਨਾ ਚਾਹੁਣਗੇ ਜਿਸ ਨਾਲ ਇਹ ਰੌਲਾ ਪਿਆ ਲਪਿਡ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਨਿਰਦੇਸ਼ਕ ਦੇ ਤੌਰ 'ਤੇ ਫ਼ਿਲਮ ਸਮਾਰੋਹ ਵਿੱਚ ਸੱਦਿਆ ਗਿਆ ਸੀ ਤੇ ਉਨ੍ਹਾਂ ਨੇ ਇੱਕ ਫ਼ਿਲਮ ਦੇ ਵਿਸ਼ੇ ਬਾਰੇ ਗੱਲ ਕੀਤੀ ਸੀ।

ਉਨ੍ਹਾਂ ਕਿਹਾ, ''ਮੈਂ ਕਸ਼ਮੀਰ ਦੇ ਸੰਘਰਸ਼ ਬਾਰੇ ਕੋਈ ਵੀ ਵਿਚਾਰ ਸਾਂਝੇ ਕਰਨ ਨਹੀਂ ਆਇਆ।”

ਇਜ਼ਰਾਈਲ ਦੇ ਭਾਰਤ ਵਿੱਚ ਸਰੀਫ਼ ਨੇ ਕੀਤੀ ਨਖੇਧੀ

ਭਾਰਤ ਵਿੱਚ ਇਜ਼ਰਾਇਲ ਦੇ ਰਾਜਦੂਤ ਨੋਰ ਗਿਲੋਨ ਨੇ ਵੀ ਲਪਿਡ ਦੇ ਬਿਆਨ ਦੀ ਨਖੇਧੀ ਕੀਤੀ ਸੀ। ਉਨ੍ਹਾਂ ਟਵੀਟ ਜ਼ਰੀਏ ਨਦਾਵ ਲਪਿਡ ਨੂੰ ਇੱਕ ਖੁੱਲ੍ਹੀ ਚਿੱਠੀ ਲਿਖੀ ਗਈ।

ਉਨ੍ਹਾਂ ਲਿਖਿਆ, “ਨਦਾਵ ਲਪਿਡ ਦੇ ਕਸ਼ਮੀਰ ਫ਼ਿਲਮਜ਼ ਤੋਂ ਬਾਅਦ ਉਨ੍ਹਾਂ ਲਈ ਇੱਕ ਖੁੱਲ੍ਹੀ ਚਿੱਠੀ। ਇਹ ਯਹੂਦੀ ਨਹੀਂ ਹੈ ਕਿਉਂਕਿ ਮੈਂ ਚਾਹੁੰਦਾ ਹਾਂ ਕਿ ਸਾਡੇ ਭਾਰਤੀ ਭੈਣ ਭਰਾਵਾਂ ਨੂੰ ਸਮਝਿਆ ਜਾਵੇ। ਇਹ ਮੁਕਾਲਬਤਨ ਲੰਬਾ ਵੀ ਹੈ ਇਸ ਲਈ ਮੈਂ ਆਖ਼ਰੀ ਗੱਲ ਪਹਿਲਾਂ ਕਹਾਂਗਾ।”

ਤੁਹਾਨੂੰ ਸ਼ਰਮਿੰਦਾ ਹੋਣਾ ਚਾਹੀਦਾ ਹੈ। ਇੱਥੇ ਦੇਖੋ ਕਿਉਂ...”

ਇਹ ਕਹਿੰਦਿਆਂ ਉਨ੍ਹਾਂ ਸਮਾਗਮ ਦੀ ਇੱਕ ਤਸਵੀਰ ਸਾਂਝੀ ਕੀਤੀ।

ਅਸਾਮ  ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਜੋ ਭਾਜਪਾ ਨਾਲ ਸਬੰਧਿਤ ਹਨ ਨੇ ਨਦਾਵ ਲਪਿਡ ਦੀ ਅਲੋਚਣਾ ਕਰਦਿਆਂ ਕਿਹਾ ਕਿ ਜਿਊਰੀ ਮੈਂਬਰ ਰੱਬ ਨਹੀਂ ਹਨ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਸਰਮਾ ਨੇ ਕਿਹਾ ਕਿ ਜਿਊਰੀ ਮੈਂਬਰ ਰੱਬ ਨਹੀਂ ਹਨ। ਸਾਨੂੰ ਫ਼ਿਲਮ 'ਦਿ ਕਸ਼ਮੀਰ ਫਾਈਲਜ਼' ਚੰਗੀ ਲੱਗੀ ਅਤੇ ਇਸ ਦਾ ਪ੍ਰਚਾਰ ਕੀਤਾ। ਅਸੀਂ ਖੁਦ ਦੇਖਿਆ ਹੈ ਕਿ ਕਸ਼ਮੀਰ 'ਚ ਕੀ ਹੋਇਆ, ਉਨ੍ਹਾਂ (ਜਿਊਰੀ ਮੈਂਬਰਾਂ) ਕੋਲ ਫ਼ਿਲਮ ਦੀ ਨਿੰਦਾ ਕਰਨ ਦਾ ਕੀ ਅਧਿਕਾਰ ਹੈ।''

ਅਨੁਮਨ ਖੇਰ ਵਲੋਂ ਵੀ ਇੱਕ ਟਵੀਟ ਕੀਤਾ ਜਿਸ ਵਿੱਚ ਉਨ੍ਹਾਂ ਸੱਚ ਬਾਰੇ ਗੱਲ ਕੀਤੀ। ਉਨ੍ਹਾਂ ਦੇ ਇਸ ਟਵੀਟ ਨੂੰ ਵੀ ‘ਦਿ ਕਸ਼ਮੀਰ ਫ਼ਾਈਲਜ਼’ ਬਾਰੇ ਨਦਾਵ ਲਪਿਡ ਦੀ ਟਿੱਪਣੀ ਨਾਲ ਜੋੜਕੇ ਦੇਖਿਆ ਜਾ ਰਿਹਾ ਹੈ।

ਅਨੁਪਮ ਖੇਰ ਵਲੋਂ ਇਸ ਟਵੀਟ ਵਿੱਚ ਦਿ ਕਸ਼ਮੀਰ ਫ਼ਾਈਲਜ਼ ਫ਼ਿਲਮ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ।

ਉਨ੍ਹਾਂ ਲਿਖਿਆ, “ਝੂਠ ਦਾ ਕੱਦ ਕਿੰਨਾ ਵੀ ਉੱਚਾ ਕਿਉਂ ਨਾ ਹੋਵੇ...

ਸੱਚ ਦੇ ਮੁਕਾਬਲੇ ਹਮੇਸ਼ਾ ਛੋਟਾ ਹੀ ਹੁੰਦਾ ਹੈ...”

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)