You’re viewing a text-only version of this website that uses less data. View the main version of the website including all images and videos.
ਕਸ਼ਮੀਰ ਫਾਈਲਜ਼ ਨੂੰ ‘ਪ੍ਰੋਪੇਗੰਡਾ’ ਦੱਸ ਕੇ ਮੰਚ ਤੋਂ ਭਾਰਤੀ ਮੰਤਰੀ ਨੂੰ ਸ਼ਰਮਿੰਦਾ ਕਰਨ ਵਾਲਾ ਕੌਣ ਹੈ
ਗੋਆ ਵਿੱਚ 53ਵੇਂ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਫ਼ ਇੰਡੀਆ (ਆਈਐੱਫਐੱਫਆਈ) ਵਿੱਚ ਉਸ ਵੇਲੇ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਜਦੋਂ ਫੈਸਟੀਵਲ ਦੇ ਜਿਊਰੀ ਚੇਅਰਮੈਨ, ਇਜ਼ਰਾਈਲੀ ਫ਼ਿਲਮ ਨਿਰਮਾਤਾ ਨਦਾਵ ਲਪਿਡ ਨੇ 'ਦਿ ਕਸ਼ਮੀਰ ਫਾਈਲਜ਼' ਨੂੰ ‘ਪ੍ਰਾਪੋਗੰਡਾ’ ਅਤੇ ‘ਅਸ਼ਲੀਲ’ ਫ਼ਿਲਮ ਦੱਸਿਆ।
ਇਸ ਟਿੱਪਣੀ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇਜ਼ਰਾਇਲੀ ਫ਼ਿਲਮ ਨਿਰਮਾਤਾ ਦੇ ਬਿਆਨ ’ਤੇ ਕਸ਼ਮੀਰ ਵਿੱਚ ਪੰਡਤਾਂ ਦੇ ਹਾਲਾਤ ਅਤੇ ਫ਼ਿਲਮ ਬਾਰੇ ਬਹਿਸ ਛਿੜ ਗਈ।
ਸੋਮਵਾਰ ਨੂੰ ਭਾਰਤ ਦੇ 53ਵੇਂ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਦਾ ਸਮਾਪਤੀ ਸਮਾਰੋਹ ਸੀ ਅਤੇ ਚੁਣੀਆਂ ਗਈਆਂ ਫਿਲਮਾਂ ਦੇ ਐਲਾਨ ਤੋਂ ਪਹਿਲਾਂ ਨਦਾਵ ਲਪਿਡ ਨੂੰ ਸਟੇਜ 'ਤੇ ਬੁਲਾਇਆ ਗਿਆ।
ਨਦਾਵ ਲਪਿਡ ਇੱਕ ਇਜ਼ਰਾਈਲੀ ਫ਼ਿਲਮ ਨਿਰਮਾਤਾ ਹਨ। ਉਨ੍ਹਾਂ ਨੂੰ ਜਿਊਰੀ ਦਾ ਚੇਅਰਮੈਨ ਬਣਾਇਆ ਗਿਆ ਸੀ।
ਲਪਿਡ ਨੇ ਸਟੇਜ ਤੋਂ ਕਿਹਾ, "ਅਸੀਂ ਡੈਬਿਊ ਪ੍ਰਤੀਯੋਗਿਤਾ ਵਿੱਚ ਸੱਤ ਫਿਲਮਾਂ ਅਤੇ ਕੌਮਾਂਤਰੀ ਮੁਕਾਬਲਿਆਂ ਵਿੱਚ 15 ਫਿਲਮਾਂ ਦੇਖੀਆਂ। ਇਹਨਾਂ ਵਿੱਚੋਂ 14 ਫਿਲਮਾਂ ਸਿਨੇਮੈਟਿਕ ਗੁਣਵੱਤਾ ਦੀਆਂ ਸਨ ਅਤੇ ਉਨ੍ਹਾਂ ਨੇ ਸ਼ਾਨਦਾਰ ਬਹਿਸ ਨੂੰ ਜਨਮ ਦਿੱਤਾ। 15ਵੀਂ ਫ਼ਿਲਮ ‘ਕਸ਼ਮੀਰ ਫ਼ਾਈਲਜ਼’ ਨੂੰ ਦੇਖ ਕੇ ਅਸੀਂ ਸਾਰੇ ਅਸਹਿਜ ਤੇ ਹੈਰਾਨ ਹੋ ਗਏ।”
“ਇਹ ਇੱਕ ਪ੍ਰਚਾਰ ਲਈ ਬਣੀ ਤੇ ਅਸ਼ਲੀਲ ਫਿਲਮਾਂ ਵਰਗੀ ਫ਼ਿਲਮ ਸੀ। ਜੋ ਇਸ ਤਰ੍ਹਾਂ ਦੇ ਵੱਕਾਰੀ ਫ਼ਿਲਮ ਫ਼ੈਸਟੀਵਲ ਦੇ ਕਲਾਤਮਕ ਮੁਕਾਬਲਿਆਂ ਲਈ ਅਯੋਗ ਸੀ।”
ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ, "ਮੈਂ ਇਸ ਪਲੇਟਫਾਰਮ ਤੋਂ ਆਪਣੀਆਂ ਭਾਵਨਾਵਾਂ ਨੂੰ ਖੁੱਲ੍ਹ ਕੇ ਸਾਂਝਾ ਕਰਨ ਵਿੱਚ ਪੂਰੀ ਤਰ੍ਹਾਂ ਸਹਿਜ ਮਹਿਸੂਸ ਕਰ ਰਿਹਾ ਹਾਂ।”
“ਕਿਉਂਕਿ ਇਸ ਫੈਸਟੀਵਲ ਦੀ ਆਤਮਾ ਯਕੀਨਨ ਗੰਭੀਰ ਬਹਿਸ ਨੂੰ ਸਵੀਕਾਰ ਕਰ ਸਕਦੀ ਹੈ, ਜੋ ਕਲਾ ਅਤੇ ਜ਼ਿੰਦਗੀ ਲਈ ਜ਼ਰੂਰੀ ਹੈ।"
ਆਪਣਾ ਭਾਸ਼ਣ ਸ਼ੁਰੂ ਕਰਨ ਤੋਂ ਪਹਿਲਾਂ, ਲਪਿਡ ਨੇ ਕਿਹਾ ਕਿ ਉਹ ਆਮ ਤੌਰ 'ਤੇ ਲਿਖਤੀ ਭਾਸ਼ਣ ਨਹੀਂ ਦਿੰਦੇ ਹਨ, ਪਰ ਇਸ ਵਾਰ ਉਹ "ਲਿਖਿਆ ਹੋਇਆ ਭਾਸ਼ਣ ਪੜ੍ਹਣਗੇ ਕਿਉਂਕਿ ਉਹ ਆਪਣੀ ਗੱਲ ਸਪੱਸ਼ਟ ਤਰੀਕੇ ਨਾਲ ਕਹਿਣਾ ਚਾਹੁੰਦੇ ਹਨ।”
ਇਸ ਸਮਾਰੋਹ ਵਿੱਚ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਵੀ ਮੌਜੂਦ ਸਨ।
ਸਮਾਰੋਹ ਤੋਂ ਪਹਿਲਾਂ ਅਨੁਰਾਗ ਠਾਕੁਰ ਨੇ ਇਕ ਇੰਟਰਵਿਊ 'ਚ ਕਿਹਾ, ''ਮੈਂ ਬਿਹਤਰੀਨ ਫਿਲਮਾਂ ਦੇਖਣਾ ਪਸੰਦ ਕਰਦਾ ਹਾਂ ਅਤੇ ਵਧੀਆ ਤੋਂ ਵਧੀਆਂ ਫਿਲਮਾਂ ਬਣਨ ਇਸ ਦੀ ਕੋਸ਼ਿਸ਼ ਕਰਦਾ ਹਾਂ।”
‘ਲਪਿਡ ਦਾ ਇਹ ਇੱਕ ਨਿੱਜੀ ਬਿਆਨ ਹੈ’
ਇਸੇ ਜੂਰੀ ਵਿੱਚ ਇੱਕ ਹੋਰ ਜੂਰੀ ਮੈਂਬਰ ਸੁਦਿਪਤੋ ਸੇਨ ਨੇ ਕਿਹਾ ਕਿ ਲਪਿਡ ਵੱਲੋਂ ਦਿੱਤਾ ਗਿਆ ਬਿਆਨ ਉਨ੍ਹਾਂ ਦਾ ਨਿੱਜੀ ਬਿਆਨ ਹੈ।
ਉਨ੍ਹਾਂ ਕਿਹਾ, “ਜੂਰੀ ਬੋਰਡ ਵੱਲੋਂ ਫੈਸਟੀਵਲ ਦੇ ਡਾਇਰੈਕਟਰ ਨੂੰ ਦਿੱਤੀ ਪ੍ਰਜ਼ੈਨਟੇਸ਼ਨ ਬਾਰੇ 4 ਜੂਰੀ ਮੈਂਬਰਾਂ ਨੇ ਪ੍ਰੈੱਸ ਕਾਨਫਰੰਸ ਕੀਤੀ ਸੀ। ਉਸ ਵਿੱਚ ਆਪਣੀ ਨਿੱਜੀ ਪਸੰਦ ਤੇ ਨਾਪਸੰਦ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਸੀ।”
“ਜੂਰੀ ਮੈਂਬਰ ਵਜੋਂ ਸਾਨੂੰ ਫਿਲਮਾਂ ਦੇ ਤਕਨੀਕੀ, ਕਲਾਤਮਕਤਾ ਤੇ ਫਿਲਮ ਦੇ ਸਮਾਜਿਕ ਮਹੱਤਵ ਬਾਰੇ ਜੱਜ ਕਰਨ ਲਈ ਕਿਹਾ ਗਿਆ ਸੀ। ਅਸੀਂ ਕਿਸੇ ਵੀ ਤਰੀਕੇ ਦੀ ਸਿਆਸੀ ਬਿਆਨਬਾਜ਼ੀ ਵਿੱਚ ਸ਼ਾਮਿਲ ਨਹੀਂ ਹੋਏ। ਜੇ ਅਜਿਹਾ ਹੋਇਆ ਹੈ ਤਾਂ ਉਹ ਇੱਕ ਨਿੱਜੀ ਬਿਆਨ ਹੈ।”
ਇਜ਼ਰਾਈਲ ਦੇ ਭਾਰਤ ਵਿੱਚ ਰਾਜਦੂਤ ਨੇ ਕੀਤੀ ਨਖੇਧੀ
ਭਾਰਤ ਵਿੱਚ ਇਜ਼ਰਾਇਲ ਦੇ ਰਾਜਦੂਤ ਨੋਰ ਗਿਲੋਨ ਨੇ ਵੀ ਲਪਿਡ ਦੇ ਬਿਆਨ ਦੀ ਨਖੇਧੀ ਕੀਤੀ ਹੈ।
ਉਨ੍ਹਾਂ ਟਵੀਟ ਜ਼ਰੀਏ ਨਦਾਵ ਲਪਿਡ ਨੂੰ ਇੱਕ ਖੁੱਲ੍ਹੀ ਚਿੱਠੀ ਲਿਖੀ ਗਈ। ਉਨ੍ਹਾਂ ਲਿਖਿਆ, “ਨਦਾਵ ਲਪਿਡ ਦੇ ਕਸ਼ਮੀਰ ਫ਼ਿਲਮਜ਼ ਤੋਂ ਬਾਅਦ ਉਨ੍ਹਾਂ ਲਈ ਇੱਕ ਖੁੱਲ੍ਹੀ ਚਿੱਠੀ। ਇਹ ਯਹੂਦੀ ਨਹੀਂ ਹੈ ਕਿਉਂਕਿ ਮੈਂ ਚਾਹੁੰਦਾ ਹਾਂ ਕਿ ਸਾਡੇ ਭਾਰਤੀ ਭੈਣ ਭਰਾਵਾਂ ਨੂੰ ਸਮਝਿਆ ਜਾਵੇ। ਇਹ ਮੁਕਾਲਬਤਨ ਲੰਬਾ ਵੀ ਹੈ ਇਸ ਲਈ ਮੈਂ ਆਖ਼ਰੀ ਗੱਲ ਪਹਿਲਾਂ ਕਹਾਂਗਾ।”
ਤੁਹਾਨੂੰ ਸ਼ਰਮਿੰਦਾ ਹੋਣਾ ਚਾਹੀਦਾ ਹੈ। ਇੱਥੇ ਦੇਖੋ ਕਿਉਂ...”
ਇਹ ਕਹਿੰਦਿਆਂ ਉਨ੍ਹਾਂ ਸਮਾਗਮ ਦੀ ਇੱਕ ਤਸਵੀਰ ਸਾਂਝੀ ਕੀਤੀ।
ਸੋਸ਼ਲ ਮੀਡੀਆ ’ਤੇ ਚਰਚਾ
ਲਪਿਡ ਦੇ ਭਾਸ਼ਣ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
ਜਯੋ ਜੀਤ ਨਾਮ ਦੇ ਇੱਕ ਯੂਜ਼ਰ ਨੇ ਟਵੀਟ ਕੀਤਾ, "ਉਨ੍ਹਾਂ ਦੀ ਟਿੱਪਣੀ ਨਸਲਕੁਸ਼ੀ ਦੇ ਪੀੜਤਾਂ ਦਾ ਬੇਇੱਜਤੀ ਹੈ ਅਤੇ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ।"
ਤੇਲੰਗਾਨਾ ਰਾਸ਼ਟਰ ਸਮਿਤੀ (ਟੀਆਰਐੱਸ) ਦੇ ਸੋਸ਼ਲ ਮੀਡੀਆ ਕਨਵੀਨਰ ਵਾਈ ਸਤੀਸ਼ ਰੈੱਡੀ ਨੇ ਟਵੀਟ ਕੀਤਾ, "ਭਾਜਪਾ ਭਾਰਤ ਦੇ ਅਕਸ ਨੂੰ ਕੌਮਾਂਤਰੀ ਪੱਧਰ 'ਤੇ ਖ਼ਰਾਬ ਕਰਨ ਵਿੱਚ ਸਫਲ ਰਹੀ।"
ਇਸ ਬਹਿਸ ਬਾਰੇ ਅਨੁਮਨ ਖੇਰ ਨੇ ਵੀ ਟਵੀਟ ਕੀਤਾ।
ਉਨ੍ਹਾਂ ਲਿਖਿਆ, “ਝੂਠ ਦਾ ਕੱਦ ਕਿੰਨਾ ਵੀ ਉੱਚਾ ਕਿਉਂ ਨਾ ਹੋਵੇ...
ਸੱਚ ਦੇ ਮੁਕਾਬਲੇ ਹਮੇਸ਼ਾ ਛੋਟਾ ਹੀ ਹੁੰਦਾ ਹੈ...”
ਵਿਵੇਕ ਅਗਨੀਹੋਤਰੀ ਨੇ ਵੀ ਮੰਗਲਵਾਰ ਨੂੰ ਇੱਕ ਟਵੀਟ ਕੀਤਾ ਜਿਸ ਨੂੰ ਨਦਾਵ ਲਪਿਡ ਦੇ ਬਿਆਨ ਨਾਲ ਜੋੜਿਆ ਜਾ ਰਿਹਾ ਹੈ।
ਵਿਵੇਕ ਅਗਨੀਹੋਤਰੀ ਨੇ ਲਿਖਿਆ, "ਗੁੱਡ ਮਾਰਨਿੰਗ। ਸੱਚ ਸਭ ਤੋਂ ਖ਼ਤਰਨਾਕ ਚੀਜ਼ ਹੈ। ਇਹ ਲੋਕਾਂ ਨੂੰ ਝੂਠ ਬੋਲਣ ਲਾਉਂਦਾ ਹੈ।"
ਉੱਘੇ ਵਕੀਲ ਪ੍ਰਸ਼ਾਤ ਭੂਸ਼ਣ ਨੇ ਟਵੀਟ ਕਰਕੇ ਜਿਊਰੀ ਦੀ ਗੱਲ ਦੁਹਰਾਉਂਦਿਆਂ ਟਵੀਟ ਕੀਤਾ।
ਉਨ੍ਹਾਂ ਲਿਖਿਆ,“ ਗੋਆ ਫ਼ਿਲਮ ਫੈਸਟੀਵਲ ਦੀ ਜਿਊਰੀ ਦੀ ਚੇਅਰ ਦਾ ਕਹਿਣਾ ਹੈ ਕਿ ਜਿਊਰੀ ਨੇ ਮਹਿਸੂਸ ਕੀਤਾ ਕਿ ਕਸ਼ਮੀਰ ਫਾਈਲਜ਼ ਇੱਕ ਅਸ਼ਲੀਲ ਪ੍ਰਚਾਰ ਕਰਨ ਵਾਲੀ ਫਿਲਮ ਸੀ, ਜੋ ਫ਼ਿਲਮ ਫੈਸਟੀਵਲ ਲਈ ਅਣਉਚਿਤ ਸੀ।”
ਇੱਕ ਟਵਿੱਟਰ ਯੂਜ਼ਰ ਸਫ਼ਰੂਨ ਸਮਸ਼ ਨੇ ਲਿਖਿਆ, “ਉਨ੍ਹਾਂ ਮੁਤਾਬਕ ਕਸ਼ਮੀਰ ਫ਼ਾਈਲਜ਼ ਦਿਖਾਉਣਾ ਇੱਕ ਅਸ਼ਲੀਲ ਪ੍ਰੋਪੇਗੰਡਾ ਹੈ।”
“ਭਾਰਤ ਨੂੰ ਪੰਡਤਾਂ ਦੇ ਕਤਲੇਆਮ ਨੂੰ ਨਕਾਰਨ ਵਾਲਿਆਂ ਲਈ ਜੇਲ੍ਹ ਦੀ ਸਜ਼ਾ ਸੁਣਾਉਂਦਾ ਕਾਨੂੰਨ ਬਣਾਉਣਾ ਚਾਹੀਦਾ ਹੈ। ਜਿਵੇਂ ਜਹੂਦੀਆਂ ਦੇ ਕਤਲੇਆਮ ਲਈ ਪੱਛਮ ਵਿੱਚ।”
ਨਦਾਵ ਲਪਿਡ ਕੌਣ ਹਨ?
ਨਦਾਵ ਲਪਿਡ ਇੱਕ ਇਜ਼ਰਾਈਲੀ ਫ਼ਿਲਮ ਨਿਰਮਾਤਾ ਹਨ। ਉਨ੍ਹਾਂ ਨੂੰ ਜਿਊਰੀ ਦਾ ਚੇਅਰਮੈਨ ਬਣਾਇਆ ਗਿਆ ਸੀ।
1975 ਵਿੱਚ ਇਜ਼ਰਾਈਲ ਦੇ ਸ਼ਹਿਰ ਤੇਲ ਅਵੀਵ ਵਿੱਚ ਜਨਮੇ, ਨਦਾਵ ਲਪਿਡ ਨੇ ਤੇਲ ਅਵੀਵ ਯੂਨੀਵਰਸਿਟੀ ਵਿੱਚ ਦਰਸ਼ਨਸ਼ਾਸ਼ਤਰ ਦੀ ਪੜ੍ਹਾਈ ਕੀਤੀ ਹੈ।
ਉਨ੍ਹਾਂ ਕੁਝ ਸਮਾਂ ਦੇਸ ਲਈ ਫ਼ੌਜੀ ਸੇਵਾਵਾਂ ਨਿਭਾਈਆਂ ਤੇ ਉਸ ਤੋਂ ਬਾਅਦ ਥੋੜੇ ਸਮੇਂ ਲਈ ਪੈਰਿਸ ਚਲੇ ਗਏ।
ਲਪਿਡ ਬਾਅਦ ਵਿੱਚ ਇਜ਼ਰਾਈਲ ਵਾਪਸ ਆ ਗਏ ਅਤੇ ਯਰੂਸ਼ਲਮ ਵਿੱਚ ਫਿਲਮ ਅਤੇ ਟੈਲੀਵਿਜ਼ਨ ਸਕੂਲ ਤੋਂ ਡਿਗਰੀ ਹਾਸਲ ਕੀਤੀ
ਲਪਿਡ ਕੌਮਾਂਤਰੀ ਫ਼ਿਲਮਾਂ ਲਈ ਅਹਿਮ ਮੰਨੇ ਜਾਂਦੇ ਇਨਾਮ ਗੋਲਡਨ ਬੀਅਰ ਅਤੇ ਕਾਨਸ ਹਾਸਿਲ ਕਰ ਚੁੱਕੇ ਹਨ। ਉਨ੍ਹਾ ਵਲੋਂ ਪੁਲਿਸਮੈਨ, ਕਿੰਡਰਗਾਰਟਨ ਟੀਚਰ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਗਿਆ ਹੈ।
ਫ਼ਿਲਮੀ ਸਫ਼ਰ
ਆਈਐੱਫਐੱਫਆਈ ਦੀ ਵੈੱਬਸਾਈਟ 'ਤੇ ਦਿੱਤੀ ਜਾਣਕਾਰੀ ਮੁਤਾਬਕ, ਲਪਿਡ ਦੀ ਪਹਿਲੀ ਫ਼ੀਚਰ ਫ਼ਿਲਮ 'ਪੁਲਿਸਮੈਨ' ਸੀ ਅਤੇ ਇਸ ਫ਼ਿਲਮ ਨੇ ਕਈ ਐਵਾਰਡ ਹਾਸਿਲ ਕੀਤੇ ਸਨ।
ਉਨ੍ਹਾਂ ਦੀ ਇਸ ਫ਼ਿਲਮ ਨੇ ਸਾਲ 2011 ਵਿੱਚ ਲੋਕਾਰਨੋ ਫ਼ਿਲਮ ਫੈਸਟੀਵਲ ਵਿੱਚ ਜਿਊਰੀ ਪ੍ਰਾਈਜ਼ ਅਤੇ ਦਿ ਬਿਊਨਸ ਆਇਰਸ ਇੰਟਰਨੈਸ਼ਨਲ ਫੈਸਟੀਵਲ ਆਫ਼ ਇੰਟਰਨੈਸ਼ਨਲ ਸਿਨੇਮਾ ਵਿੱਚ ਬੇਹਤਰੀਨ ਫ਼ਿਲਮ ਦਾ ਐਵਾਰਡ ਜਿੱਤਿਆ ਸੀ।
ਉਨ੍ਹਾਂ ਦੀ ਦੂਜੀ ਫ਼ਿਲਮ 'ਦਿ ਕਿੰਡਰਗਾਰਡਨ ਟੀਚਰ' ਨੇ 20 ਤੋਂ ਜ਼ਿਆਦਾ ਅੰਤਰਰਾਸ਼ਟਰੀ ਐਵਾਰਡ ਜਿੱਤੇ ਸਨ।
ਵਰਤਮਾਨ ਵਿੱਚ ਲਪਿਡ ਫ਼ਿਲਮ 'ਮਾਈਕਰੋ ਰੋਬੋਟ' 'ਤੇ ਕੰਮ ਕਰ ਰਹੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਸ਼ਾਰਟ ਫ਼ਿਲਮਾਂ ਵੀ ਬਣਾਈਆਂ ਹਨ।
ਲਪਿਡ ਨੂੰ 2016 ਕਾਨ ਫਿਲਮ ਫੈਸਟੀਵਲ ਦੇ ਇੰਟਰਨੈਸ਼ਨਲ ਕ੍ਰਿਟਿਕਸ ਵੀਕ ਸੈਕਸ਼ਨ ਦੀ ਜਿਊਰੀ ਦੇ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਸੀ।
ਲਪਿਡ ਕੌਮਾਂਤਰੀ ਫ਼ਿਲਮਾਂ ਲਈ ਅਹਿਮ ਮੰਨੇ ਜਾਂਦੇ ਇਨਾਮ ਗੋਲਡਨ ਬੀਅਰ ਅਤੇ ਕਾਨ ਹਾਸਿਲ ਕਰ ਚੁੱਕੇ ਹਨ।
ਉਨ੍ਹਾਂ ਨੇ ਸਾਲ 2021 ਵਿੱਚ ਆਪਣੀ ਫ਼ਿਲਮ ਆਪਣੀ ਫ਼ਿਲਮ 'ਹਾ'ਬ੍ਰੀਚ' ਲਈ ਕਾਂਸ ਫ਼ਿਲਮ ਫੈਸਟੀਵਲ ਵਿੱਚ ਜਿਊਰੀ ਪ੍ਰਾਈਜ਼ ਜਿੱਤਿਆ ਸੀ।
‘ਫ਼ਿਲਮ ਕਸ਼ਮੀਰ ਫ਼ਾਈਲਜ਼’
ਕਸ਼ਮੀਰੀ ਪੰਡਤਾਂ ਦੀ ਜ਼ਿੰਦਗੀ ’ਤੇ ਅਧਾਰਿਤ ਇਸ ਫ਼ਿਲਮ ਦਾ ਨਿਰਦੇਸ਼ਨ ਆਪਣੇ ਬਿਆਨਾਂ ਕਰਕੇ ਹਮੇਸ਼ਾ ਵਿਵਾਦਾਂ 'ਚ ਰਹਿਣ ਵਾਲੇ ਵਿਵੇਕ ਅਗਨੀਹੋਤਰੀ ਨੇ ਕੀਤਾ ਹੈੈ।
ਇਸ ਫ਼ਿਲਮ ਵਿੱਚ ਅਨੁਪਮ ਖੇਰ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਫਿਲਮ 'ਚ ਮਿਥੁਨ ਚੱਕਰਵਰਤੀ ਅਤੇ ਪੱਲਵੀ ਜੋਸ਼ੀ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ।
'ਕਸ਼ਮੀਰ ਫਾਈਲਜ਼' ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਵਿਵਾਦਾਂ 'ਚ ਘਿਰ ਗਈ ਸੀ। ਕਈ ਫਿਲਮ ਆਲੋਚਕਾਂ ਨੇ ਇਸ ਨੂੰ ਪ੍ਰਚਾਰ ਲਈ ਬਣਾਈ ਗਈ ਫ਼ਿਲਮ ਕਰਾਰ ਦਿੱਤਾ ਹੈ।
ਵਿਵੇਕ ਅਗਨੀਹੋਤਰੀ ਨੇ ਆਪਣੀ ਫ਼ਿਲਮ 'ਦਿ ਕਸ਼ਮੀਰ ਫਾਈਲਜ਼' ਦਾ ਸਮਰਥਨ ਕਰਦਿਆਂ ਕਿਹਾ ਸੀ," ਇਹ ਹਿੰਦੂ ਜਾਂ ਮੁਸਲਮਾਨ ਬਾਰੇ ਨਹੀਂ ਹੈ।"
ਕਸ਼ਮੀਰ ਫਾਇਲਜ਼ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਨੇ ਇਹ ਕਿਹਾ ਸੀ ਕਿ ਇਸ ਫਿਲਮ ਦੀ ਤੱਥਾਂ ਦੇ ਆਧਾਰ 'ਤੇ ਸਮੀਖਿਆ ਕਰਨ ਦੀ ਬਜਾਏ ਉਸ ਨੂੰ ਝੁਠਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਿਆਸੀ ਪ੍ਰਭਾਵ ਅਧੀਨ ਬਣੀ ਫ਼ਿਲਮ ਦੱਸਿਆ ਗਿਆ ਸੀ
ਇਹ ਫਿਲਮ ਕਥਿਤ ਤੌਰ 'ਤੇ 1990 ਦੇ ਦਹਾਕੇ ਵਿੱਚ ਕਸ਼ਮੀਰੀ ਪੰਡਤਾਂ ਦੇ ਮਜ਼ਬੂਰਨ ਘਰ ਛੱਡਣ ਤੇ ਹੱਤਿਆਵਾਂ 'ਤੇ ਆਧਾਰਿਤ ਹੈ।
ਇਹ ਫਿਲਮ 11 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ ਨੇ ਕਈ ਸਿਨੇਮਾਘਰਾਂ ਵਿੱਚ ਚੰਗੀ ਚਲੀ। ਦੇਸ਼ ਦੇ ਚਾਰ ਸੂਬਿਆਂ ਨੇ ਇਸ ਫ਼ਿਲਮ ਨੂੰ ਟੈਕਸ ਮੁਕਤ ਘੋਸ਼ਿਤ ਕੀਤਾ ਹੈ।
ਇਤਫ਼ਾਕ ਨਾਲ ਇਨ੍ਹਾਂ ਚਾਰੇ ਸੂਬਿਆਂ ਵਿੱਚ (ਹਰਿਆਣਾ, ਮੱਧ ਪ੍ਰਦੇਸ਼, ਕਰਨਾਟਕ ਅਤੇ ਗੁਜਰਾਤ) ਭਾਜਪਾ ਦੀ ਸਰਕਾਰ ਸੀ।
ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਸਾਲ ਰਿਲੀਜ਼ ਹੋਈਆਂ ਫਿਲਮਾਂ ਵਿੱਚੋਂ ਇਸ ਨੇ ਸਭ ਤੋਂ ਵੱਧ ਕਮਾਈ ਕੀਤੀ ਸੀ।
ਇਸ ਦੇ ਰਿਲੀਜ਼ ਹੋਣ ਤੋਂ ਇਕ ਦਿਨ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਵੇਕ ਅਗਨੀਹੋਤਰੀ ਦੀ ਤਸਵੀਰ ਵਾਇਰਲ ਹੋਣ ਨਾਲ ਵਿਵਾਦ ਖੜਾ ਹੋ ਗਿਆ ਸੀ।