You’re viewing a text-only version of this website that uses less data. View the main version of the website including all images and videos.
ਉਦਯੋਗਪਤੀ ਸ਼ਿਆਮ ਸੁੰਦਰ ਭਰਤਿਆ ਖ਼ਿਲਾਫ਼ ਬਲਾਤਕਾਰ ਦਾ ਮਾਮਲਾ ਦਰਜ, ਭਰਤਿਆ ਨੇ ਇਲਜ਼ਾਮਾਂ ਨੂੰ ਝੂਠਾ ਦੱਸਿਆ
ਉਦਯੋਗਪਤੀ ਸ਼ਿਆਮ ਸੁੰਦਰ ਭਰਤਿਆ ਖ਼ਿਲਾਫ਼ ਮਹਾਰਾਸ਼ਟਰ ਦੇ ਠਾਣੇ ਵਿੱਚ ਬਲਾਤਕਾਰ ਦੀ ਧਾਰਾ ਤਹਿਤ ਐਫ਼ਆਈਆਰ ਦਰਜ ਕੀਤੀ ਗਈ ਹੈ।
ਇੱਕ ਫ਼ਿਲਮ ਅਦਾਕਾਰਾ ਨੇ ਬੀਤੇ ਸਾਲ ਨਵੰਬਰ ਵਿੱਚ ਠਾਣੇ ਪੁਲਿਸ ਕੋਲ ਉਦਯੋਗਪਤੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ, ਪਰ ਜਦੋਂ ਪੁਲਿਸ ਨੇ ਕੇਸ ਦਰਜ ਨਹੀਂ ਕੀਤਾ ਤਾਂ ਉਨ੍ਹਾਂ ਨੇ ਹਾਈ ਕੋਰਟ ਵਿੱਚ ਅਰਜ਼ੀ ਦਿੱਤੀ ਕਿ ਇਹ ਮਾਮਲਾ ਦਰਜ ਕੀਤਾ ਜਾਵੇ।
ਬਾਂਬੇ ਹਾਈ ਕੋਰਟ ਵਿੱਚ ਜਸਟਿਸ ਰੇਵਤੀ ਡੇਰੇ ਅਤੇ ਜਸਟਿਸ ਡਾਕਟਰ ਨੀਲਾ ਗੋਖਲੇ ਦੀ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ ਅਤੇ ਨਿਪਟਾਰਾ ਕਰਦੇ ਹੋਏ ਨਿਰਦੇਸ਼ ਦਿੱਤੇ ਕਿ ਸ਼ਿਕਾਇਤਕਰਤਾ ਦੇ ਬਿਆਨ ਦਰਜ ਕਰਦੇ ਹੋਏ ਪੁਲਿਸ ਐਫ਼ਆਈਆਰ ਕਰੇ।
ਇਲਜ਼ਾਮਾਂ ਦੀ ਜਾਂਚ ਹੋਣਾ ਅਜੇ ਬਾਕੀ ਹੈ ਅਤੇ ਅਗਲੇਰੀ ਕਾਰਵਾਈ ਸਬੰਧੰਤ ਵਾਲੀ ਅਦਾਲਤ ਵਿੱਚ ਕੀਤੀ ਜਾਵੇਗੀ।
ਐਫ਼ਆਈਆਰ ਮੁੰਬਈ ਨੇੜੇ ਠਾਣੇ ਦੇ ਕਪੂਰਬਾਵੜੀ ਪੁਲਿਸ ਸਟੇਸ਼ਨ ਵਿੱਚ 22 ਫਰਵਰੀ ਨੂੰ ਦਰਜ ਕੀਤੀ ਗਈ ਹੈ। ਇਸ ਐਫ਼ਆਈਆਰ ਵਿੱਚ ਜੁਬੀਲੈਂਟ ਫੂਡਵਰਕਸ ਲਿਮਟਿਡ ਕੰਪਨੀ ਦੇ ਚੇਅਰਮੈਨ ਸ਼ਿਆਮ ਸੁੰਦਰ ਭਰਤਿਆ ਤੋਂ ਇਲਾਵਾ ਤਿੰਨ ਹੋਰ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਉਦਯੋਗਪਤੀ ਸ਼ਿਆਮ ਸੁੰਦਰ ਭਰਤਿਆ ਨੇ ਇਲਜ਼ਾਮਾਂ ਨੂੰ ਬੇਬੁਨਿਆਦ ਅਤੇ ਝੂਠਾ ਦੱਸਦਿਆਂ ਇਨ੍ਹਾਂ ਦਾ ਖੰਡਨ ਕੀਤਾ ਹੈ।
ਐਫ਼ਆਈਆਰ ਵਿੱਚ ਕੀ ਕਿਹਾ ਗਿਆ ਹੈ?
ਐਫ਼ਆਈਆਰ ਵਿੱਚ ਬਲਾਤਕਾਰ, ਧਮਕਾਉਣ ਅਤੇ ਜਾਤੀ-ਸੂਚਕ ਗਾਲ਼ਾਂ ਕੱਢਣ ਦੇ ਇਲਜ਼ਾਮ ਲਗਾਏ ਗਏ ਹਨ। ਐਫ਼ਆਈਆਰ ਵਿੱਚ ਦਲਿਤ ਅੱਤਿਆਚਾਰ ਕਾਨੂੰਨ ਦੀਆਂ ਧਾਰਾਵਾਂ ਵੀ ਲਗਾਈਆਂ ਗਈਆਂ ਹਨ।
ਐਫ਼ਆਈਆਰ ਦੇ ਅਨੁਸਾਰ, ਅਦਾਕਾਰਾ ਨੇ ਇੱਕ ਹੋਰ ਮੁਲਜ਼ਮ ਪੂਜਾ ਕਮਲਜੀਤ ਸਿੰਘ ਨਾਲ ਸੰਪਰਕ ਕੀਤਾ ਸੀ, ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਸੀ ਕਿ ਪੂਜਾ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਨੂੰ ਅਜਿਹੇ ਪ੍ਰਭਾਵਸ਼ਾਲੀ ਲੋਕਾਂ ਨਾਲ ਮਿਲਵਾਉਣਗੇ ਜੋ ਉਨ੍ਹਾਂ ਨੂੰ ਫ਼ਿਲਮ ਇੰਡਸਟਰੀ ਵਿੱਚ ਮੌਕਾ ਦਿਵਾ ਸਕਦੇ ਹਨ।
ਅਦਾਕਾਰਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ 3 ਮਈ 2023 ਨੂੰ ਮੁੰਬਈ ਦੇ ਸਾਂਤਾਕਰੂਜ਼ ਦੇ ਇੱਕ ਪੰਜ ਤਾਰਾ ਹੋਟਲ ਵਿੱਚ ਉਨ੍ਹਾਂ ਦੀ ਭਰਤਿਆ ਨਾਲ ਮੁਲਾਕਾਤ ਹੋਈ। ਉਨ੍ਹਾਂ ਦਾ ਦਾਅਵਾ ਹੈ ਕਿ ਭਰਤਿਆ ਨੇ ਉਨ੍ਹਾਂ ਨੂੰ ਸਿੰਗਾਪੁਰ ਬੁਲਾਇਆ ਸੀ।
ਐਫ਼ਆਈਆਰ ਮੁਤਾਬਕ, 19 ਮਈ 2023 ਨੂੰ ਸ਼ਿਕਾਇਤਕਰਤਾ ਪੂਜਾ ਸਿੰਘ ਨਾਲ ਸਿੰਗਾਪੁਰ ਗਏ ਸਨ। ਇਹ ਇਲਜ਼ਾਮ ਹਨ ਕਿ ਭਰਤਿਆ ਮਹਿਲਾ ਨੂੰ ਇੱਕ ਘਰ ਵਿੱਚ ਲੈ ਗਏ, ਜਿੱਥੇ ਉਨ੍ਹਾਂ ਨੇ ਸ਼ਰਾਬ ਪੀਤੀ, ਮਹਿਲਾ ਨੂੰ ਵੀ ਸ਼ਰਾਬ ਪੀਣ ਲਈ 'ਮਜਬੂਰ' ਕੀਤਾ ਗਿਆ ਅਤੇ ਫਿਰ ਉਨ੍ਹਾਂ ਦਾ 'ਸ਼ੋਸ਼ਣ ਕੀਤਾ ਗਿਆ'। ਇਸ ਦੌਰਾਨ, ਪੂਜਾ ਨੇ ਇਸ ਘਟਨਾ ਨੂੰ ਕਥਿਤ ਤੌਰ 'ਤੇ ਆਪਣੇ ਮੋਬਾਈਲ ਫੋਨ 'ਤੇ ਰਿਕਾਰਡ ਕੀਤਾ।
ਮਹਿਲਾ ਦਾ ਦਾਅਵਾ ਹੈ ਕਿ ਘਟਨਾ ਬਾਰੇ ਕਿਸੇ ਨੂੰ ਦੱਸਣ 'ਤੇ ਉਸ ਵੀਡੀਓ ਨੂੰ ਜਨਤਕ ਕਰਨ ਦੀ 'ਧਮਕੀ ਦਿੱਤੀ ਗਈ'।
ਭਰਤਿਆ ਨੇ ਕੀ ਕਿਹਾ?
ਜੁਬੀਲੈਂਟ ਫੂਡਵਰਕਸ ਭਾਰਤੀ ਫ਼ੂਡ ਸਰਵਿਸ ਦੇਣ ਵਾਲੀ ਕੰਪਨੀ ਹੈ, ਜਿਸਦਾ ਮੁੱਖ ਦਫ਼ਤਰ ਦਿੱਲੀ ਦੇ ਨੇੜੇ ਨੋਇਡਾ ਵਿੱਚ ਹੈ।
ਕੰਪਨੀ ਦੀ ਵੈੱਬਸਾਈਟ ਦੇ ਅਨੁਸਾਰ, ਇਸ ਕੋਲ ਭਾਰਤ ਅਤੇ ਗੁਆਂਢੀ ਦੇਸ਼ਾਂ ਵਿੱਚ ਅੰਤਰਰਾਸ਼ਟਰੀ ਫ਼ੂਡ ਕੰਪਨੀਆਂ ਦੀ ਮਾਸਟਰ ਫ੍ਰੈਂਚਾਇਜ਼ੀ ਹੈ। ਇਨ੍ਹਾਂ ਵਿੱਚ 'ਡੋਮਿਨੋਜ਼ ਪੀਜ਼ਾ', 'ਪੋਪਾਈਜ਼' ਅਤੇ 'ਡੰਕਿਨ ਡੋਨਟਸ' ਵਰਗੇ ਬ੍ਰਾਂਡ ਸ਼ਾਮਲ ਹਨ।
ਜੁਬੀਲੈਂਟ ਫੂਡਵਰਕਸ ਨੇ 25 ਫਰਵਰੀ ਨੂੰ ਬਾਂਬੇ ਸਟਾਕ ਐਕਸਚੇਂਜ ਅਤੇ ਨੈਸ਼ਨਲ ਸਟਾਕ ਐਕਸਚੇਂਜ ਨੂੰ ਭਰਤਿਆ ਵਿਰੁੱਧ ਲੱਗੇ ਇਲਜ਼ਾਮਾਂ ਸੰਬੰਧੀ ਇੱਕ ਬਿਆਨ ਭੇਜਿਆ।
ਇਸ ਵਿੱਚ ਕੰਪਨੀ ਨੇ ਕਿਹਾ ਹੈ ਕਿ ਉਸਨੂੰ ਸ਼ਿਆਮ ਭਰਤਿਆ ਦੁਆਰਾ ਨਿੱਜੀ ਤੌਰ 'ਤੇ ਜਾਰੀ ਕੀਤਾ ਗਿਆ ਇੱਕ ਬਿਆਨ ਮਿਲਿਆ ਹੈ ਜਿਸ ਵਿੱਚ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ, ਝੂਠੇ ਅਤੇ ਅਪਮਾਨਜਨਕ ਦੱਸਦੇ ਹੋਏ ਇਨ੍ਹਾਂ ਦਾ ਖੰਡਨ ਕੀਤਾ ਗਿਆ ਹੈ। ਭਰਤਿਆ ਦਾ ਕਹਿਣਾ ਹੈ ਕਿ ਇਹ ਸਾਰੇ ਇਲਜ਼ਾਮ ਗਲਤ ਇਰਾਦਿਆਂ ਨਾਲ ਲਗਾਏ ਗਏ ਹਨ।
ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਭਰਤਿਆ ਜਾਂਚ ਏਜੰਸੀ ਨਾਲ ਸਹਿਯੋਗ ਕਰਨਗੇ ਅਤੇ ਇਸ ਮਾਮਲੇ ਵਿੱਚ ਹੋਰ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਜਾਂਚ ਜਾਰੀ ਹੈ।
ਜੁਬੀਲੈਂਟ ਫੂਡਵਰਕਸ ਦੇਸ਼ ਭਰ ਵਿਚ 400 ਤੋਂ ਵੱਧ ਸ਼ਹਿਰਾਂ ਵਿੱਚ ਕੰਮ ਕਰਦੀ ਹੈ ਅਤੇ ਇਸ ਵਿੱਚ 30 ਹਜ਼ਾਰ ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ।
ਕੰਪਨੀ ਦਾ ਦਾਅਵਾ ਹੈ ਕਿ ਇਸ ਸਬੰਧ ਵਿੱਚ ਪ੍ਰਕਾਸ਼ਿਤ ਖ਼ਬਰਾਂ ਕੰਪਨੀ ਜਾਂ ਇਸ ਦੇ ਕੰਮਕਾਜ ਨੂੰ ਪ੍ਰਭਾਵਿਤ ਨਹੀਂ ਕਰਨਗੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ