You’re viewing a text-only version of this website that uses less data. View the main version of the website including all images and videos.
‘ਆਪ’ ਦੇ 5 ਵਿਧਾਇਕ ਜੋ ‘ਟਾਲੇ ਜਾਣ ਵਾਲੇ ਹਾਲਾਤ’ ’ਚ ਵੀ ਆਪਾ ਗੁਆ ਬੈਠੇ, ਪਾਰਟੀ ਦਾ ਇਸ ਬਾਰੇ ਕੀ ਸਟੈਂਡ
ਆਮ ਆਦਮੀ ਪਾਰਟੀ ਦੇ ਹਲਕਾ ਰੋਪੜ ਤੋਂ ਵਿਧਾਇਕ ਦਿਨੇਸ਼ ਚੱਢਾ ਦੇ ਰੈਵੇਨਿਊ ਮੁਲਾਜ਼ਮਾਂ ਦੇ ਕਥਿਤ ਭ੍ਰਿਸ਼ਟਾਚਾਰ ਖ਼ਿਲਾਫ਼ ਛਾਪਾਮਾਰ ਕਾਰਵਾਈ ਦੇ ਵੀਡੀਓ ਤੋਂ ਸ਼ੁਰੂ ਹੋਇਆ ਵਿਵਾਦ ਵਿਧਾਇਕ ਦੇ ਆਪਣੀ 'ਗਲਤੀ' ਸਵਿਕਾਰਨ ਤੋਂ ਬਾਅਦ ਖ਼ਤਮ ਹੋ ਗਿਆ ਹੈ।
ਇਹਨਾਂ ਕਰਮਚਾਰੀਆਂ ਦੇ ਨਾਲ ਹੀ ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਵੀ ਹੜਤਾਲ 'ਤੇ ਚਲੀ ਗਈ ਇਹ ਸੂਬਾ ਪੱਧਰੀ ਮਸਲਾ ਬਣ ਗਿਆ ਸੀ।
ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਮੁਲਾਜ਼ਮ ਵਿਧਾਇਕ ਦੇ ਰਵੱਈਏ ਖਿਲਾਫ਼ ਹੜਤਾਲ 'ਤੇ ਚਲੇ ਗਏ ਸਨ ਪਰ ਹੁਣ ਉਨ੍ਹਾਂ ਵਲੋਂ ਇਹ ਭਰੋਸਾ ਦੁਆਉਣ ਕੇ ਮੁਲਾਜ਼ਮਾਂ ਦੇ ਮਾਣ-ਸਨਮਾਣ ਨੂੰ ਸੱਟ ਮਾਰਨਾ ਉਨ੍ਹਾਂ ਦੀ ਮਨਸ਼ਾ ਨਹੀਂ ਸੀ।
ਦਿਨੇਸ਼ ਚੱਢਾ ਨੇ ਬਾਅਦ ਵਿੱਚ ਮੁਆਫ਼ੀ ਮੰਗੀ ਅਤੇ ਫਿਰ ਕਰਮਚਾਰੀਆਂ ਨੇ ਆਪਣੀ ਹੜਤਾਲ ਵਾਪਸ ਲਈ।
ਪੰਜਾਬ ਵਿੱਚ ਸਰਕਾਰ ਦੀ ਅਗਵਾਈ ਕਰਨ ਵਾਲੀ ਪਾਰਟੀ ਦੇ ਇੱਕ ਹੋਰ ਵਿਧਾਇਕ ਵੀ ਪਿਛਲੇ ਦਿਨੀ ਆਪਣੇ ਵਤੀਰੇ ਨੂੰ ਲੈ ਕੇ ਚਰਚਾ ਵਿੱਚ ਆਏ ਸਨ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਸੋਮਵਾਰ ਨੂੰ 'ਆਪ' ਵਿਧਾਇਕ ਅਮੋਲਕ ਸਿੰਘ 'ਤੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਇੱਕ ਮੁਲਾਜ਼ਮ ਨੇ ਉਨ੍ਹਾਂ ਨਾਲ ਬਦਸਲੂਕੀ ਕਰਨ ਦੇ ਇਲਜ਼ਾਮ ਲਗਾਏ ਸਨ।
ਉਨ੍ਹਾਂ ਵਿਚਕਾਰ ਹੋਈ ਤਕਰਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਈ ਸੀ।
ਹਾਲਾਂਕਿ, ਜੈਤੋਂ ਤੋਂ ਵਿਧਾਇਕ ਅਮੋਲਕ ਸਿੰਘ ਨੇ ਇਹਨਾਂ ਇਲਜ਼ਾਮਾਂ ਨੂੰ ਨਕਾਰਿਆ ਅਤੇ ਟ੍ਰੈਫਿਕ ਪੁਲਿਸ ਅਧਿਕਾਰੀ ਵੱਲੋਂ ਅਣਉਚਿਤ ਵਿਵਹਾਰ ਕੀਤੇ ਜਾਣ ਦੀ ਗੱਲ ਆਖੀ ਸੀ।
ਇਸ ਘਟਨਾ ਤੋਂ ਬਾਅਦ ਵਿਰੋਧੀ ਧਿਰ ਕਾਂਗਰਸ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਵਤੀਰਾ ਮਾੜਾ ਹੈ ਅਤੇ ਵਿਧਾਇਕਾਂ ਦਾ ਗੈਰ-ਤਜ਼ਬਰੇਕਾਰ ਹੋਣਾ ਪੰਜਾਬ ਲਈ ਨੁਕਸਾਨ ਦਾਇਕ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਕੇ ਕਿਹਾ ਹੈ, “ਭਗਵੰਤ ਮਾਨ ਜੀ, ਤੁਹਾਡੇ ਵਿਧਾਇਕਾਂ ਦਾ ਸਨਕੀ ਵਤੀਰਾ ਵਧ ਰਿਹਾ ਹੈ। ਉਨ੍ਹਾਂ ਦਾ ਗੈਰ-ਤਜ਼ਰਬਾਕਾਰ ਹੋਣਾ ਤੇ ਹਉਮੈ ਨਾਲ ਭਰਿਆ ਹੋਣਾ ਪੰਜਾਬ ਨੂੰ ਮਹਿੰਗੀ ਪੈ ਰਿਹਾ ਹੈ। ਮੁਲਾਜ਼ਮਾਂ ਵੱਲੋਂ ਕੰਮ ਵਿੱਚ ਵਿਘਨ ਨਾਲ ਆਮ ਆਦਮੀ ਪ੍ਰਭਾਵਿਤ ਹੁੰਦਾ ਹੈ। ਪੰਜਾਬ ਹੜ੍ਹਾਂ, ਬਿਜਲੀ ਕੱਟਾਂ ਅਤੇ ਫਸਲਾਂ ਦੇ ਨੁਕਸਾਨ ਕਾਰਨ ਭਾਰੀ ਦਬਾਅ ਹੇਠ ਹੈ। ਕਿਰਪਾ ਕਰਕੇ ਆਪਣੇ ਵਿਧਾਇਕਾਂ ਨੂੰ ਵਿਵਹਾਰ ਸਹੀ ਕਰਨ ਲਈ ਕਹੋ।”
ਦਰਅਸਲ ਲੰਘੀ 18 ਜੁਲਾਈ ਨੂੰ ਦਿਨੇਸ਼ ਚੱਢਾ ਰੋਪੜ 'ਚ ਤਹਿਸੀਲਦਾਰ ਦਫ਼ਤਰ ਵਿੱਚ ਚੈਕਿੰਗ 'ਤੇ ਪਹੁੰਚੇ ਸਨ।
ਉੱਥੇ ਆਏ ਹੋਏ ਤਿੰਨ ਲੋਕਾਂ ਨੇ ਉਨ੍ਹਾਂ ਕੋਲ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਰਜਿਸਟਰੀ ਅਤੇ ਪਾਵਰ ਆਫ਼ ਅਟਾਰਨੀ ਸਬੰਧੀ ਕਾਗਜ਼ੀ ਕੰਮ ਕਰਵਾਉਣ ਲਈ ਜ਼ਰੂਰਤ ਤੋਂ ਜ਼ਿਆਦਾ ਪੈਸੇ ਦੇਣੇ ਪਏ।
ਜਿਸ ਮਗਰੋਂ ਵਿਧਾਇਕ ਚੱਢਾ ਨੇ ਰਿਕਾਰਡ ਚੈੱਕ ਕੀਤੇ ਅਤੇ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਸਬੰਧਿਤ ਕਰਮਚਾਰੀਆਂ ਵਿਰੁੱਧ ਕਾਰਵਾਈ ਕਰਨ ਲਈ ਕਿਹਾ।
ਦਿਨੇਸ਼ ਚੱਢਾ ਨੇ ਵੀਡੀਓ ’ਚ ਕਿਹਾ, “ਜਦੋਂ ਅਸੀਂ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ, ਲੋਕਾਂ ਦੀ ਲੁੱਟ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਫਿਰ ਸਾਡੇ ਖਿਲਾਫ਼ ਸਾਜ਼ਿਸ਼ਾਂ ਘੜੀਆਂ ਜਾਂਦੀਆਂ ਹਨ ਤੇ ਹੜਤਾਲਾਂ ਹੁੰਦੀਆਂ ਹਨ।”
ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਆਪਣੇ ਵਤੀਰੇ ਕਾਰਨ ਚਰਚਾ ਵਿੱਚ ਰਹੇ ਹਨ ਅਤੇ ਉਨ੍ਹਾਂ ਨੂੰ ਅਲੋਚਨਾ ਦੀ ਸਾਹਮਣਾ ਕਰਨਾ ਪਿਆ ਹੈ।
ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਦੀ ‘ਧਮਕੀ’
ਆਮ ਆਦਮੀ ਪਾਰਟੀ ਦੇ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਦਾ ਵੀ ਇਸੇ ਸਾਲ ਜਨਵਰੀ ਮਹੀਨੇ 'ਚ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਇੱਕ ਸਰਪੰਚ ਦੇ ਪੁੱਤਰ ਨੂੰ ਕਥਿਤ ਤੌਰ ’ਤੇ ਧਮਕੀ ਦਿੰਦੇ ਨਜ਼ਰ ਆਏ ਸਨ।
ਦਰਅਸਲ ਲਾਭ ਸਿੰਘ ਉਗੋਕੇ ਭਦੌੜ ਦੇ ਸ਼ਹਿਣਾ ਵਿਖੇ ਇੱਕ ਮੁਹੱਲਾ ਕਲੀਨਿਕ ਦਾ ਉਦਘਾਟਨ ਕਰਨ ਪਹੁੰਚੇ ਸਨ ਅਤੇ ਪਿੰਡ ਵਾਲੇ ਮੁਹੱਲਾ ਕਲੀਨਿਕ ਦਾ ਵਿਰੋਧ ਕਰ ਰਹੇ ਸਨ।
ਇਸ ਦੌਰਾਨ ਸਰਪੰਚ ਦੇ ਮੁੰਡੇ ਨੇ 'ਆਪ' ਵੱਲੋਂ ਕੀਤੇ ਵਾਅਦਿਆਂ ਨੂੰ ਲੈ ਕੇ ਸਵਾਲ ਚੁੱਕੇ ਤਾਂ ਵਿਧਾਇਕ ਲਾਭ ਸਿੰਘ ਉਗੋਕੇ ਨੇ ਉਨ੍ਹਾਂ ਨੂੰ 'ਥੱਪੜ ਮਾਰਨ' ਦੀ ਧਮਕੀ ਦਿੱਤੀ ਦੇ ਦਿੱਤੀ।
ਉਨ੍ਹਾਂ ਕਿਹਾ ਸੀ, ''ਮਾਰ-ਮਾਰ ਲਫੇੜੇ ਤੈਨੂੰ ਸੁੱਟਿਆ ਹੁੰਦਾ (ਜੇਲ੍ਹ 'ਚ)।”
ਭਾਵੇਂਕਿ, ਲਾਭ ਸਿੰਘ ਉਗੋਕੇ ਦਾ ਕਹਿਣਾ ਸੀ ਕਿ ਉਹਨਾਂ ਨੇ ਕੋਈ ਗਲਤ ਸ਼ਬਦਾਵਲੀ ਨਹੀਂ ਵਰਤੀ ਸੀ ਸਗੋਂ ਇਹ ਕਿਹਾ ਕਿ ਸੀ ਜੇ ਕੋਈ ਹੋਰ ਸਰਕਾਰ ਹੁੰਦਾ ਤਾਂ ਤੁਹਾਨੂੰ ਥੱਪੜ ਮਾਰ ਕੇ ਅੰਦਰ ਸੁੱਟਿਆ ਹੁੰਦਾ।
‘ਆਪ’ ਵਿਧਾਇਕਾਂ ਦੇ ਵਿਵਾਦਾਂ ਬਾਰੇ ਖਾਸ ਗੱਲਾਂ:
- ਪੰਜਾਬ ਸਰਕਾਰ ਦੇ ਕਈ ਵਿਧਾਇਕ ਆਪਣੇ ਚੈਕਿੰਗ ਕਰਨ ਦੇ ਤਰੀਕੇ ਨਾਲ ਵਿਵਾਦਾਂ ਵਿੱਚ ਆ ਜਾਂਦੇ ਹਨ
- ਰੋਪੜ ਤੋਂ ਵਿਧਾਇਕ ਦਿਨੇਸ਼ ਚੱਢਾ ’ਤੇ ਕਰਮਚਾਰੀਆਂ ਨਾਲ ਕਥਿਤ ਬਦਸਲੂਕੀ ਦਾ ਇਲਜ਼ਾਮ ਲੱਗਾ
- ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਵੀ ਹੜਤਾਲ 'ਤੇ ਚਲੀ ਗਈ ਹੈ
- ਵਿਰੋਧ ਤੋਂ ਬਾਅਦ ਚੱਢਾ ਨੇ ਮੁਆਫੀ ਮੰਗੀ ਅਤੇ ਫਿਰ ਹੜਤਾਲ ਵਾਪਸ ਲਈ ਗਈ
- ਵਿਧਾਇਕ ਲਾਭ ਸਿੰਘ ਉਗੋਕੇ, ਰਜਿੰਦਰਪਾਲ ਕੌਰ ਛੀਨਾ ਤੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੀ ਅਲੋਚਨਾ ਦਾ ਸ਼ਿਕਾਰ ਹੋਏ ਸਨ
ਚੇਤਨ ਸਿੰਘ ਜੌੜਾਮਾਜਰਾ: ਗੰਦੇ ਗੱਦੇ 'ਤੇ ਵੀਸੀ ਨੂੰ ਲਿਟਾਏ ਜਾਣ ਦਾ ਵਿਵਾਦ
ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਨੇ ਆਪਣੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਦਰਅਸਲ, ਤਤਕਾਲੀ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਪਹੁੰਚੇ ਸਨ।
ਇਲਾਕੇ ਦੇ ਲੋਕਾਂ ਨੇ ਸਿਹਤ ਮੰਤਰੀ ਕੋਲ ਹਸਪਤਾਲ ਦੇ ਮਾੜੇ ਪ੍ਰਬੰਧ ਬਾਰੇ ਸ਼ਿਕਾਇਤਾਂ ਕੀਤੀਆਂ ਸਨ।
ਇਸ ਤੋਂ ਮਗਰੋਂ ਸਿਹਤ ਮੰਤਰੀ ਹਸਪਤਾਲ ਦੀ ਚੈਕਿੰਗ ਲਈ ਪਹੁੰਚੇ ਅਤੇ ਇਸ ਦੌਰਾਨ ਉਨ੍ਹਾਂ ਪਾਇਆ ਕਿ ਚਮੜੀ ਵਿਭਾਗ 'ਚ ਮਰੀਜ਼ਾਂ ਦੇ ਸੌਣ ਲਈ ਰੱਖੇ ਬੈੱਡਾਂ ਦੇ ਗੱਦੇ ਗਲੇ (ਖ਼ਰਾਬ) ਹੋਏ ਸਨ।
ਲੋਕਾਂ ਨੇ ਜਦੋਂ ਮੰਤਰੀ ਨੂੰ ਇਹ ਹਾਲਾਤ ਦਿਖਾਏ ਤਾਂ ਉਨ੍ਹਾਂ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਵੀਸੀ ਡਾ. ਰਾਜ ਬਹਾਦੁਰ ਨੂੰ ਬੁਲਾਇਆ।
ਫਿਰ ਜਦੋਂ ਵੀਸੀ ਆਏ ਤਾਂ ਸਿਹਤ ਮੰਤਰੀ ਨੇ ਨਾਰਾਜ਼ ਹੁੰਦਿਆਂ ਉਨ੍ਹਾਂ ਨੂੰ ਆਪ ਉਸ ਗਲੇ ਹੋਏ ਗੱਦੇ ਉੱਤੇ ਲੇਟਣ ਲਈ ਕਿਹਾ ਅਤੇ ਵੀਸੀ ਨੂੰ ਅਜਿਹਾ ਕਰਨਾ ਪਿਆ।
ਵੀਸੀ ਨੇ ਇਸ ਘਟਨਾ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇਸ ਘਟਨਾ ਨੂੰ ਸਭ ਤੋਂ ਵੱਧ ਅਸਹਿਜ ਕਰਨ ਵਾਲੀ ਘਟਨਾ ਕਰਾਰ ਦਿੱਤਾ।
ਦੂਜੇ ਪਾਸੇ ਵਿਰੋਧੀ ਧਿਰਾਂ ਨੇ ਵੀ ਜੌੜਾਮਾਜਰਾ ਦੀ ਕਾਫ਼ੀ ਅਲੋਚਨਾ ਕੀਤੀ ਸੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਸੀ, "ਕੰਮ ਦੌਰਾਨ ਤਲਖੀਆਂ ਹੋ ਜਾਂਦੀਆਂ ਹਨ। ਮੈਂ ਇਹ ਮੰਨਦਾ ਹਾਂ ਕਿ ਇਸ ਮਾਮਲੇ ਨੂੰ ਵਧੀਆ ਤਰੀਕੇ ਨਾਲ ਹੈਂਡਲ ਕੀਤਾ ਜਾ ਸਕਦਾ ਸੀ।"
ਲੁਧਿਆਣਾ ’ਚ ਵਿਧਾਇਕ ਦੀ ਮਹਿਲਾ ਆਈਪੀਐੱਸ ਨਾਲ ਬਹਿਸ
ਲੁਧਿਆਣਾ ਦੇ ਦੱਖਣੀ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ ਪਿਛਲੇ ਸਾਲ ਇੱਕ ਮਹਿਲਾ ਆਈਪੀਐਸ ਅਧਿਕਾਰੀ, ਏਸੀਪੀ, ਇੰਡਸਟਰੀਅਲ ਏਰੀਆ ਬੀ, ਜੋਤੀ ਯਾਦਵ ਨਾਲ ਜਨਤਕ ਤੌਰ 'ਤੇ ਬਹਿਸ ਕੀਤੀ ਸੀ।
ਇਸ ਘਟਨਾ ਵੀ ਵੀਡੀਓ ਕਾਫ਼ੀ ਵਾਇਰਲ ਹੋਈ ਸੀ।
ਵਿਧਾਇਕ ਦਾ ਪੁਲਿਸ ਨੂੰ ਕਹਿਣਾ ਸੀ ਕਿ ਉਹਨਾਂ ਦੇ ਹਲਕੇ 'ਚ ਤਲਾਸ਼ੀ ਮੁਹਿੰਮ ਚਲਾਉਣ ਤੋਂ ਪਹਿਲਾਂ ਉਹਨਾਂ ਨੂੰ ਸੂਚਿਤ ਕਿਉਂ ਨਹੀਂ ਕੀਤਾ ਗਿਆ।
ਉਸ ਸਮੇਂ ਏਸੀਪੀ ਜੋਤੀ ਯਾਦਵ ਪੁਲਿਸ ਮੁਲਾਜ਼ਮਾਂ ਦੇ ਨਾਲ ਸ਼ਿਮਲਾਪੁਰੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਤਲਾਸ਼ੀ ਲੈਣ ਗਏ ਹੋਏ ਸਨ।
ਜਦੋਂ ਵਿਧਾਇਕ ਨੂੰ ਤਲਾਸ਼ੀ ਮੁਹਿੰਮ ਦਾ ਪਤਾ ਲੱਗਾ ਤਾਂ ਉਹ ਤੁਰੰਤ ਮੌਕੇ 'ਤੇ ਪਹੁੰਚੇ ਸਨ।
ਹਾਲਾਂਕਿ, ਬਾਅਦ ਵਿੱਚ ਵਿਧਾਇਕਾ ਨੇ ਇਸ ਦਾ ਕਾਰਨ ਕੁਝ ਗਲਤ ਫਹਿਮੀ ਦੱਸਿਆ ਸੀ।
'ਭਾਵਨਾ ਗਲਤ ਨਹੀਂ, ਕਈ ਵਾਰ ਪ੍ਰਤੀਕਰਮ ਗਲਤ ਹੋ ਜਾਂਦਾ'
ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਦੇ ਬੀਬੀਸੀ ਪੱਤਰਕਾਰ ਅਰਸ਼ਦੀਪ ਕੌਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਈ ਵਾਰ ਵਿਧਾਇਕ ਭਾਵੁਕ ਹੋ ਜਾਂਦੇ ਹਨ ਜਦਕਿ ਅਜਿਹੀ ਸਥਿਤੀ ਨੂੰ ਟਾਲਿਆ ਜਾ ਸਕਦਾ ਹੈ।
ਮਾਲਵਿੰਦਰ ਸਿੰਘ ਕੰਗ ਕਹਿੰਦੇ ਹਨ, “ਲੋਕਾਂ ਦੇ ਚੁਣੇ ਨੁਮਾਇਦਿਆਂ ਨੇ ਅਫ਼ਸਰਾਂ ਕੋਲ ਮੁੱਦੇ ਲੈ ਕੇ ਜਾਣਾ ਹੀ ਹੁੰਦਾ ਹੈ। ਪਰ ਆਪਸੀ ਤਾਲਮੇਲ ਨਾਲ ਹੀ ਸੂਬਾ ਅੱਗੇ ਵੱਧਦਾ ਹੈ। ਇਸੇ ਦਿਸ਼ਾ ਵਿੱਚ ਹੀ ਤਾਜ਼ਾ ਮਾਮਲੇ ਨੂੰ ਹੱਲ ਕਰ ਲਿਆ ਗਿਆ ਹੈ। ਅਫਰਸ਼ਾਹੀ ਤੇ ਆਗੂਆਂ ਦੀ ਜਵਾਬਦੇਹੀ ਸਟੇਟ ਪ੍ਰਤੀ ਹੁੰਦੀ ਹੈ।”
ਕੰਗ ਕਹਿੰਦੇ ਹਨ, “ਭਾਵੇਂ ਕਿ ਅਮੋਲਕ ਸਿੰਘ ਦਾ ਮਾਮਲਾ ਹੋਵੇ ਜਾਂ ਲਾਭ ਸਿੰਘ ਉੱਗੋਕੇ ਦਾ, ਦੋਵਾਂ ਵਿੱਚ ਹੀ ਗਲਤ ਭਾਵਨਾ ਨਹੀਂ ਸੀ। ਕਈ ਵਾਰ ਹਾਲਾਤ ਅਜਿਹੇ ਬਣ ਜਾਂਦੇ ਹਨ ਜਦੋਂ ਬੰਦਾ ਆਪਾ ਖੋ ਲੈਂਦਾ ਹੈ। ਡਾਕਟਰ ਰਾਜ ਬਹਾਦਰ ਵਾਲੀ ਘਟਨਾ ਵੀ ਅਚਨਚੇਤ ਹੋ ਗਈ। ਹਾਲਾਂਕਿ, ਉਸ ਦਿਨ ਮੰਤਰੀ ਸਾਹਿਬ ਵੀ ਤੈਹਿਸ਼ ਵਿੱਚ ਆ ਗਏ ਸਨ।”
ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਕਿਹਾ, ''ਸਾਡੇ ਜ਼ਿਆਦਾਤਰ ਵਿਧਾਇਕ ਨਵੇਂ ਹਨ। ਬਾਕੀ ਲੋਕ ਤਾਂ ਪੀੜੀ ਦਰ ਪੀੜੀ ਰਾਜ ਕਰ ਰਹੇ ਸਨ। ਸਾਡੇ ਆਗੂਆਂ ਦੀ ਭਾਵਨਾ ਗਲਤ ਨਹੀਂ ਹੁੰਦੀ ਪਰ ਕਈ ਵਾਰ ਪ੍ਰਤੀਕਰਮ ਗਲਤ ਹੋ ਜਾਂਦਾ ਹੈ। ਜਿਸ ਨੂੰ ਟਾਲਣਾ ਚਾਹੀਦਾ ਹੈ। ਬਾਕੀ ਸਪੀਰਕ ਸਾਹਿਬ ਸਮੇਂ-ਸਮੇਂ ਉਹਨਾਂ ਨੂੰ ਟਰੇਨਿੰਗ ਦਿੰਦੇ ਰਹਿੰਦੇ ਹਨ।''