ਬੇਭਰੋਸਗੀ ਮਤਾ ਕੀ ਹੁੰਦਾ: ਸੰਸਦ ਵਿੱਚ ਮੋਦੀ ਕੋਲ ਪ੍ਰਚੰਡ ਬਹੁਮਤ, ਫੇਰ ਕਿਉਂ ਪੇਸ਼ ਕੀਤਾ ਗਿਆ ਮਤਾ

ਪ੍ਰਕਾਸ਼ਿਤ

ਕਾਂਗਰਸ ਦੇ ਸੰਸਦ ਮੈਂਬਰ ਗੌਰਵ ਗੋਗੋਈ ਨੇ ਬੁੱਧਵਾਰ ਨੂੰ ਮੋਦੀ ਸਰਕਾਰ ਖ਼ਿਲਾਫ਼ ਵਿਰੋਧੀ ਪਾਰਟੀਆਂ ਦੇ ਗੱਠਜੋੜ 'ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇੰਕਲੂਸਿਵ ਅਲਾਇੰਸ - ਇੰਡੀਆ' ਵੱਲੋਂ ਬੇਭਰੋਸਗੀ ਮਤਾ ਪੇਸ਼ ਕੀਤਾ ਹੈ।

ਬੇਭਰੋਸਗੀ ਮਤੇ ਨੂੰ ਲੈ ਕੇ ਫੈਸਲਾ ਮੰਗਲਵਾਰ ਨੂੰ ਲਿਆ ਗਿਆ ਸੀ।

ਬੁੱਧਵਾਰ ਨੂੰ ਇਹ ਬੇਭਰੋਸਗੀ ਮਤਾ ਸਪੀਕਰ ਕੋਲ ਸਵੇਰੇ 9 ਵੱਜ ਕੇ 20 ਮਿੰਟ 'ਤੇ ਭੇਜ ਦਿੱਤਾ ਗਿਆ।

ਜੇਕਰ ਬੇਭਰੋਸਗੀ ਮਤਾ ਸਪੀਕਰ ਕੋਲ 10 ਵਜੇ ਤੋਂ ਪਹਿਲਾਂ ਚਲਾ ਜਾਂਦਾ ਹੈ, ਤਾਂ ਮੰਨਿਆ ਜਾਂਦਾ ਹੈ ਕਿ ਸੰਸਦ 'ਚ ਉਸੇ ਦਿਨ ਇਸ 'ਤੇ ਚਰਚਾ ਹੋ ਜਾਵੇਗੀ।

ਹਾਲਾਂਕਿ ਲੋਕ ਸਭਾ ਦੇ ਸਪੀਕਰ ਸਪੀਕਰ ਓਮ ਪ੍ਰਕਾਸ਼ ਬਿਰਲਾ ਨੇ ਇਸ ਮਤੇ ਨੂੰ ਸਵੀਕਾਰ ਕਰ ਲਿਆ ਹੈ ਅਤੇ ਕਿਹਾ ਹੈ ਕਿ ਚਰਚਾ ਤੋਂ ਬਾਅਦ ਇਸ ਦੀ ਤਾਰੀਖ਼ ਤੈਅ ਕੀਤੀ ਜਾਵੇਗੀ।

ਸੰਸਦ 'ਚ ਬੇਭਰੋਸਗੀ ਮਤੇ ਬਾਰੇ ਖ਼ਾਸ ਗੱਲਾਂ:

  • ਜੇਕਰ ਬੇਭਰੋਸਗੀ ਮਤੇ ਦੇ ਸਮਰਥਨ 'ਚ 50 ਸੰਸਦ ਮੈਂਬਰਾਂ ਦਾ ਸਮਰਥਨ ਹੈ ਤਾਂ ਸਪੀਕਰ ਸਮਾਂ ਅਤੇ ਤਾਰੀਖ਼ ਤੈਅ ਕਰ ਸਕਦੇ ਹਨ।
  • ਕੋਈ ਵੀ ਲੋਕ ਸਭਾ ਸੰਸਦ ਮੈਂਬਰ ਬੇਭਰੋਸਗੀ ਮਤਾ ਪੇਸ਼ ਕਰ ਸਕਦਾ ਹੈ ਪਰ ਉਸ ਕੋਲ 50 ਸੰਸਦ ਮੈਂਬਰਾਂ ਦੇ ਸਮਰਥਨ ਦੇ ਹਸਤਾਖ਼ਰ ਹੋਣੇ ਚਾਹੀਦੇ ਹਨ।
  • ਲੋਕ ਸਭਾ ਦੀ ਨਿਯਮਾਵਲੀ 198 ਮੁਤਾਬਕ, ਸੰਸਦ ਮੈਂਬਰਾਂ ਨੂੰ ਲਿਖਤੀ ਰੂਪ 'ਚ ਨੋਟਿਸ ਦਿਨ 'ਚ 10 ਵਜੇ ਤੋਂ ਪਹਿਲਾਂ ਦੇਣਾ ਹੁੰਦਾ ਹੈ ਅਤੇ ਸਪੀਕਰ ਇਸ ਨੋਟਿਸ ਨੂੰ ਹਾਊਸ 'ਚ ਪੜ੍ਹਦੇ ਹਨ।
  • ਨੋਟਿਸ ਸਵੀਕਾਰ ਕਰਨ ਤੋਂ 10 ਦਿਨਾਂ ਦੇ ਅੰਦਰ ਤਾਰੀਖ਼ ਤੈਅ ਕੀਤੀ ਜਾਂਦੀ ਹੈ। ਜੇਕਰ ਸਰਕਾਰ ਸਦਨ 'ਚ ਸੰਖਿਆ ਬਲ ਨਹੀਂ ਜੁਟਾ ਪਾਉਂਦੀ ਤਾਂ ਉਸ ਨੂੰ ਅਸਤੀਫ਼ਾ ਦੇਣਾ ਪੈਂਦਾ ਹੈ।
  • ਇਹ ਪਹਿਲੀ ਵਾਰ ਨਹੀਂ ਹੈ ਜਦੋਂ ਵਿਰੋਧੀ ਧਿਰ ਮੋਦੀ ਸਰਕਾਰ ਦੇ ਖ਼ਿਲਾਫ਼ ਬੇਭਰੋਸਗੀ ਮਤਾ ਲੈ ਕੇ ਆਇਆ ਹੋਵੇ, ਪਰ ਪ੍ਰਧਾਨ ਮੰਤਰੀ ਮੋਦੀ ਦੇ ਦੂਜੇ ਕਾਰਜਕਾਲ 'ਚ ਇਹ ਪਹਿਲੀ ਵਾਰ ਜ਼ਰੂਰ ਹੋ ਰਿਹਾ ਹੈ।
  • ਇਸ ਤੋਂ ਪਹਿਲਾਂ 20 ਜੁਲਾਈ 2018 ਨੂੰ ਮੋਦੀ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਲੈ ਕੇ ਆਇਆ ਗਿਆ ਸੀ।
  • ਐਨਡੀਏ ਕੋਲ ਅਜੇ ਕੁੱਲ 325 ਸੰਸਦ ਮੈਂਬਰ ਹਨ ਅਤੇ ਬੇਭਰੋਸਗੀ ਮਤੇ ਦੇ ਸਮਰਥਨ 'ਚ ਵੋਟ ਪਾਉਣ ਵਾਲੇ ਮੈਂਬਰ ਮਹਿਜ਼ 126 ਹਨ
  • ਸੱਤਾਧਾਰੀ ਪਾਰਟੀ ਕੋਲ ਸੰਸਦ ਦੇ ਦੋਵਾਂ ਸਦਨਾਂ 'ਚ ਬਹੁਮਤ ਮੌਜੂਦ ਹੈ ਪਰ ਬੇਭਰੋਸਗੀ ਮਤੇ ਨੂੰ ਵਿਰੋਧੀ ਪਾਰਟੀਆਂ ਦੇ ਇਕੱਠੇ ਆਉਣ ਵਜੋਂ ਦੇਖਿਆ ਜਾ ਰਿਹਾ ਹੈ। ਉਹ ਮੰਗ ਕਰ ਰਹੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਸੰਸਦ 'ਚ ਆ ਕੇ ਮਣੀਪੁਰ 'ਤੇ ਬਿਆਨ ਦੇਣ।
  • ਇਸ ਬੇਭਰੋਸਗੀ ਮਤੇ ਨੂੰ ਐਨਡੀਏ ਬਨਾਮ ਇੰਡੀਆ ਦੀ ਪਹਿਲੀ ਲੜਾਈ ਦੇ ਤੌਰ 'ਤੇ ਦੇਖਿਆ ਜਾ ਸਕਦਾ ਹੈ।
  • ਮੰਗਲਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਇੰਡੀਆ ਗੱਠਜੋੜ ਦੀ ਤੁਲਨਾ ਈਸਟ ਇੰਡੀਆ ਕੰਪਨੀ ਨਾਲ ਕੀਤੀ ਸੀ।

ਸੰਯੁਕਤ ਗੱਠਜੋੜ 'ਇੰਡੀਆ' ਦੀ ਮਜ਼ਬੂਤੀ ਦਾ ਟੈਸਟ

ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਵਿਰੋਧੀਆਂ ਵੱਲੋਂ ਕਾਂਗਰਸ ਦੁਆਰਾ ਪੇਸ਼ ਕੀਤਾ ਗਿਆ ਬੇਭਰੋਸਗੀ ਮਤਾ ਅਸਲ ਵਿੱਚ ਹਾਲ ਹੀ ਵਿੱਚ ਵਿਰੋਧੀ ਪਾਰਟੀਆਂ ਦੇ ਸੰਯੁਕਤ ਗੱਠਜੋੜ 'ਇੰਡੀਆ' ਦੀ ਮਜ਼ਬੂਤੀ ਦਾ ਵੀ ਇੱਕ ਟੈਸਟ ਹੈ।

ਸਾਲ 2018 ਵਿੱਚ ਵੀ ਮੋਦੀ ਸਰਕਾਰ ਖ਼ਿਲਾਫ਼ ਵਿਰੋਧੀ ਧਿਰ ਬੇਭਰੋਸਗੀ ਮਤਾ ਲੈ ਕੇ ਆਇਆ ਸੀ।

ਜੁਲਾਈ 2018 'ਚ ਸਦਨ 'ਚ 11 ਘੰਟਿਆਂ ਦੀ ਲੰਮੀ ਬਹਿਸ ਚੱਲੀ ਅਤੇ ਆਖ਼ਿਰਕਾਰ ਮੋਦੀ ਸਰਕਾਰ ਨੇ ਸਦਨ 'ਚ ਆਪਣਾ ਬਹੁਮਤ ਸਾਬਿਤ ਕਰ ਦਿੱਤਾ।

ਵੋਟਿੰਗ ਤੋਂ ਬਾਅਦ ਸਦਨ 'ਚ ਵਿਰੋਧੀ ਧਿਰ ਦੁਆਰਾ ਪੇਸ਼ ਕੀਤਾ ਗਿਆ ਬੇਭਰੋਸਗੀ ਮਤਾ 325 ਵੋਟਾਂ ਦੇ ਮੁਕਾਬਲੇ 126 ਵੋਟਾਂ ਨਾਲ ਅਸਫਲ ਰਿਹਾ।

ਮਣੀਪੁਰ ਹਿੰਸਾ ਸਬੰਧੀ ਮੁੱਖ ਗੱਲਾਂ

  • ਪਿਛਲੇ ਦੋ ਮਹੀਨਿਆਂ ਤੋਂ ਮਣੀਪੁਰ 'ਚ ਜਾਰੀ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ
  • ਮਾਮਲਾ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਕਬੀਲੇ ਦਾ ਦਰਜਾ ਦੇਣ ਦੀ ਮੰਗ ਦਾ ਹੈ
  • ਬਾਕੀ ਕਬੀਲੇ ਮੈਤੇਈ ਨੂੰ ਕਬੀਲੇ ਦਾ ਦਰਜਾ ਦੇਣ ਦੀ ਮੰਗ ਦਾ ਵਿਰੋਧ ਕਰ ਰਹੇ ਹਨ
  • ਇਸ ਮਾਮਲੇ ਨੂੰ ਲੈ ਕੇ ਮੈਤਈ ਤੇ ਕੁਕੀ ਭਚਾਰੀਆਂ ਦਰਮਿਆਨ ਇਹ ਹਿੰਸਾ 3 ਮਈ ਨੂੰ ਸ਼ੁਰੂ ਹੋਈ ਸੀ
  • ਉਦੋਂ ਤੋਂ ਹੁਣ ਤੱਕ ਮਣੀਪੁਰ ਵਿੱਚ ਸਵਾ ਸੌ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ
  • ਇਸ ਦੌਰਾਨ ਅੱਗਜ਼ਨੀ ਦੀਆਂ ਵੀ ਕਈ ਘਟਨਾਵਾਂ ਵਾਪਰੀਆਂ ਤੇ ਲਗਭਗ 60,000 ਬੇਘਰ ਹੋ ਚੁੱਕੇ ਹਨ
  • ਸੂਬਾ ਸਰਕਾਰ ਮੁਤਾਬਕ, ਇਸ ਹਿੰਸਾ 'ਚ ਅੱਗਜ਼ਨੀ ਦੀਆਂ 5000 ਘਟਨਾਵਾਂ ਹੋ ਚੁੱਕੀਆਂ ਹਨ
  • ਮਣੀਪੁਰ ਸਰਕਾਰ ਨੇ ਕਿਹਾ ਕਿ ਹਿੰਸਾ ਨਾਲ ਸਬੰਧਤ ਕੁੱਲ 5,995 ਮਾਮਲੇ ਦਰਜ ਕੀਤੇ ਗਏ ਹਨ
  • ਇਨ੍ਹਾਂ ਮਾਮਲਿਆਂ ਵਿੱਚ 6,745 ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ
  • ਹਾਲ ਹੀ ਵਿੱਚ ਮਣੀਪੁਰ ਤੋਂ ਮਹਿਲਾਵਾਂ ਨੂੰ ਨਗਨ ਹਾਲਤ 'ਚ ਦੌੜਾਉਣ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ
  • ਇਸ ਵੀਡੀਓ ਨੇ ਦੇਸ਼ ਭਰ ਦੇ ਲੋਕਾਂ 'ਚ ਗੁੱਸਾ ਭਰ ਦਿੱਤਾ ਹੈ ਵਿਰੋਧੀ ਧਿਰ ਵੀ ਸਰਕਾਰ ਨੇ ਨਿਸ਼ਾਨਾ ਸਾਧ ਰਹੀ ਹੈ
  • ਪ੍ਰਧਾਨ ਮੰਤਰੀ ਮੋਦੀ ਨੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਇਸ ਪੂਰੀ ਘਟਨਾ ਨੂੰ ਦੁਖਦਾਈ ਕਰਾਰ ਦਿੱਤਾ ਸੀ
  • ਸੂਬੇ ਦੇ ਮੁੱਖ ਮੰਤਰੀ ਬਿਰੇਨ ਸਿੰਘ ਨੇ ਵੀ ਇਸ ਦੀ ਨਿੰਦਾ ਕੀਤੀ ਅਤੇ ਗ੍ਰਿਫ਼ਤਾਰੀਆਂ ਦੀ ਜਾਣਕਾਰੀ ਦਿੱਤੀ
  • ਹਾਲਾਂਕਿ, ਵਿਰੋਧੀ ਧਿਰ ਦੀ ਮੰਗ ਹੈ ਕਿ ਪ੍ਰਧਾਨ ਮੰਤਰੀ ਸੰਸਦ 'ਚ ਇਸ ਪੂਰੀ 'ਤੇ ਬਿਆਨ ਦੇਣ

ਨੰਬਰ ਨਹੀਂ ਤਾਂ ਮਤਾ ਕਿਉਂ

ਆਮ ਤੌਰ ਇਹ ਸਵਾਲ ਕੀਤਾ ਜਾ ਰਿਹਾ ਹੈ ਕਿ ਵਿਰੋਧੀ ਧਿਰ ਕੋਲ ਸਦਨ ਵਿੱਚ ਬਹੁਤਮ ਦਾ ਅੰਕੜਾ ਨਹੀਂ ਹ, ਪਰ ਫੇਰ ਵੀ ਉਹ ਬੇਭਰੋਸਗੀ ਮਤਾ ਕਿਉਂ ਪੇਸ਼ ਕਰ ਰਹੀ ਹੈ।

ਜਾਣਕਾਰ ਦੱਸਦੇ ਹਨ ਕਿ ਦਰਅਸਲ ਵਿਰੋਧੀ ਧਿਰ ਸਿਰਫ ਤੇ ਸਿਰਫ ਪ੍ਰਧਾਨ ਤੋਂ ਮਣੀਪੁਰ ਮਾਮਲੇ ਉੱਤੇ ਜਵਾਬ ਚਾਹੁੰਦੀ ਹੈ, ਪਰ ਉਹ ਸਦਨ ਵਿੱਚ ਇਸ ਬਾਰੇ ਜਵਾਬ ਨਹੀਂ ਦੇ ਰਹੇ, ਜਦੋਂ ਵੀ ਬੇ ਭਰੋਸਗੀ ਮਤੇ ਉੱਤੇ ਬਹਿਸ ਹੋਵੇਗੀ ਤਾਂ ਪ੍ਰਧਾਨ ਮੰਤਰੀ ਨੂੰ ਅੰਤ ਵਿੱਚ ਬਹਿਸ ਦਾ ਜਵਾਬ ਦੇਣਾ ਹੀ ਪਵੇਗਾ।

ਸ਼ਿਵ ਸ਼ੈਨਾ ਦੀ ਸੰਸਦ ਮੈਂਬਰ ਪਿਅੰਕਾ ਚਤੁਰਬੇਦੀ ਦੇ ਕਹਿਣਾ ਹੈ ਇਕ ਲੋਕਤੰਤਰੀ ਪ੍ਰਣਾਲੀ ਵਿੱਚ ਪ੍ਰਧਾਨ ਮਤੰਰੀ ਨੂੰ ਯਾਦ ਕਰਵਾਉਣਾ ਹੈ ਕਿ ਉਹ ਜਵਾਬਦੇਹ ਹਨ ਅਤੇ ਸੰਸਦ ਵਿੱਚ ਆਕੇ ਬਿਆਨ ਦੇਣ।

ਇਸ ਬਾਰੇ ਜਦੋਂ ਸੰਸਦ ਵਿੱਚ ਨਰਿੰਦਰ ਮੋਦੀ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ ਕਰਨ ਵਾਲੇ ਕਾਂਗਰਸ ਦੇ ਲੋਕ ਸਭਾ ਮੈਂਬਰ ਗੌਰਵ ਗਗੋਈ ਨੂੰ ਖ਼ਬਰ ਏਜੰਸੀ ਏਐੱਨਆਈ ਨੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ‘ਇੰਡੀਆ’ ਗਠਜੋੜ ਨੂੰ ਲੋਕ ਸਭਾ ਸਦਨ ਵਿੱਚ ਆਪਣੇ ਨੰਬਰ ਬਾਰੇ ਪਤਾ ਹੈ। ਪਰ ਇਹ ਸਿਰਫ਼ ਨੰਬਰਾਂ ਬਾਰੇ ਨਹੀਂ ਹੈ।

''ਇਹ ਮਣੀਪੁਰ ਲਈ ਨਿਆਂ ਦੀ ਲੜਾਈ ਹੈ, ਇਹ ਸਾਡੇ ਮਣੀਪੁਰ ਦੇ ਭੈਣਾਂ ਅਤੇ ਭਰਾਵਾਂ ਤੱਕ ਸੁਨੇਹਾ ਜਾਣਾ ਚਾਹੀਦਾ ਹੈ ਕਿ ਭਾਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਭੁਲਾਈ ਬੈਠੇ ਹਨ,ਪਰ ਇੰਡੀਆ ਗਠਜੋੜ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਨਾਲ ਖੜਾ ਹੈ। ਅਸੀ ਸੰਸਦ ਵਿੱਚ ਉਨ੍ਹਾਂ ਦੇ ਹੱਕਾਂ ਦੀ ਲੜਾਈ ਲੜ ਰਹੇ ਹਾਂ।''

''ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੱਸਣਾ ਚਾਹੁੰਦੇ ਹਨ ਕਿ ਉਹ ਸਦਨ ਵਿੱਚ ਆਉਣ ਅਤੇ ਦੇਸ ਨੂੰ ਮੁਖਾਤਿਬ ਹੋਣ, ਕਿਉਂ ਕਿ ਇਹ ਹੁਣ ਕੇਵਲ ਮਣੀਪੁਰ ਦਾ ਮਸਲਾ ਨਹੀਂ ਰਿਹਾ, ਬਲਕਿ ਹੋਰ ਦੂਜੇ ਸੂਬਿਆਂ ਵਿੱਚ ਵੀ ਫੈਲ ਗਿਆ ਹੈ। ਦੇਸ ਦੀ ਕੌਮੀ ਸੁਰੱਖਿਆ ਅਤੇ ਅਖੰਡਤਾ ਲਈ ਪ੍ਰਧਾਨ ਮੰਤਰੀ ਸੰਸਦ ਵਿੱਚੋਂ ਦੇਸ ਨੂੰ ਮੁਖਾਤਿਬ ਹੋਣ।''

ਪ੍ਰਧਾਨ ਮੰਤਰੀ ਮੋਦੀ ਨੇ ਵਾਇਰਲ ਵੀਡੀਓ ਦੀ ਘਟਨਾ 'ਤੇ ਕੀ ਕਿਹਾ ਸੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ''ਕਿਸੇ ਵੀ ਸੱਭਿਅਕ ਸਮਾਜ ਲਈ ਇਹ ਬਹੁਤ ਸ਼ਰਮਿੰਦਾ ਕਰਨ ਵਾਲੀ ਘਟਨਾ ਹੈ।''

ਉਨ੍ਹਾਂ ਘਟਨਾ 'ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ''ਮੇਰਾ ਦਿਲ ਪੀੜਾ ਤੇ ਗੁੱਸੇ ਨਾਲ ਭਰਿਆ ਹੋਇਆ ਹੈ।''

ਉਨ੍ਹਾਂ ਕਿਹਾ ਸੀ ਕਿ ''ਪਾਪ ਕਰਨ ਵਾਲੇ, ਗੁਨਾਹ ਕਰਨ ਵਾਲੇ ਆਪਣੀ ਥਾਂ 'ਤੇ ਹਨ ਪਰ ਬੇਇੱਜ਼ਤੀ ਪੂਰੇ ਦੇਸ਼ ਦੀ ਹੋ ਰਹੀ ਹੈ।''

ਉਨ੍ਹਾਂ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਅਪੀਲ ਕੀਤੀ ਸੀ ਕਿ ਮਹਿਲਾਵਾਂ ਦੀ ਸੁਰੱਖਿਆ ਲਈ ਸਖ਼ਤ ਤੋਂ ਸਖ਼ਤ ਕਦਮ ਚੁੱਕਣ।

ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ''ਮੈਂ ਦੇਸ਼ ਦੀ ਜਨਤਾ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਕਿਸੇ ਵੀ ਦੋਸ਼ੀ ਨੂੰ ਮੁਆਫ਼ ਨਹੀਂ ਕੀਤਾ ਜਾਵੇਗਾ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)