ਰਾਕਾ ਦੇ ਮੁਕਾਬਲੇ ਤੋਂ ਬਾਅਦ ਬੋਲੀ ਪੁਲਿਸ: ਗੋਲ਼ੀ ਪੈਰਾਂ 'ਚ ਵੱਜੀ ਪਰ ਹੋ ਗਈ ਮੌਤ, ਪੋਸਟਮਾਰਟਮ 'ਚ ਪਤਾ ਲੱਗੇਗਾ ਕਾਰਨ

ਤਸਵੀਰ ਸਰੋਤ, Sourced by Sat Singh/FB
- ਲੇਖਕ, ਸਤ ਸਿੰਘ
- ਰੋਲ, ਬੀਬੀਸੀ ਲਈ
- ਪ੍ਰਕਾਸ਼ਿਤ
ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਸਮਾਲਖਾ ਨੇੜੇ ਸ਼ੂਟਰ ਪ੍ਰਿਅਵ੍ਰਤ ਫੌਜੀ ਦੇ ਭਰਾ ਰਾਕੇਸ਼ ਉਰਫ਼ ਰਾਕਾ ਬਾਰੇ ਪੁਲਿਸ ਨੇ ਪੁਲਿਸ ਮੁਕਾਬਲੇ ਵਿੱਚ ਦੌਰਾਨ ਮਾਰੇ ਜਾਣ ਦਾ ਦਾਅਵਾ ਕੀਤਾ ਹੈ।
ਪੁਲਿਸ ਮੁਤਾਬਕ ਇਹ ਵਾਰਦਾਤ ਪਿੰਡ ਢੋਡ ਵਿੱਚ ਸ਼ੁੱਕਰਵਾਰ ਰਾਤੀਂ ਵਾਪਰੀ, ਜਿਸ ਵਿੱਚ ਇੱਕ ਵਿਅਕਤੀ ਜ਼ਖ਼ਮੀ ਵੀ ਹੋਇਆ ਹੈ।
ਸਾਬਕਾ ਭਲਵਾਨ ਪ੍ਰਿਅਵ੍ਰਤ ਫੌਜੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁਲਜ਼ਮਾਂ ਵਿੱਚੋਂ ਇੱਕ ਹੈ।
ਪਾਣੀਪਤ ਜ਼ਿਲ੍ਹੇ ਦੇ ਐੱਸਪੀ ਅਜੀਤ ਸਿੰਘ ਸ਼ੇਖ਼ਾਵਤ ਮੁਤਾਬਕ ਪੁਲਿਸ ਨਾਲ ਹੋਏ ਮੁਕਾਬਲੇ ਤੋਂ ਬਾਅਦ 32 ਸਾਲਾ ਰਾਕਾ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
ਰਾਕੇਸ ਰਾਕਾ ਲਾਰੈਂਸ ਗੈਂਗ ਦੇ ਸ਼ੂਟਰ ਪ੍ਰਿਅਵ੍ਰਤ ਫੌਜੀ ਦਾ ਛੋਟਾ ਭਰਾ ਸੀ। ਇਸੇ ਗੈਂਗ ਨੇ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਦੀ ਜ਼ਿੰਮੇਵਾਰੀ ਚੁੱਕੀ ਸੀ।

ਇਸ ਖ਼ਬਰ ਦੀਆਂ ਮੁੱਖ ਗੱਲਾਂ
- ਪ੍ਰਿਅਵ੍ਰਤ ਫੌਜੀ ਦਾ ਭਰਾ ਪੁਲਿਸ ਐਨਕਾਊਂਟਰ ਵਿੱਚ ਮਾਰਿਆ ਗਿਆ
- ਪਾਣੀਪਤ ਨੇੜੇ ਰਾਕੇਸ਼ ਉਰਫ਼ ਰਾਕਾ ਸ਼ੁੱਕਰਵਾਰ ਰਾਤ ਢੇਰ
- ਰਾਕਾ ਉੱਥੇ ਕਈ ਮਾਮਲੇ ਦਰਜ ਸਨ
- ਰਾਕਾ ਦਾ ਭਰਾ ਫੌਜੀ ਮੂਸੇਵਾਲਾ ਕਤਲ ਵਿੱਚ ਮੁਲਜ਼ਮ ਹੈ

ਕੀ ਕੁਝ ਹੋਇਆ?

ਤਸਵੀਰ ਸਰੋਤ, BBC/Sat Singh
ਐੱਸਪੀ ਸ਼ੇਖਾਵਤ ਨੇ ਮੀਡੀਆ ਨੂੰ ਦੱਸਿਆ ਕਿ ਸ਼ੁੱਕਰਵਾਰ ਦੀ ਰਾਤ ਪਾਣੀਪਤ ਪੁਲਿਸ ਦੀ ਸੀਆਈਏ-2 ਯੂਨਿਟ ਦੇ ਨਾਲ ''ਬਦਮਾਸ਼ਾਂ'' ਦਾ ਮੁਕਾਬਲਾ ਹੋਇਆ, ਜਿਸ ਦੌਰਾਨ ਦੋਵਾਂ ਪਾਸਿਓਂ ਗੋਲ਼ੀਬਾਰੀ ਹੋਈ।
ਉਨ੍ਹਾਂ ਮੁਤਾਬਕ ''ਬਦਮਾਸ਼ਾਂ'' ਨੇ ਪਹਿਲਾਂ ਪੁਲਿਸ ਉੱਤੇ ਫਾਈਰਿੰਗ ਕੀਤੀ ਅਤੇ ਜਵਾਬੀ ਫਾਈਰਿੰਗ ਵਿੱਚ ਰਾਕਾ ਮਾਰਿਆ ਗਿਆ
ਪੁਲਿਸ ਮੁਤਾਬਕ ਗੋਲੀ ਲੱਗਣ ਨਾਲ ਇੱਕ ਕਥਿਤ ਬਦਮਾਸ਼ ਸੋਨੂੰ ਉਰਫ਼ ਪ੍ਰਵੀਨ ਜ਼ਖਮੀ ਹੋਇਆ ਹੈ ਤੇ ਉਹ ਪਾਣੀਪਤ ਸਿਵਲ ਹਸਪਤਾਲ ਵਿੱਚ ਭਰਤੀ ਹੈ।
ਦੂਜੇ ਪਾਸੇ ਰਾਕਾ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਜ਼ਖਮੀਆਂ ਤੋਂ ਪੁੱਛਗਿੱਛ ਹੋ ਰਹੀ ਹੈ।
ਅਜੀਤ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਰਾਕਾ ਅਤੇ ਸੋਨੂੰ ਬਦਮਾਸ਼ੀ, ਰੰਗਦਾਰੀ ਮੰਗਣ ਦੇ ਮਾਮਲਿਆਂ ਵਿੱਚ ਲੋੜੀਂਦੇ ਸਨ ਅਤੇ ਉਨ੍ਹਾਂ ਨੇ ਔਡੀ ਕਾਰ ਵਿੱਚ ਸਵਾਰ ਇੱਕ ਸ਼ਖ਼ਸ ਉੱਤੇ ਗੋਲੀਆਂ ਚਲਾਈਆਂ ਸਨ। ਇਸ ਕੇਸ ਵਿੱਚ ਵੀ ਦੋਵੇਂ ਲੋੜੀਂਦੇ ਸਨ।
ਪੁਲਿਸ ਦੇ ਦਾਅਵੇ ਮੁਤਾਬਕ ਮੁਕਾਬਲੇ ਦੌਰਾਨ ਪੁਲਿਸ ਦੀਆਂ ਗੋਲੀਆਂ ਇਨ੍ਹਾਂ ਦੇ ਪੈਰਾਂ ਉੱਤੇ ਲੱਗੀਆਂ।

ਇਹ ਵੀ ਪੜ੍ਹੋ:

ਰਾਕਾ ਦਾ ਵੱਡਾ ਭਰਾ ਫੌਜੀ ਬਣਨਾ ਚਾਹੁੰਦਾ ਸੀ ਭਲਵਾਨ

ਤਸਵੀਰ ਸਰੋਤ, Sourced by Sat Singh
ਰਾਕੇਸ਼ ਉਰਫ਼ ਰਾਕਾ ਲਾਰੈਂਸ ਬਿਸ਼ਨੋਈ ਗੈਂਗ ਦੇ ਮੁੱਖ ਮੈਂਬਰਾਂ ਵਿੱਚੋਂ ਇੱਕ ਪ੍ਰਿਅਵ੍ਰਤ ਫੌਜੀ ਦਾ ਛੋਟਾ ਭਰਾ ਸੀ। ਪ੍ਰਿਅਵ੍ਰਤ ਫੌਜੀ ਜਵਾਨੀ ਵੇਲੇ ਸੋਨੀਪਤ ਦੇ ਸਿਸਾਨਾ ਪਿੰਡ ਦੇ ਅਖਾੜੇ ਵਿੱਚ ਭਲਵਾਨੀ ਕਰਦਾ ਹੁੰਦਾ ਸੀ।
ਉਸ ਦਾ ਸੁਪਨਾ ਇੱਕ ਨਾਮੀਂ ਭਲਵਾਨ ਬਣਨ ਦਾ ਸੀ। ਪਿੰਡ ਦੇ ਅਖਾੜੇ ਵਿੱਚ ਭਲਵਾਨੀ ਕਰਦਿਆਂ ਖੇਡ ਕੋਟੇ ਵਿੱਚ ਉਹ ਭਾਰਤੀ ਫੌਜ ਵਿੱਚ ਚਲਾ ਗਿਆ।
2013 ਵਿੱਚ ਫੌਜ ’ਚ ਭਰਤੀ ਹੋਣ ਮਗਰੋਂ ਉਸ ਦੀ ਪਹਿਲੀ ਪੋਸਟਿੰਗ ਮਹਾਰਾਸ਼ਟਰ ਦੇ ਪੂਣੇ ਵਿੱਚ ਹੋਈ ਸੀ।
ਸਿਪਾਹੀ ਦੇ ਅਹੁਦੇ ਉੱਤੇ ਰਹਿੰਦਿਆਂ ਫੌਜੀ ਨੇ ਫੌਜ ਦੇ ਕੁਸ਼ਤੀ ਮੁਕਾਬਲੇ ਵਿੱਚ 2015 ’ਚ ਹਿੱਸਾ ਲਿਆ ਅਤੇ ਗੋਲਡ ਮੈਡਲ ਜਿੱਤਿਆ।
ਇਸ ਤੋਂ ਬਾਅਦ ਉਹ ਫੌਜ ਵਿੱਚ ਸੂਬੇਦਾਰ ਦੇ ਅਹੁਦੇ ਉੱਤੇ ਪਹੁੰਚ ਗਏ ਸਨ।
ਗੋਲਡ ਮੈਡਲ ਜਿੱਤਣ ਮਗਰੋਂ ਸੂਬੇਦਾਰ ਬਣ ਕੇ ਪਿੰਡ ਪਹੁੰਚੇ ਫੌਜੀ ਦਾ ਸ਼ਾਨਦਾਰ ਸਵਾਗਤ ਹੋਇਆ ਸੀ।
10ਵੀਂ ਤੱਕ ਪੜ੍ਹੇ ਪ੍ਰਿਅਵ੍ਰਤ ਫੌਜੀ ਨੇ ਫੌਜ ਦੀ ਨੌਕਰੀ ਛੱਡ ਦਿੱਤੀ ਅਤੇ ਪਿੰਡ ਪਰਤ ਆਏ। ਇਸ ਤੋਂ ਬਾਅਦ ਆਪਣੇ ਸਾਥੀਆਂ ਨਾਲ ਫੌਜੀ ਨੇ ਜੁਲਾਈ 2015 ਵਿੱਚ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਰਹਿਣਾ ਵਾਲੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਸੀ।

ਸਿੱਧੂ ਮੂਸੇਵਾਲਾ ਪੰਜਾਬੀ ਦਾ ਕੌਮਾਂਤਰੀ ਪੱਧਰ ਦਾ ਪੌਪ ਸਟਾਰ ਸੀ। ਉਸ ਨੂੰ ਘੇਰ ਕੇ ਦਿਨ-ਦਿਹਾੜੇ ਅਤਿਆਧੁਨਿਕ ਹਥਿਆਰਾਂ ਨਾਲ ਕਤਲ ਕੀਤਾ ਜਾਣਾ ਸਮੁੱਚੇ ਸਮਾਜ ਲਈ ਦੁੱਖਦਾਇਕ ਅਤੇ ਪ੍ਰੇਸ਼ਾਨੀ ਵਾਲਾ ਹੈ।
ਸਿੱਧੂ ਮੂਸੇਵਾਲਾ ਦੇ ਕਤਲ ਨੂੰ ਪੰਜਾਬ ਪੁਲਿਸ ਨੇ ਜਿਵੇਂ ਗੈਂਗਵਾਰ ਨਾਲ ਜੋੜਿਆ ਹੈ, ਉਸ ਨੇ ਪਿਛਲੇ ਕੁਝ ਸਮੇਂ ਤੋਂ ਹੋ ਰਹੀਆਂ ਹਿੰਸਕ ਵਾਰਦਾਤਾਂ ਪ੍ਰਤੀ ਲੋਕਾਂ ਦੀ ਚਿੰਤਾਂ ਨੂੰ ਸਿਖ਼ਰਾਂ ਉੱਤੇ ਪਹੁੰਚਾ ਦਿੱਤਾ ਹੈ।
ਪੰਜਾਬ ਨੇ ਲੰਬਾ ਸਮਾਂ ਹਿੰਸਕ ਦੌਰ ਦੇਖਿਆ ਹੈ ਅਤੇ ਕਬੱਡੀ ਖਿਡਾਰੀ ਨੰਗਲ ਅੰਬੀਆਂ ਅਤੇ ਸਿੱਧੂ ਮੂਸੇਵਾਲਾ ਵਰਗੇ ਕਤਲਾਂ ਨੇ ਪੰਜਾਬ ਦੇ ਲੋਕਾਂ ਅੱਗੇ ਉਸੇ ਵਰਗਾ ਦੌਰ ਮੁੜਨ ਦਾ ਡਰ ਤੇ ਸਹਿਮ ਪਾ ਦਿੱਤਾ ਹੈ।

ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਫੌਜੀ

ਤਸਵੀਰ ਸਰੋਤ, FB/Sidhu Moosewala
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ 20 ਜੂਨ, 2022 ਨੂੰ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਤਿੰਨ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਵਿੱਚ ਪ੍ਰਿਅਵ੍ਰਤ ਫੌਜੀ ਵੀ ਸ਼ਾਮਲ ਸੀ।
ਪ੍ਰਿਅਵ੍ਰਤ ਉੱਤੇ ਇਸ ਤੋਂ ਪਹਿਲਾਂ ਵੀ ਕਤਲ ਦੇ ਦੋ ਮਾਮਲੇ ਚੱਲ ਰਹੇ ਸਨ। ਸੋਨੀਪਤ ਵਿੱਚ ਹੋਏ ਇੱਕ ਕਤਲ ਦੇ ਮਾਮਲੇ ਵਿੱਚ ਫੌਜੀ ਦੀ ਸੋਨੀਪਤ ਪੁਲਿਸ ਨੂੰ ਭਾਲ ਸੀ।
ਸਿੱਧੂ ਮੂਸੇਵਾਲਾ ਦਾ ਪਿੱਛਾ ਦੋ ਗੱਡੀਆਂ ਕਰ ਰਹੀਆਂ ਸਨ। ਇੱਕ ਬੋਲੈਰੋ ਅਤੇ ਦੂਜੀ ਕੋਰੋਲਾ, ਇਨ੍ਹਾਂ ਵਿੱਚੋਂ ਪ੍ਰਿਅਵ੍ਰਤ ਬੋਲੈਰੋ ਵਿੱਚ ਸਵਾਰ ਸੀ। ਕਤਲਕਾਂਡ ਸਮੇਂ ਫੌਜੀ ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ।
ਕੁਰੂਕਸ਼ੇਤਰ ਵਿੱਚ ਸੰਜੇ ਬੁਰਾ ਉੱਤੇ ਫਾਈਰਿੰਗ ਮਾਮਲੇ ਵਿੱਚ ਕੁਰੂਕਸ਼ੇਤਰ ਸੀਆਈਏ-2 ਨੇ ਪ੍ਰਿਅਵ੍ਰਤ ਫੌਜੀ ਨੂੰ ਕਰਨਾਲ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਉੱਤੇ ਗ੍ਰਿਫ਼ਤਾਰ ਕੀਤਾ ਹੋਇਆ ਹੈ। ਪੁਲਿਸ ਪ੍ਰਿਅਵ੍ਰਤ ਨੂੰ ਫ਼ਿਲਹਾਲ ਛੇ ਦਿਨਾਂ ਦੀ ਰਿਮਾਂਡ ਉੱਤੇ ਲੈ ਕੇ ਪੁੱਛਗਿੱਛ ਕਰ ਰਹੀ ਹੈ।
ਦੱਸ ਦਈਏ ਕਿ ਪ੍ਰਿਅਵ੍ਰਤ ਫੌਜੀ ਦੇ ਖ਼ਿਲਾਫ਼ ਪਹਿਲਾਂ ਵੀ ਕਈ ਸੰਗੀਨ ਧਾਰਾਵਾਂ ਤਹਿਤ ਪੰਜਾਬ ਤੇ ਹਰਿਆਣਾ ਵਿੱਚ ਮਾਮਲੇ ਦਰਜ ਹਨ।












