You’re viewing a text-only version of this website that uses less data. View the main version of the website including all images and videos.
ਵੀਡੀਓ ਵਿਵਾਦ: ਐੱਸਜੀਪੀਸੀ ਪ੍ਰਧਾਨ ਨੇ ਸੀਐੱਮ ਮਾਨ ਦੇ ਅਸਤੀਫ਼ੇ ਤੇ ਐੱਫਆਈਆਰ ਦੀ ਕੀਤੀ ਮੰਗ, ਭਗਵੰਤ ਮਾਨ ਖ਼ਿਲਾਫ਼ ਹੋਰ ਕੀ ਹੋਏ ਐਲਾਨ
ਸ਼ਨੀਵਾਰ ਨੂੰ ਅੰਮ੍ਰਿਤਸਰ ਵਿਖੇ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਕੱਤਰਤਾ ਵਿੱਚ ਸੀਐੱਮ ਮਾਨ ਨਾਲ ਜੁੜੀ ਕਥਿਤ ਇਤਰਾਜ਼ਯੋਗ ਵੀਡੀਓ ਮਾਮਲੇ ਨੂੰ ਲੈ ਕੇ ਕਈ ਐਲਾਨ ਹੋਏ। ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਅਤੇ ਨਾਲ ਹੀ ਐੱਫਆਈਆਰ ਦਰਜ ਕਰਨ ਦੀ ਵੀ ਮੰਗ ਉੱਠੀ।
ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਈ ਇਸ ਇਕੱਤਰਤਾ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਮੌਜੂਦ ਰਹੇ।
ਇਸ ਦੌਰਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ, "ਇਹ ਇਕੱਤਰਤਾ ਮੰਗ ਕਰਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਤੱਕ ਇਸ ਮਾਮਲੇ ਸਬੰਧੀ ਸਪੱਸ਼ਟ ਤੱਥ ਅਧਾਰਿਤ ਅਤੇ ਸੰਤੁਸ਼ਟੀਜਨਕ ਜਵਾਬ ਨਹੀਂ ਦਿੱਤਾ। ਉਨ੍ਹਾਂ ਵਿਰੁੱਧ ਪਰਚਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਭਗਵੰਤ ਮਾਨ ਇਸ ਅਹੁਦੇ 'ਤੇ ਬਣੇ ਰਹਿਣ ਦਾ ਨੈਤਿਕ ਅਧਿਕਾਰ ਗੁਆ ਚੁੱਕੇ ਹਨ। ਇਸ ਲਈ ਉਹ ਤੁਰੰਤ ਅਸਤੀਫਾ ਦੇਣ।"
ਇਸ ਦੌਰਾਨ ਧਾਮੀ ਨੇ ਇਹ ਵੀ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਬਾਬਤ ਸਿੱਖ ਸੰਗਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਹਲਕੇ ਵਿੱਚ ਮੁਹਿੰਮ ਵੀ ਚਲਾਈ ਜਾਵੇਗੀ।
ਇਸ ਤੋਂ ਇਲਾਵਾ ਧਾਮੀ ਵੱਲੋਂ ਵਿਵਾਦਤ ਵੀਡੀਓ ਮਾਮਲੇ ਵਿੱਚ ਜਾਅਲੀ ਫੋਰੈਂਸਿਕ ਰਿਪੋਰਟ ਤਿਆਰ ਕਰਨ ਦੇ ਇਲਜ਼ਾਮਾਂ ਹੇਠ ਗੁਰੂਗ੍ਰਾਮ ਵਿੱਚ ਦਰਜ ਹੋਏ ਮਾਮਲੇ ਅਤੇ ਗ੍ਰਿਫ਼ਤਾਰੀਆਂ ਦਾ ਵੀ ਜ਼ਿਕਰ ਕੀਤਾ ਗਿਆ।
ਧਾਮੀ ਨੇ ਇਲਜ਼ਾਮ ਲਗਾਏ ਕਿ ਸੀਐੱਮ ਮਾਨ ਵੱਲੋਂ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਅਸਲ ਸਬੂਤਾਂ ਨੂੰ ਝੁਠਲਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਬਾਬਤ ਸੀਐੱਮ ਮਾਨ ਖਿਲਾਫ ਬਣਦੀ ਕਾਰਵਾਈ ਦੀ ਮੰਗ ਨੂੰ ਲੈਕੇ ਐਸਜੀਪੀਸੀ ਦਾ ਵਫ਼ਦ ਡੀਜੀਪੀ ਨਾਲ ਮੁਲਾਕਾਤ ਕਰੇਗਾ।
ਸੀਐੱਮ ਮਾਨ ਦੀ ਇਤਰਾਜ਼ਯੋਗ ਵੀਡੀਓ ਮਾਮਲੇ ਵਿੱਚ ਸਿਆਸਤ ਲਗਾਤਾਰ ਗਰਮਾਉਂਦੀ ਜਾ ਰਹੀ ਹੈ। 29 ਜੂਨ 2026 ਨੂੰ ਪੰਜਾਬ ਵਿਧਾਨ ਸਭਾ ਦੇ ਸਮੂਹ ਸਿੱਖ ਮੈਂਬਰਾਂ ਅਤੇ ਸੂਬਾ ਸਰਕਾਰ ਦੇ ਸਿੱਖ ਕੈਬਨਿਟ ਮੰਤਰੀਆਂ ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜਣ ਲਈ ਅਧਿਕਾਰਤ ਪੱਤਰ ਵੀ ਜਾਰੀ ਕੀਤੇ ਜਾ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਅਕਾਲ ਤਖ਼ਤ ਸਾਹਿਬ ਨੇ ਦੋ ਲੈਬੋਰਟਰੀਆਂ ਤੋਂ ਆਈ ਰਿਪੋਰਟ ਦੇ ਅਧਾਰ 'ਤੇ ਸੀਐੱਮ ਮਾਨ ਨਾਲ ਜੁੜੀ ਕਥਿਤ ਇਤਰਾਜ਼ਯੋਗ ਵੀਡੀਓ ਨੂੰ ਸਹੀ ਮੰਨਦਿਆਂ ਭਗਵੰਤ ਮਾਨ ਨੂੰ 'ਗੁਰੂ ਦੋਖੀ' ਅਤੇ 'ਪੰਥ ਵਿਰੋਧੀ' ਕਰਾਰ ਦਿੱਤਾ ਸੀ। ਜਦਕਿ ਬਾਅਦ ਵਿੱਚ ਪੰਜਾਬ ਸਰਕਾਰ ਨੇ ਵੱਖਰੀ ਫੋਰੈਂਸਿਕ ਰਿਪੋਰਟ ਪੇਸ਼ ਕਰਦਿਆਂ ਦਾਅਵਾ ਕੀਤਾ ਕਿ ਵੀਡੀਓ ਵਿੱਚ ਭਗਵੰਤ ਮਾਨ ਨਹੀਂ ਹਨ।
ਪੰਜਾਬ ਸਰਕਾਰ ਵੱਲੋਂ ਪੇਸ਼ ਇਸੇ ਰਿਪੋਰਟ ਦੇ ਜਾਅਲੀ ਹੋਣ ਦੇ ਇਲਜ਼ਾਮਾਂ ਬਾਰੇ ਐੱਫਆਈਆਰ ਦਰਜ ਹੋਈ ਹੈ ਅਤੇ ਵਿਰੋਧੀ ਪਾਰਟੀਆਂ ਭਗਵੰਤ ਮਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੀਆਂ ਹਨ।
ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਇਸ ਵੀਡੀਓ ਨੂੰ ਨਕਲੀ ਦੱਸਦੇ ਆਏ ਹਨ।
ਸੀਐੱਮ ਮਾਨ ਨੇ ਆਪਣੀ ਸਫ਼ਾਈ ਵਿੱਚ ਕੀ ਕਿਹਾ ਸੀ ?
ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਵਿਵਾਦਿਤ ਵਾਇਰਲ ਵੀਡੀਓ ਸਬੰਧੀ ਪ੍ਰੈੱਸ ਕਾਨਫਰੰਸ ਕਰਕੇ ਦੋ ਵੀਡੀਓ ਪੇਸ਼ ਕੀਤੀਆਂ ਸਨ।
ਉਨ੍ਹਾਂ ਨੇ ਇੱਕ ਵਾਰ ਫਿਰ ਇਹ ਕਿਹਾ ਹੈ ਕਿ ਉਹ ਇਸ ਵੀਡੀਓ ਵਿੱਚ ਨਹੀਂ ਹਨ।
ਵਾਇਰਲ ਵੀਡੀਓ ਸਬੰਧੀ ਭਗਵੰਤ ਮਾਨ ਨੇ ਇੱਕ ਵੀਡੀਓ ਜਨਤਕ ਕਰਦੇ ਹੋਏ ਸਵਾਲ ਖੜ੍ਹੇ ਕੀਤੇ ਹਨ ਕਿ ਇਸ ਵੀਡੀਓ ਵਿੱਚ ਉਨ੍ਹਾਂ ਦਾ ਮਾਸਕ ਕਿਸੇ ਵਿਅਕਤੀ ਨੂੰ ਪਹਿਨਾ ਕੇ ਵੀਡੀਓ ਰਿਕਾਰਡ ਕੀਤੀ ਗਈ ਹੈ।
ਉਨ੍ਹਾਂ ਕਿਹਾ, "ਇਸ ਵੀਡੀਓ ਵਿੱਚ ਮੇਰੇ ਗਲੇ ਦਾ ਨਿਸ਼ਾਨ ਨਹੀਂ ਹੈ ਤੇ ਮਾਸਕ ਲੱਗਿਆ ਹੋਇਆ ਹੈ, ਜਿਸ ਦੀ ਪੂਰੀ ਇੱਕ ਲਾਈਨ ਦਿਖਾਈ ਦੇ ਰਹੀ ਹੈ। ਮਾਸਕ ਉੱਪਰ ਅੱਖਾਂ ਨਹੀਂ ਲੱਗ ਸਕਦੀਆਂ, ਇਸ ਲਈ ਉਸ ਨੇ ਕਾਲੀ ਐਨਕ ਲਗਾਈ ਹੈ।"
ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਦੂਜੀ ਵੀਡੀਓ ਵੀ ਜਾਰੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਜਗਮਨ ਸਮਰਾ ਨਾਮ ਦਾ ਇੱਕ ਵਿਅਕਤੀ ਹੈ ਜਿਸਨੇ ਇਹ ਮਾਸਕ ਬਣਵਾਇਆ।
ਵੀਡੀਓ ਜਾਰੀ ਕਰਦੇ ਹੋਏ ਉਨ੍ਹਾਂ ਕਿਹਾ, "ਕਾਰ ਵਿੱਚ ਉਸ ਦੇ ਹੱਥ ਵਿੱਚ ਮਾਸਕ ਹੈ, ਅਤੇ ਉਹ ਕਹਿ ਰਿਹਾ ਹੈ ਕਿ ਇਹ ਕਿਸੇ ਦੇ ਮੂੰਹ 'ਤੇ ਚੜ੍ਹਾ ਕੇ ਵੀਡੀਓ ਬਣਾਵਾਂਗੇ। ਇਹ ਬੰਦਾ ਕੈਨੇਡਾ ਹੈ। ਮੈਂ 2016 ਤੋਂ ਬਾਅਦ ਕੈਨੇਡਾ ਗਿਆ ਹੀ ਨਹੀਂ। ਉਸ ਨੇ ਅਰਵਿੰਦ ਕੇਜਰੀਵਾਲ ਦਾ ਵੀ ਮਾਸਕ ਬਣਾਇਆ ਹੈ। ਮੈਂ ਇਹ ਵੀਡੀਓ ਅਕਾਲ ਤਖ਼ਤ ਨੂੰ ਵੀ ਭੇਜਾਂਗਾ।"
ਸੀਐੱਮ ਮਾਨ ਨੇ ਕਿਹਾ, "ਮੇਰੀ ਇੱਕ ਨਕਲੀ ਵੀਡੀਓ ਚਲਾ ਕੇ ਉਸ ਤੋਂ ਸਿਆਸੀ ਲਾਹਾ ਲੈਣ ਲਈ ਧਾਰਮਿਕ ਹੁਕਮਨਾਵੇਂ ਵੀ ਜਾਰੀ ਕਰਵਾਏ ਗਏ।"
ਮੁੱਖ ਮੰਤਰੀ ਨੇ ਗੁਰੂਗ੍ਰਾਮ ਵਿੱਚ ਦਰਜ ਹੋਈ FIR ਅਤੇ ਫੋਰੈਂਸਿਕ ਰਿਪੋਰਟ ਦੇ ਵਿਵਾਦ 'ਤੇ ਬੋਲਦਿਆਂ ਵਿਰੋਧੀ ਪਾਰਟੀਆਂ 'ਤੇ ਲੈਬ ਪ੍ਰਬੰਧਕਾਂ ਨੂੰ ਡਰਾਉਣ-ਧਮਕਾਉਣ ਦੇ ਇਲਜ਼ਾਮ ਲਗਾਏ ਸਨ।
ਵਿਰੋਧੀ ਪਾਰਟੀਆਂ ਦੇ ਇਲਜ਼ਾਮਾਂ ਬਾਰੇ ਸੀਐੱਮ ਨੇ ਕੀ ਕਿਹਾ ਸੀ
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਏ ਫ਼ੈਸਲੇ ਅਤੇ ਵਿਰੋਧੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਬਾਈਕਾਟ ਦੇ ਸਵਾਲ 'ਤੇ ਭਗਵੰਤ ਮਾਨ ਨੇ ਕਿਹਾ ਕਿ ਉਹ ਸੰਗਤ ਨੂੰ ਸਰਵਉੱਚ ਮੰਨਦੇ ਹਨ, ਪਰ ਵਿਰੋਧੀ ਧਿਰਾਂ ਇਸ ਮਾਮਲੇ 'ਤੇ ਸਿਆਸਤ ਕਰ ਰਹੀਆਂ ਹਨ।
ਵੀਰਵਾਰ ਨੂੰ ਉਨ੍ਹਾਂ ਨੇ ਕਿਹਾ ਸੀ, "ਮੈਂ ਐੱਸਜੀਪੀਸੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਹ ਜਿਹੜੇ ਗੁਰਦੁਆਰਿਆਂ ਬਾਹਰ ਪੋਸਟਰ ਲਗਾ ਰਹੇ ਹਨ ਕਿ 'ਭਗਵੰਤ ਮਾਨ ਦਾ ਬਾਈਕਾਟ ਕਰੋ ਇਸ ਨੂੰ ਮੂੰਹ ਨਾ ਲਗਾਓ'। ਇਹੀ ਬੋਰਡ ਸੁਖਬੀਰ ਬਾਦਲ ਦੇ ਕਿਉਂ ਨਹੀਂ ਲੱਗੇ, ਜਿਸ ਸਮੇਂ ਉਹ ਤਨਖਾਹੀਆ ਕਰਾਰ ਸੀ।"
ਵਿਰੋਧੀ ਧਿਰਾਂ ਵੱਲੋਂ ਲਗਾਤਾਰ ਮੰਗੇ ਜਾ ਰਹੇ ਅਸਤੀਫ਼ੇ 'ਤੇ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਸੀ ਕਿ ਪਿੰਡਾਂ ਵਿੱਚ ਉਨ੍ਹਾਂ ਦੇ ਪ੍ਰੋਗਰਾਮਾਂ ਦੌਰਾਨ ਇਕੱਠੇ ਹੁੰਦੇ ਭਾਰੀ ਹਜ਼ੂਮ ਨੂੰ ਵਿਰੋਧੀ ਪਾਰਟੀਆਂ ਬਰਦਾਸ਼ਤ ਨਹੀਂ ਕਰ ਪਾ ਰਹੀਆਂ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਚੱਲਣ ਵਾਲਾ 'ਵਾਰੀਆਂ ਦਾ ਸਿਆਸੀ ਸਿਸਟਮ' ਹੁਣ ਖ਼ਤਮ ਹੋ ਚੁੱਕਾ ਹੈ ਅਤੇ ਸਾਲ 2027 ਦੀਆਂ ਚੋਣਾਂ ਵਿੱਚ ਆਪਣੀ ਹਾਰ ਦੇ ਡਰ ਕਾਰਨ ਵਿਰੋਧੀ ਘਬਰਾਏ ਹੋਏ ਹਨ।
ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀ ਹੁਕਮਨਾਮਾ ਜਾਰੀ ਹੋਇਆ ਸੀ ?
ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ 5 ਜਨਵਰੀ 2026 ਨੂੰ ਸਿੱਖ ਰਹਿਤ ਮਰਿਆਦਾ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅਤੇ ਗੁਰੂ ਕੀ ਗੋਲਕ ਸਬੰਧੀ ਕਥਿਤ ਇਤਰਾਜ਼ਯੋਗ ਟਿੱਪਣੀਆਂ ਕਰਨ ਅਤੇ ਇਤਰਾਜ਼ਯੋਗ ਵੀਡੀਓਜ਼ ਦੇ ਇਲਜ਼ਾਮਾਂ ਤਹਿਤ ਸੰਮਨ ਕੀਤਾ ਅਤੇ 15 ਜਨਵਰੀ 2026 ਨੂੰ ਮੁੱਖ ਮੰਤਰੀ ਪੇਸ਼ ਹੋਏ, ਜਿਸ ਦੀ ਵੀਡੀਓ ਹਾਲ ਹੀ ਵਿੱਚ ਰਿਲੀਜ਼ ਕੀਤੀ ਗਈ ਹੈ।
ਉਸ ਮੀਟਿੰਗ ਵਿੱਚ ਦੋਹੇਂ ਧਿਰਾਂ ਉਕਤ ਵੀਡੀਓ ਦੀ ਫੋਰੈਂਸਿਕ ਜਾਂਚ ਕਰਵਾਉਣ ਲਈ ਸਹਿਮਤ ਹੋਈਆਂ।
ਫੋਰੈਂਸਿਕ ਰਿਪੋਰਟ ਆਉਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਨੇ 15 ਜੂਨ 2026 ਨੂੰ ਇਸ ਬਾਰੇ ਫ਼ੈਸਲਾ ਸੁਣਾਇਆ। ਜਿਸ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਦੋ ਲੈਬੋਰਟਰੀਆਂ ਦੀ ਰਿਪੋਰਟ ਮੁਤਾਬਕ ਵੀਡੀਓ ਸਹੀ ਪਾਈ ਗਈ। ਜਿਸ ਤੋਂ ਬਾਅਦ ਭਗਵੰਤ ਮਾਨ ਨੂੰ 'ਗੁਰੂ ਦੋਖੀ' ਅਤੇ 'ਪੰਥ ਵਿਰੋਧੀ' ਕਰਾਰਦਿਆਂ ਦੁਨੀਆਂ ਭਰ ਵਿੱਚ ਰਹਿੰਦੇ ਸਿੱਖਾਂ ਨੂੰ ਮਾਨ ਨਾਲ ਹਰ ਤਰ੍ਹਾਂ ਦੇ ਸਬੰਧ ਤੋੜਨ ਅਤੇ ਸਹਿਯੋਗ ਨਾ ਦੇਣ ਲਈ ਕਿਹਾ ਗਿਆ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਤੋਂ ਬਾਅਦ 16 ਜੂਨ 2026 ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਨ ਜਾਰੀ ਕਰਦਿਆਂ ਇਸ ਹੁਕਮਨਾਮੇ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ।
ਉਨ੍ਹਾਂ ਕਿਹਾ ਸੀ, "ਮੈਂ ਹੈਰਾਨ ਹਾਂ ਕਿ ਧਰਮ ਦੇ ਇੰਨੇ ਵੱਡੇ ਅਹੁਦਿਆਂ 'ਤੇ ਬੈਠੇ ਲੋਕ ਕਿਵੇਂ ਆਪਣੇ ਸਿਆਸੀ ਆਕਾਵਾਂ ਦੀ ਸ਼ਹਿ 'ਤੇ ਇਸ ਤਰ੍ਹਾਂ ਦਾ ਝੂਠਾ ਪ੍ਰੋਪੇਗੰਡਾ ਕਰ ਰਹੇ ਹਨ।"
ਕਦੋਂ ਸ਼ੁਰੂ ਹੋਇਆ ਇਹ 'ਵੀਡੀਓ ਵਿਵਾਦ' ?
ਮੁੱਖ ਮੰਤਰੀ ਭਗਵੰਤ ਮਾਨ ਨਾਲ ਇਹ ਵਿਵਾਦ ਉਦੋਂ ਜੁੜ ਗਿਆ ਜਦੋਂ ਕੈਨੇਡਾ ਰਹਿੰਦੇ ਇੱਕ ਪਰਵਾਸੀ ਪੰਜਾਬੀ ਜਗਮਨ ਸਮਰਾ ਨੇ ਸੋਸ਼ਲ ਮੀਡੀਆ 'ਤੇ ਇਹ ਵੀਡੀਓ ਸਾਂਝੀ ਕੀਤੀ। ਇਹ ਵੀਡੀਓ ਅਕਤੂਬਰ 2025 ਵਿੱਚ ਵਾਇਰਲ ਹੋਈ ਸੀ।
ਹਾਲਾਂਕਿ ਸਮਰਾ ਖ਼ਿਲਾਫ਼ ਫ਼ਰਜ਼ੀ ਵੀਡੀਓ ਬਣਾਉਣ ਦੇ ਇਲਜ਼ਾਮ ਤਹਿਤ ਮੁਹਾਲੀ ਦੇ ਸਾਈਬਰ ਕਰਾਈਮ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਇਸ ਵੀਡੀਓ ਨੂੰ ਉਸ ਦੇ ਫੇਸਬੁੱਕ ਅਕਾਊਂਟ ਤੋਂ ਹਟਵਾਇਆ ਗਿਆ ਸੀ।
ਇਸ ਵੀਡੀਓ ਵਿੱਚ ਇੱਕ ਆਦਮੀ ਦਿਖਾਈ ਦੇ ਰਿਹਾ ਹੈ ਜਿਸ ਨੇ ਕਾਲੀ ਟੀ-ਸ਼ਰਟ ਅਤੇ ਸ਼ੌਰਟਸ ਪਹਿਨੀ ਹੋਈ ਹੈ, ਜਿਸ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਭਗਵੰਤ ਮਾਨ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ