You’re viewing a text-only version of this website that uses less data. View the main version of the website including all images and videos.
ਸਪਰਮ ਵਧਾਉਣ ਦੀ ਕੋਸ਼ਿਸ਼ ਕਰਦੇ ਮਰਦਾਂ ਨੂੰ ਆਨਲਾਈਨ ਕੀ ਸਲਾਹ ਦਿੱਤੀ ਜਾ ਰਹੀ ਜੋ ਖ਼ਤਰਨਾਕ ਵੀ ਹੋ ਸਕਦੀ ਹੈ
- ਲੇਖਕ, ਜੈਕੀ ਵੇਕਫ਼ੀਲਡ
- ਰੋਲ, ਗਲੋਬਲ ਹੈਲਥ ਰਿਪੋਰਟਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 9 ਮਿੰਟ
ਸਾਈਮਨ ਹਰ ਸਵੇਰੇ ਉੱਠ ਕੇ ਸੌਨਾ (ਭਾਫ਼ ਵਾਲੇ ਕਮਰੇ) ਵਿੱਚ ਜਾਂਦੇ ਹਨ। ਗਰਮੀ ਨਾਲ ਉਨ੍ਹਾਂ ਨੂੰ ਪਸੀਨਾ ਆਉਂਦਾ ਹੈ ਅਤੇ ਉਨ੍ਹਾਂ ਮੁਤਾਬਕ ਇਸ ਨਾਲ ਸਰੀਰ ਵਿੱਚੋਂ ਟਾਕਸਿਨ (ਜ਼ਹਿਰੀਲੇ ਪਦਾਰਥ) ਬਾਹਰ ਨਿਕਲ ਜਾਂਦੇ ਹਨ, ਜਿਸ ਨਾਲ ਸਪਰਮ ਦਾ ਕੰਮ ਬਿਹਤਰ ਹੁੰਦਾ ਹੈ - ਪਰ ਸਾਈਮਨ ਨੂੰ ਗਰਮੀ ਤੋਂ ਵਾਧੂ ਸੁਰੱਖਿਆ ਦੀ ਵੀ ਲੋੜ ਹੁੰਦੀ ਹੈ।
ਉਨ੍ਹਾਂ ਨੇ ਬੀਬੀਸੀ ਵਰਲਡ ਸਰਵਿਸ ਨੂੰ ਦੱਸਿਆ, "ਮੈਂ ਇੱਕ ਆਈਸ ਪੈਕ ਵਰਤਦਾ ਹਾਂ, ਜਿਸ ਨੂੰ 'ਚਿਲ ਨਟਸ' ਕਿਹਾ ਜਾਂਦਾ ਹੈ, ਅਤੇ ਸਪਰਮ ਕਾਊਂਟ ਨੂੰ ਬਣਾਈ ਰੱਖਣ ਲਈ ਮੈਂ ਇਸ ਨੂੰ ਆਪਣੇ ਅੰਡਕੋਸ਼ਾਂ 'ਤੇ ਰੱਖਦਾ ਹਾਂ।"
ਇਹ ਸਭ ਉਨ੍ਹਾਂ ਦੀ ਸਪਰਮ ਨੂੰ ਬਿਹਤਰ ਬਣਾਉਣ ਵਾਲੇ ਰੁਟੀਨ ਦਾ ਹਿੱਸਾ ਹੈ ਅਤੇ ਭਾਵੇਂ ਇਸ ਦੇ ਕਾਰਗਰ ਹੋਣ ਦਾ ਕੋਈ ਮੈਡੀਕਲ ਸਬੂਤ ਨਹੀਂ ਹੈ, ਪਰ ਉਹ ਇਸਦੀ ਪਾਲਣਾ ਕਰਦੇ ਹਨ।
ਮਿਆਮੀ, ਫ਼ਲੋਰਿਡਾ ਦੇ ਰਹਿਣ ਵਾਲੇ 28 ਸਾਲਾ ਵੇਨੇਜ਼ੁਏਲਾਈ-ਅਮਰੀਕੀ ਸਾਈਮਨ ਰੋਜ਼ਾਨਾ ਧੁੱਪ ਸੇਕਦੇ ਹਨ ਅਤੇ ਨਿਯਮਿਤ ਤੌਰ 'ਤੇ ਕਸਰਤ ਵੀ ਕਰਦੇ ਹਨ। ਉਹ ਮਾਈਕ੍ਰੋਪਲਾਸਟਿਕ ਫ਼ਿਲਟਰ ਵਾਲਾ ਪਾਣੀ ਪੀਂਦੇ ਹਨ ਅਤੇ ਟਾਕਸਿਨਜ਼ ਦੇ ਸੰਭਾਵਿਤ ਅਸਰ ਤੋਂ ਬਚਣ ਲਈ ਸੂਤੀ ਕੱਪੜੇ ਦੇ ਬਾਕਸਰ ਸ਼ਾਰਟਸ ਪਹਿਨਦੇ ਹਨ।
ਪਰ ਸਾਈਮਨ ਦਾ ਜਲਦ ਹੀ ਬੱਚੇ ਪੈਦਾ ਕਰਨ ਦਾ ਕੋਈ ਇਰਾਦਾ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਦਾ ਕੋਈ ਪਾਰਟਨਰ ਹੈ - ਸਗੋਂ ਉਨ੍ਹਾਂ ਨੂੰ ਇਸ ਗੱਲ ਦੀ ਵੱਧ ਚਿੰਤਾ ਹੈ ਕਿ ਘੱਟ ਸਪਰਮ ਕਾਊਂਟ ਉਨ੍ਹਾਂ ਦੀ ਸਿਹਤ 'ਤੇ ਕਿਵੇਂ ਅਸਰ ਪਾ ਸਕਦਾ ਹੈ।
ਉਹ ਸਾਨੂੰ ਦੱਸਦੇ ਹਨ, "ਘੱਟ ਫ਼ਰਟਿਲਿਟੀ ਦਾ ਅਸਰ ਐਂਡੋਕ੍ਰਾਈਨ ਫੰਕਸ਼ਨ, ਟੈਸਟੋਸਟੇਰੋਨ ਦੇ ਪੱਧਰ ਜਾਂ ਹੋਰ ਹਾਰਮੋਨਾਂ 'ਤੇ ਪੈ ਸਕਦਾ ਹੈ ਅਤੇ ਇਹ ਮੇਰੇ ਲਈ ਇੱਕ ਵੱਡਾ ਡਰ ਹੈ।"
ਹਾਲਾਂਕਿ ਐਂਡੋਕ੍ਰਾਈਨ ਫੰਕਸ਼ਨ ਦਾ ਸਪਰਮ ਕਾਊਂਟ 'ਤੇ ਅਸਰ ਪੈਂਦਾ ਹੈ, ਪਰ ਘੱਟ ਫ਼ਰਟਿਲਿਟੀ ਸਿੱਧੇ ਤੌਰ 'ਤੇ ਐਂਡੋਕ੍ਰਾਈਨ ਫੰਕਸ਼ਨ ਜਾਂ ਟੈਸਟੋਸਟੇਰੋਨ ਦੇ ਪੱਧਰ ਨੂੰ ਪ੍ਰਭਾਵਿਤ ਨਹੀਂ ਕਰਦੀ।
ਸਾਈਮਨ ਉਨ੍ਹਾਂ ਮਰਦਾਂ ਵਿੱਚੋਂ ਇੱਕ ਹਨ ਜੋ ਆਪਣਾ ਸਪਰਮ ਕਾਊਂਟ ਵਧਾਉਣ ਵਿੱਚ ਕਾਫ਼ੀ ਦਿਲਚਸਪੀ ਲੈ ਰਹੇ ਹਨ। ਦੁਨੀਆ ਭਰ ਵਿੱਚ, ਮਰਦਾਂ ਦੀ ਫ਼ਰਟਿਲਿਟੀ ਨਾਲ ਜੁੜੇ ਹੈਸ਼ਟੈਗ, ਜਿਵੇਂ #malefertility, #semenanalysis ਅਤੇ #sperm ਨੂੰ ਟਿੱਕਟੌਕ ਅਤੇ ਇੰਸਟਾਗ੍ਰਾਮ 'ਤੇ ਕਰੋੜਾਂ ਵਿਊਜ਼ ਹਨ, ਜਦਕਿ ਮਰਦਾਂ ਦੀ ਫ਼ਰਟਿਲਿਟੀ 'ਤੇ ਕੇਂਦਰਿਤ ਸਭ ਤੋਂ ਵੱਡੇ ਸਬਰੇਡਿਟਸ (ਆਨਲਾਈਨ ਕਮਿਊਨਿਟੀ) ਦੀ ਗਿਣਤੀ ਜਨਵਰੀ ਤੋਂ ਬਾਅਦ ਤਿੰਨ ਗੁਣਾ ਹੋ ਗਈ ਹੈ।
ਦੁਨੀਆ ਭਰ ਵਿੱਚ ਮਰਦਾਂ ਦੀ ਫ਼ਰਟਿਲਿਟੀ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜਿਹੇ ਮਰਦਾਂ ਦੀ ਗਿਣਤੀ ਵਿੱਚ ਵਾਧਾ ਦੇਖਿਆ ਹੈ ਜੋ ਸੀਮਨ ਐਨਾਲਿਸਿਸ (ਵੀਰਜ ਦੀ ਜਾਂਚ) ਕਰਵਾਉਣਾ ਚਾਹੁੰਦੇ ਹਨ ਅਤੇ ਭਵਿੱਖ ਵਿੱਚ ਆਪਣੀ ਫ਼ਰਟਿਲਿਟੀ ਨੂੰ ਲੈਕੇ ਚਿੰਤਾ ਜ਼ਾਹਿਰ ਕਰ ਰਹੇ ਹਨ।
ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹਾ ਕੁਝ ਹੱਦ ਤੱਕ ਟੈਸਟੋਸਟੇਰੋਨ ਰਿਪਲੇਸਮੈਂਟ ਥੈਰੇਪੀ (ਟੀਆਰਟੀ) ਅਤੇ ਸਟੇਰਾਇਡਜ਼ ਦੀ ਵਧ ਰਹੀ ਵਰਤੋਂ, ਅਤੇ ਨਾਲ ਹੀ ਵਾਤਾਵਰਣ ਵਿੱਚ ਮੌਜੂਦ ਟਾਕਸਿਨਜ਼ ਨੂੰ ਲੈ ਕੇ ਵਧਦੀ ਚਿੰਤਾ ਕਾਰਨ ਹੋ ਰਿਹਾ ਹੈ, ਇਹ ਸਾਰੇ ਹੀ ਫ਼ਰਟਿਲਿਟੀ ਨਾਲ ਜੁੜੇ ਹਾਰਮੋਨਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਯੂਕੇ ਸਥਿਤ ਫ਼ਰਟਿਲਿਟੀ ਮਾਹਿਰ ਪ੍ਰੋਫੈਸਰ ਸੁਕਸ ਮਿਨਹਾਸ ਦਾ ਕਹਿਣਾ ਹੈ ਕਿ ਇਸ ਵਿਸ਼ੇ ਵੱਲ ਧਿਆਨ ਜਾਣ ਦੇ ਮਿਲੇ-ਜੁਲੇ ਫ਼ਾਇਦੇ ਹਨ। ਉਨ੍ਹਾਂ ਕਿਹਾ, "ਮਰਦਾਂ ਵਿੱਚ ਬਾਂਝਪਨ ਦੇ ਮੁੱਦੇ 'ਤੇ ਗੱਲ ਕਰਨਾ ਜ਼ਰੂਰੀ ਹੈ। ਪਰ ਕੀ ਅਸੀਂ ਬੇਲੋੜੇ ਹੀ ਇਸ ਚਿੰਤਾ ਨੂੰ ਵਧਾ ਰਹੇ ਹਾਂ?"
ਪ੍ਰੋਫੈਸਰ ਅੱਗੇ ਕਹਿੰਦੇ ਹਨ ਕਿ ਇਸ ਦੌਰਾਨ, ਇਸ ਚਿੰਤਾ ਦਾ ਫ਼ਾਇਦਾ ਚੁੱਕਣ ਲਈ ਇਨਫ਼ਲੂਐਂਸਰਾਂ ਅਤੇ ਉਤਪਾਦਾਂ ਦਾ ਇੱਕ ਉਦਯੋਗ ਵੀ ਉੱਭਰ ਆਇਆ ਹੈ।
ਬਹੁਤ ਸਾਰੇ ਲੋਕਾਂ ਵਾਂਗ, ਸਾਈਮਨ ਨੂੰ ਵੀ ਇਸ ਵਿਸ਼ੇ ਬਾਰੇ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਤੋਂ ਹੀ ਪਤਾ ਲੱਗਿਆ ਸੀ। ਪਰ ਉਨ੍ਹਾਂ ਨੇ ਅਜੇ ਤੱਕ ਆਪਣੇ ਸਪਰਮ ਦੀ ਜਾਂਚ ਨਹੀਂ ਕਰਵਾਈ ਹੈ ਅਤੇ ਉਨ੍ਹਾਂ ਨੂੰ ਆਪਣੀ ਸਿਹਤ ਨੂੰ ਲੈਕੇ ਚਿੰਤਾ ਕਰਨ ਦੀ ਕੋਈ ਖ਼ਾਸ ਵਜ੍ਹਾ ਵੀ ਨਹੀਂ ਹੈ।
ਉਹ ਕਹਿੰਦੇ ਹਨ, "ਇਹ ਇੱਕ ਅਜਿਹੀ ਚੀਜ਼ ਹੈ ਜਿਸ ਤੋਂ ਮੈਨੂੰ ਆਮ ਤੌਰ 'ਤੇ ਡਰ ਲੱਗਦਾ ਹੈ, ਇਸ ਲਈ ਮੈਂ ਆਪਣੀ ਫ਼ਰਟਿਲਿਟੀ (ਪ੍ਰਜਨਨ ਸਮਰੱਥਾ) ਨੂੰ ਸੁਰੱਖਿਅਤ ਰੱਖਣ ਦਾ ਯਤਨ ਕਰਦਾ ਹਾਂ।"
ਇਨਫ਼ਲੂਐਂਸਰ ਬ੍ਰਾਇਨ ਜੌਨਸਨ ਦੇ ਕੰਟੈਂਟ ਕਾਰਨ ਹੀ ਸਾਈਮਨ ਨੂੰ ਆਪਣੀ ਫ਼ਰਟਿਲਿਟੀ ਬਾਰੇ ਅਸਲ ਵਿੱਚ ਚਿੰਤਾ ਹੋਣੀ ਸ਼ੁਰੂ ਹੋਈ।
ਇੱਕ ਪਾਸੇ ਜਿੱਥੇ ਦੁਨੀਆ ਭਰ ਵਿੱਚ ਸਪਰਮ ਕਾਊਂਟ ਵਿੱਚ ਕਮੀ ਦੇ ਮਾਮਲੇ ਸਾਹਮਣੇ ਆ ਰਹੇ ਹਨ, ਸਿਲਿਕਾਨ ਵੈਲੀ ਦੇ ਸਾਬਕਾ ਅਰਬਪਤੀ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਸਪਰਮ ਕਾਊਂਟ ਔਸਤ ਨਾਲੋਂ ਚਾਰ ਗੁਣਾ ਵੱਧ ਹੈ।
ਉਹ ਟੈਸਟੋਸਟੇਰੋਨ ਅਤੇ ਸਪਰਮ ਕਾਊਂਟ ਵਧਾਉਣ ਲਈ ਸੌਨਾ ਅਤੇ ਆਈਸ ਪੈਕ ਪ੍ਰੋਟੋਕਾਲ - ਹੈਲਥ ਸਟੈਪਸ - ਨੂੰ ਪ੍ਰਮੋਟ ਕਰਦੇ ਹਨ, ਜਿਨ੍ਹਾਂ ਨੂੰ ਸਾਈਮਨ ਵੀ ਫਾਲੋ ਕਰਦੇ ਹਨ।
ਜੌਨਸਨ ਦੇ ਕੰਟੈਂਟ - ਜਿਸ ਨੂੰ ਛੇ ਮਿਲੀਅਨ ਤੋਂ ਵੱਧ ਲੋਕ ਫ਼ਾਲੋ ਕਰਦੇ ਹਨ - ਤੋਂ ਸੰਭਾਵਿਤ ਗਾਹਕ ਉਨ੍ਹਾਂ ਦੀ ਵੈੱਬਸਾਈਟ 'ਬਲੂਪ੍ਰਿੰਟ' 'ਤੇ ਪਹੁੰਚਦੇ ਹਨ, ਜਿੱਥੇ ਉਹ ਸਪਲੀਮੈਂਟਸ ਵੇਚਦੇ ਹਨ।
ਉਹ ਇਕੱਲੇ ਅਜਿਹੇ ਵਿਅਕਤੀ ਨਹੀਂ ਹਨ। ਬਿਨਾਂ ਮੈਡੀਕਲ ਸਬੂਤ ਦੇ ਇਨਫ਼ਲੂਐਂਸਰਾਂ ਵੱਲੋਂ ਪ੍ਰਮੋਟ ਕੀਤੇ ਜਾਣ ਵਾਲੇ ਹੋਰ ਤਰੀਕਿਆਂ ਵਿੱਚ ਕੁਝ ਸਪਲੀਮੈਂਟਸ, ਰੈੱਡ ਲਾਈਟ ਥੈਰੇਪੀ ਅਤੇ ਮਾਈਕ੍ਰੋਪਲਾਸਟਿਕ ਨੂੰ "ਬਾਹਰ ਕੱਢਣ" ਲਈ ਖ਼ੂਨਦਾਨ ਕਰਨਾ ਵੀ ਸ਼ਾਮਲ ਹੈ।
ਹੈਲਥ ਇਨਫ਼ਲੂਐਂਸਰਾਂ ਦਾ ਇਹ ਕੰਟੈਂਟ ਦੁਨੀਆ ਭਰ ਵਿੱਚ ਜਨਮ ਦਰ ਵਿੱਚ ਆ ਰਹੀ ਕਮੀ ਬਾਰੇ ਹੋ ਰਹੀਆਂ ਵਿਆਪਕ ਚਰਚਾਵਾਂ ਦੇ ਦਰਮਿਆਨ ਸਾਹਮਣੇ ਆਇਆ ਹੈ।
ਅਮਰੀਕਾ ਦੇ ਸਿਹਤ ਸਕੱਤਰ ਆਰਐੱਫਕੇ ਜੂਨੀਅਰ ਨੇ ਹਾਲ ਹੀ ਵਿੱਚ "ਫ਼ਰਟਿਲਿਟੀ ਸੰਕਟ" ਦੀ ਗੱਲ ਕਰਦੇ ਹੋਏ ਦਲੀਲ ਦਿੱਤੀ ਹੈ ਕਿ 1970 ਵਿੱਚ "ਮਰਦਾਂ ਦਾ ਸਪਰਮ ਕਾਊਂਟ ਅੱਜ ਦੇ ਕਿਸ਼ੋਰਾਂ ਦੀ ਤੁਲਨਾ ਵਿੱਚ ਦੁੱਗਣਾ ਸੀ।"
ਅਜਿਹਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਕਿਸ਼ੋਰਾਂ ਦਾ ਸਪਰਮ ਕਾਊਂਟ 1970 ਦੇ ਮਰਦਾਂ ਦੀ ਤੁਲਨਾ ਵਿੱਚ ਘੱਟ ਹੈ, ਪਰ ਪਿਛਲੇ ਸਮਿਆਂ 'ਚ ਹੋਏ ਅਧਿਐਨਾਂ ਦੇ ਕੁਝ ਵੱਡੇ ਪੱਧਰ 'ਤੇ ਕੀਤੇ ਗਏ ਵਿਸ਼ਲੇਸ਼ਣਾਂ ਤੋਂ ਇਹ ਸਾਹਮਣੇ ਆਇਆ ਹੈ ਕਿ 1970 ਦੇ ਦਹਾਕੇ ਤੋਂ ਦੁਨੀਆ ਭਰ ਵਿੱਚ ਸਪਰਮ ਕਾਊਂਟ ਵਿੱਚ ਕਾਫ਼ੀ ਕਮੀ ਆਈ ਹੈ, ਪਰ ਇਸ ਖੇਤਰ ਵਿੱਚ ਅਜੇ ਹੋਰ ਖੋਜ ਕਰਨ ਦੀ ਲੋੜ ਹੈ। ਇਸ ਦਾ ਮਤਲਬ ਹੈ ਕਿ ਸਪਰਮ ਕਾਊਂਟ ਵਿੱਚ ਕਮੀ ਦੇ ਕਾਰਨ ਅਤੇ ਕੁੱਲ ਜਨਮ ਦਰ 'ਤੇ ਇਸ ਦੇ ਅਸਰ ਅਜੇ ਸਪਸ਼ਟ ਨਹੀਂ ਹਨ।
ਇਸ ਦੌਰਾਨ, ਐਂਡਰਿਊ ਹਿਊਬਰਮੈਨ ਵਰਗੇ 'ਮੈਨੋਸਫੀਅਰ' ਨਾਲ ਜੁੜੇ ਜਾਂ ਕੁਝ ਹੱਦ ਤੱਕ ਜੁੜੇ ਇਨਫ਼ਲੂਐਂਸਰਾਂ ਨੇ ਆਪਣੇ ਪੌਡਕਾਸਟ 'ਤੇ ਮਰਦਾਂ ਦੇ ਸਪਰਮ ਕਾਊਂਟ ਵਿੱਚ ਕਮੀ ਬਾਰੇ ਚਰਚਾ ਕੀਤੀ ਹੈ, ਅਤੇ ਜੋਅ ਰੋਗਨ ਨੇ ਆਉਣ ਵਾਲੇ "ਆਬਾਦੀ ਦੇ ਪਤਨ" ਦੀ ਚੇਤਾਵਨੀ ਦਿੱਤੀ ਹੈ।
ਬਾਇਓਲਾਜਿਕਲ ਸਮਰੱਥਾ ਤੋਂ ਇਲਾਵਾ ਜਨਮ ਦਰ ਵਿੱਚ ਕਮੀ ਦੇ ਕਈ ਕਾਰਨ ਹਨ - ਜੋ ਦੁਨੀਆ ਭਰ ਵਿੱਚ ਹਰ ਸੱਤ ਵਿੱਚੋਂ ਇੱਕ ਜੋੜੇ ਨੂੰ ਪ੍ਰਭਾਵਿਤ ਕਰਦੀ ਹੈ। ਆਰਥਿਕ ਅਤੇ ਸਮਾਜਿਕ ਮੁੱਦਿਆਂ ਨੂੰ ਅਕਸਰ ਲੋਕਾਂ ਵੱਲੋਂ ਬੱਚੇ ਨਾ ਪੈਦਾ ਕਰਨ ਦੀ ਵਜ੍ਹਾ ਦੱਸਿਆ ਜਾਂਦਾ ਹੈ।
ਇੰਪੀਰੀਅਲ ਕਾਲਜ ਵਿੱਚ ਰਿਪਰੋਡਕਟਿਵ ਐਂਡੋਕ੍ਰਿਨੋਲੋਜਿਸਟ ਪ੍ਰੋਫੈਸਰ ਚੰਨਾ ਜਯਾਸੇਨਾ ਦਾ ਮੰਨਣਾ ਹੈ ਕਿ ਹਾਲਾਂਕਿ ਚਿੰਤਾ ਕਰਨ ਦੀ ਵਜ੍ਹਾ ਵਾਜਬ ਹੈ, ਪਰ ਸੋਸ਼ਲ ਮੀਡੀਆ 'ਤੇ ਕੀਤੇ ਜਾ ਰਹੇ ਦਾਅਵੇ ਵਧਾ-ਚੜ੍ਹਾ ਕੇ ਪੇਸ਼ ਕੀਤੇ ਗਏ ਹਨ।
ਉਹ ਕਹਿੰਦੇ ਹਨ, "ਕੁਝ ਚੁਣੌਤੀਆਂ ਜ਼ਰੂਰ ਹਨ, ਪਰ ਉਨ੍ਹਾਂ ਦੇ ਕਾਰਨ ਕੀ ਹਨ, ਇਹ ਬਿਲਕੁਲ ਵੀ ਸਪਸ਼ਟ ਨਹੀਂ ਹੈ।"
ਕੁਦਰਤੀ ਇਲਾਜ (ਨੇਚਰੋਪੈਥੀ) ਦੱਸਣ ਵਾਲੇ ਲੂਕਸ ਉਨ੍ਹਾਂ ਹੈਲਥ ਇਨਫ਼ਲੂਐਂਸਰਾਂ ਵਿੱਚੋਂ ਇੱਕ ਹਨ, ਜੋ ਫ਼ਰਟਿਲਿਟੀ ਰੇਟ (ਪ੍ਰਜਨਨ ਸਮਰੱਥਾ) ਬਾਰੇ ਚੇਤਾਵਨੀ ਦੇਣ ਵਾਲਾ ਕੰਟੈਂਟ ਬਣਾਉਂਦੇ ਹਨ।
ਉਹ ਬੀਬੀਸੀ ਨੂੰ ਦੱਸਦੇ ਹਨ, "ਅਸੀਂ ਦੁਨੀਆ ਭਰ ਵਿੱਚ ਇੱਕ ਅਜਿਹੀ ਮਹਾਮਾਰੀ ਦੇਖ ਰਹੇ ਹਾਂ, ਜਿਸ ਵਿੱਚ ਹਰ ਥਾਂ ਫ਼ਰਟਿਲਿਟੀ ਘਟ ਰਹੀ ਹੈ।"
ਉਨ੍ਹਾਂ ਨੇ ਆਪਣੇ ਯੂਟਿਊਬ ਦਰਸ਼ਕਾਂ ਅੱਗੇ ਇਹ ਗੁੰਮਰਾਹ ਕਰਨ ਵਾਲਾ ਦਾਅਵਾ ਵੀ ਕੀਤਾ ਹੈ ਕਿ 33 ਸਾਲਾਂ ਵਿੱਚ ਮਰਦ ਬਾਂਝ ਹੋ ਜਾਣਗੇ।
ਉਹ ਆਨਲਾਈਨ ਕੋਰਸ ਵੇਚਦੇ ਹਨ, 1:1 ਕੋਚਿੰਗ ਦਿੰਦੇ ਹਨ ਅਤੇ ਟੈਸਟੋਸਟੇਰੋਨ ਅਤੇ ਫ਼ਰਟਿਲਿਟੀ ਵਧਾਉਣ ਦੀ ਇੱਛਾ ਰੱਖਣ ਵਾਲੇ ਮਰਦਾਂ ਲਈ ਸਪਲੀਮੈਂਟ ਵੀ ਵੇਚਦੇ ਹਨ।
ਉਨ੍ਹਾਂ ਦਾ ਸੋਸ਼ਲ ਮੀਡੀਆ ਕੰਟੈਂਟ, ਜਿਸ ਵਿੱਚ ਫ਼ਰਟਿਲਿਟੀ ਨਾਲ ਜੁੜੇ ਕੁਝ ਅਜਿਹੇ ਤਰੀਕਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਜਿਨ੍ਹਾਂ ਦੀ ਪੁਸ਼ਟੀ ਨਹੀਂ ਹੋਈ, ਕਾਫ਼ੀ ਵਾਇਰਲ ਹੋ ਗਿਆ ਹੈ।
ਉਹ ਕਹਿੰਦੇ ਹਨ, "ਮੈਂ ਮਰਦਾਂ ਨੂੰ ਸਲਾਹ ਦਿੰਦਾ ਹਾਂ ਕਿ ਉਹ ਦਿਨ ਵਿੱਚ ਦੋ ਤੋਂ ਤਿੰਨ ਵਾਰ ਲਗਭਗ 10 ਤੋਂ 15 ਮਿੰਟ ਤੱਕ ਆਪਣੇ ਅੰਡਰਵੇਅਰ 'ਤੇ ਆਈਸ ਪੈਕ ਲਗਾਉਣ।"
ਉਨ੍ਹਾਂ ਦਾ ਦਾਅਵਾ ਹੈ ਕਿ ਕਲਾਇੰਟਸ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਅਜਿਹਾ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਪਾਰਟਨਰ ਮਹਿਲਾਵਾਂ ਗਰਭਵਤੀ ਹੋ ਗਈਆਂ।
ਉਨ੍ਹਾਂ ਦੇ ਕੁਝ ਫ਼ਾਲੋਅਰ ਆਪਣੇ ਟੈਸਟਿਕਲਜ਼ (ਅੰਡਕੋਸ਼ਾਂ) 'ਤੇ ਜਾਂ ਉਨ੍ਹਾਂ ਦੇ ਸਾਹਮਣੇ ਰੈੱਡ ਲਾਈਟ ਡਿਵਾਈਸ ਦੀ ਵਰਤੋਂ ਵੀ ਕਰਦੇ ਹਨ।
ਉਹ ਦਾਅਵਾ ਕਰਦੇ ਹਨ, "ਇਹ ਅਜੇ ਸ਼ੁਰੂਆਤੀ ਪੜਾਅ 'ਚ ਹੈ। ਮੈਨੂੰ ਲੱਗਦਾ ਹੈ ਕਿ ਇਹ ਅਜ਼ਮਾਉਣ ਯੋਗ ਇੱਕ ਵਧੀਆ ਤਰੀਕਾ ਹੈ, ਬਸ਼ਰਤੇ ਇਸ ਨਾਲ ਵਿਅਕਤੀ ਨੂੰ ਕੋਈ ਨੁਕਸਾਨ ਨਾ ਹੋਵੇ।"
ਜਦੋਂ ਲੂਕਸ ਤੋਂ ਉਨ੍ਹਾਂ ਦੀ ਸਲਾਹ ਦੇ ਅਪ੍ਰਮਾਣਿਤ ਹੋਣ ਬਾਰੇ ਪੁੱਛਿਆ ਗਿਆ, ਤਾਂ ਲੂਕਸ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅੰਡਕੋਸ਼ਾਂ 'ਤੇ ਬਰਫ਼ ਲਗਾਉਣਾ ਇੱਕ "ਉਮੀਦ ਜਗਾਉਣ ਵਾਲਾ ਤਰੀਕਾ" ਹੈ, ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਇਸ ਬਾਰੇ ਹੋਰ ਖੋਜ ਦੇਖਣਾ ਚਾਹੁਣਗੇ।
ਲੂਕਸ ਚੰਗੀ ਖੁਰਾਕ, ਚੰਗੀ ਨੀਂਦ ਅਤੇ ਕਸਰਤ ਦੀ ਵੀ ਸਲਾਹ ਦਿੰਦੇ ਹਨ - ਅਜਿਹੇ ਉਪਾਅ ਜਿਨ੍ਹਾਂ ਦੇ ਹੱਕ ਵਿੱਚ ਮਜ਼ਬੂਤ ਵਿਗਿਆਨਕ ਸਬੂਤ ਮੌਜੂਦ ਹਨ।
ਫ਼ਰਟਿਲਿਟੀ ਨਾਲ ਜੁੜੀ ਇਹ ਸਲਾਹ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਬਾਡੀਬਿਲਡਿੰਗ ਅਤੇ 'ਲੁਕਸਮੈਕਸਿੰਗ' (ਦਿੱਖ ਨੂੰ ਬਿਹਤਰ ਬਣਾਉਣ ਦਾ ਇੱਕ ਆਨਲਾਈਨ ਰੁਝਾਨ) ਕਾਰਨ ਟੈਸਟੋਸਟੇਰੋਨ ਵਧਾਉਣ ਵਾਲੀਆਂ ਦਵਾਈਆਂ ਲੈਣ ਵਾਲੇ ਮਰਦਾਂ ਦੀ ਗਿਣਤੀ ਵਧ ਰਹੀ ਹੈ।
ਪਰ ਸਟੇਰਾਇਡ ਅਤੇ ਟੈਸਟੋਸਟੇਰੋਨ ਲੈਣ ਨਾਲ ਫ਼ਰਟਿਲਿਟੀ ਨੂੰ ਨੁਕਸਾਨ ਪਹੁੰਚਦਾ ਹੈ।
ਇਸ ਨੁਕਸਾਨ ਨੂੰ ਠੀਕ ਕਰਨ ਦੀ ਕੋਸ਼ਿਸ਼ ਵਿੱਚ, ਇਨਫ਼ਲੂਐਂਸਰ ਵੱਖ-ਵੱਖ ਦਵਾਈਆਂ ਦੇ "ਸਟੈਕ" (ਕਈ ਦਵਾਈਆਂ ਦਾ ਕੰਬੀਨੇਸ਼ਨ) ਨੂੰ ਪ੍ਰਮੋਟ ਕਰਦੇ ਹਨ - ਜਿਨ੍ਹਾਂ ਨੂੰ ਉਹ ਅਕਸਰ ਆਪਣੀ ਵੈੱਬਸਾਈਟ 'ਤੇ ਵੇਚਦੇ ਹਨ।
ਇਨ੍ਹਾਂ ਵਿੱਚ ਐਚਸੀਜੀ (HCG) ਅਤੇ ਐਚਐਮਜੀ (HMG) ਵਰਗੀਆਂ ਫ਼ਰਟਿਲਿਟੀ ਸਬੰਧੀ ਦਵਾਈਆਂ ਸ਼ਾਮਲ ਹਨ, ਜਿਨ੍ਹਾਂ ਦੀ ਵਰਤੋਂ ਆਮ ਤੌਰ 'ਤੇ ਪੁਰਸ਼ਾਂ ਅਤੇ ਮਹਿਲਾਵਾਂ ਵਿੱਚ ਫ਼ਰਟਿਲਿਟੀ ਹਾਰਮੋਨਾਂ ਨੂੰ "ਐਕਟੀਵੇਟ" ਕਰਨ ਲਈ ਕੀਤੀ ਜਾਂਦੀ ਹੈ। ਪਰ ਇਨ੍ਹਾਂ ਦੇ ਖ਼ਤਰਨਾਕ ਮਾੜੇ ਪ੍ਰਭਾਵ (ਸਾਈਡ ਇਫੈਕਟਸ) ਹੋ ਸਕਦੇ ਹਨ ਅਤੇ ਬਿਨਾਂ ਡਾਕਟਰੀ ਸਲਾਹ ਦੇ ਇਨ੍ਹਾਂ ਨੂੰ ਲੈਣ ਨਾਲ ਸਥਾਈ ਨੁਕਸਾਨ ਵੀ ਹੋ ਸਕਦਾ ਹੈ।
ਪ੍ਰੋਫੈਸਰ ਜਯਾਸੇਨਾ ਕਹਿੰਦੇ ਹਨ, "ਇਹ ਬਹੁਤ ਹੀ ਖ਼ਤਰਨਾਕ ਹੈ, [ਕੁਝ ਦਵਾਈਆਂ ਨਾਲ] ਖ਼ੂਨ ਦੇ ਥੱਕੇ ਜਮ ਸਕਦੇ ਹਨ ਅਤੇ ਅਸਲ ਵਿੱਚ ਛਾਤੀਆਂ ਵੀ ਵਧ ਸਕਦੀਆਂ ਹਨ, ਜਿਸਦਾ ਜੇ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਸਰੀਰਕ ਬਣਤਰ ਵਿਗੜ ਸਕਦੀ ਹੈ।"
ਅਸੀਂ ਦੁਨੀਆ ਭਰ ਤੋਂ ਸੱਤ ਵੱਖ-ਵੱਖ ਮਰਦਾਂ ਨਾਲ ਗੱਲ ਕੀਤੀ, ਜੋ ਟੀਆਰਟੀ ਲੈਣ ਤੋਂ ਬਾਅਦ ਆਪਣੀ ਫ਼ਰਟਿਲਿਟੀ ਮੁੜ ਹਾਸਲ ਕਰਨ ਲਈ ਫ਼ਰਟਿਲਿਟੀ "ਸਟੈਕ" ਲੈ ਰਹੇ ਸਨ। ਕਿਉਂਕਿ ਆਨਲਾਈਨ ਸਟੇਰਾਇਡ ਵਰਗੀਆਂ ਦਵਾਈਆਂ ਖਰੀਦਣਾ ਗੈਰ-ਕਾਨੂੰਨੀ ਹੈ, ਇਸ ਲਈ ਉਨ੍ਹਾਂ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਬੇਨਤੀ ਕੀਤੀ।
ਇੱਕ ਵਿਅਕਤੀ ਨੇ ਮੈਨੂੰ ਦੱਸਿਆ ਕਿ ਉਸ ਨੂੰ ਲੱਗਿਆ ਸੀ ਕਿ "ਐਚਐਮਜੀ ਅਤੇ ਐਚਸੀਜੀ ਲੈਣ" ਤੋਂ ਬਾਅਦ ਉਹ "ਕਈ ਬੱਚਿਆਂ" ਦਾ ਪਿਤਾ ਬਣ ਜਾਵੇਗਾ।
ਜਮਾਲ (ਬਦਲਿਆ ਹੋਇਆ ਨਾਮ) ਨੇ ਬਾਡੀਬਿਲਡਿੰਗ ਲਈ ਟੈਸਟੋਸਟੇਰੋਨ ਅਤੇ ਸਟੇਰਾਇਡ ਦੀ ਬਹੁਤ ਖੁਰਾਕ ਲਈ, ਜਿਸ ਨਾਲ ਉਨ੍ਹਾਂ ਦੀ ਫ਼ਰਟਿਲਿਟੀ ਘਟ ਗਈ। ਫਿਰ ਜਦੋਂ ਉਸ ਨੇ ਅਤੇ ਉਨ੍ਹਾਂ ਦੀ ਪਾਰਟਨਰ ਨੇ ਬੱਚੇ ਪੈਦਾ ਕਰਨ ਬਾਰੇ ਸੋਚਣਾ ਸ਼ੁਰੂ ਕੀਤਾ ਤਾਂ ਜਮਾਲ ਨੇ ਪਿਛਲੇ ਸਾਲ ਦੇ ਅੰਤ ਵਿੱਚ ਇਹ ਦਵਾਈਆਂ ਲੈਣੀਆਂ ਬੰਦ ਕਰ ਦਿੱਤੀਆਂ।
ਉਸ ਨੂੰ ਆਨਲਾਈਨ ਫੋਰਮਾਂ ਅਤੇ ਯੂਟਿਊਬ 'ਤੇ ਅਜਿਹੇ ਲੋਕਾਂ ਤੋਂ ਫ਼ਰਟਿਲਿਟੀ ਬਾਰੇ ਸਲਾਹ ਮਿਲੀ, ਜਿਨ੍ਹਾਂ ਨੇ ਉਹੀ ਚੀਜ਼ਾਂ ਲਈਆਂ ਸਨ ਜੋ ਜਮਾਲ ਨੇ ਲਈਆਂ ਸਨ, ਅਤੇ ਉਨ੍ਹਾਂ ਲੋਕਾਂ ਨੇ "ਯਕੀਨ ਤੌਰ 'ਤੇ ਕੰਮ ਕਰਨ ਵਾਲੇ ਫ਼ਰਟਿਲਿਟੀ ਸਟੈਕ" ਦਾ ਸੁਝਾਅ ਦਿੱਤਾ।
ਜਮਾਲ ਕਹਿੰਦੇ ਹਨ, "ਆਨਲਾਈਨ ਲੋਕਾਂ ਨੇ ਕਿਹਾ, 'ਇਸ ਨੂੰ ਇਸ ਤਰ੍ਹਾਂ ਲੈਣਾ ਹੈ, ਇਹ ਕਰਨਾ ਹੈ'। ਮੈਨੂੰ ਪਤਾ ਹੈ ਕਿ ਐਂਡੋਕ੍ਰਿਨੋਲੋਜਿਸਟ (ਹਾਰਮੋਨਾਂ ਦੇ ਮਾਹਿਰ ਡਾਕਟਰ) ਕੋਲ ਜਾਣਾ ਸ਼ਾਇਦ ਬਿਹਤਰ ਤਰੀਕਾ ਹੈ, ਪਰ ਮੈਂ ਫਿਰ ਵੀ ਇਹ ਦਵਾਈਆਂ ਕੁਝ ਵੈੱਬਸਾਈਟਾਂ ਤੋਂ ਖਰੀਦ ਲਈਆਂ ਹਨ।"
ਜਦੋਂ ਇਸ ਨਾਲ ਕੋਈ ਫ਼ਾਇਦਾ ਨਹੀਂ ਹੋਇਆ, ਤਾਂ ਉਨ੍ਹਾਂ ਨੇ ਪੇਸ਼ੇਵਰ ਮਦਦ ਲਈ ਅਤੇ ਪ੍ਰੋਫੈਸਰ ਜਯਾਸੇਨਾ ਨੂੰ ਮਿਲੇ। ਉਸ ਸਮੇਂ ਤੱਕ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਬਿਨਾਂ ਨਿਗਰਾਨੀ ਦੇ ਇਹ ਫ਼ਰਟਿਲਿਟੀ "ਸਟੈਕ" ਲੈਣਾ ਖ਼ਤਰਨਾਕ ਹੋ ਸਕਦਾ ਹੈ।
ਪ੍ਰੋਫੈਸਰ ਜਯਾਸੇਨਾ ਦੀ ਸਲਾਹ 'ਤੇ ਜਮਾਲ ਨੇ ਫ਼ਰਟਿਲਿਟੀ ਸਟੈਕ ਸਮੇਤ ਸਾਰੀਆਂ ਦਵਾਈਆਂ ਲੈਣੀਆਂ ਬੰਦ ਕਰ ਦਿੱਤੀਆਂ ਹਨ। ਛੇ ਮਹੀਨੇ ਬਾਅਦ, ਉਸ ਦੇ ਕੁਦਰਤੀ ਟੈਸਟੋਸਟੇਰੋਨ ਦੇ ਪੱਧਰ ਵਿੱਚ ਸੁਧਾਰ ਹੋ ਰਿਹਾ ਹੈ, ਹਾਲਾਂਕਿ ਸਪਰਮ ਬਣਾਉਣ ਵਾਲਾ ਹਾਰਮੋਨ ਜਾਂ ਸ਼ੁਕਰਾਣੂ ਉਤਪਾਦਨ ਨੂੰ ਉਤੇਜਿਤ ਕਰਨ ਵਾਲਾ ਹਾਰਮੋਨ ਅਜੇ ਵੀ ਘੱਟ ਹੈ। ਉਨ੍ਹਾਂ ਨੂੰ ਅਤੇ ਪ੍ਰੋਫੈਸਰ ਨੂੰ ਉਮੀਦ ਹੈ ਕਿ ਇਸ ਵਿੱਚ ਵੀ ਸੁਧਾਰ ਹੋਵੇਗਾ।
ਪ੍ਰੋਫੈਸਰ ਜਯਾਸੇਨਾ ਚੇਤਾਵਨੀ ਦਿੰਦੇ ਹਨ ਕਿ ਹਾਲਾਂਕਿ ਮਰਦਾਂ ਦੀ ਫ਼ਰਟਿਲਿਟੀ ਬਾਰੇ ਜਾਗਰੂਕਤਾ ਵਧਣਾ ਚੰਗੀ ਗੱਲ ਹੈ, ਪਰ ਇਸ ਨਾਲ ਜਾਣਕਾਰੀ ਦੀ ਕਮੀ ਵੀ ਸਾਹਮਣੇ ਆਈ ਹੈ - ਯਾਨੀ ਜਮਾਲ ਵਰਗੇ ਮਰਦ ਇਨਫ਼ਲੂਐਂਸਰਾਂ ਤੋਂ ਸਲਾਹ ਲੈਂਦੇ ਹਨ, ਕਿਉਂਕਿ ਮਾਹਿਰ ਹਰ ਵੇਲੇ ਉਪਲੱਬਧ ਨਹੀਂ ਹੁੰਦੇ।
ਉਹ ਅੱਗੇ ਕਹਿੰਦੇ ਹਨ, "ਸਭ ਤੋਂ ਵਧੀਆ ਹਾਲਤ ਵਿੱਚ ਇਹ (ਇਸ ਤਰ੍ਹਾਂ ਦਾ ਗੈਰ ਪ੍ਰਮਾਣਿਕ ਕੰਟੈਂਟ) ਲੋਕਾਂ ਦਾ ਧਿਆਨ ਉਨ੍ਹਾਂ ਚੀਜ਼ਾਂ ਤੋਂ ਹਟਾ ਸਕਦਾ ਹੈ ਜੋ ਅਸਲ ਵਿੱਚ ਉਨ੍ਹਾਂ ਦੀ ਮਦਦ ਕਰ ਸਕਦੀਆਂ ਹਨ। ਪਰ ਸਭ ਤੋਂ ਮਾੜੀ ਹਾਲਤ ਵਿੱਚ, ਇਹ ਉਨ੍ਹਾਂ ਨੂੰ ਅਜਿਹੇ ਕਦਮ ਚੁੱਕਣ ਲਈ ਉਕਸਾ ਸਕਦਾ ਹੈ ਜੋ ਉਨ੍ਹਾਂ ਦੀ ਸਿਹਤ ਲਈ ਨੁਕਸਾਨਦੇਹ ਹੋ ਸਕਦੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ