You’re viewing a text-only version of this website that uses less data. View the main version of the website including all images and videos.
ਸੂਰਤ ਵਿੱਚ ਕਾਂਗਰਸ ਸਣੇ 9 ਉਮੀਦਵਾਰ ਮੈਦਾਨ 'ਚ ਸਨ, ਪਰ ਭਾਜਪਾ ਕਿਵੇਂ ਬਿਨਾਂ ਮੁਕਾਬਲਾ ਜਿੱਤ ਗਈ
- ਲੇਖਕ, ਜੈਦੀਪ ਬਸੰਤ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
ਲੋਕ ਸਭਾ ਚੋਣਾਂ 2024 ਦੀ ਵੋਟਿੰਗ ਸ਼ੁਰੂ ਹੁੰਦਿਆਂ ਹੀ ਇੱਕ ਮਾਮਲੇ ਦੀ ਸੋਸ਼ਲ ਮੀਡੀਆ ਉੱਤੇ ਚਰਚਾ ਛਿੜ ਗਈ।
ਸੋਮਵਾਰ, 22 ਅਪ੍ਰੈਲ ਨੂੰ ਸੂਰਤ ਲੋਕ ਸਭਾ ਸੀਟ ਲਈ ਵੋਟਿੰਗ ਹੋਣੀ ਸੀ, ਪਰ ਅਜਿਹਾ ਨਹੀਂ ਹੋਇਆ ਅਤੇ ਇੱਥੋਂ ਭਾਜਪਾ ਉਮੀਦਵਾਰ ਮੁਕੇਸ਼ ਦਲਾਲ ਨੂੰ ਰਿਟਰਨਿੰਗ ਅਫ਼ਸਰ ਨੇ ਬਿਨਾਂ ਮੁਕਾਬਲਾ ਜੇਤੂ ਕਰਾਰ ਦੇ ਦਿੱਤਾ।
ਸੂਰਤ ਸੀਟ 'ਤੇ ਮੁਕਾਬਲਾ ਮੁੱਖ ਤੌਰ 'ਤੇ ਭਾਜਪਾ ਅਤੇ ਕਾਂਗਰਸ ਵਿਚਾਲੇ ਸੀ ਪਰ 'ਸਮਰਥਕਾਂ ਦੇ ਦਸਤਖਤਾਂ' ਨੂੰ ਲੈ ਕੇ ਵਿਵਾਦ ਹੋਇਆ ਤੇ ਕਾਂਗਰਸੀ ਉਮੀਦਵਾਰ ਦਾ ਫਾਰਮ ਰੱਦ ਕਰ ਦਿੱਤਾ ਗਿਆ।
ਇਸ ਤੋਂ ਬਾਅਦ ਬਾਕੀ ਆਜ਼ਾਦ ਉਮੀਦਵਾਰਾਂ ਨੇ ਵੀ ਆਪਣੇ ਫਾਰਮ ਵਾਪਸ ਲੈ ਲਏ ਅਤੇ 18ਵੀਂ ਲੋਕ ਸਭਾ ਵਿੱਚ ਭਾਜਪਾ ਦਾ ਖਾਤਾ ਖੁੱਲ੍ਹ ਗਿਆ ਅਤੇ ਮੁਕੇਸ਼ ਦਲਾਲ ਨੂੰ ਪਹਿਲਾ ਸੰਸਦ ਮੈਂਬਰ ਐਲਾਨਿਆ ਗਿਆ।
ਸਿਆਸੀ ਵਿਸ਼ਲੇਸ਼ਕਾਂ ਮੁਤਾਬਕ ਇਸ ਸਾਰੀ ਘਟਨਾ ਨੇ ਕਾਂਗਰਸ ਦੇ ਚੋਣ ਪ੍ਰਬੰਧ ਦੀਆਂ ਖਾਮੀਆਂ ਨੂੰ ਉਜਾਗਰ ਕਰ ਦਿੱਤਾ ਹੈ।
ਜਦਕਿ ਕਾਂਗਰਸ ਨੇ ਕਿਹਾ ਹੈ ਕਿ ਉਹ ਆਪਣੇ ਉਮੀਦਵਾਰ ਦੀ ਨਾਮਜ਼ਦਗੀ ਰੱਦ ਕੀਤੇ ਜਾਣ ਨੂੰ ਹਾਈਕੋਰਟ 'ਚ ਚੁਣੌਤੀ ਦੇਵੇਗੀ ਅਤੇ ਜੇਕਰ ਲੋੜ ਪਈ ਤਾਂ ਸੁਪਰੀਮ ਕੋਰਟ ਤੱਕ ਵੀ ਪਹੁੰਚ ਕਰੇਗੀ। ਆਮ ਆਦਮੀ ਪਾਰਟੀ ਨੇ ਇਸ ਨੂੰ 'ਲੋਕਤੰਤਰ ਦਾ ਖੁੱਲ੍ਹਾ ਕਤਲ' ਕਰਾਰ ਦਿੱਤਾ ਹੈ।
ਭਾਜਪਾ ਨੇ ਵਿਰੋਧੀ ਧਿਰ ਦੇ ਇਲਜ਼ਾਮਾਂ ਨੂੰ ਰੱਦ ਕੀਤਾ ਹੈ।
ਜੇਤੂ ਐਲਾਨੇ ਜਾਣ ਤੋਂ ਬਾਅਦ ਭਾਜਪਾ ਆਗੂ ਮੁਕੇਸ਼ ਦਲਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ,“ਅੱਜ ਗੁਜਰਾਤ ਦੇ ਸੂਰਤ ਵਿੱਚ ਦੇਸ਼ ਦਾ ਪਹਿਲਾ ਕਮਲ ਖਿੜਿਆ ਹੈ। ਇਹ ਕਮਲ ਮੈਂ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਦੇ ਪੈਰਾਂ ਉੱਤੇ ਭੇਟ ਕਰਦਾ ਹਾਂ...”
ਕਾਂਗਰਸੀ ਉਮੀਦਵਾਰ ਦੀ ਨਾਮਜ਼ਦਗੀ ਕਿਉਂ ਰੱਦ ਹੋਈ?
ਕਾਂਗਰਸ ਉਮੀਦਵਾਰ ਦੇ ਨਾਮਜ਼ਦਗੀ ਪੱਤਰ 'ਤੇ ਭਾਜਪਾ ਨੇ ਇਤਰਾਜ਼ ਕੀਤਾ ਸੀ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਂਗਰਸੀ ਉਮੀਦਵਾਰ ਨੀਲੇਸ਼ ਕੁੰਭਾਣੀ ਦੇ ਨਾਮਜ਼ਦਗੀ ਪੱਤਰ 'ਤੇ ਚਾਰ ਪ੍ਰਸਤਾਵਕਾਂ ਦੇ ਦਸਤਖ਼ਤ ਸਨ, ਜਿਨ੍ਹਾਂ 'ਚੋਂ ਉਹ ਤਿੰਨ ਪ੍ਰਸਤਾਵਕਾਂ ਨੂੰ ਚੋਣ ਅਧਿਕਾਰੀ ਅੱਗੇ ਪੇਸ਼ ਨਹੀਂ ਕਰ ਸਕੇ।
ਐਤਵਾਰ ਨੂੰ ਦੋਵੇਂ ਧਿਰਾਂ ਨੇ ਰਿਟਰਨਿੰਗ ਅਫ਼ਸਰ ਅੱਗੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਅਤੇ ਆਖ਼ਰਕਾਰ ਕਾਂਗਰਸੀ ਉਮੀਦਵਾਰ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ।
ਇਲਜ਼ਾਮ ਸੀ ਕਿ ਨੀਲੇਸ਼ ਨੇ ਆਪਣੇ ਨਾਮਜ਼ਦਗੀ ਪੱਤਰ 'ਤੇ ਚਾਰ 'ਚੋਂ ਤਿੰਨ ਪ੍ਰਸਤਾਵਕਾਂ ਦੇ ਜਾਅਲੀ ਦਸਤਖ਼ਤ ਕੀਤੇ।
ਜਿਨ੍ਹਾਂ ਤਿੰਨ ਪ੍ਰਸਤਾਵਕਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਦਸਤਖ਼ਤ ਜਾਅਲੀ ਹਨ, ਉਹ ਤਿੰਨੋਂ ਕਾਂਗਰਸੀ ਉਮੀਦਵਾਰ ਨੀਲੇਸ਼ ਕੁੰਭਾਨੀ ਦੇ ਬੇਹੱਦ ਕਰੀਬੀ ਹਨ।
ਇਨ੍ਹਾਂ ਵਿੱਚੋਂ ਇੱਕ ਉਨ੍ਹਾਂ ਦਾ ਜੀਜਾ ਹੈ, ਇੱਕ ਭਤੀਜਾ ਹੈ ਅਤੇ ਇੱਕ ਕਾਰੋਬਾਰੀ ਭਾਈਵਾਲ ਹੈ।
ਕਿਉਂਕਿ ਇਹ ਤਿੰਨੋਂ ਨੀਲੇਸ਼ ਕੁੰਭਾਨੀ ਦੇ ਕਰੀਬੀ ਲੋਕ ਹਨ, ਇਸ ਲਈ ਸਵਾਲ ਉਠਾਏ ਜਾ ਰਹੇ ਹਨ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ?
ਘਟਨਾ ਦੇ ਬਾਅਦ ਤੋਂ ਤਿੰਨੋਂ ਲੋਕਾਂ ਨਾਲ ਸੰਪਰਕ ਨਹੀਂ ਹੋ ਸਕਿਆ ਹੈ
ਕੌਣ ਹੈ ਮੁਕੇਸ਼ ਦਲਾਲ
ਕੁਝ ਮਹੀਨੇ ਪਹਿਲਾਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਰਤ ਪਹੁੰਚੇ ਤਾਂ ਪਾਰਟੀ ਦੇ ਕਈ ਸੀਨੀਅਰ ਆਗੂ ਉਨ੍ਹਾਂ ਦੇ ਸਵਾਗਤ ਲਈ ਏਅਰਪੋਰਟ 'ਤੇ ਪਹੁੰਚੇ ਸਨ।
ਇਸ ਤੋਂ ਬਾਅਦ ਮੋਦੀ ਨੇ ਸੀਨੀਅਰ ਵਰਕਰ ਦੀ ਟੋਪੀ ਸਿੱਧੀ ਕੀਤੀ ਤਾਂ ਵਰਕਰ ਨੇ ਹੱਥ ਜੋੜ ਕੇ ਜਵਾਬ ਦਿੱਤਾ ਅਤੇ ਮੋਦੀ ਨੇ ਕੁਝ ਦੇਰ ਉਸ ਨਾਲ ਗੱਲ ਕੀਤੀ।
ਉਥੇ ਮੌਜੂਦ ਆਗੂਆਂ ਨੂੰ ਲੱਗਦਾ ਸੀ ਕਿ ਇਹ ਸਿਆਸਤਦਾਨ ਅਤੇ ਪਾਰਟੀ ਦੇ ਇਕ ਸੀਨੀਅਰ ਅਹੁਦੇਦਾਰ ਵਿਚਕਾਰ 'ਨਿੱਘੀ' ਮੁਲਾਕਾਤ ਸੀ, ਪਰ ਜਦੋਂ ਭਾਜਪਾ ਨੇ ਗੁਜਰਾਤ ਲਈ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਤਾਂ ਹਵਾਈ ਅੱਡੇ 'ਤੇ ਵਾਪਰੀ ਘਟਨਾ ਦਾ ਸਾਰ ਸਪੱਸ਼ਟ ਹੋ ਗਿਆ।
ਕੇਂਦਰੀ ਲੀਡਰਸ਼ਿਪ ਨੇ ਸੂਰਤ ਸੀਟ ਤੋਂ ਇੱਕ ਵਰਕਰ ਨੂੰ ਲੋਕ ਸਭਾ ਦੀ ਟਿਕਟ ਦਿੱਤੀ। ਇਹ ਵਰਕਰ ਮੁਕੇਸ਼ ਦਲਾਲ ਸੀ।
ਪੰਜ ਵਾਰ ਸੂਰਤ ਨਗਰ ਨਿਗਮ ਦੀ ਸਥਾਈ ਕਮੇਟੀ ਦੇ ਚੇਅਰਮੈਨ ਰਹਿ ਚੁੱਕੇ ਮੁਕੇਸ਼ ਦਲਾਲ 43 ਸਾਲਾਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ।
ਅਤੇ ਇਸ ਵਾਰ ਲੋਕ ਸਭਾ ਚੋਣਾਂ 'ਚ ਭਾਜਪਾ ਨੇ ਸੂਰਤ ਤੋਂ ਆਪਣੇ ਇਸ ਪੁਰਾਣੇ ਵਰਕਰ ਮੁਕੇਸ਼ ਦਲਾਲ ਨੂੰ ਮੌਕਾ ਦਿੱਤਾ ਹੈ, ਜੋ ਤਲਸੁਰਾਤੀ ਅਤੇ ਮੋਧਵਾਨੀਕ ਭਾਈਚਾਰੇ ਤੋਂ ਆਉਂਦੇ ਹਨ ਅਤੇ 'ਨਮੋ' ਨਾਲ ਉਨ੍ਹਾਂ ਦਾ ਪੁਰਾਣਾ ਰਿਸ਼ਤਾ ਹੈ।
‘ਨਮੋ ਸਕੂਲ' ਦੇ ਨਾਂ ਨਾਲ ਮਸ਼ਹੂਰ ਨਟਵਰਲਾਲ ਮੋਤੀਲਾਲ ਝਾਵੇਰੀ ਯੂਨੀਅਨ ਹਾਈ ਸਕੂਲ ਸੂਰਤ ਦੇ ਲਾਲ ਦਰਵਾਜ਼ਾ ਇਲਾਕੇ ਵਿੱਚ ਸਥਿਤ ਹੈ।
ਮੁਕੇਸ਼ ਦਲਾਲ ਨੇ ਇੱਥੋਂ 1976 ਵਿੱਚ ਸੈਕੰਡਰੀ ਅਤੇ 1978 ਵਿੱਚ ਉੱਚ ਸੈਕੰਡਰੀ ਦੀ ਪੜ੍ਹਾਈ ਕੀਤੀ।
ਇਸ ਤੋਂ ਬਾਅਦ ਉਨ੍ਹਾਂ ਨੇ ਦੱਖਣੀ ਗੁਜਰਾਤ ਯੂਨੀਵਰਸਿਟੀ (ਹੁਣ ਵੀਰ ਨਰਮਦ ਦੱਖਣੀ ਗੁਜਰਾਤ ਯੂਨੀਵਰਸਿਟੀ) ਨਾਲ ਸਬੰਧਿਤ ਸਰ ਕੀਕਾਭਾਈ ਪ੍ਰੇਮਚੰਦ ਕਾਲਜ ਆਫ਼ ਕਾਮਰਸ ਤੋਂ ਬੀ.ਕਾਮ ਦੀ ਪੜ੍ਹਾਈ ਕੀਤੀ।
ਉਨ੍ਹਾਂ ਨੇ ਡੀਬੀਆਈਐੱਮ (1984), ਐੱਲਐੱਲਬੀ (1988) ਅਤੇ ਫ਼ਾਈਨਾਂਸ (1995) ਵਿੱਚ ਐੱਮਬੀਏ ਦੀ ਪੜ੍ਹਾਈ ਕੀਤੀ।
ਮੁਕੇਸ਼ ਦਲਾਲ ਦਾ ਸਿਆਸੀ ਸਫ਼ਰ?
ਜਦੋਂ ਮੁਕੇਸ਼ ਦਲਾਲ ਨੇ 1981 ਵਿੱਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਤਾਂ ਗੁਜਰਾਤ ਵਿੱਚ ਸਿਆਸੀ ਤੌਰ ’ਚੇ ਭਾਜਪਾ ਬਹੁਤੀ ਮਜ਼ਬੂਤ ਨਹੀਂ ਸੀ।
ਇੱਕ ਸਾਲ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ 182 ਵਿੱਚੋਂ 141 ਸੀਟਾਂ ਜਿੱਤ ਕੇ ਇਤਿਹਾਸਕ ਪ੍ਰਦਰਸ਼ਨ ਕੀਤਾ ਸੀ।
ਜਦੋਂ ਕਿ ਭਾਜਪਾ, ਜਿਸ ਨੇ ਆਪਣੀ ਸਥਾਪਨਾ ਦੇ ਦੋ ਮਹੀਨਿਆਂ ਦੇ ਅੰਦਰ ਆਪਣੀ ਪਹਿਲੀ ਚੋਣ ਲੜੀ ਸੀ, 127 ਵਿੱਚੋਂ ਸਿਰਫ 9 ਸੀਟਾਂ ਜਿੱਤ ਸਕੀ ਅਤੇ 66 'ਤੇ ਆਪਣੀ ਜਮਾਂਬੰਦੀ ਗੁਆ ਬੈਠੀ।
ਹਾਲਾਂਕਿ, ਮੁਕੇਸ਼ ਦਲਾਲ ਨੇ ਸਾਲ 1981 ਵਿੱਚ ਭਾਜਪਾ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਅਤੇ 43 ਸਾਲਾਂ ਤੱਕ ਪਾਰਟੀ ਨਾਲ ਜੁੜੇ ਰਹੇ।
ਉਹ ਸੂਰਤ ਪੀਪਲਜ਼ ਬੈਂਕ ਵਿੱਚ ਕਲਰਕ ਵਜੋਂ ਕੰਮ ਕਰਦੇ ਸਨ।
ਬਾਅਦ ਵਿੱਚ ਉਹ ਇਸ ਬੈਂਕ ਦੇ ਡਾਇਰੈਕਟਰ ਦੇ ਅਹੁਦੇ ਤੱਕ ਪਹੁੰਚ ਗਏ ਅਤੇ 20 ਸਾਲਾਂ ਤੋਂ ਬੈਂਕ ਦੇ ਡਾਇਰੈਕਟਰ ਰਹੇ ਹਨ। ਵਰਤਮਾਨ ਵਿੱਚ ਉਹ ਕਲਾ, ਰੇਸ਼ਮ ਦੇ ਕੱਪੜੇ ਦੇ ਨਿਰਮਾਣ ਅਤੇ ਧਾਗੇ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ।
ਉਹ ਇੱਕ ਫਿਜ਼ੀਓਥੈਰੇਪੀ ਅਤੇ ਨਰਸਿੰਗ ਕਾਲਜ ਵੀ ਚਲਾਉਂਦੇ ਹਨ। ਮੁਕੇਸ਼ ਦਲਾਲ ਭਾਜਪਾ 'ਚ ਕਈ ਅਹੁਦਿਆਂ 'ਤੇ ਸਰਗਰਮ ਰਹੇ ਹਨ।
ਭਾਜਪਾ ਆਗੂ ਅਤੇ ਸੂਰਤ ਦੇ ਸਾਬਕਾ ਮੇਅਰ ਹੇਮਲੀਭਾਨ ਬੋਘਾਵਾਲਾ ਦੇ ਮੁਤਾਬਕ, “ਮੁਕੇਸ਼ ਦਲਾਲ ਉਨ੍ਹਾਂ ਨੂੰ ਸੌਂਪਿਆ ਕੰਮ ਸ਼ਾਂਤੀ ਨਾਲ ਪੂਰਾ ਕਰਦੇ ਹਨ। ਉਨ੍ਹਾਂ ਦੀ ਗਣਿਤ ਅਤੇ ਲੇਖਾ-ਜੋਖਾ ’ਤੇ ਮਜ਼ਬੂਤ ਪਕੜ ਹੈ, ਜਿਸ ਕਾਰਨ ਉਹ ਤਕਨੀਕੀ ਮਾਮਲਿਆਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ।”
ਮੁਕੇਸ਼ ਦਲਾਲ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੇ ਹਲਫ਼ਨਾਮੇ ਮੁਤਾਬਕ ਉਨ੍ਹਾ ਖ਼ਿਲਾਫ਼ ਕੋਈ ਕੇਸ ਦਰਜ ਜਾਂ ਲੰਬਿਤ ਨਹੀਂ ਹੈ।
ਉਹ ਟੈਕਸਟਾਈਲ ਇੰਡਸਟਰੀ ਨਾਲ ਜੁੜੇ ਹੋਏ ਹਨ। ਪਿਛਲੇ ਵਿੱਤੀ ਸਾਲ ਦੌਰਾਨ ਉਨ੍ਹਾਂ ਦੀ ਅਤੇ ਉਸਦੀ ਪਤਨੀ ਨੀਲਾਬੇਹਨ ਦੀ ਸਾਲਾਨਾ ਆਮਦਨ ਰੁਪਏ 14 ਲੱਖ 25 ਹਜ਼ਾਰ ਸੀ।
ਮੁਕੇਸ਼ ਦਲਾਲ ਕੋਲ ਪੰਜ ਲੱਖ ਜਦਕਿ ਉਨ੍ਹਾਂ ਦੀ ਸੇਵਾਮੁਕਤ ਪਤਨੀ ਕੋਲ ਸਾਢੇ ਛੇ ਲੱਖ ਰੁਪਏ ਨਕਦ ਹਨ।
ਮੁਕੇਸ਼ ਭਾਈ ਨੇ 6 ਕਰੋੜ 16 ਲੱਖ ਰੁਪਏ ਦੀ ਅਚੱਲ ਜਾਇਦਾਦ ਅਤੇ ਨੀਲਾਬੇਨ ਨੇ 3 ਕਰੋੜ 94 ਲੱਖ ਰੁਪਏ ਦੀ ਅਚੱਲ ਜਾਇਦਾਦ ਘੋਸ਼ਿਤ ਕੀਤੀ ਹੈ।
ਦੱਖਣੀ ਗੁਜਰਾਤ ਦੀ ਸਿਆਸਤ 'ਤੇ ਨਜ਼ਰ ਰੱਖਣ ਵਾਲੇ ਸੀਨੀਅਰ ਪੱਤਰਕਾਰ ਅਤੇ ਸਿਆਸੀ ਵਿਸ਼ਲੇਸ਼ਕ ਅਜੇ ਨਾਇਕ ਮੁਤਾਬਕ, ''ਰਾਜ ਸਭਾ ਚੋਣਾਂ ਦੌਰਾਨ ਭਾਜਪਾ ਨੇ ਗੋਵਿੰਦਭਾਈ ਢੋਲਕੀਆ ਨੂੰ ਸੌਰਾਸ਼ਟਰ ਤੋਂ ਆਪਣਾ ਉਮੀਦਵਾਰ ਬਣਾਇਆ ਸੀ। ਹੁਣ ਸੁਰਤ ਦੇ ਰਹਿਣ ਵਾਲੇ ਮੁਕੇਸ਼ ਦਲਾਲ ਨੂੰ ਲੋਕ ਸਭਾ ਉਮੀਦਵਾਰ ਬਣਾਇਆ ਗਿਆ ਹੈ।”
ਉਹ ਕਹਿੰਦੇ ਹਨ,“ਮੁਕੇਸ਼ ਦਲਾਲ ਦਾ ਨਿਰਵਿਰੋਧ ਚੁਣਿਆ ਜਾਣਾ ਭਾਜਪਾ ਦੀ ਸਫਲਤਾ ਨਾਲੋਂ ਕਾਂਗਰਸ ਦੀ ਅਸਫਲਤਾ ਹੈ।”