You’re viewing a text-only version of this website that uses less data. View the main version of the website including all images and videos.
ਬਲਵੰਤ ਸਿੰਘ ਰਾਜੋਆਣਾ: 'ਮੈਂ 18 ਸਾਲ ਤੋਂ ਫਾਂਸੀ ਦੀ ਚੱਕੀ 'ਚ ਬੈਠਾ ਫ਼ੈਸਲੇ ਦੀ ਉਡੀਕ ਕਰ ਰਿਹਾ ਹਾਂ,ਇਹ ਬੇਇਨਸਾਫ਼ੀ ਵੀ ਉਹ ਮਿੱਥ ਕੇ ਕਰ ਰਹੇ'
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਅੱਜ ਆਪਣੇ ਭਰਾ ਦੇ ਭੋਗ ਵਿੱਚ ਸ਼ਾਮਲ ਹੋਣ ਲਈ ਤਿੰਨ ਘੰਟਿਆਂ ਦੀ ਪੈਰੋਲ ʼਤੇ ਜੇਲ੍ਹ ਤੋਂ ਬਾਹਰ ਆਏ ਸਨ।
ਇਸ ਦੌਰਾਨ ਭਾਰੀ ਸੁਰੱਖਿਆ ਹੇਠ ਉਹ ਲੁਧਿਆਣਾ ਦੇ ਰਾਏਕੋਟ ਵਿੱਚੇ ਪੈਂਦੇ ਆਪਣੇ ਜੱਦੀ ਪਿੰਡ ਰਾਜੋਆਣਾ ਕਲਾਂ ਪਹੁੰਚੇ।
ਰਾਜੋਆਣਾ ਦੇ ਭਰਾ ਕੁਲਵੰਤ ਸਿੰਘ ਦੀ ਬੀਤੇ ਦਿਨੀਂ ਮੌਤ ਹੋ ਗਈ ਸੀ ਅਤੇ ਅੱਜ ਉਨ੍ਹਾਂ ਦੀ ਅੰਤਿਮ ਅਰਦਾਸ ਲਈ ਆਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ।
ਭੋਗ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੀ ਪਹੁੰਚੇ ਸਨ।
ਇਸ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਆਪਣੀ ਸਜ਼ਾ ʼਤੇ ਫ਼ੈਸਲੇ ਬਾਰੇ ਵੀ ਬੋਲੇ ਅਤੇ ਉਨ੍ਹਾਂ ਨੇ ਸਿੱਖ ਕੌਮ ਨੂੰ ਅਪੀਲ ਵੀ ਕੀਤੀ।
ਐੱਸਜੀਪੀਸੀ ਬਾਰੇ ਕੀ ਬੋਲੇ ਬਲਵੰਤ ਸਿੰਘ ਰਾਜੋਆਣਾ
ਬਲਵੰਤ ਸਿੰਘ ਰਾਜੋਆਣਾ ਨੇ ਆਪਣੀ ਸਜ਼ਾ ਬਾਰੇ ਬੋਲਦੇ ਹੋਏ ਕਿਹਾ ਕਿ, "ਜਦੋਂ ਮੈਨੂੰ ਅਦਾਲਤ ਵਿੱਚ ਪੁੱਛਿਆ ਗਿਆ ਅਤੇ ਤੁਸੀਂ ਇਸ ਵਿੱਚ ਸ਼ਾਮਲ ਸੀ, ਮੈਂ ਕਿਹਾ, ʻਜੀ, ਹਾਂਜੀ ਸੀ।ʼ ਸੈਸ਼ਨ ਕੋਰਟ ਵਿੱਚ 12 ਸਾਲ ਕੇਸ ਚੱਲਿਆ ਤੇ ਸੱਚ ਬੋਲ ਕੇ ਫ਼ੈਸਲੇ ਦਾ ਇੰਤਜ਼ਾਰ ਕਰਦਾ ਰਿਹਾ।"
ਉਨ੍ਹਾਂ ਨੇ ਅੱਗੇ ਕਿਹਾ, "12 ਸਾਲਾਂ ਬਾਅਦ ਅਦਾਲਤ ਨੇ ਫ਼ੈਸਲਾ ਸੁਣਾਇਆ ਅਤੇ ਕਿਹਾ ਮੌਤ ਦੀ ਸਜ਼ਾ, ਮੈਂ ਉਸੇ ਵੇਲੇ ਅਦਾਲਤ ਵਿੱਚ ਕਹਿ ਦਿੱਤਾ ਮੈਨੂੰ ਮਨਜ਼ੂਰ ਹੈ ਅਤੇ ਇਸ ਦੇ ਖ਼ਿਲਾਫ਼ ਕੋਈ ਅਪੀਲ ਨਹੀਂ ਕਰਨਾ ਚਾਹੁੰਦਾ। ਹਾਈਕੋਰਟ ਨੇ ਵੀ ਸਜ਼ਾ ਦੀ ਤਸਦੀਕ ਕੀਤੀ। ਮੇਰੇ ਡੈਥ ਵਾਰੰਟ ਆਏ ਪਰ ਸਮੁੱਚੇ ਖਾਲਸਾ ਪੰਥ ਨੇ ਝੰਡੇ ਲਹਿਰਾ ਕੇ ਉਸ ਸਜ਼ਾ ਨੂੰ ਤਾਂ ਰੋਕ ਦਿੱਤਾ ਪਰ ਸਾਡੇ ਹਾਲਾਤ ਵਿੱਚ ਕੋਈ ਫਰਕ ਨਹੀਂ ਆਇਆ।"
"ਸਾਡੀ ਫਾਂਸੀ ਦੀ ਚੱਕੀ ਦੇ ਹਾਲਾਤ ਨਹੀਂ ਬਦਲੇ। ਅੱਜ ਵੀ ਮੈਂ 18 ਸਾਲ ਤੋਂ ਫਾਂਸੀ ਦੀ ਚੱਕੀ ਵਿੱਚ ਬੈਠਾ ਆਪਣੇ ਫ਼ੈਸਲੇ ਦੀ ਉਡੀਕ ਕਰ ਰਿਹਾ ਹਾਂ। ਇਹ ਬੇਇਨਸਾਫ਼ੀ ਵੀ ਉਹ ਮਿੱਥ ਕੇ ਕਰ ਰਹੇ ਹਨ।"
ਇਸ ਮੌਕੇ ਉਨ੍ਹਾਂ ਨੇ ਇਹ ਵੀ ਕਿਹਾ, "ਸਾਡੀਆਂ ਸੰਸਥਾਵਾਂ ਕਮਜ਼ੋਰ ਹੋਈਆਂ ਪਈਆਂ ਹਨ। ਸਾਨੂੰ ਆਪਣੀਆਂ ਸੰਸਥਾਵਾਂ ਮਜ਼ਬੂਤ ਕਰਨ ਦੀ ਲੋੜ ਹੈ। ਸਾਰੇ ਇਕਮੁੱਠ ਹੋਵੋ, ਸ਼੍ਰੋਮਣੀ ਕਮੇਟੀ ਸਾਡੀ ਸਿਰਮੌਰ ਸੰਸਥਾ ਹੈ ਜੇ ਇਹ ਨਾ ਹੁੰਦੀ ਤਾਂ ਅੱਜ ਮੈਂ ਇੱਥੇ ਨਾ ਹੁੰਦਾ।"
"ਮੈਂ ਬੇਨਤੀ ਕਰਦਾ ਹਾਂ ਕਿ ਦੁਸ਼ਮਣ ਤੋਂ ਬਚੋ, ਦੁਸ਼ਮਣ ਅਦ੍ਰਿਸ਼ ਹੈ, ਸਾਡੇ ਵਿੱਚ ਹੀ ਕਿਤੇ ਬੈਠਾ ਹੈ। ਇਸ ਲਈ ਮੈਂ ਅਪੀਲ ਕਰਦਾ ਹਾਂ ਕਿ ਸਾਡੀਆਂ ਸੰਸਥਾਵਾਂ, ਸ਼੍ਰੋਮਣੀ ਕਮੇਟੀ ਨੂੰ ਤਾਕਤਵਰ ਬਣਾਉ ਤਾਂ ਹੀ ਅਸੀਂ ਸੁਰੱਖਿਅਤ ਰਹਾਂਗੇ।"
ਇਸ ਮਗਰੋਂ ਉਨ੍ਹਾਂ ਨੇ ਆਪਣੇ ਭਰਾ ਦੇ ਭੋਗ ਪਹੁੰਚੀਆਂ ਹਸਤੀਆਂ ਅਤੇ ਲੋਕਾਂ ਦਾ ਧੰਨਵਾਦ ਕੀਤਾ।
ਅਕਾਲ ਤਖ਼ਤ ਦੇ ਜਥੇਦਾਰ ਨੇ ਸਰਕਾਰ ਨੂੰ ਕੀਤੀ ਅਪੀਲ
ਭੋਗ ਸਮਾਗਮ ʼਤੇ ਪਹੁੰਚੇ ਅਕਾਤ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਹ ਬਹੁਤ ਵੱਡੀ ਤ੍ਰਾਸਦੀ ਹੈ ਕਿ ਇਸ ਦੇਸ਼ ਦਾ ਕਾਨੂੰਨ ਸਿੱਖਾਂ ਵਾਸਤੇ ਵੱਖਰਾ ਹੈ ਅਤੇ ਹੋਰਨਾਂ ਕੌਮਾਂ ਵਾਸਤੇ ਵੱਖਰਾ।
ਉਨ੍ਹਾਂ ਨੇ ਅੱਗੇ ਕਿਹਾ, "18 ਸਾਲਾਂ ਤੋਂ ਰਾਜੋਆਣਾ ਦੀ ਫਾਂਸੀ ਦੀ ਸਜ਼ਾ ʼਤੇ ਫ਼ੈਸਲੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਸੁਪਰੀਮ ਕੋਰਟ ਦੇ ਆਦੇਸ਼ਾਂ ʼਤੇ ਵੀ ਕੇਂਦਰ ਸਰਕਾਰ ਕੋਈ ਫ਼ੈਸਲਾ ਨਹੀਂ ਕਰ ਰਹੀ। ਇਹ ਬਹੁਤ ਵੱਡੀ ਬੇਇਨਸਾਫ਼ੀ ਕੀਤੀ ਜਾ ਰਹੀ ਹੈ।"
ਬਿਕਰਮ ਸਿੰਘ ਮਜੀਠੀਆ ਨੇ ਕੀ ਕਿਹਾ
ਰਾਜੋਆਣਾ ਦੇ ਭਰਾ ਦੇ ਭੋਗ ʼਤੇ ਪਹੁੰਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ, "30 ਸਾਲ ਹੋਣ ਨੂੰ ਆਏ ਹਨ ਪਰ ਅਜੇ ਵੀ ਫ਼ੈਸਲੇ ਦਾ ਇੰਤਜ਼ਾਰ ਹੈ।"
ਇਸ ਮੌਕੇ ਮਜੀਠੀਆ ਨੇ ਰਾਮ ਰਹੀਮ ਨੂੰ ਮਿਲ ਰਹੀ ਪੈਰੋਲ ਬਾਰੇ ਬੋਲਦਿਆਂ ਕਿਹਾ, "ਅੱਜ ਦੋ ਕਾਨੂੰਨ ਚੱਲਦੇ ਹਨ, ਇੱਕ ਬਾਬਾ ਸਰਸੇ ਵਾਲਾ ਹੈ, ਜਿਨ੍ਹਾਂ ਨੂੰ ਜਦੋਂ ਚਾਹੇ ਪੈਰੋਲ ਮਿਲ ਜਾਂਦੀ ਹੈ ਅਤੇ ਇੱਕ ਜਥੇਦਾਰ ਹਨ, ਜਿੰਨ੍ਹਾਂ ਨੂੰ ਛੇਤੀ ਕਿਤੇ ਪੈਰੋਲ ਵੀ ਨਹੀਂ ਮਿਲਦੀ। ਇਸ ਦੁੱਖ ਦੀ ਘੜੀ ਵਿੱਚ ਵੀ ਤਿੰਨਾਂ ਘੰਟਿਆਂ ਦੀ ਪੈਰੋਲ ਮਿਲੀ ਹੈ।"
ਬਲਵੰਤ ਸਿੰਘ ਰਾਜੋਆਣਾ ਕੌਣ ਹਨ?
ਬਲਵੰਤ ਸਿੰਘ ਰਾਜੋਆਣਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਆਗੂ ਬੇਅੰਤ ਸਿੰਘ ਕਤਲ ਕੇਸ ਦੇ ਮੁੱਖ ਦੋਸ਼ੀਆਂ ਵਿਚੋਂ ਇੱਕ ਹਨ।
ਲੁਧਿਆਣਾ ਦੇ ਰਾਏਕੋਟ ਦੇ ਪਿੰਡ ਰਾਜੋਆਣਾ ਕਲਾਂ ਵਿਚ 23 ਅਗਸਤ 1967 ਵਿਚ ਜਨਮੇ ਬਲਵੰਤ ਸਿੰਘ ਪੰਜਾਬ ਪੁਲਿਸ ਵਿਚ ਸਿਪਾਹੀ ਸਨ।
ਬਲਵੰਤ ਸਿੰਘ ਰਾਜੋਆਣਾ ਵੱਲੋਂ ਅਦਾਲਤ ਵਿੱਚ ਦਿੱਤੇ ਬਿਆਨਾਂ ਮੁਤਾਬਕ, ਉਹ 1984 ਦੇ ਅਪਰੇਸ਼ਨ ਬਲੂ ਸਟਾਰ ਅਤੇ ਫਿਰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣ ਕਾਰਨ ਨਿਰਾਸ਼ ਹੋ ਕੇ ਖ਼ਾਲਿਸਤਾਨ ਲਹਿਰ ਵਿਚ ਸ਼ਾਮਲ ਹੋ ਗਏ ਸਨ।
ਅਦਾਲਤ ਵਿੱਚ ਦਿੱਤੇ ਹਲਫ਼ੀਆ ਬਿਆਨ ਵਿਚ ਰਾਜੋਆਣਾ ਨੇ ਸਾਫ਼ ਕਿਹਾ ਸੀ ਕਿ ਉਹ ਬੇਅੰਤ ਸਿੰਘ ਕਤਲ ਕਾਂਡ ਵਿਚ ਸ਼ਾਮਲ ਸਨ।
ਜਾਂਚ ਏਜੰਸੀਆਂ ਨੇ ਦਾਅਵਾ ਕੀਤਾ ਸੀ ਕਿ ਰਾਜੋਆਣਾ ਮਨੁੱਖੀ ਬੰਬ ਬਣੇ ਦਿਲਾਵਰ ਸਿੰਘ ਦੇ ਪਿੱਛੇ ਸਨ, ਜੇਕਰ ਉਹ ਅਸਫ਼ਲ ਹੋ ਜਾਂਦਾ ਤਾਂ ਰਾਜੋਆਣਾ ਨੇ ਮਨੁੱਖੀ ਬੰਬ ਵਜੋਂ ਹਮਲਾ ਕਰਨਾ ਸੀ।
ਭਾਵੇਂ ਕਿ ਜਾਂਚ ਏਜੰਸੀਆਂ ਦੇ ਇਸ ਦਾਅਵੇ ਨੂੰ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਰੱਦ ਕਰਦੀ ਰਹੀ ਹੈ। ਪਰ ਰਾਜੋਆਣਾ ਨੇ ਆਪਣਾ ਦੋਸ਼ ਕਬੂਲਦਿਆਂ ਕੇਸ ਦੀ ਪੈਰਵੀ ਤੋਂ ਇਨਕਾਰ ਕਰ ਦਿੱਤਾ ਸੀ।
ਰਾਜੋਆਣਾ ਦੀ ਫਾਂਸੀ ਨੂੰ ਰੁਕਵਾਉਣ ਲਈ ਸ਼੍ਰੋਮਣੀ ਕਮੇਟੀ ਨੇ ਕੇਸ ਦੀ ਪੈਰਵੀ ਕੀਤੀ ਸੀ।
ਰਾਜੋਆਣਾ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਬੇਅੰਤ ਸਿੰਘ ਮਾਮਲੇ ਵਿਚ ਇੱਕ ਅਗਸਤ 2007 ਨੂੰ ਫ਼ਾਸੀ ਦੀ ਸਜ਼ਾ ਸੁਣਾਈ ਸੀ।
ਇਸ ਤੋਂ ਬਾਅਦ ਰਾਜੋਆਣਾ ਨੇ ਹਾਈਕੋਰਟ ਵਿੱਚ ਅਪੀਲ ਕਰਨ ਤੋਂ ਇਨਕਾਰ ਇਹ ਕਹਿ ਕੇ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਭਾਰਤੀ ਨਿਆਂ ਪ੍ਰਣਾਲੀ ਵਿਚ ਭਰੋਸਾ ਨਹੀਂ ਹੈ।
ਰਾਜੋਆਣਾ ਨੂੰ 31 ਮਾਰਚ 2012 ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਸ਼੍ਰੋਮਣੀ ਕਮੇਟੀ, ਅਕਾਲੀ ਦਲ, ਸਿੱਖ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਮਾਫ਼ ਕਰਨ ਲਈ ਤਿੱਖੀ ਮੁਹਿੰਮ ਚਲਾਈ ਸੀ।
ਭਾਵੇਂ ਅਕਾਲੀ ਦਲ ਨੂੰ ਇਸ ਮੁੱਦੇ ਉੱਤੇ ਭਾਜਪਾ ਦਾ ਇਸ ਮਾਮਲੇ ਵਿੱਚ ਸਾਥ ਨਹੀਂ ਮਿਲੀਆ ਸੀ ਪਰ ਤਤਕਾਲੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਗ੍ਰਹਿ ਮੰਤਰਾਲੇ ਦੀ ਸਿਫ਼ਾਰਿਸ਼ ਉੱਤੇ ਰਾਜੋਆਣਾ ਦੀ ਫਾਂਸੀ ਦੀ ਸਜ਼ਾ (28 ਮਾਰਚ 2012) ਨੂੰ ਅਣਮਿੱਥੇ ਸਮੇਂ ਲਈ ਟਾਲ ਦਿੱਤੀ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ