ਮੌਤ ਦੇ ਮੂੰਹ ’ਚੋਂ ਬਚੇ ਬੰਦੇ ਨੇ ਚਿੱਤਰਾਂ ਰਾਹੀਂ ਦੱਸਿਆ, ਕਿਵੇਂ ਦਾ ਸੀ ਰੂਹਾਨੀ ਅਨੁਭਵ

    • ਲੇਖਕ, ਵਿਸ਼ਵਾ ਸਮਾਨੀ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ

‘‘ਮੈਂ ਇੱਕ ਅਸਫਲ ਬਿਲਡਰ ਸੀ, ਮੈਂ ਪੈਸਿਆਂ ਦੀ ਘਾਟ ਨਾਲ ਜੂਝ ਰਿਹਾ ਸੀ ਅਤੇ ਆਪਣੇ ਫਲੈਟ ਵਿੱਚੋਂ ਕੱਢਿਆ ਹੀ ਜਾਣ ਵਾਲਾ ਸੀ।”

46 ਸਾਲਾ ਡੇਵਿਡ ਡਿਚਫੀਲਡ ਇਸ ਸਭ ਬਾਰੇ ਹੀ ਸੋਚ ਰਹੇ ਸਨ। ਇਹ ਸਾਲ 2006 ਦੀ ਗੱਲ ਹੈ ਓਨੀਂ ਦਿਨੀਂ ਉਹ ਹੱਦ ਤੋਂ ਵੱਧ ਸ਼ਰਾਬ ਵੀ ਪੀਂਦੇ ਸਨ।

ਡੇਵਿਡ ਇਸ ਮਾੜੇ ਦੌਰ ਵਿੱਚ ਕੈਂਬਰਿਜਸ਼ਾਇਰ ਵਿੱਚ ਰਾਜਧਾਨੀ ਤੋਂ ਬਾਹਰ ਆਪਣੀ ਭੈਣ ਕੋਲ ਰਹਿਣ ਲਈ ਚਲੇ ਗਏ ਸਨ।

ਉਥੇ ਹੀ ਉਹ ਇੱਕ ਅਜਿਹੇ ਹਾਦਸੇ ਦਾ ਸ਼ਿਕਾਰ ਹੋਏ ਕਿ ਉਨ੍ਹਾਂ ਦੀ ਜ਼ਿੰਦਗੀ ਦੇ ਸਾਰੇ ਅਨੁਭਵ ਬਦਲ ਗਏ। ਉਨ੍ਹਾਂ ਨੇ ਮੌਤ ਨੂੰ ਬਹੁਤ ਨੇੜਿਓਂ ਦੇਖਿਆ।

ਖ਼ੌਫ਼ਨਾਕ ਹਾਦਸਾ

ਡੇਵਿਡ ਆਪਣੀ ਭੈਣ ਕੋਲ ਸਨ ਕਿ ਉਨ੍ਹਾਂ ਦੀ ਇੱਕ ਮਹਿਲਾ ਦੋਸਤ ਮਿਲਣ ਆਈ ਸੀ ਅਤੇ ਡੇਵਿਡ ਉਸ ਨੂੰ ਰੇਲਵੇ ਸਟੇਸ਼ਨ ਤੱਕ ਛੱਡਣ ਗਏ ਸਨ।

ਜਿਵੇਂ ਹੀ ਉਨ੍ਹਾਂ ਨੇ ਬਾਏ ਕਿਹਾ, ਉਨ੍ਹਾਂ ਦਾ ਕੋਟ ਰੇਲਗੱਡੀ ਦੇ ਬੰਦ ਹੋ ਰਹੇ ਦਰਵਾਜ਼ੇ ਵਿੱਚ ਫ਼ਸ ਗਿਆ।

ਇਸ ਕਾਰਨ ਉਹ ਪਲੈਟਫਾਰਮ ਦੇ ਨਾਲ ਘਸੀਟਦਾ ਹੋਇਆ ਟਰੈਕ ’ਤੇ ਡਿੱਗ ਗਿਆ।

ਬਾਂਹ ਕੱਟੀ ਗਈ ਅਤੇ ਹੋਰ ਵੀ ਗੰਭੀਰ ਸੱਟਾਂ ਲੱਗੀਆਂ। ਅਜਿਹੀ ਸਥਿਤੀ ਵਿੱਚ ਹੀ ਡੈਵਿਡ ਲੰਬਾ ਸਮਾਂ ਸਟੇਸ਼ਨ ’ਤੇ ਪਏ ਰਹੇ।

ਡੇਵਿਡ ਨੂੰ ਫਿਰ ਨੇੜਲੇ ਹਸਪਤਾਲ ਵਿੱਚ ਸਰਜਰੀ ਲਈ ਲੈ ਜਾਇਆ ਗਿਆ। ਰਾਹ ਵਿੱਚ ਅਤੇ ਆਪਰੇਸ਼ਨ ਥਿਏਟਰ ਤੱਕ ਪਹੁੰਚਣ ਤੋਂ ਪਹਿਲਾਂ ਦੇ ਪਲਾਂ ਵਿੱਚ, ਉਨ੍ਹਾਂ ਨੂੰ ਇੱਕ ਅਸਾਧਾਰਨ ਅਤੇ ਅਣਕਿਆਸਿਆ ਅਧਿਆਤਮਿਕ ਅਨੁਭਵ ਹੋਇਆ।

‘ਸਰੀਰ ਨੂੰ ਛੱਡ ਦਿੱਤਾ ਸੀ’

ਉਹ ਕਹਿੰਦੇ ਹਨ, ‘‘ਮੈਂ ਆਪਣਾ ਸਰੀਰ ਤਿਆਗ ਦਿੱਤਾ। ਮੈਂ ਹਸਪਤਾਲ ਦਾ ਡਰਾਮਾ ਵੀ ਛੱਡ ਦਿੱਤਾ।”

“ਮੈਂ ਉਸ ਸਾਰੇ ਦਰਦ ਨੂੰ ਵੀ ਭੁੱਲ ਗਿਆ ਜਿਸ ਦੀਆਂ ਲਹਿਰਾਂ ਮੇਰੇ ਸਰੀਰ ਵਿੱਚ ਦੌੜ ਰਹੀਆਂ ਸਨ। ਮੈਂ ਇੱਕ ਸ਼ਾਂਤ ਸਥਿਤੀ ਵਿੱਚ ਸੀ।’’

‘‘ਜਦੋਂ ਮੈਂ ਉੱਪਰ ਦੇਖਿਆ, ਤਾਂ ਸਫ਼ੈਦ ਰੌਸ਼ਨੀ ਦੀਆਂ ਤਿੰਨ ਕਿਰਨਾਂ ਸਨ ਜੋ ਹੌਲੀ-ਹੌਲੀ ਮੇਰੇ ਕੋਲ ਆ ਰਹੀਆਂ ਸਨ।”

ਉਹ ਕਹਿੰਦੇ ਹਨ,“ਇਹ ਬਹੁਤ ਜ਼ਿਆਦਾ ਚਮਕਦਾਰ ਅਤੇ ਤੇਜ਼ ਸੀ, ਪਰ ਇੰਨਾ ਸਾਫ਼ ਤੇ ਸਪੱਸ਼ਟ ਸੀ ਕਿ ਮੈਂ ਇਸ ਨੂੰ ਦੇਖ ਸਕਦਾ ਸੀ ਅਤੇ ਮਹਿਸੂਸ ਕਰ ਸਕਦਾ ਸੀ ਕਿ ਰੌਸ਼ਨੀ ਹੌਲੀ-ਹੌਲੀ ਮੇਰੇ ਪੂਰੇ ਸਰੀਰ ਵਿੱਚ ਜਾ ਰਹੀ ਹੈ ਅਤੇ ਮੈਨੂੰ ਠੀਕ ਕਰ ਰਹੀ ਹੈ।’’

ਫ਼ਰਿਸ਼ਤਿਆਂ ਦੀ ਮੌਜੂਦਗੀ ਦਾ ਅਹਿਸਾਸ

ਡੇਵਿਡ ਨੂੰ ਫਰਿਸ਼ਤਿਆਂ ਦੀ ਮੌਜੂਦਗੀ ਦਾ ਵੀ ਅਹਿਸਾਸ ਹੋਇਆ।

ਉਹ ਕਹਿੰਦੇ ਹਨ,‘‘ਮੈਨੂੰ ਲੱਗਿਆ ਕਿ ਉਹ ਮੇਰੇ ਸਰੀਰ ਦੇ ਸਾਰੇ ਜ਼ਖ਼ਮਾਂ ਨੂੰ ਠੀਕ ਕਰ ਰਹੇ ਹਨ ਅਤੇ ਮੇਰੇ ਜੀਵਨ ਵਿੱਚ ਆਈਆਂ ਮੁਸ਼ਕਲਾਂ ਦੇ ਸਾਰੇ ਜ਼ਖ਼ਮਾਂ ਦੀਆਂ ਸਾਰੀਆਂ ਪਰਤਾਂ ਨੂੰ ਹਟਾ ਰਹੇ ਹਨ।”

“ਉਹ ਮੇਰੀ ਰੂਹ ਦੀ ਗਹਿਰਾਈ ਤੱਕ ਉਤਰ ਰਹੇ ਹਨ। ਮੈਂ ਪਹਿਲੀ ਵਾਰ ਸੰਪੂਰਨ ਮਹਿਸੂਸ ਕੀਤਾ। ਮੈਨੂੰ ਉਦੋਂ ਅਹਿਸਾਸ ਹੋਇਆ ਕਿ ਮੈਂ ਜੀਵਨ ਭਰ ਆਪਣੇ ਤਰੀਕੇ ਨਾਲ ਕੰਮ ਕਰ ਰਿਹਾ ਸੀ।’’

ਡੇਵਿਡ ਜੋ ਕੁਝ ਮਹਿਸੂਸ ਅਤੇ ਅਨੁਭਵ ਕਰ ਰਹੇ ਸਨ ਉਸ ਦਾ ਅੰਤਮ ਹਿੱਸਾ ਸਭ ਤੋਂ ਗਹਿਰਾ ਸੀ।

ਉਹ ਤਾਰਿਆਂ ਅਤੇ ਗਲੈਕਸੀਆਂ ਦੇ ਵਿਚਕਾਰ ਹੋਣ ਦੀ ਭਾਵਨਾ, ਅਨੰਤਤਾ ਵਿੱਚ ਵੇਖਣ ਅਤੇ ਪ੍ਰਕਾਸ਼ ਦੀ ਇੱਕ ਸਫ਼ੈਦ ਸੁਰੰਗ ਦੇ ਦਰਸ਼ਨ ਕਰਨ ਦੇ ਅਹਿਸਾਸ ਦਾ ਵਰਣਨ ਕਰਦੇ ਹਨ।

ਡੇਵਿਡ ਦੱਸਦੇ ਹਨ,"ਮੈਂ ਸਫ਼ੈਦ ਰੌਸ਼ਨੀ ਦੀ ਇਸ ਵਿਸ਼ਾਲ ਸੁਰੰਗ ਵਿੱਚੋਂ ਪਿਆਰ ਦੀ ਊਰਜਾ ਦੇ ਨਾਲ ਆਪਣੇ ਸਰੀਰ ਦੇ ਹਰ ਇੱਕ ਅਣੂ ਨੂੰ ਹਿੱਲਦਾ ਹੋਇਆ ਮਹਿਸੂਸ ਕਰ ਸਕਦਾ ਸੀ। ਮੈਨੂੰ ਪਤਾ ਸੀ ਕਿ ਮੈਂ ਸਾਰੀ ਸ੍ਰਿਸ਼ਟੀ ਦੇ ਸਰੋਤ ਨੂੰ ਦੇਖ ਰਿਹਾ ਹਾਂ।’’

‘‘ਸਫ਼ੈਦ ਰੌਸ਼ਨੀ ਦੀ ਇਸ ਵਿਸ਼ਾਲ ਸੁਰੰਗ ਦੇ ਰੂਪ ਵਿੱਚ ਇਹ ਪਰਮਾਤਮਾ ਸੀ। ਮੈਂ ਬਹੁਤ ਖੁਸ਼ੀ ਨਾਲ ਭਰ ਗਿਆ ਸੀ।"

ਅਧਿਆਤਮਿਕ ਜਾਗ੍ਰਿਤੀ

ਡੇਵਿਡ ਦੀ ਅਧਿਆਤਮਿਕ ਜਾਗ੍ਰਿਤੀ ਦੇ ਪ੍ਰਭਾਵ ਫੌਰੀ ਅਤੇ ਸਥਾਈ ਸਨ।

ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਬ੍ਰਹਿਮੰਡ ਦੀਆਂ ਊਰਜਾਵਾਂ ਨਾਲ ਗਹਿਰੀ ਸੰਤੁਸ਼ਟੀ, ਉਦੇਸ਼ਪੂਰਨ ਅਤੇ ਇਕਸਾਰਤਾ ਦੀ ਭਾਵਨਾ ਦਾ ਅਨੁਭਵ ਕਰਨਾ ਹੁਣ ਵੀ ਜਾਰੀ ਹੈ।

ਉਨ੍ਹਾਂ ਦੀ ਬਾਂਹ ਮੁੜ ਤੋਂ ਤੰਦਰੁਸਤ ਹੋ ਗਈ ਹੈ ਅਤੇ ਹੁਣ ਉਨ੍ਹਾਂ ਨੂੰ ਮੌਤ ਦਾ ਡਰ ਨਹੀਂ ਰਿਹਾ।

ਪਹਿਲਾਂ ਅਜਿਹੇ ਕਿਸੇ ਵੀ ਅਨੁਭਵ ਤੋਂ ਬਿਨਾਂ ਡੇਵਿਡ ਨੇ ਆਪਣੇ ਤੰਦਰੁਸਤ ਹੋਣ ਦੌਰਾਨ ਆਪਣੇ ਅਨੁਭਵ ਨੂੰ ਦਰਸਾਉਣ ਵਾਲੇ ਸ਼ਾਨਦਾਰ ਦ੍ਰਿਸ਼ਾਂ ਦੇ ਚਿਤਰਣ ਦੀ ਸਮਰੱਥਾ ਦੀ ਸ਼ਾਨਦਾਰ ਸੂਝ ਵਿਕਸਿਤ ਕੀਤੀ ਹੈ।

ਉਨ੍ਹਾਂ ਦੀਆਂ ਰਚਨਾਤਮਕ ਕਿਰਤਾਂ ਸਥਾਨਕ ਪੱਧਰ ’ਤੇ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਦੀ ਇੱਕ ਪੇਂਟਿੰਗ ਮੌਜੂਦਾ ਸਮੇਂ ਵਾਸ਼ਿੰਗਟਨ, ਅਮਰੀਕਾ ਦੇ ‘ਬਾਈਬਲ ਮਿਊਜ਼ੀਅਮ’ ਵਿੱਚ ਪ੍ਰਦਰਸ਼ਿਤ ਕੀਤੀ ਗਈ ਹੈ।

ਹਾਲਾਂਕਿ, ਡੇਵਿਡ ਆਪਣੀ ਯਾਤਰਾ ਨੂੰ ਧਾਰਮਿਕ ਅਨੁਭਵ ਨਹੀਂ ਮੰਨਦੇ ਅਤੇ ਖ਼ੁਦ ਨੂੰ ਅਧਿਆਤਮਿਕ ਦੱਸਣਾ ਪਸੰਦ ਕਰਦੇ ਹਨ।

ਚੇਤੰਨਤਾ ਆਉਣੀ

ਡਾਕਟਰ ਸਟੀਵ ਟੇਲਰ ਇੱਕ ਅਧਿਆਤਮਿਕ ਜਾਂ ਟਰਾਂਸਪਰਸਨਲ ਮਨੋਵਿਗਿਆਨੀ ਹਨ ਜੋ ਤੀਬਰ ਦੁੱਖਾਂ ਅਤੇ ਬੇਮਿਸਾਲ ਅਧਿਆਤਮਿਕ ਅਨੁਭਵਾਂ ਵਿਚਕਾਰ ਸਬੰਧ ਦਾ ਅਧਿਐਨ ਕਰਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਡੇਵਿਡ ਵਰਗੀਆਂ ਘਟਨਾਵਾਂ ਹੈਰਾਨੀਜਨਕ ਤੌਰ 'ਤੇ ਆਮ ਹਨ ਅਤੇ ਇਸ ਕਾਰਨ ਖ਼ੁਦ ਨੂੰ ਅਧਿਆਤਮਕ ਮੰਨਣ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਹੈ।

ਲੀਡਜ਼ ਬੇਕੇਟ ਯੂਨੀਵਰਸਿਟੀ ਦੇ ਸੀਨੀਅਰ ਲੈਕਚਰਾਰ ਡਾਕਟਰ ਟੇਲਰ ਕਹਿੰਦੇ ਹਨ ‘‘ਜਦੋਂ ਤੁਹਾਨੂੰ ਮੌਤ ਦਾ ਨੇੜਿਓਂ ਅਨੁਭਵ ਹੁੰਦਾ ਹੈ ਤਾਂ ਇਹ ਇੰਨਾ ਅਵਿਸ਼ਵਾਸਯੋਗ, ਸ਼ਕਤੀਸ਼ਾਲੀ ਰੂਪ ’ਚ ਵਾਸਤਵਿਕ, ਆਮ ਚੇਤੰਨਤਾ ਨਾਲੋਂ ਇੰਨਾ ਜ਼ਿਆਦਾ ਤੀਬਰ ਹੁੰਦਾ ਹੈ ਕਿ ਅਸਲੀਅਤ ਬਾਰੇ ਤੁਹਾਡਾ ਦ੍ਰਿਸ਼ਟੀਕੋਣ ਹਮੇਸ਼ਾ ਲਈ ਬਦਲ ਜਾਂਦਾ ਹੈ।’’

‘‘ਅਜਿਹਾ ਅਕਸਰ ਉਨ੍ਹਾਂ ਲੋਕਾਂ ਨਾਲ ਹੁੰਦਾ ਹੈ ਜਿਨ੍ਹਾਂ ਦਾ ਜੀਵਨ ਪ੍ਰਤੀ ਦ੍ਰਿਸ਼ਟੀਕੋਣ ਧਰਮ ਨਿਰਪੱਖ ਰਿਹਾ ਹੋਵੇ ਅਤੇ ਬਾਅਦ ਵਿੱਚ ਵੀ ਉਹ ਰਵਾਇਤੀ ਅਰਥਾਂ ਵਿੱਚ ਧਾਰਮਿਕ ਨਹੀਂ ਬਣਦੇ।’’

ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਲੋਕ ਅਜਿਹੇ ਅਨੁਭਵਾਂ ਦੀ ਧਾਰਮਿਕ ਪ੍ਰਸੰਗ ਵਿੱਚ ਵਿਆਖਿਆ ਕਰਦੇ ਹਨ, ਪਰ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਉਹ ਕਿਵੇਂ ਗ਼ੈਰ-ਵਿਚਾਰਕ ਹਨ ਅਤੇ ਨਵੇਂ ਧਾਰਮਿਕ ਵਿਸ਼ਵਾਸਾਂ ਨੂੰ ਅਪਣਾਉਣ ਦੀ ਬਜਾਇ ਅਜਿਹੀਆਂ ਮਾਨਤਾਵਾਂ ਨੂੰ ਛੱਡਦੇ ਹਨ।

ਵਿਗਿਆਨ ਦਾ ਪੱਖ

ਪ੍ਰਸਿੱਧ ਵਿਗਿਆਨਕ ਸਿਧਾਂਤਾਂ ਮੁਤਾਬਕ ਜਦੋਂ ਕੋਈ ਵਿਅਕਤੀ ਮੌਤ ਦੇ ਨੇੜੇ ਹੁੰਦਾ ਹੈ ਤਾਂ ਦਿਮਾਗ਼ ਵਿੱਚ ਆਕਸੀਜਨ ਦੀ ਘਾਟ ਕਾਰਨ ਉਨ੍ਹਾਂ ਨੂੰ ਮੌਤ ਦਾ ਅਨੁਭਵ ਹੁੰਦਾ ਹੈ।

ਦੂਜੇ ਪਾਸੇ ਡਾਰਚਪ ਟੇਲਰ ਦਾ ਕਹਿਣਾ ਹੈ ਕਿ ਇਸ ਖੇਤਰ ਵਿੱਚ ਖੋਜ ਹਾਲੇ ਅਧੂਰੀ ਹੈ ਅਤੇ ਕੋਈ ਠੋਸ ਵਿਗਿਆਨਕ ਵਿਆਖਿਆ ਉਪਲੱਬਧ ਨਹੀਂ ਹੈ।

ਉਹ ਇਸ ਮਸਲੇ ਉੱਤੇ ਚਰਚਾ ਕਰਨ ਦੀਆਂ ਪਾਬੰਦੀਆਂ ’ਤੇ ਵੀ ਰੌਸ਼ਨੀ ਪਾਉਂਦੇ ਹਨ ਕਿਉਂਕਿ ਇਸ ਮਾਮਲੇ ਵਿੱਚ ਵਿਗਿਆਨਕ ਪੱਖ ਤੋਂ ਦ੍ਰਿਸ਼ਟੀਕੋਣ ਵਿੱਚ ਮਤਭੇਦ ਹਨ।

‘ਨੀਅਰ-ਡੈੱਥ ਐਕਸਪੀਰੀਐਂਸ ਯੂਕੇ’

ਡਾਕਟਰ ਟੇਲਰ ਕਹਿੰਦੇ ਹਨ, ‘‘ਇਹ ਅਨੁਭਵ ਦੱਸਦੇ ਹਨ ਕਿ ਚੇਤਨਾ ਲਾਜ਼ਮੀ ਤੌਰ 'ਤੇ ਦਿਮਾਗ਼ ਦੀ ਉਪਜ ਨਹੀਂ ਹੈ ਅਤੇ ਇਹ ਸਰੀਰਕ ਮੌਤ ਹੋਣ ਤੋਂ ਵੀ ਬਚ ਸਕਦੀ ਹੈ।”

ਅਜਿਹੇ ਅਨੁਭਵਾਂ ’ਤੇ ਚਰਚਾ ਕਰਨ ਲਈ ਉਪਲੱਬਧ ਸਮਰਥਨ ਦੀ ਘਾਟ ਗੀਗੀ ਸਟ੍ਰੇਹਲਰ ਲਈ ਚੁਣੌਤੀਪੂਰਨ ਸਾਬਤ ਹੋਈ।

ਉਹ ਉੱਤਰੀ ਲੰਡਨ ਦੀ ਇੱਕ ਅਦਾਕਾਰਾ ਹੈ ਜਿਸ ਨੇ ਹਸਪਤਾਲ ਵਿੱਚ ਆਪਣੀ ਜਾਨ ਗੁਆਉਣ ਤੋਂ ਬਾਅਦ 2014 ਵਿੱਚ ‘ਨੀਅਰ-ਡੈੱਥ ਐਕਸਪੀਰੀਐਂਸ ਯੂਕੇ’ ਗਰੁੱਪ ਦੀ ਸਥਾਪਨਾ ਕੀਤੀ ਸੀ।

‘‘ਜਿਸ ਨੂੰ ਅਕਸਰ ਰੌਸ਼ਨੀ ਦੀ ਸੁਰੰਗ ਕਿਹਾ ਜਾਂਦਾ ਹੈ, ਉਸ ਦੀ ਬਜਾਇ ਮੈਂ ਖਾਲੀਪਣ (ਸਿਫ਼ਰ) ਦਾ ਅਨੁਭਵ ਕੀਤਾ। ਇਸ ਲਈ ਮੈਂ ਜ਼ੀਰੋ ਸੀ ਅਤੇ ਕਿਧਰੇ ਵੀ ਨਹੀਂ ਸੀ।’’

‘‘ਇਹ ਇਕਦਮ ਸ਼ਾਂਤ ਅਤੇ ਪਿਆਰ ਦੀ ਭਾਵਨਾ ਨਾਲ ਭਰਿਆ ਹੋਇਆ ਸੀ। ਮੈਂ ਗੀਗੀ ਨਹੀਂ ਸੀ, ਫਿਰ ਵੀ ਮੇਰੀ ਹੋਂਦ ਸੀ, ਮੈਂ ਅਜੇ ਵੀ ਚੇਤੰਨ ਤੌਰ ’ਤੇ ਜਾਗਰੂਕ ਸੀ।’’

ਗੀਗੀ ਕਹਿੰਦੇ ਹਨ, ‘‘ਉਹ ਜਗ੍ਹਾ ਇਸ ਦੁਨੀਆ ਨਾਲੋਂ ਜ਼ਿਆਦਾ ਮਜ਼ਬੂਤ ਅਤੇ ਸੱਚੀ ਸੀ, ਜਿੱਥੇ ਵਾਪਸ ਜਾਣ ’ਤੇ ਤੁਹਾਨੂੰ ਸੁਪਨਿਆਂ ਦੀ ਦੁਨੀਆਂ ਵਰਗਾ ਮਹਿਸੂਸ ਹੁੰਦਾ ਹੈ।”

ਬਾਅਦ ਵਿੱਚ, ਉਨ੍ਹਾਂ ਨੇ ਕੁਆਂਟਮ ਭੌਤਿਕ ਵਿਗਿਆਨ ਨੂੰ ਸਮਝਣ ਵਰਗੀਆਂ ਤੀਬਰ ਨਿੱਜੀ ਤਬਦੀਲੀਆਂ ਦਾ ਅਨੁਭਵ ਕੀਤਾ।

ਇਸ ਨੇ ਉਨ੍ਹਾਂ ਨੂੰ ਕਈ ਸਾਲਾਂ ਦੀਆਂ ਪ੍ਰਮੁੱਖ ਧਾਰਮਿਕ ਪਰੰਪਰਾਵਾਂ ਦੇ ਨਾਲ-ਨਾਲ ਉਨ੍ਹਾਂ ਦੀਆਂ ਹੋਰ ਰਹੱਸਮਈ ਬਰਾਂਚਾਂ ਤੋਂ ਉੱਤਰ ਲੱਭਣ ਲਈ ਪ੍ਰੇਰਿਤ ਕੀਤਾ।

ਪਰ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਉਸ ਨੂੰ ਸੰਤੁਸ਼ਟ ਨਹੀਂ ਕੀਤਾ ਅਤੇ ਗੀਗੀ ਦਾ ਹੁਣ ਰਸਮੀ ਧਰਮ ਪ੍ਰਤੀ ਅਸਪੱਸ਼ਟ ਰੁਖ਼ ਹੈ।

‘‘ਮੇਰੇ ਅਨੁਭਵ ਨੇ ਮੈਨੂੰ ਸਿਖਾਇਆ ਕਿ ਸਾਡੀ ਜਾਗਰੂਕਤਾ ਅਤੇ ਹੋਂਦ ਸਾਰੀਆਂ ਮਨੁੱਖੀ ਸੰਰਚਨਾਵਾਂ ਤੋਂ ਵਧ ਕੇ ਹੈ। ਪਰ ਮੇਰਾ ਮੰਨਣਾ ਹੈ ਕਿ ਅਸੀਂ ਸਾਰੇ ਅਵਿਸ਼ਵਾਸਯੋਗ ਤੌਰ ’ਤੇ ਇੱਕ-ਦੂਜੇ ਨਾਲ ਜੁੜੇ ਹੋਏ ਹਾਂ।’’

ਡੇਵਿਡ ਡਿਚਫੀਲਡ ਦਾ ਵੀ ਅਜਿਹਾ ਹੀ ਦ੍ਰਿਸ਼ਟੀਕੋਣ ਹੈ। ਉਹ ਬਹੁਤ ਅਧਿਆਤਮਕ ਹਨ ਅਤੇ ਧਾਰਮਿਕ ਪਰੰਪਰਾਵਾਂ ਦਾ ਸਤਿਕਾਰ ਕਰਦੇ ਹਨ, ਪਰ ਖ਼ੁਦ ਧਾਰਮਿਕ ਨਹੀਂ ਹਨ।

ਡਾਕਟਰ ਸਟੀਵ ਟੇਲਰ, ਡੇਵਿਡ ਅਤੇ ਗੀਗੀ ਦੇ ਖ਼ੁਦ ਦੇ ਦੱਸੇ ਗਏ ‘ਅਧਿਆਤਮਿਕ’ ਅਨੁਭਵਾਂ ਤੋਂ ਰੁਮਾਂਚਿਤ ਹਨ, ਪਰ ਫਿਰ ਵੀ ਸਵੀਕਾਰ ਕਰਦੇ ਹਨ ਕਿ ਉਹ ਇੰਨੇ ਰਹੱਸਮਈ ਹਨ ਕਿ ਕਈ ਲੋਕਾਂ ਲਈ ਉਨ੍ਹਾਂ ਨੂੰ ਅਸਲ ਵਿੱਚ ਸਵੀਕਾਰ ਕਰਨਾ ਸੰਭਵ ਨਹੀਂ ਹੈ।

ਉਹ ਕਹਿੰਦੇ ਹਨ, ‘‘ਅਸੀਂ ਮਨੁੱਖ ਹੋਣ ਦੇ ਨਾਤੇ ਖ਼ੁਦ ’ਤੇ ਮਾਣ ਕਰਨਾ ਪਸੰਦ ਕਰਦੇ ਹਾਂ ਕਿ ਅਸੀਂ ਵਾਸਤਵਿਕਤਾ ਦੀ ਵਿਆਖਿਆ ਕਰ ਸਕਦੇ ਹਾਂ ਅਤੇ ਆਪਣੇ ਸਾਰੇ ਅਨੁਭਵਾਂ ਨੂੰ ਸਮਝਾ ਸਕਦੇ ਹਾਂ, ਪਰ ਅਸੀਂ ਅਜਿਹਾ ਨਹੀਂ ਕਰ ਸਕਦੇ। ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਸਮਝਣਾ ਬਹੁਤ ਅਜੀਬ ਹੁੰਦਾ ਹੈ।’’

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)