ਜੌਨਸਨ ਐਂਡ ਜੌਨਸਨ ਨੇ ਬੇਬੀ ਪਾਊਡਰ ਕੇਸਾਂ ਦੇ ਨਿਪਟਾਰੇ ਲਈ 550 ਕਰੋੜ ਡਾਲਰ ਤੱਕ ਦੀ ਪੇਸ਼ਕਸ਼ ਕੀਤੀ, ਪੂਰਾ ਮਾਮਲਾ ਜਾਣੋ

ਜੌਨਸਨ ਐਂਡ ਜੌਨਸਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਜੌਨਸਨ ਐਂਡ ਜੌਨਸਨ ਨੇ ਬੇਬੀ ਪਾਊਡਰ ਨਾਲ ਜੁੜੇ ਹਜ਼ਾਰਾਂ ਮੁਕੱਦਮਿਆਂ ਨੂੰ ਖਤਮ ਕਰਨ ਲਈ 550 ਕਰੋੜ ਡਾਲਰ ਤੱਕ ਦੇ ਸਮਝੌਤੇ ਦੀ ਪੇਸ਼ਕਸ਼ ਕੀਤੀ ਹੈ
    • ਲੇਖਕ, ਓਸਮੰਡ ਚਿਆ
    • ਰੋਲ, ਬਿਜ਼ਨਸ ਰਿਪੋਰਟਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 4 ਮਿੰਟ

ਜਾਨਸਨ ਐਂਡ ਜਾਨਸਨ ਨੇ ਅਮਰੀਕਾ ਵਿੱਚ ਚੱਲ ਰਹੇ ਹਜ਼ਾਰਾਂ ਮੁਕੱਦਮਿਆਂ ਦੇ ਨਿਪਟਾਰੇ ਲਈ 550 ਕਰੋੜ ਡਾਲਰ ਤੱਕ ਦਾ ਭੁਗਤਾਨ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਨ੍ਹਾਂ ਮੁਕੱਦਮਿਆਂ ਵਿੱਚ ਇਲਜ਼ਾਮ ਲਗਾਇਆ ਗਿਆ ਹੈ ਕਿ ਉਸ ਦਾ ਬੇਬੀ ਪਾਊਡਰ ਅਤੇ ਟੈਲਕ ਵਾਲੇ ਹੋਰ ਉਤਪਾਦ ਅੰਡਾਸ਼ਯ (ਓਵੇਰੀਅਨ) ਦੇ ਕੈਂਸਰ ਦਾ ਕਾਰਨ ਬਣਦੇ ਹਨ।

ਪ੍ਰਸਤਾਵਿਤ ਇਤਿਹਾਸਕ ਸਮਝੌਤੇ ਦਾ ਉਦੇਸ਼ ਲੰਬੇ ਸਮੇਂ ਤੋਂ ਚੱਲ ਰਹੀ ਕਾਨੂੰਨੀ ਲੜਾਈ ਨੂੰ ਖ਼ਤਮ ਕਰਨਾ ਹੈ, ਜਿਸ ਨੇ ਨਿਊ ਜਰਸੀ ਸਥਿਤ ਇਸ ਸਿਹਤ ਸੇਵਾ ਕੰਪਨੀ ਨੂੰ ਕਈ ਸਾਲਾਂ ਤੋਂ ਪ੍ਰਭਾਵਿਤ ਕੀਤਾ ਹੈ।

ਜੌਨਸਨ ਐਂਡ ਜੌਨਸਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸ ਦੇ ਟੈਲਕ ਆਧਾਰਿਤ ਉਤਪਾਦਾਂ ਕਾਰਨ ਕੈਂਸਰ ਹੋਇਆ ਅਤੇ ਉਸ ਨੇ ਆਪਣੇ ਵਿਆਪਕ ਤੌਰ 'ਤੇ ਵਰਤੇ ਜਾਣ ਵਾਲੇ ਬੇਬੀ ਪਾਊਡਰ ਦੇ ਫਾਰਮੂਲੇ ਵਿੱਚ ਬਦਲਾਅ ਕੀਤਾ ਹੈ।

ਫਰਮ ਦੇ ਮੁਕੱਦਮੇਬਾਜ਼ੀ ਮਾਮਲਿਆਂ ਦੇ ਉਪ ਪ੍ਰਧਾਨ ਐਰਿਕ ਹਾਸ ਨੇ ਸੋਮਵਾਰ ਨੂੰ ਕਿਹਾ ਕਿ ਇਹ ਇਲਜ਼ਾਮ "ਬੇਬੁਨਿਆਦ" ਹਨ ਅਤੇ ਜੌਨਸਨ ਐਂਡ ਜੌਨਸਨ ਮਾਮਲੇ ਨੂੰ ਆਖ਼ਰਕਾਰ ਖ਼ਤਮ ਕਰਨ ਲਈ ਸਮਝੌਤਾ ਕਰਨ ਲਈ ਤਿਆਰ ਹੈ।

ਜੌਨਸਨ ਐਂਡ ਜੌਨਸਨ ਨੇ ਕਿਹਾ ਕਿ ਇਹ ਸਮਝੌਤਾ ਲਗਭਗ 76,000 ਮਾਮਲਿਆਂ ਨੂੰ ਕਵਰ ਕਰੇਗਾ, ਜੋ ਟੈਲਕ ਨਾਲ ਜੁੜੇ ਬਾਕੀ ਰਹਿੰਦੇ ਜ਼ਿਆਦਾਤਰ ਦਾਅਵਿਆਂ ਦੇ ਬਰਾਬਰ ਹਨ। ਕੰਪਨੀ ਨੇ ਕਿਹਾ ਕਿ ਉਹ ਅਗਲੇ ਸਾਲ 330 ਡਾਲਰ ਤੱਕ ਦੀ ਰਕਮ ਦੀ ਪੇਸ਼ਕਸ਼ ਕਰੇਗੀ ਅਤੇ 2028 ਤੋਂ ਪਹਿਲਾਂ ਇਸ ਤੋਂ ਇਲਾਵਾ ਕੋਈ ਹੋਰ ਭੁਗਤਾਨ ਨਹੀਂ ਕੀਤਾ ਜਾਵੇਗਾ।

ਜੌਨਸਨ ਐਂਡ ਜੌਨਸਨ ਨੇ ਕਿਹਾ ਕਿ ਇਸ ਪ੍ਰਸਤਾਵ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ, ਸਟੇਟ ਅਤੇ ਸੰਘੀ ਅਦਾਲਤਾਂ ਵਿੱਚ ਓਵੇਰੀਅਨ ਕੈਂਸਰ ਨਾਲ ਜੁੜੇ ਦਾਅਵਿਆਂ ਦੀ ਨੁਮਾਇੰਦਗੀ ਕਰਨ ਵਾਲੀਆਂ 95% ਕਾਨੂੰਨੀ ਫਰਮਾਂ ਵੱਲੋਂ ਇਸ ਨੂੰ ਸਵੀਕਾਰ ਕੀਤਾ ਜਾਣਾ ਲਾਜ਼ਮੀ ਹੈ।

ਪਾਊਡਰ

ਹਾਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੰਪਨੀ ਨੂੰ ਭਰੋਸਾ ਹੈ ਕਿ ਉਹ "ਹੋਰ ਕਾਨੂੰਨੀ ਕਾਰਵਾਈ ਜਾਰੀ ਰਹਿਣ ਦੀ ਸਥਿਤੀ ਵਿੱਚ ਆਖ਼ਰਕਾਰ ਜਿੱਤ ਹਾਸਲ ਕਰ ਲੈਂਦੀ", ਜਿਵੇਂ ਕਿ ਅਦਾਲਤ ਵਿੱਚ ਹੁਣ ਤੱਕ ਸੁਣੇ ਗਏ ਜ਼ਿਆਦਾਤਰ ਮਾਮਲਿਆਂ ਵਿੱਚ ਹੋਇਆ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਪ੍ਰਸਤਾਵਿਤ ਹੱਲ "ਕੰਪਨੀ ਨੂੰ ਇਸ ਮਾਮਲੇ ਨੂੰ ਖ਼ਤਮ ਕਰਨ ਦੀ ਇਜਾਜ਼ਤ ਦਿੰਦਾ ਹੈ" ਅਤੇ ਜੌਨਸਨ ਐਂਡ ਜੌਨਸਨ ਨੂੰ "ਜੀਵਨ ਬਚਾਉਣ ਵਾਲੀਆਂ ਦਵਾਈਆਂ ਅਤੇ ਉਪਕਰਣ ਵਿਕਸਿਤ ਕਰਨ ਦੇ ਆਪਣੇ ਮਿਸ਼ਨ 'ਤੇ ਧਿਆਨ ਕੇਂਦਰਿਤ ਰੱਖਣ" ਵਿੱਚ ਮਦਦ ਕਰੇਗਾ।

ਜੌਨਸਨ ਐਂਡ ਜੌਨਸਨ ਦੇ ਸਾਬਕਾ ਖਪਤਕਾਰ ਸਿਹਤ ਕਾਰੋਬਾਰ ਕੇਨਵਿਊ ਕੋਲ ਉੱਤਰੀ ਅਮਰੀਕਾ ਤੋਂ ਬਾਹਰ ਜੌਨਸਨ ਦੇ ਬੇਬੀ ਪਾਊਡਰ ਨਾਲ ਜੁੜੀ ਜ਼ਿੰਮੇਵਾਰੀ ਹੈ।

ਕੇਨਵਿਊ, ਜਿਸ ਕੋਲ ਬੈਂਡ-ਏਡ, ਲਿਸਟਰੀਨ ਅਤੇ ਕੈਲਪੋਲ ਵਰਗੇ ਮਸ਼ਹੂਰ ਬ੍ਰਾਂਡ ਹਨ, ਨੂੰ 2022 ਵਿੱਚ ਜੌਨਸਨ ਐਂਡ ਜੌਨਸਨ ਤੋਂ ਵੱਖ ਕਰਕੇ ਇੱਕ ਅਲੱਗ ਕੰਪਨੀ ਬਣਾ ਦਿੱਤਾ ਗਿਆ ਸੀ।

ਜੌਨਸਨ ਐਂਡ ਜੌਨਸਨ ਦੇ ਟੈਲਕ ਆਧਾਰਿਤ ਬੇਬੀ ਪਾਊਡਰ ਖ਼ਿਲਾਫ਼ ਮੁਕੱਦਮੇ 2009 ਦੇ ਸ਼ੁਰੂ ਵਿੱਚ ਹੀ ਸ਼ੁਰੂ ਹੋ ਗਏ ਸਨ।

ਜੁਲਾਈ ਦੇ ਸ਼ੁਰੂ ਵਿੱਚ ਇੱਕ ਸੰਘੀ ਅਦਾਲਤ ਨੇ ਕੰਪਨੀ ਨੂੰ ਉਸ ਵੇਲੇ ਰਾਹਤ ਦਿੱਤੀ, ਜਦੋਂ ਉਸ ਨੇ ਸਵਾਲ ਉਠਾਇਆ ਕਿ ਕੀ ਵਿਅਕਤੀਗਤ ਮੁਕੱਦਮਾ ਕਰਨ ਵਾਲੇ ਇਹ ਸਾਬਤ ਕਰ ਸਕਦੇ ਹਨ ਕਿ ਟੈਲਕ ਉਨ੍ਹਾਂ ਦੇ ਓਵੇਰੀਅਨ ਕੈਂਸਰ ਦਾ ਸਿੱਧਾ ਕਾਰਨ ਸੀ।

ਜੌਨਸਨ ਐਂਡ ਜੌਨਸਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੰਪਨੀ ਦਾ ਕਹਿਣਾ ਹੈ ਕਿ ਉਤਪਾਦ ਸੁਰੱਖਿਅਤ ਹਨ

ਟੈਲਕ ਇੱਕ ਕੁਦਰਤੀ ਖਣਿਜ ਹੈ, ਜੋ ਮੈਗਨੀਸ਼ੀਅਮ, ਸਿਲੀਕਾਨ, ਆਕਸੀਜਨ ਅਤੇ ਹਾਈਡਰੋਜਨ ਤੋਂ ਬਣਿਆ ਹੁੰਦਾ ਹੈ। ਇਸ ਦੀ ਛੋਹ ਸਾਬਣ ਵਰਗੀ ਹੁੰਦੀ ਹੈ ਅਤੇ ਇਸ ਦੀ ਵਰਤੋਂ ਅਕਸਰ ਬੇਬੀ ਪਾਊਡਰ ਵਿੱਚ ਕੀਤੀ ਜਾਂਦੀ ਹੈ।

ਕੰਪਨੀ ਨੂੰ ਉਨ੍ਹਾਂ ਖਪਤਕਾਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੁਕੱਦਮਿਆਂ ਦਾ ਸਾਹਮਣਾ ਕਰਨਾ ਪਿਆ ਹੈ, ਜਿਨ੍ਹਾਂ ਦਾ ਦਾਅਵਾ ਹੈ ਕਿ ਜੌਨਸਨ ਐਂਡ ਜੌਨਸਨ ਦੇ ਟੈਲਕ ਉਤਪਾਦ ਐਸਬੈਸਟਸ ਦੀ ਮਿਲਾਵਟ ਕਾਰਨ ਕੈਂਸਰ ਦਾ ਕਾਰਨ ਬਣੇ।

ਟੈਲਕ ਧਰਤੀ ਤੋਂ ਕੱਢਿਆ ਜਾਂਦਾ ਹੈ ਅਤੇ ਇਹ ਅਕਸਰ ਐਸਬੈਸਟਸ ਵਾਲੀਆਂ ਪਰਤਾਂ ਦੇ ਨੇੜੇ ਮਿਲਦਾ ਹੈ। ਐਸਬੈਸਟਸ ਇੱਕ ਅਜਿਹਾ ਪਦਾਰਥ ਹੈ, ਜਿਸ ਨੂੰ ਕੈਂਸਰ ਪੈਦਾ ਕਰਨ ਵਾਲਾ ਮੰਨਿਆ ਜਾਂਦਾ ਹੈ।

ਜੌਨਸਨ ਐਂਡ ਜੌਨਸਨ ਨੇ ਇਨ੍ਹਾਂ ਇਲਜ਼ਾਮਾਂ ਤੋਂ ਵਾਰ-ਵਾਰ ਇਨਕਾਰ ਕੀਤਾ ਹੈ ਅਤੇ ਆਪਣੇ ਤਾਜ਼ਾ ਐਲਾਨ ਵਿੱਚ ਕਿਹਾ ਹੈ, "ਅਧਿਐਨ ਦਿਖਾਉਂਦੇ ਹਨ ਕਿ ਟੈਲਕ ਸੁਰੱਖਿਅਤ ਹੈ, ਇਸ ਵਿੱਚ ਐਸਬੈਸਟਸ ਨਹੀਂ ਹੁੰਦਾ ਅਤੇ ਇਹ ਕੈਂਸਰ ਦਾ ਕਾਰਨ ਨਹੀਂ ਬਣਦਾ।"

2022 ਵਿੱਚ ਜੌਨਸਨ ਐਂਡ ਜੌਨਸਨ ਨੇ ਕਿਹਾ ਸੀ ਕਿ ਉਹ ਦੁਨੀਆ ਭਰ ਵਿੱਚ ਆਪਣੇ ਟੈਲਕ ਆਧਾਰਿਤ ਬੇਬੀ ਪਾਊਡਰ ਦਾ ਉਤਪਾਦਨ ਅਤੇ ਵਿਕਰੀ ਬੰਦ ਕਰ ਦੇਵੇਗੀ।

ਇਹ ਐਲਾਨ ਅਮਰੀਕਾ ਵਿੱਚ ਇਸ ਉਤਪਾਦ ਦੀ ਵਿਕਰੀ ਬੰਦ ਕਰਨ ਤੋਂ ਦੋ ਸਾਲ ਤੋਂ ਵੱਧ ਸਮੇਂ ਬਾਅਦ ਕੀਤਾ ਗਿਆ ਸੀ।

ਉਸ ਸਮੇਂ ਜੌਨਸਨ ਐਂਡ ਜੌਨਸਨ ਨੇ ਕਿਹਾ ਸੀ, "ਦੁਨੀਆ ਭਰ ਵਿੱਚ ਆਪਣੇ ਉਤਪਾਦਾਂ ਦੀ ਸਮੀਖਿਆ ਦੇ ਹਿੱਸੇ ਵਜੋਂ, ਅਸੀਂ ਟੈਲਕ ਆਧਾਰਿਤ ਬੇਬੀ ਪਾਊਡਰ ਦੀ ਥਾਂ ਪੂਰੀ ਤਰ੍ਹਾਂ ਮੱਕੀ ਦੇ ਸਟਾਰਚ ਆਧਾਰਿਤ ਬੇਬੀ ਪਾਊਡਰ ਲਿਆਉਣ ਦਾ ਵਪਾਰਕ ਫ਼ੈਸਲਾ ਕੀਤਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)