'ਉਸ ਨੇ ਕਿਹਾ ਸੀ ਕਿ ਉਹ ਮੈਨੂੰ ਅਤੇ ਮੇਰੇ ਪੁੱਤਰ ਨੂੰ ਮਾਰ ਦੇਵੇਗਾ', ਘਰੇਲੂ ਹਿੰਸਾ ਦਾ ਸ਼ਿਕਾਰ ਉਹ ਔਰਤਾਂ ਜਿਨ੍ਹਾਂ ਨੇ ਆਪਣੇ ਸਾਥੀਆਂ ਦਾ ਕਤਲ ਕੀਤਾ

ਤਸਵੀਰ ਸਰੋਤ, Getty Images
- ਲੇਖਕ, ਮਾਰੀਆਨਾ ਰੋਸੇਤੀ ਅਤੇ ਪਾਓਲਾ ਚਰਚਿਲ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 12 ਮਿੰਟ
ਚੇਤਾਵਨੀ: ਇਸ ਰਿਪੋਰਟ ਦੇ ਕੁਝ ਵੇਰਵੇ ਪਰੇਸ਼ਾਨ ਕਰ ਸਕਦੇ ਹਨ।
38 ਸਾਲ ਦੀ ਘਰੇਲੂ ਸਹਾਇਕਾ ਮਿਲੇਨੇ ਵਾਸਕੋਨਸੇਲੋਸ ਨੇ ਕੁਝ ਹੀ ਸੈਕਿੰਡ ਵਿੱਚ ਤੈਅ ਕੀਤਾ ਕਿ ਉਹ ਆਪਣੇ ਜਾਨ ਬਚਾਉਣ ਲਈ ਕੀ ਕਰ ਸਕਦੀ ਹੈ।
ਰਾਫੇਲ ਪਹਿਲਾਂ ਹੀ ਉਸ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕਰ ਚੁੱਕਾ ਸੀ ਅਤੇ ਉਸ ਨੂੰ ਸੋਫੇ 'ਤੇ ਸੁੱਟ ਚੁੱਕਾ ਸੀ। ਮਿਲੇਨੇ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਰਾਫੇਲ ਨੂੰ ਹਿੰਸਾ ਰੋਕਣ ਲਈ ਕਈ ਵਾਰ ਗੁਹਾਰ ਲਾਈ ਪਰ ਉਹ ਨਹੀਂ ਮੰਨਿਆ ਅਤੇ ਹਿੰਸਾ ਹੋਰ ਵੱਧਦੀ ਗਈ।
ਮਿਲੇਨੇ ਨੇ ਦੱਸਿਆ ਕਿ ਉਸ ਦੀ ਨਜ਼ਰ ਰਸੋਈ ਵੱਲ ਗਈ, ਜਿੱਥੇ ਉਸ ਨੇ ਇੱਕ ਚਾਕੂ ਦੇਖਿਆ। ਪੁਲਿਸ ਰਿਪੋਰਟ ਮੁਤਾਬਕ ਉਸ ਨੇ ਰਾਫੇਲ ਨੂੰ ਚੇਤਾਵਨੀ ਦਿੱਤੀ, "ਜੇ ਤੂੰ ਮੈਨੂੰ ਇੱਕ ਵਾਰ ਹੋਰ ਮਾਰਿਆ ਤਾਂ ਮੈਂ ਆਪਣੀ ਜਾਨ ਬਚਾਉਣ ਲਈ ਕੁਝ ਵੀ ਕਰਾਂਗੀ।"
ਪਰ ਰਾਫੇਲ ਨਹੀਂ ਰੁਕਿਆ ਅਤੇ ਮਿਲੇਨੇ ਵੱਲੋਂ ਕੀਤਾ ਗਿਆ ਇੱਕ ਵਾਰ ਉਸ ਦੀ ਮੌਤ ਦਾ ਕਾਰਨ ਬਣ ਗਿਆ।
ਇਹ ਜੋੜਾ ਸਾਓ ਪਾਓਲੋ ਦੇ ਸੈਂਟੋ ਐਂਡ੍ਰੇ ਵਿਖੇ ਰਹਿੰਦਾ ਸੀ ਅਤੇ ਇਹ ਘਟਨਾ ਸਾਲ 2024 ਵਿੱਚ ਵਾਪਰੀ ਸੀ।

ਤਸਵੀਰ ਸਰੋਤ, Getty Images
ਇੱਥੋਂ ਲਗਭਗ 400 ਕਿਲੋਮੀਟਰ ਦੂਰ ਨੋਵਾ ਇਗੁਆਕੂ ਵਿੱਚ, 2008 ਵਿੱਚ ਉਰਸੂਲਾ ਰਿਕਾਰਡੋ ਫ੍ਰਾਂਸਿਸਕੋ ਨੇ ਵੀ ਰਸੋਈ ਵਿੱਚ ਆਪਣੇ ਪਤੀ, ਜੋ ਇੱਕ ਮਿਲਟਰੀ ਪੁਲਿਸ ਮੁਲਾਜ਼ਮ ਸੀ, ਉਸ ਨੂੰ ਗੋਲੀ ਮਾਰ ਦਿੱਤੀ ਸੀ।
ਉਰਸੂਲਾ, ਜੋ ਖੁਦ ਘਰੇਲੂ ਹਿੰਸਾ ਦੇ ਪੀੜਤ ਰਹੇ ਹਨ ਅਤੇ ਹੁਣ 55 ਸਾਲ ਦੇ ਹਨ ਅਤੇ ਸਮਾਜਿਕ ਕਾਰਕੁੰਨ ਵਜੋਂ ਕੰਮ ਕਰਦੇ ਹਨ, ਕਹਿੰਦੇ ਹਨ ਹੈ ਕਿ ਉਨ੍ਹਾਂ ਨੇ ਇਹ ਫੈਸਲਾ ਉਸ ਸਮੇਂ ਲਿਆ ਜਦੋਂ ਉਸ ਨੇ ਕਿਹਾ, "ਮੈਂ ਤੈਨੂੰ ਅਤੇ ਆਪਣੇ ਪੁੱਤਰ ਨੂੰ ਮਾਰ ਦਿਆਂਗਾ ਅਤੇ ਫਿਰ ਖੁਦਕੁਸ਼ੀ ਕਰ ਲਵਾਂਗਾ।"
ਮਿਲੇਨੇ ਅਤੇ ਉਰਸੂਲਾ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਕਈ ਸਾਲਾਂ ਦੀ ਹਿੰਸਾ ਸਹਿਣ ਤੋਂ ਬਾਅਦ ਆਤਮ-ਰੱਖਿਆ ਵਿੱਚ ਇਹ ਕਦਮ ਚੁੱਕਿਆ ਸੀ।
ਮਿਲੇਨੇ ਦੇ ਮਾਮਲੇ ਦੀ ਜਾਂਚ ਬ੍ਰਾਜ਼ੀਲ ਦੇ ਸਰਕਾਰੀ ਵਕੀਲ ਦਫ਼ਤਰ ਵੱਲੋਂ ਕੀਤੀ ਜਾ ਰਹੀ ਹੈ। ਇਹ ਜਾਂਚ ਕਾਨੂੰਨੀ ਕਾਰਵਾਈ ਤੱਕ ਪਹੁੰਚੇਗੀ ਜਾਂ ਨਹੀਂ, ਇਹ ਅਧਿਕਾਰੀਆਂ ਦੇ ਫੈਸਲੇ 'ਤੇ ਨਿਰਭਰ ਕਰੇਗਾ।
ਦੂਜੇ ਪਾਸੇ, ਉਰਸੂਲਾ ਨੂੰ ਲਗਭਗ ਇੱਕ ਦਹਾਕੇ ਤੱਕ ਚੱਲੀ ਕਾਨੂੰਨੀ ਲੜਾਈ ਤੋਂ ਬਾਅਦ ਅਦਾਲਤ ਨੇ ਬਰੀ ਕਰ ਦਿੱਤਾ।
ਬ੍ਰਾਜ਼ੀਲ ਦੇ ਕਾਨੂੰਨ ਵਿੱਚ ਆਤਮ-ਰੱਖਿਆ ਦਾ ਅਧਿਕਾਰ ਉਦੋਂ ਮੰਨਿਆ ਜਾਂਦਾ ਹੈ, ਜੇਕਰ ਇਹ ਸਾਬਤ ਹੋ ਜਾਵੇ ਕਿ ਜ਼ਿੰਦਗੀ ਨੂੰ ਤੁਰੰਤ ਖ਼ਤਰਾ ਸੀ ਅਤੇ ਉਸ ਖ਼ਤਰੇ ਦਾ ਮੁਕਾਬਲਾ ਕਰਨ ਲਈ ਕਦਮ ਚੁੱਕਿਆ ਗਿਆ ਸੀ।
ਬੀਬੀਸੀ ਬ੍ਰਾਜ਼ੀਲ ਨੇ ਜਿਨ੍ਹਾਂ ਮਾਹਰਾਂ ਨਾਲ ਗੱਲ ਕੀਤੀ ਉਨ੍ਹਾਂ ਮੁਤਾਬਕ ਇਸ ਨੂੰ ਸਾਬਤ ਕਰਨਾ ਹਮੇਸ਼ਾ ਆਸਾਨ ਨਹੀਂ ਹੁੰਦਾ। ਮਾਹਰਾਂ ਮੁਤਾਬਕ ਕਿਸੇ ਮਾਮਲੇ ਵਿੱਚ ਆਤਮ-ਰੱਖਿਆ ਜਾਇਜ਼ ਹੈ ਜਾਂ ਨਹੀਂ, ਇਹ ਕਈ ਗੱਲਾਂ 'ਤੇ ਨਿਰਭਰ ਕਰਦਾ ਹੈ- ਜਿਵੇਂ ਵਕੀਲਾਂ ਦੀ ਗੁਣਵੱਤਾ, ਪੁਲਿਸ ਜਾਂਚ ਤੋਂ ਲੈ ਕੇ ਅਦਾਲਤੀ ਕਾਰਵਾਈ ਦੌਰਾਨ ਮਰਦ-ਪ੍ਰਧਾਨ ਸੋਚ ਦਾ ਪ੍ਰਭਾਵ।
"ਮੈਨੂੰ ਲੱਗਾ ਕਿ ਮੈਂ ਕਿਸੇ ਤਰ੍ਹਾਂ ਉਸ ਨੂੰ ਬਚਾ ਲਵਾਂਗੀ"

ਤਸਵੀਰ ਸਰੋਤ, Getty Images
ਮਿਲੇਨੇ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਅਤੇ ਰਾਫੇਲ ਦੀ ਮੁਲਾਕਾਤ 2017 ਵਿੱਚ ਫੇਸਬੁੱਕ ਜ਼ਰੀਏ ਹੋਈ ਸੀ ਪਰ ਉਨ੍ਹਾਂ ਦੀ ਗੱਲਬਾਤ ਜ਼ਿਆਦਾ ਸਮਾਂ ਨਹੀਂ ਚੱਲੀ ਕਿਉਂਕਿ ਕੁਝ ਹਫ਼ਤਿਆਂ ਬਾਅਦ ਹੀ ਰਾਫੇਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਮਿਲੇਨੇ ਦੇ ਬਿਆਨ ਮੁਤਾਬਕ, ਸਤੰਬਰ 2023 ਵਿੱਚ ਜਦੋਂ ਰਾਫੇਲ ਨੇ ਖੁਦ ਉਸ ਨਾਲ ਮੁੜ ਸੰਪਰਕ ਕੀਤਾ ਤਾਂ ਦੋਹਾਂ ਦੀ ਗੱਲਬਾਤ ਫਿਰ ਸ਼ੁਰੂ ਹੋਈ।
ਉਹ ਹਾਲ ਹੀ ਵਿੱਚ ਜੇਲ੍ਹ ਤੋਂ ਰਿਹਾਅ ਹੋਇਆ ਸੀ ਅਤੇ ਉਸ ਕੋਲ ਰਹਿਣ ਲਈ ਕੋਈ ਥਾਂ ਨਹੀਂ ਸੀ। ਮਿਲੇਨੇ ਲਈ ਇਹ ਇੱਕ ਨਵੀਂ ਸ਼ੁਰੂਆਤ ਦਾ ਮੌਕਾ ਸੀ।
ਮਿਲੇਨੇ ਕਹਿੰਦੇ ਹਨ , "ਮੈਨੂੰ ਲੱਗਿਆ ਸੀ ਕਿ ਮੈਂ ਕਿਸੇ ਤਰ੍ਹਾਂ ਉਸ ਨੂੰ ਬਚਾ ਸਕਦੀ ਹਾਂ।"
2024 ਦੀ ਸ਼ੁਰੂਆਤ ਵਿੱਚ ਦੋਵੇਂ ਇਕੱਠੇ ਰਹਿਣ ਲੱਗੇ। ਪਹਿਲੀ ਹਿੰਸਕ ਘਟਨਾ ਉਸ ਸਮੇਂ ਵਾਪਰੀ ਜਦੋਂ ਇੱਕ ਦੁਪਹਿਰ ਮਿਲੇਨੇ ਕੰਮ ਤੋਂ ਘਰ ਵਾਪਸ ਆਈ ਅਤੇ ਉਸ ਨੇ ਰਾਫੇਲ ਨੂੰ ਨਸ਼ਾ ਕਰਦੇ ਹੋਏ ਦੇਖਿਆ।
ਉਹ ਦੱਸਦੇ ਹਨ, "ਉਸ ਨੇ ਚਾਕੂ ਚੁੱਕਿਆ ਅਤੇ ਮੇਰੇ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।" ਮਿਲੇਨੇ ਨੇ ਇਹ ਵੀ ਦੱਸਿਆ ਕਿ ਰਾਫੇਲ ਨੇ ਘਰ ਦਾ ਸਮਾਨ ਅਤੇ ਫਰਨੀਚਰ ਤੋੜ ਦਿੱਤੇ।"

ਉਸ ਦਿਨ ਗੁਆਂਢੀਆਂ ਦੀ ਸੂਚਨਾ 'ਤੇ ਪਹੁੰਚੀ ਮਿਲਟਰੀ ਪੁਲਿਸ ਨੇ ਮਿਲੇਨੇ ਨੂੰ ਜ਼ਖਮੀ ਹਾਲਤ ਵਿੱਚ ਪਾਇਆ। ਰਾਫੇਲ ਨੂੰ ਕਤਲ ਦੀ ਕੋਸ਼ਿਸ਼ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਗਿਆ।
ਪੁਲਿਸ ਥਾਣੇ ਵਿੱਚ ਮਿਲੇਨੇ ਨੇ ਐਮਰਜੈਂਸੀ ਸੁਰੱਖਿਆ ਉਪਾਅ ਦੀ ਮੰਗ ਕੀਤੀ। ਇਹ ਬ੍ਰਾਜ਼ੀਲ ਦੇ ਮਾਰੀਆ ਦਾ ਪੇਨਹਾ ਕਾਨੂੰਨ ਤਹਿਤ ਦਿੱਤਾ ਜਾਣ ਵਾਲਾ ਇੱਕ ਸੁਰੱਖਿਆ ਉਪਾਅ ਹੈ ਜੋ ਲਿੰਗ ਆਧਾਰਿਤ ਹਿੰਸਾ ਦੇ ਖ਼ਿਲਾਫ਼ ਬਣਾਇਆ ਗਿਆ ਹੈ। ਇਸ ਦਾ ਮਕਸਦ ਹਮਲਾਵਰ ਨੂੰ ਪੀੜਤ ਤੋਂ ਦੂਰ ਕਰਨਾ ਅਤੇ ਹਿੰਸਾ ਨੂੰ ਹੋਰ ਵਧਣ ਤੋਂ ਰੋਕਣਾ ਹੈ।
ਦੋ ਦਿਨ ਬਾਅਦ ਪੁਲਿਸ ਅਧਿਕਾਰੀ ਸਾਹਮਣੇ ਦਿੱਤੇ ਬਿਆਨ ਵਿੱਚ ਮਿਲੇਨੇ ਨੇ ਕਿਹਾ ਕਿ ਉਹ ਰਾਫੇਲ ਨਾਲ ਦੁਬਾਰਾ ਰਿਸ਼ਤਾ ਜੋੜਨ ਬਾਰੇ ਸੋਚ ਰਹੀ ਸੀ।
ਉਹ ਦੱਸਦੇ ਹਨ ਕਿ ਪੁਲਿਸ ਅਧਿਕਾਰੀ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਸੀ, "ਇਹ ਆਦਮੀ ਜਾਂ ਤਾਂ ਤੁਹਾਨੂੰ ਮਾਰ ਦੇਵੇਗਾ ਜਾਂ ਤੁਸੀਂ ਇਸ ਨੂੰ ਮਾਰ ਦਿਓਗੇ।"
ਆਪਣੀ ਮਾਂ, ਦੋਸਤਾਂ ਅਤੇ ਪੁਲਿਸ ਅਧਿਕਾਰੀ ਦੀਆਂ ਤਮਾਮ ਚੇਤਾਵਨੀਆਂ ਦੇ ਬਾਵਜੂਦ, ਮਿਲੇਨੇ, ਜੋ ਪਹਿਲਾਂ ਹੀ ਹਿੰਸਾ ਦੇ ਚੱਕਰ ਵਿੱਚ ਫਸ ਚੁੱਕੇ ਸਨ, ਉਨ੍ਹਾਂ ਨੇ ਐਮਰਜੈਂਸੀ ਸੁਰੱਖਿਆ ਉਪਾਅ ਨੂੰ ਰੱਦ ਕਰਨ ਦੀ ਮੰਗ ਕੀਤੀ।
ਇੱਕ ਮਹੀਨੇ ਬਾਅਦ ਰਾਫੇਲ ਦੁਬਾਰਾ ਰਿਹਾਅ ਹੋਇਆ ਅਤੇ ਮਿਲੇਨੇ ਉਸ ਨੂੰ ਵਾਪਸ ਘਰ ਲੈ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਰਾਫੇਲ ਦਾ ਕਤਲ ਕਰ ਦਿੱਤਾ।
ਆਤਮ-ਰੱਖਿਆ ਬਾਰੇ ਕੀ ਕਹਿੰਦਾ ਹੈ ਉੱਥੋਂ ਦਾ ਕਾਨੂੰਨ
ਬ੍ਰਾਜ਼ੀਲ ਦੇ ਦੰਡ ਸੰਹਿਤਾ ਦੀ ਧਾਰਾ 25 ਤਹਿਤ ਆਤਮ-ਰੱਖਿਆ ਦਾ ਅਧਿਕਾਰ ਦਿੱਤਾ ਗਿਆ ਹੈ। ਇਸ ਮੁਤਾਬਕ ਜੇ ਕੋਈ ਵਿਅਕਤੀ ਕਿਸੇ ਗੈਰ-ਵਾਜਬ, ਮੌਜੂਦਾ ਜਾਂ ਤੁਰੰਤ ਹੋਣ ਵਾਲੇ ਹਮਲੇ ਤੋਂ ਬਚਣ ਲਈ "ਸੰਜਮ ਨਾਲ ਲੋੜੀਂਦੇ ਸਾਧਨਾਂ" ਦੀ ਵਰਤੋਂ ਕਰਦਾ ਹੈ ਤਾਂ ਉਸਨੂੰ ਅਪਰਾਧੀ ਨਹੀਂ ਮੰਨਿਆ ਜਾਂਦਾ।
ਸੈਂਟਾ ਕੈਟੇਰੀਨਾ ਦੀ ਪਬਲਿਕ ਮਿਨਿਸਟਰੀ ਦੀ ਸਰਕਾਰੀ ਵਕੀਲ ਅਤੇ ਲਿਸਬਨ ਦੀ ਨੋਵਾ ਯੂਨੀਵਰਸਿਟੀ ਵਿੱਚ ਜੈਂਡਰ ਸਟੱਡੀਜ਼ ਦੇ ਖੋਜਕਰਤਾ ਚਿਮੇਲੀ ਮਾਰਕੋਨ ਕਹਿੰਦੇ ਹਨ, "ਗੈਰ-ਨਿਆਂਪੂਰਨ ਹਮਲਾ, ਹਰ ਉਹ ਹਿੰਸਕ ਹਮਲਾ ਹੈ ਜਿਸ ਨੂੰ ਕਾਨੂੰਨ ਦੀ ਸੁਰੱਖਿਆ ਪ੍ਰਾਪਤ ਨਹੀਂ ਹੈ।"
ਉਨ੍ਹਾਂ ਮੁਤਾਬਕ, ਇਹ ਅਜਿਹਾ ਹਮਲਾ ਹੁੰਦਾ ਹੈ ਜੋ ਜੀਵਨ, ਸਰੀਰਕ ਸੁਰੱਖਿਆ, ਆਜ਼ਾਦੀ ਅਤੇ ਇੱਜ਼ਤ ਵਰਗੇ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ ਅਤੇ ਜਿਸ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੁੰਦਾ।
ਮਾਰਕੋਨ ਕਹਿੰਦੇ ਹਨ ਕਿ ਘਰੇਲੂ ਹਿੰਸਾ ਦੇ ਮਾਮਲਿਆਂ ਵਿੱਚ ਖ਼ਤਰਾ ਆਮ ਤੌਰ 'ਤੇ ਅਚਾਨਕ ਹੋਣ ਵਾਲੇ ਹਮਲੇ ਵਾਂਗ ਨਹੀਂ ਹੁੰਦਾ ਸਗੋਂ ਇਹ "ਲਗਾਤਾਰ ਖ਼ਤਰੇ ਦੀ ਸਥਿਤੀ" ਹੁੰਦੀ ਹੈ।
ਇਸ ਤੋਂ ਇਲਾਵਾ, ਹਿੰਸਾ ਦਾ ਇਹ ਚੱਕਰ ਆਮ ਤੌਰ 'ਤੇ ਸਿੱਧਾ ਨਹੀਂ ਹੁੰਦਾ। ਇਸ ਵਿੱਚ ਹਿੰਸਾ, ਪਛਤਾਵਾ, ਵਾਅਦੇ, ਭਾਵਨਾਤਮਕ ਕੰਟਰੋਲ ਅਤੇ ਨਿਰਭਰਤਾ ਦੇ ਪੜਾਅ ਸ਼ਾਮਲ ਹੁੰਦੇ ਹਨ, ਜੋ ਕਿਸੇ ਪੀੜਤ ਨੂੰ ਸਾਲਾਂ ਤੱਕ ਹਿੰਸਕ ਰਿਸ਼ਤੇ ਵਿੱਚ ਫਸਾਈ ਰੱਖ ਸਕਦੇ ਹਨ।
ਵਕੀਲ ਮਾਰਕੋਨ ਕਹਿੰਦੇ ਹਨ, "ਅਜਿਹੀ ਸਥਿਤੀ ਨੂੰ ਸਮਝਣ ਦਾ ਮਤਲਬ ਹਿੰਸਕ ਸਾਥੀਆਂ ਦੇ ਕਤਲ ਨੂੰ ਆਦਰਸ਼ ਬਣਾਉਣਾ ਨਹੀਂ ਹੈ, ਪਰ ਘਰੇਲੂ ਹਿੰਸਾ ਦੀ ਜਟਿਲਤਾ ਅਤੇ ਹੌਲੀ-ਹੌਲੀ ਵਧਣ ਵਾਲੀ ਸਮੱਸਿਆ ਵਜੋਂ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।"
"ਮੈਂ ਦਬਾਅ ਹੇਠ ਗੋਲੀ ਚਲਾਉਣੀ ਸਿੱਖੀ"
ਉਰਸੂਲਾ ਦੱਸਦੇ ਹਨ ਕਿ ਉਨ੍ਹਾਂ ਨੇ ਗੋਲੀ ਚਲਾਉਣੀ ਆਪਣੇ ਪਤੀ ਤੋਂ ਹੀ ਸਿੱਖੀ ਸੀ ਜੋ ਇੱਕ ਪੁਲਿਸ ਮੁਲਾਜ਼ਮ ਸੀ।
ਉਹ ਕਹਿੰਦੇ ਹਨ, "ਉਹ ਬੈਰਕ ਤੋਂ ਘਰ ਆਉਂਦਾ ਸੀ, ਆਪਣਾ ਹਥਿਆਰ ਮੇਜ਼ 'ਤੇ ਰੱਖਦਾ ਸੀ, ਮੈਗਜ਼ੀਨ ਵਿੱਚੋਂ ਸਾਰੀਆਂ ਗੋਲੀਆਂ ਕੱਢ ਦਿੰਦਾ ਸੀ ਅਤੇ ਮੈਨੂੰ ਉਹ ਮੁੜ ਭਰਨ ਲਈ ਕਹਿੰਦਾ ਸੀ। ਜਦੋਂ ਮੈਂ ਅਜਿਹਾ ਨਹੀਂ ਕਰ ਪਾਉਂਦੀ ਸੀ ਤਾਂ ਉਹ ਮੇਰੇ ਹੱਥ 'ਤੇ ਮਾਰਦਾ ਸੀ।"
"ਮੈਂ ਦਬਾਅ ਹੇਠ ਗੋਲੀ ਚਲਾਉਣੀ ਸਿੱਖੀ। ਅਤੇ ਇਹੀ ਮੇਰੀ ਬਚਾਅ ਦਾ ਕਾਰਨ ਬਣਿਆ, ਕਿਉਂਕਿ ਜੇ ਮੈਨੂੰ ਗੋਲੀ ਚਲਾਉਣੀ ਨਾ ਆਉਂਦੀ ਤਾਂ ਮੈਂ ਅੱਜ ਜ਼ਿੰਦਾ ਨਾ ਹੁੰਦੀ।"
ਉਰਸੂਲਾ ਯਾਦ ਕਰਦੇ ਹਨ ਕਿ ਪਹਿਲੀ ਸਰੀਰਕ ਹਿੰਸਾ ਦੀ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਆਪਣੇ ਵਿਆਹ ਦੀ 10ਵੀਂ ਵਰ੍ਹੇਗੰਢ ਮਨਾਉਣ ਵਾਲੇ ਸਨ। ਇਹ ਉਹ ਸਮਾਂ ਸੀ ਜਦੋਂ ਬ੍ਰਾਜ਼ੀਲ ਵਿੱਚ ਮਾਰੀਆ ਦਾ ਪੇਨਹਾ ਕਾਨੂੰਨ ਬਾਰੇ ਚਰਚਾਵਾਂ ਸ਼ੁਰੂ ਹੋ ਰਹੀਆਂ ਸਨ।
ਉਰਸੂਲਾ ਆਪਣੇ ਪਤੀ ਦੀਆਂ ਧਮਕੀਆਂ ਨੂੰ ਯਾਦ ਕਰਦੇ ਹਨ, ਜਿਸ ਵਿੱਚ ਉਹ ਕਹਿੰਦਾ ਸੀ, "ਜੇ ਤੂੰ ਮੇਰੀ ਸ਼ਿਕਾਇਤ ਕੀਤੀ ਤਾਂ ਮੈਂ ਤੈਨੂੰ ਮਾਰ ਦਿਆਂਗਾ, ਤੈਨੂੰ ਇੱਕ ਬੈਗ ਵਿੱਚ ਪਾ ਕੇ ਦਰਿਆ ਵਿੱਚ ਸੁੱਟ ਦਿਆਂਗਾ।"
ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਕਦੇ ਵੀ ਆਪਣੇ ਪਤੀ ਦੀ ਸ਼ਿਕਾਇਤ ਨਹੀਂ ਕੀਤੀ, ਨਾ ਸਿਰਫ਼ ਉਸ ਦੀਆਂ ਧਮਕੀਆਂ ਦੇ ਡਰ ਕਾਰਨ, ਸਗੋਂ ਇਸ ਲਈ ਵੀ ਕਿ ਉਹ ਇੱਕ ਪੁਲਿਸ ਅਧਿਕਾਰੀ ਸੀ।

ਪਰਿਵਾਰਕ ਕਾਨੂੰਨ ਦੀ ਮਾਹਰ ਵਕੀਲ ਅਤੇ ਬ੍ਰਾਜ਼ੀਲੀਅਨ ਇੰਸਟੀਚਿਊਟ ਆਫ ਫੈਮਿਲੀ ਲਾਅ ਦੀ ਜੈਂਡਰ ਪੱਖੀ ਮੁਕੱਦਮਿਆਂ ਲਈ ਪ੍ਰੋਟੋਕੋਲ ਕਮੇਟੀ ਦੀ ਪ੍ਰਧਾਨ ਐਨਾ ਪਾਓਲਾ ਡੀ ਓਲੀਵੇਰਾ ਐਂਤੂਨੈਸ ਕਹਿੰਦੇ ਹਨ ਕਿ ਅੱਜ ਵੀ ਕਈ ਪੀੜਤ ਔਰਤਾਂ ਆਪਣੇ ਹਮਲਾਵਰਾਂ ਖ਼ਿਲਾਫ਼ ਸ਼ਿਕਾਇਤ ਨਹੀਂ ਕਰਦੀਆਂ।
ਐਂਤੂਨੈਸ ਕਹਿੰਦੇ ਹਨ, "ਪੀੜਤ ਔਰਤਾਂ ਮਦਦ ਨਹੀਂ ਲੈਂਦੀਆਂ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਗੱਲ 'ਤੇ ਵਿਸ਼ਵਾਸ ਨਹੀਂ ਕੀਤਾ ਜਾਵੇਗਾ। ਪੁਲਿਸ ਥਾਣੇ ਜਾਣਾ ਬਹੁਤ ਮੁਸ਼ਕਿਲ ਹੁੰਦਾ ਹੈ। ਉਨ੍ਹਾਂ ਨੂੰ ਆਪਣੀ ਗੱਲ ਰੱਖਣ ਵਿੱਚ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ, ਉਨ੍ਹਾਂ ਦੀ ਭਰੋਸੇਯੋਗਤਾ 'ਤੇ ਸਵਾਲ ਉਠਾਏ ਜਾਂਦੇ ਹਨ ਅਤੇ ਉਹ ਮੁੜ ਪੀੜਤ ਬਣ ਜਾਂਦੀਆਂ ਹਨ।"
"ਇਸੇ ਕਰਕੇ ਜ਼ਿਆਦਾਤਰ ਔਰਤਾਂ ਜੋ ਹਿੰਸਾ ਦਾ ਸਾਹਮਣਾ ਕਰਦੀਆਂ ਹਨ, ਮਦਦ ਨਹੀਂ ਮੰਗਦੀਆਂ ਕਿਉਂਕਿ ਉਨ੍ਹਾਂ ਨੂੰ ਸਿਸਟਮ ਤੋਂ ਸੁਰੱਖਿਆ ਮਿਲਣ ਦਾ ਭਰੋਸਾ ਨਹੀਂ ਹੁੰਦਾ।"
ਸ਼ੁਰੂਆਤ 'ਚ ਉਰਸੂਲਾ ਨੂੰ ਲੱਗਦਾ ਸੀ ਕਿ ਮਾਂ ਬਣਨ ਨਾਲ ਉਨ੍ਹਾਂ ਦੇ ਰਿਸ਼ਤੇ ਵਿੱਚ ਸੁਧਾਰ ਆਵੇਗਾ। ਪਰ ਜਦੋਂ ਹਿੰਸਾ ਉਨ੍ਹਾਂ ਦੇ ਪੁੱਤਰ ਤੱਕ ਪਹੁੰਚੀ ਤਾਂ ਉਨ੍ਹਾਂ ਨੇ ਤਲਾਕ ਲਈ ਅਰਜ਼ੀ ਦੇ ਦਿੱਤੀ।
ਉਨ੍ਹਾਂ ਨੂੰ ਦੋ ਜਵਾਬ ਮਿਲੇ।
ਪਹਿਲਾ, "ਤੂੰ ਇੱਥੋਂ ਸਿਰਫ਼ ਮਰ ਕੇ ਹੀ ਜਾ ਸਕਦੀ ਹੈਂ।"
ਅਤੇ ਦੂਜਾ, "ਤੂੰ ਫਰਿੱਜ, ਚੁੱਲ੍ਹਾ, ਜੋ ਕੁਝ ਚਾਹੇ ਲੈ ਜਾ ਸਕਦੀ ਹੈਂ ਪਰ ਮੇਰਾ ਪੁੱਤਰ ਨਹੀਂ ਲੈ ਜਾ ਸਕਦੀ।"
ਡਰ ਕਾਰਨ ਉਰਸੂਲਾ ਨੇ ਉੱਥੇ ਹੀ ਰਹਿਣ ਦਾ ਫੈਸਲਾ ਕੀਤਾ।
ਫਰਵਰੀ 2008 ਵਿੱਚ ਜਿਸ ਦਿਨ ਉਨ੍ਹਾਂ ਨੇ ਆਪਣੇ ਪਤੀ ਦੀ ਹੱਤਿਆ ਕੀਤੀ, ਉਰਸੂਲਾ ਯਾਦ ਕਰਦੇ ਹੋਏ ਦੱਸਦੇ ਹਨ ਕਿ ਉਨ੍ਹਾਂ ਦਾ ਪੁਲਿਸ ਮੁਲਾਜ਼ਮ ਪਤੀ ਕੰਮ ਤੋਂ ਬਹੁਤ ਗੁੱਸੇ ਵਿੱਚ ਵਾਪਸ ਆਇਆ ਸੀ ਅਤੇ ਉਸ ਨੇ "ਅਜਿਹੀਆਂ ਧਮਕੀਆਂ ਦਿੱਤੀਆਂ ਜੋ ਉਸੇ ਦਿਨ ਤੋਂ ਸ਼ੁਰੂ ਨਹੀਂ ਹੋਈਆਂ ਸਨ, ਸਗੋਂ ਪਹਿਲਾਂ ਤੋਂ ਦਿੱਤੀਆਂ ਜਾ ਰਹੀਆਂ ਸਨ।"
ਉਰਸੂਲਾ ਯਾਦ ਕਰਦੇ ਹਨ ਕਿ ਉਸ ਹਫ਼ਤੇ ਉਸ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਉਹ ਸੱਚਮੁੱਚ ਮੈਨੂੰ ਮਾਰ ਦੇਵੇਗਾ, ਮੇਰੇ ਪੁੱਤਰ ਨੂੰ ਮਾਰ ਦੇਵੇਗਾ ਅਤੇ ਫਿਰ ਖੁਦਕੁਸ਼ੀ ਕਰ ਲਵੇਗਾ।
ਇੱਕ ਹੋਰ ਧਮਕੀ ਤੋਂ ਬਾਅਦ, "ਉਹ ਆਪਣਾ ਹਥਿਆਰ ਲੈਣ ਲਈ ਬੈੱਡਰੂਮ ਵੱਲ ਗਿਆ।"
ਉਰਸੂਲਾ ਯਾਦ ਕਰਦੇ ਹਨ, "ਮੈਂ ਪਹਿਲਾਂ ਹੀ ਰਸੋਈ ਵਿੱਚੋਂ ਹਥਿਆਰ ਲੈ ਲਿਆ ਸੀ ਅਤੇ ਗੋਲੀ ਚਲਾ ਦਿੱਤੀ।"
ਬੀਬੀਸੀ ਬ੍ਰਾਜ਼ੀਲ ਨੇ ਮਾਮਲੇ 'ਤੇ ਟਿੱਪਣੀ ਲਈ ਉਰਸੂਲਾ ਦੇ ਪਤੀ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਤੱਕ ਪਹੁੰਚ ਨਹੀਂ ਹੋ ਸਕੀ।
ਜਾਂਚ ਅਤੇ ਬਰੀ ਹੋਣਾ

ਤਸਵੀਰ ਸਰੋਤ, Getty Images
ਮਿਲੇਨੇ ਦੱਸਦੇ ਹਨ ਕਿ ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਰਾਫੇਲ ਦੀ ਮੌਤ ਦੀ ਪੁਸ਼ਟੀ ਕੀਤੀ ਤਾਂ ਉਸ ਨੂੰ ਗ੍ਰਿਫ਼ਤਾਰੀ ਦਾ ਡਰ ਨਹੀਂ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਉਸ ਨੇ ਕੁਝ ਗਲਤ ਨਹੀਂ ਕੀਤਾ।
ਪੁਲਿਸ ਥਾਣੇ ਵਿੱਚ ਸ਼ੁਰੂ ਤੋਂ ਹੀ ਉਸ ਦੇ ਮਾਮਲੇ ਨੂੰ ਆਤਮ-ਰੱਖਿਆ ਦੇ ਤੌਰ 'ਤੇ ਦੇਖਿਆ ਗਿਆ ਅਤੇ ਉਸ ਨੂੰ ਘਟਨਾ ਦਾ ਸਾਹਮਣਾ ਕਰਨ ਲਈ ਜ਼ਮਾਨਤ 'ਤੇ ਛੱਡ ਦਿੱਤਾ ਗਿਆ।
ਬ੍ਰਾਜ਼ੀਲ ਵਿੱਚ ਪੁਲਿਸ ਕਮਿਸ਼ਨਰਾਂ ਨੂੰ ਆਪਣੀ ਜਾਂਚ ਰਿਪੋਰਟ ਵਿੱਚ ਅਜਿਹੀ ਵਿਆਖਿਆ ਦਰਜ ਕਰਨ ਦਾ ਅਧਿਕਾਰ ਹੁੰਦਾ ਹੈ, ਜਿਵੇਂ ਕਿ ਮਿਲੇਨੇ ਦੇ ਮਾਮਲੇ ਵਿੱਚ ਹੋਇਆ।
ਹਾਲਾਂਕਿ, ਇਸ ਦਾ ਇਹ ਮਤਲਬ ਨਹੀਂ ਹੁੰਦਾ ਕਿ ਵਿਅਕਤੀ ਪਹਿਲਾਂ ਹੀ ਬਰੀ ਹੋ ਗਿਆ ਹੈ। ਪੁਲਿਸ ਜਾਂਚ ਰਿਪੋਰਟ ਰਾਜ ਦੇ ਪਬਲਿਕ ਪ੍ਰੋਸੀਕਿਊਟਰ ਦਫ਼ਤਰ ਭੇਜੀ ਜਾਂਦੀ ਹੈ, ਜੋ ਮਾਮਲਾ ਖ਼ਤਮ ਕਰਨ, ਹੋਰ ਸਬੂਤ ਮੰਗਣ ਜਾਂ ਦੋਸ਼ ਲਗਾਉਣ ਦੀ ਕਾਰਵਾਈ ਕਰ ਸਕਦਾ ਹੈ।
ਮਿਲੇਨੇ ਦਾ ਮਾਮਲਾ ਇਸ ਸਮੇਂ ਪਬਲਿਕ ਪ੍ਰੋਸੀਕਿਊਟਰ ਦਫ਼ਤਰ ਵੱਲੋਂ ਸਮੀਖਿਆ ਦੇ ਪੜਾਅ ਵਿੱਚ ਹੈ।
ਜੇਕਰ ਦੋਸ਼ ਤੈਅ ਕੀਤੇ ਜਾਂਦੇ ਹਨ ਤਾਂ ਅਦਾਲਤ ਮਾਮਲੇ ਦੀ ਜਾਂਚ ਕਰੇਗੀ ਅਤੇ ਫੈਸਲਾ ਕਰੇਗੀ ਕਿ ਆਤਮ-ਰੱਖਿਆ ਦੀ ਦਲੀਲ ਮੰਨੀ ਜਾਵੇਗੀ ਜਾਂ ਨਹੀਂ। ਅੰਤਿਮ ਫੈਸਲਾ ਜੱਜ ਵੱਲੋਂ ਦਿੱਤਾ ਜਾਵੇਗਾ।
ਮਿਲੇਨੇ ਦੇ ਮਾਮਲੇ ਦੀ ਜਾਂਚ ਕਰਨ ਵਾਲੀ ਕਮਿਸ਼ਨਰ ਵਿਵਿਆਨੇ ਕੋਸਟਾ ਰਿਓਸ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਕੋਈ ਸ਼ੱਕ ਨਹੀਂ ਸੀ ਕਿ ਮਿਲੇਨੇ ਨੇ ਆਤਮ-ਰੱਖਿਆ ਵਿੱਚ ਕਾਰਵਾਈ ਕੀਤੀ, ਕਿਉਂਕਿ ਪਹਿਲਾਂ ਵੀ ਹਮਲੇ ਹੋ ਚੁੱਕੇ ਸਨ, ਰਾਫੇਲ ਦਾ ਲੁੱਟ, ਚੋਰੀ ਅਤੇ ਮਿਲੇਨੇ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਅਪਰਾਧਿਕ ਰਿਕਾਰਡ ਸੀ ਅਤੇ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਮੌਤ ਦੇ ਸਮੇਂ ਉਹ ਸ਼ਰਾਬ ਅਤੇ ਨਸ਼ੇ ਦੇ ਪ੍ਰਭਾਵ ਹੇਠ ਸੀ।
ਇਸ ਤੋਂ ਇਲਾਵਾ, ਘਟਨਾ ਸਮੇਂ ਇਸਤੇਮਾਲ ਹਥਿਆਰ ਰਸੋਈ ਦਾ ਚਾਕੂ ਸੀ, ਜੋ ਹਮਲੇ ਦੌਰਾਨ ਮਿਲੇਨੇ ਦੀ ਪਹੁੰਚ ਵਿੱਚ ਸੀ।
ਕਮਿਸ਼ਨਰ ਕਹਿੰਦੇ ਹਨ, " ਚਾਕੂ ਨਾਲ ਵਾਰ ਸਿਰਫ਼ ਇੱਕ ਵਾਰ ਕੀਤਾ ਗਿਆ ਸੀ। ਮਿਲੇਨੇ ਨੇ ਐਮਰਜੈਂਸੀ ਸੇਵਾਵਾਂ ਨੂੰ ਫੋਨ ਕੀਤਾ, ਰਾਫੇਲ ਦੀ ਮਦਦ ਕਰਨ ਅਤੇ ਖੂਨ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਦੇ ਆਉਣ ਦਾ ਇੰਤਜ਼ਾਰ ਕੀਤਾ।"
ਪੁਲਿਸ ਥਾਣੇ ਵਿੱਚ ਆਪਣੇ ਡੈਸਕ 'ਤੇ ਬੈਠੇ ਵਿਵਿਆਨੇ ਕਹਿੰਦੇ ਹਨ ਕਿ ਮਿਲੇਨੇ ਇੱਕ ਅਜਿਹੀ ਸਥਿਤੀ ਵਿੱਚ ਸੀ ਜਿੱਥੇ ਉਸ ਦੀ ਜ਼ਿੰਦਗੀ ਨੂੰ ਤੁਰੰਤ "ਹੁਣ ਜਾਂ ਕਦੇ ਨਹੀਂ" ਵਾਲਾ ਖ਼ਤਰਾ ਸੀ।
ਉਹ ਪੁੱਛਦੇ ਹਨ, "ਰਾਫੇਲ ਨੇ ਪਹਿਲਾਂ ਹੀ ਹਮਲਾ ਸ਼ੁਰੂ ਕਰ ਦਿੱਤਾ ਸੀ। ਜੇਕਰ ਉਹ ਮਦਦ ਲੈਣ ਲਈ ਬਾਹਰ ਜਾਂਦੀ ਤਾਂ ਕੀ ਉਹ ਬਚ ਸਕਦੀ ਸੀ ?"
ਫਿਰ ਉਹ ਖੁਦ ਜਵਾਬ ਦਿੰਦੇ ਹਨ, "ਮੈਨੂੰ ਨਹੀਂ ਲੱਗਦਾ।"
ਕਮਿਸ਼ਨਰ ਦੱਸਦੇ ਹਨ ਕਿ ਸਿਵਲ ਪੁਲਿਸ ਵਿੱਚ ਆਪਣੇ 16 ਸਾਲਾਂ ਦੇ ਕਾਰਜਕਾਲ ਦੌਰਾਨ ਇਹ ਉਨ੍ਹਾਂ ਦਾ ਪਹਿਲਾ ਆਤਮ-ਰੱਖਿਆ ਵਾਲਾ ਮਾਮਲਾ ਹੈ।
ਬੀਬੀਸੀ ਬ੍ਰਾਜ਼ੀਲ ਨੇ ਮਾਮਲੇ ਬਾਰੇ ਗੱਲ ਕਰਨ ਲਈ ਰਾਫੇਲ ਦੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਜਵਾਬ ਨਹੀਂ ਮਿਲਿਆ।
"ਮੈਂ ਉਸ ਨੂੰ ਬਰੀ ਕਰਦੀ ਹਾਂ"

ਤਸਵੀਰ ਸਰੋਤ, Personal file
ਜਦੋਂ ਉਰਸੂਲਾ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦਾ ਪਤੀ ਹਿੱਲ ਨਹੀਂ ਰਿਹਾ ਤਾਂ ਉਨ੍ਹਾਂ ਨੇ ਆਪਣੀ ਜਾਨ ਲੈਣ ਬਾਰੇ ਵੀ ਸੋਚਿਆ। ਪਰ ਫਿਰ ਉਨ੍ਹਾਂ ਨੇ ਆਪਣੇ ਪੁੱਤਰ ਦੀ ਆਵਾਜ਼ ਸੁਣੀ ਜੋ ਦਰਵਾਜ਼ੇ ਕੋਲ ਖੜ੍ਹਾ ਉਨ੍ਹਾਂ ਨੂੰ ਆਵਾਜ਼ ਲਗਾ ਰਿਹਾ ਸੀ।
ਉਹ ਕਹਿੰਦੇ ਹਨ, "ਉਸ ਵੇਲੇ ਮੈਨੂੰ ਹੋਸ਼ ਆਇਆ। ਮੈਂ ਸੋਚਿਆ- ਮੇਰਾ ਪੁੱਤਰ ਹੈ, ਮੈਨੂੰ ਭੱਜਣਾ ਪਵੇਗਾ।"
ਉਰਸੂਲਾ ਦੱਸਦੇ ਹਨ ਕਿ ਉਨ੍ਹਾਂ ਨੇ ਦੁੱਧ ਦਾ ਇੱਕ ਡੱਬਾ ਅਤੇ ਬੱਚੇ ਦਾ ਵੀਡੀਓ ਗੇਮ ਕੰਸੋਲ ਲਿਆ ਅਤੇ ਉੱਥੋਂ ਭੱਜ ਗਏ।
ਪਹਿਲਾਂ ਉਹ ਆਪਣੇ ਭਰਾ ਦੇ ਘਰ ਗਏ, ਜਿੱਥੋਂ ਉਨ੍ਹਾਂ ਨੇ ਪੁਲਿਸ ਨੂੰ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦਾ ਪਤੀ ਮਰ ਗਿਆ ਹੈ। ਫਿਰ ਉਹ ਆਪਣੇ ਪਿਤਾ ਦੇ ਘਰ ਗਏ ਅਤੇ ਉਸ ਤੋਂ ਬਾਅਦ ਇੱਕ ਦੋਸਤ ਦੇ ਘਰ ਚਲੇ ਗਏ।
ਇੱਕ ਹਫ਼ਤੇ ਬਾਅਦ, ਵਕੀਲ ਦੇ ਨਾਲ ਉਹ ਪੁਲਿਸ ਥਾਣੇ ਗਏ ਅਤੇ ਆਪਣੇ ਪਤੀ ਦੇ ਕਤਲ ਦੀ ਗੱਲ ਕਬੂਲ ਕੀਤੀ।
ਕਮਿਸ਼ਨਰ ਨੇ ਉਨ੍ਹਾਂ ਨੂੰ ਜ਼ਮਾਨਤ 'ਤੇ ਰਹਿ ਕੇ ਮਾਮਲੇ ਦਾ ਸਾਹਮਣਾ ਕਰਨ ਦੀ ਇਜਾਜ਼ਤ ਦਿੱਤੀ ਪਰ ਉਨ੍ਹਾਂ 'ਤੇ ਸਧਾਰਣ ਕਤਲ ਦਾ ਇਲਜ਼ਾਮ ਲਗਾਇਆ ਗਿਆ, ਜਿਸ ਵਿੱਚ ਅਪਰਾਧ ਨੂੰ ਵਧਾਉਣ ਵਾਲੀਆਂ ਸਥਿਤੀਆਂ ਸ਼ਾਮਿਲ ਨਹੀਂ ਹੁੰਦੀਆਂ।
ਪਹਿਲੀ ਅਦਾਲਤ ਵਿੱਚ ਫੈਸਲਾ ਆਉਣ ਵਿੱਚ ਨੌਂ ਸਾਲ ਲੱਗੇ। ਉਰਸੂਲਾ ਇਸ ਸਮੇਂ ਨੂੰ "ਮਾਨਸਿਕ ਤਸ਼ੱਦਦ" ਦੱਸਦੇ ਹਨ।
ਉਨ੍ਹਾਂ ਮੁਤਾਬਕ, ਕਈ ਵਾਰ ਸੁਣਵਾਈਆਂ ਵੱਖ-ਵੱਖ ਕਾਰਨਾਂ ਕਰਕੇ ਰੱਦ ਹੁੰਦੀਆਂ ਅਤੇ ਤਰੀਕਾਂ ਬਦਲਦੀਆਂ ਰਹੀਆਂ।

ਪਰ ਅੰਤ ਵਿੱਚ ਨਤੀਜਾ ਅਸਧਾਰਣ ਸੀ: ਸਰਕਾਰੀ ਵਕੀਲ ਨੇ ਉਨ੍ਹਾਂ ਨੂੰ ਸਿੱਧੇ ਤੌਰ 'ਤੇ ਬਰੀ ਕਰਨ ਦੀ ਮੰਗ ਕੀਤੀ, ਜਿਸ ਦਾ ਮਤਲਬ ਸੀ ਕਿ ਜੱਜ ਨੇ ਗਵਾਹਾਂ ਦੀ ਸੁਣਵਾਈ ਜਾਂ ਨਵੇਂ ਸਬੂਤ ਇਕੱਠੇ ਕੀਤੇ ਬਿਨਾਂ ਹੀ ਮਾਮਲਾ ਖ਼ਤਮ ਕਰ ਦਿੱਤਾ।
ਸਰਕਾਰੀ ਵਕੀਲ ਦੀ ਮੰਗ 'ਤੇ ਪਹਿਲੀ ਅਦਾਲਤ ਦੇ ਜੱਜ ਨੇ 2017 ਵਿੱਚ ਉਰਸੂਲਾ ਨੂੰ ਬਰੀ ਕਰ ਦਿੱਤਾ।
ਰਿਪੋਰਟਾਂ ਮੁਤਾਬਕ ਮੁਕੱਦਮੇ ਵਾਲੇ ਦਿਨ ਜੱਜ ਨੇ ਉਨ੍ਹਾਂ ਨੂੰ ਕਿਹਾ,"ਮੈਂ ਤੁਹਾਨੂੰ ਸਾਰੇ ਦੋਸ਼ਾਂ ਤੋਂ ਸਿੱਧੇ ਤੌਰ 'ਤੇ ਬਰੀ ਕਰਦਾ ਹਾਂ। ਇੱਥੋਂ ਜਾਓ। ਆਪਣੀ ਅਤੇ ਆਪਣੇ ਪੁੱਤਰ ਦੀ ਜ਼ਿੰਦਗੀ ਦਾ ਧਿਆਨ ਰੱਖੋ।"
ਮਾਮਲੇ ਵਿੱਚ ਦਖ਼ਲ ਦੇਣ ਵਾਲੇ ਸਰਕਾਰੀ ਵਕੀਲ ਗਲਾਓਸੀਆ ਫੋਂਸੇਕਾ ਅਦਾਲਤ ਵਿੱਚ ਜੱਜ ਦੇ ਇਹ ਸ਼ਬਦ ਸੁਣਨ ਦੇ ਗਵਾਹ ਸਨ।
ਫੋਂਸੇਕਾ ਮੁਤਾਬਕ, ਉਰਸੂਲਾ ਦੀ ਕਹਾਣੀ ਘਰੇਲੂ ਹਿੰਸਾ ਵਾਲੀਆਂ ਸਥਿਤੀਆਂ ਵਿੱਚ ਆਮ ਤੱਥ ਦਰਸਾਉਂਦੀ ਸੀ: ਰੋਜ਼ਾਨਾ ਹਿੰਸਾ, ਪਤੀ ਦਾ ਪੇਸ਼ਾ, ਸ਼ਰਾਬ ਦਾ ਹਿੰਸਾ ਨੂੰ ਵਧਾਉਣ ਵਾਲਾ ਕਾਰਕ ਹੋਣਾ ਅਤੇ ਲਗਾਤਾਰ ਹਿੰਸਕ ਵਿਵਹਾਰ ਦਾ ਪੈਟਰਨ।
ਉਹ ਕਹਿੰਦੇ ਹਨ, "ਹਰ ਤਰ੍ਹਾਂ ਦਾ ਅਪਮਾਨ। ਇੱਕ ਅਜਿਹੀ ਬੇਇੱਜ਼ਤੀ ਜੋ ਆਖ਼ਰਕਾਰ ਬਹੁਤ ਵੱਡਾ ਭਾਵਨਾਤਮਕ ਪ੍ਰਭਾਵ ਪੈਦਾ ਕਰਦੀ ਹੈ।"
ਫਿਰ ਵੀ, ਪੁਲਿਸ ਜਾਂਚ ਵਿੱਚ ਇਸ ਪੁਰਾਣੀ ਹਿੰਸਾ ਦੇ ਇਤਿਹਾਸ ਨੂੰ ਧਿਆਨ ਵਿੱਚ ਨਹੀਂ ਲਿਆ ਗਿਆ।
ਫੋਂਸੇਕਾ ਕਹਿੰਦੇ ਹਨ, "ਔਰਤ ਦੀ ਕਹਾਣੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਪੁਲਿਸ ਇਸ ਦੀ ਜਾਂਚ ਨਹੀਂ ਕਰਦੀ। ਅਕਸਰ ਔਰਤ ਨੂੰ ਹਿੰਸਕ, ਸ਼ੱਕੀ ਜਾਂ ਹਿਸਟੀਰੀਕਲ ਵਿਅਕਤੀ ਵਜੋਂ ਪੇਸ਼ ਕੀਤਾ ਜਾਂਦਾ ਹੈ।"
"ਮੈਂ ਇਸ ਦੀ ਵੱਡੀ ਕੀਮਤ ਚੁਕਾਈ"
ਉਰਸੂਲਾ ਕਹਿੰਦੇ ਹਨ ਕਿ ਨੌਂ ਸਾਲ ਤੱਕ ਚੱਲੀ ਕਾਨੂੰਨੀ ਪ੍ਰਕਿਰਿਆ ਦੌਰਾਨ ਉਸ ਦੀ ਜ਼ਿੰਦਗੀ ਜਿਵੇਂ ਰੁਕ ਗਈ ਸੀ।
ਜਦੋਂ ਉਨ੍ਹਾਂ ਦਾ ਵਿਆਹ ਹੋਇਆ ਤਾਂ ਉਹ ਇੱਕ ਘਰੇਲੂ ਔਰਤ ਸਨ। ਆਪਣੇ ਪਤੀ ਦੇ ਕਤਲ ਤੋਂ ਬਾਅਦ ਉਨ੍ਹਾਂ ਨੇ ਆਪਣੀ ਅਤੇ ਆਪਣੇ ਪੁੱਤਰ ਦੀ ਦੇਖਭਾਲ ਲਈ ਦੁਬਾਰਾ ਪੜ੍ਹਾਈ ਸ਼ੁਰੂ ਕੀਤੀ ਅਤੇ ਆਪਣੇ ਪੈਰਾਂ 'ਤੇ ਖੜ੍ਹੀ ਹੋਣ ਦੀ ਕੋਸ਼ਿਸ਼ ਕੀਤੀ।
ਜਦੋਂ ਉਹ ਮੁਕੱਦਮੇ ਦੇ ਫੈਸਲੇ ਦੀ ਉਡੀਕ ਕਰ ਰਹੇ ਸਨ, ਹਰ ਵਾਰ ਜਦੋਂ ਸੁਣਵਾਈ ਦੀ ਤਰੀਕ ਆਉਂਦੀ ਤਾਂ ਉਹ ਸੋਚਦੇ ਸਨ, "ਜੇ ਮੈਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤਾਂ ਕੀ ਹੋਵੇਗਾ ? ਮੇਰੇ ਪੁੱਤਰ ਦੀ ਦੇਖਭਾਲ ਕੌਣ ਕਰੇਗਾ ?"
ਉਹ ਕਹਿੰਦੇ ਹਨ ਕਿ ਉਹ ਲੰਬੀਆਂ ਯਾਤਰਾਵਾਂ ਨਹੀਂ ਕਰ ਸਕਦੇ ਸਨ, ਨਾ ਹੀ ਦੂਰ ਜਾ ਕੇ ਰਹਿ ਸਕਦੇ ਸਨ। ਉਹ ਅਜਿਹੀਆਂ ਚੰਗੀਆਂ ਨੌਕਰੀਆਂ ਸਵੀਕਾਰ ਕਰਨ ਤੋਂ ਵੀ ਡਰਦੀ ਸਨ ਜਿਨ੍ਹਾਂ ਲਈ ਸਫ਼ਰ ਕਰਨਾ ਪੈਂਦਾ ਸੀ।
"ਮੈਂ ਰੋਂਦੀ ਰਹਿੰਦੀ ਸੀ, ਸਿਰਫ਼ ਰੋਂਦੀ ਰਹਿੰਦੀ ਸੀ... ਫਿਰ ਇੱਕ ਸਮੇਂ ਬਾਅਦ ਮੈਂ ਰੋਣਾ ਛੱਡ ਦਿੱਤਾ। ਹੌਲੀ-ਹੌਲੀ ਮੈਂ ਮਜਬੂਤ ਬਣਦੀ ਗਈ। ਮੇਰੀ ਇੱਕੋ ਚਿੰਤਾ ਮੇਰਾ ਪੁੱਤਰ ਸੀ।"
ਹੁਣ ਉਰਸੂਲਾ ਨੂੰ ਲਗਾਤਾਰ ਔਰਤਾਂ ਦੇ ਫੋਨ ਆਉਂਦੇ ਹਨ ਜੋ ਮਦਦ ਮੰਗਦੀਆਂ ਹਨ ਅਤੇ ਉਹ ਘਰੇਲੂ ਹਿੰਸਾ ਬਾਰੇ ਜਾਗਰੂਕਤਾ ਭਾਸ਼ਣ ਵੀ ਦਿੰਦੇ ਹਨ।
ਉਹ ਕਹਿੰਦੇ ਹਨ, "ਜਦੋਂ ਮੈਂ ਕੋਈ ਭਾਸ਼ਣ ਦਿੰਦੀ ਹਾਂ ਤਾਂ ਮੈਂ ਹਮੇਸ਼ਾ ਕਹਿੰਦੀ ਹਾਂ, 'ਜੋ ਮੈਂ ਕੀਤਾ, ਤੁਸੀਂ ਉਹ ਨਾ ਕਰਨਾ, ਠੀਕ ਹੈ ?' ਕਿਉਂਕਿ ਮੈਂ ਇਸ ਦੀ ਵੱਡੀ ਕੀਮਤ ਚੁਕਾਈ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ




















