ਫਰਾਂਸ 'ਚ ਭਾਰਤੀ ਕੰਪਨੀ ਇਨਫੋਸਿਸ 'ਤੇ ਲੱਗਾ 1.90 ਕਰੋੜ ਰੁਪਏ ਦਾ ਜੁਰਮਾਨਾ, ਜਾਣੋ ਕਿਉਂ ਹੋਈ ਇਹ ਕਾਰਵਾਈ

ਇਨਫੋਸਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਨਫੋਸਿਸ ਕੰਪਨੀ ਦੀ ਸਥਾਪਨਾ 1981 ਵਿੱਚ ਐੱਨਆਰ ਨਾਰਾਇਣ ਮੂਰਤੀ ਅਤੇ ਉਨ੍ਹਾਂ ਦੇ ਛੇ ਸਹਿ-ਸੰਸਥਾਪਕਾਂ ਵੱਲੋਂ ਕੀਤੀ ਗਈ ਸੀ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 5 ਮਿੰਟ

ਭਾਰਤ ਦੀ ਆਈਟੀ ਕੰਪਨੀ ਇਨਫੋਸਿਸ ਨੂੰ ਫਰਾਂਸ ਦੀ ਲੇਬਰ ਅਥਾਰਟੀ ਵੱਲੋਂ 1,75,000 ਯੂਰੋ, ਭਾਵ ਲਗਭਗ 1.90 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਕਾਰਵਾਈ ਕੰਪਨੀ ਦੇ ਕਰਮਚਾਰੀਆਂ ਦੇ ਕੰਮ ਦੇ ਘੰਟੇ ਦਰਜ ਕਰਨ ਵਾਲੇ ਟਾਈਮ-ਟ੍ਰੈਕਿੰਗ ਸਿਸਟਮ ਵਿੱਚ ਖਾਮੀਆਂ ਮਿਲਣ ਤੋਂ ਬਾਅਦ ਕੀਤੀ ਗਈ ਹੈ।

ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਨਵੀਂ ਚਰਚਾ ਛਿੜ ਗਈ ਹੈ।

ਕਈ ਸੋਸ਼ਲ ਮੀਡੀਆ ਯੂਜ਼ਰਸ ਇਸ ਦਾ ਜ਼ਿਕਰ ਇਨਫੋਸਿਸ ਦੇ ਸਹਿ-ਸੰਸਥਾਪਕ ਨਾਰਾਇਣ ਮੂਰਤੀ ਦੇ '70 ਘੰਟੇ ਕੰਮ' ਵਾਲੇ ਬਿਆਨ ਨਾਲ ਕਰ ਰਹੇ ਹਨ।

ਹਾਲਾਂਕਿ, ਇਨਫੋਸਿਸ ਦੀ ਅਧਿਕਾਰਤ ਰੈਗੂਲੇਟਰੀ ਫਾਈਲਿੰਗ ਮੁਤਾਬਕ ਫਰਾਂਸੀਸੀ ਅਥਾਰਟੀ ਦੀ ਇਹ ਕਾਰਵਾਈ ਕੰਪਨੀ ਦੇ ਟਾਈਮ-ਟ੍ਰੈਕਿੰਗ ਸਿਸਟਮ ਵਿੱਚ ਪਾਈਆਂ ਗਈਆਂ ਕਾਨੂੰਨੀ ਕਮੀਆਂ ਨਾਲ ਜੁੜੀ ਹੋਈ ਹੈ ਨਾ ਕਿ ਕੰਮ ਕਰਨ ਦੇ ਘੰਟਿਆਂ ਨਾਲ।

ਕੀ ਹੈ ਪੂਰਾ ਮਾਮਲਾ?

ਇਨਫੋਸਿਸ ਵੱਲੋਂ ਭਾਰਤੀ ਸ਼ੇਅਰ ਬਾਜ਼ਾਰਾਂ ਬੀਐੱਸਈ ਅਤੇ ਐੱਨਐੱਸਈ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਕਾਰਵਾਈ ਫਰਾਂਸ ਦੀ ਖੇਤਰੀ ਲੇਬਰ ਅਥਾਰਟੀ ਇੰਟਰਡਿਪਾਰਟਮੈਂਟਲ ਡਾਇਰੈਕਟੋਰੇਟ ਫਾਰ ਦਿ ਇਕਾਨਮੀ, ਇੰਪਲਾਇਮੈਂਟ, ਲੇਬਰ ਐਂਡ ਸੋਲਿਡੈਰਿਟੀ ਨੇ ਕੀਤੀ ਹੈ।

ਇਨਫੋਸਿਸ ਕੰਪਨੀ ਨੂੰ 24 ਜੁਲਾਈ 2026 ਨੂੰ ਇਸ ਸਬੰਧੀ ਅਧਿਕਾਰਤ ਨੋਟਿਸ ਮਿਲਿਆ। ਇਸ ਤੋਂ ਬਾਅਦ ਇਨਫੋਸਿਸ ਨੇ ਆਪਣੀ ਸਟਾਕ ਐਕਸਚੇਂਜ ਫਾਈਲਿੰਗ ਵਿੱਚ ਦੱਸਿਆ ਕਿ ਉਸ 'ਤੇ 1,75,000 ਯੂਰੋ ਦਾ ਜੁਰਮਾਨਾ ਲਗਾਇਆ ਗਿਆ ਹੈ।

ਫਰਾਂਸੀਸੀ ਲੇਬਰ ਅਥਾਰਟੀ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਕੰਪਨੀ ਦਾ ਟਾਈਮ-ਟ੍ਰੈਕਿੰਗ ਸਿਸਟਮ ਸਥਾਨਕ ਕਾਨੂੰਨੀ ਮਾਪਦੰਡਾਂ 'ਤੇ ਪੂਰੀ ਤਰ੍ਹਾਂ ਖਰਾ ਨਹੀਂ ਉੱਤਰਦਾ।

ਅਥਾਰਟੀ ਨੇ ਖ਼ਾਸ ਤੌਰ 'ਤੇ ਕਿਹਾ ਕਿ ਕੁਝ ਸ਼੍ਰੇਣੀਆਂ ਦੇ ਕਰਮਚਾਰੀਆਂ ਲਈ ਇਸ ਸਿਸਟਮ ਦੀ ਭਰੋਸੇਯੋਗਤਾ, ਆਡਿਟ ਕੀਤੇ ਜਾਣ ਦੀ ਸਮਰੱਥਾ ਅਤੇ ਕੰਮ ਦੇ ਘੰਟਿਆਂ ਦੀ ਨਿਗਰਾਨੀ ਕਰਨ ਦੀ ਸਮਰੱਥਾ ਵਿੱਚ ਕਮੀਆਂ ਹਨ।

ਇਨਫੋਸਿਸ ਨੇ ਆਪਣੀ ਫਾਈਲਿੰਗ ਵਿੱਚ ਕਿਹਾ ਹੈ ਕਿ ਇਸ ਜੁਰਮਾਨੇ ਦਾ ਕੰਪਨੀ ਦੀ ਵਿੱਤੀ ਸਥਿਤੀ, ਕੰਮਕਾਜ ਜਾਂ ਹੋਰ ਕਾਰੋਬਾਰੀ ਗਤੀਵਿਧੀਆਂ 'ਤੇ ਕੋਈ ਵੱਡਾ ਅਸਰ ਪੈਣ ਦੀ ਉਮੀਦ ਨਹੀਂ ਹੈ।

ਫਰਾਂਸ ਦੇ ਲੇਬਰ ਕਾਨੂੰਨ ਕੀ ਕਹਿੰਦੇ ਹਨ?

ਫਰਾਂਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਰਾਂਸ ਵਿੱਚ ਸੰਨ 2000 ਵਿੱਚ ਓਬਰੀ ਕਾਨੂੰਨ ਤਹਿਤ ਫੁੱਲ ਟਾਈਮ ਕਰਮਚਾਰੀਆਂ ਲਈ ਹਫ਼ਤੇ ਦੇ 35 ਘੰਟੇ ਕੰਮ ਕਰਨ ਦਾ ਕਾਨੂੰਨੀ ਮਾਪਦੰਡ ਤੈਅ ਕੀਤਾ ਗਿਆ ਸੀ

ਫਰਾਂਸ ਵਿੱਚ ਕਰਮਚਾਰੀਆਂ ਦੇ ਅਧਿਕਾਰਾਂ, ਸਿਹਤ ਅਤੇ ਵਰਕ-ਲਾਈਫ ਬੈਲੇਂਸ ਦੀ ਸੁਰੱਖਿਆ ਲਈ ਦੁਨੀਆ ਦੇ ਸਭ ਤੋਂ ਸਖ਼ਤ ਲੇਬਰ ਕਾਨੂੰਨਾਂ ਵਿੱਚੋਂ ਇੱਕ ਲਾਗੂ ਹੈ।

ਇਹ ਕਾਨੂੰਨ ਸਿਰਫ਼ ਇਹ ਨਹੀਂ ਤੈਅ ਕਰਦੇ ਕਿ ਕੋਈ ਕਰਮਚਾਰੀ ਕਿੰਨੇ ਘੰਟੇ ਕੰਮ ਕਰ ਸਕਦਾ ਹੈ। ਇਹ ਕੰਪਨੀਆਂ ਲਈ ਇਹ ਵੀ ਲਾਜ਼ਮੀ ਬਣਾਉਂਦੇ ਹਨ ਕਿ ਉਹ ਕਰਮਚਾਰੀਆਂ ਦੇ ਕੰਮ ਦੇ ਘੰਟਿਆਂ ਦਾ ਸਹੀ ਰਿਕਾਰਡ ਰੱਖਣ ਅਤੇ ਲੋੜ ਪੈਣ 'ਤੇ ਉਸ ਨੂੰ ਸਾਬਤ ਵੀ ਕਰ ਸਕਣ।

1. ਹਫ਼ਤੇ ਵਿੱਚ 35 ਘੰਟੇ ਕੰਮ ਦਾ ਕਾਨੂੰਨੀ ਢਾਂਚਾ

ਫਰਾਂਸ ਵਿੱਚ ਸੰਨ 2000 ਵਿੱਚ ਓਬਰੀ ਕਾਨੂੰਨ ਤਹਿਤ ਫੁੱਲ ਟਾਈਮ ਕਰਮਚਾਰੀਆਂ ਲਈ ਹਫ਼ਤੇ ਦੇ 35 ਘੰਟੇ ਕੰਮ ਕਰਨ ਦਾ ਕਾਨੂੰਨੀ ਮਾਪਦੰਡ ਤੈਅ ਕੀਤਾ ਗਿਆ ਸੀ।

ਇਸ ਦੇ ਨਾਲ ਹੀ ਕੰਮ ਦੇ ਘੰਟਿਆਂ ਦੀਆਂ ਵੱਧ ਤੋਂ ਵੱਧ ਹੱਦਾਂ ਵੀ ਤੈਅ ਕੀਤੀਆਂ ਗਈਆਂ ਹਨ। ਆਮ ਤੌਰ 'ਤੇ ਇੱਕ ਕਰਮਚਾਰੀ ਤੋਂ ਇੱਕ ਦਿਨ ਵਿੱਚ 10 ਘੰਟਿਆਂ ਤੋਂ ਵੱਧ ਅਤੇ ਇੱਕ ਹਫ਼ਤੇ ਵਿੱਚ 48 ਘੰਟਿਆਂ ਤੋਂ ਵੱਧ ਕੰਮ ਨਹੀਂ ਲਿਆ ਜਾ ਸਕਦਾ। ਇਸ ਤੋਂ ਇਲਾਵਾ, ਲਗਾਤਾਰ 12 ਹਫ਼ਤਿਆਂ ਦੌਰਾਨ ਔਸਤ ਕੰਮ ਦਾ ਸਮਾਂ 44 ਘੰਟਿਆਂ ਤੋਂ ਵੱਧ ਨਹੀਂ ਹੋ ਸਕਦਾ।

2. ਓਵਰਟਾਈਮ ਦੇ ਨਿਯਮ

ਕਰਮਚਾਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਰਾਂਸੀਸੀ ਲੇਬਰ ਕਾਨੂੰਨ ਕਰਮਚਾਰੀਆਂ ਦੇ ਆਰਾਮ ਨੂੰ ਵੀ ਉਨ੍ਹਾਂ ਦੇ ਅਧਿਕਾਰ ਦਾ ਹਿੱਸਾ ਮੰਨਦੇ ਹਨ

35 ਘੰਟਿਆਂ ਤੋਂ ਵੱਧ ਕੀਤਾ ਗਿਆ ਕੰਮ ਆਮ ਤੌਰ 'ਤੇ ਓਵਰਟਾਈਮ ਮੰਨਿਆ ਜਾਂਦਾ ਹੈ। ਫਰਾਂਸੀਸੀ ਕਾਨੂੰਨ ਮੁਤਾਬਕ ਇਸ ਲਈ ਵਾਧੂ ਭੁਗਤਾਨ ਜਾਂ ਹੋਰ ਲਾਭ ਦੇਣੇ ਪੈਂਦੇ ਹਨ। ਕਈ ਕੰਪਨੀਆਂ ਵਾਧੂ ਘੰਟਿਆਂ ਦੇ ਬਦਲੇ ਕਰਮਚਾਰੀਆਂ ਨੂੰ ਆਰਟੀਟੀ (ਰਿਡਕਸ਼ਨ ਆਫ਼ ਵਰਕਿੰਗ ਟਾਈਮ) ਭਾਵ ਵਾਧੂ ਛੁੱਟੀਆਂ ਵੀ ਦਿੰਦੀਆਂ ਹਨ।

3. ਆਰਾਮ ਦਾ ਅਧਿਕਾਰ

ਫਰਾਂਸੀਸੀ ਲੇਬਰ ਕਾਨੂੰਨ ਕਰਮਚਾਰੀਆਂ ਦੇ ਆਰਾਮ ਨੂੰ ਵੀ ਉਨ੍ਹਾਂ ਦੇ ਅਧਿਕਾਰ ਦਾ ਹਿੱਸਾ ਮੰਨਦੇ ਹਨ।

ਇਨ੍ਹਾਂ ਨਿਯਮਾਂ ਮੁਤਾਬਕ ਕਰਮਚਾਰੀ ਨੂੰ ਹਰ 24 ਘੰਟਿਆਂ ਦੇ ਚੱਕਰ ਵਿੱਚ ਘੱਟੋ-ਘੱਟ 11 ਘੰਟਿਆਂ ਦਾ ਲਗਾਤਾਰ ਆਰਾਮ ਮਿਲਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਹਫ਼ਤੇ ਵਿੱਚ ਘੱਟੋ-ਘੱਟ 35 ਘੰਟਿਆਂ ਦਾ ਲਗਾਤਾਰ ਵਿਸ਼ਰਾਮ ਵੀ ਲਾਜ਼ਮੀ ਹੈ।

4. ਟਾਈਮ-ਟ੍ਰੈਕਿੰਗ ਸਿਸਟਮ ਲਈ ਕੀ ਹਨ ਨਿਯਮ?

ਫਰਾਂਸੀਸੀ ਲੇਬਰ ਕੋਡ ਅਤੇ ਯੂਰਪੀਅਨ ਕੋਰਟ ਆਫ਼ ਜਸਟਿਸ (ਸੀਜੇਈਯੂ ) ਦੇ 2019 ਦੇ ਫ਼ੈਸਲੇ ਮੁਤਾਬਕ ਹਰ ਰੁਜ਼ਗਾਰ ਦੇਣ ਵਾਲੀ ਕੰਪਨੀ ਲਈ ਕਰਮਚਾਰੀਆਂ ਦੇ ਕੰਮ ਦੇ ਘੰਟਿਆਂ ਦਾ ਅਜਿਹਾ ਰਿਕਾਰਡ ਰੱਖਣਾ ਜ਼ਰੂਰੀ ਹੈ ਜੋ ਸਹੀ, ਭਰੋਸੇਯੋਗ ਅਤੇ ਜਾਂਚਿਆ ਜਾ ਸਕਣ ਵਾਲਾ ਹੋਵੇ।

ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਕਰਮਚਾਰੀਆਂ ਤੋਂ ਕਾਨੂੰਨੀ ਹੱਦਾਂ ਤੋਂ ਵੱਧ ਕੰਮ ਨਾ ਲਿਆ ਜਾਵੇ ਅਤੇ ਓਵਰਟਾਈਮ ਤੇ ਅਰਾਮ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਹੋ ਰਹੀ ਹੈ।

ਕਰਮਚਾਰੀਆਂ ਨੂੰ ਆਪਣੇ ਕੰਮ ਦੇ ਰਿਕਾਰਡ ਤੱਕ ਪਹੁੰਚ ਦਾ ਵੀ ਅਧਿਕਾਰ ਹੁੰਦਾ ਹੈ।

5. DRIEETS ਕੀ ਹੈ?

ਫਰਾਂਸ ਵਿੱਚ ਲੇਬਰ ਕਾਨੂੰਨਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਖੇਤਰੀ ਲੇਬਰ ਅਥਾਰਟੀ DRIEETS (Direction régionale et interdépartementale de l'économie, de l'emploi, du travail et des solidarités) ਕੋਲ ਹੁੰਦੀ ਹੈ।

ਇਸ ਅਥਾਰਟੀ ਦੇ ਲੇਬਰ ਇੰਸਪੈਕਟਰਾਂ ਨੂੰ ਕੰਪਨੀਆਂ ਦੇ ਰਿਕਾਰਡ ਦੀ ਜਾਂਚ ਕਰਨ, ਦਸਤਾਵੇਜ਼ ਦੇਖਣ ਅਤੇ ਲੋੜ ਪੈਣ 'ਤੇ ਕਾਰਵਾਈ ਕਰਨ ਦਾ ਕਾਨੂੰਨੀ ਅਧਿਕਾਰ ਹੈ। ਜੇਕਰ ਕਿਸੇ ਕੰਪਨੀ ਦਾ ਰਿਕਾਰਡ ਰੱਖਣ ਦਾ ਸਿਸਟਮ ਕਾਨੂੰਨੀ ਮਾਪਦੰਡਾਂ 'ਤੇ ਖਰਾ ਨਾ ਉੱਤਰੇ ਤਾਂ ਅਥਾਰਟੀ ਪ੍ਰਸ਼ਾਸਨਿਕ ਜੁਰਮਾਨਾ ਵੀ ਲਗਾ ਸਕਦੀ ਹੈ।

ਲੋਕ ਨਾਰਾਇਣ ਮੂਰਤੀ ਦਾ ਜ਼ਿਕਰ ਕਿਉਂ ਕਰ ਰਹੇ ਹਨ?

ਲੋਕ ਨਾਰਾਇਣ ਮੂਰਤੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੋਕ ਨਾਰਾਇਣ ਮੂਰਤੀ ਇਨਫੋਸਿਸ ਦੇ ਸਹਿ-ਸੰਸਥਾਪਕ ਹਨ

ਫਰਾਂਸ ਦੀ ਕਾਰਵਾਈ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇਨਫੋਸਿਸ ਦੇ ਸਹਿ-ਸੰਸਥਾਪਕ ਨਾਰਾਇਣ ਮੂਰਤੀ ਦਾ ਪੁਰਾਣਾ ਬਿਆਨ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ।

ਅਕਤੂਬਰ 2023 ਵਿੱਚ ਇੱਕ ਪੋਡਕਾਸਟ ਦੌਰਾਨ ਨਾਰਾਇਣ ਮੂਰਤੀ ਨੇ ਕਿਹਾ ਸੀ ਕਿ ਭਾਰਤ ਦੀ ਉਤਪਾਦਕਤਾ ਵਧਾਉਣ ਲਈ ਨੌਜਵਾਨਾਂ ਨੂੰ ਹਫ਼ਤੇ ਵਿੱਚ 70 ਘੰਟੇ ਕੰਮ ਕਰਨ ਬਾਰੇ ਸੋਚਣਾ ਚਾਹੀਦਾ ਹੈ।

ਉਨ੍ਹਾਂ ਦੇ ਇਸ ਬਿਆਨ 'ਤੇ ਉਸ ਵੇਲੇ ਵੀ ਦੇਸ਼ ਭਰ ਵਿੱਚ ਵੱਡੀ ਬਹਿਸ ਛਿੜੀ ਸੀ। ਕੁਝ ਲੋਕਾਂ ਨੇ ਇਸ ਨੂੰ ਆਰਥਿਕ ਤਰੱਕੀ ਲਈ ਜ਼ਰੂਰੀ ਦੱਸਿਆ ਸੀ, ਜਦਕਿ ਕਈਆਂ ਨੇ ਕਿਹਾ ਕਿ ਇਹ ਕਰਮਚਾਰੀਆਂ ਦੀ ਸਿਹਤ ਅਤੇ ਵਰਕ-ਲਾਈਫ ਬੈਲੇਂਸ 'ਤੇ ਨਕਾਰਾਤਮਕ ਅਸਰ ਪਾ ਸਕਦਾ ਹੈ।

ਬਾਅਦ ਵਿੱਚ ਨਾਰਾਇਣ ਮੂਰਤੀ ਨੇ ਚੀਨ ਦੇ 996 ਵਰਕ ਕਲਚਰ ਦਾ ਵੀ ਜ਼ਿਕਰ ਕੀਤਾ ਸੀ। ਇਸ ਮਾਡਲ ਵਿੱਚ ਕਰਮਚਾਰੀ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ, ਹਫ਼ਤੇ ਦੇ 6 ਦਿਨ ਕੰਮ ਕਰਦੇ ਹਨ, ਜੋ ਕੁੱਲ ਮਿਲਾ ਕੇ ਲਗਭਗ 72 ਘੰਟੇ ਬਣਦੇ ਹਨ।

ਹੁਣ ਜਦੋਂ ਇਨਫੋਸਿਸ 'ਤੇ ਫਰਾਂਸ ਵਿੱਚ ਜੁਰਮਾਨਾ ਲੱਗਾ ਹੈ ਤਾਂ ਕਈ ਸੋਸ਼ਲ ਮੀਡੀਆ ਯੂਜ਼ਰਸ ਇਨ੍ਹਾਂ ਦੋਹਾਂ ਘਟਨਾਵਾਂ ਨੂੰ ਆਪਸ ਵਿੱਚ ਜੋੜ ਕੇ ਦੇਖ ਰਹੇ ਹਨ।

ਹਾਲਾਂਕਿ, ਫਾਈਲਿੰਗ ਮੁਤਾਬਕ ਫਰਾਂਸੀਸੀ ਅਥਾਰਟੀ ਦੀ ਕਾਰਵਾਈ ਸਿਰਫ਼ ਕੰਪਨੀ ਦੇ ਟਾਈਮ-ਟ੍ਰੈਕਿੰਗ ਸਿਸਟਮ ਨੂੰ ਫਰਾਂਸੀਸੀ ਲੇਬਰ ਕਾਨੂੰਨਾਂ ਦੇ ਮਾਪਦੰਡਾਂ ਅਨੁਸਾਰ ਨਾ ਪਾਏ ਜਾਣ ਨਾਲ ਸਬੰਧਤ ਹੈ।

ਇਨਫੋਸਿਸ ਕੰਪਨੀ ਦੀ ਸਥਾਪਨਾ ਕਦੋਂ ਹੋਈ

ਵੈਬਸਾਈਟ ਮੁਤਾਬਕ, ਇਨਫੋਸਿਸ ਇੱਕ ਭਾਰਤੀ ਬਹੁ-ਰਾਸ਼ਟਰੀ ਆਈਟੀ ਕੰਪਨੀ ਹੈ, ਜੋ ਡਿਜੀਟਲ ਸੇਵਾਵਾਂ, ਕਨਸਲਟਿੰਗ ਅਤੇ ਤਕਨਾਲੋਜੀ ਹੱਲ ਪ੍ਰਦਾਨ ਕਰਦੀ ਹੈ। ਕੰਪਨੀ ਦੀ ਸਥਾਪਨਾ 1981 ਵਿੱਚ ਐੱਨਆਰ ਨਾਰਾਇਣ ਮੂਰਤੀ ਅਤੇ ਉਨ੍ਹਾਂ ਦੇ ਛੇ ਸਹਿ-ਸੰਸਥਾਪਕਾਂ ਵੱਲੋਂ ਕੀਤੀ ਗਈ ਸੀ।

ਕੰਪਨੀ ਦਾ ਮੁੱਖ ਦਫ਼ਤਰ ਬੰਗਲੁਰੂ, ਕਰਨਾਟਕ ਵਿੱਚ ਹੈ ਅਤੇ ਇਹ ਦੁਨੀਆ ਭਰ ਦੇ ਗਾਹਕਾਂ ਨੂੰ ਸਾਫਟਵੇਅਰ ਡਿਵੈਲਪਮੈਂਟ, ਕਲਾਉਡ ਕੰਪਿਊਟਿੰਗ, ਆਰਟੀਫਿਸ਼ੀਅਲ ਇੰਟੈਲੀਜੈਂਸ, ਡਾਟਾ ਐਨਾਲਿਟਿਕਸ ਅਤੇ ਡਿਜੀਟਲ ਬਦਲਾਅ ਨਾਲ ਜੁੜੀਆਂ ਸੇਵਾਵਾਂ ਦਿੰਦੀ ਹੈ। ਕੰਪਨੀ ਮੁਤਾਬਕ, ਇਸ ਵਿੱਚ 3.28 ਲੱਖ ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)