You’re viewing a text-only version of this website that uses less data. View the main version of the website including all images and videos.
ਦਿੱਲੀ ਪੁਲਿਸ ਜਿਸ ਨੂੰ 'ਖ਼ਾਲਿਸਤਾਨੀ ਕਾਰਕੁਨ' ਦੱਸ ਰਹੀ ਹੈ, ਉਸਦੀ ਅਰਸ਼ਦੀਪ ਡੱਲਾ ਨਾਲ ਕੀ ਸਾਂਝ
- ਲੇਖਕ, ਦਿਲਨਵਾਜ਼ ਪਾਸ਼ਾ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਪੁਲਿਸ ਨੇ ਦੋ 'ਸ਼ੱਕੀ ਕੱਟੜਪੰਥੀਆਂ' ਨੂੰ ਗ੍ਰਿਫ਼ਤਾਰ ਕੀਤਾ ਅਤੇ ਇੱਕ 'ਵੱਡੇ ਹਮਲੇ ਦੀ ਸਾਜ਼ਿਸ਼' ਨੂੰ ਨਾਕਾਮ ਕਰਨ ਦਾ ਦਾਅਵਾ ਵੀ ਕੀਤਾ ਹੈ।
ਦਿੱਲੀ ਪੁਲਿਸ ਮੁਤਾਬਕ 12 ਜਨਵਰੀ ਨੂੰ ਜਹਾਂਗੀਰਪੁਰੀ ਇਲਾਕੇ ਵਿੱਚੋਂ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੁਲਿਸ ਨੇ ਇਨ੍ਹਾਂ ਕੋਲੋਂ ਤਿੰਨ ਪਿਸਤੌਲ, ਕਾਰਤੂਸ ਅਤੇ ਦੋ ਹੱਥਗੋਲੇ ਬਰਾਮਦ ਕਰਨ ਦਾ ਵੀ ਦਾਅਵਾ ਕੀਤਾ ਹੈ।
ਪੁਲਿਸ ਦਾ ਦਾਅਵਾ ਹੈ ਕਿ ਇਹ ਦੋਵੇਂ ਸ਼ੱਕੀ 'ਦਹਿਸ਼ਤਗਰਦ ਸੰਗਠਨਾਂ' ਨਾਲ ਜੁੜੇ ਹੋਏ ਹਨ ਅਤੇ 'ਸੱਜੇ ਪੱਖੀ ਨੇਤਾਵਾਂ 'ਤੇ ਹਮਲਿਆਂ ਦੀ ਯੋਜਨਾ ਬਣਾ ਰਹੇ ਸਨ।
ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਵਿਅਕਤੀਆਂ ਦੇ ਕਿਰਾਏ ਦੇ ਕਮਰੇ 'ਚੋਂ ਖੂਨ ਦੇ ਨਿਸ਼ਾਨ ਮਿਲੇ ਹਨ ਅਤੇ ਸ਼ਨੀਵਾਰ ਸ਼ਾਮ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਇਕ ਨਾਲੀ 'ਚੋਂ ਇਕ ਲਾਸ਼ ਵੀ ਬਰਾਮਦ ਹੋਈ ਹੈ।
ਪੁਲਿਸ ਦਾ ਮੰਨਣਾ ਹੈ ਕਿ ਦੋਵਾਂ ਨੇ ਇੱਕ ਵਿਅਕਤੀ ਦੇ ਕਤਲ ਦੀ ਵੀਡੀਓ ਬਣਾਈ ਅਤੇ "ਦੇਸ਼ ਤੋਂ ਬਾਹਰ ਬੈਠੇ ਆਪਣੇ ਹੈਂਡਲਰਾਂ" ਨੂੰ ਭੇਜੀ ਸੀ।
ਕੀ ਹੈ ਮਾਮਲਾ ?
- ਦਿੱਲੀ ਪੁਲਿਸ ਵੱਲੋਂ 2 ਦਹਿਸ਼ਤਗਰਦਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ
- ਪੁਲਿਸ ਨੇ 'ਵੱਡੇ ਹਮਲੇ ਦੀ ਸਾਜ਼ਿਸ਼' ਨੂੰ ਨਾਕਾਮ ਕਰਨ ਦੀ ਗੱਲ ਆਖੀ
- ਮੁਲਜ਼ਮਾਂ ਉਪਰ ਇੱਕ ਕਤਲ ਕਰ ਵੀਡੀਓ ਬਣਾਉਣ ਦਾ ਇਲਜ਼ਾਮ
- ਪੁਲਿਸ ਨੇ ਦੋਵਾਂ ਤੋਂ ਹਥਿਆਰ ਬਰਾਮਦ ਕਰਨ ਦਾ ਵੀ ਦਾਅਵਾ ਕੀਤਾ
- ਮੁਲਜ਼ਮਾਂ ’ਤੇ 'ਸੱਜੇ ਪੱਖੀ ਨੇਤਾਵਾਂ ਉਪਰ ਹਮਲੇ ਦੀ ਯੋਜਨਾ ਬਣਾਉਣ ਦਾ ਇਲਜ਼ਾਮ
ਇਹ ਵੀ ਪੜ੍ਹੋ-
ਗ੍ਰਿਫ਼ਤਾਰ ਕੀਤੇ ਗਏ ਲੋਕ ਕੌਣ ਹਨ?
ਪੁਲਿਸ ਅਨੁਸਾਰ ਫੜੇ ਗਏ ਇੱਕ ਵਿਅਕਤੀ ਦਾ ਨਾਮ ਨੌਸ਼ਾਦ ਅਤੇ ਦੂਜੇ ਦਾ ਨਾਮ ਜਗਜੀਤ ਜੱਗਾ ਹੈ।
ਦੋਵਾਂ ਖਿਲਾਫ਼ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ।
ਨੌਸ਼ਾਦ 'ਤੇ ਦੋ ਕਤਲ ਦੇ ਕੇਸ ਅਤੇ ਜਗਜੀਤ ਉਪਰ ਇਕ ਕਤਲ ਦਾ ਮਾਮਲਾ ਦਰਜ ਹੈ।
ਪੁਲਿਸ ਦਾ ਮੰਨਣਾ ਹੈ ਕਿ ਦੋਵਾਂ ਦੀ ਜਾਣ-ਪਛਾਣ ਤਿਹਾੜ ਜੇਲ੍ਹ ਵਿੱਚ ਹੋਈ ਸੀ।
ਇਸ ਤੋਂ ਬਾਅਦ ਦੋਵੇਂ ਇਕੱਠੇ ਕੰਮ ਕਰਨ ਲੱਗੇ।
ਪੁਲਿਸ ਦਾ ਦਾਅਵਾ ਹੈ ਕਿ ਇਹ ਦੋਵੇਂ ਹੀ ਵੱਖ-ਵੱਖ ਦਹਿਸ਼ਤਗਰਦ ਸੰਗਠਨਾਂ ਨਾਲ ਜੁੜੇ ਹੋਏ ਸਨ ਅਤੇ ਇਕੱਠੇ ਕੰਮ ਕਰ ਰਹੇ ਸਨ।
ਦਿੱਲੀ ਪੁਲਿਸ ਮੁਤਾਬਕ ਉਨ੍ਹਾਂ ਕੋਲ ਜਾਣਕਾਰੀ ਹੈ ਕਿ ਜਗਜੀਤ ਸਿੰਘ ਉਰਫ਼ ਜੱਗਾ ਦੇ ਖਾਲਿਸਤਾਨੀ ਪੱਖੀ ਅਰਸ਼ਦੀਪ ਡੱਲਾ ਨਾਲ ਸਬੰਧ ਹਨ।
ਪੁਲਿਸ ਅਨੁਸਾਰ, ਉਹ ਬੰਬੀਹਾ ਗੈਂਗ ਦਾ ਵੀ ਮੈਂਬਰ ਹੈ ਅਤੇ ਵਿਦੇਸ਼ਾਂ 'ਚ ਬੈਠੇ ਦੇਸ਼ ਵਿਰੋਧੀ ਲੋਕਾਂ ਦੀਆਂ ਹਿਦਾਇਤਾਂ 'ਤੇ ਕੰਮ ਕਰਦਾ ਹੈ।ਇਸ ਦੇ ਨਾਲ ਹੀ ਪੁਲਿਸ ਨੇ ਇਹ ਜਾਣਕਾਰੀ ਵੀ ਦਿੱਤੀ ਹੈ ਕਿ ਜੱਗਾ ਉੱਤਰਾਖੰਡ ਵਿੱਚ ਦਰਜ ਇੱਕ ਕਤਲ ਕੇਸ ਦੇ ਮਾਮਲੇ 'ਚ ਪੈਰੋਲ 'ਤੇ ਆਉਣ ਤੋਂ ਬਾਅਦ ਭੱਜ ਗਿਆ ਸੀ।
ਦੂਜੇ ਵਿਅਕਤੀ ਨੌਸ਼ਾਦ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਪਾਕਿਸਤਾਨ ਅਧਾਰਿਤ ਅੱਤਵਾਦੀ ਸਮੂਹ ਹਰਕਤ-ਉਲ-ਅੰਸਾਰ ਨਾਲ ਜੁੜਿਆ ਹੋਇਆ ਹੈ, ਜੋ ਕਿ ਮੁੱਖ ਤੌਰ 'ਤੇ ਜੰਮੂ-ਕਸ਼ਮੀਰ ਵਿੱਚ ਸਰਗਰਮ ਹੈ।
ਨੌਸ਼ਾਦ ਨੂੰ ਦੋ ਕਤਲਾਂ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਮਿਲੀ ਹੋਈ ਹੈ ਅਤੇ ਧਮਾਕੇ ਦੇ ਇੱਕ ਹੋਰ ਮਾਮਲੇ ਵਿੱਚ ਉਹ 10 ਸਾਲ ਦੀ ਕੈਦ ਦੀ ਸਜ਼ਾ ਵੀ ਭੁਗਤ ਚੁੱਕਿਆ ਹੈ।
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਡੀਸੀਪੀ ਪ੍ਰਮੋਦ ਕੁਸ਼ਵਾਹਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, "ਸਪੈਸ਼ਲ ਸੈੱਲ ਦੀ ਟੀਮ ਨੇ ਦੋ ਦਹਿਸ਼ਤਗਰਦਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਦਾ ਨਾਮ ਨੌਸ਼ਾਦ ਅਤੇ ਦੂਜੇ ਦਾ ਨਾਮ ਜਗਜੀਤ ਜੱਗਾ ਹੈ। ਇਹਨਾਂ ਨੂੰ 12 ਜਨਵਰੀ ਨੂੰ ਜਹਾਂਗੀਰਪੁਰੀ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹਨਾਂ ਨੇ ਦਿੱਲੀ ਅਤੇ ਪੰਜਾਬ ਵਿੱਚ ਕਈ ਥਾਵਾਂ ਦੀ ਰੇਕੀ ਕੀਤੀ ਸੀ।”
ਕੁਸ਼ਵਾਹਾ ਨੇ ਕਿਹਾ, "ਜਗਜੀਤ ਜੱਗਾ ਦਾ ਹੈਂਡਲਰ ਕੈਨੇਡਾ 'ਚ ਰਹਿ ਰਿਹਾ ਅਰਸ਼ਦੀਪ ਡੱਲਾ ਹੈ, ਜੋ ਕਿ ਐਲਾਨਿਆ ਹੋਇਆ ਦਹਿਸ਼ਤਗਰਦ ਹੈ। ਨੌਸ਼ਾਦ 'ਤੇ ਪਹਿਲਾਂ ਹੀ ਕਤਲ ਦਾ ਕੇਸ ਚੱਲ ਰਿਹਾ ਹੈ। ਨੌਸ਼ਾਦ ਨੂੰ ਵੀ ਸਰਹੱਦ ਪਾਰ ਤੋਂ ਚਲਾਇਆ ਜਾ ਰਿਹਾ ਸੀ।"
ਪੁਲਿਸ ਨੂੰ ਸ਼ੱਕ ਹੈ ਕਿ ਇਹ ਦੋਵੇਂ 'ਸ਼ੱਕੀ ਕੱਟੜਪੰਥੀ ਦਿੱਲੀ 'ਚ ਸੱਜੇ ਪੱਖੀ ਆਗੂਆਂ 'ਤੇ ਹਮਲੇ ਦੀ ਸਾਜ਼ਿਸ਼ ਰਚ ਰਹੇ ਸਨ।'
ਕੁਸ਼ਵਾਹਾ ਨੇ ਕਿਹਾ, "ਇਹਨਾਂ ਨੂੰ ਫੰਡ ਮਿਲ ਰਹੇ ਸਨ। ਇਹ ਕਈ ਸੱਜੇ-ਪੱਖੀ ਵੱਡੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਸਨ।"
ਕਿਸ ਦਾ ਕਤਲ ਹੋਇਆ?
ਪੁਲਿਸ ਨੇ ਸ਼ਨੀਵਾਰ ਨੂੰ ਇੱਕ ਲਾਸ਼ ਨੂੰ ਕਈ ਟੁਕੜਿਆਂ 'ਚ ਬਰਾਮਦ ਕੀਤਾ।
ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਦੋਵਾਂ ਨੇ ਕਤਲ ਦੀ ਵੀਡੀਓ ਬਣਾ ਕੇ ਆਪਣੇ ਹੈਂਡਲਰਾਂ ਨੂੰ ਭੇਜ ਦਿੱਤੀ ਸੀ।
ਪੁਲਿਸ ਅਨੁਸਾਰ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਕਤਲ 16 ਦਸੰਬਰ ਨੂੰ ਹੋਇਆ ਸੀ ਅਤੇ ਲਾਸ਼ ਨੂੰ ਭਲਸਵਾ ਡੇਅਰੀ ਇਲਾਕੇ ਦੇ ਇੱਕ ਨਾਲੇ ਵਿੱਚ ਸੁੱਟ ਦਿੱਤਾ ਗਿਆ ਸੀ।
ਇਸ ਦੀ ਹਾਲੇ ਪੁਸ਼ਟੀ ਨਹੀਂ ਹੋ ਸਕੀ ਕਿ ਮ੍ਰਿਤਕ ਕੌਣ ਹੈ।
ਪੁਲਿਸ ਦਾ ਮੰਨਣਾ ਹੈ ਕਿ ਦੋਵਾਂ ਨੇ ਆਪਣੀ ਕਾਬਲੀਅਤ ਸਾਬਤ ਕਰਨ ਲਈ ਇਹ ਕਤਲ ਕੀਤਾ ਸੀ।
ਪੁਲਿਸ ਅਨੁਸਾਰ ਮ੍ਰਿਤਕ ਹਿੰਦੂ ਵਿਅਕਤੀ ਹੋ ਸਕਦਾ ਹੈ ਜਿਸ ਦੀ ਉਮਰ 21-22 ਸਾਲ ਹੋਵੇਗੀ।
ਪੁਲਿਸ ਵੱਲੋਂ ਮਾਰੇ ਗਏ ਨੌਜਵਾਨ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕੁਸ਼ਵਾਹਾ ਨੇ ਦੱਸਿਆ, "ਦਸੰਬਰ ਦੇ ਮਹੀਨੇ ਵਿੱਚ ਉਹਨਾਂ ਨੇ ਇੱਕ ਵਿਅਕਤੀ ਦਾ ਕਤਲ ਕੀਤਾ ਸੀ। ਇਹ ਕਤਲ ਸਿਰਫ਼ ਆਪਣੀ ਕਾਬਲੀਅਤ ਦਾ ਪ੍ਰਗਟਾਵਾ ਕਰਨ ਲਈ ਕੀਤਾ ਗਿਆ ਸੀ।"
ਦੂਜੇ ਪਾਸੇ ਸਪੈਸ਼ਲ ਸੈੱਲ ਦੇ ਮੁਖੀ ਐੱਚਐੱਸ ਧਾਲੀਵਾਲ ਨੇ ਕਿਹਾ, "ਸਾਡੀ ਜਾਂਚ ਹਾਲੇ ਚੱਲ ਰਹੀ ਹੈ। ਪੁਲਿਸ ਨੇ ਮੁਲਜ਼ਮਾਂ ਦਾ 14 ਦਿਨਾਂ ਦਾ ਰਿਮਾਂਡ ਲਿਆ ਹੈ, ਅਗਲੇ 11 ਦਿਨ ਹੋਰ ਪੁੱਛਗਿੱਛ ਕੀਤੀ ਜਾਵੇਗੀ। ਇਹਨਾਂ ਤੋਂ ਹੋਰ ਜਾਣਕਾਰੀਆਂ ਮਿਲ ਸਕਦੀਆਂ ਹਨ।"
ਧਾਲੀਵਾਲ ਨੇ ਕਿਹਾ, "ਇਹ ਇੱਕ ਵੱਡੀ ਸਫ਼ਲਤਾ ਹੈ, ਸਾਡੀਆਂ ਟੀਮਾਂ ਚੌਕਸ ਹਨ ਅਤੇ ਸਾਡੀ ਟੀਮ ਨੇ ਸਮੇਂ ਸਿਰ ਕਾਰਵਾਈ ਕੀਤੀ ਹੈ। ਜੇਕਰ ਇਹ ਲੋਕ ਨਾ ਫੜੇ ਜਾਂਦੇ ਤਾਂ ਸ਼ਾਇਦ ਇਹ ਕੋਈ ਗੰਭੀਰ ਘਟਨਾ ਨੂੰ ਅੰਜਾਮ ਦੇ ਦਿੰਦੇ।"