You’re viewing a text-only version of this website that uses less data. View the main version of the website including all images and videos.
ਪਤੀ ਉੱਤੇ ਗਰਭਵਤੀ ਪਤਨੀ ਨੂੰ ਸਾੜਨ ਦਾ ਇਲਜ਼ਾਮ, ਅਜਿਹੇ ਕੇਸਾਂ ਵਿਚ ਔਰਤਾਂ ਕੀ ਕਰ ਸਕਦੀਆਂ ਹਨ
- ਲੇਖਕ, ਸੁਸ਼ੀਲਾ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
ਭਾਰਤ ਦੀ ਰਾਜਧਾਨੀ ਦਿੱਲੀ ਵਿੱਚ 7 ਮਹੀਨੇ ਦੀ ਇੱਕ ਗਰਭਵਤੀ ਔਰਤ ਨੂੰ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਹ ਘਟਨਾ ਬਾਹਰੀ ਦਿੱਲੀ ਦੇ ਬਵਾਨਾ ਇਲਾਕੇ ਦੀ ਹੈ।
ਇਲਜ਼ਾਮ ਹੈ ਕਿ ਇਸ ਔਰਤ ਦੇ ਪਤੀ ਨੇ ਉਸ ਨੂੰ ਸਾੜਨ ਦੀ ਕੋਸ਼ਿਸ਼ ਕੀਤੀ। ਔਰਤ ਦਿੱਲੀ ਸਥਿਤ ਸਫ਼ਦਰਜੰਗ ਹਸਪਤਾਲ ਵਿੱਚ ਭਰਤੀ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਪੁਲਿਸ ਨੇ ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕੀਤੀ ਹੈ ਅਤੇ ਪਤੀ ਦੇ ਖ਼ਿਲਾਫ਼ 498ਏ ਅਤੇ ਆਈਪੀਸੀ ਦੀ ਧਾਰਾ 307 (ਕਤਲ ਦੀ ਕੋਸ਼ਿਸ਼) ਲਗਾਈ ਗਈ ਹੈ।
ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਇਸ ਔਰਤ ਨੇ ਪੁਲਿਸ ਅਤੇ ਐੱਸਡੀਐੱਮ ਦੇ ਸਾਹਮਣੇ ਬਿਆਨ ਦਿੱਤਾ ਹੈ।
ਦੱਸਿਆ ਗਿਆ ਹੈ ਕਿ ਉਸ ਦਾ ਪਤੀ ਉਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਦਾ ਸੀ। ਉਹ ਸ਼ਰਾਬ ਵੀ ਪੀਂਦਾ ਸੀ ਅਤੇ ਕੁੱਟਮਾਰ ਵੀ ਕਰਦਾ ਸੀ।
ਇਸ ਔਰਤ ਦਾ ਨਾਂ ਖੁਸ਼ਬੂ ਸਿੰਘ ਹੈ ਅਤੇ ਉਸ ਦੇ ਪਤੀ ਦਾ ਨਾਂ ਵੀਰ ਪ੍ਰਤਾਪ ਸਿੰਘ ਦੱਸਿਆ ਗਿਆ ਹੈ।
ਕੀ ਹੈ ਮਾਮਲਾ
ਸਵਾਤੀ ਮਾਲੀਵਾਲ ਦਾ ਕਹਿਣਾ ਹੈ, “ਇਸ ਔਰਤ ਨੇ ਦੱਸਿਆ ਹੈ ਕਿ ਉਸਦੇ ਪਤੀ ਨੇ ਵਿਆਹ ਦੇ ਗਹਿਣਿਆਂ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਦੋਵਾਂ ਵਿਚਾਲੇ ਲੜਾਈ ਹੋ ਗਈ ਅਤੇ ਫਿਰ ਪਤੀ ਨੇ ਖੁਸ਼ਬੂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ।"
"ਇਸ ਮਾਮਲੇ ਵਿੱਚ ਪੁਲਿਸ ਨੇ ਘੱਟ ਧਾਰਾਵਾਂ ਲਗਾਈਆਂ ਹਨ। ਇਸ ਮਾਮਲੇ ਵਿੱਚ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।"
ਮਾਮਲੇ ਨਾਲ ਜੁੜੇ ਇੱਕ ਪੁਲਿਸ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ, "ਪਹਿਲਾਂ ਤਾਂ ਖੁਸ਼ਬੂ ਨੇ ਇਸ ਨੂੰ ਹਾਦਸਾ ਦੱਸਿਆ ਸੀ ਪਰ ਪਰਿਵਾਰ ਵਾਰ-ਵਾਰ ਉਸ 'ਤੇ ਆਪਣੀ ਧੀ ਨੂੰ ਸਾੜਨ ਦਾ ਇਲਜ਼ਾਮ ਲਗਾ ਰਿਹਾ ਸੀ।"
"ਇਸ ਮਾਮਲੇ ਵਿੱਚ ਐੱਸਡੀਐੱਮ ਨੇ ਇੱਕ ਕਾਰਜਕਾਰੀ ਮੈਜਿਸਟਰੇਟ ਨਿਯੁਕਤ ਕਰਕੇ ਬਿਆਨ ਦਰਜ ਕਰਵਾਏ, ਜਿੱਥੇ ਔਰਤ ਨੇ ਆਪਣੇ ਪਤੀ ’ਤੇ ਸਾੜਨ ਦਾ ਇਲਜ਼ਾਮ ਲਾਇਆ ਹੈ।"
ਮੁੱਖ ਬਿੰਦੂ
- ਦਿੱਲੀ ਵਿੱਚ 7 ਮਹੀਨੇ ਦੀ ਇੱਕ ਗਰਭਵਤੀ ਔਰਤ ਨੂੰ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ।
- ਇਲਜ਼ਾਮ ਹੈ ਕਿ ਇਸ ਔਰਤ ਦੇ ਪਤੀ ਨੇ ਸਾੜਨ ਦੀ ਕੋਸ਼ਿਸ਼ ਕੀਤੀ।
- ਪੁਲਿਸ ਨੇ ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕਰ ਲਈ ਹੈ।
- ਪਤੀ ਦੇ ਖ਼ਿਲਾਫ਼ 498ਏ ਅਤੇ ਆਈਪੀਸੀ ਦੀ ਧਾਰਾ 307 (ਕਤਲ ਦੀ ਕੋਸ਼ਿਸ਼) ਲਗਾਈ ਗਈ ਹੈ।
- ਇਸ ਵਿੱਚ ਪਤੀ ਵੀ ਜ਼ਖ਼ਮੀ ਹੋਇਆ ਹੈ।
- ਦੋਵਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
- ਔਰਤ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
- ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਬਾਅਦ ਪਤੀ ਨੂੰ ਗ੍ਰਿਫ਼ਤਾਰੀ ਕੀਤਾ ਜਾਵੇਗਾ।
ਪੁਲਿਸ ਮੁਤਾਬਕ ਖੁਸ਼ਬੂ ਨੇ ਦੱਸਿਆ ਕਿ ਉਸ ਦਾ ਪਤੀ ਵਿਆਹ ਦੇ ਗਹਿਣਿਆਂ ਦੀ ਮੰਗ ਕਰ ਰਿਹਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਝਗੜਾ ਹੋਇਆ।
ਇਸ ਤੋਂ ਬਾਅਦ ਉਸ ਦੇ ਪਤੀ ਨੇ ਉਸ ਨੂੰ ਥਿਨਰ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ। ਜਦੋਂ ਲੋਕ ਇਕੱਠੇ ਹੋ ਗਏ ਤਾਂ ਪਤੀ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਜਿਸ 'ਚ ਉਹ ਵੀ ਥੋੜ੍ਹਾ ਸੜ ਗਿਆ।
ਇਸ ਦੇ ਨਾਲ ਹੀ ਪਰਿਵਾਰ ਵਾਲਿਆਂ ਨੇ ਦਾਜ ਮੰਗਣ ਦਾ ਵੀ ਇਲਜ਼ਾਮ ਲਗਾਇਆ ਹੈ ਪਰ ਕੁੜੀ ਨੇ ਅਜੇ ਤੱਕ ਇਸ ਬਾਰੇ ਕੁਝ ਨਹੀਂ ਕਿਹਾ ਹੈ।
ਦੋਵਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਖੁਸ਼ਬੂ ਦੀ ਹਾਲਤ ਸਥਿਰ ਹੈ।
ਪੁਲਿਸ ਦਾ ਕਹਿਣਾ ਹੈ ਕਿ ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਬਾਅਦ ਵੀਰ ਪ੍ਰਤਾਪ ਨੂੰ ਗ੍ਰਿਫ਼ਤਾਰੀ ਕੀਤਾ ਜਾਵੇਗਾ।
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨਸੀਆਰਬੀ) ਮੁਤਾਬਕ ਸਾਲ 2012 'ਚ ਇੱਕ ਲੱਖ 'ਚੋਂ ਲਗਭਗ 20 ਔਰਤਾਂ ਆਪਣੇ ਪਤੀਆਂ ਦੇ ਜ਼ੁਲਮ ਦਾ ਸ਼ਿਕਾਰ ਹੋਈਆਂ।
ਨੈਸ਼ਨਲ ਫੈਮਿਲੀ ਹੈਲਥ ਸਰਵੇ-5 ਮੁਤਾਬਕ ਹਰ ਤਿੰਨ ਵਿੱਚੋਂ ਇੱਕ ਔਰਤ ਸਰੀਰਕ, ਜਿਨਸੀ ਜਾਂ ਭਾਵਨਾਤਮਕ ਹਿੰਸਾ ਦਾ ਸ਼ਿਕਾਰ ਹੁੰਦੀ ਹੈ।
ਇਹ ਸਰਵੇਖਣ 15-49 ਸਾਲ ਦੀ ਉਮਰ ਦੀਆਂ ਔਰਤਾਂ ਵਿੱਚ ਕੀਤਾ ਗਿਆ ਸੀ।
ਦੂਜੇ ਪਾਸੇ, ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ, ਭਾਰਤ ਦੱਖਣੀ ਏਸ਼ੀਆ ਦਾ ਚੌਥਾ ਦੇਸ਼ ਹੈ ਜਿੱਥੇ ਔਰਤਾਂ ਨੂੰ ਆਪਣੇ ਪਤੀਆਂ ਵੱਲੋਂ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ।
ਅਜਿਹੀ ਸਥਿਤੀ ਵਿੱਚ ਭਾਰਤ ਦੇ ਕਾਨੂੰਨ ਵਿੱਚ ਕੀ ਪ੍ਰਬੰਧ ਕੀਤੇ ਗਏ ਹਨ?
ਇਹ ਵੀ ਪੜ੍ਹੋ-
ਕੀ ਕਹਿੰਦਾ ਹੈ ਕਾਨੂੰਨ ?
ਇੱਕ ਔਰਤ ਨੂੰ ਘਰ ਦੇ ਅੰਦਰ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਬਚਾਉਣ ਲਈ ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ ਐਕਟ, 2005 ਵਿੱਚ ਲਿਆਂਦਾ ਗਿਆ ਸੀ।
ਇਸ ਕਾਨੂੰਨ ਅਨੁਸਾਰ ਇਹ ਔਰਤ ਪਤਨੀ, ਭੈਣ, ਧੀ, ਮਾਂ ਹੋ ਸਕਦੀ ਹੈ। ਲਿਵ-ਇਨ-ਰਿਲੇਸ਼ਨਸ਼ਿਪ ਵਿੱਚ ਰਹਿਣ ਵਾਲੀਆਂ ਔਰਤਾਂ ਨੂੰ ਵੀ ਇਹ ਅਧਿਕਾਰ ਦਿੱਤੇ ਗਏ ਹਨ।
ਅਜਿਹੀ ਕੋਈ ਵੀ ਔਰਤ ਦੀ ਸਿਹਤ, ਸੁਰੱਖਿਆ, ਜੀਵਨ, ਉਸ ਦੇ ਸਰੀਰ ਦੇ ਅੰਗਾਂ ਜਾਂ ਕਿਸੇ ਕਿਸਮ ਦਾ ਮਾਨਸਿਕ ਨੁਕਸਾਨ ਉਸ ਨੂੰ ਨਹੀਂ ਪਹੁੰਚਾਇਆ ਜਾ ਸਕਦਾ।
ਇਸ ਕਾਨੂੰਨ ਵਿੱਚ ਸਰੀਰਕ, ਮਾਨਸਿਕ, ਜ਼ੁਬਾਨੀ, ਭਾਵਨਾਤਮਕ, ਜਿਨਸੀ ਹਿੰਸਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਇਸਦੇ ਨਾਲ ਹੀ ਕਿਸੇ ਵੀ ਔਰਤ ਨੂੰ ਆਰਥਿਕ ਤੌਰ 'ਤੇ ਪ੍ਰੇਸ਼ਾਨ ਨਹੀਂ ਕੀਤਾ ਜਾ ਸਕਦਾ।
ਆਰਥਿਕ ਤੌਰ 'ਤੇ ਤੰਗ ਕਰਨ ਦਾ ਮਤਲਬ ਹੈ ਕਿ ਔਰਤ ਨੂੰ ਘਰੇਲੂ ਖਰਚੇ, ਧਨ ਆਦਿ ਨਾ ਦੇਣ ਲਈ ਪ੍ਰੇਸ਼ਾਨ ਨਹੀਂ ਕੀਤਾ ਜਾ ਸਕਦਾ।
ਵਿਆਹੁਤਾ ਔਰਤ ਨੂੰ ਦਾਜ ਲਈ ਤੰਗ ਨਹੀਂ ਕੀਤਾ ਜਾ ਸਕਦਾ।
ਇਸ ਦੇ ਨਾਲ ਹੀ, ਔਰਤਾਂ ਜਾਂ ਉਨ੍ਹਾਂ ਨਾਲ ਸਬੰਧਤ ਲੋਕਾਂ ਨੂੰ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਕੇ ਡਰਾਇਆ ਨਹੀਂ ਜਾ ਸਕਦਾ।
ਸੈਕਸ਼ਨ 498ਏ
ਇਸ ਤੋਂ ਇਲਾਵਾ ਜੇਕਰ ਪਤੀ ਜਾਂ ਉਸ ਦੇ ਪਰਿਵਾਰਕ ਮੈਂਬਰ ਦਾਜ ਲਈ ਔਰਤ 'ਤੇ ਤਸ਼ੱਦਦ ਕਰਦੇ ਹਨ ਤਾਂ ਇਸ ਨੂੰ ਆਈਪੀਸੀ ਦੀ ਧਾਰਾ 498ਏ ਤਹਿਤ ਅਪਰਾਧ ਦੱਸਿਆ ਗਿਆ ਹੈ।
ਸਰੀਰਕ ਜਾਂ ਮਾਨਸਿਕ ਤੌਰ 'ਤੇ ਦਿੱਤੀ ਜਾਣ ਵਾਲੀ ਪਰੇਸ਼ਾਨੀ ਨੂੰ ਵੀ ਧਾਰਾ 498ਏ ਵਿੱਚ ਸ਼ਾਮਲ ਕੀਤਾ ਗਿਆ ਹੈ।
ਹਾਲਾਂਕਿ ਵਿਆਹ ਵਿੱਚ ਪਤੀ ਵੱਲੋਂ ਵਿਆਹੁਤਾ ਬਲਾਤਕਾਰ ਜਾਂ ਜ਼ਬਰਦਸਤੀ ਜਿਨਸੀ ਸਬੰਧਾਂ ਨੂੰ ਅਜੇ ਤੱਕ ਅਪਰਾਧ ਨਹੀਂ ਮੰਨਿਆ ਜਾਂਦਾ ਹੈ, ਪਰ ਇਸ ਧਾਰਾ ਦੇ ਤਹਿਤ ਜ਼ਬਰਦਸਤੀ ਜਿਨਸੀ ਸਬੰਧਾਂ ਨੂੰ ਬੇਰਹਿਮੀ ਮੰਨਿਆ ਜਾਂਦਾ ਹੈ।
ਦਾਜ ਰੋਕੂ ਕਾਨੂੰਨ, 1961
ਇਹ ਕਾਨੂੰਨ ਦਾਜ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੰਦਾ ਹੈ।
ਜੇਕਰ ਕੋਈ ਦਾਜ ਦਿੰਦਾ, ਲੈਂਦਾ ਜਾਂ ਮੰਗਦਾ ਹੈ ਜਾਂ ਅਸਿੱਧੇ ਤੌਰ 'ਤੇ ਦਾਜ ਮੰਗਦਾ ਹੈ ਤਾਂ ਸਜ਼ਾ ਅਤੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ।
ਇਹ ਐਕਟ ਇੱਕ ਤਰ੍ਹਾਂ ਨਾਲ 498A ਦਾ ਵਿਸਤ੍ਰਿਤ ਰੂਪ ਹੈ।
ਇਸ ਵਿੱਚ ਦਾਜ ਦੇ ਅਜਿਹੇ ਮਾਮਲੇ ਵੀ ਸ਼ਾਮਲ ਕੀਤੇ ਗਏ ਸਨ, ਜੋ 498ਏ ਦੇ ਦਾਇਰੇ ਵਿੱਚ ਨਹੀਂ ਆਉਂਦੇ।
ਦੋਸ਼ੀ ਪਾਏ ਜਾਣ 'ਤੇ ਘੱਟੋ-ਘੱਟ ਛੇ ਮਹੀਨੇ ਦੀ ਸਜ਼ਾ ਹੈ, ਜਿਸ ਨੂੰ ਵਧਾ ਕੇ ਦੋ ਸਾਲ ਕਰਨ ਦੀ ਵਿਵਸਥਾ ਹੈ।
ਇਸ ਦੇ ਨਾਲ ਹੀ ਜੁਰਮਾਨੇ ਦੀ ਰਕਮ 10 ਹਜ਼ਾਰ ਰੁਪਏ ਤੱਕ ਹੋ ਸਕਦੀ ਹੈ।
ਪਰ ਕਾਨੂੰਨ ਦੀ ਮਦਦ ਕਿਵੇਂ ਲੈ ਸਕਦੀਆਂ ਹਨ ਔਰਤਾਂ ?
ਜੇਕਰ ਕਿਸੇ ਵੀ ਔਰਤ ਨੂੰ ਇਸ ਤਰ੍ਹਾਂ ਦੀ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਆਪਣੇ ਇਲਾਕੇ ਦੇ ਪੁਲਿਸ ਸਟੇਸ਼ਨ ਤੱਕ ਪਹੁੰਚ ਕਰ ਸਕਦੀ ਹੈ।
ਘਰੇਲੂ ਹਿੰਸਾ ਦੀ ਸ਼ਿਕਾਇਤ ਥਾਣੇ ਵਿੱਚ ਦਰਜ ਕਰਵਾਈ ਜਾ ਸਕਦੀ ਹੈ।
ਜੇਕਰ ਤੁਹਾਨੂੰ ਪੁਲਿਸ ਸਟੇਸ਼ਨ 'ਤੇ ਕਿਹਾ ਜਾਂਦਾ ਹੈ ਕਿ ਤੁਹਾਡਾ ਇਲਾਕਾ ਉਨ੍ਹਾਂ ਦੇ ਥਾਣੇ ਅਧੀਨ ਨਹੀਂ ਆਉਂਦਾ ਹੈ, ਤਾਂ ਔਰਤਾਂ ਉਨ੍ਹਾਂ ਨੂੰ ਜ਼ੀਰੋ ਐੱਫਆਈਆਰ ਦਰਜ ਕਰਨ ਲਈ ਕਹਿ ਸਕਦੀਆਂ ਹਨ।
ਜ਼ੀਰੋ ਐੱਫਆਈਆਰ ਕਿਸੇ ਵੀ ਥਾਣੇ ਵਿੱਚ ਕੀਤੀ ਜਾ ਸਕਦੀ ਹੈ ਅਤੇ ਫਿਰ ਇਹ ਉਚਿਤ ਥਾਣੇ ਵਿੱਚ ਤਬਦੀਲ ਹੋ ਜਾਂਦੀ ਹੈ।
ਜੇਕਰ ਤੁਸੀਂ ਕਿਸੇ ਪੁਰਸ਼ ਅਧਿਕਾਰੀ ਨਾਲ ਗੱਲ ਕਰਨ ਵਿੱਚ ਸਹਿਜ ਨਹੀਂ ਹੋ, ਤਾਂ ਤੁਸੀਂ ਇੱਕ ਮਹਿਲਾ ਅਧਿਕਾਰੀ ਦੀ ਮੰਗ ਕਰ ਸਕਦੇ ਹੋ।
ਪੁਲਿਸ ਤੁਹਾਡੀ ਰਿਪੋਰਟ/ਐੱਫਆਈਆਰ ਦਰਜ ਕਰ ਸਕਦੀ ਹੈ ਜਾਂ ਜ਼ਿਲ੍ਹੇ ਦੇ ਸੁਰੱਖਿਆ ਅਧਿਕਾਰੀ ਨੂੰ ਮਿਲਣ ਲਈ ਤੁਹਾਡੀ ਮਦਦ ਕਰ ਸਕਦੀ ਹੈ।
ਇਸ ਤੋਂ ਇਲਾਵਾ ਤੁਸੀਂ ਆਪਣੇ ਇਲਾਕੇ ਦੀ ਮਹਿਲਾ ਅਦਾਲਤ ਦਾ ਦਰਵਾਜ਼ਾ ਵੀ ਖੜਕਾ ਸਕਦੇ ਹੋ।
ਇਸ ਅਦਾਲਤ ਵਿੱਚ ਆਮ ਤੌਰ 'ਤੇ ਮਹਿਲਾ ਜੱਜ ਹਨ ਅਤੇ ਇੱਥੇ ਦਾਜ ਅਤੇ ਘਰੇਲੂ ਹਿੰਸਾ ਦੇ ਮਾਮਲੇ ਆਉਂਦੇ ਹਨ।
ਇਸ ਦੇ ਨਾਲ ਹੀ, ਤੁਸੀਂ ਆਪਣੀ ਐੱਫਆਈਆਰ ਔਨਲਾਈਨ ਵੀ ਦਰਜ ਕਰਵਾ ਸਕਦੇ ਹੋ ਜਾਂ ਤੁਸੀਂ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਵੈੱਬਸਾਈਟ ਦੀ ਮਦਦ ਵੀ ਲੈ ਸਕਦੇ ਹੋ।
ਸ਼ਿਕਾਇਤ ਦਰਜ ਕਰਵਾਉਣ 'ਤੇ ਅੱਗੇ ਦੀ ਪ੍ਰਕਿਰਿਆ
ਸ਼ਿਕਾਇਤ ਦਰਜ ਕਰਨ ਤੋਂ ਬਾਅਦ, ਅਦਾਲਤ ਤੁਹਾਡੇ ਲਈ ਇੱਕ ਪ੍ਰੋਟੈਕਸ਼ਨ ਅਧਿਕਾਰੀ ਜਾਂ ਸੁਰੱਖਿਆ ਅਧਿਕਾਰੀ ਨਿਯੁਕਤ ਕਰੇਗੀ।
ਵੈਸੇ ਇਹ ਅਧਿਕਾਰੀ ਤੁਹਾਡੇ ਘਰ ਆ ਕੇ ਇਸ ਮਾਮਲੇ ਦੀ ਵਿਸਥਾਰਤ ਰਿਪੋਰਟ ਦਰਜ ਕਰੇਗਾ।
ਸੁਰੱਖਿਆ ਅਧਿਕਾਰੀ ਇਸ ਰਿਪੋਰਟ ਨੂੰ ਅਦਾਲਤ 'ਚ ਪੇਸ਼ ਕਰੇਗਾ।
ਜੇਕਰ ਤੁਸੀਂ ਆਪਣਾ ਕੇਸ ਖੁਦ ਲੜਨ ਦੇ ਸਮਰੱਥ ਹੋ ਤਾਂ ਤੁਸੀਂ ਅਜਿਹਾ ਕਰ ਸਕਦੇ ਹੋ, ਨਹੀਂ ਤਾਂ ਅਦਾਲਤ ਤੁਹਾਡੇ ਲਈ ਵਕੀਲ ਨਿਯੁਕਤ ਕਰ ਸਕਦੀ ਹੈ।
ਇਸ ਤੋਂ ਬਾਅਦ ਅਦਾਲਤ ਤੁਹਾਡੀ ਸੁਰੱਖਿਆ ਲਈ ਆਦੇਸ਼ ਦੇ ਸਕਦੀ ਹੈ।
ਜੇਕਰ ਇਸ ਸੁਰੱਖਿਆ ਆਦੇਸ਼ ਦੀ ਉਲੰਘਣਾ ਹੁੰਦੀ ਹੈ ਤਾਂ ਉਸ ਵਿਅਕਤੀ ਦੇ ਖ਼ਿਲਾਫ਼ ਇੱਕ ਸਾਲ ਦੀ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ।
ਕਿਹੜੀਆਂ ਔਰਤਾਂ 'ਤੇ ਕਾਨੂੰਨ ਲਾਗੂ ਹੋਵੇਗਾ
ਹਰ ਧਰਮ ਅਤੇ ਜਾਤੀ ਨਾਲ ਸਬੰਧਤ ਔਰਤਾਂ ਇਸ ਕਾਨੂੰਨ ਦਾ ਸਹਾਰਾ ਲੈ ਸਕਦੀਆਂ ਹਨ।
ਜੇਕਰ ਤੁਹਾਨੂੰ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਘਰੋਂ ਬੇਦਖ਼ਲ ਕੀਤੇ ਜਾਣ ਦਾ ਡਰ ਹੈ, ਤਾਂ ਤੁਸੀਂ ਇਸ ਸਬੰਧ ਵਿੱਚ ਅਜਿਹਾ ਨਾ ਕਰਨ ਲਈ ਅਦਾਲਤ ਤੋਂ ਅੰਤਰਿਮ ਆਦੇਸ਼ ਦੀ ਮੰਗ ਕਰ ਸਕਦੇ ਹੋ।
ਦੂਜੇ ਪਾਸੇ, ਜੇਕਰ ਤੁਹਾਨੂੰ ਲੱਗਦਾ ਹੈ ਕਿ ਸ਼ਿਕਾਇਤ ਤੋਂ ਬਾਅਦ ਤੁਹਾਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਤਾਂ ਇਸ ਸਬੰਧ ਵਿੱਚ ਵੀ ਤੁਸੀਂ ਅਦਾਲਤ ਦਾ ਫ਼ੈਸਲਾ ਆਉਣ ਤੱਕ ਗੁਜ਼ਾਰਾ ਭੱਤਾ ਦੇਣ ਦੀ ਮੰਗ ਕਰ ਸਕਦੇ ਹੋ।
ਜੇਕਰ ਤੁਹਾਡੇ ਪਤੀ ਦੇ ਨਾਲ ਸਾਂਝਾ ਬੈਂਕ ਖਾਤਾ ਹੈ ਜਾਂ ਦੋਵਾਂ ਦੇ ਨਾਂ 'ਤੇ ਜਾਇਦਾਦ ਹੈ ਅਤੇ ਤੁਹਾਨੂੰ ਡਰ ਹੈ ਕਿ ਪਤੀ ਇਸ ਨੂੰ ਵੇਚ ਸਕਦਾ ਹੈ, ਤਾਂ ਤੁਸੀਂ ਇਸ ਲਈ ਅਦਾਲਤ ਦੀ ਮਦਦ ਵੀ ਲੈ ਸਕਦੇ ਹੋ।
ਵਿਆਹੁਤਾ ਜੀਵਨ ਦੌਰਾਨ ਪਤੀ ਵੱਲੋਂ ਜ਼ਬਰਦਸਤੀ ਸਰੀਰਕ ਸਬੰਧਣ ਬਣਾਉਣ (ਮੈਰੀਟਲ ਰੇਪ) ਨੂੰ ਬਲਾਤਕਾਰ ਕਰਾਰ ਦੇਣ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਕਈ ਪਟੀਸ਼ਨਾਂ ਪੈਂਡਿੰਗ ਹਨ।
ਪਰ ਘਰੇਲੂ ਹਿੰਸਾ ਐਕਟ ਤਹਿਤ ਔਰਤ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਕਰ ਸਕਦੀ ਹੈ।
ਜੇਕਰ ਤੁਸੀਂ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਕਰਦੇ ਹੋ, ਤਾਂ ਅਦਾਲਤ ਹੁਕਮ ਦੇ ਸਕਦੀ ਹੈ ਕਿ ਤੁਹਾਡੇ ਪਤੀ ਦਾ ਤੁਹਾਡੇ ਨਾਲ ਸੰਪਰਕ ਨਹੀਂ ਹੈ ਅਤੇ ਉਹ ਉਸ ਘਰ ਵਿੱਚ ਦਾਖ਼ਲ ਹੋਣ ਤੋਂ ਵੀ ਇਨਕਾਰ ਕਰ ਸਕਦਾ ਹੈ ਜਿੱਥੇ ਤੁਸੀਂ ਰਹਿੰਦੇ ਹੋ।
ਜੇਕਰ ਪਤੀ ਇਸ ਹੁਕਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਲਈ ਇੱਕ ਸਾਲ ਤੱਕ ਦੀ ਸਜ਼ਾ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਹਾਲਾਂਕਿ, ਕਈ ਮਾਮਲਿਆਂ ਵਿੱਚ ਇਹ ਸਮਝਿਆ ਜਾਂਦਾ ਹੈ ਕਿ ਜੇਕਰ ਔਰਤ ਘਰੇਲੂ ਹਿੰਸਾ ਦੀ ਸ਼ਿਕਾਇਤ ਕਰ ਰਹੀ ਹੈ ਤਾਂ ਉਹ ਤਲਾਕ ਲੈਣਾ ਚਾਹੁੰਦੀ ਹੈ।