You’re viewing a text-only version of this website that uses less data. View the main version of the website including all images and videos.
ਓਲੰਪੀਅਨ ਭਲਵਾਨਾਂ ਦੇ ਧਰਨੇ ਨੂੰ ਪੰਜਾਬ ਦੇ ਕਿਸਾਨਾਂ ਦਾ ਮਿਲਿਆ ਸਮਰਥਨ, ਮਾਮਲੇ ਵਿੱਚ ਹੁਣ ਤੱਕ ਕੀ-ਕੀ ਹੋਇਆ
23 ਅਪ੍ਰੈਲ ਤੋਂ ਦਿੱਲੀ ਦੇ ਜੰਤਰ-ਮੰਤਰ ਉੱਤੇ ਚੱਲ ਰਹੇ ਓਲੰਪੀਅਨ ਭਲਵਾਨਾਂ ਦੇ ਧਰਨੇ ਨੂੰ ਪੰਜਾਬ ਤੇ ਹੋਰ ਕਈ ਸੂਬਿਆਂ ਦੇ ਕਿਸਾਨਾਂ ਅਤੇ ਖਾਪ ਪੰਚਾਇਤਾਂ ਦਾ ਸਮਰਥਨ ਮਿਲਿਆ ਹੈ।
ਖਿਡਾਰੀਆਂ ਨੂੰ ਮਿਲਣ ਮਗਰੋਂ ਕਿਸਾਨਾਂ ਤੇ ਖਾਪ ਪੰਚਾਇਤਾਂ ਨੇ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਸਰਕਾਰ ਨੂੰ 21 ਮਈ ਤੱਕ ਦਾ ਅਲਟੀਮੇਟਮ ਦਿੱਤਾ।
ਦੇਸ਼ ਦੇ ਨਾਮੀ ਭਲਵਾਨਾਂ ਨੇ ਭਾਰਤੀ ਕੁਸ਼ਤੀ ਮਹਾਸੰਘ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਹਨ।
ਪਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਇਹਨਾਂ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸ ਰਹੇ ਹਨ।
ਐਤਵਾਰ ਨੂੰ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਔਰਤਾਂ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੀ ਅਗਵਾਈ ਵਿੱਚ ਜੰਤਰ-ਮੰਤਰ ਪਹੁੰਚੀਆਂ।
ਧਰਨੇ ਵਿੱਚ ਸਾਮਲ ਹੋਣ ਪਹੁੰਚੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ, “ਭਲਵਾਨ ਆਪਣਾ ਸੰਘਰਸ਼ ਖੁਦ ਚਲਾਉਣਗੇ। ਖਾਪ ਪੰਚਾਇਤਾਂ ਅਤੇ ਕਿਸਾਨ ਯੂਨੀਅਨਾਂ ਦੇ ਲੋਕ ਇਹਨਾਂ ਦਾ ਸਮਰਥਨ ਕਰਨਗੇ। ਅਸੀਂ ਸਰਕਾਰ ਨੂੰ ਮਜਬੂਰ ਕਰ ਦੇਵਾਂਗੇ ਕਿ ਮੁਲਜ਼ਮ ਤੋਂ ਅਸਤੀਫ਼ਾ ਲੈ ਕੇ, ਉਸ ਨੂੰ ਜੇਲ੍ਹ ਵਿੱਚ ਬੰਦ ਕੀਤਾ ਜਾਵੇ।”
ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ, “ਸਾਡਾ ਇਹ ਫੈਸਲਾ ਹੋਇਆ ਹੈ ਕਿ ਹਰ ਖਾਪ ਪੰਚਾਇਤ ਤੋਂ ਹਰ ਰੋਜ਼ ਲੋਕ ਇੱਥੇ ਆਉਣਗੇ। ਉਹ ਦਿਨ ਸਮੇਂ ਆਉਣਗੇ ਅਤੇ ਰਾਤ ਨੂੰ ਚਲੇ ਜਾਣਗੇ। ਭਲਵਾਨਾਂ ਦੀ ਕਮੇਟੀ ਹੀ ਸੰਘਰਸ਼ ਚਲਾਵੇਗੀ।”
ਰਾਕੇਸ਼ ਟਿਕੈਤ ਨੇ ਕਿਹਾ, “ਜੇਕਰ ਸਰਕਾਰ 21 ਅਪ੍ਰੈਲ ਤੱਕ ਕੋਈ ਹੱਲ ਨਹੀਂ ਕੱਢਦੀ ਤਾਂ ਅਸੀਂ ਅੱਗੇ ਦੀ ਰਣਨੀਤੀ ਬਣਾਵਾਂਗੇ।''
ਐੱਫ਼ਆਈਆਰ ਅਤੇ ਇਲਜ਼ਾਮ
ਭਲਵਾਨਾਂ ਵੱਲੋਂ ਸੁਪਰੀਮ ਕੋਰਟ ਦਾ ਰੁਖ ਕਰਨ ਮਗਰੋਂ ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਦੋ ਐੱਫਆਈਆਰ ਦਰਜ ਕੀਤੀਆਂ ਸਨ।
ਮਹਿਲਾ ਪਹਿਲਵਾਨਾਂ (ਪਟੀਸ਼ਨਰਾਂ) ਦੇ ਵਕੀਲਾਂ ਵਿੱਚੋਂ ਇੱਕ ਨਰਿੰਦਰ ਹੁੱਡਾ ਨੇ ਕਿਹਾ ਸੀ, "ਜੀ ਹਾਂ, ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ 2 ਐਫਆਈਆਰ ਦਰਜ ਕੀਤੀਆਂ ਹਨ। ਹੁਣ ਮਾਮਲੇ 'ਚ ਮੁਲਜ਼ਮਾਂ ਖ਼ਿਲਾਫ਼ ਢੁੱਕਵੀਂ ਜਾਂਚ ਹੋਵੇਗੀ।”
ਪਹਿਲੀ ਐੱਫਆਈਆਰ ਇੱਕ ਨਾਬਾਲਗ਼ ਪੀੜਤ ਵੱਲੋਂ ਲਗਾਏ ਗਏ ਇਲਜ਼ਾਮਾਂ ਨਾਲ ਸਬੰਧਤ ਹੈ, ਜੋ ਪੋਕਸੋ ਐਕਟ ਦੇ ਨਾਲ ਸਬੰਧਤ ਭਾਰਤੀ ਦੰਡ ਸੰਹਿਤਾ (ਆਈਪੀਸੀ) ਦੀਆਂ ਧਾਰਾਵਾਂ ਦੇ ਨਾਲ ਦਰਜ ਕੀਤੀ ਗਈ ਹੈ।
ਹੁੱਡਾ ਨੇ ਦੱਸਿਆ, "ਦੂਜੀ ਐੱਫਆਈਆਰ ਆਈਪੀਸੀ ਦੇ ਉਸੇ ਅਪਰਾਧ ਨਾਲ ਸਬੰਧਤ ਧਾਰਾਵਾਂ ਦੇ ਤਹਿਤ ਹੋਰ ਬਾਲਗ ਸ਼ਿਕਾਇਤਕਰਤਾਵਾਂ ਵੱਲੋਂ ਦਰਜ ਕੀਤੀਆਂ ਗਈਆਂ ਸ਼ਿਕਾਇਤਾਂ ਦੀ ਵਿਆਪਕ ਜਾਂਚ ਕਰਨ ਲਈ ਦਰਜ ਕੀਤੀ ਗਈ ਹੈ।”
ਬ੍ਰਿਜ ਬ੍ਰਿਜਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਦਿੱਲੀ ਪੁਲਿਸ ਨੇ ਕਨਾਟ ਪਲੇਸ ਥਾਣੇ ਵਿੱਚ ਦੋ ਐੱਫਆਈਆਰ (ਪਹਿਲੀ ਸੂਚਨਾ ਰਿਪੋਰਟ) ਦਰਜ ਕੀਤੀਆਂ ਸਨ।
ਦੇਸ਼ ਦੀਆਂ ਨਾਮੀ ਖਿਡਾਰਨਾਂ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ ਨੂੰ ਲੈ ਕੇ ਪਟੀਸ਼ਨ ਪਾਈ ਸੀ।
ਪਰ ਖਿਡਾਰੀਆਂ ਨੇ ਆਪਣਾ ਧਰਨਾ ਹਾਲੇ ਖ਼ਤਮ ਨਹੀਂ ਕੀਤਾ ਅਤੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਜੇਲ੍ਹ ਜਾਣ ਤੱਕ ਪ੍ਰਦਰਸ਼ਨ ਰੱਖਣ ਦੀ ਗੱਲ ਆਖੀ ਹੈ।
ਸਿਆਸਤਦਾਨਾਂ ਤੋਂ ਲੈ ਕੇ ਵੱਡੀ ਗਿਣਤੀ ਵਿੱਚ ਆਮ ਲੋਕ ਇਹਨਾਂ ਖਿਡਾਰੀਆਂ ਦੇ ਸਮਰਥਨ ਵਿੱਚ ਜੰਤਰ-ਮੰਤਰ ਧਰਨੇ ਉਪਰ ਹਾਜ਼ਰੀ ਲਗਵਾ ਰਹੇ ਹਨ।
‘ਜਿੱਤ ਵੱਲ ਪਹਿਲਾ ਕਦਮ ਹੈ’
ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਭਲਵਾਨਾਂ ਦਾ ਪ੍ਰਦਰਸ਼ਨ ਦਿੱਲੀ ਦੇ ਜੰਤਰ-ਮੰਤਰ 'ਤੇ ਜਾਰੀ ਰਹੇਗਾ।
ਭਲਵਾਨਾਂ ਦਾ ਕਹਿਣਾ ਹੈ ਕਿ ਭਾਜਪਾ ਦੇ ਸੰਸਦ ਮੈਂਬਰ ਨੂੰ ਸਾਰੇ ਅਹੁਦਿਆਂ ਤੋਂ ਹਟਾਇਆ ਜਾਵੇ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਜੰਤਰ-ਮੰਤਰ 'ਤੇ ਪੱਤਰਕਾਰਾਂ ਨੂੰ ਕਿਹਾ ਸੀ, ''ਇਹ ਜਿੱਤ ਵੱਲ ਪਹਿਲਾ ਕਦਮ ਹੈ ਪਰ ਸਾਡਾ ਧਰਨਾ ਜਾਰੀ ਰਹੇਗਾ।''
ਓਲੰਪੀਅਨ ਵਿਨੇਸ਼ ਫੋਗਾਟ ਨੇ ਕਿਹਾ ਸੀ ਕਿ ਦਿੱਲੀ ਪੁਲਿਸ ਨੂੰ ਐੱਫਆਈਆਰ ਦਰਜ ਕਰਨ ਵਿੱਚ ਛੇ ਦਿਨ ਲੱਗ ਗਏ, ਉਨ੍ਹਾਂ ਨੂੰ ਜਾਂਚ ਏਜੰਸੀ 'ਤੇ ਭਰੋਸਾ ਨਹੀਂ।
ਵਿਨੇਸ਼ ਨੇ ਕਿਹਾ ਸੀ, “ਪੁਲਿਸ ਕਮਜ਼ੋਰ ਐੱਫਆਈਆਰ ਦਰਜ ਕਰ ਸਕਦੀ ਹੈ। ਅਸੀਂ ਪਹਿਲਾਂ ਦੇਖਾਂਗੇ ਅਤੇ ਫਿਰ ਹੀ ਫੈਸਲਾ ਕਰਾਂਗੇ। ਉਨ੍ਹਾਂ (ਬ੍ਰਿਜ ਭੂਸ਼ਣ) ਨੂੰ ਜੇਲ੍ਹ ਵਿੱਚ ਹੋਣਾ ਚਾਹੀਦਾ ਹੈ ਅਤੇ ਸਾਰੇ ਅਹੁਦਿਆਂ ਤੋਂ ਹਟਾ ਦੇਣਾ ਚਾਹੀਦਾ ਹੈ, ਨਹੀਂ ਤਾਂ ਉਹ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨਗੇ।
ਭਲਵਾਨ ਬਜਰੰਗ ਪੂਨੀਆ ਨੇ ਕਿਹਾ ਸੀ, “ਜਦੋਂ ਤੱਕ ਭੂਸ਼ਣ ਨੂੰ ਜੇਲ੍ਹ ਨਹੀਂ ਭੇਜਿਆ ਜਾਂਦਾ, ਸਾਡਾ ਵਿਰੋਧ ਜਾਰੀ ਰਹੇਗਾ।”
ਐੱਫ਼ਆਈਆਰ ਦਰਜ ਕਰਨ ਦੇ ਫੈਸਲੇ 'ਤੇ ਬ੍ਰਿਜ ਭੂਸ਼ਣ ਨੇ ਕੀ ਕਿਹਾ?
ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਸੀ ਕਿ ਉਹ ਆਪਣੇ 'ਤੇ ਲੱਗੇ ਇਲਜ਼ਾਮਾਂ ਦੀ ਜਾਂਚ 'ਚ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਤਿਆਰ ਹਨ।
ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਖ਼ਬਰ ਏਜੰਸੀ ਏਐਨਆਈ ਨੂੰ ਕਿਹਾ ਸੀ, "ਮੈਂ ਨਿਆਂਪਾਲਿਕਾ ਦੇ ਫੈਸਲੇ ਤੋਂ ਬੇਹੱਦ ਖੁਸ਼ ਹਾਂ। ਦਿੱਲੀ ਪੁਲਿਸ ਨੂੰ ਜਾਂਚ ਮਿਲੀ ਹੈ। ਜਾਂਚ ਵਿੱਚ ਜਿੱਥੇ ਵੀ ਸਹਿਯੋਗ ਦੀ ਲੋੜ ਹੈ, ਮੈਂ ਸਹਿਯੋਗ ਕਰਨ ਲਈ ਤਿਆਰ ਹਾਂ। ਇਸ ਦੇਸ਼ ਵਿੱਚ ਨਿਆਂਪਾਲਿਕਾ ਤੋਂ ਵੱਡਾ ਕੋਈ ਨਹੀਂ ਹੈ। ਮੈਂ ਵੀ ਨਿਆਂਪਾਲਿਕਾ ਤੋਂ ਵੱਡਾ ਨਹੀਂ ਹਾਂ।"
ਉਨ੍ਹਾਂ ਕਿਹਾ, ''ਮੈਂ ਸੁਪਰੀਮ ਕੋਰਟ ਤੋਂ ਵੱਡਾ ਨਹੀਂ ਹਾਂ। ਮੈਂ ਇਸ ਫੈਸਲੇ ਦਾ ਸਵਾਗਤ ਕਰਦਾ ਹਾਂ। ਜਦੋਂ ਓਵਰਸਾਈਟ ਕਮੇਟੀ ਬਣੀ ਸੀ ਤਾਂ ਵੀ ਮੈਂ ਸਵਾਲ ਨਹੀਂ ਚੁੱਕੇ ਸੀ। ਮੈਂ ਸਾਰੇ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰਦਾ ਹਾਂ।”
“ਇਨ੍ਹਾਂ ਲੋਕਾਂ ਨੂੰ ਇੰਤਜ਼ਾਰ ਕਰਨਾ ਚਾਹੀਦਾ ਸੀ। ਇਹਨਾਂ ਨੇ ਉਡੀਕ ਨਹੀਂ ਕੀਤੀ। ਉਹ ਸੁਪਰੀਮ ਕੋਰਟ ਗਏ। ਸੁਪਰੀਮ ਕੋਰਟ ਨੇ ਨੋਟਿਸ ਲੈਂਦਿਆਂ ਇਹ ਫੈਸਲਾ ਲਿਆ ਹੈ। ਮੈਨੂੰ ਆਪਣੇ ਆਪ ’ਤੇ ਭਰੋਸਾ ਹੈ। ਮੈਨੂੰ ਆਪਣੇ ਕਰਮ ’ਤੇ ਭਰੋਸਾ ਹੈ। ਮੈਂ ਕਿਸੇ ਨਾਲ ਕੋਈ ਗਲਤ ਨਹੀਂ ਕੀਤਾ। ਮੈਨੂੰ ਇਨਸਾਫ਼ ਮਿਲੇਗਾ।”
ਕੀ ਹੈ ਮਾਮਲਾ?
- ਭਾਰਤੀ ਕੁਸ਼ਤੀ ਦੇ ਕਈ ਨਾਮੀ ਭਲਵਾਨਾਂ ਨੇ ਰੈਸਲਿੰਗ ਫ਼ੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ ਸ਼ਰਨ ਸਿੰਘ ’ਤੇ ਜਿਣਸੀ ਸ਼ੋਸ਼ਣ ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਸਨ।
- ਭਲਵਾਨਾਂ ਦਾ ਇਲਜ਼ਾਮ ਸੀ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਕੁਸ਼ਤੀ ਫ਼ੈਡਰੇਸ਼ਨ ਨੂੰ ਆਪਣੀ ਮਨਮਰਜ਼ੀ ਨਾਲ ਚਲਾਉਂਦੇ ਹਨ ਜਿਸ ਸਦਕਾ ਖਿਡਾਰੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ।
- ਖਿਡਾਰੀਆਂ ਨੇ ਕਿਹਾ ਕਿ ਬਿੱਜ ਭੂਸ਼ਣ ਸ਼ਰਨ ਸਿੰਘ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵਿੱਚ ਦਖ਼ਲਅੰਦਾਜ਼ੀ ਕਰਦੇ ਹਨ ਅਤੇ ਪਰੇਸ਼ਾਨ ਕਰਦੇ ਹਨ।
- ਉਨ੍ਹਾਂ ਦੀ ਮੰਗ ਹੈ ਕੀ ਰੈਸਲਿੰਗ ਫੈਡਰੇਸ਼ਨ ਦੇ ਪ੍ਰਧਾਨ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਤੇ ਫੈਡਰੇਸ਼ਨ ਦੇ ਸਾਰੇ ਮੈਂਬਰਾਂ ਨੂੰ ਬਦਲਿਆ ਜਾਵੇ।
- ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਹੈ ਕਿ ਕਿਸੇ ਵੀ ਐਥਲੀਟ ਦਾ ਜਿਨਸੀ ਸ਼ੋਸ਼ਣ ਨਹੀਂ ਹੋਇਆ ਹੈ।
ਖਿਡਾਰੀਆਂ ਨੇ ਕੀ ਇਲਜ਼ਾਮ ਲਗਾਏ ਹਨ?
ਵਿਨੇਸ਼ ਫੋਗਾਟ ਸਮੇਤ ਭਾਰਤੀ ਕੁਸ਼ਤੀ ਦੇ ਕਈ ਨਾਮੀ ਭਲਵਾਨਾਂ ਨੇ ਫ਼ੈਡਰੇਸ਼ਨ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ’ਤੇ ਜਿਣਸੀ ਸ਼ੋਸ਼ਣ ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਸਨ।
ਭਲਵਾਨਾਂ ਦਾ ਇਲਜ਼ਾਮ ਸੀ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਕੁਸ਼ਤੀ ਫ਼ੈਡਰੇਸ਼ਨ ਨੂੰ ਆਪਣੀ ਮਨਮਰਜ਼ੀ ਨਾਲ ਚਲਾਉਂਦੇ ਹਨ ਜਿਸ ਸਦਕਾ ਖਿਡਾਰੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ।
ਏਸ਼ੀਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਨੂੰ ਕਈ ਤਮਗੇ ਜਿਤਾਉਣ ਵਾਲੀ ਮਹਿਲਾ ਭਲਵਾਨ ਵਿਨੇਸ਼ ਫ਼ੋਗਾਟ ਨੇ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਵਿਰੁੱਧ ਆਵਾਜ਼ ਚੁੱਕੀ ਤੇ ਕਈ ਕੁੜੀਆਂ ਨਾਲ ਉਨ੍ਹਾਂ ਦੇ ਮਾੜੇ ਰਵੱਈਏ ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ।
ਵਿਨੇਸ਼ ਨੇ ਕਿਹਾ ਸੀ, "ਭਾਰਤੀ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਨੇ ਕਈ ਕੁੜੀਆਂ ਦਾ ਜਿਨਸੀ ਸ਼ੋਸ਼ਣ ਕੀਤਾ ਹੈ।"
ਉਨ੍ਹਾਂ ਕਿਹਾ ਸੀ, "ਉਹ ਸਾਡੀ ਨਿੱਜੀ ਜ਼ਿੰਦਗੀ ਵਿੱਚ ਦਖ਼ਲਅੰਦਾਜ਼ੀ ਕਰਦੇ ਹਨ ਅਤੇ ਪਰੇਸ਼ਾਨ ਕਰਦੇ ਹਨ। ਉਹ ਸਾਡਾ ਸ਼ੋਸ਼ਣ ਕਰ ਰਹੇ ਹਨ। ਜਦੋਂ ਅਸੀਂ ਓਲੰਪਿਕ ਖੇਡਣ ਜਾਂਦੇ ਹਾਂ ਤਾਂ ਸਾਡੇ ਕੋਲ ਕੋਈ ਫਿਜ਼ੀਓ ਜਾਂ ਕੋਚ ਤੱਕ ਨਹੀਂ ਹੁੰਦੇ। ਜਦੋਂ ਅਸੀਂ ਆਵਾਜ਼ ਚੁੱਕੀ ਤਾਂ ਸਾਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ।"
ਓਲੰਪਿਕ ਮੈਡਲ ਜੇਤੂ ਰੈਸਲਰ ਸਾਕਸ਼ੀ ਮਲਿਕ ਨੇ ਕਿਹਾ, “ਪੂਰੀ ਫੈਡਰੇਸ਼ਨ ਨੂੰ ਹਟਣਾ ਚਾਹੀਦਾ ਹੈ ਤਾਂ ਜੋ ਭਲਵਾਨਾਂ ਦਾ ਭਵਿੱਖ ਸੁਰੱਖਿਅਤ ਰਹਿ ਸਕੇ। ਇੱਕ ਨਵੀਂ ਫੈਡਰੇਸ਼ਨ ਨੂੰ ਹੋਂਦ ਵਿੱਚ ਆਉਣਾ ਚਾਹੀਦਾ ਹੈ।”
“ਗੰਦਗੀ ਹੇਠਲੇ ਪੱਧਰ ਤੱਕ ਪਹੁੰਚ ਚੁੱਕੀ ਹੈ। ਅਸੀਂ ਹੁਣ ਇਸ ਮਸਲੇ ਬਾਰੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਗੱਲਬਾਤ ਕਰਾਂਗੇ। ਕੁਝ ਮਸਲਿਆਂ ਬਾਰੇ ਜਾਂਚ ਹੋਣੀ ਬੇਹੱਦ ਜ਼ਰੂਰੀ ਹੈ।”
ਕੁਸ਼ਤੀ ਦੇ ਨਾਮੀ ਖ਼ਿਡਾਰੀਆਂ ਵਲੋਂ ਲਾਏ ਇਲਜ਼ਾਮਾਂ ਬਾਰੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ, "ਕੋਈ ਅਜਿਹਾ ਆਦਮੀ ਨਹੀਂ ਹੈ ਜੋ ਇਹ ਕਹਿ ਸਕੇ ਕਿ ਕੁਸ਼ਤੀ ਫੈਡਰੇਸ਼ਨ ਵਿੱਚ ਅਥਲੀਟਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਕੋਈ ਤਾਂ ਹੋਣਾ ਚਾਹੀਦਾ ਹੈ।”
ਉਨ੍ਹਾਂ ਖਿਡਾਰੀਆਂ ਨੂੰ ਸਵਾਲ ਕੀਤਾ, “ਕੀ ਉਨ੍ਹਾਂ ਨੂੰ ਪਿਛਲੇ 10 ਸਾਲਾਂ ਤੋਂ ਫੈਡਰੇਸ਼ਨ ਨਾਲ ਕੋਈ ਸਮੱਸਿਆ ਨਹੀਂ ਸੀ?"
ਇਹ ਦਾਅਵਾ ਕਰਦਿਆਂ ਕਿ ਕਿਸੇ ਵੀ ਐਥਲੀਟ ਦਾ ਜਿਨਸੀ ਸ਼ੋਸ਼ਣ ਨਹੀਂ ਹੋਇਆ, ਉਨ੍ਹਾਂ ਨੇ ਕਿਹਾ, "ਜੇਕਰ ਇਹ ਇਲਜ਼ਾਮ ਸੱਚ ਸਾਬਤ ਹੁੰਦਾ ਹੈ ਤਾਂ ਮੈਂ ਫਾਂਸੀ ’ਤੇ ਚੜ੍ਹਨ ਲਈ ਤਿਆਰ ਹਾਂ।"
ਸੁਪਰੀਮ ਕੋਰਟ ’ਚ ਕੀ ਹੋਇਆ ਸੀ?
ਮਹਿਲਾ ਭਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਸ਼ੁੱਕਰਵਾਰ ਨੂੰ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਦਿੱਲੀ ਪੁਲਿਸ ਇਸ ਕੇਸ 'ਚ ਐੱਫਆਈਆਰ ਦਰਜ ਕਰੇਗੀ।
ਦੇਸ਼ ਦੀਆਂ 7 ਨਾਮੀ ਖਿਡਾਰਨਾਂ ਨੇ ਭਾਜਪਾ ਦੇ ਸੰਸਦ ਮੈਂਬਰ ਅਤੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ ਨੂੰ ਲੈ ਕੇ ਪਟੀਸ਼ਨ ਪਾਈ ਹੋਈ ਹੈ।
ਖਿਡਾਰਨਾਂ ਮੁਤਾਬਕ, ਦਿੱਲੀ ਪੁਲਿਸ ਨੇ ਉਨ੍ਹਾਂ ਦੀ ਸ਼ਿਕਾਇਤ 'ਤੇ ਐੱਫਆਈਆਰ ਦਰਜ ਨਹੀਂ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਸੁਪਰੀਮ ਕੋਰਟ ਦਾ ਰੁੱਖ ਕੀਤਾ।
ਭਾਰਤ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੀ ਬੈਂਚ ਨੂੰ ਸਾਲਿਸਟਰ ਜਨਰਲ (ਐੱਸਜੀ) ਤੁਸ਼ਾਰ ਮਹਿਤਾ ਨੇ ਕਿਹਾ, “ਅਸੀਂ ਦਿਨ ਦੇ ਅੰਤ ਤੱਕ ਐੱਫਆਈਆਰ ਦਰਜ ਕਰ ਲਵਾਂਗੇ।
ਭਲਵਾਨਾਂ ਨੇ ਜਨਵਰੀ ’ਚ ਲਗਾਇਆ ਧਰਨਾ ਕਿਉਂ ਚੁੱਕਿਆ ਸੀ?
ਇਹ ਖਿਡਾਰੀ ਇਸ ਤੋਂ ਪਹਿਲਾਂ ਜਨਵਰੀ ਮਹੀਨੇ ਵਿੱਚ ਵੀ ਜੰਤਰ-ਮੰਤਰ ਉੱਤੇ ਧਰਨੇ ’ਤੇ ਬੈਠੇ ਸਨ।
ਕੁਝ ਦਿਨਾਂ ਦੇ ਧਰਨੇ ਨੂੰ ਖ਼ਤਮ ਕਰਵਾਉਣ ਲਈ ਉਸ ਸਮੇਂ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਖਿਡਾਰੀਆਂ ਨੂੰ ਜਾਂਚ ਅਤੇ ਕਾਰਵਾਈ ਦਾ ਭਰੋਸਾ ਦਿਵਾਇਆ ਸੀ।
ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਜਾਂਚ ਹੋਣ ਤੱਕ ਅਹੁਦੇ ਤੋਂ ਹਟਾਉਣ ਦਾ ਹੁਕਮ ਦਿੱਤਾ ਸੀ।
ਸਰਕਾਰ ਨੇ ਇੱਕ ਕਮੇਟੀ ਵੀ ਬਣਾਈ ਜਿਸ ਦੀ ਮੁਖੀ ਬਾਕਸਰ ਮੈਰੀ ਕੌਮ ਨੂੰ ਬਣਾਇਆ ਗਿਆ।
ਇਸ ਕਮੇਟੀ ਦੀ ਪੂਰੀ ਰਿਪੋਰਟ ਨੂੰ ਜਨਤੱਕ ਨਹੀਂ ਕੀਤਾ ਗਿਆ ਹੈ।
ਇਸ ਮਾਮਲੇ ਵਿੱਚ ਕਾਰਵਾਈ ਤੋਂ ਅੰਸਤੁਸ਼ਟ ਖਿਡਾਰੀ 23 ਅਪ੍ਰੈਲ ਨੂੰ ਮੁੜ ਧਰਨੇ ਉੱਤੇ ਆ ਕੇ ਬੈਠ ਗਏ।
ਪੀਟੀ ਊਸ਼ਾ ਵੱਲੋਂ ਪ੍ਰਦਰਸ਼ਨ ਬਾਰੇ ਦਿੱਤੇ ਬਿਆਨ 'ਤੇ ਕਿਉਂ ਛਿੜਿਆ ਵਿਵਾਦ?
ਇੰਡੀਅਨ ਓਲੰਪਿਕ ਐਸੋਸੀਏਸ਼ਨ ਦੀ ਮੁਖੀ ਅਤੇ ਸਾਬਕਾ ਦੌੜਾਕ ਪੀਟੀ ਊਸ਼ਾ ਨੇ ਵੀਰਵਾਰ ਨੂੰ ਭਾਰਤੀ ਓਲੰਪਿਕ ਸੰਘ ਦੀ ਕਾਰਜਕਾਰੀ ਕਮੇਟੀ ਦੀ ਬੈਠਕ ਤੋਂ ਬਾਅਦ ਕਿਹਾ ਕਿ 'ਸੜਕਾਂ 'ਤੇ ਭਲਵਾਨਾਂ ਦਾ ਪ੍ਰਦਰਸ਼ਨ ਅਨੁਸ਼ਾਸਨਹੀਣਤਾ ਹੈ ਅਤੇ ਇਹ ਦੇਸ਼ ਦੇ ਅਕਸ ਨੂੰ ਖ਼ਰਾਬ ਕਰ ਰਿਹਾ ਹੈ'।
ਦੂਜੇ ਪਾਸੇ, ਪੀਟੀ ਊਸ਼ਾ ਦੇ ਇਸ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਭਲਵਾਨ ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਸਣੇ ਹੋਰ ਭਲਵਾਨਾਂ ਨੇ ਕਿਹਾ ਕਿ ਉਨ੍ਹਾਂ ਤੋਂ ਅਜਿਹੇ ਬਿਆਨ ਦੀ ਉਮੀਦ ਨਹੀਂ ਸੀ।
ਓਲੰਪਿਕ ਤਮਗਾ ਜੇਤੂ ਬਜਰੰਗ ਪੂਨੀਆ ਨੇ ਕਿਹਾ, "ਉਹ ਖੁਦ ਇੱਕ ਔਰਤ ਹਨ। ਇਹ ਸੁਣ ਕੇ ਬਹੁਤ ਦੁੱਖ ਹੋਇਆ। ਅਸੀਂ ਤਿੰਨ ਮਹੀਨੇ ਇੰਤਜ਼ਾਰ ਕੀਤਾ। ਅਸੀਂ ਉਨ੍ਹਾਂ ਕੋਲ ਵੀ ਗਏ ਹਾਂ। ਪਰ ਸਾਡੇ ਨਾਲ ਇਨਸਾਫ ਨਹੀਂ ਹੋਇਆ ਅਤੇ ਸਾਨੂੰ ਇੱਥੇ ਆਉਣਾ ਪਿਆ।"
ਪੀਟੀ ਊਸ਼ਾ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਨੂੰ ਚਲਾਉਣ ਲਈ ਤਿੰਨ ਮੈਂਬਰਾਂ ਦਾ ਪੈਨਲ ਬਣਾਉਣ ਦਾ ਵੀ ਐਲਾਨ ਕੀਤਾ ਹੈ।
ਜੰਤਰ-ਮੰਤਰ 'ਤੇ ਅੱਧੀ ਰਾਤ ਡਰਾਮਾ
ਬੁੱਧਵਾਰ ਦੀ ਰਾਤ ਨੂੰ ਭਲਵਾਨਾਂ ਨੇ ਪੁਲਿਸ ਉਪਰ ਧੱਕੇਸ਼ਾਹੀ ਕਰਨ ਦਾ ਇਲਜ਼ਾਮ ਲਗਾਇਆ ਸੀ।
ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਅਤੇ ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਪ੍ਰਦਰਸ਼ਨ ਵਾਲੀ ਥਾਂ 'ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ।
ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਬੀਬੀਸੀ ਕੈਮਰੇ 'ਤੇ ਕਿਹਾ ਸੀ, "ਦੇਖੋ, ਤੁਸੀਂ ਸਥਿਤੀ ਨੂੰ ਦੇਖੋ, ਸਾਰਾ ਦਿਨ ਮੀਂਹ ਪਿਆ, ਅਸੀਂ (ਸੌਣ ਲਈ) ਤਖਤੀਆਂ ਲਿਆ ਰਹੇ ਸੀ, ਪੁਲਿਸ ਵਾਲਿਆਂ ਨੇ ਸਾਨੂੰ ਕੁੱਟਿਆ, ਗਾਲ੍ਹਾਂ ਕੱਢੀਆਂ।"
ਰਾਤ ਕਰੀਬ 10.30 ਵਜੇ ਵਾਪਰੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਸਾਕਸ਼ੀ ਨੇ ਇਲਜ਼ਾਮ ਲਾਇਆ ਸੀ, "ਦੋ ਲੋਕਾਂ ਦੇ ਸਿਰ ਵੀ ਪਾਟ ਗਏ ਹਨ। ਬਹੁਤ ਮਾੜਾ ਵਿਵਹਾਰ ਹੋਇਆ ਹੈ। ਪੂਰੇ ਦੇਸ਼ ਦੇ ਲੋਕਾਂ ਨੂੰ ਅਪੀਲ ਹੈ ਕਿ ਉਹ ਸਾਡੇ ਸਮਰਥਨ ਵਿੱਚ ਆਉਣ, ਧੀਆਂ ਦੀ ਇੱਜ਼ਤ ਦੀ ਗੱਲ ਹੈ।"
ਦਿੱਲੀ ਪੁਲਿਸ ਮੁਤਾਬਕ ਇਹ ਸਾਰਾ ਝਗੜਾ ਬਿਨਾਂ ਇਜਾਜ਼ਤ ਬਿਸਤਰੇ ਲਿਆਉਣ ਕਾਰਨ ਹੋਇਆ ਸੀ।
ਦਿੱਲੀ ਪੁਲਿਸ ਦੇ ਡੀਸੀਪੀ ਪ੍ਰਣਵ ਤਾਇਲ ਨੇ ਕਿਹਾ ਸੀ, "ਸੋਮਨਾਥ ਭਾਰਤੀ ਕੁਝ ਫੋਲਡਿੰਗ ਬੈੱਡ ਲੈ ਕੇ ਆਏ ਸਨ। ਪਰ ਇਜਾਜ਼ਤ ਨਹੀਂ ਸੀ, ਇਸ ਲਈ ਉਨ੍ਹਾਂ ਨੂੰ ਰੋਕਿਆ ਗਿਆ। ਪ੍ਰਦਰਸ਼ਨਕਾਰੀ ਭਲਵਾਨਾਂ ਦੇ ਸਮਰਥਕ ਹਨ, ਉਹ ਬੈਰੀਕੇਡਾਂ 'ਤੇ ਆਏ ਅਤੇ ਬੈੱਡ ਕੱਢਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਹੱਥੋਪਾਈ ਹੋ ਗਈ। ਕੁਝ ਪੁਲਿਸ ਵਾਲੇ ਅਤੇ ਉਨ੍ਹਾਂ ਦੇ ਭਲਵਾਨਾਂ ਨੂੰ ਵੀ ਸੱਟਾਂ ਲੱਗੀਆਂ ਹਨ।"
ਭਲਵਾਨਾਂ ਦੇ ਸਮਰਥਨ ’ਚ ਕਿਹੜੀਆਂ-ਕਿਹੜੀਆਂ ਹਸਤੀਆਂ ਆਈਆਂ?
ਦੇਸ਼ ਭਰ ਤੋਂ ਨਾਮੀ ਖਿਡਾਰੀ ਅਤੇ ਸਿਆਸੀ ਲੋਕ ਭਲਵਾਨਾਂ ਦੇ ਪੱਖ ਵਿੱਚ ਹਾਂ ਦਾ ਨਾਅਰਾ ਮਾਰ ਰਹੇ ਹਨ।
ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਵੀ ਇਸ ਮਾਮਲੇ ਉੱਤੇ ਟਵੀਟ ਕੀਤਾ ਹੈ।
ਸਾਨੀਆ ਮਿਰਜ਼ਾ ਨੇ ਟਵੀਵ ਵਿੱਚ ਲਿਖਿਆ, ''ਇੱਕ ਐਥਲੀਟ ਦੇ ਨਾਤੇ, ਖਾਸ ਕਰਕੇ ਇੱਕ ਔਰਤ ਹੋਣ ਦੇ ਨਾਤੇ ਇਹ ਸਭ ਦੇਖਣਾ ਬਹੁਤ ਔਖਾ ਹੈ। ਉਨ੍ਹਾਂ ਨੇ ਸਾਡੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਅਸੀਂ ਉਨ੍ਹਾਂ ਦੇ ਨਾਮ ਉੱਤੇ ਜਸ਼ਨ ਮਨਾਇਆ ਹੈ... ਜੇਕਰ ਉਸ ਵੇਲੇ ਤੁਸੀਂ ਉਹ ਕੀਤਾ ਤਾਂ ਹੁਣ ਵੇਲਾ ਆ ਗਿਆ ਹੈ ਇਸ ਮੁਸ਼ਕਿਲ ਘੜੀ ਵਿੱਚ ਵੀ ਉਨ੍ਹਾਂ ਦੇ ਨਾਲ ਖੜ੍ਹੇ ਹੋਣ ਦਾ। ਇਹ ਇੱਕ ਬਹੁਤ ਹੀ ਸੰਜੀਦਾ ਮਾਮਲਾ ਤੇ ਗੰਭੀਰ ਇਲਜ਼ਾਮ ਹਨ। ਮੈਂ ਉਮੀਦ ਕਰਦੀ ਹਾਂ ਕਿ ਸੱਚ ਨੂੰ ਨਿਆਂ ਮਿਲੇਗਾ।''
ਭਾਰਤੀ ਐਥਲੀਟ ਨੀਰਜ ਚੋਪੜਾ ਨੇ ਭਲਵਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ 'ਤੇ ਆਪਣੀ ਚੁੱਪੀ ਤੋੜੀ ਹੈ।
ਉਨ੍ਹਾਂ ਇੱਕ ਟਵੀਟ ਕਰਦਿਆਂ ਲਿਖਿਆ, ''ਆਪਣੇ ਅਥਲੀਟਾਂ ਨੂੰ ਨਿਆਂ ਲਈ ਸੜਕਾਂ 'ਤੇ ਬੈਠਾ ਦੇਖ ਮੈਨੂੰ ਦਰਦ ਹੁੰਦਾ ਹੈ। ਉਹ ਸਾਡੇ ਮਹਾਨ ਦੇਸ਼ ਦੀ ਅਗਵਾਈ ਅਤੇ ਸਾਨੂੰ ਮਾਣ ਮਹਿਸੂਸ ਕਰਵਾਉਣ ਲਈ ਸਖ਼ਤ ਮਿਹਨਤ ਕਰਦੇ ਹਨ।''
ਨੀਰਜ ਨੇ ਕਿਹਾ, ''ਇੱਕ ਰਾਸ਼ਟਰ ਦੇ ਤੌਰ 'ਤੇ ਹਰੇਕ ਵਿਅਕਤੀ ਦੇ ਈਮਾਨ ਅਤੇ ਮਾਣ ਦੀ ਰੱਖਿਆ ਕਰਨਾ ਸਾਡਾ ਧਰਮ ਹੈ।''
''ਜੋ ਵੀ ਹੋ ਰਿਹਾ ਹੈ ਉਹ ਕਦੇ ਨਹੀਂ ਹੋਣਾ ਚਾਹੀਦਾ ਸੀ। ਇਹ ਇੱਕ ਸੰਵੇਦਨਸ਼ੀਲ ਮੁੱਦਾ ਹੈ ਅਤੇ ਇਸ ਨੂੰ ਬੜੇ ਹੀ ਨਿਰਪੱਖ ਤੇ ਸਪੱਸ਼ਟ ਢੰਗ ਨਾਲ ਸੁਲਝਾਇਆ ਜਾਣਾ ਚਾਹੀਦਾ ਹੈ।''
ਨੀਰਜ ਚੋਪੜਾ ਨੇ ਸਬੰਧਿਤ ਅਧਿਕਾਰੀਆਂ ਨੂੰ ਬੇਨਤੀ ਵੀ ਕੀਤੀ ਕਿ ਉਹ ਇਨਸਾਫ਼ ਦੇਣ ਲਈ ਜਲਦੀ ਤੋਂ ਜਲਦੀ ਕਾਰਵਾਈ ਕਰਨ।
ਸਾਬਕਾ ਕ੍ਰਿਕਟਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਵੀ ਦਿੱਲੀ ਵਿਖੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਭਲਵਾਨਾਂ ਦੇ ਸਮਰਥਨ ਵਿੱਚ ਉਤਰ ਆਏ ਹਨ।
ਉਨ੍ਹਾਂ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਚ ਭਲਵਾਨਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ - ''ਕੀ ਉਨ੍ਹਾਂ ਨੂੰ ਕਦੇ ਇਨਸਾਫ਼ ਮਿਲੇਗਾ?''
ਓਲੰਪੀਅਨ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਵੀ ਚਿੰਤਾ ਪ੍ਰਗਟਾਈ ਹੈ।
ਇੱਕ ਟਵੀਟ ਵਿੱਚ ਉਨ੍ਹਾਂ ਲਿਖਿਆ, ''ਐਥਲੀਟ ਹੋਣ ਦੇ ਨਾਤੇ, ਅਸੀਂ ਅੰਤਰਰਾਸ਼ਟਰੀ ਮੰਚ 'ਤੇ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਲਈ ਹਰ ਰੋਜ਼ ਸਖ਼ਤ ਅਭਿਆਸ ਕਰਦੇ ਹਾਂ। ਇਹ ਬਹੁਤ ਚਿੰਤਾਜਨਕ ਹੈ ਕਿ ਭਾਰਤੀ ਕੁਸ਼ਤੀ ਪ੍ਰਸ਼ਾਸਨ 'ਤੇ ਸ਼ੋਸ਼ਣ ਕਰਨ ਦੇ ਇਲਜ਼ਾਮਾਂ ਨੂੰ ਲੈ ਕੇ ਸਾਡੇ ਅਥਲੀਟਾਂ ਨੂੰ ਸੜਕਾਂ 'ਤੇ ਵਿਰੋਧ ਪ੍ਰਦਰਸ਼ਨ ਕਰਨ ਦੀ ਲੋੜ ਪਈ।''
''ਜੋ ਵੀ ਪ੍ਰਭਾਵਿਤ ਹੋਏ ਹਨ, ਉਨ੍ਹਾਂ ਨਾਲ ਮੇਰੀ ਹਮਦਰਦੀ ਹੈ। ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਮੁੱਦੇ ਨੂੰ ਸਹੀ ਢੰਗ ਨਾਲ ਨਜਿੱਠਿਆ ਜਾਵੇ, ਅਥਲੀਟਾਂ ਨੂੰ ਸੁਣਿਆ ਜਾਵੇ ਅਤੇ ਨਿਰਪੱਖ ਤੇ ਸੁਤੰਤਰ ਤੌਰ 'ਤੇ ਹੱਲ ਕੀਤਾ ਜਾਵੇ।''
ਉਨ੍ਹਾਂ ਕਿਹਾ, ''ਇਹ ਘਟਨਾ ਦਰਸਾਉਂਦੀ ਹੈ ਕਿ ਸਾਨੂੰ ਬਿਹਤਰ ਸੁਰੱਖਿਆ ਪ੍ਰਣਾਲੀ ਦੀ ਬਹੁਤ ਲੋੜ ਹੈ, ਤਾਂ ਜੋ ਸ਼ੋਸ਼ਣ ਨੂੰ ਰੋਕਿਆ ਜਾ ਸਕੇ ਅਤੇ ਪ੍ਰਭਾਵਿਤ (ਐਥਲੀਟਾਂ) ਲਈ ਨਿਆਂ ਯਕੀਨੀ ਬਣਾਇਆ ਜਾ ਸਕੇ।''
''ਸਾਨੂੰ ਸਾਰੇ ਐਥਲੀਟਾਂ ਲਈ ਇੱਕ ਸੁਰੱਖਿਅਤ ਮਾਹੌਲ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ।''
ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਖਿਡਾਰਨਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਸੋਮਵਾਰ ਨੂੰ ਧਰਨੇ ਵਿੱਚ ਸ਼ਾਮਲ ਹੋਣ ਦੀ ਗੱਲ ਕਹੀ ਹੈ।
ਉਨ੍ਹਾਂ ਨੇ ਟਵੀਟ ਵਿੱਚ ਲਿਖਿਆ, ''ਜਿਹੜਾ ਵੀ ਮੁਲਕ ਆਪਣੀਆਂ ਵੂਮੈਨ ਆਈਕਨਜ਼ ਨੂੰ ਬੇਇੱਜ਼ਤ ਕਰਦਾ ਹੈ, ਉਹ ਆਪਣੇ ਮਾਣ ਨੂੰ ਠੇਸ ਪਹੁੰਚਾਉਂਦਾ ਹੈ।''
''ਇਨ੍ਹਾਂ ਕੁੜੀਆਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਕਾਨੂੰਨ ਨੂੰ ਅਜਿਹੀ ਮਿਸਾਲ ਪੇਸ਼ ਕਰਨੀ ਚਾਹੀਦੀ ਹੈ ਕਿ ਔਰਤਾਂ ਨੂੰ ਬੇਇੱਜ਼ਤ ਕਰਨ ਵਾਲਾ ਪਹਿਲਾਂ ਹੀ ਕੰਬ ਉੱਠੇ। ਇੱਕ ਚੰਗਾ ਉਦਾਹਰਨ ਸਭ ਤੋਂ ਚੰਗਾ ਉਪਦੇਸ਼ ਹੈ, ਜੋ ਤੁਸੀਂ ਦੇ ਸਕਦੇ ਹੋ।''
ਇਸ ਤੋਂ ਇਲਾਵਾ ਬਾਕਸਰ ਨਿਖਤ ਜ਼ਰੀਨ, ਹਾਕੀ ਦੀ ਸਾਬਤਾ ਕੈਪਟਨ ਰਾਣੀ ਰਾਮਪਾਲ ਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਵੀ ਖਿਡਾਰੀਆਂ ਦਾ ਸਮਰੱਥਨ ਕੀਤਾ।