ਅਮਰੀਕਾ ਦਾ ਓਹ ਤਾਕਤਵਰ ਬੰਬ ਜੋ ਕਰ ਸਕਦਾ ਹੈ ਈਰਾਨ ਦੇ ਪਰਮਾਣੂ ਬੰਕਰਾਂ ਨੂੰ ਤਬਾਹ

    • ਲੇਖਕ, ਲੁਈਸ ਬਾਰੂਚੋ
    • ਰੋਲ, ਬੀਬੀਸੀ ਵਰਲਡ ਸਰਵਿਸ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਈਰਾਨ ਦੇ ਭੂਮੀਗਤ ਪ੍ਰਮਾਣੂ ਸਥਾਨਾਂ ਨੂੰ ਨਸ਼ਟ ਕਰਨ ਵਾਲੇ ਹਥਿਆਰਾਂ ਵਿੱਚੋਂ ਇੱਕ ਦੀ ਅਜੇ ਤੱਕ ਵਰਤੋਂ ਨਹੀਂ ਕੀਤੀ ਗਈ ਹੈ।

ਇਹ ਜੀਬੀਯੁ-57 ਏ/ਬੀ ਮੈਸਿਵ ਆਰਡਨੈਂਸ ਪੈਨੇਟਰੇਟਰ (ਐੱਮਓਪੀ) ਹੈ। ਇਹ ਦੁਨੀਆਂ ਦਾ ਸਭ ਤੋਂ ਵੱਡਾ ਗੈਰ-ਪ੍ਰਮਾਣੂ "ਬੰਕਰ ਬਸਟਰ" ਬੰਬ ਹੈ।

ਇਹ ਸਿਰਫ਼ ਸੰਯੁਕਤ ਰਾਜ ਅਮਰੀਕਾ ਕੋਲ ਉਪਲਬੱਧ ਹੈ ਅਤੇ ਹੁਣ ਤੱਕ ਇਹ ਇਜ਼ਰਾਈਲ ਦੀ ਪਹੁੰਚ ਤੋਂ ਬਾਹਰ ਹੈ।

ਇਹ ਬੰਬ ਬਹੁਤ ਸਟੀਕ ਹੈ। ਇਸਦਾ ਭਾਰ 30,000 ਪੌਂਡ (13,600 ਕਿਲੋਗ੍ਰਾਮ) ਹੈ। ਇਹ ਸੰਭਾਵਤ ਤੌਰ 'ਤੇ ਈਰਾਨ ਦੇ ਭੂਮੀਗਤ ਫੋਰਡੋ ਪ੍ਰਮਾਣੂ ਕੰਪਲੈਕਸ ਨੂੰ ਤੋੜ ਸਕਦਾ ਹੈ। ਉਹ ਕੰਪਲੈਕਸ ਜੋ ਪਹਾੜ ਦੇ ਅੰਦਰ ਡੂੰਘਾ ਬਣਿਆ ਹੋਇਆ ਹੈ।

ਹੁਣ ਤੱਕ, ਅਮਰੀਕਾ ਨੇ ਇਜ਼ਰਾਈਲ ਨੂੰ ਐੱਮਓਪੀ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ।

ਪਰ ਇਹ ਹਥਿਆਰ ਅਸਲ ਵਿੱਚ ਕੀ ਹੈ? ਇਸਦੀ ਵਰਤੋਂ ਲਈ ਕਿਹੜੀਆਂ ਚੁਣੌਤੀਆਂ ਹਨ? ਕੀ ਇਸਨੂੰ ਅਸਲ ਵਿੱਚ ਵਰਤਿਆ ਜਾ ਸਕਦਾ ਹੈ?

ਅਮਰੀਕੀ ਸਰਕਾਰ ਦਾ ਕਹਿਣਾ ਹੈ ਕਿ ਜੀਬੀਯੁ-57 ਏ/ਬੀ ਇੱਕ ਵੱਡਾ ਬੰਬ ਹੈ। ਇਹ ਬੰਕਰਾਂ ਅਤੇ ਸੁਰੰਗਾਂ ਨੂੰ ਤਬਾਹ ਕਰਨ ਲਈ ਬਣਾਇਆ ਗਿਆ ਹੈ ਜੋ ਡੂੰਘਾਈ ਵਿੱਚ ਹਨ ਅਤੇ ਬਹੁਤ ਮਜ਼ਬੂਤ ​​ਹਨ।

ਬੰਬ ਛੇ ਮੀਟਰ ਲੰਬਾ ਹੈ। ਇਹ ਫਟਣ ਤੋਂ ਪਹਿਲਾਂ 200 ਫੁੱਟ (61 ਮੀਟਰ) ਜ਼ਮੀਨ ਹੇਠ ਜਾ ਸਕਦਾ ਹੈ। ਇਹਨਾਂ ਵਿੱਚੋਂ ਕਈ ਬੰਬ ਇੱਕ ਤੋਂ ਬਾਅਦ ਇੱਕ ਸੁੱਟੇ ਜਾ ਸਕਦੇ ਹਨ। ਹਰ ਇੱਕ ਡੂੰਘਾ ਟੋਆ ਬਣਾਉਂਦਾ ਹੈ, ਜਿਵੇਂ ਕਿ ਜ਼ਮੀਨ ਵਿੱਚ ਡ੍ਰਿਲ ਕੀਤਾ ਗਿਆ ਹੋਵੇ।

ਬੋਇੰਗ ਕੰਪਨੀ ਐੱਮਓਪੀ ਦਾ ਨਿਰਮਾਣ ਕਰਦੀ ਹੈ।

ਹਾਲਾਂਕਿ, ਇਸ ਦੀ ਵਰਤੋਂ ਕਦੇ ਵੀ ਜੰਗ ਵਿੱਚ ਨਹੀਂ ਕੀਤੀ ਗਈ ਪਰ ਇਸ ਦਾ ਟੈਸਟ ਵ੍ਹਾਈਟ ਸੈਂਡਸ ਮਿਜ਼ਾਇਲ ਰੇਂਜ 'ਤੇ ਕੀਤਾ ਗਿਆ ਹੈ। ਇਹ ਨਿਊ ਮੈਕਸੀਕੋ ਵਿੱਚ ਇੱਕ ਅਮਰੀਕੀ ਫੌਜੀ ਟੈਸਟਿੰਗ ਸਾਈਟ ਹੈ।

ਐੱਮਓਪੀ , ਮੈਸਿਵ ਆਰਡਨੈਂਸ ਏਅਰ ਬਲਾਸਟ (ਐੱਮਓਏਬੀ) ਬੰਬ ਨਾਲੋਂ ਮਜ਼ਬੂਤ ​​ਹੈ। ਐੱਮਓਏਬੀ ਦਾ ਭਾਰ 21,600 ਪੌਂਡ (9,800 ਕਿਲੋਗ੍ਰਾਮ) ਹੈ ਅਤੇ ਇਸਨੂੰ "ਸਾਰੇ ਬੰਬਾਂ ਦੀ ਮਾਂ" ਵਜੋਂ ਜਾਣਿਆ ਜਾਂਦਾ ਹੈ। ਅਮਰੀਕਾ ਨੇ 2017 ਵਿੱਚ ਅਫਗਾਨਿਸਤਾਨ ਵਿੱਚ ਇਸ ਦੀ ਵਰਤੋਂ ਕੀਤੀ ਸੀ।

ਯੂਕੇ ਦੇ ਬ੍ਰੈਡਫੋਰਡ ਯੂਨੀਵਰਸਿਟੀ ਵਿੱਚ ਪੀਸ ਸਟੱਡੀਈਜ਼ ਦੇ ਪ੍ਰੋਫੈਸਰ ਪਾਲ ਰੋਜਰਸ ਇਨ੍ਹਾਂ ਦੋਵਾਂ ਦੇ ਅੰਤਰ ਨੂੰ ਸਮਝਾਉਂਦੇ ਹਨ।

ਉਨ੍ਹਾਂ ਨੇ ਕਿਹਾ ਕਿ "ਅਮਰੀਕੀ ਹਵਾਈ ਫੌਜ ਨੇ ਐੱਮਓਏਬੀਦੇ ਆਕਾਰ ਦੇ ਹਥਿਆਰ ਤਿਆਰ ਕਰਨ ਲਈ ਕਾਫ਼ੀ ਮਿਹਨਤ ਕੀਤੀ। ਇੱਕ ਧਾਤ ਦੇ ਬਹੁਤ ਸਖ਼ਤ ਢਾਂਚੇ ਵਿੱਚ ਧਮਾਕਾਖੇਜ਼ ਚਾਰਜ ਲਗਾਇਆ ਗਿਆ ਅਤੇ ਨਤੀਜੇ ਵਜੋਂ ਜੋ ਬਣਿਆ ਉਸ ਨੂੰ ਜੀਬੀਯੁ-57 ਏ/ਬੀ ਯਾਨੀ ਮੈਸਿਵ ਆਰਡਨੈਂਸ ਪੈਨੇਟ੍ਰੇਟਰ (ਐੱਮਓਪੀ ) ਦਾ ਨਾਮ ਦਿੱਤਾ ਗਿਆ।

ਫ਼ਿਲਹਾਲ ਸਿਰਫ਼ ਇੱਕ ਹੀ ਜਹਾਜ਼ ਐੱਮਓਪੀ ਨੂੰ ਲੈ ਜਾ ਸਕਦਾ ਹੈ ਜਿਸ ਦਾ ਨਾਂ ਹੈ ਯੂਐੱਸ ਬੀ-2 ਸਪਿਰਿਟ। ਇਸ ਨੂੰ ਸਟੀਲਥ ਬੰਬਰ ਵੀ ਕਿਹਾ ਜਾਂਦਾ ਹੈ। ਨੌਰਥਰੋਪ ਗ੍ਰੁਮੈਨ ਇਸ ਜਹਾਜ਼ ਨੂੰ ਬਣਾਉਂਦਾ ਹੈ। ਇਹ ਅਮਰੀਕੀ ਹਵਾਈ ਫੌਜ ਕੋਲ ਮੌਜੂਦ ਸਭ ਤੋਂ ਉੱਨਤ ਜਹਾਜ਼ਾਂ ਵਿੱਚੋਂ ਇੱਕ ਹੈ।

ਬੀ-2 40,000 ਪੌਂਡ (18,000 ਕਿਲੋਗ੍ਰਾਮ) ਤੱਕ ਦਾ ਭਾਰ ਚੁੱਕ ਸਕਦਾ ਹੈ। ਪਰ ਅਮਰੀਕੀ ਹਵਾਈ ਫੌਜ ਨੇ ਇਸ ਦਾ ਟੈਸਟ ਦੋ ਐਮਓਪੀ ਬੰਬਾਂ ਨਾਲ ਕੀਤਾ ਹੈ ਜਿਸ ਦਾ ਕੁੱਲ ਭਾਰ ਲਗਭਗ 60,000 ਪੌਂਡ (27,200 ਕਿਲੋਗ੍ਰਾਮ) ਸੀ।

ਇਹ ਬੋਮਬਰ ਪਲੇਨ ਬਿਨਾਂ ਈਂਧਨ ਭਰੇ ਲਗਭਗ 7,000 ਮੀਲ (11,000 ਕਿਲੋਮੀਟਰ) ਉੱਡ ਸਕਦਾ ਹੈ। ਹਵਾ ਵਿੱਚ ਇੱਕ ਰਿਫਿਊਲਿੰਗ ਨਾਲ, ਇਹ 11,500 ਮੀਲ (18,500 ਕਿਲੋਮੀਟਰ) ਤੱਕ ਉੱਡ ਸਕਦਾ ਹੈ। ਨੌਰਥਰੋਪ ਗ੍ਰੁਮੈਨ ਦੇ ਅਨੁਸਾਰ, ਇਸਦਾ ਮਤਲਬ ਹੈ ਕਿ ਇਹ ਕੁਝ ਘੰਟਿਆਂ ਵਿੱਚ ਹੀ ਦੁਨੀਆਂ ਦੇ ਲਗਭਗ ਕਿਸੇ ਵੀ ਸਥਾਨ 'ਤੇ ਪਹੁੰਚ ਸਕਦਾ ਹੈ।

ਪ੍ਰੋਫੈਸਰ ਰੋਜਰਸ ਕਹਿੰਦੇ ਹਨ ਕਿ ਜੇਕਰ ਅਮਰੀਕਾ ਨੇ ਕਦੇ ਵੀ ਈਰਾਨ ਵਰਗੇ ਦੇਸ਼ ਦੇ ਵਿਰੁੱਧ ਐਮਓਪੀ ਦੀ ਵਰਤੋਂ ਕੀਤੀ, ਜਿਸ ਕੋਲ ਮਜ਼ਬੂਤ ​​ਹਵਾਈ ਰੱਖਿਆ ਹੈ, ਤਾਂ ਬੀ-2 ਇਕੱਲਾ ਨਹੀਂ ਜਾਵੇਗਾ। ਹੋਰ ਜਹਾਜ਼ ਮਿਸ਼ਨ ਵਿੱਚ ਸ਼ਾਮਲ ਹੋਣਗੇ। ਉਦਾਹਰਣ ਵਜੋਂ, ਐਫ-22 ਸਟੀਲਥ ਲੜਾਕੂ ਜਹਾਜ਼ ਪਹਿਲਾਂ ਈਰਾਨ ਦੇ ਬਚਾਅ ਪੱਖ 'ਤੇ ਹਮਲਾ ਕਰ ਸਕਦੇ ਹਨ।

ਫਿਰ, ਡਰੋਨਾਂ ਦੀ ਵਰਤੋਂ ਇਹ ਜਾਂਚ ਕਰਨ ਲਈ ਕੀਤੀ ਜਾ ਸਕਦੀ ਹੈ ਕਿ ਕਿੰਨਾ ਨੁਕਸਾਨ ਹੋਇਆ ਹੈ ਅਤੇ ਕੀ ਹੋਰ ਬੰਬਾਂ ਦੀ ਲੋੜ ਹੈ ਜਾਂ ਨਹੀਂ।

ਪ੍ਰੋਫੈਸਰ ਇਹ ਵੀ ਦੱਸਦੇ ਹਨ ਕਿ ਅਮਰੀਕਾ ਕੋਲ ਬਹੁਤੇ ਐੱਮਓਪੀ ਬੰਬ ਨਹੀਂ ਹਨ। ਉਨ੍ਹਾਂ ਦਾ ਅੰਦਾਜ਼ਾ ਹੈ ਕਿ ਕੁੱਲ ਮਿਲਾ ਕੇ ਸ਼ਾਇਦ ਅਮਰੀਕਾ ਕੋਲ ਅਜਿਹੇ 10 ਤੋਂ 20 ਹੀ ਬੰਬ ਹੋਣਗੇ।

ਕੀ ਐੱਮਓਪੀ ਬੰਬ ਈਰਾਨ ਵਿਰੁੱਧ ਵਰਤਿਆ ਜਾਵੇਗਾ

ਫੋਰਡੋ ਈਰਾਨ ਦਾ ਦੂਜਾ ਪ੍ਰਮਾਣੂ ਭੰਡਾਰਨ ਸਥਾਨ ਹੈ। ਪਹਿਲਾ ਅਤੇ ਮੁੱਖ ਸਥਾਨ ਨਤਾਨਜ਼ ਹੈ।

ਫੋਰਡੋ ਇੱਕ ਪਹਾੜ ਦੇ ਕਿਨਾਰੇ ਬਣਾਇਆ ਗਿਆ ਹੈ। ਇਹ ਕੌਮ ਸ਼ਹਿਰ ਦੇ ਨੇੜੇ ਹੈ, ਜੋ ਕਿ ਤਹਿਰਾਨ ਤੋਂ ਲਗਭਗ 60 ਮੀਲ (95 ਕਿਲੋਮੀਟਰ) ਦੱਖਣ-ਪੱਛਮ ਵਿੱਚ ਹੈ। ਇਸ ਦੀ ਉਸਾਰੀ ਸੰਭਾਵਤ ਤੌਰ 'ਤੇ 2006 ਦੇ ਆਲੇ-ਦੁਆਲੇ ਸ਼ੁਰੂ ਹੋਈ ਸੀ। ਇਹ ਸਹੂਲਤ 2009 'ਚ ਪੂਰੀ ਤਰ੍ਹਾਂ ਸ਼ੁਰੂ ਹੋਈ ਸੀ। ਉਸੇ ਸਾਲ, ਈਰਾਨ ਨੇ ਜਨਤਕ ਤੌਰ 'ਤੇ ਇਸ ਦੀ ਹੋਂਦ ਨੂੰ ਸਵੀਕਾਰ ਕੀਤਾ ਸੀ।

ਫੋਰਡੋ ਚੱਟਾਨ ਅਤੇ ਮਿੱਟੀ ਦੇ ਲਗਭਗ 80 ਮੀਟਰ (260 ਫੁੱਟ) ਹੇਠਾਂ ਦੱਬਿਆ ਹੋਇਆ ਹੈ। ਇਹ ਕਥਿਤ ਤੌਰ 'ਤੇ ਈਰਾਨ ਅਤੇ ਰੂਸ ਦੀਆਂ ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਇਲ ਪ੍ਰਣਾਲੀਆਂ ਨਾਲ ਸੁਰੱਖਿਅਤ ਹੈ।

ਮਾਰਚ 2023 ਵਿੱਚ, ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (ਆਈਏਈਏ) ਨੇ ਫੋਰਡੋ ਵਿਖੇ 83.7% ਤੱਕ ਸ਼ੁੱਧ ਯੂਰੇਨੀਅਮ ਦੀ ਹੋਂਦ ਬਾਰੇ ਪਤਾ ਲਗਾਇਆ।

ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਈਰਾਨ 'ਤੇ ਹਮਲਾ ਕਰਨ ਦਾ ਟੀਚਾ ਇਸ ਦੇ ਮਿਜ਼ਾਇਲ ਅਤੇ ਪ੍ਰਮਾਣੂ ਪ੍ਰੋਗਰਾਮਾਂ ਨੂੰ ਨਸ਼ਟ ਕਰਨਾ ਹੈ।

ਉਨ੍ਹਾਂ ਨੇ ਇਸ ਮਿਜ਼ਾਇਲ ਅਤੇ ਪ੍ਰਮਾਣੂ ਪ੍ਰੋਗਰਾਮਾਂ ਨੂੰ "ਇਜ਼ਰਾਈਲ ਦੀ ਹੋਂਦ 'ਤੇ ਖ਼ਤਰੇ" ਵਜੋਂ ਬਿਆਨ ਕੀਤਾ ਹੈ।

ਅਧਿਕਾਰੀਆਂ ਨੇ ਕਿਹਾ ਹੈ ਕਿ ਫੋਰਡੋ ਨੂੰ ਵੀ ਨਸ਼ਟ ਕੀਤਾ ਜਾਣਾ ਚਾਹੀਦਾ ਹੈ।

ਅਮਰੀਕਾ ਵਿੱਚ ਇਜ਼ਰਾਈਲ ਦੇ ਰਾਜਦੂਤ ਯੇਚੀਲ ਲੀਟਰ ਨੇ ਫੌਕਸ ਨਿਊਜ਼ ਨੂੰ ਕਿਹਾ ਕਿ "ਇਹ ਪੂਰਾ ਆਪ੍ਰੇਸ਼ਨ... ਅਸਲ ਵਿੱਚ ਫੋਰਡੋ ਦੇ ਖ਼ਾਤਮੇ ਨਾਲ ਪੂਰਾ ਹੋਣਾ ਚਾਹੀਦਾ ਹੈ।"

ਪਰ ਇਜ਼ਰਾਈਲ ਆਪਣੇ ਆਪ ਐੱਮਓਪੀ ਬੰਬ ਦੀ ਵਰਤੋਂ ਨਹੀਂ ਕਰ ਸਕਦਾ। ਅਜਿਹਾ ਕਰਨ ਲਈ ਅਮਰੀਕਾ ਨੂੰ ਸਿੱਧੇ ਤੌਰ 'ਤੇ ਸ਼ਾਮਲ ਹੋਣਾ ਪਵੇਗਾ।

ਪ੍ਰੋਫੈਸਰ ਰੋਜਰਸ ਕਹਿੰਦੇ ਹਨ "ਅਮਰੀਕਾ ਇਜ਼ਰਾਈਲ ਨੂੰ ਇਹ ਇਕੱਲੇ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ ਅਤੇ ਇਜ਼ਰਾਈਲ ਕੋਲ ਆਜ਼ਾਦ ਤੌਰ 'ਤੇ ਇੰਨੇ ਵੱਡੇ ਬੰਬ ਨਹੀਂ ਹਨ।"

ਕੀ ਅਮਰੀਕਾ ਐੱਮਓਪੀ ਦੀ ਵਰਤੋਂ ਕਰੇਗਾ

ਕੀ ਅਮਰੀਕਾ ਐੱਮਓਪੀ ਦੀ ਵਰਤੋਂ ਕਰੇਗਾ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਹ ਇਸ ਸੰਘਰਸ਼ ਨੂੰ ਕਿੰਨਾ ਲੰਬਾ ਖਿੱਚਣ ਲਈ ਤਿਆਰ ਹਨ, ਖ਼ਾਸ ਕਰਕੇ ਰਾਸ਼ਟਰਪਤੀ ਡੌਨਲਡ ਟਰੰਪ ਦੀ ਪ੍ਰਧਾਨਗੀ ਹੇਠ।

ਪ੍ਰੋਫੈਸਰ ਰੋਜਰਸ ਅੱਗੇ ਕਹਿੰਦੇ ਹਨ, "ਇਹ ਅਸਲ ਵਿੱਚ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕੀ ਟਰੰਪ ਇਜ਼ਰਾਈਲੀਆਂ ਦੀ ਮਦਦ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।"

ਕੈਨੇਡਾ ਵਿੱਚ ਜੀ-7 ਮੀਟਿੰਗ ਦੌਰਾਨ ਟਰੰਪ ਤੋਂ ਪੁੱਛਿਆ ਗਿਆ ਸੀ ਕਿ ਅਮਰੀਕਾ ਨੂੰ ਯੁੱਧ ਵਿੱਚ ਸ਼ਾਮਲ ਹੋਣ ਲਈ ਕੀ ਕਰਨਾ ਪਵੇਗਾ। ਉਨ੍ਹਾਂ ਇਸ ਦੇ ਜਵਾਬ 'ਚ ਕਿਹਾ, "ਮੈਂ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ।"

ਏਬੀਸੀ ਨਿਊਜ਼ ਨਾਲ ਇੱਕ ਹਾਲੀਆ ਇੰਟਰਵਿਊ ਵਿੱਚ, ਰਾਜਦੂਤ ਲੀਟਰ ਤੋਂ ਪੁੱਛਿਆ ਗਿਆ ਸੀ ਕਿ ਕੀ ਅਮਰੀਕਾ ਫੋਰਡੋ 'ਤੇ ਹਮਲਾ ਕਰਨ ਵਿੱਚ ਮਦਦ ਕਰ ਸਕਦਾ ਹੈ।

ਉਨ੍ਹਾਂ ਨੇ ਜਵਾਬ ਦਿੱਤਾ ਕਿ ਇਜ਼ਰਾਈਲ ਨੇ ਅਮਰੀਕਾ ਤੋਂ ਸਿਰਫ਼ ਰੱਖਿਆ ਸਹਾਇਤਾ ਮੰਗੀ ਹੈ।

ਲੀਟਰ ਨੇ ਕਿਹਾ "ਸਾਡੇ ਕੋਲ ਕਈ ਤਰ੍ਹਾਂ ਦੀਆਂ ਸਹੂਲਤਾਂ ਉਪਲੱਭਧ ਹਨ ਜੋ ਸਾਨੂੰ ਫੋਰਡੋ ਨਾਲ ਨਜਿੱਠਣ ਦੇ ਯੋਗ ਬਣਾਉਂਦੀਆਂ ਹਨ।"

"ਸਭ ਕੁਝ ਸਿਰਫ਼ ਅਸਮਾਨ ਤੋਂ ਜਾਂ ਦੂਰੋਂ ਬੰਬਾਰੀ ਕਰਨ ਤੱਕ ਸੀਮਿਤ ਨਹੀਂ ਹੁੰਦਾ।"

ਈਰਾਨ ਨੇ ਹਮੇਸ਼ਾ ਕਿਹਾ ਹੈ ਕਿ ਉਨ੍ਹਾਂ ਦਾ ਪ੍ਰਮਾਣੂ ਪ੍ਰੋਗਰਾਮ ਸ਼ਾਂਤੀਪੂਰਨ ਹੈ। ਨਾਲ ਹੀ ਈਰਾਨ ਨੇ ਹਮੇਸ਼ਾ ਕਿਹਾ ਹੈ ਕਿ ਉਨ੍ਹਾਂ ਨੇ ਕਦੇ ਵੀ ਪ੍ਰਮਾਣੂ ਹਥਿਆਰ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ।

ਪਰ ਪਿਛਲੇ ਹਫ਼ਤੇ, ਆਈਏਈਏ ਦੇ 35-ਰਾਸ਼ਟਰ ਬੋਰਡ ਨੇ ਅਧਿਕਾਰਤ ਤੌਰ 'ਤੇ ਕਿਹਾ ਕਿ ਈਰਾਨ ਨੇ ਆਪਣੀਆਂ ਗੈਰ-ਪ੍ਰਸਾਰ ਵਚਨਬੱਧਤਾਵਾਂ ਨੂੰ ਤੋੜਿਆ ਹੈ। 20 ਸਾਲਾਂ ਵਿੱਚ ਪਹਿਲੀ ਵਾਰ ਸੀ ਜਦੋਂ ਅਜਿਹਾ ਕੋਈ ਅਜਿਹਾ ਐਲਾਨ ਕੀਤਾ ਗਿਆ ਸੀ।

'ਗੇਮ-ਚੇਂਜਰ'

ਈਰਾਨ ਦੇ ਪ੍ਰਮਾਣੂ ਸਥਾਨਾਂ 'ਤੇ ਹਾਲ ਹੀ ਵਿੱਚ ਹੋਏ ਇਜ਼ਰਾਈਲੀ ਹਵਾਈ ਹਮਲਿਆਂ ਤੋਂ ਬਾਅਦ ਵੀ ਪ੍ਰੋਫੈਸਰ ਰੋਜਰਸ ਦਾ ਮੰਨਣਾ ਹੈ ਕਿ ਇਹ ਬਹੁਤ ਘੱਟ ਸੰਭਾਵਨਾ ਹੈ ਕਿ ਇਜ਼ਰਾਈਲ ਨੇ ਡੂੰਘਾਈ ਨਾਲ ਦੱਬੇ ਹੋਏ ਪ੍ਰਮਾਣੂ ਸਥਾਨਾਂ ਨੂੰ ਨੁਕਸਾਨ ਪਹੁੰਚਾਇਆ ਹੋਵੇ।

ਉਹ ਕਹਿੰਦੇ ਹਨ, " ਇਸ ਨੂੰ ਅੰਜਾਮ ਦੇਣ ਲਈ ਇਜ਼ਰਾਈਲ ਨੂੰ ਐੱਮਓਪੀ ਬੰਬ ਵਰਗੀ ਕਿਸੇ ਚੀਜ਼ ਦੀ ਜ਼ਰੂਰਤ ਪਵੇਗੀ ਜੋ ਉਹ ਆਪਣੇ ਆਪ ਨਹੀਂ ਕਰ ਸਕਦੇ।"

ਕੈਲਸੀ ਡੇਵਨਪੋਰਟ, ਜੋ ਅਮਰੀਕਾ-ਅਧਾਰਤ ਆਰਮਜ਼ ਕੰਟਰੋਲ ਐਸੋਸੀਏਸ਼ਨ ਵਿੱਚ ਗੈਰ-ਪ੍ਰਸਾਰ ਦੇ ਡਾਇਰੈਕਟਰ ਹਨ ਦਾ ਕਹਿਣਾ ਹੈ ਕਿ ਜਿੰਨਾ ਚਿਰ ਫੋਰਡੋ ਸਹੂਲਤ ਚਾਲੂ ਰਹੇਗੀ ਉਨ੍ਹੀ ਦੇਰ ਖ਼ਤਰਾ ਨਹੀਂ ਟਲੇਗਾ।

"ਈਰਾਨ ਫੋਰਡੋ ਵਿਖੇ ਹਥਿਆਰਾਂ ਦੇ ਗ੍ਰੇਡ ਲਈ ਯੂਰੇਨੀਅਮ ਸੰਸ਼ੋਧਨ ਨੂੰ ਤੇਜ਼ੀ ਨਾਲ ਵਧਾ ਸਕਦਾ ਹੈ ਜਾਂ ਯੂਰੇਨੀਅਮ ਨੂੰ ਕਿਸੇ ਲੁਕਵੇਂ ਸਥਾਨ 'ਤੇ ਲਿਜਾ ਸਕਦਾ ਹੈ।'

ਪ੍ਰੋਫੈਸਰ ਰੋਜਰਸ ਕਹਿੰਦੇ ਹਨ ਕਿ ਐੱਮਓਪੀ ਬੰਬ ਦੀ ਵਰਤੋਂ ਵੀ ਸਫਲਤਾ ਦੀ ਗਰੰਟੀ ਨਹੀਂ ਦਿੰਦੀ। ਇਹ ਇਸ ਲਈ ਹੈ ਕਿਉਂਕਿ ਈਰਾਨ ਦੀਆਂ ਥਾਵਾਂ ਦੀ ਸਹੀ ਡੂੰਘਾਈ ਅਤੇ ਸੁਰੱਖਿਆ ਦਾ ਪੂਰੀ ਤਰ੍ਹਾਂ ਨਾਲ ਅੰਦਾਜ਼ਾ ਨਹੀਂ ਹੈ।

ਉਹ ਕਹਿੰਦੇ ਹਨ "ਭਾਵੇਂ ਇਸ ਹਥਿਆਰ ਕੋਲ ਕਿਸੇ ਵੀ ਹੋਰ ਬੰਬ ਦੇ ਮੁਕਾਬਲੇ ਈਰਾਨ ਦੇ ਭੂਮੀਗਤ ਪ੍ਰਮਾਣੂ ਸਥਾਨਾਂ ਨੂੰ ਨਸ਼ਟ ਦਾ ਸਭ ਤੋਂ ਵੱਧ ਸਮਰੱਥਾ ਹੈ। ਪਰ ਕੀ ਇਹ ਕੰਮ ਪੱਕਾ ਕਰੇਗਾ? ਇਹ ਕੋਈ ਨਹੀਂ ਜਾਣਦਾ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)