You’re viewing a text-only version of this website that uses less data. View the main version of the website including all images and videos.
ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਨੂ ਭਾਟੀਆ ਨੇ ਕਿਹੜੇ ਵਿਵਾਦ ਮਗਰੋਂ ਅਸਤੀਫ਼ਾ ਦਿੱਤਾ
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
- ਲੇਖਕ, ਕਮਲ ਸੈਣੀ
- ਰੋਲ, ਬੀਬੀਸੀ ਸਹਿਯੋਗੀ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਨੂ ਭਾਟੀਆ ਨੇ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਰੇਨੂ ਭਾਟੀਆ ਨੇ ਉਸ ਵੇਲੇ ਅਸਤੀਫ਼ਾ ਦਿੱਤਾ, ਜਦੋਂ ਉਹ ਕੁਰੂਕਸ਼ੇਤਰ ਦੇ ਲੋਕ ਨਾਇਕ ਜੈ ਪ੍ਰਕਾਸ਼ (ਐੱਲਐੱਨਜੇਪੀ) ਸਿਵਲ ਹਸਪਤਾਲ ਵਿੱਚ ਨਰਸਾਂ ਪ੍ਰਦਰਸ਼ਨ ਕਰ ਰਹੀਆਂ ਸਨ।
ਰੇਨੂ ਭਾਟੀਆ ਉੱਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਨਰਸਾਂ ਪ੍ਰਤੀ ਮਾੜੀ ਸ਼ਬਦਾਵਲੀ ਵਰਤੀ ਹੈ।
ਇਸੇ ਮਾਮਲੇ ਨੂੰ ਲੈ ਕੇ ਸੋਮਵਾਰ ਤੇ ਮੰਗਲਵਾਰ ਨੂੰ ਐੱਲਐੱਨਜੇਪੀ ਹਸਪਤਾਲ ਦੇ ਮਹਿਲਾ ਨਰਸਿੰਗ ਸਟਾਫ਼ ਅਤੇ ਹਰਿਆਣਾ ਨਰਸਿੰਗ ਐਸੋਸੀਏਸ਼ਨ ਵੱਲੋਂ ਦੋ ਘੰਟਿਆਂ ਲਈ 'ਕਲਮ ਛੱਡ' ਹੜਤਾਲ ਕੀਤੀ ਗਈ ਅਤੇ ਰੇਨੂ ਭਾਟੀਆ ਤੋਂ ਮੁਆਫ਼ੀ ਮੰਗਣ ਅਤੇ ਅਸਤੀਫ਼ਾ ਦੇਣ ਦੀ ਮੰਗ ਕੀਤੀ ਗਈ ਸੀ।
ਰੇਨੂ ਭਾਟੀਆ ਨੇ ਆਪਣੇ ਅਸਤੀਫ਼ੇ ਦੀ ਜਾਣਕਾਰੀ ਆਪਣੇ ਫੇਸਬੁੱਕ ਉੱਤੇ ਵੀਡੀਓ ਪਾ ਕੇ ਦਿੱਤੀ ਹੈ। ਬੀਬੀਸੀ ਪੰਜਾਬੀ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਨਰਸਾਂ ਤੋਂ ਮਾਫੀ ਨਹੀਂ ਮੰਗਣਗੇ ਇਸ ਲਈ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ।
ਰੇਨੂ ਭਾਟੀਆ ਕੁਰੂਕਸ਼ੇਤਰ ਦੇ ਲੋਕ ਨਾਇਕ ਜੈ ਪ੍ਰਕਾਸ਼ ਸਿਵਲ ਹਸਪਤਾਲ ਵਿੱਚ ਇੱਕ ਰੇਪ ਕੇਸ ਦੇ ਮਾਮਲੇ ਵਿੱਚ ਪਹੁੰਚੇ ਸਨ। ਇਸੇ ਹਸਪਤਾਲ ਦੇ ਇੱਕ ਡਾਕਟਰ ਉੱਤੇ ਨਾਬਾਲਿਗ ਬੱਚੀ ਨਾਲ ਬਲਾਤਕਾਰ ਕਰਨ ਦਾ ਇਲਜ਼ਾਮ ਲੱਗਿਆ ਹੈ।
ਇਸੇ ਕੇਸ ਨੂੰ ਲੈ ਕੇ ਰੇਨੁੂ ਭਾਟੀਆ ਨੇ ਹਸਪਤਾਲ ਦੇ ਨਰਸਿੰਗ ਸਟਾਫ਼ 'ਤੇ ਡਿਊਟੀ ਵਿੱਚ ਕੁਤਾਹੀ ਕਰਨ ਦੇ ਇਲਜ਼ਾਮ ਲਗਾਇਆ। ਉਸੇ ਦੌਰਾਨ ਰੇਨੂ ਭਾਟੀਆ ਉੱਤੇ ਨਰਸਾਂ ਪ੍ਰਤੀ ਮਾੜੀ ਸ਼ਬਦਾਵਲੀ ਵਰਤਣ ਦਾ ਇਲਜ਼ਾਮ ਲੱਗਿਆ।
ਹਾਲਾਂਕਿ ਰੇਨੂ ਭਾਟੀਆ ਨੇ ਅਸਤੀਫ਼ਾ ਦੇਣ ਤੋਂ ਪਹਿਲਾਂ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਉਨ੍ਹਾਂ ਨੇ ਨਰਸਾਂ ਪ੍ਰਤੀ ਬਿਨਾਂ ਵਜ੍ਹਾ ਕੋਈ ਮਾੜੀ ਸ਼ਬਦਾਵਲੀ ਨਹੀਂ ਵਰਤੀ।
ਰੇਨੂ ਭਾਟੀਆ ਨੇ ਕਿਹਾ, "ਇੱਕ ਬੱਚੀ ਨਾਲ ਹਸਪਤਾਲ ਵਿੱਚ ਬਲਾਤਕਾਰ ਕਰਨ ਦੇ ਇਲਜ਼ਾਮ ਡਾਕਟਰ ਉੱਤੇ ਲੱਗੇ ਹਨ ਅਤੇ ਇਸ ਮਾਮਲੇ ਵਿੱਚ ਜੋ ਵੀ ਜ਼ਿੰਮੇਵਾਰ ਹੋਵੇਗਾ, ਉਸ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।"
"ਮੈਂ ਆਪਣੇ ਵੱਲੋਂ ਵਰਤੇ ਗਏ ਸ਼ਬਦਾਂ ਲਈ ਕਿਸੇ ਤੋਂ ਵੀ ਮੁਆਫ਼ੀ ਨਹੀਂ ਮੰਗਾਂਗੀ। ਮੈਂ ਉਨ੍ਹਾਂ ਤੋਂ ਡਿਊਟੀ ਵਿੱਚ ਕੁਤਾਹੀ ਦਾ ਕਾਰਨ ਪੁੱਛਿਆ ਸੀ ਅਤੇ ਉਨ੍ਹਾਂ ਨੂੰ ਮੁਅੱਤਲ ਕੀਤਾ ਸੀ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਹੋਣ ਦੇ ਨਾਤੇ ਇੱਕ ਬੱਚੀ ਨਾਲ ਹੋਏ ਬਲਾਤਕਾਰ ਦੇ ਕਾਰਨਾਂ ਨੂੰ ਸਮਝਣਾ ਅਤੇ ਗ਼ਲਤ ਨੂੰ ਗ਼ਲਤ ਕਹਿਣਾ ਮੇਰੀ ਜ਼ਿੰਮੇਵਾਰੀ ਹੈ।"
ਹੜਤਾਲ ਖ਼ਤਮ ਕਰਨ ਮਗਰੋਂ ਐੱਲਐੱਨਜੇਪੀ ਹਸਪਤਾਲ ਦੀ ਸੁਪਰਵਾਈਜ਼ਰ ਅਨੀਤਾ ਕਸ਼ਅਪ ਨੇ ਕਿਹਾ, "ਰੇਨੂ ਭਾਟੀਆ ਨੇ ਆਪਣੀ ਹਉਮੈ ਕਾਰਨ ਸਾਡੇ ਪ੍ਰਤੀ ਵਰਤੀ ਗਈ ਅਪਮਾਨਜਨਕ ਸ਼ਬਦਾਵਲੀ ਲਈ ਮੁਆਫ਼ੀ ਨਹੀਂ ਮੰਗੀ, ਪਰ ਅਸਤੀਫ਼ਾ ਦੇ ਦਿੱਤਾ ਹੈ। ਇਸ ਲਈ ਅਸੀਂ ਹੜਤਾਲ ਖ਼ਤਮ ਕਰ ਰਹੇ ਹਾਂ। ਅਸੀਂ ਸਰਕਾਰ ਤੋਂ ਅਪੀਲ ਕਰਦੇ ਹਾਂ ਕਿ ਬਲਾਤਕਾਰ ਪੀੜਤ ਬੱਚੀ ਨੂੰ ਜਲਦੀ ਇਨਸਾਫ਼ ਦਿੱਤਾ ਜਾਵੇ।"
ਹਾਲਾਂਕਿ ਐੱਲਐੱਨਜੇਪੀ ਹਸਪਤਾਲ ਦੇ ਨਰਸਿੰਗ ਸਟਾਫ਼ ਅਤੇ ਰੇਨੂ ਭਾਟੀਆ ਦਰਮਿਆਨ ਪੈਦਾ ਹੋਇਆ ਵਿਵਾਦ ਖ਼ਤਮ ਹੋ ਗਿਆ ਹੈ, ਪਰ ਹਸਪਤਾਲ ਅੰਦਰ ਇੱਕ ਡਾਕਟਰ ਵੱਲੋਂ ਨਾਬਾਲਗ ਬੱਚੀ ਨਾਲ ਕੀਤੇ ਗਏ ਕਥਿਤ ਬਲਾਤਕਾਰ ਦੀ ਘਟਨਾ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਕੀ ਹੈ ਪੂਰਾ ਮਾਮਲਾ?
ਕੁਰੂਕਸ਼ੇਤਰ ਪੁਲਿਸ ਮੁਤਾਬਕ, 29 ਮਈ ਨੂੰ ਐੱਲਐੱਨਜੇਪੀ ਦੇ ਇੱਕ ਡਾਕਟਰ ਉੱਤੇ ਨਾਬਾਲਿਗ ਕੁੜੀ ਦੇ ਨਾਲ ਬਲਾਤਕਾਰ ਕਰਨ ਦਾ ਇਲਜ਼ਾਮ ਲੱਗਿਆ।
ਇਸ ਸਬੰਧੀ ਬੱਚੀ ਦੇ ਪਿਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਨ ਮਗਰੋਂ ਪੁਲਿਸ ਨੇ ਡਾਕਟਰ ਨੂੰ ਗ੍ਰਿਫ਼ਤਾਰ ਕਰ ਲਿਆ।
ਇਸ ਮਾਮਲੇ ਵਿੱਚ ਬੱਚੀ ਨੂੰ ਮਿਲਣ ਲਈ ਰੇਨੂ ਭਾਟੀਆ ਨੇ 7 ਜੂਨ ਨੂੰ ਕੁਰੂਕਸ਼ੇਤਰ ਦੇ ਲੋਕ ਨਾਇਕ ਜੈ ਪ੍ਰਕਾਸ਼ (ਐੱਲਐੱਨਜੇਪੀ) ਸਿਵਲ ਹਸਪਤਾਲ ਦਾ ਦੌਰਾ ਕੀਤਾ।
ਅਸਤੀਫ਼ਾ ਦੇਣ ਤੋਂ ਪਹਿਲਾਂ ਬੀਬੀਸੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ, "ਜਦੋਂ ਮੈਨੂੰ ਪਤਾ ਲੱਗਿਆ ਕਿ ਹਸਪਤਾਲ ਦੇ ਅੰਦਰ ਇੱਕ ਬੱਚੀ ਨਾਲ ਕਥਿਤ ਤੌਰ ਉੱਤੇ ਬਲਾਤਕਾਰ ਹੋਇਆ ਹੈ ਅਤੇ ਉਹ ਵੀ ਇੱਕ ਡਾਕਟਰ ਵੱਲੋਂ, ਤਾਂ ਮੈਂ ਬੱਚੀ ਨੂੰ ਮਿਲਣ ਲਈ ਹਸਪਤਾਲ ਗਈ ਸੀ।"
"ਬੱਚੀ ਨੇ ਮੈਨੂੰ ਜੋ ਕੁਝ ਵੀ ਦੱਸਿਆ, ਉਹ ਸੁਣ ਕੇ ਮੈਂ ਗੁੱਸੇ ਵਿੱਚ ਆ ਗਈ। ਇਸ ਤੋਂ ਬਾਅਦ ਮੈਂ ਉੱਥੇ ਮੌਜੂਦ ਨਰਸਿੰਗ ਸਟਾਫ਼ ਨੂੰ ਪੁੱਛਿਆ ਕਿ ਜਦੋਂ ਇੱਕ ਪੁਰਸ਼ ਡਾਕਟਰ ਇੱਕ ਨਾਬਾਲਗ ਬੱਚੀ ਦੀ ਜਾਂਚ ਕਰ ਰਿਹਾ ਸੀ, ਤਾਂ ਕੋਈ ਮਹਿਲਾ ਨਰਸ ਉੱਥੇ ਮੌਜੂਦ ਕਿਉਂ ਨਹੀਂ ਸੀ।"
"ਜਦੋਂ ਮੈਨੂੰ ਕਿਸੇ ਵੱਲੋਂ ਵੀ ਇਸ ਦਾ ਕੋਈ ਸੰਤੁਸ਼ਟੀਜਨਕ ਕਾਰਨ ਨਹੀਂ ਦੱਸਿਆ ਗਿਆ, ਤਾਂ ਮੈਂ ਤਿੰਨ ਨਰਸਾਂ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ।"
ਉਨ੍ਹਾਂ ਨੇ ਅੱਗੇ ਕਿਹਾ, "ਮੈਨੂੰ ਨਹੀਂ ਲੱਗਦਾ ਕਿ ਮੈਂ ਕੁਝ ਵੀ ਗ਼ਲਤ ਪੁੱਛਿਆ ਹੈ। ਮੇਰੇ ਘਰ ਵੀ ਬੇਟੀ ਹੈ, ਸਭ ਦੀਆਂ ਬੇਟੀਆਂ ਹਨ। ਕੋਈ ਵੀ ਆਪਣੀ ਨਾਬਾਲਗ ਬੱਚੀ ਨੂੰ ਕਿਸੇ ਪੁਰਸ਼ ਡਾਕਟਰ ਕੋਲ ਇਕੱਲਾ ਨਹੀਂ ਛੱਡ ਸਕਦਾ। ਮੇਰੇ ਸਵਾਲਾਂ ਤੋਂ ਤੰਗ ਆ ਕੇ ਇਹ ਨਰਸਿੰਗ ਸਟਾਫ਼ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਹੈ।"
ਰੇਨੂ ਭਾਟੀਆ ਅਤੇ ਮਹਿਲਾ ਨਰਸਿੰਗ ਸਟਾਫ਼ ਵਿਚਾਲੇ ਹੋਈ ਇਸ ਵਿਵਾਦਤ ਗੱਲਬਾਤ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਈਆਂ, ਜਿਨ੍ਹਾਂ ਵਿੱਚ ਰੇਨੂ ਭਾਟੀਆ ਮਹਿਲਾ ਨਰਸਿੰਗ ਕਰਮਚਾਰੀਆਂ ਨਾਲ ਗੁੱਸੇ ਵਿੱਚ ਗੱਲ ਕਰਦੇ ਹੋਏ ਨਜ਼ਰ ਆਏ।
'ਸਾਡੇ ਸਨਮਾਨ ਨੂੰ ਠੇਸ ਪਹੁੰਚੀ'
ਮੰਗਲਵਾਰ ਨੂੰ ਦੋ ਘੰਟਿਆਂ ਲਈ ਹੜਤਾਲ 'ਤੇ ਗਏ ਹਸਪਤਾਲ ਦੇ ਨਰਸਿੰਗ ਸਟਾਫ਼ ਨੇ ਰੇਨੂ ਭਾਟੀਆ ਦੇ ਅਸਤੀਫ਼ੇ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਚਿਤਾਵਨੀ ਵੀ ਦਿੱਤੀ ਸੀ ਕਿ ਉਹ ਰੇਨੂ ਭਾਟੀਆ ਖ਼ਿਲਾਫ਼ ਮਾਣਹਾਨੀ ਦਾ ਕੇਸ ਕਰਨਗੇ ਅਤੇ ਪੂਰੇ ਹਰਿਆਣਾ ਵਿੱਚ ਨਰਸਿੰਗ ਸਟਾਫ਼ ਹੜਤਾਲ ਕਰੇਗਾ।
ਵੀਡੀਓ ਵਿੱਚ ਜਿਸ ਨਰਸ 'ਤੇ ਰੇਨੂ ਭਾਟੀਆ ਗੁੱਸੇ ਹੁੰਦੇ ਨਜ਼ਰ ਆ ਰਹੇ ਹਨ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, "ਬੱਚੀ ਦੀ ਜਾਂਚ ਦੌਰਾਨ ਡਾਕਟਰ ਵੱਲੋਂ ਕਿਸੇ ਵੀ ਮਹਿਲਾ ਨਰਸ ਨੂੰ ਅੰਦਰ ਨਹੀਂ ਬੁਲਾਇਆ ਗਿਆ। ਮੈਂ ਡਿਊਟੀ 'ਤੇ ਸੀ, ਪਰ ਮੇਰੀ ਡਿਊਟੀ ਬਾਹਰ ਹੁੰਦੀ ਹੈ। ਮੇਰੀ ਡਿਊਟੀ ਸੁਪਰਵਿਜ਼ਨ ਦੀ ਹੈ, ਪਰ ਡਾਕਟਰ ਨੇ ਸਾਨੂੰ ਨਹੀਂ ਬੁਲਾਇਆ।"
"ਅਸੀਂ ਉਦੋਂ ਹੀ ਕਿਸੇ ਡਾਕਟਰ ਦੇ ਕਮਰੇ ਵਿੱਚ ਜਾਂਦੇ ਹਾਂ ਜਦੋਂ ਸਾਨੂੰ ਬੁਲਾਇਆ ਜਾਂਦਾ ਹੈ। ਜਦੋਂ ਤੱਕ ਸਾਨੂੰ ਅੰਦਰ ਨਹੀਂ ਬੁਲਾਇਆ ਜਾਂਦਾ, ਅਸੀਂ ਅੰਦਰ ਨਹੀਂ ਜਾਂਦੇ। ਬੱਚੀ ਨਾਲ ਜੋ ਹੋਇਆ ਉਹ ਗਲਤ ਹੈ, ਪਰ ਰੇਨੂ ਭਾਟੀਆ ਨੇ ਸਾਡੇ 'ਤੇ ਇਲਜ਼ਾਮ ਲਗਾਏ ਕਿ ਅਸੀਂ ਡਾਕਟਰ ਨਾਲ ਮਿਲੇ ਹੋਏ ਹਾਂ ਅਤੇ ਸਾਡੀ ਮਿਲੀਭੁਗਤ ਨਾਲ ਬੱਚੀ ਨਾਲ ਗਲਤ ਹੋਇਆ ਹੈ, ਜੋ ਬਿਲਕੁਲ ਗਲਤ ਹੈ।"
ਹਸਪਤਾਲ ਵਿੱਚ ਰੇਨੂ ਭਾਟੀਆ ਵੱਲੋਂ ਕੁੱਲ ਤਿੰਨ ਨਰਸਾਂ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਨੇ ਕਿਹਾ, "ਮੇਰੀ ਡਿਊਟੀ ਇੰਜੈਕਸ਼ਨ ਓਪੀਡੀ ਵਿੱਚ ਹੈ। ਮੇਰਾ ਨਾਮ ਰੇਨੂ ਭਾਟੀਆ ਵੱਲੋਂ ਬੇਵਜ੍ਹਾ ਲਿਆ ਗਿਆ। ਮੇਰੀ ਡਿਊਟੀ ਜਿੱਥੇ ਲਗਾਈ ਗਈ ਸੀ, ਮੈਂ ਉੱਥੇ ਹੀ ਮੌਜੂਦ ਸੀ।"
ਕੁਰੂਕਸ਼ੇਤਰ ਦੀ ਨਰਸਿੰਗ ਅਫ਼ਸਰ ਮੋਨਿਕਾ ਵੀ ਨਰਸਾਂ ਦੀ ਹੜਤਾਲ ਵਿੱਚ ਮੌਜੂਦ ਸਨ। ਉਨ੍ਹਾਂ ਨੇ ਹੜਤਾਲ ਖ਼ਤਮ ਕਰਨ ਮਗਰੋਂ ਕਿਹਾ, "ਅਸੀਂ ਪੀੜਤ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਹੜਤਾਲ ਖ਼ਤਮ ਕਰ ਦਿੱਤੀ ਹੈ। ਰੇਨੂ ਭਾਟੀਆ ਨੂੰ ਪੂਰੀ ਜਾਣਕਾਰੀ ਨਹੀਂ ਸੀ। ਤਿੰਨ ਨਰਸਾਂ ਦੀ ਡਿਊਟੀ ਓਪੀਡੀ ਵਿੱਚ ਨਹੀਂ ਹੁੰਦੀ।"
"ਉੱਥੇ ਸਿਰਫ਼ ਇੱਕ ਨਰਸ ਦੀ ਡਿਊਟੀ ਸੀ, ਜੋ ਇੰਜੈਕਸ਼ਨ ਓਪੀਡੀ ਵਿੱਚ ਮੌਜੂਦ ਸੀ। ਉਨ੍ਹਾਂ ਨੇ ਪੂਰੀ ਜਾਣਕਾਰੀ ਤੋਂ ਬਿਨਾਂ ਨਰਸਾਂ 'ਤੇ ਗ਼ਲਤ ਇਲਜ਼ਾਮ ਲਗਾਏ ਸਨ। ਅਸੀਂ ਇਹ ਲੜਾਈ ਇੱਥੇ ਖ਼ਤਮ ਕਰ ਰਹੇ ਹਾਂ।”
ਕਥਿਤ ਬਲਾਤਕਾਰ ਮਾਮਲੇ ਵਿੱਚ ਡਾਕਟਰ ਗ੍ਰਿਫ਼ਤਾਰ
ਕੁਰੂਕਸ਼ੇਤਰ ਪੁਲਿਸ ਦੇ ਇੰਸਪੈਕਟਰ ਸੁਰਿੰਦਰ ਸਿੱਧੂ ਮੁਤਾਬਕ, ਮੁਲਜ਼ਮ ਡਾਕਟਰ ਖ਼ਿਲਾਫ਼ ਇਸ ਤੋਂ ਪਹਿਲਾਂ 2017 ਵਿੱਚ ਵੀ ਬਲਾਤਕਾਰ ਦਾ ਮਾਮਲਾ ਦਰਜ ਹੋ ਚੁੱਕਾ ਹੈ।
ਕੁਰੂਕਸ਼ੇਤਰ ਪੁਲਿਸ ਥਾਣੇ ਦੇ ਇੰਸਪੈਕਟਰ ਸੁਰਿੰਦਰ ਸਿੱਧੂ ਨੇ ਦੱਸਿਆ, "ਸਾਨੂੰ ਸੂਚਨਾ ਮਿਲੀ ਸੀ ਕਿ 29 ਮਈ 2026 ਨੂੰ ਕੁਰੂਕਸ਼ੇਤਰ ਦੇ ਐੱਲਐੱਨਜੇਪੀ ਸਿਵਲ ਹਸਪਤਾਲ ਵਿੱਚ ਇੱਕ ਡਾਕਟਰ ਨੇ ਨਾਬਾਲਗ ਲੜਕੀ ਨਾਲ ਛੇੜਛਾੜ ਕੀਤੀ ਹੈ ਅਤੇ ਉਸ 'ਤੇ ਬਲਾਤਕਾਰ ਦੇ ਇਲਜ਼ਾਮ ਲੱਗੇ ਹਨ।"
"ਲੜਕੀ ਦੇ ਪਿਤਾ ਦੀ ਸ਼ਿਕਾਇਤ 'ਤੇ ਅਸੀਂ ਐੱਫਆਈਆਰ ਦਰਜ ਕੀਤੀ ਅਤੇ ਡਾਕਟਰ ਨੂੰ ਗ੍ਰਿਫ਼ਤਾਰ ਕਰ ਲਿਆ। ਡਾਕਟਰ ਖ਼ਿਲਾਫ਼ ਪੋਕਸੋ ਐਕਟ ਦੀਆਂ ਧਾਰਾਵਾਂ 6 ਅਤੇ 10 ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਇਹ ਡਾਕਟਰ ਕੈਥਲ ਤੋਂ ਸੀਐੱਮਓ ਵਜੋਂ ਸੇਵਾਮੁਕਤ ਹੋਇਆ ਹੈ। ਜੇਕਰ ਹਸਪਤਾਲ ਵੱਲੋਂ ਵੀ ਕਿਸੇ ਨੇ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੋਵੇਗੀ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।"
ਬੀਬੀਸੀ ਨਾਲ ਗੱਲ ਕਰਦਿਆਂ ਡੀਐੱਸਪੀ ਹੈੱਡਕੁਆਰਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਡਾਕਟਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਇਸ ਮਾਮਲੇ ਵਿੱਚ ਪੁਲਿਸ ਜਲਦੀ ਹੀ ਚਾਰਜਸ਼ੀਟ ਦਾਖ਼ਲ ਕਰੇਗੀ।
ਡੀਐੱਸਪੀ ਹੈੱਡਕੁਆਰਟਰ ਸੁਨੀਲ ਸ਼ਰਮਾ ਮੁਤਾਬਕ ਮੁਲਜ਼ਮ ਡਾਕਟਰ 'ਤੇ ਇਸ ਤੋਂ ਪਹਿਲਾਂ ਸਾਲ 2008 ਵਿੱਚ ਵੀ ਇੱਕ ਬਲਾਤਕਾਰ ਦਾ ਮਾਮਲਾ ਦਰਜ ਹੋਇਆ ਸੀ ਜਿਸਦੇ ਵਿੱਚ ਉਹ 2017 ਵਿੱਚ ਬਰੀ ਹੋ ਗਿਆ ਸੀ।
ਮੁੜ 2017 ਵਿੱਚ ਉਸਦੇ ਖਿਲਾਫ਼ ਬਲਾਤਕਾਰ ਦੇ ਮਾਮਲੇ ਵਿੱਚ ਇੱਕ ਐੱਫਆਈਆਰ ਦਰਜ ਹੋਈ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ